GurmitShugli7ਹਰ ਚੋਣ ਵਾਂਗ ਹਾਰਨ ਵਾਲੇ ਹੁਣ ਕਈ ਤਰ੍ਹਾਂ ਦੇ ਬਹਾਨੇ ਲੱਭ ਰਹੇ ਹਨ ਪਰ ਇਹ ਵੇਲਾ ...
(26 ਮਈ 2019)

ਨਤੀਜਿਆਂ ਨੇ ਕਈਆਂ ਨੂੰ ਹੈਰਾਨ ਤੇ ਕਈਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਜੋ ਕੁਝ ਦੇਸ ਵਿੱਚ ਦਿਸਿਆ, ਉਸ ਦੀ ਵੀ ਆਸ ਨਹੀਂ ਸੀ ਤੇ ਜੋ ਪੰਜਾਬ ਵਿੱਚ ਹੋ ਗਿਆ ਯਕੀਨ ਉਸ ਦਾ ਵੀ ਨਹੀਂ ਸੀ। ਜਿਹੜੇ ਵਕਤ ਸਾਨੂੰ ਪੰਜਾਬ ਵਿੱਚ ਬੈਠਿਆਂ ਲੱਗਦਾ ਸੀ ਕਿ ਅਸਹਿਣਸ਼ੀਲਤਾ, ਮਹਿੰਗਾਈ, ਹਿੰਦੂਵਾਦ, ਗਊਵਾਦ ਦਾ ਮੁੱਦਾ ਪੂਰੇ ਦੇਸ ਦਾ ਮੁੱਦਾ ਹੋਵੇਗਾ, ਨਤੀਜਿਆਂ ਨੇ ਦੱਸਿਆ ਕਿ ਸਾਡੇ ਲਈ ਇਹ ਮੁੱਦੇ ਵੱਡੇ ਹੋ ਸਕਦੇ ਹਨ, ਜ਼ਰੂਰੀ ਨਹੀਂ ਕਿ ਯੂ ਪੀ ਤੇ ਬਿਹਾਰ ਵਿੱਚ ਵੀ ਇਹੀ ਸਭ ਹੋਵੇ। ਬਹੁਤੀਆਂ ਥਾਂਵਾਂ ’ਤੇ ਹਾਲੇ ਵੀ ਧਰਮ ਅਤੇ ਜਾਤ ਦੇ ਨਾਂਅ ’ਤੇ ਵੋਟਾਂ ਪੈਦੀਆਂ ਹਨ। ਸਾਡੀ ਕਿਸੇ ਇੱਕ ਧਿਰ ਜਾਂ ਵਿਅਕਤੀ ਵਿਸ਼ੇਸ਼ ਨਾਲ ਹਮਦਰਦੀ ਹੋ ਸਕਦੀ ਹੈ, ਪਰ ਜ਼ਰੂਰੀ ਨਹੀਂ ਕਿ ਪੂਰੇ ਭਾਰਤ ਦੇ ਲੋਕ ਸਾਡੇ ਵਾਂਗ ਹੀ ਸੋਚਦੇ ਹੋਣ। ਮਹਿੰਗਾਈ ਧਾਰਮਿਕ ਜਨੂੰਨ ਨੂੰ ਨਹੀਂ ਮਾਰ ਸਕਦੀ ਤੇ ਜਾਤ ਨੂੰ ਭਾਰਤ ਵਿੱਚੋਂ ਮਨਫ਼ੀ ਕਰਕੇ ਦੇਖਣਾ ਸਿਰੇ ਦੀ ਗ਼ਲਤੀ ਹੈ, ਇਹ ਚੋਣਾਂ ਤੋਂ ਸਾਬਤ ਹੋ ਗਿਆ ਹੈ। ਇਹ ਤਾਂ ਆਸ ਸੀ ਕਿ ਮੋਦੀ ਸਰਕਾਰ ਫਿਰ ਬਣੇਗੀ, ਪਰ ਹੋਰਾਂ ਦਾ ਸਹਿਯੋਗ ਲੈ ਕੇ। ਇਕੱਲਿਆਂ ਨੂੰ ਇੰਨਾ ਵੱਡਾ ਬਹੁਮਤ ਮਿਲੇਗਾ, ਇਹ ਦੀ ਭੋਰਾ ਵੀ ਆਸ ਨਹੀਂ ਸੀ।

