“ਫਿਰ ਵੀ ਵੇਖਦੇ ਹਾਂ ਯੂਨੀਵਰਸਿਟੀ ਕੋਲ ਇਸ ਸੱਚ ਦਾ ਕੋਈ ਜਵਾਬ ਹੈ ਜਾਂ ਨਹੀਂ ...”
(30 ਮਈ 2019)
ਲਗਭਗ ਛੇ ਦਹਾਕੇ ਪਹਿਲਾਂ ਪੰਜਾਬੀ ਭਾਸ਼ਾ, ਕਲਾ ਅਤੇ ਸਭਿਆਚਾਰ ਦੇ ਵਿਕਾਸ ਦੇ ਨਾਂ ’ਤੇ ਬਣਾਈ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹਾਲ ਇਹ ਹੈ ਕਿ ਸੂਬੇ ਵਿੱਚ ਮਾਂ ਬੋਲੀ ਪੰਜਾਬੀ ਨਾਲ ਜਿੱਥੇ ਪੈਰ-ਪੈਰ ’ਤੇ ਧੱਕਾ ਤਾਂ ਹੋ ਹੀ ਰਿਹਾ ਹੈ, ਉੱਥੇ ਇਹ ਯੂਨੀਵਰਸਿਟੀ ਵੀ ਪਿੱਛੇ ਨਹੀਂ। ਇਸਦਾ ਇੱਕ ਮਕਸਦ ਹੋਰ ਵੀ ਸੀ ਅਤੇ ਉਹ ਇਹ ਕਿ ਪੰਜਾਬੀ ਨੂੰ ਵਿਗਿਆਨ ਦੀ ਉਚੇਰੀ ਸਿੱਖਿਆ ਦੇ ਮਾਧਿਅਮ ਦੇ ਤੌਰ ’ਤੇ ਵਿਕਸਤ ਕਰਨਾ। ਇਸ ਨੂੰ ਮਾਧਿਅਮ ਪਰਿਵਰਤਨ ਦਾ ਨਾਂ ਦਿੱਤਾ ਗਿਆ ਅਤੇ ਇਹ ਬੀੜਾ ਤਕਰੀਬਨ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੇ ਹੀ ਚੁੱਕਿਆ। ਵਜ੍ਹਾ ਇਹ ਸੀ ਕਿ ਸਾਇੰਸ ਦੇ ਵੱਖ-ਵੱਖ ਵਿਸ਼ਿਆਂ ਨੂੰ ਪੰਜਾਬੀ ਵਿੱਚ ਜਾਂ ਦੂਜੇ ਸੂਬਿਆਂ ਦੀ ਮਾਤਭਾਸ਼ਾ ਵਿੱਚ ਸੌਖੀ ਤਕਨੀਕੀ ਸ਼ਬਦਾਵਲੀ ਰਾਹੀਂ ਪੜ੍ਹਾਉਣਾ ਸੀ। ਸ਼ਾਇਦ ਇਹ ਰੁਜ਼ਗਾਰ ਮੁਖੀ ਟੀਚਾ ਸੀ। ਹਥਲਾ ਲੇਖਕ ਚੂੰਕਿ ਪੰਜਾਬੀ ਯੂਨੀਵਰਸਿਟੀ ਨਾਲ ਤੁਅਲੱਕ ਰੱਖਦਾ ਹੈ, ਇਸ ਲਈ ਸਵਾਲਾਂ ਦਾ ਸਵਾਲ ਇਹ ਹੈ ਕਿ ਵਿਗਿਆਨ ਦੇ ਵਿਸ਼ੇ ਨੂੰ ਪੰਜਾਬੀ ਮਾਧਿਅਮ ਦੇ ਪਰਿਵਰਤਨ ਵਿੱਚ ਇਹ ਯੂਨੀਵਰਸਿਟੀ ਆਪਣੀ ਹੋਂਦ ਤੋਂ ਲੈ ਕੇ ਹੁਣ ਤਕ ਕਿੰਨੀ ਕੁ ਸਫ਼ਲ ਰਹੀ ਹੈ?
