GurbachanBhullar7SarokarPeshkash1ਕਲਮ ਢਲਵਾਨੀ ਪਾਣੀ ਵਾਂਗ ਵਹਿੰਦੀ ਜਾਂਦੀ ਹੈ ਤੇ ਪਾਠਕ ਰਚਨਾ ਦੀਆਂ ਖ਼ੁਸ਼ੀਆਂ-ਗ਼ਮੀਆਂ, ਉਦਾਸੀਆਂ-ਮੁਸਕਰਾਹਟਾਂ ਦਾ ਭਾਈਵਾਲ ਬਣ ਕੇ ਕੀਲਿਆ ਹੋਇਆ ...
(ਜਨਵਰੀ 10, 2016)

 

KohinoorBR1

         ਪੰਜਾਬ ਦੇ ਕੋਹੇਨੂਰ: ਪੰਜਾਬ ਦੇ ਨੌਂ ਸਰਵਣ ਪੁੱਤਰ

ਸਰਵਣ ਸਿੰਘ ਦੀ ਵਾਰਤਕ ਦੀ ਗੱਲ ਕਰਦਿਆਂ ਮੇਰੇ ਜ਼ਿਹਨ ਵਿਚ ਉਹ ਕਿਸਾਨ ਉੱਭਰ ਆਉਂਦਾ ਹੈ ਜੋ ਮੁੜ੍ਹਕਾ-ਵਹਾਊ ਮਿਹਨਤ ਨਾਲ ਵਾਹੀ, ਬੀਜੀ, ਗੋਡੀ, ਸਿੰਜੀ ਤੇ ਸਮੇਟੀ ਸੁਨਹਿਰੀ ਕਣਕ ਦੇ ਵੱਡੇ, ਉੱਚੇ, ਭਾਰੇ-ਗੌਰੇ ਬੋਹਲ ਕੋਲ ਖੜ੍ਹਾ ਮੁਸਕਰਾ ਕੇ ਕਹਿ ਰਿਹਾ ਹੋਵੇ, “ਲਉ ਬਈ, ਆਪਣੀ ਮਿਹਨਤ ਸੁਹਣੀ ਪੱਲੇ ਪੈ ਗਈ!”

ਇੰਜ ਹੀ ਸਰਵਣ ਸਿੰਘ ਵੀ ਲੰਮੇ, ਡੂੰਘੇ ਤੇ ਘੋਖਵੇਂ ਅਨੁਭਵ ਦਾ ਕੋਈ ਟੋਟਾ, ਕੋਈ ਪੱਖ ਚੁਣਦਾ, ਸਮੇਟਦਾ, ਵਿਉਂਤਦਾ, ਤਰਤੀਬਦਾ ਹੈ ਤੇ ਉਹਨੂੰ ਖ਼ੂਬਸੂਰਤ ਵਾਰਤਕ ਵਿਚ ਸਾਕਾਰ ਕਰ ਕੇ ਸੰਤੁਸ਼ਟ ਹੋਇਆ ਮਿੱਤਰ-ਪਿਆਰਿਆਂ ਤੇ ਪਾਠਕਾਂ ਨੂੰ ਆਖਦਾ ਹੈ, “ਲਉ ਬਈ, ਆਪਣੀ ਇਹ ਕਿਤਾਬ ਵੀ ਵਾਹਵਾ ਬਣ ਗਈ! ਪੜ੍ਹ ਕੇ ਦੱਸੋ, ਕਿਵੇਂ ਰਹੀ?”
ਕਿਸਾਨ ਦੀ ਕਣਕ ਵਾਂਗ ਹੀ ਉਹਦੀ ਨਵੀਂ ਪੁਸਤਕ ਵੀ ਹੁਣ ਹਰ ਸਾਲ ਆਉਂਦੀ ਹੈ।

ਸਰਵਣ ਸਿੰਘ ਨੇ ਸ਼ੁਰੂਆਤ ਕਹਾਣੀ ਲਿਖਣ ਨਾਲ ਕੀਤੀ ਤੇ ਕੀਤੀ ਵੀ ਵਧੀਆ। 1965 ਵਿਚ ਪਹਿਲੀ ਕਹਾਣੀ ‘ਨਚਾਰ’ ਸਿੱਧੀ ‘ਆਰਸੀ’ ਵਿਚ ਛਪੀ ਤਾਂ ਪ੍ਰਤੀਕਰਮ ਸੀ, “ਕਿਸੇ ਨਵੇਂ ਮੁੰਡੇ ਨੇ ਗੱਲ ਸਿਰੇ ਲਾ ਦਿੱਤੀ!” ਪਰ ਉਹਦਾ ਅਸਲ ਕਮਾਲ ਭਾਸ਼ਾਈ ਸੂਝ-ਸਿਆਣਪ ਨਾਲ ਛੇਤੀ ਹੀ ਉਸ ਕਰਤਾਰੀ ਮੁਹਾਰਤ ਤੱਕ ਪਹੁੰਚ ਜਾਣਾ ਸੀ, ਜਿੱਥੇ ਲੇਖਕ ਵਾਸਤੇ ਭਾਸ਼ਾ ਕਿਸੇ ਇਕ ਵਿਧਾ ਦਾ ਵਸੀਲਾ ਨਹੀਂ ਰਹਿੰਦੀ ਸਗੋਂ ਵਿਚਾਰ-ਪ੍ਰਗਟਾਵੇ ਦਾ ਸਾਧਨ ਬਣ ਜਾਂਦੀ ਹੈ, ਸਾਕਾਰ ਹੋਣ ਲਈ ਉਹ ਵਿਚਾਰ ਆਪਣੇ ਨਾਲ ਭਾਵੇਂ ਆਪਣੀ ਕੋਈ ਵੀ ਵਿਧਾ ਲੈ ਕੇ ਆਉਣ। ਇਉਂ ਉਹ ਕਹਾਣੀਕਾਰ ਤੋਂ ਵਾਰਤਕਕਾਰ ਬਣ ਗਿਆ ਜਿਸ ਦੀ ਕਲਮ ਦੇ ਕਲਾਵੇ ਵਿਚ ਮੁੱਖ ਪੱਖ ਖੇਡ-ਸੰਸਾਰ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਆ ਜਾਂਦਾ ਹੈ। ਇਹ ਕਹਿਣਾ ਬਿਲਕੁਲ ਵਾਜਬ ਹੈ ਕਿ ਉਹਦੀ ਕਰਤਾਰੀ ਗੱਡੀ ਦਾ ਇਕ ਪਹੀਆ ਲਗਾਤਾਰ ਖੇਡ-ਸਾਹਿਤ ਦੀ ਪਟੜੀ ਉੱਤੇ ਚਲਦਾ ਰਹਿੰਦਾ ਹੈ ਜਦੋਂ ਕਿ ਦੂਜੇ ਪਹੀਏ ਹੇਠ ਨਾਲੋ-ਨਾਲ ਕਦੀ ਆਤਮਕਥਾ ਤੇ ਕਦੀ ਸਫ਼ਰਨਾਮੇ, ਕਦੀ ਕਲਮੀ ਚਿੱਤਰ ਤੇ ਕਦੀ ਯਾਦਾਂ, ਕਦੀ ਹਾਸ-ਵਿਅੰਗ ਤੇ ਕਦੀ ਪੇਂਡੂ ਜੀਵਨ ਬਾਰੇ ਲੇਖ, ਆਦਿ ਦੀ ਪਟੜੀ ਵੀ ਆ ਜਾਂਦੀ ਹੈ।