ਦੇਸ ਵਿੱਚ ਕਈ ਵੱਡੇ ਥੰਮ੍ਹ ਡਿੱਗੇ ਹਨ ਤੇ ਕਈ ਨਵੇਂ ਪ੍ਰਵਾਨ ਚੜ੍ਹੇ ਹਨ। ਕਨ੍ਹਈਆ ਕੁਮਾਰ ਦਾ ਹਾਰ ਜਾਣਾ ਦੁਖੀ ਕਰਨ ਵਾਲੀ ਗੱਲ ਤਾਂ ਹੈ ਪਰ ਜੇ ਲੋਕ ਨਹੀਂ ਚਾਹੁੰਦੇ ਕਿ ਤਰਕ ਨਾਲ ਦਿੱਤੇ ਉੱਤਰ ਨੂੰ ਸਮਝਿਆ ਜਾਵੇ ਤਾਂ ਇਸਦਾ ਕੀ ਅਰਥ ਹੈ। ਸਾਡੇ ਲਈ ਇਹ ਗੱਲ ਮਹੱਤਵਪੂਰਨ ਹੋ ਸਕਦੀ ਹੈ ਕਿ ਭਾਜਪਾ ਆਗੂ ਬਾਲਾਕੋਟ ਏਅਰ ਸਟ੍ਰਾਈਕ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ, ਪਰ ਵੱਡੀ ਗਿਣਤੀ ਲੋਕ ਜੇ ਇਹ ਸਮਝ ਰਹੇ ਹਨ ਕਿ ਜਰਨੈਲ ਦੇ ਕਹੇ ਬਿਨਾਂ ਫ਼ੌਜ ਵੀ ਕੁਝ ਨਹੀਂ ਕਰ ਸਕਦੀ ਤਾਂ ਮੋਦੀ ਨੂੰ ’ਸਿਹਰਾ’ ਮਿਲਣਾ ਹੀ ਹੋਇਆ।

ਪੰਜ ਸਾਲ ਭਾਜਪਾ ਸਰਕਾਰ ਚੰਗਾ ਕੰਮ ਕਰੇ ਤੇ ਪਿਛਲੇ ਪੰਜ ਵਰ੍ਹਿਆਂ ਵਿੱਚ ਹੋਏ ਗ਼ਲਤ ਕੰਮਾਂ ਤੋਂ ਸਬਕ ਸਿੱਖੇ, ਇਸਦੀ ਕਾਮਨਾ ਕਰਦੇ ਹਾਂ, ਪਰ ਪੰਜਾਬ ਦੇ ਨਤੀਜੇ ਵੀ ਘੱਟ ਹੈਰਾਨ ਕਰਨ ਵਾਲੇ ਨਹੀਂ। ਇੱਥੇ ਵੀ ਤਾਂ ਅਚੰਭਾ ਹੀ ਹੋਇਆ ਹੈ। ਮਾਲਵਾ ਖਿੱਤੇ ਵਿੱਚ ਹੀ ਅਕਾਲੀ ਦਲ ਤੇ ਬਾਦਲ ਪਰਵਾਰ ਦਾ ਸਭ ਤੋਂ ਵੱਡਾ ਵਿਰੋਧ ਸੀ ਤੇ ਮਾਲਵੇ ਵਿੱਚੋਂ ਹੀ ਬਾਦਲ ਮੀਆਂ-ਬੀਵੀ ਜਿੱਤਣ ਵਿੱਚ ਸਫ਼ਲ ਰਹੇ ਹਨ, ਕਾਰਨ ਕੁਝ ਵੀ ਰਹੇ ਹੋਣ। ਪੰਜਾਬ ਵਿੱਚ ਭਾਜਪਾ ਕੋਲ ਦੋ ਸੀਟਾਂ ਹਨ। ਸੰਨੀ ਦਿਓਲ ਦੇ ਆਉਣ ਤੋਂ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਇੱਕ ਵੀ ਸੀਟ ਨਾ ਮਿਲੇ, ਪਰ ਮਿਲ ਦੋ ਗਈਆਂ। ਪੰਜਾਬ ਦੇ ਮੁੱਖ ਮੰਤਰੀ ਬੜੇ ਜ਼ੋਰ-ਸ਼ੋਰ ਨਾਲ ‘ਮਿਸ਼ਨ ਤੇਰਾਂ’ ਦੀ ਗੱਲ ਕਰਦੇ ਸਨ, ਪਰ ਮਿਲੀਆਂ ਅੱਠ। ‘ਆਪ’ ਦੇ 12 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਪੀ ਡੀ ਏ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਕਾਂਗਰਸ ਨੂੰ ਸਫ਼ਲ ਮੰਨੀਏ ਜਾਂ ਅਸਫ਼ਲ, ਹੁਣ ਇਹ ਸਵਾਲ ਉੱਠਿਆ ਹੋਇਆ ਹੈ। ਹੋਰ ਹੈਰਾਨੀ ਇਸ ਗੱਲ ਦੀ ਕਿ ਪੰਜਾਬ ਦੇ ਤਿੰਨ ਹਲਕੇ, ਜਿੱਥੇ ਤਿੰਨ ਕੋਣੇ ਮੁਕਾਬਲੇ ਦੀ ਆਸ ਸੀ, ਉੱਥੇ ਵੀ ਰਵਾਇਤੀ ਪਾਰਟੀਆਂ ਦਾ ਹੀ ਮੁਕਾਬਲਾ ਰਿਹਾ।

ਇੰਜ ਲੱਗਦਾ ਸੀ ਜਿਵੇਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਕੋਈ ਮੁਕਾਬਲਾ ਹੀ ਨਾ ਹੋਵੇ ਤੇ ਬੀਬੀ ਜਗੀਰ ਕੌਰ ਤੀਜੇ ਨੰਬਰ ਤੋਂ ਅੱਗੇ ਨਾ ਵਧਣੀ ਹੋਵੇ ਪਰ ਨਤੀਜੇ ਨੇ ਬੀਬੀ ਖਾਲੜਾ ਨੂੰ ਤੀਜੇ ਤੇ ਦੂਜੇ ’ਤੇ ਬੀਬੀ ਜਗੀਰ ਕੌਰ ਨੂੰ ਕਰ ਦਿੱਤਾ। ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਦੀ ਪੱਕੀ ਜਿੱਤ ਦਿਸਦੀ ਸੀ, ਪਰ ਉਨ੍ਹਾਂ ਦੀ ਝੋਲੀ ਪਈ ਹਾਰ ਨੇ ਦੱਸ ਦਿੱਤਾ ਕਿ ਹਮਦਰਦੀ ਅਤੇ ਹਕੀਕਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਸੁਖਪਾਲ ਖਹਿਰਾ ਹਾਰੇਗਾ ਤਾਂ ਸ਼ਾਨ ਨਾਲ ਹਾਰੇਗਾ, ਆਸ ਸੀ, ਪਰ ਉਹ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕਿਆ। ਉਸ ਦੇ ਸਾਰੇ ਸਾਥੀਆਂ ਵਿੱਚੋਂ ਇੱਕ ਵੀ ਸਫ਼ਲ ਨਹੀਂ ਹੋਇਆ ਤਾਂ ਅਰਥ ਕੀ ਨਿਕਲਦਾ ਹੈ ਕਿ ਪੰਜਾਬ ਦੇ ਲੋਕ ਹੁਣ ਨਵੇਂ ਤਜਰਬਿਆਂ ਦੇ ਵੀ ਹੱਕ ਵਿੱਚ ਨਹੀਂ ਲੱਗਦੇ।

