UjagarSingh7
(ਮਈ 3,2015)

 

ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਅਜਿਹੇ ਕੇਸਾਂ ਵਿਚ ਲਾਲਚ ਦੇ ਕੇ ਪ੍ਰਭਾਵਤ ਲੋਕਾਂ ਨੂੰ ਚੁੱਪ ਕਰਾ ਲੈਂਦੀ ਰਹੀ ਹੈ। ਪੰਜਾਬ ਪੁਲਿਸ ਦੇ ਫਰੀਦਕੋਟ ਤੋਂ ਦਿਨ ਦਿਹਾੜੇ ਰਾਜ ਚਲਾ ਰਹੀ ਪਾਰਟੀ ਦੇ ਆਗੂਆਂ ਵੱਲੋਂ ਉਸਦੇ ਘਰੋਂ ਮਾਂ ਬਾਪ ਦੇ ਸਾਹਮਣੇ ਕੁੱਟ-ਮਾਰ ਕਰਕੇ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨਾ, ਛੇਹਰਟਾ ਵਿਖੇ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਆਏ ਪੁਲਿਸ ਅਧਿਕਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ ਕਰਨਾ, ਮਾਰਚ 2013 ਵਿਚ ਤਰਨਤਾਰਨ ਵਿਖੇ ਇੱਕ ਵਿਆਹ ਵਿਚ ਟੈਕਸੀ ਡਰਾਇਵਰ ਵੱਲੋਂ ਲੜਕੀ ਨੂੰ ਛੇੜਨਾ ਤੇ ਉਲਟਾ ਲੜਕੀ ਵੱਲੋਂ ਵਿਰੋਧ ਕਰਨ ਤੇ ਉਸ ਨੂੰ ਸ਼ਰੇਆਮ ਚਪੇੜਾਂ ਮਾਰਨੀਆਂ, ਅੰਮ੍ਰਿਤਸਰ ਕਚਹਿਰੀ ਵਿਚ ਸਿਆਸਤਦਾਨਾਂ ਅਤੇ ਪੁਲਿਸ ਦੇ ਤੰਗ ਕਰਨ ਕਰਕੇ ਸੈਕਸ ਸਕੈਂਡਲ ਵਿਚ ਗਵਾਹ ਵੱਲੋਂ ਆਤਮ ਹੱਤਿਆ ਕਰਨਾ, ਪਟਿਆਲਾ ਜ਼ਿਲ੍ਹੇ ਦੇ ਸ਼ਤਰਣਾ ਨੇੜੇ ਇੱਕ ਪਿੰਡ ਵਿਚ ਇੱਕ ਦਲਿਤ ਲੜਕੀ ਦੇ ਬਲਾਤਕਾਰ ਦੀ ਰਿਪੋਰਟ ਨਾ ਲਿਖਣ ਕਰਕੇ ਲੜਕੀ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਪਰਿਵਾਰ ਨਾਲ ਸਮਝੌਤਾ ਕਰਨਾ ਆਦਿ ਘਟਨਾਵਾਂ ਦੇ ਜਖ਼ਮ ਅਜੇ ਅੱਲ੍ਹੇ ਹੀ ਸਨ ਅਤੇ ਉਨ੍ਹਾਂ ਦਾ ਸਹਿਮ ਲੋਕਾਂ ਦੇ ਮਨਾਂ ਤੋਂ ਉੱਤਰਿਆ ਨਹੀਂ ਸੀ ਕਿ ਇਹ ਸ਼ਰਮਨਾਕ, ਦਿਲ ਨੂੰ ਦਹਿਲਾਉਣ ਅਤੇ ਵਲੂੰਧਰਨ ਵਾਲੀ ਦੁਖਦਾਇਕ ਘਟਨਾ ਦਿਨ ਦਿਹਾੜੇ ਵਾਪਰ ਗਈ