ਉਹ ਤੋਰੇ-ਫੇਰੇ ਵਾਲਾ ਲੇਖਕ ਹੈ। ਇਹ ਤੋਰਾ-ਫੇਰਾ ਵਿਧਾਵਾਂ ਤੱਕ ਹੀ ਸੀਮਤ ਨਹੀਂ ਸਗੋਂ ਉਹਦੀ ਜੀਵਨ-ਜਾਚ ਤੇ ਜੀਵਨ-ਸ਼ੈਲੀ ਹੈ। ਇਹਦਾ ਮੁੱਢ ਉਹਨੇ ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਅੱਧੀ ਦਰਜਨ ਸਕੂਲ-ਕਾਲਜ ਬਦਲ ਕੇ ਬੰਨ੍ਹ ਦਿੱਤਾ ਸੀ। ਇਸ ਉਮਰੇ ਵੀ ਉਹ ਇਕ ਛਿਮਾਹੀ ਭਾਰਤ ਤੇ ਦੂਜੀ ਛਿਮਾਹੀ ਕੈਨੇਡਾ ਵਿਚਰਨ ਦੇ ਮੁੱਖ ਤੋਰੇ-ਫੇਰੇ ਦੇ ਅੰਦਰ ਹੋਰ ਤੋਰੇ-ਫੇਰੇ ਵੀ ਬਣਾਈ ਰੱਖਦਾ ਹੈ। ਦੇਸ ਆਉਂਦਾ ਹੈ ਤਾਂ ਸ਼ਹਿਰਾਂ-ਪਿੰਡਾਂ ਵਿਚ ਹੁੰਦੇ ਸਾਹਿਤਕ, ਸਭਿਆਚਾਰਕ ਅਤੇ ਖੇਡ ਮੇਲਿਆਂ ਵਿਚ ਹਾਜ਼ਰ-ਨਾਜ਼ਰ ਰਹਿੰਦਾ ਹੈ, ਪਰਦੇਸ ਹੋਵੇ ਤਾਂ ਦੱਸੇਗਾ, ਅਮਰੀਕਾ, ਇੰਗਲੈਂਡ ਜਾਂ ਅਮਕੇ ਦੇਸ ਖੇਡ-ਮੇਲੇ ਵਾਲਿਆਂ ਨੇ ਸੱਦਿਆ ਸੀ, ਉੱਥੇ ਹਫ਼ਤਾ ਲਾ ਕੇ ਆਇਆ ਹਾਂ। ਇਹ ਲਗਾਤਾਰ ਤੋਰਾ-ਫੇਰਾ ਉਹਦੇ ਅਨੁਭਵ ਦਾ ਆਧਾਰ ਹੈ ਤੇ ਇਹ ਵਿਸ਼ਾਲ ਅਨੁਭਵ ਵਹਿਣ ਲਈ ਬੇਚੈਨ ਰਹਿੰਦੀ ਉਹਦੀ ਕਲਮ ਵਾਸਤੇ ਅਮੁੱਕ ਆਧਾਰ-ਸਮੱਗਰੀ ਬਣਦਾ ਹੈ।

 KohinoorBook1ਹੱਥਲੀ ਪੁਸਤਕ ਜਿੱਥੇ ਲੇਖਕ ਦੀ ਪੱਕੀ-ਰਸੀ ਕਲਮ ਦਾ ਭਾਸ਼ਾਈ ਆਨੰਦ ਦਿੰਦੀ ਹੈ, ਉੱਥੇ ਉਹਦੀਆਂ ਮਨੁੱਖੀ ਸਾਂਝਾਂ ਦੀ ਥਾਹ ਵੀ ਪੁਆਉਂਦੀ ਹੈ। ਪਾਠਕ ਜ਼ਰੂਰ ਹੈਰਾਨ ਹੋਵੇਗਾ ਕਿ ਉਹ ਕਿਹੜੇ ਕਿਹੜੇ ਖੇਤਰ ਦੇ ਕਿਸ ਕਿਸ ਮਹਾਂਰਥੀ ਨਾਲ ਜਾ ਸਾਂਝ ਪਾਉਂਦਾ ਹੈ! ਸਾਂਝ ਵੀ ਸਤਹੀ ਜਾਂ ਕੰਮ-ਚਲਾਊ ਨਹੀਂ, ਸਗੋਂ ਏਨੀ ਗੂੜ੍ਹੀ ਕਿ ਸੰਬੰਧਿਤ ਵਿਅਕਤੀ ਦੀ ਤਸਵੀਰ ਹੀ ਪੇਸ਼ ਨਹੀਂ ਕਰਦਾ ਜਿਸ ਵਿੱਚੋਂ ਉਹਦਾ ਸਿਰਫ਼ ਬਾਹਰਲਾ ਰੂਪ ਦਿਖਾਈ ਦੇਵੇ, ਸਗੋਂ ਚਿੱਤਰ ਪੇਸ਼ ਕਰਦਾ ਹੈ ਜਿਸ ਦੇ ਹਾਵਭਾਵ ਵਿੱਚੋਂ ਉਹਦਾ ਅੰਤਰ-ਮਨ ਵੀ ਸਾਫ਼ ਦਿਸਦਾ ਹੋਵੇ। ਇਉਂ ਉਹਦੇ ਪਾਤਰ ਦੀ ਸੰਪੂਰਨ ਹੋਂਦ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੀ ਹੈ। ਇਸ ਤੋਂ ਵੀ ਅੱਗੇ, ਉਹਦੇ ਪਾਤਰ ਦੇ ਦਰਸ਼ਨਾਂ ਵਿੱਚੋਂ ਨਾਲੋ-ਨਾਲ ਪੰਜਾਬ, ਪੰਜਾਬੀ ਰਹਿਤਲ, ਪੰਜਾਬੀ ਸੁਭਾਅ ਦੇ ਵੀ ਦਰਸ਼ਨ ਹੁੰਦੇ ਜਾਂਦੇ ਹਨ। ਇਸ ਕਰਕੇ ਇਹ ਰਚਨਾਵਾਂ ਇਕ ਤਰ੍ਹਾਂ ਨਾਲ ਪਿਛਲੇ ਦਹਾਕਿਆਂ ਦੇ, ਪਰ ਹੁਣ ਅਲੋਪ ਹੋ ਰਹੇ, ਪੰਜਾਬ ਦੀਆਂ ਇਤਿਹਾਸਕ ਦਸਤਾਵੇਜ਼ਾਂ ਵੀ ਬਣ ਜਾਂਦੀਆਂ ਹਨ।

