“ਉਹ ਆਪਣੇ ਜ਼ਮਾਨੇ ਦੇ ਧਰਮਾਂ ਦੇ ਵਿਰੁੱਧ ਸਨ, ਜੋ ਲੋਕਾਂ ਵਿੱਚ ਵੰਡੀਆਂ ਪਾ ਕੇ ...”
(21 ਮਾਰਚ 2019)
ਹਰ ਧਰਮ ਦੇ ਲੋਕ ਸਮਝਦੇ ਹਨ ਕਿ ਉਨ੍ਹਾਂ ਦੇ ਪੀਰਾਂ ਪਗੰਬਰਾਂ ਵਰਗਾ ਹੋਰ ਕਿਸੇ ਧਰਮ ਵਿੱਚ ਪੈਦਾ ਨਹੀਂ ਹੋਇਆ ਅਤੇ ਉਸ ਨੇ ਹੀ ਉਨ੍ਹਾਂ ਦੇ ਧਰਮ ਨੂੰ ਬਣਾਇਆ ਹੈ। ਉਨ੍ਹਾਂ ਦਾ ਯਕੀਨ ਇਹ ਵੀ ਹੈ ਕਿ ਉਹ ਆਪਣੇ ਪੀਰ ਪਗੰਬਰ ਦੇ ਅਸੂਲਾਂ ਉੱਤੇ ਹੀ ਚੱਲ ਰਹੇ ਹਨ। ਸੱਚ ਇਹ ਹੈ ਕਿ ਉਸ ਪੀਰ ਪਗੰਬਰ ਦਾ ਉਨ੍ਹਾਂ ਦੇ ਧਰਮ ਨਾਲ ਕੋਈ ਨੇੜੇ ਦਾ ਵੀ ਵਾਸਤਾ ਨਹੀਂ ਹੈ। ਅਸਲ ਵਿੱਚ ਹਰ ਪੀਰ ਪਗੰਬਰ ਵਿੱਚ ਕੋਈ ਖਾਸ ਗੱਲ ਸੀ ਕਿ ਲੋਕ ਉਸ ਨੂੰ ਪੀਰ ਪਗੰਬਰ ਮੰਨਣ ਲੱਗੇ। ਮੈਂਨੂੰ ਇਨ੍ਹਾਂ ਪੀਰਾਂ ਪਗੰਬਰਾਂ ਵਿੱਚ ਬਹੁਤ ਗੱਲਾਂ ਸਾਂਝੀਆਂ ਲੱਗਦੀਆਂ ਹਨ। ਜੇ ਅਸੀਂ ਇਨ੍ਹਾਂ ਦੀ ਜ਼ਿੰਦਗੀ ਬਾਬਤ ਗਹੁ ਨਾਲ ਪੜਤਾਲ ਕਰੀਏ, ਤਦ ਪਤਾ ਚਲਦਾ ਹੈ ਕਿ ਉਹ ਇਹੋ ਜਿਹੇ ਨਹੀਂ ਸਨ ਜੋ ਉਨ੍ਹਾਂ ਦੇ ਪੈਰੋਕਾਰ ਅਤੇ ਧਾਰਮਕ ਆਗੂ ਸਾਨੂੰ ਦੱਸ ਰਹੇ ਹਨ। ਇਹ ਗੱਲ ਹਰ ਉੱਤੇ ਲਾਗੂ ਹੁੰਦੀ ਹੈ, ਚਾਹੇ ਉਹ ਬ੍ਰਹਮਾ, ਵਿਸ਼ਨੂ ਅਤੇ ਸ਼ਿਵਾ, ਬੁੱਧ, ਈਸਾ, ਮੁਹੰਮਦ ਜਾਂ ਗੁਰੂ ਨਾਨਕ ਦੇਵ ਜੀ ਹੋਣ।
ਇਨ੍ਹਾਂ ਮਹਾਨ ਪੀਰਾਂ ਪਗੰਬਰਾਂ ਨੇ ਕੋਈ ਧਰਮ ਜਾਂ ਮੱਤ ਨਹੀਂ ਬਣਾਇਆ ਸੀ ਸਗੋਂ ਇਹ ਮਹਾਨ ਲੋਕ ਤਾਂ ਇਨਸਾਨੀਅਤ ਦਾ ਪੈਗਾਮ ਦਿੰਦੇ ਸਨ। ਇਹ ਮਹਾਨ ਲੋਕ ਜਥੇਬੰਦਕ ਧਰਮਾਂ ਦੇ ਖ਼ਿਲਾਫ਼ ਸਨ। ਜਥੇਬੰਦਕ ਧਰਮ ਸੰਸਥਾ ਬਣਾ ਕੇ ਆਪਣੀਆਂ ਰੀਤਾਂ, ਰਸਮਾਂ, ਦਸਤੂਰ ਆਦਿ ਬਣਾਉਂਦਾ ਹੈ। ਇਹ ਦੂਸਰੇ ਧਰਮਾਂ ਨਾਲੋਂ ਵੱਖਰੀਆਂ ਰਸਮਾਂ ਰਿਵਾਜ ਬਣਾ ਕੇ ਲੋਕਾਂ ਵਿੱਚ ਵੰਡੀਆਂ ਪਾ ਕੇ ਆਪਣਾ ਵੱਖਰਾ ਕਬੀਲਾ ਜਾਂ ਵਰਗ ਸਥਾਪਤ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਰੱਖਦਾ ਹੈ। ਹਰ ਮਹਾਨ ਪੀਰ ਪਗੰਬਰ ਨੇ ਆਪਣੀ ਸੋਚ ਜਾਂ ਫ਼ਲਸਫ਼ੇ ਨੂੰ ਕਦੇ ਧਰਮ ਦਾ ਨਾਮ ਨਹੀਂ ਦਿੱਤਾ, ਅਤੇ ਨਾ ਹੀ ਕਿਸੇ ਰਸਮਾਂ, ਦਸਤੂਰਾਂ ਨੂੰ ਜਨਮ ਦਿੱਤਾ ਹੈ। ਉਹ ਆਪਣੇ ਜ਼ਮਾਨੇ ਦੇ ਧਰਮਾਂ ਦੇ ਵਿਰੁੱਧ ਸਨ, ਜੋ ਲੋਕਾਂ ਵਿੱਚ ਵੰਡੀਆਂ ਪਾ ਕੇ ਰਸਮਾਂ ਰਿਵਾਜਾਂ ਰਾਹੀਂ ਆਪਣੇ ਪੈਰੋਕਾਰਾਂ ਦੀ ਲੁੱਟ ਕਰਦੇ ਸਨ। ਜ਼ਰਾ ਸੋਚੀਏ ਜੇਕਰ ਇਹ ਪੀਰ ਪਗੰਬਰ ਉਨ੍ਹਾਂ ਤੋਂ ਪਹਿਲਾਂ ਦੇ ਵਕਤਾਂ ਦੇ ਜਥੇਬੰਦਕ ਧਰਮਾਂ ਜਾਂ ਮਤਾਂ ਦੇ ਲੋਟੂ ਰਸਮਾਂ ਰਿਵਾਜਾਂ ਦੇ ਖ਼ਿਲਾਫ਼ ਸਨ, ਫਿਰ ਉਹ ਕਿਉਂ ਉਸੇ ਤਰ੍ਹਾਂ ਦੇ ਜਥੇਬੰਦਕ ਧਰਮ ਅਤੇ ਲੋਟੂ ਰਸਮਾਂ ਰਿਵਾਜਾਂ ਨੂੰ ਆਪ ਪੈਦਾ ਕਰਦੇ?
ਬ੍ਰਹਮਾ, ਬਿਸ਼ਨੂ ਅਤੇ ਸ਼ਿਵਾ ਨੇ ਕਦੇ ਵੀ ਧਰਮ ਦਾ ਨਾਂ ਨਹੀਂ ਵਰਤਿਆ ਸੀ। ਬਹੁਤ ਦੇਰ ਬਾਅਦ ਅੱਠਵੀਂ ਸਦੀ ਵਿੱਚ ਅਰਬਾਂ ਨੇ ਸਿੰਧੂ (ਸਿੰਧ ਦਰਿਆ ਦੇ ਲਾਗੇ ਵਸਣ ਵਾਲੇ ਲੋਕ) ਸ਼ਬਦ ਨੂੰ ਹਿੰਦੂ ਸਮਝ ਲਿਆ ਸੀ। ਉਸੇ ਹਿੰਦੂ ਸ਼ਬਦ ਨੂੰ ਬ੍ਰਹਮਾ, ਬਿਸ਼ਨੂ ਅਤੇ ਸ਼ਿਵਾ ਦੇ ਪੈਰੋਕਾਰਾਂ ਨੇ ਆਪਣੇ ਬਣਾਏ ਹੋਏ ਧਰਮ ਨਾਲ ਜੋੜ ਲਿਆ। ਬੁੱਧ, ਸਭ ਤੋਂ ਵੱਧ ਤਰਕਵਾਦੀ ਪੀਰ ਸੀ, ਜੋ ਰੱਬ ਬਾਬਤ ਚੁੱਪ ਸੀ। ਉਸਦਾ ਵਿਚਾਰ ਸੀ ਕਿ ਮਹਾਨ ਜਾਂ ਰੱਬੀ ਤਾਕਤ ਨੂੰ ਤਦ ਹੀ ਮੰਨਣਾ ਚਾਹੀਦਾ ਹੈ ਜੇ ਉਹ ਗ਼ਰੀਬ ਅਤੇ ਲੋੜਵੰਦਾਂ ਦੀ ਦੁੱਖ ਸਮੇਂ ਮਦਦ ਕਰਦਾ ਹੈ। ਉਸ ਨੇ ਗ਼ਰੀਬ ਅਤੇ ਲੋੜਵੰਦਾਂ ਨੂੰ ਰੋਂਦਿਆਂ ਅਤੇ ਮੰਦਰਾਂ ਵਿੱਚ ਫ਼ਰਿਆਦ ਕਰਦੇ ਦੇਖਿਆ ਅਤੇ ਇਹ ਵੀ ਦੇਖਿਆ ਕਿਸੇ ਰੱਬੀ ਤਾਕਤ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਸ ਨੇ ਕਿਹਾ ਉਸ ਰੱਬ ਨੂੰ ਕੀ ਮੰਨਣਾ ਜੋ ਗ਼ਰੀਬ ਲੋੜਵੰਦਾਂ ਦੀ ਸਹਾਇਤਾ ਨਹੀਂ ਕਰਦਾ। ਪਰ ਬੁੱਧ ਦੇ ਪੈਰੋਕਾਰਾਂ ਨੇ ਬੁੱਧ ਨੂੰ ਰੱਬ ਬਣਾ ਕੇ ਜਥੇਬੰਦਕ ਧਰਮ ਬਣਾ ਲਿਆ। ਇਸੇ ਤਰ੍ਹਾਂ ਹੀ ਈਸਾ, ਜੋ ਇੱਕ ਯਹੂਦੀ ਸੀ ਅਤੇ ਯਹੂਦੀ ਧਰਮ ਨੂੰ ਮੰਨਦਾ ਸੀ ਭਾਵੇਂ ਯਹੂਦੀ ਧਰਮ ਨਾਲ ਉਸਦੇ ਕੁੱਛ ਮਤ-ਭੇਦ ਸਨ, ਉਸਦੇ ਮਰਨ ਤੋਂ ਬਾਅਦ (ਕਈਆਂ ਦਾ ਵਿਚਾਰ ਹੈ ਕਿ 200 ਸਾਲ ਤੋਂ ਬਾਅਦ) ਉਸਦੇ ਪੈਰੋਕਾਰਾਂ ਨੇ ਇਸਾਈ ਮਤ ਦਾ ਨਾ ਦੇ ਦਿੱਤਾ। ਇੱਕ ਖੋਜ ਅਨੁਸਾਰ ਮੁਹੰਮਦ ਨੇ ਕਦੇ ਇਸਲਾਮ ਦਾ ਨਾ ਨਹੀਂ ਵਰਤਿਆ ਸੀ। ਉਸਦੇ ਮਰਨ ਤੋਂ ਬਾਅਦ ਮੌਲਵੀਆਂ ਨੇ ਇਸਲਾਮ ਮਜ਼ਹਬ ਬਣਾ ਦਿੱਤਾ। ਗੁਰੂ ਨਾਨਕ ਦੇਵ ਜੀ ਅਤੇ ਨਾ ਹੀ ਕਿਸੇ ਹੋਰ ਗੁਰੂ ਨੇ ਸਿੱਖ ਧਰਮ ਦਾ ਨਾਮ ਨਹੀਂ ਵਰਤਿਆ ਸੀ। ਖੋਜ ਅਨੁਸਾਰ ਪਹਿਲੀ ਵਾਰੀ ਸਿੱਖ ਧਰਮ ਦਾ ਲਫਜ਼ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਵਰਤਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਹਦਾਇਤ ਦਿੱਤੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਨਾ ਕੋਈ ਰਸਮ ਰਿਵਾਜ ਅਤੇ ਨਾ ਹੀ ਰਹਿਤ ਦੀ ਗੱਲ ਲਿਖੀ ਹੈ। ਇਹ ਵੀ ਗੱਲ ਭੁੱਲਣ ਵਾਲੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀ ਬਾਣੀ ਹੈ। ਬਾਕੀ ਪੀਰ ਪਗੰਬਰਾਂ ਦੀ ਤਰ੍ਹਾਂ ਗੁਰੂਆਂ ਨੇ ਸਿੱਖ ਲਹਿਰ ਨੂੰ ਇਨਸਾਨੀਅਤ ਦੇ ਅਸੂਲਾਂ ਉੱਤੇ ਚਲਾਇਆ ਸੀ। ਭਾਠੜੇ (ਜੋ ਪੰਜਵੇਂ ਗੁਰੂ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਕਾਬਜ਼ ਹੋ ਗਏ) ਅਤੇ ਭਾਈਆਂ ਨੇ ਹਿੰਦੂ ਰਸਮਾਂ ਰਿਵਾਜਾਂ ਨੂੰ ਸਿੱਖ ਧਰਮ ਦਾ ਹਿੱਸਾ ਬਣਾ ਦਿੱਤਾ। ਸੰਨ 1951 ਵਿੱਚ ਅਕਾਲੀ ਪਾਰਟੀ ਨੇ ਸਿੱਖਾਂ ਦੀ ਵੱਖਰੀ ਸਨਾਖ਼ਤ ਬਣਾਉਣ ਲਈ ਮੀਟਿੰਗ ਸੱਦੀ। ਉਸ ਸਮੇਂ ਦੇ ਮਸ਼ਹੂਰ ਸਿੱਖ ਵਿਦਵਾਨ ਅਤੇ ਹਸਤੀ ਖੁਸ਼ਵੰਤ ਸਿੰਘ ਨੇ ਲਿਖ ਕੇ ਭੇਜਿਆ ਸੀ ਜੇਕਰ ਅਕਾਲੀ ਪਾਰਟੀ ਸਿੱਖਾਂ ਵਿੱਚ ਰਹਿਤ ਲਾਗੂ ਕਰੇਗੀ, ਤਦ ਗੁਰੂਆਂ ਦੀ ਬਣਾਈ ਸਿੱਖ ਸੋਚ ਖ਼ਤਮ ਹੋ ਜਾਵੇਗੀ। ਅੱਜ ਸਿੱਖ ਧਰਮ ਇਨਸਾਨ ਦੇ ਕਿਰਦਾਰ ਨੂੰ ਛੱਡ ਕੇ ਰਹਿਤ ਵਿੱਚ ਹੀ ਰਹਿ ਗਿਆ ਹੈ।
ਜਥੇਬੰਦਕ ਧਰਮ ਆਪਣੇ ਪੀਰ ਪਗੰਬਰਾਂ ਦੇ ਨਾਮ ਉੱਤੇ ਉਨ੍ਹਾਂ ਦੇ ਦੱਸੇ ਰਾਹਾਂ ਤੋਂ ਉਲਟ ਚੱਲਦਾ ਹੈ। ਮਿਸਾਲ ਦੇ ਤੌਰ ਉੱਤੇ ਕਾਅਬਾ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ ਕਿ ਰੱਬ ਹਰ ਜਗ੍ਹਾ ਹੈ, ਉਸ ਨੂੰ ਮਸਜਿਦ ਜਾਂ ਧਾਰਮਕ ਸਥਾਨ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਇਸ ਲਈ ਜੇ ਮਸਜਿਦ ਵਲ ਪੈਰ ਕਰਕੇ ਬੈਠ ਵੀ ਜਾਓ ਤਾਂ ਕੋਈ ਫ਼ਰਕ ਨਹੀਂ ਪੈਂਦਾ। ਪਰ ਅੱਜ ਤੁਸੀਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਵੱਲ ਪੈਰ ਕਰਕੇ ਨਹੀਂ ਬੈਠ ਸਕਦੇ। ਜਾਣੀ ਉੱਥੇ ਹੀ ਗੁਰੂ ਜਾਂ ਰੱਬ ਹੈ ਬਾਕੀ ਸਥਾਨ ਵਿੱਚ ਨਹੀਂ। ਕੀ ਗੁਰੂ ਨਾਨਕ ਦੇਵ ਜੀ ਦੀ ਸੋਚ ਤੋਂ ਇਹ ਉਲਟ ਨਹੀਂ ਹੈ?