ਇਸ ਕੰਮ ਦਾ ਜਾਇਜ਼ਾ ਲੈਣ ਲਈ ਇਸੇ ਯੂਨੀਵਰਸਿਟੀ ਦੇ ਦੋ ਸਾਬਕਾ ਅਧਿਆਪਕਾਂ ਡਾ. ਹਰਜਿੰਦਰ ਸਿੰਘ ਰੋਜ਼ ਅਤੇ ਡਾ. ਭੋਜ ਰਾਜ ਨੇ ਬੀੜਾ ਚੁੱਕਿਆ। ਡਾ. ਰੋਜ਼ ਇਸੇ ਯੂਨੀਵਰਸਿਟੀ ਦੇ ਜ਼ੁਆਲੋਜੀ (ਜੀਵ ਵਿਗਿਆਨ) ਦੇ ਪ੍ਰੋਫ਼ੈਸਰ ਅਤੇ ਮੁਖੀ ਰਹੇ ਹਨ। ਉਹ 1971 ਤੋਂ ਵੱਖ-ਵੱਖ ਅਦਾਰਿਆਂ ਵਿੱਚ ਜੀਵ ਵਿਗਿਆਨ ਪੜ੍ਹਾਉਂਦੇ ਰਹੇ ਅਤੇ 2006 ਵਿੱਚ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ। ਇਸ ਲਈ ਉਨ੍ਹਾਂ ਨੇ ਯੂਨੀਵਰਸਿਟੀ ਵਲੋਂ ਪਿਛਲੇ ਲੰਮੇ ਵਰ੍ਹਿਆਂ ਵਿੱਚ ਜੀਵ ਵਿਗਿਆਨ ਸਬੰਧੀ ਜੋ ਪੁਸਤਕਾਂ ਮਾਧਿਅਮ ਪਰਿਵਰਤਨ ਲਈ ਛਪਵਾਈਆਂ ਜਾਂ ਤਿਆਰ ਕੀਤੀਆਂ ਗਈਆਂ, ਉਨ੍ਹਾਂ ਦੀ ਬਾਰੀਕੀ ਨਾਲ ਨਿਰਖ ਪਰਖ ਕੀਤੀ। ਇਸ ਕੰਮ ਵਿੱਚ ਉਨ੍ਹਾਂ ਦੇ ਸਾਥੀ ਡਾ. ਭੋਜ ਰਾਜ ਨੇ ਹੱਥ ਵਟਾਇਆ ਹੈ ਜੋ ਇਤਿਹਾਸ ਅਤੇ ਫਰਾਂਸੀਸੀ ਵਿਸ਼ਿਆਂ ਵਿੱਚ ਪੀ.ਐੱਚ.ਡੀ. ਹਨ ਅਤੇ ਯੂਨੀਵਰਸਿਟੀ ਦੇ ਵਿਦੇਸ਼ੀ ਭਾਸ਼ਾ ਵਿਭਾਗ ਦੇ ਸਾਬਕਾ ਲੈਕਚਰਾਰ ਹਨ। ਡਾ. ਭੋਜ ਰਾਜ ਕਈ ਵਿਦੇਸ਼ੀ ਜ਼ੁਬਾਨਾਂ ਜਾਣਦੇ ਹਨ, ਜਿਨ੍ਹਾਂ ਵਿੱਚ ਰੂਸੀ, ਜਰਮਨ, ਸਪੇਨੀ ਆਦਿ ਸ਼ਾਮਲ ਹਨ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋਂ ਕਈ ਲੇਖਾਂ ਦਾ ਅਨੁਵਾਦ ਵੀ ਕੀਤਾ ਹੈ। ਇੱਕ ਦਰਜਨ ਤੋਂ ਵੱਧ ਖੋਜ ਪੱਤਰ ਅਤੇ ਕਈ ਪੁਸਤਕਾਂ ਲਈ ਲੇਖ ਵੀ ਲਿਖ ਚੁੱਕੇ ਹਨ। ਇਨ੍ਹਾਂ ਦੋਹਾਂ ਨੇ ਰਲ ਕੇ ‘ਪੰਜਾਬੀ ਦੇ ਵਿਕਾਸ ਦੀ ਅੱਧੀ ਸਦੀ ਦਾ ਸੱਚ’ ਨਾਂ ਦੀ ਜਾਇਜ਼ਾ ਪੁਸਤਕ ਤਿਆਰ ਕੀਤੀ ਹੈ। ਇਸ ਪੁਸਤਕ ਦੇ 12 ਅਧਿਆਏ ਅਤੇ ਇਹ 136 ਪੰਨਿਆਂ ਵਿੱਚ ਫੈਲੀ ਹੋਈ ਹੈ।