ਫ਼ਾਰਸੀ ਦੀ ਕਹਾਵਤ ਅਨੁਸਾਰ ਹਮਜਿਣਸ ਪਰਿੰਦੇ ਹੀ ਇਕੱਠੇ ਉੱਡਦੇ ਹਨ, ਜਿਸ ਕਰਕੇ ਕਬੂਤਰ ਕਬੂਤਰਾਂ ਨਾਲ ਉੱਡਦੇ ਹਨ ਤੇ ਬਾਜ ਬਾਜਾਂ ਨਾਲ। ਲੇਖਕ ਆਮ ਕਰਕੇ ਲੇਖਕਾਂ ਦੇ ਕਲਮੀ ਚਿੱਤਰ ਲਿਖਦੇ ਹਨ। ਸਰਵਣ ਸਿੰਘ ਨੇ ਲੇਖਕ ਹੋਣ ਕਰਕੇ ਕਈ ਲੇਖਕਾਂ ਦੇ ਤੇ ਖੇਡ-ਲੇਖਕ ਹੋਣ ਸਦਕਾ ਅਨੇਕ ਖਿਡਾਰੀਆਂ ਦੇ ਕਲਮੀ ਚਿੱਤਰ ਲਿਖੇ ਹਨ। ਪਰ ਇਸ ਪੁਸਤਕ ਦਾ ਮੀਰੀ ਗੁਣ ਇਸ ਵਿਚ ਸ਼ਾਮਲ ਪੰਜਾਬੀਆਂ ਦਾ ਵੱਖ ਵੱਖ ਜੀਵਨ-ਖੇਤਰਾਂ ਨਾਲ ਜੁੜੇ ਹੋਏ ਹੋਣਾ ਹੈ। ਉਹ ਸਾਨੂੰ ਨੌਂ ਅਜਿਹੀਆਂ ਸ਼ਖ਼ਸੀਅਤਾਂ ਦੇ ਦਰਸ਼ਨ ਕਰਵਾਉਂਦਾ ਹੈ ਜਿਹੋ ਜਿਹੀਆਂ ਉੱਤੇ ਕਿਸੇ ਵੀ ਭਾਈਚਾਰੇ ਦਾ ਫ਼ਖ਼ਰ ਮਹਿਸੂਸ ਕਰਨਾ ਕੁਦਰਤੀ ਹੁੰਦਾ ਹੈ। ਅਜਿਹੇ ਸ਼ਖ਼ਸ ਆਪਣੇ ਲੋਕਾਂ ਦਾ ਮਾਣ ਤਾਂ ਹੁੰਦੇ ਹੀ ਹਨ, ਉਹਨਾਂ ਦੀ ਪਛਾਣ ਵੀ ਹੁੰਦੇ ਹਨ। ਜ਼ਿੰਦਗੀ ਕਿਸੇ ਨੂੰ ਜਿਸ ਖੇਤਰ ਵਿਚ ਵੀ ਲੈ ਪਹੁੰਚੀ, ਉਹਨੇ ਉਸੇ ਖੇਤਰ ਵਿਚ ਆਪਣੀ ਕਰਨੀ ਅਤੇ ਕੀਰਤੀ ਦਾ ਝੰਡਾ ਗੱਡ ਦਿੱਤਾ। ਇਸੇ ਆਧਾਰ ਉੱਤੇ ਮੇਰਾ ਇਹ ਕਹਿਣਾ ਪੂਰਾ ਵਾਜਬ ਹੈ ਕਿ ਇਸ ਪੁਸਤਕ ਨਾਲ ਸਰਵਣ ਸਿੰਘ ਨੇ ਪੰਜਾਬ ਦੇ ਨੌਂ ਸਰਵਣ ਪੁੱਤਰਾਂ ਦੀ ਸਾਨੂੰ ਪਹਿਲਾਂ ਤੋਂ ਹਾਸਲ ਨੇੜਲੀ ਪਛਾਣ ਵਿਚ ਹੋਰ ਨਿੱਗਰ ਵਾਧਾ ਕਰ ਦਿੱਤਾ ਹੈ! ਇਹ ਅਜਿਹੇ ਕਰਾਮਾਤੀ ਚਿਰਾਗ਼ ਹਨ ਕਿ ਜਿਸ ਕਿਸੇ ਦਾ ਸਾਹਾਂ ਦਾ ਤੇਲ ਮੁੱਕ ਵੀ ਗਿਆ ਹੈ, ਉਹਦੀ ਤੇਜੱਸਵੀ ਕਰਨੀ-ਕੀਰਤੀ ਦੀ ਬੱਤੀ ਪਹਿਲਾਂ ਵਾਂਗ ਹੀ ਪ੍ਰਕਾਸ਼ਮਾਨ ਹੈ। ਜੀਵਨ ਦੇ ਅੰਤ ਦੇ ਬਾਵਜੂਦ ਜੱਸ ਦੀ ਚਾਨਣੀ ਅਮਰਤਾ ਨਸੀਬ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ! ਲੇਖਕ ਜਦੋਂ ਉਹਨਾਂ ਨੂੰ ਪੰਜਾਬ ਦੇ ਕੋਹੇਨੂਰ ਆਖਦਾ ਹੈ, ਉਹ ਇਸੇ ਤੇਜੱਸਵੀ ਕਰਨੀ-ਕੀਰਤੀ ਅਤੇ ਚਾਨਣੀ ਅਮਰਤਾ ਵੱਲ ਹੀ ਸੰਕੇਤ ਕਰ ਰਿਹਾ ਹੈ।

ਮੈਨੂੰ ਨਹੀਂ ਪਤਾ, ਸਰਵਣ ਸਿੰਘ ਨੂੰ ਇਸ ਪੁਸਤਕ ਲਈ ਇਹਨਾਂ ਹਸਤੀਆਂ ਦੀ ਚੋਣ ਕਰਨ ਸਮੇਂ ਇਕ ਸਾਂਝੇ ਗੁਣ ਦਾ ਖ਼ਿਆਲ ਆਇਆ ਸੀ ਕਿ ਨਹੀਂ, ਪਰ ਕੁਦਰਤ ਦੀ ਕਰਾਮਾਤ ਦੇਖੋ, ਸਾਰੇ ਦੇ ਸਾਰੇ ਸਾਊ-ਸਨਿਮਰ! ਜਿੰਨੇ ਮੱਤ ਦੇ ਉੱਚੇ, ਓਨੇ ਹੀ ਮਨ ਦੇ ਨੀਵੇਂ! ਸਾਡੇ ਵਿਸ਼ਵੀ ਪੰਜਾਬੀ ਪੁਰਖੇ, ਬਾਬਾ ਨਾਨਕ ਦੇ ਭਾਰੇ-ਗੌਰੇ ਸੱਚੇ ਸਿੱਖ ਜਿਸ ਨੇ ਸਾਡੇ ਵਾਸਤੇ “ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ” ਦੇ ਵਚਨ ਨਾਲ ਚਲਨ-ਚਰਿੱਤਰ ਦੀ ਖਰੀ ਕਸਵੱਟੀ ਮਿਥ ਦਿੱਤੀ ਸੀ। ਕੋਈ ਇਕ ਵੀ ਅਜਿਹਾ ਨਹੀਂ ਜਿਸ ਕੋਲ ਬੈਠ ਗੱਲਾਂ ਕਰਦਿਆਂ ਉਹਦੀ ਹਉਂ ਦੀ ਹਮਕ ਤੁਹਾਨੂੰ ਉਹਤੋਂ ਥੋੜ੍ਹਾ ਜਿਹਾ ਦੂਰ ਸਰਕਣ ਵਾਸਤੇ ਆਖੇ, ਸਗੋਂ ਹਰੇਕ ਦੀ ਤੁਹਾਡੇ ਆਪਣੇ ਵਡੇਰੇ ਵਾਲੀ ਮੇਰ ਦੀ ਮਹਿਕ ਉਹਦੇ ਹੋਰ ਗੋਡੇ-ਮੁੱਢ ਲੱਗ ਕੇ ਬੈਠਣ ਵਾਸਤੇ ਸੈਨਤਾਂ ਕਰਦੀ ਹੈ।