ਧਰਮ ਦੇ ਠੇਕੇਦਾਰਾਂ ਨੇ ਪੀਰ ਪਗੰਬਰ ਦੀ ਸੋਚ ਦਾ ਨਾ ਲੈ ਕੇ, ਆਪਣੇ ਫ਼ਾਇਦੇ ਲਈ ਲੋਕਾਂ ਨੂੰ ਫ਼ਿਰਕਿਆਂ ਵਿੱਚ ਵੰਡਿਆ। ਧਰਮ ਦੇ ਨਾਮ ਉੱਤੇ ਦੂਸਰਿਆਂ ਫ਼ਿਰਕਿਆਂ ਦਾ ਘਾਤ ਕੀਤਾ। ਇਤਿਹਾਸ ਗਵਾਹ ਹੈ ਕਿ ਜਿੰਨਾ ਕਤਲੋਗ਼ਾਰਤ ਧਰਮਾਂ ਦੇ ਨਾਮ ਉੱਤੇ ਹੋਇਆ, ਇੰਨਾ ਹੋਰ ਕਿਸੇ ਕਾਰਨ ਨਹੀਂ ਹੋਇਆ। ਜੇਕਰ ਇਨ੍ਹਾਂ ਪੀਰਾਂ ਪਗੰਬਰਾਂ ਦੇ ਪੈਰੋਕਾਰਾਂ ਨੇ ਲੋਕਾਂ ਨੂੰ ਉਹ ਉਪਦੇਸ਼ ਦਿੱਤੇ ਹੁੰਦੇ ਜੋ ਉਨ੍ਹਾਂ ਦੇ ਪੀਰਾਂ ਪਗੰਬਰਾਂ ਨੇ ਦਿੱਤੇ ਸਨ, ਤਦ ਅੱਜ ਇਹ ਦੁਨੀਆਂ ਸਵਰਗ ਬਣੀ ਹੋਈ ਹੁੰਦੀ। ਹੁਣ ਚੋਰਾਂ ਉੱਤੇ ਮੋਰ ਪੈ ਗਏ ਹਨ। ਅਮੀਰਾਂ ਨੇ ਧਾਰਮਕ ਉਤਸਵਾਂ ਤੋਂ ਲਾਭ ਲੈਣ ਲਈ ਉਤਸਵਾਂ ਦਾ ਵਣਜੀਕਰਨ ਕਰ ਦਿੱਤਾ ਹੈ ਤਾਂ ਕਿ ਉਹ ਆਪਣੀਆਂ ਜਿਣਸਾਂ ਵੇਚ ਸਕਣ। ਅਸਲ ਵਿੱਚ ਉਤਸਵ ਦਾ ਫ਼ਾਇਦਾ ਤਾਂ ਅਮੀਰਾਂ ਨੂੰ ਹੈ, ਗ਼ਰੀਬਾਂ ਲਈ ਤਾਂ ਕਰਜ਼ਾਈ ਹੋਣ ਦਾ ਉਤਸਵ ਹੈ।
ਸੱਚ ਇਹ ਹੈ ਕਿ ਇਨਸਾਨ ਨੂੰ ਕਾਮਯਾਬ, ਵਿਦਵਾਨ, ਅਮੀਰ, ਸਿਆਸੀ ਅਤੇ ਧਾਰਮਕ ਆਗੂ ਬਣਨਾ ਸੌਖਾ ਹੈ। ਸਭ ਤੋਂ ਔਖਾ ਕੰਮ ਹੈ ਇੱਕ ਚੰਗਾ ਇਨਸਾਨ ਬਣਨਾ। ਇਹ ਪੀਰ ਪਗੰਬਰ ਪਰਮ ਮਨੁੱਖ ਸਨ, ਜਿਨ੍ਹਾਂ ਨੂੰ ਇਨ੍ਹਾਂ ਦੇ ਪੈਰੋਕਾਰਾਂ ਨੇ ਆਪਣੇ ਮੁਫ਼ਾਦ ਖਾਤਰ ਰੱਬ ਬਣਾ ਕੇ ਆਪਣੇ ਹਿਤਾਂ ਲਈ ਵਰਤਿਆ। ਅੱਜ ਦੇ ਇਨ੍ਹਾਂ ਪੈਰੋਕਾਰਾਂ ਬਾਬਤ ਹੇਠ ਲਿਖੀਆਂ ਲਾਈਨਾਂ ਇਨ੍ਹਾਂ ਦਾ ਮਖੌਟਾ ਲਾਹੁੰਦੀਆਂ ਹਨ:
ਕੋਈ ਹਿੰਦੂ, ਕੋਈ ਮੁਸਲਿਮ, ਕੋਈ ਇਸਾਈ ਹੈ,
ਸਭ ਨੇ ਇਨਸਾਨ ਨਾ ਬਣਨ ਕੀ ਕਸਮ ਖਾਈ ਹੈ।
ਜੇ ਲੋਕ ਅੱਜ ਧਾਰਮਕ ਬਣਨ ਨਾਲੋਂ ਇਨਸਾਨ ਬਣ ਜਾਣ, ਤਦ ਇਹ ਦੁਨੀਆਂ ਕਿੰਨੀ ਸੁਹਾਵਣੀ ਬਣ ਜਾਏ!
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1518)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)