ਬੁਨਿਆਦੀ ਤੌਰ ’ਤੇ ਸਾਇੰਸ ਨੂੰ ਪੰਜਾਬੀ ਵਿੱਚ ਮਾਧਿਆਮ ਪਰਿਵਰਤਨ ਜ਼ਰੀਏ ਪੜ੍ਹਾਏ ਜਾਣ ਲਈ ਯੂਨੀਵਰਸਿਟੀ ਵਲੋਂ ਪੌਦਾ ਵਿਗਿਆਨ (ਬਾਟਨੀ) ਵਿੱਚ ਅੱਠ, ਭੌਤਿਕ ਵਿਗਿਆਨ (ਫਿਜ਼ਿਕਸ) ਵਿੱਚ 16, ਰਸਾਇਣ ਵਿਗਿਆਨ (ਕੈਮਿਸਟਰੀ) ਵਿੱਚ 8, ਜੀਵ ਵਿਗਿਆਨ (ਜ਼ੁਆਲੋਜੀ) ਵਿੱਚ 21 ਤੋਂ ਵਧ ਪੁਸਤਕਾਂ ਤਿਆਰ ਕਰਵਾਈਆਂ ਗਈਆਂ ਹਨ। ਇਸ ਵਿਸ਼ੇ ’ਤੇ ਸਭ ਤੋਂ ਵੱਧ 14 ਪੁਸਤਕਾਂ ਇਸੇ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਹਨ। ਸੇਵਾ ਮੁਕਤ ਹੋਣ ਪਿੱਛੋਂ ਉਹ ਇਸੇ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਫ਼ ਐਮੀਨੈਸ (ਜ਼ੁਆਲੋਜੀ) ਹਨ। ਇਹ ਪੁਸਤਕਾਂ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਅਤੇ ਯੋਜਨਾ ਵਿਭਾਗ ਵਲੋਂ ਤਿਆਰ ਕਰਵਾਈਆਂ ਗਈਆਂ, ਜਿਸ ਨੂੰ ਆਮ ਤੌਰ ’ਤੇ ਪੈਸੇ ਵਾਲਾ ਮਹਿਕਮਾ ਕਿਹਾ ਜਾਂਦਾ ਹੈ। ਇਹ ਕਿਤਾਬਾਂ ਯੂਨੀਵਰਸਟੀ ਦੇ ਪਬਲੀਕੇਸ਼ਨ ਬਿਊਰੋ ਵਲੋਂ ਛਾਪੀਆਂ ਗਈਆਂ ਹਨ। ਇਸ ਮਹਿਕਮੇ ਦੇ ਮੁਖੀ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਤੋਂ ਲੈ ਕੇ ਜਸਬੀਰ ਸਿੰਘ ਆਹਲੂਵਾਲੀਆਂ ਆਈ.ਏ.