ਸੈਕਸ ਸਕੈਂਡਲ ਦੇ ਗਵਾਹ ਦੀ ਪਤਨੀ ਅਤੇ ਬੱਚੇ ਪਹਿਲਾਂ ਬਿਆਨਾ ਤੋਂ ਦਬਾ ਪਾ ਕੇ ਮੁਕਰਾ ਦਿੱਤੇ ਗਏ ਅਤੇ ਫਿਰ ਉਨ੍ਹਾਂ ਨੂੰ ਘਰੋਂ ਹੀ ਗਾਇਬ ਕਰ ਦਿੱਤਾ। ਜਲੰਧਰ ਵਿਖੇ ਅਕਾਲੀ ਵਿਧਾਨਕਾਰ ਦੇ ਭਤੀਜੇ ਵੱਲੋਂ ਗੁਰਕੀਤਰ ਸੇਖੋਂ ਦਾ ਕਤਲ ਕਰਕੇ ਮਾਰਨਾ ਅਤੇ ਹੁਣ ਸਰਕਾਰੀ ਅਧਿਕਾਰੀ ਦਾ ਡਿਫੈਂਸ ਵਿਟਨੈੱਸ ਬਣਨਾ ਸਰਕਾਰ ਦੇ ਦਾਅਵਿਆਂ ਦਾ ਪਰਦਾ ਫਾਸ਼ ਕਰਦਾ ਹੈ। ਪੰਜਾਬ ਵਿਚ ਇਸਤਰੀਆਂ ਦੀ ਸੁਰੱਖਿਆ ਦਾ ਪਾਜ ਉੱਘੜ ਗਿਆ ਹੈ।

ਇਹ ਠੀਕ ਹੈ ਕਿ ਬੱਸ ਦੇ ਮਾਲਕ ਦਾ ਇਸ ਘਟਨਾ ਨਾਲ ਕੋਈ ਸਿੱਧਾ ਸੰਬੰਧ ਨਹੀਂ ਪ੍ਰੰਤੂ ਬੱਸ ਦੇ ਕਰਿੰਦਿਆਂ ਸਿਰ ਹਕੂਮਤ ਦਾ ਫਤੂਰ ਸਿਰ ਚੜ੍ਹਕੇ ਬੋਲ ਰਿਹਾ ਸੀ। ਉਹ ਭੂਤਰੇ ਪਏ ਸਨ। ਸਿਆਸੀ ਪਾਰਟੀਆਂ ਨੇ ਮੰਦਭਾਗੀ ਘਟਨਾ ਤੇ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਗੰਭੀਰ ਮਸਲਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲ ਕੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕਰਕੇ ਕੋਈ ਸਾਰਥਕ ਕਦਮ ਚੁੱਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਹ ਤਾਂ ਸ਼ਪਸ਼ਟ ਹੈ ਕਿ ਸਮੁੱਚੇ ਪੰਜਾਬ ਵਿਚ ਔਰਬਿਟ ਕੰਪਨੀ ਦੀਆਂ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਦਹਿਸ਼ਤ ਫੈਲਾਈ ਹੋਈ ਸੀ। ਸਵਾਰੀਆਂ ਅਤੇ ਸੜਕੀ ਆਵਾਜਾਈ ਵਾਲੇ ਲੋਕਾਂ ਨਾਲ ਉਨ੍ਹਾਂ ਵੱਲੋਂ ਰੋਜ਼ਾਨਾ ਦੁਰਵਿਵਹਾਰ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੈ ਪ੍ਰੰਤੂ ਇਸ ਘਟਨਾ ਵਿਚ ਬਾਦਲ ਪਰਿਵਾਰ ਦਾ ਉੰਨਾ ਕਸੂਰ ਨਹੀਂ। ਪ੍ਰੰਤੂ ਇਹ ਘਟਨਾ ਰਾਜ ਸਰਕਾਰ ਦੇ ਅਸਰ ਰਸੂਖ ਦੇ ਹੋਣ ਕਰਕੇ ਜ਼ਰੂਰ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸਰਕਾਰ ਨੇ ਉਨ੍ਹਾਂ ਨੂੰ ਬਚਾ ਲੈਣਾ ਹੈ। ਤਾਂ ਹੀ ਤਾਂ ਪਹਿਲਾਂ ਲੜਕੀ ਨੂੰ ਉਨ੍ਹਾਂ ਦੀ ਬਦਤਮੀਜ਼ੀ ਦਾ ਵਿਰੋਧ ਕਰਨ ਕਰਕੇ ਬੇਖ਼ੌਫ਼ ਹੋ ਕੇ ਥੱਲੇ ਸੁੱਟਿਆ ਫਿਰ ਉਸਦੀ ਮਾਂ ਨੂੰ ਬਾਹਰ ਸੁੱਟ ਦਿੱਤਾ। ਮੌਕੇ ਦਾ ਗਵਾਹ ਉਨ੍ਹਾਂ ਦਾ ਲੜਕਾ ਅਕਾਸ਼ਦੀਪ ਸਿੰਘ ਉਨ੍ਹਾਂ ਦੇ ਕਹਿਰ ਤੋਂ ਬਚ ਗਿਆ ਹੈ। ਇਹ ਬਿਮਾਰ ਮਾਨਸਿਕਤਾ ਦਾ ਕਰੂਪ ਹੈ। ਹਰ ਆਦਮੀ ਦਾ ਘੱਟੋ ਘੱਟ ਇੱਕ ਰਿਸ਼ਤਾ ਤਾਂ ਔਰਤ ਨਾਲ ਮਾਂ ਦੇ ਰੂਪ ਵਿਚ ਹੁੰਦਾ ਹੀ ਹੈ ਕਿਉਂਕਿ ਆਦਮੀ ਔਰਤ ਤੋਂ ਹੀ ਪੈਦਾ ਹੁੰਦਾ ਹੈ। ਜਦੋਂ ਆਦਮੀ ਔਰਤ ਦੀ ਅਸਮਤ ਨੂੰ ਹੱਥ ਪਾਉਂਦਾ ਹੈ ਤਾਂ ਉਹ ਆਪਣੀ ਮਾਂ ਦੀ ਅਸਮਤ ਨੂੰ ਹੱਥ ਪਾ ਰਿਹਾ ਹੁੰਦਾ ਹੈ। ਇਸ ਤੋਂ ਵੱਡੀ ਸ਼ਰਮ ਦੀ ਗੱਲ ਆਦਮੀ ਲਈ ਕੀ ਹੋ ਸਕਦੀ ਹੈ?

ਇਸ ਤੋਂ ਪਹਿਲਾਂ ਵੀ 2010 ਵਿਚ ਮੋਹਾਲੀ ਵਿਖੇ 3 ਫ਼ੇਜ਼ ਵਿਚ ਔਰਬਿਟ ਕੰਪਨੀ ਦੀਆਂ ਬੱਸਾਂ ਮਾਰਕੀਟ ਵਿਚ ਖੜ੍ਹਦੀਆਂ ਸਨ, ਡਰਾਈਵਰਾਂ ਕੰਡਕਟਰਾਂ ਵੱਲੋਂ ਲੜਕੀਆਂ ਨਾਲ ਭੱਦੇ ਮਜ਼ਾਕ ਕਰਨ ਦੀਆਂ ਸ਼ਿਕਾਇਤਾਂ ਉਸ ਸਮੇਂ ਦੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਜਸਬੀਰ ਸਿੰਘ ਬੀਰ ਨੂੰ ਮਿਲੀਆਂ ਸਨ। ਲੋਕ ਹਾਈ ਕੋਰਟ ਵਿਚ ਵੀ ਗਏ ਸਨ। ਹਾਈ ਕੋਰਟ ਨੇ ਵੀ ਬੱਸਾਂ ਹਟਾਉਣ ਦੇ ਹੁਕਮ ਕੀਤੇ ਸਨ ਪ੍ਰੰਤੂ ਔਰਬਿਟ ਕੰਪਨੀ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਸੀ। ਸ਼੍ਰੀ ਬੀਰ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਉੱਥੇ ਬੱਸਾਂ ਨਾ ਖੜ੍ਹਾਉਣ ਦੀ ਬੇਨਤੀ ਕੀਤੀ ਸੀ। ਜਸਬੀਰ ਸਿੰਘ ਬੀਰ ਦੀ ਗੱਲ ਤਾਂ ਕੀ ਮੰਨਣੀ ਸੀ, ਉਸਦੀ ਬਦਲੀ ਕਰਕੇ ਗੁੱਠੇ ਲਾਈਨ ਲਾ ਦਿੱਤਾ ਗਿਆ ਸੀ। ਜਸਬੀਰ ਸਿੰਘ ਬੀਰ ਨੇ ਵਿਰੋਧ ਵਜੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਸੀ। ਸ਼੍ਰੀ ਬੀਰ ਨੇ 13 ਅਪ੍ਰੈਲ 2010 ਨੂੰ ਅਗਾਊਂ ਸੇਵਾ ਮੁਕਤੀ ਦੀ ਅਰਜੀ ਦੇ ਦਿੱਤੀ ਸੀ, ਫਿਰ 14 ਅਪ੍ਰੈਲ ਤੋਂ ਬੱਸਾਂ ਉੱਥੋਂ ਹਟਾਈਆਂ ਗਈਆਂ ਸਨ।

ਇਸ ਘਟਨਾ ਤੋਂ ਬਾਦਲ ਪਰਿਵਾਰ ਇੰਨਾ ਬੁਖਲਾ ਗਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਿਸਨੇ ਲੋਕ ਸਭਾ ਦੀ ਚੋਣ ਵਿਚ ਹਲਫ਼ੀਆ ਬਿਆਨ ਵਿਚ ਔਰਬਿਟ ਟਰਾਂਸਪੋਰਟ ਵਿਚ ਆਪਣੇ ਸ਼ੇਅਰਾਂ ਦਾ ਜ਼ਿਕਰ ਕੀਤਾ ਸੀ, ਲੋਕ ਸਭਾ ਵਿਚ ਮੁੱਕਰ ਹੀ ਗਏ ਹਨ ਕਿ ਉਸਦਾ ਇਸ ਕੰਪਨੀ ਨਾਲ ਕੋਈ ਸੰਬੰਧ ਹੈ। ਇੱਕ ਪਾਸੇ ਤੇ ਹਰਸਿਮਰਤ ਕੌਰ ਬਾਦਲ ਸ਼ਰੋਮਣੀ ਪ੍ਰਬੰਧਕ ਕਮੇਟੀ ਦੀ ਸਹਾਇਤਾ ਨਾਲ ਧੀਆਂ ਭੈਣਾਂ ਦੀ ਰੱਖਿਆ ਲਈ 'ਨੰਨ੍ਹੀ ਛਾਂ' ਨਾਂ ਦੀ ਸੰਸਥਾ ਚਲਾਉਣ ਦਾ ਢੌਂਗ ਰਚ ਰਹੇ ਹਨ, ਜੋ ਲੜਕੀਆਂ ਦੀ ਹਿਫ਼ਾਜ਼ਤ ਦਾ ਦਾਅਵਾ ਕਰਦੀ ਹੈ; ਪ੍ਰੰਤੂ ਦੂਜੇ ਪਾਸੇ ਪੰਜਾਬ ਦੀ ਧੀ ਤੇ ਹੋਏ ਅਤਿਆਚਾਰ ਦਾ ਵਿਰੋਧ ਕਰਨ ਤੋਂ ਕੰਨੀ ਕਤਰਾਉਂਦੇ ਹਨ। ਘਾਗ ਸਿਆਸਤਦਾਨ, ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦੇ ਸਹੁਰਾ ਸਾਹਿਬ, ਕਹਿੰਦੇ ਹਨ ਕਿ ਇਹ ਕੰਪਨੀ ਉਸਦੇ ਪਰਿਵਾਰ ਦੀ ਹੈ ਤੇ ਸੁਖਬੀਰ ਸਿੰਘ ਬਾਦਲ ਉਸਦਾ ਪ੍ਰਬੰਧ ਵੇਖਦੇ ਹਨ।