ਸਿਮਰਜੀਤ ਸਿੰਘ ਬੈਂਸ ਆਪਣੇ ਕੰਮਾਂ ਦੇ ਅਧਾਰ ’ਤੇ ਜਿੱਤ ਸਕਦਾ, ਆਸ ਸੀ, ਪਰ ਨਿਕਲਿਆ ਕੀ? ਡਾ. ਗਾਂਧੀ ਦੀ ਇਮਾਨਦਾਰੀ ਰੰਗ ਦਿਖਾਵੇਗੀ, ਬਹੁਤ ਲੋਕ ਸੋਚਦੇ ਸੀ, ਪਰ ਹੋਇਆ ਉਲਟ। ਇਨ੍ਹਾਂ ਗੱਲਾਂ ਕਰਕੇ ਹੀ ਉੰਨੀ ਹੈਰਾਨੀ ਹੋਈ, ਜਿੰਨੀ ਦੇਸ ਦੇ ਨਤੀਜਿਆਂ ’ਤੇ। 13 ਵਿੱਚੋਂ 8 ਸੀਟਾਂ ’ਤੇ ਜਿੱਤ ਦਰਜ ਕਰਨਾ ਕੈਪਟਨ ਨੂੰ ਭਾਵੇਂ ਬਹੁਤ ਵੱਡੀ ਪ੍ਰਾਪਤੀ ਲੱਗੇ, ਪਰ ਇਹ ਕੋਈ ਪ੍ਰਾਪਤੀ ਨਹੀਂ ਕਹੀ ਜਾ ਸਕਦੀ। ਹੁਣ ਭਾਵੇਂ ਸ਼ਰੀਕ ਸਿਰ ਸਾਰਾ ਦੋਸ਼ ਮੜਿਆ ਜਾਵੇ ਕਿ ਪ੍ਰਚਾਰ ਦੇ ਆਖ਼ਰੀ ਦਿਨ ਉਸ ਦੇ ਬਿਆਨਾਂ ਨੇ ਮਿਸ਼ਨ 13 ਰੋਕ ਦਿੱਤਾ, ਪਰ ਲੋਕ ਕਹਿੰਦੇ ਨੇ ਕਿ 8 ਸੀਟਾਂ ਦੀ ਵੀ ਆਸ ਨਹੀਂ ਸੀ, ਕਿਉਂਕਿ ਸਵਾ ਦੋ ਸਾਲ ਵਿੱਚ ਸਰਕਾਰ ਨੇ ਖੁਸ਼ ਕਿਹੜਾ ਵਰਗ ਕੀਤਾ। ਜੇ ਲੋਕਾਂ ਦੇ ਦਿਲ ਜਿੱਤੇ ਹੁੰਦੇ ਤਾਂ ਲੱਖ ਕੋਸ਼ਿਸ਼ਾਂ ਬਾਅਦ ਵੀ ਸਿੱਧੂ ਦਾ ਦੋ ਮਿੰਟ ਦਾ ਬਿਆਨ ਕੋਈ ਅਸਰ ਨਹੀਂ ਦਿਖਾ ਸਕਦਾ ਸੀ। ਕੈਪਟਨ ਸਾਹਿਬ ਹੁਣ ਸਿੱਧੂ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਜੱਫੀਆਂ ਪਾਉਣ ਦੀ ਗੱਲ ਕਰਦੇ ਨੇ, ਪਰ ਆਪਣੇ ਨਜ਼ਦੀਕੀ ਦੋਸਤਾਂ ਵਿੱਚੋਂ ਕੁਝ ਨੂੰ ਘਰ ਵਿੱਚ ਵੀ ਰੱਖਦੇ ਹਨ। ਜੇ ਉਨ੍ਹਾਂ ਦਾ ਪਾਕਿ ਦੋਸਤਾਂ ਨਾਲ ਨੇੜਤਾ ਕਰਕੇ ਵੋਟਾਂ ’ਤੇ ਫ਼ਰਕ ਨਹੀਂ ਪੈਂਦਾ ਤਾਂ ਇੱਕ ਵਾਰ ਗੁਆਂਢੀ ਦੇਸ ਦੇ ਪ੍ਰਧਾਨ ਮੰਤਰੀ ਨੂੰ ਜੱਫੀ ਪਾਉਣ ਨਾਲ ਵੀ ਦੇਸ ਦਾ ਨੁਕਸਾਨ ਨਹੀਂ ਹੋ ਸਕਦਾ।

ਹਰ ਚੋਣ ਵਾਂਗ ਹਾਰਨ ਵਾਲੇ ਹੁਣ ਕਈ ਤਰ੍ਹਾਂ ਦੇ ਬਹਾਨੇ ਲੱਭ ਰਹੇ ਹਨ ਪਰ ਇਹ ਵੇਲਾ ਹਕੀਕਤ ਪਛਾਨਣ ਦਾ ਹੈ ਕਿ ਸਾਡਾ ਬੁਰਾ ਹਾਲ ਕਿਉਂ ਹੋਇਆ। ਭਾਰਤ ਦੀ ਰਾਜਨੀਤੀ ਵਿੱਚ ਕਾਂਗਰਸ ਸਿਰਫ਼ ਦੋਸ਼ ਲਾ ਕੇ ਕਾਮਯਾਬ ਨਹੀਂ ਹੋ ਸਕਦੀ, ਇਸ ਲਈ ਵੱਡੀ ਯੋਜਨਾਬੰਦੀ ਦੀ ਲੋੜ ਹੈ। ਜੇ ਇਹ ਸੋਚਿਆ ਜਾਵੇ ਕਿ ਵੋਟਾਂ ਤੋਂ ਦੋ-ਤਿੰਨ ਮਹੀਨੇ ਪਹਿਲਾਂ ਫੜੀ ਸਰਗਰਮੀ ਜੇਤੂ ਬਣਾ ਦੇਵੇਗੀ ਤਾਂ ਦਿਨ ਵੇਲੇ ਤਾਰੇ ਦੇਖਣ ਵਾਲੀ ਗੱਲ ਹੋਵੇਗੀ। ਜੇਤੂ ਬਣਨ ਲਈ ਸਭ ਨੂੰ ਅੱਜ ਤੋਂ ਹੀ ਡਟ ਜਾਣਾ ਚਾਹੀਦਾ ਹੈ। ਲੋਕਾਂ ਦੀਆਂ ਹੱਕੀ ਮੰਗਾਂ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਹੱਕੀ ਮੰਗਾਂ ਲਈ ਪੁਰ-ਅਮਨ ਮਰਨ-ਮਾਰਨ ਨੂੰ ਤਿਆਰ ਰਹਿਣਾ ਚਾਹੀਦਾ ਹੈ। ਇਹ ਸਭ ਜਾਤ-ਪਾਤ, ਊਚ-ਨੀਚ ਆਦਿ ਤੋਂ ਉੱਪਰ ਉੱਠ ਕੇ ਕਰਨਾ ਪਵੇਗਾ, ਤਾਂ ਹੀ ਅਸੀਂ ਰੌਸ਼ਨ ਭਵਿੱਖ ਦੀ ਆਸ ਕਰ ਸਕਦੇ ਹਾਂ। ਅਜਿਹਾ ਹੋ ਸਕੇਗਾ ਜਾਂ ਨਹੀਂ ਇਹ ਸਭ ਆਉਣ ਵਾਲਾ ਸਮਾਂ ਦੱਸੇਗਾ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1605)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author