ਐੱਸ. (ਰਿਟਾ.) ਵਾਈਸ ਚਾਂਸਲਰ ਵੀ ਰਹੇ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਯੂਨੀਵਰਸਿਟੀ ਨੇ ਆਪਣੇ ਵਲੋਂ ਇਹ ਕੰਮ ਬੜੇ ਇਮਾਨਦਾਰਾਨਾ ਢੰਗ ਨਾਲ ਤੋਰਿਆ। ਡਾ. ਕ੍ਰਿਪਾਲ ਸਿੰਘ ਨਾਰੰਗ ਅਤੇ ਡਾ. ਅਮਰੀਕ ਸਿੰਘ ਵਰਗੇ ਵਾਈਸ ਚਾਂਸਲਰਾਂ ਨੇ ਪੰਜਾਬੀ ਮਾਧਿਅਮ ਦੇ ਇਸ ਪਰਿਵਰਤਨ ਪ੍ਰਾਜੈਕਟ ਨੂੰ ਬੜੀ ਹੱਲਾਸ਼ੇਰੀ ਦਿੱਤੀ। 1967 ਵਿੱਚ ਇਸ ਉੁਦੇਸ਼ ਹੇਠ ਡਾ. ਸੁਰਜੀਤ ਸਿੰਘ ਢਿੱਲੋਂ ਦੀ ਪਹਿਲੀ ਪੁਸਤਕ ‘ਜੀਵਨ ਦਾ ਵਿਕਾਸ’ ਪ੍ਰਕਾਸ਼ਤ ਹੋਈ। ਅਸਲ ਵਿੱਚ ਇਸੇ ਕਿਤਾਬ ਤੋਂ ਉਤਸ਼ਾਹਿਤ ਹੋ ਕੇ ਹੀ ਡਾ. ਨਾਰੰਗ ਨੇ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਵਿਭਾਗ ਦੀ ਪ੍ਰਵਾਨਗੀ ਦਿੱਤੀ ਸੀ। ਵਿਗਿਆਨ ਦੀ ਆਸਾਨ ਪੜ੍ਹਾਈ ਲਈ ਇੱਕ ਤਾਂ ਇਸਦਾ ਜ਼ਰੂਰੀ ਹਿੱਸਾ ਤਕਨੀਕੀ ਸ਼ਬਦਾਵਲੀ ਹੁੰਦਾ ਹੈ ਜੋ ਥੋੜ੍ਹੀ ਬਹੁਤ ਪਹਿਲਾਂ ਹੀ ਮੌਜੂਦ ਹੁੰਦੀ ਹੈ। ਕੁਝ ਨਵੀਂ ਘੜਨੀ ਪੈਂਦੀ ਹੈ। ਯਾਨੀ ਇਸੇ ਤਕਨੀਕੀ ਸ਼ਬਦਾਵਲੀ ਦੇ ਆਧਾਰ ’ਤੇ ਹੀ ਵਿਗਿਆਨਕ ਗਿਆਨ ਦਾ ਵਿਕਾਸ ਹੁੰਦਾ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਮਾਧਿਅਮ ਪਰਿਵਰਤਨ ਵਿੱਚ ਸਭ ਤੋਂ ਵੱਡੀ ਜ਼ਰੂਰਤ ਆਪਣੀ ਭਾਸ਼ਾ ਵਿੱਚ ਇਹ ਸ਼ਬਦਾਵਲੀ ਤਿਆਰ ਕਰਨਾ ਹੁੰਦਾ ਹੈ। ਇਸ ਨੂੰ ਇੰਜ ਵੀ ਕਹਿ ਸਕਦੇ ਹਾਂ ਕਿ ਵਿਗਿਆਨ ਦੇ ਜਿਹੜੇ ਤਕਨੀਕੀ ਸ਼ਬਦ ਹਨ, ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਰਗਾ ਰੂਪ ਹੀ ਦੇਣਾ ਹੈ ਤਾਂ ਕਿ ਵਿਥਿਆਰਥੀ ਨੂੰ ਵਿਸ਼ੇ ਦੀ ਸਮਝ ਆ ਸਕੇ। ਜੇ ਉਸ ਨੂੰ ਨਵੇਂ ਤਿਆਰ ਕੀਤੇ ਗਏ ਸ਼ਬਦਾਂ ਦੀ ਸਮਝ ਹੀ ਨਹੀਂ ਆਉਂਦੀ ਤਾਂ ਉਹ ਯਕੀਨਨ ਮੱਥਾ ਫੜ ਕੇ ਬੈਠ ਜਾਵੇਗਾ ਅਤੇ ਸਮਝੋ ਕਿ ਉਹ ਤਕਨੀਕੀ ਸ਼ਬਦਾਵਲੀ ਵੀ ਵਾਜਬ ਨਹੀਂ। ਲੋੜ ਇਹ ਵੀ ਹੈ ਕਿ ਇਹ ਸ਼ਬਦਾਵਲੀ ਜਿਸ ਵੀ ਵਿਦਵਾਨ ਵਲੋਂ ਤਿਆਰ ਕੀਤੀ ਗਈ ਹੋਵੇ, ਉਸ ਵਿੱਚ ਉਨ੍ਹਾਂ ਸ਼ਬਦਾਂ ਲਈ ਨਵੇਂ ਰੂਪ ਨਾ ਘੜ ਲਏ ਜਾਣ ਤਾਂ ਕਿ ਵਿਦਿਆਰਥੀਆਂ ਲਈ ਭੰਬਲਭੂਸਾ ਖੜ੍ਹਾ ਹੋ ਜਾਵੇ। ਸਾਫ਼ ਸ਼ਬਦਾਂ ਵਿੱਚ ਤਕਨੀਕੀ ਸ਼ਬਦਾਵਲੀ ਜੋ ਪਹਿਲਾਂ ਤਿਆਰ ਕੀਤੀ ਗਈ ਹੈ ਜਾਂ ਅੱਜ ਕੀਤੀ ਗਈ ਹੈ ਜਾਂ ਭਵਿੱਖ ਵਿੱਚ ਕੀਤੀ ਜਾਣੀ ਹੈ, ਇਸਦੀ ਸ਼ਬਦ ਇਕਸਾਰਤਾ ਕਾਇਮ ਰਹਿਣੀ ਲਾਜ਼ਮੀ ਹੈ ਪਰ ਯੂਨੀਵਰਸਿਟੀ ਵਲੋਂ ਕਰਵਾਏ ਕੰਮ ਵਿੱਚ ਇਹ ਇਕਸਾਰ ਨਹੀਂ ਹੈ।
ਬਿਨਾਂ ਸ਼ੱਕ ਲੇਖਕ ਨੇ ਆਪਣੇ ਵਲੋਂ ਇਹ ਸ਼ਬਦਾਵਲੀ ਤਿਆਰ ਕਰਨ ਲਈ ਪੂਰਾ ਪੂਰਾ ਜ਼ੋਰ ਲਾਇਆ ਪਰ ਜੋ ਕੁਝ ਉਪਰੋਕਤ ਦੋਹਾਂ ਵਿਦਵਾਨਾਂ ਨੇ ਥਾਂ-ਥਾਂ ’ਤੇ ਸਹੀ ਅਤੇ ਗ਼ਲਤ ਦੇ ਨਿਰਣੇ ਦਿੱਤੇ ਹਨ ਉਸ ਤੋਂ ਲਗਦਾ ਹੈ ਕਿ ਇੰਨੀਆਂ ਕਿਤਾਬਾਂ ਤਾਂ ਭਲੇ ਹੀ ਤਿਆਰ ਹੋ ਗਈਆਂ ਹਨ ਪਰ ਗੁਣਵੱਤਾ ਅਤੇ ਵਾਜਬੀਅਤ ਦੇ ਪੱਖੋਂ ਇਨ੍ਹਾਂ ਵਿੱਚ ਕਈ ਕਮੀਆਂ ਪੇਸ਼ੀਆਂ ਹਨ। ਮੈਂ ਲੰਮੇ ਅਰਸੇ ਤੋਂ ਪੱਤਰਕਾਰੀ ਨਾਲ ਜੁੜਿਆ ਹੋਇਆ ਹਾਂ। ਇਸ ਵਿੱਚ ਮੌਲਿਕਤਾ ਦੇ ਨਾਲ-ਨਾਲ ਅਨੁਵਾਦ ਦੀ ਵੀ ਬੜੀ ਮਹੱਤਤਾ ਹੈ ਅਤੇ ਅਖ਼ਬਾਰੀ ਅਨੁਵਾਦ ਕਰਨਾ ਵੀ ਤੁਰਤ ਫੁਰਤ ਪੈਂਦਾ ਹੈ। ਸੋ ਅਨੁਵਾਦ ਬਹੁਤ ਹੀ ਸੌਖਾ ਅਤੇ ਢੁੱਕਵਾਂ ਹੋਣਾ ਚਾਹੀਦਾ ਹੈ। ਮੈਂ ਇਹ ਕਿਤਾਬ ਬਹੁਤ ਧਿਆਨ ਨਾਲ ਪੜ੍ਹੀ ਹੈ। ਭਾਵੇਂ ਮੈਂ ਵਿਗਿਆਨ ਦਾ ਵਿਦਿਆਰਥੀ ਨਹੀਂ ਅਤੇ ਜੀਵ ਵਿਗਿਆਨ ਦਾ ਬਿਲਕੁਲ ਨਹੀਂ, ਫਿਰ ਵੀ ਪੁਸਤਕ ਵਿੱਚ ਉਪਰੋਕਤ ਖ਼ੋਜਕਾਰਾਂ ਵਲੋਂ ਜੋ ਹਵਾਲੇ ਜਾਂ ਮਿਸਾਲਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਤੋਂ ਦੋ ਗੱਲਾਂ ਸਾਫ਼ ਹੋ ਜਾਂਦੀਆਂ ਹਨ। ਪਹਿਲੀ, ਯੂਨੀਵਰਸਿਟੀ ਦੇ ਵਿਭਾਗ ਵਿੱਚ ਖੋਜ ਦੇ ਕੰਮ ਹੁੰਦੇ ਹਨ, ਸੈਮੀਨਾਰ ਵੀ ਹੁੰਦੇ ਹਨ, ਪੁਸਤਕਾਂ ਵੀ ਤਿਆਰ ਹੁੰਦੀਆਂ ਹਨ ਜਿਨ੍ਹਾਂ ਤੇ ਲੱਖਾਂ ਰੁਪਏ ਖ਼ਰਚ ਹੁੰਦੇ ਹਨ ਪਰ ਨਾ ਤਾਂ ਇਹੋ ਜਿਹੇ ਕੰਮਾਂ ਦੀ ਡੂੰਘਾਈ ਨਾਲ ਪੁਣਛਾਣ ਕੀਤੀ ਜਾਂਦੀ ਹੈ ਅਤੇ ਨਾ ਹੀ ਇਸ ਵਿੱਚ ਕਿਸੇ ਦੀ ਜਵਾਬਦੇਹੀ ਹੁੰਦੀ ਹੈ। ਰਲ ਮਿਲ ਕੇ ਸਭ ਇੱਕ ਦੂਜੇ ਦਾ ਸਿਰ ਗੁੰਦ ਕੇ ਚੁੱਪੀ ਧਾਰੀ ਰੱਖਦੇ ਹਨ। ਹੈਰਾਨੀ ਹੈ ਕਿ ਇੱਕ ਵੇਲੇ ਯੂਨੀਵਰਸਿਟੀ ਨੇ ਪੰਜਾਬੀ ਦੇ ਮਹਾਨ ਸਪੂਤ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਪੰਜਾਬੀ ਜ਼ੁਬਾਨ ਦੇ ਮੁਦਈ ਕੋਲੋਂ ਵੀ ਯੂਨੀਵਰਸਿਟੀ ਵਿੱਚ ਪੰਜਾਬੀ ਜ਼ੁਬਾਨ ਦੇ ਹੋ ਰਹੇ ਕੰਮ ਕਾਜ ਸਬੰਧੀ ਇੱਕ ਰਿਪੋਰਟ ਵੀ ਤਿਆਰ ਕਰਵਾਈ ਸੀ ਜੋ ਬਹੁਤੀ ਉਤਸ਼ਾਹਜਨਕ ਨਹੀਂ ਸੀ, ਸਗੋਂ ਯੂਨੀਵਰਸਿਟੀ ਪ੍ਰਬੰਧਕਾਂ, ਖ਼ਾਸ ਕਰ ਕੇ ਵਾਈਸ ਚਾਂਸਲਰ ਦੇ ਰਵਈਏ ’ਤੇ ਕਈ ਸਵਾਲ ਖੜ੍ਹੇ ਕਰਦੀ ਸੀ। ਅਫ਼ਸੋਸ ਹੈ ਕਿ ਉਸ ਰਿਪੋਰਟ ਦੇ ਬਾਵਜੂਦ ਯੂਨੀਵਰਸਿਟੀ ਪ੍ਰਬੰਧਕਾਂ ਨੇ ਹੁਣ ਤਕ ਉਸ ਤੋਂ ਕੋਈ ਸਬਕ ਨਹੀਂ ਲਿਆ। ਸ਼ਾਇਦ ਇਹੀਉ ਕਾਰਨ ਹੈ ਕਿ ਡਾ. ਰੋਜ਼ ਅਤੇ ਡਾ. ਭੋਜ ਰਾਜ ਨੇ ਪੰਜਾਬੀ ਮਾਧਿਅਮ ਲਈ ਤਿਆਰ ਕਰਵਾਈਆਂ ਪੁਸਤਕਾਂ ਤੋਂ ਜੋ ਸਿੱਟਾ ਕੱਢਿਆ ਹੈ ਉਹ ਇਹ ਕਿ ਇਸੇ ਸਬੰਧ ਵਿੱਚ ਜਿਹੜਾ ਕੰਮ 1967 ਵਿੱਚ ਜਿਸ ਪੱਧਰ ’ਤੇ ਸ਼ੁਰੂ ਹੋਇਆ ਸੀ ਉਹ ਅੱਧੀ ਸਦੀ ਲੰਘ ਜਾਣ ਦੇ ਬਾਵਜੂਦ ਅੱਗੇ ਤਾਂ ਵਧਿਆ ਨਹੀਂ, ਸਗੋਂ ਹੋਰ ਵੀ ਪਿਛਲਪੈਰੀਂ ਹੋਇਆ ਹੈ। ਯਾਨੀ ਨਤੀਜਾ ਸਿਫਰ ਦਾ ਸਿਫ਼ਰ।
ਯੂਨੀਵਰਸਿਟੀਆਂ ਕੋਲ ਆਮਦਨ ਦਾ ਜ਼ਰੀਆ ਇੱਕ ਤਾਂ ਵੱਖ-ਵੱਖ ਤਰ੍ਹਾਂ ਦੀਆਂ ਫੀਸਾਂ ਰਾਹੀਂ ਹੁੰਦਾ ਹੈ ਅਤੇ ਦੂਜਾ ਪੰਜਾਬ ਸਰਕਾਰ ਵਲੋਂ ਗਰਾਂਟ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੀ ਗਰਾਂਟ ਦਿੰਦਾ ਹੈ। ਸਰਕਾਰ ਤਾਂ ਵੱਧ-ਘੱਟ ਗਰਾਂਟ ਦੇ ਕੇ ਚੁੱਪ ਰਹਿੰਦੀ ਹੈ। ਬਾਕੀ ਸਾਰੇ ਕੰਮ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਇਸਦੇ ਪ੍ਰਬੰਧਕਾਂ ਦੀ ਹੈ। ਪਿਛਲੇ ਕੁਝ ਸਾਲਾਂ ਤੋਂ ਜੋ ਕੁਝ ਵੇਖ ਰਹੇ ਹਾਂ ਉਸ ਮੁਤਾਬਕ ਪੰਜਾਬੀ ਯੂਨੀਵਰਸਟੀ ਸਣੇ ਲਗਭਗ ਸਭ ਸਰਕਾਰੀ ਯੂਨੀਵਰਸਟੀਆਂ ਡੂੰਘੇ ਮਾਲੀ ਸੰਕਟ ਵਿੱਚੋਂ ਲੰਘ ਰਹੀਆਂ ਹਨ। ਇੱਕ ਪਾਸੇ ਜੇ ਸੱਚੀ-ਮੁੱਚੀ ਯੂਨੀਵਰਸਿਟੀਆਂ ਗੰਭੀਰ ਮਾਲੀ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਜਿਨ੍ਹਾਂ ਪ੍ਰਾਜੈਕਟਾਂ ਦਾ ਕੋਈ ਸਿਰ-ਮੂੰਹ ਹੀ ਨਹੀਂ ਹੁੰਦਾ, ਉਨ੍ਹਾਂ ਤੇ ਵੱਡੀ ਰਕਮ ਖ਼ਰਚ ਕਰਨਾ ਕਿਧਰ ਦੀ ਸਿਆਣਪ ਹੈ? ਚਲੋ ਇਹ ਪ੍ਰਾਜੈਕਟ ਮਜਬੂਰੀ ਵੀ ਹੈ ਪਰ ਕੀ ਇਹ ਵੀ ਕੋਈ ਮਜਬੂਰੀ ਹੈ ਕਿ ਕੀਤੇ ਗਏ ਕੰਮ ਦਾ ਸਮੇਂ-ਸਮੇਂ ਜਾਇਜ਼ਾ ਨਾ ਲਿਆ ਜਾਵੇ ਅਤੇ ਸਬੰਧਤ ਵਿਦਵਾਨਾਂ ਦੀ ਜਵਾਬਦੇਹੀ ਨਾ ਹੋਵੇ। ਇਸ ਛੋਟੀ ਜਿਹੀ ਕਿਤਾਬ ਵਿੱਚ ਯਕੀਨਨ ਪੰਜਾਬੀ ਯੂਨੀਵਰਸਟੀ ਪਟਿਆਲਾ ਵਲੋਂ ਪੰਜਾਬੀ ਦੇ ਵਿਕਾਸ ਵਿੱਚ ਅੱਧੀ ਸਦੀ ਵਿੱਚ ਜੋ ਯੋਗਦਾਨ ਰਿਹਾ, ਉਸ ਦਾ ਸੱਚ ਕੱਢ ਕੇ ਪੇਸ਼ ਕੀਤਾ ਗਿਆ ਹੈ। ਇਸ ਨੇ ਯੂਨੀਵਰਸਿਟੀ ਪ੍ਰਬੰਧਕਾਂ ਲਈ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਪੰਜਾਬੀ ਦੇ ਨਾਂ ’ਤੇ ਇਹ ਯੂਨੀਵਰਸਿਟੀ ਅਕਸਰ ਕਈ ਹੋਰ ਸਵਾਲਾਂ ਵਿੱਚ ਘਿਰੀ ਅਤੇ ਘਿਰਦੀ ਰਹਿੰਦੀ ਹੈ ਕਿ ਕੰਮ ਕਰਨ ਤੇ ਕਰਾਉਣ ਵਾਲੇ ਦੋਵੇਂ ਹੀ ਗੰਭੀਰ ਨਹੀਂ। ਫਿਰ ਵੀ ਵੇਖਦੇ ਹਾਂ ਯੂਨੀਵਰਸਿਟੀ ਕੋਲ ਇਸ ਸੱਚ ਦਾ ਕੋਈ ਜਵਾਬ ਹੈ ਜਾਂ ਨਹੀਂ? ਫਿਲਹਾਲ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਕੰਮ ਕਾਜ ਦਾ ਜਾਇਜ਼ਾ ਲੈਣਾ ਵੀ ਜ਼ਰੂਰੀ ਹੋ ਗਿਆ ਹੈ ਅਤੇ ਦੋਵੇਂ ਵਿਦਵਾਨ ਡਾ. ਰੋਜ਼ ਅਤੇ ਭੋਜ ਰਾਜ ਪ੍ਰਸ਼ੰਸਾ ਦੇ ਪਾਤਰ ਹਨ ਜਿਨ੍ਹਾਂ ਨੇ ਇੱਕ ਅਹਿਮ ਵਿਸ਼ੇ ਵਲ ਦੂਜੇ ਵਿਦਵਾਨਾਂ ਦਾ ਧਿਆਨ ਦੁਆਇਆ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1613)
(ਸਰੋਕਾਰ ਨਾਲ ਸੰਪਰਕ ਲਈ: