GurmitPalahi7ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰਵਾਦ ਦਾ ਮੁੱਦਾ ਭਾਰੂ ਰਹੇਗਾ ਜਾਂ ਘੱਟੋ-ਘੱਟ ਆਮਦਨ ਦਾ ...
(1 ਅਪਰੈਲ 2019)

 

ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਕੁਝ ਸਮਾਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਲਈ ਇੱਕ ਯੋਜਨਾ ਬਣਾਈ, ਨਾਮ ਰੱਖਿਆ ਗਿਆ “ਕਿਸਾਨ ਸਨਮਾਨ ਨਿਧੀ” ਹਰ ਗਰੀਬ ਕਿਸਾਨ ਪ੍ਰੀਵਾਰ ਲਈ 6000 ਰੁਪਏ ਸਲਾਨਾ ਭਾਵ ਪੰਜ ਸੌ ਰੁਪਏ ਮਹੀਨਾ ਦੇਣ ਦਾ ਐਲਾਨ ਹੋਇਆ। ਇਸਦੀ ਪਹਿਲੀ ਕਿਸ਼ਤ ਦੀ ਰਕਮ ਤਿੰਨ ਮਹੀਨਿਆਂ ਲਈ 2000 ਰੁਪਏ ਇੱਕ ਕਰੋੜ ਤੋਂ ਵੱਧ ਕਿਸਾਨ ਪ੍ਰੀਵਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ। ਅਸਲ ਵਿੱਚ ਦੇਸ਼ ਵਿੱਚ 164 ਅਸਫਲ ਯੋਜਨਾਵਾਂ ਦਾ ਪੰਜ ਵਰ੍ਹਿਆਂ ਵਿੱਚ ਐਲਾਨ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਸ ਯੋਜਨਾ ਨੂੰ ਗੁੱਸੇ ਨਾਲ ਭਰੇ ਪੀਤੇ ਕਿਸਾਨ ਪ੍ਰੀਵਾਰਾਂ ਲਈ ਚੋਣ ਸਮੇਂ ਵਿੱਚ, ਚੋਣ ਤਿਕੜਮ, ਚੁਣਾਵੀ ਰਿਸ਼ਵਤ ਅਤੇ ਇੱਕ “ਖੈਰਾਤ” ਦੇਣ ਵਾਂਗ ਸਮਝਿਆ ਗਿਆ ਹੈ।

ਇਸੇ ਕਿਸਮ ਦੀ ‘ਘੱਟੋ-ਘੱਟ ਆਮਦਨ’ ਯੋਜਨਾ ਦੇਸ਼ ਦੇ 5 ਕਰੋੜ ਬਹੁਤ ਹੀ ਗਰੀਬ ਪਰਿਵਾਰਾਂ ਲਈ ਕਾਂਗਰਸ ਵਲੋਂ ਚੋਣਾਂ ਬਾਅਦ ‘ਹਾਕਮ’ ਬਣਨ ’ਤੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਯੋਜਨਾ ਦੋ ਪੜਾਵਾਂ ਵਿੱਚ ਲਾਗੂ ਕਰਕੇ ਦੇਸ਼ ਵਿੱਚੋਂ ਗਰੀਬੀ ਦਾ ਅੰਤ ਕਰ ਦਿੱਤਾ ਜਾਵੇਗਾ। ਕਾਂਗਰਸ ਵਲੋਂ 46 ਵਰ੍ਹੇ ਪਹਿਲਾਂ ‘ਗਰੀਬੀ ਹਟਾਓ’ ਦਾ ਨਾਹਰਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਦਿੱਤਾ ਸੀ। ਉਸਦੇ ਲਗਭਗ ਪੰਜ ਦਹਾਕਿਆਂ ਦੇ ਬੀਤਣ ਬਾਅਦ ਵੀ ਦੇਸ਼ ਵਿੱਚੋਂ ਗਰੀਬੀ ਖ਼ਤਮ ਨਹੀਂ ਹੋਈ। ਦੇਸ਼ ਦਾ ਗਰੀਬ, ਹੋਰ ਗਰੀਬ ਹੋਇਆ ਹੈ ਅਤੇ ਅਮੀਰ ਬਹੁਤ ਜ਼ਿਆਦਾ ਅਮੀਰ। ਕੀ ‘ਨਕਦ ਨਰਾਇਣ’ ਮਿਲਣ ਦੀ ਉਮੀਦ ਨਾਲ ਲੋਕ ਕਾਂਗਰਸ ਦੇ ਹੱਕ ਵਿੱਚ ਖੜਨਗੇ? ਕਾਂਗਰਸ ਵਲੋਂ ਮੋਦੀ ਦੀਆਂ ਭਰੀਆਂ-ਭਕੁੰਨੀਆਂ ਖਾਲੀ ਸਕੀਮਾਂ ਅਤੇ ਰਾਸ਼ਟਰਵਾਦ ਦੇ ਜਜ਼ਬਾਤੀ ਨਾਹਰੇ ਦੇ ਵਿਰੁੱਧ ਘੱਟੋ-ਘੱਟ ਆਮਦਨ ਦਾ ਧਮਾਕਾ ਕੀਤਾ ਗਿਆ ਹੈ। ਪਰ ਸੱਤਾ ਤਦੇ ਮਿਲੇਗੀ ਜੇਕਰ ਕਾਂਗਰਸ ਨੂੰ ਗਰੀਬਾਂ ਦੇ ਵੋਟ ਮਿਲਣਗੇ ਅਤੇ ਉਹ ਇਸ ਨਾਹਰੇ ਨੂੰ ਪ੍ਰਵਾਨ ਕਰਨਗੇ। ਦੇਸ਼ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਸਮੇਂ ਸਮੇਂ ’ਤੇ ਦੇਸ਼ ਦੇ ਵੋਟਰਾਂ ਦੀਆਂ ਵੋਟਾਂ ਖਿੱਚਣ ਲਈ ਵੱਡੇ-ਵੱਡੇ ਐਲਾਨ ਚੌਣਾਵੀ ਦੌਰ ਵਿੱਚ ਕਰਦੀਆਂ ਹਨ ਅਤੇ ਫਿਰ ਸਭ ਕੁਝ ਭੁੱਲ-ਭੁਲਾ ਜਾਂਦੀਆਂ ਹਨ। ਦੇਸ਼ ਦੀ ਜਨਤਾ ਲਈ “ਦਾਨ ਦਾਤਾ” ਬਣਨ ਵਾਲੀਆਂ ਇਹ ਸਿਆਸੀ ਪਾਰਟੀਆਂ ਲੋਕਾਂ ਨੂੰ ‘ਚੋਣ ਰਿਸ਼ਵਤ’ ਦੇਣ ਵਰਗਾ ਇਹੋ ਜਿਹਾ ਕਾਰਜ ਕਰਕੇ ‘ਲੋਕਾਂ ਦੇ ਧਨ’ ਨਾਲ ਲੋਕਾਂ ਉੱਤੇ ਅਹਿਸਾਨ ਕਰਨ ਦਾ ਭਰਮ ਪਾਲਦੀਆਂ ਹਨ। ਪਰ ਅੱਜ ਦੀ ਜਨਤਾ 1970 ਦੇ ਦਹਾਕੇ ਦੀ ਜਨਤਾ ਨਹੀਂ ਹੈ, ਜੋ ‘ਦਾਨ ਦਾਤਾ’ਦੇ ਇਹੋ ਜਿਹੇ ਅਹਿਸਾਨ ਨੂੰ ਮੰਨੇ। ਅਸਲ ਵਿੱਚ ਤਾਂ ਜਨਤਾ ਇਹੋ ਜਿਹੇ ਐਲਾਨਾਂ ਨੂੰ ‘ਵੋਟਰਾਂ’ ਨਾਲ ਧੋਖਾ ਮੰਨਦੀ ਹੈ।