ਇਕ ਗੱਲ ਹੋਰ। ਦੂਜੇ ਦੀ ਨਿਰਮਲਤਾ ਦੇਖਣ ਵਾਸਤੇ ਆਪਣਾ ਮਨ ਵੀ ਨਿਰਮਲ ਚਾਹੀਦਾ ਹੈ। ਅੱਖਾਂ ਵਿਚ ਗਹਿਰ-ਗੰਧਲ ਹੋਵੇ ਤਾਂ ਦਿਸਣ ਵਾਲੀ ਉਜਲੀ ਚੀਜ਼ ਵੀ ਗੰਧਲੀ ਲਗਦੀ ਹੈ। ਸਾਹਿਤ ਦਾ ਪਿੜ ਵੀ ਹੁਣ ਖਾਸਾ ਗੰਧਲ ਗਿਆ ਹੈ। ਈਰਖਾ, ਸਾੜਾ, ਕਿੜ, ਖਿਝ ਹੁਣ ਸਾਹਿਤਕ ਖੇਤਰ ਦੇ ਵੀ ਸਾਧਾਰਨ ਵਰਤਾਰੇ ਹਨ। ਆਪਣੀ ਲਕੀਰ ਵੱਡੀ ਸਿੱਧ ਕਰਨ ਵਾਸਤੇ ਦੂਜੇ ਦੀ ਲਕੀਰ ਨੂੰ ਕੱਟਿਆ ਜਾਂਦਾ ਹੈ। ਇਸੇ ਕਰਕੇ ਸਾਹਿਤ ਵਰਗੇ ਕਲਿਆਣਕਾਰੀ ਖੇਤਰ ਦੀ ਹਾਲਤ “ਪੈਰ ਹਲਾਇਨਿ ਫੇਰਨਿ ਸਿਰ, ਉਡਿ ਉਡਿ ਰਾਵਾ ਝਾਟੈ ਪਾਇ” ਵਾਲੀ ਬਣੀ ਹੋਈ ਹੈ ਅਤੇ ਬਹੁਤੇ ਕਲਮਕਾਰ ਮਾਨਤਾ ਅਤੇ ਇਨਾਮਾਂ-ਸਨਮਾਨਾਂ ਦੀਆਂ “ਰੋਟੀਆ ਕਾਰਣਿ ਪੂਰਹਿ ਤਾਲ”! “ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ” ਵਾਲੀ ਇਸ ਆਪਾਧਾਪੀ ਵਿਚ “ਵਿਰਲੇ ਕੇਈ ਕੇਇ” ਲੇਖਕ ਹੀ ਮੂਲ ਮਾਨਵੀ ਚਰਿੱਤਰ ਕਾਇਮ ਰੱਖ ਸਕੇ ਹਨ। ਸਰਵਣ ਸਿੰਘ ਉਹਨਾਂ ਵਿੱਚੋਂ ਹੈ। ਦਹਾਕਿਆਂ ਲੰਮੇ ਵਾਹ ਵਿਚ ਨਾ ਮੈਂ ਕਦੀ ਉਹਦਾ ਸਿਦਕ-ਸੰਤੁਲਨ ਡੋਲਿਆ ਦੇਖਿਆ ਹੈ ਤੇ ਨਾ ਕਦੀ ਉਹਦਾ ਸਹਿਜ-ਸੰਤੋਖ ਉੱਖੜਿਆ ਮਹਿਸੂਸ ਕੀਤਾ ਹੈ। ਕਿਸੇ ਦੀ ਨਿੰਦਿਆ-ਚੁਗਲੀ ਉਹਨੂੰ ਕਰਨੀ ਹੀ ਨਹੀਂ ਆਉਂਦੀ!

ਇਸ ਪੁਸਤਕ ਵਿਚ ਸ਼ਾਮਲ ਹਰ ਵਿਅਕਤੀ ਦੀ ਸੰਪੂਰਨ ਸ਼ਖ਼ਸੀਅਤ ਵੀ ਉਹ ਇਸੇ ਕਰਕੇ ਚਿਤਰ ਸਕਿਆ ਹੈ ਕਿ ਜੇ ਉਹ ਕਿਸੇ ਨਾਲ ਆਪਾ ਜੋੜਦਾ ਹੈ ਤਾਂ ਤਰਦਾ ਤਰਦਾ, ਸਤਹੀ ਨਾਤਾ ਨਹੀਂ ਜੋੜਦਾ। ਉਹ ਦੋਸਤੀ ਗੰਢਦਾ ਹੈ ਤਾਂ ਅਗਲੇ ਦੇ ਦਿਲ ਵਿਚ ਆਲ੍ਹਣਾ ਪਾਉਂਦਾ ਹੈ। ਦੋਸਤ ਦਾ ਘਰ ਉਹਦਾ ਆਪਣਾ ਘਰ ਤੇ ਪਰਿਵਾਰ ਆਪਣਾ ਪਰਿਵਾਰ ਹੋ ਜਾਂਦਾ ਹੈ। ਉਹਦਾ ਫੋਨ ਆਉਂਦਾ ਹੈ ਤਾਂ ਉਹ ਮੇਰੇ ਲਿਖਣ-ਪੜ੍ਹਨ ਦੇ ਨਾਲ ਨਾਲ ਇਕੱਲੇ ਇਕੱਲੇ ਜੀਅ ਦੀ ਸੁੱਖਸਾਂਦ ਪੁੱਛਦਾ ਹੈ। ਮੇਰਾ ਯਕੀਨ ਹੈ, ਜੇ ਮੈਂ ਦਿੱਲੀ ਵਿਚ ਮੱਝ ਰੱਖੀ ਹੋਈ ਹੋਵੇ, ਉਹ ਅੱਜ ਵੀ ਕੈਨੇਡਾ ਤੋਂ ਪੁੱਛੇ, “ਆਪਣੀ ਮੱਝ ਭਲਾ ਕਿੰਨ੍ਹਵੇਂ ਸੂਏ ਹੋ ਗਈ? ਦੁੱਧ ਕਿੰਨਾ ਕੁ ਦੇਈ ਜਾਂਦੀ ਐ?” ਤੇ ਫੇਰ ਇਹ ਸਲਾਹ ਦੇਣੀ ਵੀ ਨਾ ਭੁੱਲੇ, “ਓ ਭਾਈ, ਖ਼ਲ਼-ਵੜੇਵਿਆਂ ਦਾ ਜ਼ਮਾਨਾ ਤਾਂ ਹੁਣ ਗਿਆ। ਇਹਨੂੰ ਮੰਡੀਉਂ ਲਿਆ ਕੇ ਫ਼ੀਡ ਪਾਇਆ ਕਰੋ। ਉਹਦੇ ਨਾਲ ਧਾਰਾਂ ਵਧ ਜਾਣਗੀਆਂ। ”

ਜਦੋਂ ਸਾਡੀਆਂ ਪੀੜ੍ਹੀਆਂ ਇਮਤਿਹਾਨ ਦੇਣ ਲਈ ਕਹਾਣੀ ਬਾਰੇ ਪੜ੍ਹਦੀਆਂ ਸਨ, ਉਹਨਾਂ ਨੂੰ ਆਦਿ, ਮੱਧ ਤੇ ਅੰਤ ਬਾਰੇ ਦੱਸਦਿਆਂ ਇਹ ਦ੍ਰਿੜ੍ਹ ਕਰਵਾਇਆ ਜਾਂਦਾ ਸੀ, ਕਾਮਯਾਬ ਕਹਾਣੀ ਦੀ ਇਕ ਲਾਜ਼ਮੀ ਸ਼ਰਤ ਇਹ ਹੁੰਦੀ ਹੈ ਕਿ ਉਹਦਾ ਆਦਿ ਪਾਠਕ ਵਾਸਤੇ ਖਿੱਚ-ਭਰਪੂਰ ਹੋਵੇ। ਸਰਵਣ ਸਿੰਘ, ਕਹਾਣੀ ਵਾਲਾ ਇਹ ਗੁਰ ਚੇਤੇ ਰੱਖਦਿਆਂ, ਆਪਣੇ ਪਾਤਰ ਦੀ ਸ਼ਖ਼ਸੀਅਤ ਦੀ ਗੱਲ ਅਜਿਹੇ ਸਾਰ-ਤੱਤ ਨਾਲ ਸ਼ੁਰੂ ਕਰਦਾ ਹੈ ਕਿ ਫੇਰ ਉਹਨੂੰ ਪਾਠਕ ਦਾ ਸਾਥ ਬਣਾਈ ਰੱਖਣ ਦੀ ਚਿੰਤਾ ਨਹੀਂ ਰਹਿ ਜਾਂਦੀ। ਕਲਮ ਢਲਵਾਨੀ ਪਾਣੀ ਵਾਂਗ ਵਹਿੰਦੀ ਜਾਂਦੀ ਹੈ ਤੇ ਪਾਠਕ ਰਚਨਾ ਦੀਆਂ ਖ਼ੁਸ਼ੀਆਂ-ਗ਼ਮੀਆਂ, ਉਦਾਸੀਆਂ-ਮੁਸਕਰਾਹਟਾਂ ਦਾ ਭਾਈਵਾਲ ਬਣ ਕੇ ਕੀਲਿਆ ਹੋਇਆ ਉਹਦੇ ਨਾਲ ਨਾਲ, ਪਿੱਛੇ ਪਿੱਛੇ ਵਗਿਆ ਤੁਰਿਆ ਆਉਂਦਾ ਹੈ।

ਕਿਸੇ ਵੀ ਪਾਠਕ ਨਾਲ ਇਸ ਪੁਸਤਕ ਦੇ ਨਾਇਕਾਂ ਦੀ ਜਾਣ-ਪਛਾਣ ਕਰਾਉਣੀ ਉੱਕਾ ਹੀ ਬੇਲੋੜੀ ਹੈ। ਕੌਣ ਹੋਵੇਗਾ ਜੋ ਇਹਨਾਂ ਵਿੱਚੋਂ ਕਿਸੇ ਤੋਂ ਅਨਜਾਣ ਹੋਵੇ!

ਡਾ. ਸਰਦਾਰਾ ਸਿੰਘ ਜੌਹਲ ਮੰਨਿਆ-ਪ੍ਰਮੰਨਿਆ ਅਰਥ-ਸ਼ਾਸਤਰੀ ਹੋਣ ਦੇ ਨਾਲ ਨਾਲ ਸਾਹਿਤ-ਸਭਿਆਚਾਰ ਦਾ ਰਸੀਆ ਵੀ ਹੈ ਤੇ ਸਰਪ੍ਰਸਤ ਵੀ। ਸਮਰੱਥਾ ਏਨੀ ਕਿ ਸਾਡੀ ਕਿਸੇ ਪੰਜਾਬ ਸਰਕਾਰ ਨੇ ਵੀ ਉੁਹਦੀ ਯੋਗਤਾ ਨੂੰ ਪੂਰੀ ਤਰ੍ਹਾਂ ਵਰਤਣ ਦੀ ਸਮਰੱਥਾ ਨਹੀਂ ਦਿਖਾਈ। ਕਾਬਲੀਅਤ ਵੱਡੀ, ਸਰਕਾਰਾਂ ਦੇ ਭਾਂਡੇ ਛੋਟੇ!

ਕਰਨੈਲ ਸਿੰਘ ਪਾਰਸ ਕਵੀਸ਼ਰਾਂ ਦਾ ਕਰਨੈਲ ਤਾਂ ਸੀ ਹੀ, ਅੰਧਵਿਸ਼ਵਾਸ, ਜਹਾਲਤ ਅਤੇ ਸਮਾਜਕ ਪਿਛਲਖੁਰਤਾ ਦਾ ਕੱਟੜ ਵਿਰੋਧੀ ਜੋ ਸਾਰੀ ਉਮਰ ਭਵਿੱਖਮੁਖੀ, ਲੋਕ-ਹਿਤੈਸ਼ੀ, ਅੱਗੇਵਧੂ ਸੋਚ ਦਾ ਪਾਰਸ ਬਣ ਕੇ ਕਬੀਰ ਜੀ ਦੇ ਵਚਨ “ਪਾਰਸੁ ਪਰਸਿ ਲੋਹਾ ਕੰਚਨੁ ਸੋਈ” ਉੱਤੇ ਪੂਰਾ ਉੱਤਰਦਿਆਂ ਸਰੋਤਿਆਂ ਦੀ ਹਨੇਰੀ ਸੋਚ ਵਿਚ ਦੀਵੇ ਬਾਲ ਕੇ ਕੰਚਨੁ ਬਣਨ ਦੇ ਰਾਹ ਪਾਉਂਦਾ ਰਿਹਾ।

ਜਸਵੰਤ ਸਿੰਘ ਕੰਵਲ ਜੋ ਸਰਵਣ ਸਿੰਘ ਦੀ ਤੇ ਮੇਰੀ ਪੀੜ੍ਹੀ ਦੇ ਸਾਹਿਤਕ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਤੋਂ ਸ਼ਬਦ-ਸਮਰਾਟ ਬਣਿਆ ਹੋਇਆ ਹੈ। ਅਸੀਂ ਸਾਹਿਤ ਦਾ ੳ-ਅ ਸਿੱਖ ਰਹੇ ਸੀ ਤਾਂ ਉਹਦਾ ਕੰਵਲ-ਫੁੱਲ ਸਾਹਿਤ-ਸਰੋਵਰ ਵਿਚ ਪੂਰਾ ਖਿੜਿਆ ਹੋਇਆ ਸੀ ਤੇ ਉਹਦੀ ਪੂਰਨਮਾਸ਼ੀ ਦੀ ਚਾਨਣੀ ਨਾਲ ਪੰਜਾਬੀ ਸਾਹਿਤ ਦਾ ਵਿਹੜਾ ਚਾਂਦੀ-ਰੰਗਾ ਹੋਇਆ ਪਿਆ ਸੀ। ਉਹਤੋਂ ਮਗਰੋਂ ਤੁਰੇ ਅਨੇਕ ਸਾਹਿਤ-ਯਾਤਰੀ ਹਫ਼-ਹੰਭ ਗਏ ਪਰ ਉਹਦੀ ਪੁਲਾਂਘ ਪਹਿਲਾਂ ਜਿੰਨੀ ਹੀ ਲੰਮੀ ਹੈ।

ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਾਹਿਤ-ਸਭਿਆਚਾਰ ਦਾ ਬੇਮਿਸਾਲ ਕਦਰਦਾਨ ਤੇ ਰਖਵਾਲਾ ਸੀ, ਸੱਚੇ ਅਰਥਾਂ ਵਿਚ ਜਥੇਦਾਰ। ਸਰਵਣ ਸਿੰਘ ਦਾ ਉਹਦੇ ਲਈ ਵਰਤਿਆ ਕਥਨ “ਸਭਿਆਚਾਰਕ ਮੇਲਿਆਂ ਦਾ ਮੋਹੜੀਗੱਡ” ਉਸ ਬਾਰੇ ਬਹੁਤ ਕੁਝ ਦੱਸਦਾ ਹੈ। ਮਸਤ-ਮਲੰਗ ਫੱਕਰ ਸੁਭਾਅ! ਦਿਲ ਵੀ ਖੁੱਲ੍ਹਾ, ਜੇਬ ਵੀ ਖੁੱਲ੍ਹੀ! ਲੁਧਿਆਣੇ ਮੈਂ ਇਕ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਣਾ ਸੀ। ਜੱਸੋਵਾਲ ਨੂੰ ਮੇਰੇ ਆਉਣ ਦਾ ਪਤਾ ਲੱਗਿਆ ਤਾਂ ਆਪਣੇ ਚੇਲੇ-ਬਾਲਕੇ ਨਿੰਦਰ ਘੁਗਿਆਣਵੀ ਨੂੰ ਕਹਿੰਦਾ, “ਭੁੱਲਰ, ਪਤਾ ਨਹੀਂ ਕਿਵੇਂ, ਹੁਣ ਤੱਕ ਆਪਣੀ ਮਾਰ ਤੋਂ ਪਾਸੇ ਹੀ ਰਹਿ ਗਿਆ। ਬੰਦੇ ਇਕੱਠੇ ਕਰ ਲਈਂ, ਆਪਾਂ ‘ਮੋਹਨ ਸਿੰਘ ਪੁਰਸਕਾਰ’ ਨਾਲ ਉਹਦਾ ਆਦਰ-ਮਾਣ ਜ਼ਰੂਰ ਕਰਨੈਂ। ” ਮੋਹਨ ਸਿੰਘ ਦੀ ਸ਼ੀਸ਼ੇ-ਜੜੀ ਤਸਵੀਰ, ਲੋਈ, ਮਾਣ-ਪੱਤਰ ਤੇ ਇਕਵੰਜਾ ਸੌ ਰੁਪਏ। ਮੈਂ ਅਜੇ ਗਲ਼ ਵਿੱਚੋਂ ਲਾਹ ਕੇ ਲੋਈ ਤਹਿ ਹੀ ਕਰ ਰਿਹਾ ਸੀ ਕਿ ਬੋਲਿਆ, “ਤੁਸੀਂ ਆਏ ਕਿਵੇਂ ਹੋ?” ਮੇਰੇ ਟੈਕਸੀ ਦੱਸਿਆਂ ਹੱਥ ਫੇਰ ਜਾਗਟ ਦੀ ਅੰਦਰਲੀ ਜੇਬ ਵਿਚ ਪਾ ਲਿਆ, “ਟੈਕਸੀ ਦੇ ਤਾਂ ਦਿੱਲੀਓਂ ਖਾਸੇ ਪੈਸੇ ਲੱਗ ਜਾਂਦੇ ਨੇ!” ਮੈਂ ਬੜੀ ਮੁਸ਼ਕਲ ਨਾਲ ਉਹਦਾ ਹੱਥ ਜੇਬ ਵਿੱਚੋਂ ਕੱਢਿਆ। ਅਜਿਹਾ ਦਿਲਦਾਰ ਬੰਦਾ ਸੀ ਆਪਣਾ ਜੱਸੋਵਾਲ!

ਜਰਨੈਲ ਸਿੰਘ, ਜਿਸ ਦੀ ਫੁੱਟਬਾਲ ਦੀ ਦਹਾਕਾ ਲੰਮੀ ਜਰਨੈਲੀ ਦਾ ਕੋਈ ਜਵਾਬ ਨਹੀਂ। ਹੁਣ ਕਾਂਸੀ ਦਾ ਮੈਡਲ ਮਿਲੇ ਤੋਂ ਹੀ ਧੰਨ ਧੰਨ ਕਰਨ ਵਾਲੇ ਭਾਰਤ ਦੇਸ ਦੀ ਝੋਲ਼ੀ ਉਹ ਏਸ਼ੀਆ ਦਾ ਗੋਲਡ-ਮੈਡਲ ਪਾਉਂਦਾ ਰਿਹਾ। ਆਪਣੇ ਪਿੰਡ ਦੀ ਮਿੱਟੀ ਦਾ ਪੁੱਤਰ ਜੀਹਦੇ ਪੈਰ ਦੇ ਹੁਲਾਰੇ ਨਾਲ ਅੰਬਰ ਵੱਲ ਉੱਡੀ ਬਾਲ ਨੂੰ ਜੱਗ ਹੈਰਾਨ ਹੋ ਹੋ ਵੇਖਦਾ ਪਰ ਜੀਹਨੇ ਆਪਣੀ ਹਉਂ ਬਾਲ ਦੇ ਪਿੱਛੇ ਪਿੱਛੇ ਅੰਬਰੀਂ ਚਾੜ੍ਹਨ ਦੀ ਥਾਂ ਨਿਮਰਤਾ ਦਾ ਪੱਲਾ ਘੁੱਟ ਕੇ ਫੜੀ ਰੱਖਦਿਆਂ ਪੈਰਾਂ ਨੂੰ ਮਜ਼ਬੂਤੀ ਨਾਲ ਧਰਤੀ ਉੱਤੇ ਜਮਾਈ ਰੱਖਿਆ। ਉਲੰਪਿਕ ਜਾਂ ਏਸ਼ੀਆਈ ਮੈਚ ਖੇਡ ਕੇ ਪਿੰਡ ਮੁੜਦਾ ਤਾਂ ਪਿੰਡ ਦੀ ਟੀਮ ਵਿਚ ਜਲ ਵਿਚ ਮੱਛੀ ਵਾਂਗ ਇਉਂ ਰਲ਼ ਜਾਂਦਾ ਜਿਵੇਂ ਕਦੀ ਪਿੰਡੋਂ ਬਾਹਰ ਨਾ ਨਿਕਲਿਆ ਸਾਧਾਰਨ ਖਿਡਾਰੀ ਹੋਵੇ।