ਘਟਨਾ ਸਮੇਂ ਬੱਸ ਵਿਚ ਹੋਰ ਸਵਾਰੀਆਂ ਵੀ ਮੌਜੂਦ ਸਨ ਪ੍ਰੰਤੂ ਬਾਦਲ ਪਰਿਵਾਰ ਦੀ ਬੱਸ ਹੋਣ ਕਾਰਨ ਡਰ ਦੇ ਮਾਰਿਆਂ ਕਿਸੇ ਸਵਾਰੀ ਨੇ ਵੀ ਉਸ ਪੰਜਾਬ ਦੀ ਅਬਲਾ ਧੀ ਦੀ ਇੱਜ਼ਤ ਬਚਾਉਣ ਲਈ ਹਿੰਮਤ ਨਹੀਂ ਕੀਤੀ ਕਿਉਂਕਿ ਪੁਲਿਸ ਹਮੇਸ਼ਾ ਔਰਬਿਟ ਕੰਪਨੀ ਦੇ ਮੁਲਾਜ਼ਮਾਂ ਦੀ ਸਹਾਇਤਾ ਤੇ ਆ ਜਾਂਦੀ ਹੈ। ਸਰਬੱਤ ਦਾ ਭਲਾ ਕਰਨ ਵਾਲੇ ਪੰਜਾਬੀ ਸੁੱਸਰੀ ਵਾਂਗ ਸੌਂ ਗਏ। ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਕਿਸੇ ਸਮੇਂ ਪੰਜਾਬੀਆਂ ਨੂੰ ਅਬਲਾਵਾਂ ਦੇ ਰਖਵਾਲਿਆਂ ਦੇ ਤੌਰ ’ਤੇ ਜਾਣਿਆਂ ਜਾਂਦਾ ਸੀ। ਬੱਸ ਵਿਚ ਬੈਠੀਆਂ ਹੋਰ ਪੰਜਾਬੀ ਸਵਾਰੀਆਂ ਦੀ ਅਣਖ਼ ਹੀ ਮਰ ਗਈ ਲਗਦੀ ਹੈ, ਪ੍ਰੰਤੂ ਫਿਰ ਵੀ ਇੱਕ ਸਵਾਰੀ ਨੇ ਪੁਲਿਸ ਨੂੰ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਤਾਂ ਹੀ ਡਰਾਇਵਰ ਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ।

ਲੋਕ ਸਭਾ ਵਿਚ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮਸਲਾ ਉਠਾਇਆ ਅਤੇ ਮੰਗ ਕੀਤੀ ਕਿ ਦਿੱਲੀ ਵਿਚ ਇੱਕ ਲੜਕੀ ਨਾਲ ਉਬੇਰ ਕੰਪਨੀ ਦੀ ਟੈਕਸੀ ਵਿਚ ਹੋਈ ਘਟਨਾ ਤੋਂ ਬਾਅਦ ਇਸ ਕੰਪਨੀ ਦੀਆਂ ਟੈਕਸੀਆਂ ਤੇ ਪਾਬੰਦੀ ਲਾਉਣ ਦੀ ਤਰ੍ਹਾਂ ਪੰਜਾਬ ਵਿਚ ਵੀ ਔਰਬਿਟ ਕੰਪਨੀ ਤੇ ਪਾਬੰਦੀ ਲਾਈ ਜਾਵੇ। ਇਸ ਮੌਕੇ ਚੌਧਰੀ ਸੰਤੋਖ ਸਿੰਘ, ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ਅਤੇ ਭਗਵੰਤ ਮਾਨ ਨੇ ਪੂਰਾ ਸਾਥ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇੰਨੇ ਸੰਜੀਦਾ ਵਿਸ਼ੇ ਤੇ ਮਾਣਯੋਗ ਸ਼੍ਰੀਮਤੀ ਸੁਮਿੱਤਰਾ ਮਹਾਜਨ, ਸਪੀਕਰ ਲੋਕ ਸਭਾ ਨੇ ਇੱਕ ਔਰਤ ਹੁੰਦਿਆਂ ਵੀ ਰਵਨੀਤ ਸਿੰਘ ਬਿੱਟੂ ਵੱਲੋਂ ਪੇਸ਼ ਕੀਤਾ ਕੰਮ ਰੋਕੂ ਮਤਾ ਰੱਦ ਕਰ ਦਿੱਤਾ ਅਤੇ ਲੋਕ ਸਭਾ ਵਿਚ ਬਹਿਸ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਕੇਂਦਰ ਸਰਕਾਰ ਨੇ ਇਸ ਘਟਨਾ ਵਿਚ ਰਾਜ ਸਰਕਾਰ ਤੋਂ ਰਿਪੋਰਟ ਮੰਗਣ ਬਾਰੇ ਦੱਸ ਕੇ ਟਾਲ਼ਾ ਵੱਟ ਲਿਆ ਹੈ।

ਇਸ ਤਰ੍ਹਾਂ ਲੱਗ ਰਿਹਾ ਹੈ ਕਿ ਰਾਜ ਭਾਗ ਵਿਚ ਭਾਈਵਾਲ ਹੋਣ ਕਰਕੇ ਕੇਂਦਰ ਸਰਕਾਰ ਜਾਣ ਬੁਝਕੇ ਅੱਖਾਂ ਮੀਟੀ ਬੈਠੀ ਹੈ। ਪੰਜਾਬ ਵਿਚ ਧੀਆਂ ਭੈਣਾਂ ਤੇ ਹੋ ਰਹੇ ਅੱਤਿਆਚਾਰਾਂ ਨੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਧੀਆਂ ਭੈਣਾਂ ਘਰੋਂ ਬਾਹਰ ਨਿਕਲਣ ਤੋਂ ਘਬਰਾਉਣ ਲੱਗ ਗਈਆਂ ਹਨ। ਪੰਜਾਬ ਵਿਚ ਤਾਲਬਾਨ ਦੀ ਤਰ੍ਹਾਂ ਡਰ ਪੈਦਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਲਗਾਤਾਰ ਬਾਲੜੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਧ ਗਈਆਂ ਹਨ।

ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਵਿਖੇ ਉਸੇ ਰਾਤ ਸਮੂਹਕ ਜ਼ਬਰਜਨਾਹ ਦੀ ਘਟਨਾ ਵਾਪਰ ਗਈ। ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ਦੇ ਪਿੰਡ ਟਿਵਾਣਾ ਵਿਖੇ ਵੀ ਇੱਕ ਵਿਆਹੀ ਔਰਤ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ ਗਿਆ ਹੈਤਰਨਤਾਰਨ ਵਿਚ 6 ਸਾਲ ਦੀ ਬੱਚੀ ਨਾਲ ਛੇੜ ਛਾੜ ਹੋਈ। ਜਲੰਧਰ ਵਿਖੇ ਪੁਲਿਸ ਦੇ ਇੱਕ ਹੈੱਡ ਕਨਸਟੇਬਲ ਵੱਲੋਂ ਆਪਣੀ ਲੜਕੀ ਨਾਲ ਹੋ ਰਹੀ ਛੇੜ ਛਾੜ ਦਾ ਵਿਰੋਧ ਕਰਨ ਕਰਕੇ 2 ਮਈ 2015 ਨੂੰ ਦਿਨ ਦਿਹਾੜੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਕੇ ਜਖ਼ਮੀ ਕੀਤਾ ਗਿਆ। ਪ੍ਰੰਤੂ ਸਰਕਾਰ ਅਨੁਸਾਰ ਪੰਜਾਬ ਵਿਚ ਹਾਲਾਤ ਕਾਬੂ ਵਿਚ ਹਨ।

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਸੀ ਸਹਿਯੋਗ ਨਾਲ ਕੋਈ ਸਾਰਥਿਕ ਉਪਰਾਲੇ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਅਜਿਹੀ ਸੰਜੀਦਾ ਵਾਰਦਾਤ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਪੰਜਾਬੀਆਂ ਨੂੰ ਆਪੋ ਆਪਣੇ ਲੜਕਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ। ਹਰ ਆਦਮੀ ਦੇ ਬਹੁਤੇ ਰਿਸ਼ਤੇ ਔਰਤ ਨਾਲ ਹੀ ਹੁੰਦੇ ਹਨ, ਇਸ ਲਈ ਔਰਤ ਦਾ ਸਤਿਕਾਰ ਕਰਨਾ ਜ਼ਰੂਰੀ ਹੈ॥ ਇਸ ਦਰਿੰਦਗੀ ਦੀ ਘਟਨਾ ਨੇ ਪੰਜਾਬੀਆਂ ਦੀ ਗ਼ੈਰਤ, ਅਣਖ਼ ਅਤੇ ਬਹਾਦਰੀ ਨੂੰ ਦਾਗ਼ਦਾਰ ਕੀਤਾ ਹੈ। ਪੰਜਾਬ ਵਿਚ ਇਸਤਰੀਆਂ ਨਾਲ ਜੋ ਵਿਵਹਾਰ ਹੋ ਰਿਹਾ ਹੈ, ਇਹ ਅਤੀ ਨਿੰਦਣਯੋਗ ਹੈ॥ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਹੀ ਇਸਤਰੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ। ਅੱਜ ਪੰਜਾਬੀ ਆਪਣੇ ਗੁਰੂਆਂ ਦੀ ਵਿਚਾਰਧਾਰਾ ਦੇ ਵਿਰੁੱਧ ਕਾਰਵਾਈਆਂ ਕਰਕੇ ਆਪਣੇ ਹੀ ਗੁਰੂਆਂ ਤੋਂ ਬੇਮੁਖ ਹੋ ਰਹੇ ਹਨ। ਇਸ ਘਟਨਾ ਨੇ ਪੰਜਾਬ ਵਿਚ ਔਰਤਾਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।

ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਇਕੱਲੀ ਸਰਕਾਰ ਜਾਂ ਪੁਲਿਸ ਦੇ ਗਲ਼ ਪਾ ਕੇ ਅਸੀਂ ਬਰੀ ਨਹੀਂ ਹੋ ਸਕਦੇ, ਇਸ ਵਿਚ ਸਾਡੀ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਸਾਨੂੰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਨਾ ਚਾਹੀਦਾ ਹੈ। ਸਰਕਾਰ ਜਾਂ ਪੁਲਿਸ ਹਰ ਥਾਂ ਹਾਜ਼ਰ ਨਹੀਂ ਹੋ ਸਕਦੀ, ਪ੍ਰੰਤੂ ਸਰਕਾਰ ਨੂੰ ਆਪਣਾ ਡਰ ਜ਼ਰੂਰ ਰੱਖਣਾ ਚਾਹੀਦਾ ਹੈ। ਜੇ ਅਜਿਹੇ ਲੋਕਾਂ ਨੂੰ ਡਰ ਹੋਵੇ ਕਿ ਸਰਕਾਰ ਸਾਡਾ ਬਚਾ ਨਹੀਂ ਕਰੇਗੀ ਤਾਂ ਅਜਿਹੀਆਂ ਘਟਨਾਵਾਂ ਤੋਂ ਬਚਾ ਹੋ ਸਕਦਾ ਹੈ। ਸਿਆਸੀ ਰੋਟੀਆਂ ਸੇਕਣ ਨਾਲ ਇਸਤਰੀਆਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ, ਜਿੰਨੀ ਦੇਰ ਸਮਾਜ ਆਪਣੀ ਮਾਨਸਿਕਤਾ ਨੂੰ ਬਦਲਦਾ ਨਹੀਂ। ਇਸਤਰੀਆਂ ਪ੍ਰਤੀ ਸਾਨੂੰ ਆਪਣੀ ਪਹੁੰਚ ਬਦਲਣੀ ਚਾਹੀਦੀ ਹੈ। ਇਸਤਰੀ ਇੱਕ ਭੈਣ, ਪਤਨੀ, ਭੂਆ, ਮਾਸੀ, ਚਾਚੀ, ਤਾਈ ਅਤੇ ਮਾਂ ਵੀ ਹੈ। ਰਿਸ਼ਤਿਆਂ ਨੂੰ ਦਾਗ਼ਦਾਰ ਤੇ ਬਦਨਾਮ ਨਹੀਂ ਕਰਨਾ ਚਾਹੀਦਾ। ਅਜਿਹੀਆਂ ਘਟਨਾਵਾਂ ਨਾਲ ਪੰਜਾਬੀਆਂ ਦੀ ਦੁਨੀਆਂ ਵਿਚ ਬਦਨਾਮੀ ਵੀ ਹੁੰਦੀ ਹੈ।