ਸਿਆਸੀ ਲੋਕ, ਆਮ ਲੋਕਾਂ ਨੂੰ ਭੁੱਖੇ-ਨੰਗੇ ਸਮਝਦੇ ਹਨ। ਉਹਨਾਂ ਦੀ ਸੋਚ ਬਣ ਚੁੱਕੀ ਹੈ ਕਿ ਉਹ ਜਿਸਨੂੰ ਵੀ ਕੁਝ ਦੇ ਦੇਣਗੇ, ਉਹ ਖ਼ੁਸ਼ ਹੋ ਜਾਣਗੇ। ਸਰਕਾਰ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ‘ਬਖਸ਼ਦੀ’ ਹੈ। ਗਰੀਬਾਂ ਨੂੰ ਨੀਲੇ, ਪੀਲੇ ਕਾਰਡ ਦਿੰਦੀ ਹੈ। ਮੁਫ਼ਤ ਅਨਾਜ ਦੀ ਬਖ਼ਸ਼ਿਸ਼ ਕਰਦੀ ਹੈ। ਪੈਨਸ਼ਨ ਦੇ ਨਾਂ ਉੱਤੇ ਢਾਈ ਸੌ, ਪੰਜ ਸੌ ਰੁਪਏ ਬਜ਼ੁਰਗਾਂ, ਵਿਧਵਾਵਾਂ ਨੂੰ ਲੋਕ ਭਲਾਈ ਸਕੀਮਾਂ ਵਿੱਚ ਮਨਜ਼ੂਰ ਕਰਦੀ ਹੈ। ਗਰੀਬਾਂ ਲਈ ਮੁਫ਼ਤ ਪਲਾਟ, ਕੱਚੇ ਘਰਾਂ ਲਈ ਮਕਾਨ, ਘਰਾਂ ਵਿੱਚ ਟਾਇਲਟ ਜਿਹੀਆਂ ਲੋਕ-ਲਭਾਊ ਸਕੀਮਾਂ ਲਾਗੂ ਕਰਕੇ, ਉਹ “ਵੱਡੇ ਸਮਾਜ ਸੇਵਕ”, ਲੋਕਾਂ ਦੀ ਹਿਤੂ-ਹਿਤੈਸ਼ੀ ਨੇਤਾ ਬਣਕੇ ਉਹਨਾਂ ਉੱਤੇ ਅਹਿਸਾਨ ਕਰਦੀ ਹੈ। ਪਰ ਰੁਜ਼ਗਾਰ ਦੇ ਕੇ ਉਹਨਾਂ ਦੇ ਸਵੈ-ਮਾਣ ਵਿੱਚ ਵਾਧਾ ਕਰਨ ਲਈ ਕੋਈ ਉਪਰਾਲੇ ਨਹੀਂ ਕਰਦੀ ਕਿਉਂਕਿ ਸਰਕਾਰ ਉੱਤੇ ਕਾਬਜ਼ ਹਾਕਮ ਨੇਤਾ ਲੋਕਾਂ ਨੂੰ ਆਪਣੇ ਰੋਹਬ ਥੱਲੇ ਰੱਖਕੇ, ਆਪਣੀ ਵੋਟ ਬੈਂਕ ਨੂੰ ਸੁਰੱਖਿਅਤ ਕਰਨਾ ਜਿਵੇਂ ਆਪਣਾ ਹੱਕ ਸਮਝਦੇ ਹਨ।

ਅੱਜ ਗਰੀਬ ਜਨਤਾ ਭਾਵੇਂ ਭੁੱਖੀ ਹੈ, ਉਹਨਾਂ ਦਾ ਜੀਊਣਾ ਦੁੱਭਰ ਹੋ ਰਿਹਾ ਹੈ, ਪਰ ਉਹਨਾਂ ਵਿੱਚ ਸਵੈਮਾਣ ਦੀ ਕਮੀ ਨਹੀਂ ਹੈ। ਉਹਨਾਂ ਵਿੱਚ ਆਕੜ ਹੈ। ਉਹ ਨੇਤਾਵਾਂ ਦੀ ਜੂਠ ਖਾਣ ਜਾਂ ਉਹਨਾਂ ਦੇ ਉਤਾਰੇ ਕੱਪੜੇ ਪਾਉਣ ਲਈ ਤਿਆਰ ਨਹੀਂ ਹੈ। ਮੋਬਾਇਲ ਅਤੇ ਸੋਸ਼ਲ ਮੀਡੀਆ ਨੇ ਉਸ ਨੂੰ ਕੁਝ ਹੱਦ ਤੱਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਦਿੱਤਾ ਹੈ। ਲੋਕ ਸਮਝਣ ਲੱਗ ਪਏ ਹਨ ਕਿ ਦੇਸ਼ ਦੇ ਨੇਤਾ “ਚੋਣਾਂ ਦੇ ਮੌਸਮ” ਵਿੱਚ ਖਾਸ ਕਰਕੇ ਉਹਨਾਂ ਨੂੰ ਗੁਮਰਾਹ ਕਰਦੇ ਹਨ। ਇਸੇ ਕਰਕੇ ਉਹਨਾਂ ਆਪਣੇ ਹੱਕਾਂ ਦੀ ਰਾਖੀ ਤੇ ਪ੍ਰਾਪਤੀ ਲਈ “ਸਾਡਾ ਹੱਕ, ਇੱਥੇ ਰੱਖ” ਦਾ ਨਾਹਰਾ ਬੁਲੰਦ ਕੀਤਾ ਹੈ। ਪਿਛਲੇ ਸਮੇਂ ਵਿੱਚ ਦੇਸ਼ ਦੇ ਸਮੇਂ ਦੀ ਹਕੂਮਤ ਵਲੋਂ ਲਿਤਾੜੇ, ਗਰੀਬ ਕਿਸਾਨਾਂ ਦੇ ਨਵੀਂ ਦਿਲੀਂ, ਮੁੰਬਈ ਵਿੱਚ ਪੁੱਜੇ ਲੱਖਾਂ ਕਿਸਾਨ ਇਸਦੀ ਉਦਾਹਰਨ ਹਨ।

ਸਿਆਸੀ ਲੋਕ ਨਿੱਤ ਨਵੇਂ ਨਾਹਰੇ, ਲੋਕ ਲੁਭਾਊ ਵਾਇਦੇ ਕਰਦਿਆਂ ਭੁੱਲ ਜਾਂਦੇ ਹਨ ਕਿ ਹੁਣ ਦੇਸ਼ ਦੀ ਗਰੀਬ ਜਨਤਾ ‘ਬੇਚਾਰੀ’ ਨਹੀਂ ਰਹੀ। ਉਹ ਸਿਆਸੀ ਲੋਕਾਂ ਦੀ ਹਮਦਰਦੀ ਵੀ ਨਹੀਂ ਚਾਹੁੰਦੀ। ਸਿਆਸੀ ਲੋਕਾਂ ਦੀਆਂ ਬੇਥਵੀਆਂ ਗੱਲਾਂ-ਬਾਤਾਂ, ਉਹਨਾਂ ਦੇ ਭ੍ਰਿਸ਼ਟਾਚਾਰੀ ਸੁਭਾਅ ਅਤੇ ਕਾਰਿਆਂ ਨੂੰ ਸਮਝਦਿਆਂ, ਸਿਆਸੀ ਨੇਤਾਵਾਂ ਪ੍ਰਤੀ ਲੋਕਾਂ ਦਾ ਵਰਤਾਓ ਅਤੇ ਵਿਹਾਰ ਬਦਲ ਰਿਹਾ ਹੈ। ਹੁਣ ਲੋਕ ਹਰ ਸਿਆਸੀ ਪਾਰਟੀ ਵੱਲ ਸ਼ੱਕੀ ਨਜ਼ਰ ਨਾਲ ਵੇਖਦੇ ਹਨ। ਉਹ ਸਮਝਦੇ ਹਨ ਕਿ ਹਰੇਕ ਰਾਜਨੀਤਕ ਪਾਰਟੀ ਉਹਨਾਂ ਨਾਲ ਧੋਖਾ ਕਰਦੀ ਹੈ, ਛਲ-ਕਪਟ ਕਰਦੀ ਹੈ। ਫਿਰ ਵੀ ਸਭ ਤੋਂ ਵੱਡੇ ਕਪਟੀ, ਬਨਾਮ ਛਲੀਏ ਦੇ ਬਹਿਕਾਵੇ ਵਿੱਚ ਆ ਜਾਂਦੀ ਰਹੀ ਹੈ। ਭਾਵ ਜਿਹੜਾ ਅੱਛੀ ਤਰ੍ਹਾਂ ਉਸ ਨਾਲ ਧੋਖਾ ਕਰਦਾ ਹੈ ਅਤੇ ਉਸਨੂੰ ਮਹਿਸੂਸ ਨਹੀਂ ਹੋਣ ਦਿੰਦਾ ਕਿ ਉਹ ਉਸ ਨਾਲ ਧੋਖਾ ਕਰਦਾ ਹੈ। ਜਿਹੜਾ ਜ਼ੋਰ ਨਾਲ ਝਟਕਾ ਦੇਂਦਾ ਹੇ ਪਰ ਮਹਿਸੂਸ ਨਹੀਂ ਹੋਣ ਦਿੰਦਾ। ਮੋਦੀ ਵਲੋਂ ਵੀ ਪੰਜ ਸਾਲ ਲੋਕਾਂ ਨੂੰ ਇਹੋ ਜਿਹੇ ਹੀ ਵੱਡੇ ਝਟਕੇ ਦਿੱਤੇ ਗਏ ਹਨ।

