GurmitPalahi7ਇਹੋ ਜਿਹੇ ਹਾਲਾਤ ਵਿੱਚ, ਜਿਸ ਢੰਗ ਨਾਲ ਇੱਕ ਸਿਆਸੀ ਧਿਰ ਨੂੰ ਜੋ ਬਹੁਮਤ ਮਿਲਿਆ ਹੈ ...
(28 ਮਈ 2019)

 

17 ਵੀਂ ਲੋਕ ਸਭਾ ਲਈ 542 ਸਾਂਸਦ ਚੁਣੇ ਗਏ ਹਨਲੋਕ ਸਭਾ ਵਿੱਚ ਚੁਣੇ ਜਾਣ ਵਾਲੇ ਸਾਂਸਦਾਂ ਵਿੱਚ 300 ਮੈਂਬਰ ਪਹਿਲੀ ਵਾਰ ਚੁਣੇ ਗਏ ਹਨ, 197 ਦੁਬਾਰਾ ਚੁਣੇ ਗਏ ਹਨ, ਜਦ ਕਿ 45 ਪਹਿਲਾਂ ਹੀ ਰਹਿ ਚੁੱਕੇ ਸਾਂਸਦ ਚੋਣ ਜਿੱਤੇ ਹਨਪਹਿਲੀ ਵਾਰ ਦੇਸ਼ ਦੀ ਲੋਕ ਸਭਾ ਵਿੱਚ 78 ਔਰਤਾਂ ਚੁਣੀਆਂ ਗਈਆਂ ਹਨਦੇਸ਼ ਦੀ ਲੋਕ ਸਭਾ ਵਿੱਚ 12 ਫੀਸਦੀ ਮੈਂਬਰ 40 ਤੋਂ ਘੱਟ ਉਮਰ ਦੇ ਹਨ ਜਦ ਕਿ 6 ਫੀਸਦੀ ਮੈਂਬਰ 70 ਸਾਲ ਦੀ ਉਮਰ ਤੋਂ ਵੱਧ ਦੇ ਹਨਇਹ ਲੋਕ ਸਭਾ ਚੋਣਾਂ, ਲੋਕਤੰਤਰ ਦਾ ਮਹਾਉਤਸਵ ਗਰਦਾਨੀਆਂ ਗਈਆਂ ਹਨ, ਜਿਸ ਵਿੱਚ 2000 ਤੋਂ ਵੱਧ ਸਿਆਸੀ ਪਾਰਟੀਆਂ ਨੇ ਹਿੱਸਾ ਲਿਆ

ਦੇਸ਼ ਵਿੱਚ ਐੱਨ.ਡੀ. ਏ. ਨੇ 542 ਸੀਟਾਂ ਵਿੱਚੋਂ 353 ਸੀਟਾਂ ਜਿੱਤੀਆਂ ਹਨ ਜਿਸ ਵਿੱਚ ਮੁੱਖ ਸਿਆਸੀ ਪਾਰਟੀ ਭਾਜਪਾ ਹੈ, ਜਿਸਦੇ ਹਿੱਸੇ 303 ਸੀਟਾਂ ਹਨ ਆਈਆਂ ਹਨਯੂਪੀਏ ਦੇ ਹਿੱਸੇ 91 ਸੀਟਾਂ, ਜਿਸ ਵਿੱਚ ਕਾਂਗਰਸ ਦੀਆਂ 51 ਸੀਟਾਂ ਆਈਆਂ ਹਨ ਜਦ ਕਿ 98 ਸੀਟਾਂ ਹੋਰ ਦਲਾਂ ਦੇ ਖਾਤੇ ਵਿੱਚ ਆਈਆਂ ਹਨਦੇਸ਼ ਵਿੱਚ ਚੋਣਾਂ ਸੱਤ ਪੜਾਵਾਂ ਵਿੱਚ ਹੋਈਆਂ ਜੋ ਕਿ ਦੇਸ਼ ਵਿੱਚ ਪਹਿਲਾਂ ਹੋਈਆਂ ਚੋਣਾਂ ਨਾਲੋਂ ਕਿਤੇ ਵੱਧ ਸਮੇਂ ਵਿੱਚ ਸੰਪਨ ਕੀਤੀਆਂ ਗਈਆਂਦੇਸ਼ ਦੇ ਸਿਆਸੀ ਲੋਕ ਤਿੰਨ ਮਹੀਨੇ ਤੋਂ ਵਧ ਸਮਾਂ ਚੋਣ-ਮੋਡ ਵਿੱਚ ਰਹੇਭਾਜਪਾ, ਜਿਸਨੂੰ ਸ਼ਹਿਰੀ ਪਾਰਟੀ ਕਿਹਾ ਜਾਂਦਾ ਸੀ, ਇਸ ਵੇਰ 207 ਪੇਂਡੂ ਸੀਟਾਂ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ ਜਦ ਕਿ 108 ਸ਼ਹਿਰੀ ਸੀਟਾਂ ਵਿੱਚੋਂ ਉਸਨੂੰ 58 ਸੀਟਾਂ ਮਿਲੀਆਂਮਹਾਂਨਗਰਾਂ ਦੀਆਂ 82 ਵਿੱਚੋਂ 40 ਸੀਟਾਂ ਉੱਤੇ ਭਾਜਪਾ ਨੇ ਕਬਜ਼ਾ ਕੀਤਾਇੰਜ ਭਾਜਪਾ ਨੇ ਇਸ ਵੇਰ ਸ਼ਹਿਰੀ ਪਾਰਟੀ ਕਹੇ ਜਾਣ ਦਾ ਭਰਮ ਤੋੜ ਕੇ ਪੇਂਡੂ ਖੇਤਰਾਂ ਤੱਕ ਆਪਣੀ ਧਾਕ ਜਮਾ ਲਈਕਿਹਾ ਜਾ ਰਿਹਾ ਹੈ ਕਿ ਪੇਂਡੂ ਖੇਤਰਾਂ ਵਿੱਚ ਲੈਟਰੀਨਾਂ ਬਣਾਉਣਾ ਅਤੇ ਮੁਫ਼ਤ ਰਸੋਈ ਗੈਸ ਕੁਨੈਕਸ਼ਨ, ਪਿੰਡ-ਪਿੰਡ ਬਿਜਲੀ ਅਤੇ ਕਿਸਾਨਾਂ ਨੂੰ ਦਿੱਤੀ 2000 ਰੁਪਏ ਦੀ ਰਾਸ਼ੀ ਉਸਦੀ ਪਿੰਡਾਂ ਵਿੱਚ ਸਫਲਤਾ ਦਾ ਕਾਰਨ ਬਣੀ

2009 ਤੇ 2014 ਦੇ ਮੁਕਾਬਲੇ ਭਾਜਪਾ ਦੀ ਗਰੀਬ ਵਰਗਾਂ ਅਤੇ ਐੱਸ ਸੀ ਐੱਸ ਟੀ ਵਰਗਾਂ ਤੱਕ ਪਹੁੰਚ ਵਧੀਦੇਸ਼ ਦੇ ਲਗਭਗ 67 ਫੀਸਦੀ ਵੋਟਰਾਂ ਨੇ ਦੇਸ਼ ਦੇ ਵੱਖੋ-ਵੱਖਰੇ ਖਿੱਤਿਆਂ ਵਿੱਚ ਇਹ ਚੋਣਾਂ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਨੂੰ ਵੋਟ ਦਿੱਤਾਇਹਨਾਂ ਵੋਟਰਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਬਣੇ ਨਵੇਂ 10 ਕਰੋੜ ਵੋਟਰ ਵੀ ਸ਼ਾਮਲ ਸਨ, ਜਿਹਨਾਂ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਸੀਪਰ ਇਹਨਾਂ ਚੋਣਾਂ ਵਿੱਚ ਹੈਰਾਨੀਜਨਕ ਗੱਲ ਇਹ ਵੀ ਰਹੀ ਕਿ 64 ਲੱਖ ਤੋਂ ਵੱਧ ਵੋਟਰਾਂ ਨੇ ਕਿਸੇ ਵੀ ਉਮੀਦਵਾਰ ਦੇ ਚੋਣ ਨਿਸ਼ਾਨ ਉੱਤੇ ਮੋਹਰ ਨਹੀਂ ਲਗਾਈ, ਉਸਦੇ ਨਾਮ ਦਾ ਬਟਨ ਨਹੀਂ ਦੱਬਿਆ, ਭਾਵ ਉਹਨਾਂ ਨੇ ‘ਨੋਟਾ’ ਦੀ ਵਰਤੋਂ ਕੀਤੀ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ‘ਨੋਟਾ’ ਦਾ ਬਟਨ ਦਬਾਉਣ ਨੂੰ ਤਰਜੀਹ ਦੇਣ ਵਾਲੇ 8 ਲੱਖ ਤੋਂ ਵਧ ਲੋਕ ਬਿਹਾਰ ਦੇ ਹਨ, ਜਿਹੜੇ ਕਿ ਬੇਰੁਜ਼ਗਾਰੀ, ਭੁੱਖਮਰੀ ਅਤੇ ਭੈੜੇ ਵਾਤਾਵਰਨ ਜਿਹੀਆਂ ਮੁੱਖ ਸਮੱਸਿਆਵਾਂ ਨਾਲ ਦੇਸ਼ ਵਿੱਚ ਸਭ ਤੋਂ ਵਧ ਦੋ-ਚਾਰ ਹੋ ਰਹੇ ਹਨ

ਦੇਸ਼ ਦੇ ਸਾਹਮਣੇ ਵੱਡੀ ਸਮੱਸਿਆ ਰੁਜ਼ਗਾਰ ਸਿਰਜਣ ਦੀ ਹੈ, ਦੇਸ਼ ਵਿੱਚ ਖੇਤੀ ਸੰਕਟ ਬਹੁਤ ਹੀ ਵੱਡਾ ਹੈਪਿਛਲੀ ਮੋਦੀ ਸਰਕਾਰ ਵਲੋਂ ਚਾਲੂ ਕੀਤੀਆਂ 134 ਯੋਜਨਾਵਾਂ ਵਿੱਚੋਂ ਬਹੁਤੀਆਂ ਅਸਫ਼ਲ ਸਾਬਤ ਹੋਈਆਂਨੋਟ ਬੰਦੀ ਅਤੇ ਜੀ ਐੱਸ ਟੀ ਨੇ ਆਮ ਲੋਕਾਂ ਨੂੰ ਅਸੁਵਿਧਾ ਵਿੱਚ ਪਾਇਆ ਅਤੇ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਵੀ ਹੋਏ, ਪਰ ਜਿਸ ਢੰਗ ਨਾਲ ਰੋਸ ਅਤੇ ਅਸੰਤੋਸ਼ ਦੀ ਕੜਵਾਹਟ 1977 ਵਿੱਚ ਵਿਰੋਧੀ ਦਲਾਂ ਨੇ ‘ਇੰਦਰਾ ਹਟਾਓ’ ਲਹਿਰ ਨਾਲ ਪੈਦਾ ਕੀਤੀ ਸੀ, ਹੁਣ ਦੀ ਵਿਰੋਧੀ ਧਿਰ ਲੋਕਾਂ ਨੂੰ ਲਾਮ ਬੰਦ ਨਾ ਕਰ ਸਕੀਇਹ ਸਭ ਕੁਝ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਕਾਰਨ ਹੋਇਆ ਸੀ, ਜਿਸ ਲਈ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਹਨਾਂ ਦੇ ਸਪੁੱਤਰ ਸੰਜੈ ਗਾਂਧੀ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀਇਸ ਵੇਰ ਵੀ ਦੇਸ਼ ਦੇ ਕਈ ਨੇਤਾਵਾਂ ਨੇ ਮੋਦੀ ਹਟਾਓ ਦਾ ਨਾਹਰਾ ਲਾਇਆ ਪਰ ਇਸ ਨਾਹਰੇ ਨੂੰ ਜ਼ਿਆਦਾਤਰ ਵੋਟਰਾਂ ਨੇ ਨਾਕਾਰ ਦਿੱਤਾਅਸਲ ਗੱਲ ਤਾਂ ਇਹ ਸੀ ਕਿ ਮੋਦੀ ਦੇ ਵੱਡੇ ਵੱਡੇ ਵਾਅਦਿਆਂ ਨੂੰ ਪੂਰਾ ਨਾ ਹੋਣ ਦੇ ਬਾਵਜੂਦ ਵੀ, ਦੇਸ਼ ਦੇ ਵਿਰੋਧੀ ਧਿਰ ਦੇ ਗੱਠਜੋੜ ਉੱਤੇ ਬੇ-ਭਰੋਸਗੀ ਕਰਕੇ, ਮੋਦੀ ਨੂੰ ਹੀ ਵੋਟ ਦਿੱਤੀਉਸ ਉੱਤੇ ਭਰੋਸਾ ਪ੍ਰਗਟ ਕੀਤਾ ਅਤੇ ਉਸਨੂੰ ਇੱਕ ਹੋਰ ਮੌਕਾ ਦੇ ਦਿੱਤਾ ਹੈਮੋਦੀ ਸਰਕਾਰ ਨੂੰ ਦਿੱਤਾ ਇਹ ਮੌਕਾ ਕੀ ਦੇਸ਼ ਦੀ ਹਾਲਾਤ ਸੁਆਰ ਸਕੇਗਾ?

ਦੇਸ਼ ਦੀ ਹਾਲਤ ਦਿਨ ਪ੍ਰਤੀ ਦਿਨ ਬਦਤਰ ਹੋ ਰਹੀ ਹੈਵਧ ਰਹੀ ਜਨਸੰਖਿਆ ਲਈ ਭੋਜਨ ਦੀ ਵਿਵਸਥਾ ਦੇਸ਼ ਦੇ ਸਾਹਮਣੇ ਵੱਡਾ ਚੈਲਿੰਜ ਹੈਭੁੱਖਮਰੀ, ਬੇਰੁਜ਼ਗਾਰੀ ਨੇ ਦੇਸ਼ ਦੇ ਲੋਕਾਂ ਲਈ ਜੀਵਨ ਜੀਊਣ ਵਿੱਚ ਅਸੁਵਿਧਾ ਪੈਦਾ ਕੀਤੀ ਹੋਈ ਹੈਸਮਾਜ ਵਿੱਚ ਪਾਟੋ-ਧਾੜ ਵਧ ਰਹੀ ਹੈ, ਵਿਰੋਧੀ ਵਿਚਾਰਾਂ ਨੂੰ ਦਬਾਉਣ ਦੀ ਪ੍ਰਵਿਰਤੀ ਵਿੱਚ ਲਗਾਤਾਰ ਫੈਲਾ ਹੋ ਰਿਹਾ ਹੈਕੱਟੜਤਾ, ਬਹੁ-ਸੰਖਿਆਵਾਦ ਦਾ ਘੱਟ ਗਿਣਤੀ ਲੋਕਾਂ ਵਿੱਚ ਵਧ ਰਿਹਾ ਸਹਿਮ ਉਹਨਾਂ ਨੂੰ ਉਪਰਾਮ ਕਰ ਰਿਹਾ ਹੈਕਾਨੂੰਨ ਹੱਥ ਵਿੱਚ ਲੈ ਕੇ ਆਪੇ ਕਾਰਵਾਈ ਕਰਨਾ ਆਮ ਵਰਤਾਰਾ ਹੋ ਗਿਆ ਹੈਹਿੰਦੂਤਵ ਦਾ ਪ੍ਰਚਾਰ ਵਧਿਆ ਹੈਰਾਸ਼ਟਰਵਾਦ ਦੇ ਨਾਮ ਉੱਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨਰੋਜ਼ਾਨਾ ਜ਼ਿੰਦਗੀ ਵਿੱਚ ਭ੍ਰਿਸ਼ਟਾਚਾਰ ਦਾ ਫੈਲਾਅ ਜਿਸ ਢੰਗ ਨਾਲ ਹੋ ਰਿਹਾ ਹੈ ਜਾਂ ਹੋ ਚੁੱਕਾ ਹੈ, ਉਸ ਨਾਲ ਆਮ ਲੋਕਾਂ ਵਿੱਚ ਬੇਚੈਨੀ ਵਧੀ ਹੋਈ ਹੈਮੋਦੀ ਸਰਕਾਰ ਨੇ ਸੀ.ਬੀ.ਆਈ., ਈ.ਡੀ., ਚੋਣ ਕਮਿਸ਼ਨ, ਰਿਜ਼ਰਵ ਬੈਂਕ ਜਿਹੀਆਂ ਖੁਦਮੁਖਤਿਆਰ ਸੰਸਥਾਵਾਂ ਉੱਤੇ ਆਪਣਾ ਗਲਬਾ ਵਧਾ ਦਿੱਤਾ ਹੈਸੁਪਰੀਮ ਕੋਰਟ ਦੀ ਆਜ਼ਾਦਾਨਾ ਹਸਤੀ ਨੂੰ ਵੀ ਵੰਗਾਰਿਆ ਗਿਆ ਹੈ

ਇਹੋ ਜਿਹੇ ਹਾਲਾਤ ਵਿੱਚ, ਜਿਸ ਢੰਗ ਨਾਲ ਇੱਕ ਸਿਆਸੀ ਧਿਰ ਨੂੰ ਜੋ ਬਹੁਮਤ ਮਿਲਿਆ ਹੈ, ਉਹ ਉਹਨਾਂ ਹਾਲਤਾਂ ਵਿੱਚ ਦੇਸ਼ ਲਈ ਘਾਤਕ ਵੀ ਹੋ ਸਕਦਾ ਹੈ, ਜੇਕਰ ਉਹ ਆਪਣੇ ਚੋਣ ਅਜੰਡੇ ਨੂੰ ਲਾਗੂ ਕਰਦਿਆਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਅਤੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਨੂੰ ਖ਼ਤਮ ਕਰਨ ਲਈ ਕਦਮ ਪੁੱਟਦਾ ਹੈਇਸ ਨਾਲ ਦੇਸ਼ ਟੁੱਟਣ ਦਾ ਕੀ ਖ਼ਤਰਾ ਨਹੀਂ ਵਧੇਗਾ?

ਪਿਛਲੇ ਪੰਜ ਸਾਲ ਤਾਂ ਮੋਦੀ ਸਰਕਾਰ ਨੇ ਸਕੀਮਾਂ ਘੜਕੇ, ਲੋਕਾਂ ਨੂੰ ਪੁਚਕਾਰਕੇ, ਉਹਨਾਂ ਦੀ ਝੋਲੀ ਕੁਝ-ਕੁਝ ਪਾਕੇ ਆਪਣਾ ਸਮਾਂ ਬਿਤਾਇਆ ਹੈ, ਪਰ ਦੇਸ਼ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੋਈ ਵੱਡਾ ਉਪਰਾਲਾ ਨਹੀਂ ਕੀਤਾਅੱਛੇ ਦਿਨ ਆਨੇ ਵਾਲੇ ਹੈਂ, ਸਭ ਕਾ ਸਾਥ ਸਭ ਕਾ ਵਿਕਾਸ ਸਿਰਫ਼ ਜੁਮਲੇ ਸਾਬਤ ਹੋਏ ਹਨਪਰ ਇਹ ਸਭ ਕੁਝ ਕੀ ਬਹੁਤਾ ਸਮਾਂ ਚੱਲ ਸਕੇਗਾ? ਜੇਕਰ ਦੇਸ਼ ਦੇ ਹਾਲਾਤ ਸੁਧਾਰਨੇ ਹਨ ਤੇ ਇੱਥੇ ਲੋਕਤੰਤਰ ਕਾਇਮ ਰੱਖਣਾ ਹੈ ਤਾਂ ਅਗਲੇ ਪੰਜ ਸਾਲ ਜਿੱਥੇ ਸਰਕਾਰ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਪਵੇਗੀ, ਉੱਥੇ ਦੇਸ਼ ਦੀ ਵਿਰੋਧੀ ਧਿਰ ਨੂੰ ਵੀ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾਉਣੀ ਪਵੇਗੀਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੈਦੇਸ਼ ਦੀ ਅਰਥ ਵਿਵਸਥਾ ਨੂੰ ਪਹਿਲਾਂ ਮੁਗਲਾਂ ਨੇ, ਫਿਰ ਅੰਗਰੇਜ਼ਾਂ ਨੇ ਕਮਜ਼ੋਰ ਕੀਤਾ ਹੈ ਅਤੇ ਹੁਣ ਪਿਛਲੇ 70 ਤੋਂ ਵੀ ਵਧ ਸਾਲਾਂ ਤੋਂ ਦੇਸ਼ ਦੇ ਨੇਤਾ, ਆਪਣੇ ਦੇਸ਼ ਧਨ ਦੌਲਤ ਨੂੰ ਹੀ ਨਹੀਂ ਲੋਕਾਂ ਨੂੰ ਵੀ ਠੱਗ ਰਹੇ ਹਨ, ਜਿਸ ਵਿੱਚ ਮੌਜੂਦਾ ਹਾਕਮ ਵੀ ਸ਼ਾਮਲ ਹਨਲੋਕਾਂ ਨਾਲ ਇਹ ਠੱਗੀ ਆਰਥਿਕ ਵੀ ਹੈ, ਮਾਨਸਿਕ ਵੀ ਹੈ ਅਤੇ ਸਮਾਜਿਕ ਵੀ ਹੈ, ਜਿਸ ਨਾਲ ਲੋਕਾਂ ਦਾ ਦੇਸ਼ ਦੇ ਲੋਕਤੰਤਰ ਤੋਂ ਭਰੋਸਾ ਘਟ ਰਿਹਾ ਹੈਲੋਕਾਂ ਆਪਣੀ ਰੋਟੀ-ਰੋਜ਼ੀ ਦੇ ਆਹਰ ਵਿੱਚ ਵੋਟਾਂ ਵਿੱਚ ਘੱਟ ਹਿੱਸਾ ਲੈਣ ਲੱਗੇ ਹਨ ਅਤੇ ਉਮੀਦਵਾਰਾਂ ਦੀ ਨਾ ਪਸੰਦਗੀ ਉੱਤੇ ਵੀ ਮੋਹਰ ਲਗਾਉਣ ਲੱਗੇ ਹਨ

ਧਰਮ ਨਿਰਪੱਖ ਕਹੇ ਜਾਂਦੇ ਦੇਸ਼ ਭਾਰਤ ਨੂੰ ਲੋੜ ਜਿੱਥੇ ਬਿਹਤਰ ਬੁਨਿਆਦੀ ਸੁਵਿਧਾਵਾਂ ਦੀ ਹੈ, ਉੱਥੇ ਲੋਕਾਂ ਲਈ ਸਿੱਖਿਆ, ਸਿਹਤ, ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਦੀ ਤਾਂ ਹੈ ਹੀ, ਹਰ ਧਰਮ, ਹਰ ਵਰਗ, ਹਰ ਜਾਤ ਦੇ ਲੋਕਾਂ ਨੂੰ ਬਰਾਬਰ ਦੀਆਂ ਸਹੂਲਤਾਂ ਅਤੇ ਨਿਆਂ ਦੇਣ ਦੀ ਵੀ ਹੈ ਅਤੇ ਇਸਦੀ ਤਵੱਕੋ ਕੀ ਉਹੋ ਜਿਹੀ ਸਰਕਾਰ ਤੋਂ ਕੀਤੀ ਜਾ ਸਕਦੀ ਹੈ, ਜੋ ਇੱਕ ਧਿਰ ਦੇ ਆਸਰੇ ਵੱਡੇ-ਵੱਡੇ ਨਾਹਰਿਆਂ ਸਦਕਾ ਜਿੱਤੀ ਹੋਈ ਹੋਵੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1608)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author