SukhdevDhanoa7ਭਾਬੀ ਜਿਵੇਂ ਚਾਹੁੰਦੀ, ਉਸੇ ਤਰ੍ਹਾਂ ਹੀ ਘਰ ਦੇ ਜੀਆਂ ਨੂੰ ਕਰਨਾ ਪੈਂਦਾ ...

(ਜਨਵਰੀ 14, 2015)

 

ਵੱਡੇ ਵੀਰ ਦੇ ਸੱਦੇ ’ਤੇ ਸੁੰਮਨ ਨੂੰ ਮਾਂ-ਬਾਪ ਨਾਲ ਕੈਨੇਡਾ ਆਈ ਨੂੰ ਅਠਾਰਾਂ ਸਾਲ ਤੋਂ ਉੱਪਰ ਹੋ ਗਏ ਹਨ,ਪਰ ਅੱਜ ਉਹ ਇਕ ਛੋਟੀ ਜਿਹੀ ਬੈਸਮੈਂਟ ਵਿਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ। ਜਿਸ ਦਿਨ ਸੁੰਮਨ ਨੇ ਕੈਨੇਡਾ ਦੀ ਧਰਤੀ ਉੱਤੇ ਪੈਰ ਰੱਖਿਆ ਸੀ, ਉਸ ਦਿਨ ਤੋਂ ਹੀ ਉਸ ਨੂੰ ਜਿਵੇਂ ਖੰਭ ਲੱਗ ਗਏ ਹੋਣ। ਪਿੰਡ ਦੇ ਘਰ ਵਿੱਚੋਂ ਨਿੱਕਲ ਕੇ ਸਾਫ-ਸੁਥਰੇ ਦੇਸ ਵਿਚ ਆ ਗਈ। ਇੱਥੇ ਹਰ ਚੀਜ਼ ਜਰੂਰਤ ਨਾਲੋਂ ਵੱਧ, ਤੇ ਭਾਂਤ-ਭਾਂਤ ਦਾ ਰੱਜਵਾਂ ਖਾਣ ਨੂੰ, ਤੇ ਪਹਿਨਣ ਨੂੰ ਹਰ ਤਰਾਂ ਦਾ ਲਿਬਾਸ, ਉਹ ਤਾਂ ਹਰ ਵਖਤ ਉੱਡਦੀ ਫਿਰਦੀ

ਘਰ ਲਾਗੇ ਹੀ ਕਿਸੇ ਸਟੋਰ ’ਤੇ ਉਸ ਨੇ ਨੌਕਰੀ ਕਰ ਲਈ। ਜੋ ਪੈਸੇ ਤਨਖਾਹ ਦੇ ਉਸ ਨੂੰ ਮਿਲਣੇ, ਉਹ ਉਸ ਨੇ ਆਪਣੇ ਤੇ, ਭਰਜਾਈ ਤੇ, ਘਰ ਵਿਚ ਬਿਨਾਂ ਕਿਸੇ ਜਰੂਰਤ ਤੋਂ, ਵਾਧੂ ਸਜਾਵਟ ਦੇ ਸਮਾਨ ’ਤੇ ਲਾ ਦੇਣੇ। ਭਰਾ ਤਾਂ ਅੰਦਰੋ ਅੰਦਰੀ ਸੋਚਦਾ ਤੇ ਕਦੇ-ਕਦੇ ਕਹਿ ਵੀ ਦਿੰਦਾ, ਆਪਣੀ ਕਮਾਈ ਵਿੱਚੋ ਕੁੱਝ ਬਚਾਉਣਾ ਵੀ ਸਿੱਖਪਰ ਭਾਬੀ ਦਿਲੋਂ ਖੁਸ਼ ਹੁੰਦੀ ਕਿ ਨਨਾਣ ਖਰਚ ਕਰ ਰਹੀ ਹੈ,ਘਰ ਦੇ ਬਿਲ ਦੇ ਰਹੀ ਹੈ, ਗਰੌਸਰੀ ’ਤੇ ਪੈਸੇ ਲਾ ਰਹੀ ਹੈ

ਰੋਟੀ ਭਾਵੇਂ ਇੱਕ ਥਾਂ ਹੀ ਪੱਕਦੀ ਸੀ ਪਰ ਸੁੰਮਨ ਆਪਣੇ ਮਾਂ-ਬਾਪ ਨਾਲ ਘਰ ਦੀ ਬੈਸਮੈਂਟ ਵਿੱਚ ਹੀ ਰਹਿ ਰਹੀ ਸੀ। ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਭਾਬੀ ਨੇ ਬੈਸਮੈਂਟ ਦਾ ਇੱਕ ਕਮਰਾ ਤੇ ਲੌਬੀ ਉਹਨਾਂ ਲਈ ਸਾਫ ਕਰਕੇ ਵਧੀਆ ਥਾਂ ਬਣਾ ਦਿੱਤੀ ਸੀ

ਵਕਤ ਆਪਣੀ ਚਾਲੇ ਚੱਲਦਾ ਗਿਆ ਕੁੱਝ ਸਾਲਾਂ ਮਗਰੋਂ ਸੁੰਮਨ ਇੰਡੀਆ ਜਾ ਕੇ ਆਪਣੇ ਮੰਨ-ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਆ ਗਈ

ਕੁੱਝ ਮਹੀਨਿਆਂ ਮਗਰੋਂ ਸੁੰਮਨ ਦਾ ਪਤੀ ਵੀ ਕੈਨੇਡਾ ਆ ਗਿਆ। ਬੈਸਮੈਂਟ ਵਿਚ ਇੱਕ ਕਮਰਾ ਹੋਣ ਕਰਕੇ ਸੁੰਮਨ ਦੀ ਭਾਬੀ ਨੇ ਉੱਪਰ ਘਰ ਦਾ ਇੱਕ ਕਮਰਾ ਉਹਨਾਂ ਲਈ ਖਾਲੀ ਕਰ ਦਿੱਤਾ। ਸੁੰਮਨ ਦੇ ਪਤੀ ਰਵੀ ਨੂੰ, ਇਸ ਘਰ ਵਿਚ ਘੁਟਣ ਮਹਿਸੂਸ ਹੋਣ ਲੱਗੀ, ਕਿਉਂਕਿ ਸੁੰਮਨ ਦੀ ਭਾਬੀ ਦੀ ਹੀ ਘਰ ਵਿਚ ਚੱਲਦੀ ਸੀ। ਭਾਬੀ ਜਿਵੇਂ ਚਾਹੁੰਦੀ, ਉਸੇ ਤਰ੍ਹਾਂ ਹੀ ਘਰ ਦੇ ਜੀਆਂ ਨੂੰ ਕਰਨਾ ਪੈਂਦਾ। ਸੁੰਮਨ ਦਾ ਆਪਣੀ ਭਾਬੀ ਵਿਚ ਅਥਾਹ ਵਿਸ਼ਵਾਸ ਸੀ

ਰਵੀ ਨੇ ਵੀ ਇਕ ਫੈਕਟਰੀ ਵਿਚ ਨੌਕਰੀ ਕਰ ਲਈ ਅਤੇ ਇੱਕ ਪੁਰਾਣੀ ਛੋਟੀ ਜਿਹੀ ਕਾਰ ਲੈ ਕੇ ਆਪਣਾ ਕੰਮ ਚੱਲਦਾ ਕਰ ਲਿਆ। ਸੁੰਮਨ ਦਾ ਭਰਾ ਟਰੱਕ ਚਲਾਉਂਦਾ ਸੀ ਅਤੇ ਕਈ ਕਈ ਦਿਨ ਘਰੋਂ ਬਾਹਰ ਰਹਿਣਾ ਪੈਂਦਾ ਸੀ ਉਸ ਨੂੰ। ਪਹਿਲਾਂ ਤਾਂ ਸੁੰਮਨ ਅਤੇ ਉਸ ਦੀ ਭਾਬੀ ਹੀ ਡਰਾਈਵਵੇ ਤੋਂ ਸਰਦੀਆਂ ਵਿਚ ਬਰਫ ਹਟਾਉਂਦੀਆਂ ਹੁੰਦੀਆਂ ਸਨ ਪਰ ਹੁਣ ਇਹ ਜਿੰਮੇਵਾਰੀ ਰਵੀ ਦੇ ਸਿਰ ’ਤੇ ਆ ਪਈ। ਉਹ ਪਹਿਲਾਂ ਡਰਾਈਵਵੇ ਸਾਫ ਕਰਦਾ, ਫੇਰ ਬਾਹਰ ਖੜ੍ਹੀ ਆਪਣੀ ਕਾਰ ਤੋਂ ਬਰਫ਼ ਸਾਫ ਕਰਦਾ। ਰਵੀ ਨੇ ਆਪਣੀ ਅਜ਼ਾਦੀ ਨਾਲ ਰਹਿਣ ਦਾ ਮਨ ਬਣਾ ਕੇ ਕਿਸੇ ਹੋਰ ਥਾਂ ਬੈਸਮੈਂਟ ਕਿਰਾਏ ’ਤੇ ਲੈ ਲਈ ਤੇ ਉਹ ਉੱਥੇ ਸ਼ਿਫਟ ਕਰ ਗਏ। ਰਵੀ ਖੂਬ ਮਿਹਨਤ ਕਰਦਾ

ਸਾਲ ਮਗਰੋਂ ਉਹਨਾਂ ਦੇ ਬੱਚੀ ਹੋਈ, ਤੇ ਸੁੰਮਨ ਨੇ ਰਵੀ ਨੂੰ ਆਪਣਾ ਘਰ ਲੈਣ ਦੀ ਗੱਲ ਕੀਤੀ। ਰਵੀ ਨੇ ਮੌਰਗੇਜ ਅਪਰੂਵ ਕਰਵਾ ਲਈ ਤੇ ਉਹਨਾਂ ਇੱਕ ਤਿੰਨ ਕਮਰਿਆਂ ਅਤੇ ਨਾਲ ਗੈਰਾਜ ਵਾਲਾ ਘਰ ਲੈ ਲਿਆ। ਘਰ ਦੇ ਖਰਚੇ ਵਧ ਗਏ, ਪਰ ਸੁੰਮਨ ਆਪਣੀ ਬੱਚੀ ਦੇ ਨਾਲ-ਨਾਲ ਭਾਬੀ ਦੇ ਬੱਚਿਆਂ ਲਈ ਰੋਜ-ਰੋਜ ਨਵੇਂ ਕੱਪੜੇ ਅਤੇ ਖਿਡਾਉਣੇ ਖਰੀਦ ਕੇ ਲਿਆਉਂਦੀ ਰਹਿੰਦੀ। ਰਵੀ ਉਸ ਨੂੰ ਰੋਕਦਾ ਕਿ ਆਪਣੇ ਖਰਚੇ ਵਧ ਗਏ ਹਨ, ਫਜੂਲ ਖਰਚ ਬੰਦ ਕਰ। ਸੁੰਮਨ ਇੱਕੋ ਗੱਲ ਨਾਲ ਗੱਲ ਨਿਬੇੜ ਦਿੰਦੀ ਕਿ ਤੁਸੀਂ ਵੀ ਤਾਂ ਬੋਤਲ ਲੈ ਕੇ ਪੀਂਦੇ ਹੋ, ਉਹ ਪੈਸਿਆਂ ਦੀ ਨਹੀਂ ਆਉਂਦੀ। ਰਵੀ ਕਦੇ-ਕਦੇ ਕੰਮ ਤੋਂ ਆ ਕੇ ਘਰ ਸ਼ਾਮ ਨੂੰ ਪੈੱਗ ਲਾ ਲੈਂਦਾ ਸੀ

ਸੁੰਮਨ ਹਰ ਗੱਲ ਆਪਣੀ ਭਾਬੀ ਨਾਲ ਸਾਂਝੀ ਕਰਦੀਉਸ ਨੇ ਆਪਣੀ ਭਾਬੀ ਨੂੰ ਦੱਸ ਦਿੱਤਾ ਕਿ ਰਵੀ ਮੈਨੂੰ ਤੁਹਾਡੇ ਬੱਚਿਆਂ ’ਤੇ ਪੈਸੇ ਖਰਚ ਕਰਨ ਤੋਂ ਰੋਕਦਾ ਹੈ। ਜੇ ਮੈਂ ਤੁਹਾਡੇ ਵੱਲ ਆਉਣਾ ਹੁੰਦਾ ਹੈ ਤਾਂ ਕਾਰ ਦੀ ਚਾਬੀ ਨਹੀਂ ਦਿੰਦਾ। ਭਾਬੀ ਨੇ ਸੁੰਮਨ ਨੂੰ ਕਿਹਾ ਕਿ ਤੂੰ ਆਪਣੇ ਲਈ ਕਿਸ਼ਤਾਂ ’ਤੇ ਕਾਰ ਖਰੀਦ ਲੈ, ਫਿਰ ਉਹ ਕਿਵੇਂ ਰੋਕ ਸਕੇਗਾ

ਅਗਲੇ ਦਿਨ ਸੁੰਮਨ ਨੇ ਭਾਬੀ ਨਾਲ ਜਾ ਕੇ ਨਵੀਂ ਕਾਰ ਕਿਸ਼ਤਾਂ ’ਤੇ ਲੈ ਲਈ, ਰਵੀ ਨਾਲ ਬਿਨਾਂ ਗੱਲ ਕੀਤਿਆਂ। ਹੁਣ ਸੁੰਮਨ ਅਜ਼ਾਦੀ ਨਾਲ ਘੁੰਮਦੀ। ਰਵੀ ਬਹੁਤ ਮੁਸ਼ਕਿਲ ਨਾਲ ਘਰ ਚਲਾਉਂਦਾ ਪਰ ਸੁੰਮਨ ਨੇ ਬੇਲੋੜੀਆਂ ਚੀਜਾਂ ਅਤੇ ਬਾਹਰ ਖਾ-ਪੀ ਕੇ ਆਪਣੇ ਪੈਸੇ ਖਤਮ ਕਰ ਲੈਣੇ। ਇਸ ਕਾਰਨ ਦੋਨਾਂ ਵਿਚ ਅਕਸਰ ਲੜਾਈ ਹੋ ਜਾਣੀ ਤੇ ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ

ਸੁੰਮਨ ਨੇ ਰਵੀ ਦੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਿਚ ਰਵੀ ਦੀ ਭੰਡੀ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਤਾਂ ਪੀ-ਕੇ ਤੁਹਾਡੇ ਬਾਰੇ ਵੀ ਮੇਰੇ ਕੋਲ ਗੱਲਾਂ ਕਰਦਾ ਹੈ,ਤੁਹਾਨੂੰ ਚੰਗਾ ਨਹੀਂ ਸਮਝਦਾ। ਸੁੰਮਨ ਆਪ ਚੰਗੀ ਤੇ ਸੱਚੀ ਹੋਣ ਲਈ ਬਹੁਤ ਹੀ ਗਿਣੇ-ਮਿੱਥੇ ਤਰੀਕੇ ਨਾਲ ਦੂਜੇ ਤੇ ਆਪਣਾ ਅਸਰ ਪਾਉਂਦੀ। ਰਵੀ ਦੇ ਸ਼ਰੀਕੇ, ਰਿਸ਼ਤੇਦਾਰਾਂ ਨੂੰ ਤੋਹਫੇ ਦਿੰਦੀ, ਤੇ ਨਾਲ ਕਹਿ ਦਿੰਦੀ ਕਿ ਰਵੀ ਤਾਂ ਪੀਂਦਾ ਬਹੁਤ ਹੈ,ਮੈਂ ਬਹੁਤ ਮੁਸ਼ਕਲ ਨਾਲ ਘਰ ਦਾ ਖਰਚ ਕਰਦੀ ਹਾਂ

ਰਵੀ ਨੇ ਆਪਣੇ ਮਾਂ-ਬਾਪ ਦਾ ਸਪਾਂਸਰ ਕੀਤਾ ਹੋਇਆ ਸੀ। ਉਹ ਵੀ ਆ ਗਏ, ਤੇ ਸੁੰਮਨ ਨੂੰ ਆਪਣੀ ਅਜ਼ਾਦੀ ਵਿਚ ਵਿਘਨ ਪੈਂਦਾ ਜਾਪਿਆ। ਸੁੰਮਨ ਅਕਸਰ ਰਵੀ ਨੂੰ ਉਲਾਭੇਂ ਦਿੰਦੀ ਕਿ ਤੇਰੀ ਮਾਂ ਰਸੋਈ ਵਿਚ ਗੰਦ ਬਹੁਤ ਪਾਉਂਦੀ ਹੈ। ਸਫਾਈ ਵੀ ਨਹੀਂ ਰੱਖਦੀ। ਰੋਟੀ ਬਣਾਉਣ ਵੇਲੇ ਧੂਆਂ ਬਾਹਰ ਕੱਢਣ ਵਾਲਾ ਪੱਖਾ ਨਹੀਂ ਚਲਾਉਂਦੀ। ਜਾਂ ਇਹਨਾਂ ਨੂੰ ਰੱਖ ਲੈ ਜਾਂ ਮੈਨੂੰ

ਇੱਕ ਦਿਨ ਰਵੀ ਨੇ ਗੁੱਸੇ ਵਿਚ ਆ ਕੇ ਸੁੰਮਨ ਦੇ ਥੱਪੜ ਮਾਰ ਦਿੱਤਾ। ਅਗਲੇ ਦਿਨ ਸੁੰਮਨ ਨੇ ਆਪਣੀ ਭਾਬੀ ਨੂੰ ਗੱਲ ਦੱਸੀ ਤੇ ਉਹਨਾਂ ਪੁਲਿਸ ਵਿਚ ਸ਼ਿਕਾਇਤ ਕਰ ਦਿੱਤੀ। ਪੁਲਿਸ ਰਵੀ ਨੂੰ ਆਪਣੇ ਨਾਲ ਲੈ ਗਈਰਵੀ ਦੇ ਮਾਂ-ਬਾਪ, ਰਵੀ ਦੇ ਕਿਸੇ ਦੋਸਤ ਦੇ ਘਰ ਚਲੇ ਗਏ। ਤੀਜੇ ਦਿਨ ਜ਼ਮਾਨਤ ਕਰਾ ਕੇ ਰਵੀ ਬਾਹਰ ਆਇਆ। ਪੁਲਿਸ ਨੇ ਰਵੀ ਨੂੰ ਸੁੰਮਨ ਅਤੇ ਘਰ ਤੋਂ ਦੂਰ ਰਹਿਣ ਦੀ ਹਦਾਇਤ ਕਰ ਦਿੱਤੀ

ਸੁੰਮਨ ਨੇ ਰਵੀ ਅਤੇ ਉਸ ਦੇ ਮਾਂ-ਬਾਪ ਦਾ ਸਾਰਾ ਸਮਾਨ ਪੁਲਿਸ ਰਾਹੀਂ ਉਹਨਾਂ ਨੂੰ ਪੁੱਜਦਾ ਕਰ ਦਿੱਤਾ। ਰਵੀ ਦੇ ਮਾਂ-ਬਾਪ ਇੰਡੀਆ ਵਾਪਸ ਚਲੇ ਗਏ। ਰਵੀ ਨੇ ਵੀ ਸਦਾ ਲਈ ਸੁੰਮਨ ਤੋਂ ਅੱਡ ਹੋਣ ਦਾ ਮਨ ਬਣਾ ਲਿਆ ਅਤੇ ਵਕੀਲ ਕਰ ਲਿਆ। ਸੁੰਮਨ ਸੋਚਦੀ ਸੀ ਕਿ ਘਰ ਵਿੱਚੋਂ ਬਹੁਤਾ ਹਿੱਸਾ ਉਸ ਨੂੰ ਮਿਲ ਜਾਵੇਗਾ ਅਤੇ ਬੱਚੀ ਦੇ ਪੈਸੇ ਅੱਡ ਮਿਲਣਗੇ ਰਵੀ ਤੋਂ। ਕੇਸ ਚੱਲਦਾ ਰਿਹਾ ਅਤੇ ਰਵੀ ਹਫਤੇ ਵਿਚ ਇੱਕ ਵਾਰ ਆਪਣੀ ਬੇਟੀ ਨੂੰ ਮਿਲ ਲੈਂਦਾ

ਸੁੰਮਨ ਨੇ ਭਾਬੀ ਦੇ ਆਖੇ ਲੱਗ ਕੇ ਰਵੀ ਨੂੰ ਹੋਰ ਕਸ਼ਟ ਦੇਣ ਲਈ ਵਕੀਲ ਜਰੀਏ ਕਹਿ ਦਿੱਤਾ ਕਿ ਰਵੀ ਦਾ ਚਾਲ-ਚਲਣ ਠੀਕ ਨਹੀਂ ਹੈਬੱਚੀ ਨਾਲ ਕੁੱਝ ਵੀ ਕਰ ਸਕਦਾ ਹੈ। ਇਸ ਨੂੰ ਇਕੱਲੇ ਨੂੰ ਨਾ ਮਿਲਣ ਦਿੱਤਾ ਜਾਵੇ। ਜੇ ਇਹ ਚਾਹੇ, ਸਾਡੀ ਹਾਜ਼ਰੀ ਵਿਚ ਮਿਲ ਲਵੇ। ਰਵੀ ਦੇ ਕਲੇਜੇ ਬਹੁਤ ਸੱਟ ਲੱਗੀ ਇਹ ਗੱਲ ਸੁਣ ਕੇ

ਸਮਾਂ ਪਾ ਕੇ ਉਹਨਾਂ ਦਾ ਡਾਇਵੋਰਸ ਹੋ ਗਿਆ। ਰਵੀ ਨੇ ਬੱਚੀ ਕਰਕੇ ਘਰ ਸੁੰਮਨ ਨੂੰ ਛੱਡ ਦਿੱਤਾ

ਅਦਾਲਤ ਨੇ ਰਵੀ ਨੂੰ, ਬੱਚੀ ਦੀ ਦੇਖ ਭਾਲ ਅਤੇ ਸੁੰਮਨ ਲਈ ਬਣਦੇ ਪੈਸੇ ਲਾ ਦਿੱਤੇ। ਸੁੰਮਨ ਜਿੱਤ ਮਹਿਸੂਸ ਕਰ ਰਹੀ ਸੀ ਕਿ ਆਏ ਮਹੀਨੇ ਰਵੀ ਨੂੰ ਪੈਸੇ ਦੇਣੇ ਪੈਣਗੇ

ਰਵੀ ਕੁੱਝ ਦਿਨਾਂ ਮਗਰੋਂ ਸਦਾ ਲਈ ਆਪਣੇ ਵਤਨ ਨੂੰ ਉਡਾਰੀ ਮਾਰ ਗਿਆ। ਘਰ ਦੀਆਂ ਕਿਸ਼ਤਾਂ ਟੁੱਟਣ ਨਾਲ ਘਰ ਬੈਂਕ ਨੇ ਵਾਪਸ ਲੈ ਲਿਆ

ਸੁੰਮਨ ਇਸ ਔਖੇ ਵੇਲੇ ਆਪਣੀ ਭਾਬੀ ਕੋਲ ਗਈ। ਸੁੰਮਨ ਦੀ ਭਾਬੀ ਨੇ ਕਿਹਾ ਕਿ ਮੇਰੇ ਬੱਚੇ ਵੱਡੇ ਹੋ ਗਏ ਨੇ, ਉਹਨਾਂ ਕੋਲ ਆਪਣੇ-ਆਪਣੇ ਕਮਰੇ ਨੇ, ਕੋਈ ਕਮਰਾ ਵਿਹਲਾ ਨਹੀਂ।

ਸੁੰਮਨ ਆਪਣੀ ਬੇਟੀ ਨਾਲ ਫਿਰ ਕਿਸੇ ਦੀ ਪੁਰਾਣੀ ਬੈਸਮੈਂਟ ਵਿਚ ਪਹੁੰਚ ਗਈ

*****

(154)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਧਨੋਆ

ਸੁਖਦੇਵ ਸਿੰਘ ਧਨੋਆ

Edmonton, Alberta, Canada.
Email: (sukhdevdhanoa@gmail.com)