ਔਰਬਿਟ ਕੰਪਨੀ ਵੱਲੋਂ ਲੋਕਾਂ ਦੇ ਦਬਾ ਕਰਕੇ ਕੁਝ ਸਮੇਂ ਲਈ ਕੰਪਨੀ ਦੀਆਂ ਬੱਸਾਂ ਕਰਮਚਾਰੀਆਂ ਨੂੰ ਸਿੱਖਿਆ ਦੇਣ ਦੇ ਨਾਂ ’ਤੇ ਬੰਦ ਕਰਨ ਦਾ ਨਾਟਕ ਰਚਿਆ ਗਿਆ ਹੈ, ਤਾਂ ਜੋ ਮਾਮਲਾ ਠੰਢਾ ਪੈ ਜਾਵੇ ਅਤੇ ਸਮਝੌਤਾ ਕੀਤਾ ਜਾ ਸਕੇ। ਹੁਣ ਪੁਲਿਸ ਕਹਿ ਰਹੀ ਹੈ ਕਿ ਬੱਸ ਦੇ ਮਾਲਕ ਵਿਰੁੱਧ ਮੁਕੱਦਮਾ ਦਰਜ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ 2012 ਵਿਚ ਤਰਨਤਾਰਨ ਵਿਖੇ ਸ਼ਕਰੀ ਟਰਾਂਸਪੋਰਟ ਕੰਪਨੀ ਦੀ ਬੱਸ ਦੇ ਸਹਿ ਮਾਲਕ ਰੁਪਿੰਦਰਜੀਤ ਸਿੰਘ ਵਿਰੁੱਧ ਮੁਕੱਦਮਾ ਉਸ ਕੰਪਨੀ ਦੇ ਡਰਾਇਵਰ ਵੱਲੋਂ ਐਕਸੀਡੈਂਟ ਕਰਨ ਕਰਕੇ ਦਰਜ ਕਰ ਦਿੱਤਾ ਸੀ, ਫਿਰ ਹੁਣ ਮੁਕੱਦਮਾ ਦਰਜ ਕਿਉਂ ਨਹੀਂ ਹੋ ਸਕਦਾ? ਉਸ ਕੰਪਨੀ ਦਾ ਮਾਲਕ ਕਾਂਗਰਸੀ ਸੀ ਤੇ ਇਸ ਕੰਪਨੀ ਦਾ ਮਾਲਕ ਰਾਜ ਦਾ ਉਪ ਮੁੱਖ ਮੰਤਰੀ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ।

*****

(14)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab
Email: (ujagarsingh48@yahoo.com)
Mobile: 94178 - 13072

More articles from this author