ਪਿਛਲੇ ਦਿਨੀਂ ਬਾਲਾਕੋਟ (ਪਾਕਿਸਤਾਨ) ਵਿੱਚ ਸਾਡੀ ਹਵਾਈ ਫੌਜ ਵਲੋਂ ਪੁਲਵਾਮਾ (ਭਾਰਤ) ਵਿੱਚ ਮਾਰੇ ਗਏ ਸੁਰੱਖਿਆ ਜਵਾਨਾਂ ਦਾ ਬਦਲਾ ਲੈਣ ਲਈ ਕੀਤੇ ਗਏ ਪਾਕਿਸਤਾਨੀ ਅਤਿਵਾਦੀਆਂ ਵਿਰੁੱਧ ਕਾਰਵਾਈ ਉਪਰੰਤ ਭਾਜਪਾ ਨੇ “ਰਾਸ਼ਟਰਵਾਦੀ” ਹੱਲਾ ਬੋਲਿਆ। ਲੋਕਾਂ ਦੇ ਜ਼ਜ਼ਬਿਆਂ ਨੂੰ ਇੱਕ ਵੱਖਰੇ ਰੰਗ ਵਿੱਚ ਰੰਗ ਦਿੱਤਾ। ਪਾਕਸਿਤਾਨ ਨਾਲ ਯੁੱਧ ਦਾ ਮਾਹੌਲ ਸਿਰਜ ਦਿੱਤਾ। ਲੋਕ ‘ਦੇਸ਼ ਭਗਤੀ’ਦੇ ਰੰਗ ਵਿੱਚ ਰੰਗ ਦਿੱਤੇ ਗਏ। ਦੇਸ਼ ਦਾ ਮੀਡੀਆ ਹੁੱਬ-ਹੁੱਬ ਕੇ ਆਪਣੀ ਫੌਜ ਦੇ ਗੁਣ ਗਾਉਣ ਲੱਗਾ ਅਤੇ ਨਾਲ ਹੀ ਸਰਕਾਰ ਦੇ ਵੱਡੇ ਰੁਤਬੇ ਤੇ ਬੈਠੇ ਮੋਦੀ ਦੀ 56 ਇੰਚ ਛਾਤੀ ਦੀਆਂ ਗੱਲਾਂ ਕਰਨ ਲੱਗਾ।

ਅਸਲ ਵਿੱਚ ਲੋਕ ਜਜ਼ਬਿਆਂ ਵਿੱਚ ਵਹਿ ਕੇ ਇਹ ਗੱਲ ਭੁੱਲ ਗਏ ਕਿ ਇਹ ਰਾਸ਼ਟਰਵਾਦ ਦਾ ਨਾਹਰਾ ਅਚਾਨਕ ਨਹੀਂ ਐਲਾਨਿਆ ਗਿਆ, ਸਗੋਂ ਆਰ.ਐੱਸ.ਐੱਸ. ਦੀ ਪੁਰਾਣੀ ਅਤੇ ਸਥਾਈ ਯੋਜਨਾ ਹੈ ਅਤੇ ਪਿਛਲੇ ਪੰਜ ਸਾਲਾਂ ਤੋਂ ਹਾਕਮ ਧਿਰ ਅਤੇ ਹਿੰਦੂ ਸੰਗਠਨਾਂ ਵਲੋਂ ਇਸ ਨੂੰ ਚਲਾਇਆ ਜਾ ਰਿਹਾ ਹੈ। ਗਊ-ਹੱਤਿਆ, ਅਯੁੱਧਿਆ ਮੰਦਰ ਦੀ ਉਸਾਰੀ, ਲੋਕ ਕੀ ਖਾਣ, ਕੀ ਪਹਿਨਣ, ਕਿਵੇਂ ਰਹਿਣ, ਕਿਵੇਂ ਸੋਚਣ, ਕਿਹੋ ਜਿਹੇ ਵਿਚਾਰ ਰੱਖਣ, ਇਸੇ ਕੜੀ ਤਹਿਤ ਚਲਾਏ ਜਾ ਰਹੇ ਕੱਟੜਵਾਦੀ ਅੰਦੋਲਨ ਹਨ। ਭਾਜਪਾ ਰਾਸ਼ਟਰਵਾਦ ਅਤੇ ਵਿਕਾਸ ਦੀ ਗੱਲ ਲਗਾਤਾਰ ਕਰਦੀ ਹੈ ਪਰ ਇਸ ਤੋਂ ਵੀ ਅੱਗੇ ਉਹ ਇਹ ਗੱਲ ਕਹਿਣ ਤੋਂ ਵੀ ਨਹੀਂ ਝਿਜਕਦੀ ਕਿ ਰਾਸ਼ਟਰ ਨੂੰ ਖਤਰਾ ਹੈ। ਰਾਸ਼ਟਰ ਨੂੰ ਸੁਰੱਖਿਆ ਚਾਹੀਦੀ ਹੈ। ਉਸ ਲਈ ਇੱਕ ਮਜ਼ਬੂਤ ਸਰਕਾਰ ਚਾਹੀਦੀ ਹੈ। ਮਜ਼ਬੂਤ ਸਰਕਾਰ ਲਈ ਮਜ਼ਬੂਤ ਨੇਤਾ ਚਾਹੀਦਾ ਹੈ। ਭਾਜਪਾ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਪਾਰਟੀ, ਜਿਸਨੂੰ ਕਿ ਉਹ ਦੁਨੀਆਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਗਿਣਦੇ ਹਨ, ਭਾਜਪਾ ਹੀ ਹੋ ਸਕਦੀ ਹੈ ਅਤੇ ਮਜ਼ਬੂਤ ਆਗੂ ਨਰੇਂਦਰ ਮੋਦੀ ਹੀ ਹੋ ਸਕਦਾ ਹੈ। ਉਹਨਾਂ ਦਾ ਤਾਂ ਕਹਿਣ ਹੈ ਕਿ ਜੇਕਰ ਮਜ਼ਬੂਤ ਨੇਤਾ ਹੋਏਗਾ, ਤਾਂ ਮਜ਼ਬੂਤ ਸਰਕਾਰ ਹੋਏਗੀ ਅਤੇ ਫੈਸਲੇ ਜਲਦੀ ਹੋਣਗੇਦੇਸ਼ ਦਾ ਵਿਕਾਸ ਵੀ ਜਲਦੀ ਹੋਏਗਾ। ਉਹ ਇਹ ਕਹਿੰਦੇ ਵੀ ਨਹੀਂ ਥੱਕਦੇ ਕਿ ਗੁਆਂਢੀਆਂ ਤੋਂ ਦੇਸ਼ ਸੁਰੱਖਿਅਤ ਨਹੀਂ ਹੈ। ਦੇਸ਼ ਨੂੰ ਸੁਰੱਖਿਆ ਚਾਹੀਦੀ ਹੈ ਅਤੇ ਇਹ ਸੁਰੱਖਿਆ ਮੋਦੀ ਹੀ ਦੇ ਸਕਦੇ ਹਨ। ਇਹ ਤਰਕ ਭਾਜਪਾ ਪਿਛਲੇ ਪੰਜ ਸਾਲਾਂ ਤੋਂ ਦੇ ਰਹੀ ਹੈ। ਮਜ਼ਬੂਤ ਨੇਤਾ, ਮਜ਼ਬੂਤ ਰਾਸ਼ਟਰ ਅਤੇ ਮਜ਼ਬੂਤ ਰਾਸ਼ਟਰਵਾਦ। ਪਰ ਦੇਸ਼ ਦੇ ਲੋਕ ਭਾਜਪਾ ਦੇ ਰਾਸ਼ਟਰਵਾਦ ਨੂੰ ਦੂਜੇ ਧਰਮਾਂ, ਜਾਤਾਂ, ਲਿੰਗ ਉੱਤੇ ਵੱਡਾ ਹਮਲਾ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਭਾਜਪਾ ਅਤੇ ਆਰ.ਐੱਸ.ਐੱਸ. ਹਿੰਦੀ, ਹਿੰਦੂ, ਹਿੰਦੋਸਤਾਨ ਦੀ ਮੁਦੱਈ ਹੈ ਜੋ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ।

ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਚੋਣ ਪ੍ਰਚਾਰ ਮਘੇਗਾ। ਇੱਕ ਪਾਸੇ ਮੋਦੀ ਦੀ ਭਾਜਪਾ ਅਤੇ ਉਸ ਨਾਲ ਦੇਸ਼ ਦੀਆਂ ਛੋਟੀਆਂ-ਛੋਟੀਆਂ 40 ਸਿਆਸੀ ਪਾਰਟੀਆਂ ਹਨ ਅਤੇ ਦੂਜੇ ਪਾਸੇ 21 ਸਿਆਸੀ ਪਾਰਟੀ ਸਮੇਤ ਕਾਂਗਰਸ, ਜਿਹਨਾਂ ਵਿੱਚੋਂ ਕੁਝ ਇੱਕ ਖੇਤਰੀ ਪਾਰਟੀਆਂ ਹਨ ਅਤੇ ਕੁਝ ਕੌਮੀ, ਜਿਹੜੀਆਂ ਸੂਬਿਆਂ ਵਿੱਚ ਮਹਾਂਗਠਬੰਧਨ ਬਣਾਕੇ ਮੌਕੇ ਦੇ ਹਾਕਮਾਂ ਨਾਲ ਲੜਨ ਲਈ ਲੋਕਾਂ ਵਿੱਚ ਆਪੋ-ਆਪਣੇ ਚੋਣ ਮੈਨੀਫੈਸਟੋ ਲੈ ਕੇ ਆ ਰਹੀਆਂ ਹਨ। ਇਸ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਚੋਣ ਪ੍ਰਚਾਰ ਵਿੱਚ ਲੋਕਾਂ ਦੇ ਮੁੱਦੇ, ਜਿਨ੍ਹਾਂ ਵਿੱਚ ਬੇਰੁਜ਼ਗਾਰੀ, ਭੁੱਖਮਰੀ, ਕਿਸਾਨ ਮਸਲੇ, ਗੰਧਲਾ ਵਾਤਾਵਰਨ, ਸਿਹਤ, ਸਿੱਖਿਆ ਸਹੂਲਤਾਂ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਆਦਿ ਗਾਇਬ ਹੈ। ਦੇਸ਼ ਦੇ ਲੋਕਾਂ ਨੂੰ ਭਾਜਪਾ ਰਾਸ਼ਟਰਵਾਦ ਤੇ ਆਤੰਕਵਾਦ ਦੇ ਨਾਮ ਉੱਤੇ ਜਜ਼ਬਾਤੀ ਬਣਾ ਰਹੀ ਹੈ ਅਤੇ ਕੁਝ ਖੈਰਾਤ ਦੇਕੇ ਉਹਨਾਂ ਨੂੰ ਪਰਚਾ ਰਹੀ ਹੈ। ਕਾਂਗਰਸ 5 ਕਰੋੜ ਗਰੀਬ ਪਰਿਵਾਰਾਂ ਦੀ ਘੱਟੋ-ਘੱਟ ਆਮਦਨ ਦਾ ਵਿਸ਼ੇਸ਼ ਨਾਹਰਾ ਦੇਕੇ ‘ਮੋਦੀ ਦੇ ਏਜੰਡੇ’ ਦਾ ਟਾਕਰਾ ਕਰਨ ਲਈ ਮੈਦਾਨ ਵਿੱਚ ਹੈ। ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰਵਾਦ ਦਾ ਮੁੱਦਾ ਭਾਰੂ ਰਹੇਗਾ ਜਾਂ ਘੱਟੋ-ਘੱਟ ਆਮਦਨ ਦਾ, ਜਿਹੜਾ ਇੱਕ ਪਾਸੇ ਲੋਕ ਭਾਵਨਾ ਅਤੇ ਜਜ਼ਬਾਤ ਨਾਲ ਜੁੜਿਆ ਹੈ ਅਤੇ ਦੂਜਾ ਲੋਕਾਂ ਦੀ ਰੋਟੀ-ਰੋਜ਼ੀ ਨਾਲ, ਇਹ ਤਾਂ ਚੋਣ ਨਤੀਜੇ ਦੱਸਣਗੇ?

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1537)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author