ਜੇ ਰੋਮ ਰੋਮ ਰਚੇ ਪੰਜਾਬੀ ਦੀ ਮਿਸਾਲ ਦੇਣੀ ਹੋਵੇ, ਦਾਰਾ ਸਿੰਘ ਦਾ ਨਾਂ ਲੈ ਦਿਉ। ਇਕ-ਤਿਹਾਈ ਸਦੀ ਤੋਂ ਕੁਝ ਵੱਧ ਸਮੇਂ ਵਿਚ ਪੰਜ ਸੈਂਕੜੇ ਕੁਸ਼ਤੀਆਂ ਲੜ ਕੇ ਉਹ ਮੁਰਾਤਬਾ ਹਾਸਲ ਕੀਤਾ ਕਿ ਆਪਣੀ ਤਾਕਤ ਦੀ ਗੱਲ ਕਰਨ ਵਾਲੇ ਨੂੰ ਲੋਕ ਆਖਦੇ, ਤੂੰ ਕਿੱਧਰਲਾ ਆ ਗਿਆ ਦਾਰਾ ਪਹਿਲਵਾਨ! ਉਹਦੇ ਨਾਂ ਦਾ ਲਾਹਾ ਲੈਣ ਵਾਸਤੇ ਫਿਲਮਾਂ ਵਾਲਿਆਂ ਨੇ ਪਲੋਸ ਲਿਆ ਤਾਂ ਅੱਧੀ ਸਦੀ ਤੋਂ ਕੁਝ ਵੱਧ ਸਮੇਂ ਵਿਚ ਡੇਢ ਸੌ ਫਿਲਮਾਂ ਕਰ ਲੈਣ ਮਗਰੋਂ ਵੀ ਸੁੰਦਰਤਾ ਦੇ ਛਲਕਦੇ ਸਾਗਰ ਵਿਚਕਾਰ ਉਹੋ ਜਤੀ-ਸਤੀ “ਦਾਰਾ ਜੀ” ਰਿਹਾ। ਰੂਪਨਗਰੀ ਵਿਚ ਸ਼ਰਾਫ਼ਤ ਦੀਆਂ ਜੋ ਇਕਾ-ਦੁੱਕਾ ਮਿਸਾਲਾਂ ਸਹੁੰ ਖਾਣ ਲਈ ਕਾਇਮ ਰਹੀਆਂ, ਉਹ ਉਹਨਾਂ ਦਾ ਮੋਹਰੀ ਸੀ। ਉਹਦੀ ਪੰਜਾਬੀਅਤ ਦਾ ਤਾਂ ਕਹਿਣਾ ਹੀ ਕੀ। ਫਿਲਮਾਂ ਵਾਲਿਆਂ ਨੇ ਬੇਨਤੀਆਂ ਦੇ ਬਾਵਜੂਦ ਪੰਜਾਬੀ ਵਿਚ ਹਿੰਦੀ-ਉਰਦੂ ਬੋਲਦਾ ਦੇਖ ਉਹਨੂੰ ਸ਼ੁੱਧ ਹਿੰਦੀ-ਉਰਦੂ ਸਿਖਾਉਣ ਵਾਸਤੇ ਉਸਤਾਦ ਦਾ ਪ੍ਰਬੰਧ ਕਰ ਦਿੱਤਾ। ਸਿਖਲਾਈ ਦਾ ਸਮਾਂ ਪੂਰਾ ਹੋਇਆ ਤਾਂ ਦਾਰਾ ਸਿੰਘ ਤਾਂ ਹਿੰਦੀ-ਉਰਦੂ ਪਹਿਲਾਂ ਵਾਂਗ ਹੀ ਪੰਜਾਬੀ ਵਿਚ ਬੋਲ ਰਿਹਾ ਸੀ ਪਰ ਗ਼ੈਰ-ਪੰਜਾਬੀ ਉਸਤਾਦ ਹਿੰਦੀ-ਉਰਦੂ ਭੁੱਲ ਕੇ ਸ਼ੁੱਧ ਪੰਜਾਬੀ ਬੋਲਣ ਲੱਗ ਪਿਆ ਸੀ!

ਫੌਜਾ ਸਿੰਘ ਇਕ ਸਦੀ ਪਹਿਲਾਂ ਦੀ ਪੰਜਾਬੀ ਪੀੜ੍ਹੀ ਦੇ ਦਰਸ਼ਨ ਕਰਵਾਉਣ ਵਾਲਾ ਭੋਲਾ-ਭਾਲਾ, ਜਜ਼ਬਾਤੀ, ਵਲ਼-ਛਲ ਤੋਂ ਮੁਕਤ, ਫੱਕਰ-ਫ਼ਕੀਰ ਬਜ਼ੁਰਗ ਹੈ ਜੋ ਬਜ਼ੁਰਗ ਬਣਨੋਂ ਇਨਕਾਰੀ ਹੈ। ਪੂਰੀ ਸਦੀ ਨੂੰ ਪਿੱਛੇ ਛੱਡ ਕੇ ਜੋ ਮੈਰਾਥਨੀ ਦੌੜਾਕ ਹੋਵੇ ਤੇ ਰੋਜ਼ ਸੱਤ-ਅੱਠ ਮੀਲ ਤੁਰਦਾ ਹੋਵੇ, ਉਹਨੂੰ ਬਜ਼ੁਰਗ ਕਹਿਣ ਦਾ ਜੇਰਾ ਕੌਣ ਕਰੇ! ਉਸ ਦੀ ਕਰਾਮਾਤੀ ਕਰਨੀ ਉਹਤੋਂ ਅੱਧੀ ਉਮਰ ਦੇ ਦਲਿੱਦਰੀਆਂ ਨੂੰ ਕੁਝ ਕਰਨ ਲਈ ਪ੍ਰੇਰਦੀ ਹੈ।

ਹਾਕੀ ਦਾ ਕਰਾਮਾਤੀ ਬਲਬੀਰ ਸਿੰਘ ਲੋਕਾਂ ਦੇ ਦਿਲਾਂ ਦਾ ਭਾਰਤ ਰਤਨ ਹੈ। ਕੁਝ ਸਮਾਂ ਪਹਿਲਾਂ ਜਦੋਂ ਇਕ ਕ੍ਰਿਕਟੀਏ ਖਿਡਾਰੀ ਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਦਿੱਤਾ, ਉਹਤੋਂ ਪਹਿਲਾਂ ਇਸ ਸਨਮਾਨ ਦੇ ਸਹੀ ਹੱਕਦਾਰ ਵਜੋਂ ਆਮ ਲੋਕਾਂ ਦੀ ਜ਼ਬਾਨ ਉੱਤੇ ਜੇ ਕਿਸੇ ਦਾ ਨਾਂ ਸੀ, ਉਹ ਸੀ ਬਲਬੀਰ ਸਿੰਘ। ਹੁਣ ਟੀਮਾਂ ਇਕ ਗੋਲ ਮਾਰ ਲੈਣ ਨੂੰ ਪਰਾਪਤੀ ਸਮਝਦੀਆਂ ਹਨ। 1952 ਦੀਆਂ ਉਲੰਪਿਕ ਖੇਡਾਂ ਦੇ ਸੈਮੀਫ਼ਾਈਨਲ ਤੇ ਫ਼ਾਈਨਲ ਦੇ 9 ਵਿੱਚੋਂ 8 ਅਤੇ ਫ਼ਾਈਨਲ ਦੇ 6 ਵਿਚੋਂ 5 ਗੋਲ ਜਿਸ ਇਕੱਲੇ ਦੀ ਹਾਕੀ ਨਾਲ ਹੋਏ, ਉਹ ਹੈ ਮਾਣਮੱਤਾ ਪੰਜਾਬੀ ਬਲਬੀਰ ਸਿੰਘ।

ਮਿਲਖਾ ਸਿੰਘ, ਜ਼ੀਰੋ ਤੋਂ ਹੀਰੋ ਤੱਕ ਦੀ ਯਾਤਰਾ ਦੀ ਗੌਰਵ-ਗਾਥਾ ਹੈ। ਉਹਦੇ ਨਾਂ ਨਾਲ ਜੁੜੇ ਅਨੇਕ ਕਿੱਸੇ ਤੇ ਟੋਟਕੇ ਉਹਦੀ ਸਾਦਗੀ ਦੇ ਵੀ ਗਵਾਹ ਹਨ ਅਤੇ ਉਹਦੀ ਘਾਲਨਾ ਤੇ ਪਰਾਪਤੀ ਦੇ ਵੀ। ਅਖੇ, ਕਿਸੇ ਨੇ ਲਾਲ ਬੱਤੀ ਦਿਖਾ ਕੇ ਕਿਹਾ, ਮਿਲਖਾ ਸਿਆਂ, ਜੇ ਔਹ ਬੱਤੀ ਨੂੰ ਹੱਥ ਲਾ ਕੇ ਛੇਤੀ ਮੁੜ ਆਵੇਂ, ਸੇਰ ਦੁੱਧ ਇਨਾਮ। ਬੱਤੀ ਟਰੱਕ ਦੀ ਸੀ। ਜਿੱਥੇ ਕਿਤੇ ਡਰਾਈਵਰ ਰੁਕਿਆ, ਬੱਤੀ ਨੂੰ ਹੱਥ ਲਾ ਕੇ ਮਿਲਖਾ ਸਿਓਂ ਕਈ ਘੰਟਿਆਂ ਮਗਰੋਂ ਮੁੜਿਆ ਤੇ ਭੋਲੇ-ਭਾਅ ਬੋਲਿਆ, ਲਿਆ ਮੇਰੀ ਸ਼ਰਤ! ਫ਼ਿਲਮ ‘ਭਾਗ ਮਿਲਖਾ ਭਾਗ’ ਦੇ ਨਾਂ ਵਾਂਗ ਉਹਦਾ ਜੀਵਨ ਲਗਾਤਾਰ ਅੱਗੇ ਹੀ ਅੱਗੇ ਵਧਦੇ ਜਾਣ ਦੀ ਕਹਾਣੀ ਹੈ ਤੇ ਦਰਸ਼ਕਾਂ ਵਿਚ ਉਹਦੀ ਬੇਹੱਦ ਹਰਮਨਪਿਆਰਤਾ ਉਹਦੀ ਸਫਲਤਾ ਦੀ ਸ਼ਾਹਦੀ ਭਰਦੀ ਹੈ।

ਪੰਜਾਬ ਦੇ ਇਹਨਾਂ ਨੌਂ ਕੋਹੇਨੂਰ ਹੀਰਿਆਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਜੋ ਕਿਸੇ ਪਾਠਕ ਵਾਸਤੇ ਓਪਰਾ ਹੋਵੇ। ਤਾਂ ਵੀ ਇਹ ਪੁਸਤਕ ਇਹਨਾਂ ਆਪਣਿਆਂ ਨਾਲ ਸਾਡੀ ਅਪਣੱਤ ਨੂੰ ਯਕੀਨਨ ਹੋਰ ਗੂੜ੍ਹੀ ਕਰੇਗੀ। ਪੰਜਾਬ ਤਾਂ ਕੋਹੇਨੂਰਾਂ ਦੀ ਖਾਣ ਹੈ। ਆਸ ਹੈ ਸਰਵਣ ਸਿੰਘ ਹੋਰਨਾਂ ਹੀਰਿਆਂ ਦਾ ਜਲ-ਜਲੌਅ ਵੀ ਸਾਡੇ ਨਾਲ ਸਾਂਝਾ ਕਰਦਾ ਰਹੇਗਾ!

(ਨੋਟ: ‘ਪੰਜਾਬ ਦੇ ਕੋਹੇਨੂਰ’ ਸੰਗਮ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ ਜਿਸ ਵਿਚ ਲੇਖਕ ਨੇ ਕੋਹੇਨੂਰਾਂ ਵਰਗੇ ਨੌਂ ਪੰਜਾਬੀ ਹੀਰਿਆਂ ਦੇ ਦਰਸ਼ਨ ਕਰਵਾਏ ਹਨ। 320 ਪੰਨਿਆਂ ਦੀ ਇਹ ਪੁਸਤਕ ਪ੍ਰਕਾਸ਼ਕ ਨੂੰ ਫੋਨ 01191-99151-03490 ਉੱਤੇ ਸੰਪਰਕ ਕਰ ਕੇ ਮੰਗਵਾਈ ਜਾ ਸਕਦੀ ਹੈ।)

*****

(150)

ਆਪਣੇ ਵਿਚਾਰ ਲੋਖੋ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 11 42502364)
Email: (bhullargs@gmail.com)

More articles from this author