ShyamSDeepti7ਕਿਸਾਨਾਂ ਦੀ ਮੰਦੀ ਹਾਲਤ ਨੂੰ ਇੱਕ ਹੋਰ ਪੱਖ ਤੋਂ ਵੀ ਸਮਝਿਆ ਜਾ ਸਕਦਾ ਹੈ। ਸੱਤਵੇਂ ਦਹਾਕੇ ਦੌਰਾਨ ਜੋ ...
(10 ਦਸੰਬਰ 2018)

 

ਪਿਛਲੇ ਕੁਝ ਸਮੇਂ ਤੋਂ ਦੇਸ ਵਿੱਚ ਦੋ ਵੱਡੇ ਮੁੱਦੇ ਭਖ ਰਹੇ ਹਨ, ਜੋ ਭਾਵੇਂ ਨਵੇਂ ਨਹੀਂ ਹਨ ਦੋਹਾਂ ਮੁੱਦਿਆਂ ਨੂੰ ਦੇਸ਼ ਦੀ ਆਜ਼ਾਦੀ ਤੋਂ ਹੀ ਉਲੀਕਿਆ ਜਾ ਸਕਦਾ ਹੈਇਸ ਵਕਤ ਜੋ ਸਮਾਂ ਹੈ, ਉਹ ਦੋਵਾਂ ਮੁੱਦਿਆਂ ਦੇ ਹਮਾਇਤੀਆਂ ਨੂੰ ਵਾਜਬ ਲੱਗਦਾ ਹੈ ਕਿ ਸ਼ਾਇਦ ਕੁਝ ਹਾਸਲ ਹੋ ਜਾਵੇਇਸ ਤਰਜ਼ ’ਤੇ ਹੀ ਇਹ ਮੁੱਦੇ ਉੱਭਰਦੇ ਅਤੇ ਪਿੱਛੇ ਪੈਂਦੇ ਰਹੇ ਹਨਸ਼ਾਇਦ ਇਨ੍ਹਾਂ ਸੰਗਠਨਾਂ ਦੇ ਕਾਰਕੁਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਕਦੋਂ ਤਾਕਤ ਲਗਾਉਣੀ ਹੈ ਤੇ ਕਦੋਂ ਇਹ ਸਾਂਭ ਕੇ ਰੱਖਣੀ ਹੈਇਸ ਤੋਂ ਇਹ ਵੀ ਜਾਪਦਾ ਹੈ ਕਿ ਮੁੱਦੇ ਸੁਲਝਾਉਣ ਜੋਗੇ ਹਨ ਹੀ ਨਹੀਂ, ਜੋ ਭਖਦੇ-ਬੁਝਦੇ ਰਹਿੰਦੇ ਹਨ ਜਾਂ ਮੁਦੱਈ ਸੁਸਤ ਹਨ ਤੇ ਰਾਜ-ਸੱਤਾ ਵਿੱਚ ਬੈਠੇ ਲੋਕ ਬੇਪ੍ਰਵਾਹ ਹਨਇਹ ਅੰਦੋਲਨ ਹਨ ਕਿਸਾਨ ਮੁਕਤੀ ਮਾਰਚ ਅਤੇ ਰਾਮ ਮੰਦਰ ਦੀ ਉਸਾਰੀ ਲਈ ਸੰਕਲਪ ਯਾਤਰਾ

ਇਨ੍ਹਾਂ ਦੋਹਾਂ ਮੁੱਦਿਆਂ ਨੂੰ ਲੈ ਕੇ ਸਰਗਰਮੀਆਂ ਅਤੇ ਅੰਦੋਲਨ ਨੌਂਵੇਂ ਦਹਾਕੇ ਤੋਂ ਬਾਅਦ ਦੇ ਸਮੇਂ ਵਿੱਚ ਦੇਖੇ ਜਾ ਸਕਦੇ ਹਨ, ਜਦੋਂ ਦੇਸ਼ ਦੀਆਂ ਨੀਤੀਆਂ ਵਿੱਚ ਕਾਰਪੋਰੇਟ ਜਗਤ ਦੀ ਭੂਮਿਕਾ ਵਧਣ ਲੱਗੀ ਤੇ ਖੇਤੀ ਸੈਕਟਰ ਨੂੰ ਤਰਜੀਹ ਦੇ ਘੇਰੇ ਵਿੱਚੋਂ ਬਾਹਰ ਰੱਖਿਆ ਜਾਣ ਲੱਗਾਇਸੇ ਦੌਰਾਨ ਧਾਰਮਿਕ ਪੱਧਰ ’ਤੇ ਲਾਮਬੰਦੀ ਦੀ ਸ਼ੁਰੂਆਤ ਹੋਈਉਂਜ ਇਨ੍ਹਾਂ ਦੋਹਾਂ ਪੱਖਾਂ ਨੂੰ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ, ਭਾਵ ਕਾਰਪੋਰੇਟ ਜਗਤ ਦਾ ਵਧ ਰਿਹਾ ਪ੍ਰਭਾਵ ਅਤੇ ਧਾਰਮਿਕ ਜਨੂੰਨਇਸ ਦੌਰਾਨ ਨਾ ਕਿਸਾਨਾਂ ਦੀ ਹਾਲਤ ਬਾਰੇ ਕਿਸੇ ਨੇ ਗੰਭੀਰਤਾ ਨਾਲ ਵਿਚਾਰਿਆ ਤੇ ਨਾ ਰਾਮ ਮੰਦਰ ਵਿਵਾਦ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਪ੍ਰਤੀ ਸੰਜੀਦਗੀ ਦਿਖਾਈ ਗਈਇਸ ਤੋਂ ਇਹ ਸਿੱਟਾ ਵੀ ਕੱਢਿਆ ਜਾ ਸਕਦਾ ਹੈ ਕਿ ਕੋਈ ਵੀ ਦਿਆਨਤਦਾਰੀ ਨਾਲ ਇਨ੍ਹਾਂ ਨੂੰ ਨਿਪਟਾਉਣਾ ਨਹੀਂ ਚਾਹੁੰਦਾ ਤੇ ਇਨ੍ਹਾਂ ਨੂੰ ਤੁਰਪ ਦੇ ਪੱਤੇ ਵਾਂਗ ਸੰਭਾਲ ਕੇ ਰੱਖਣਾ ਚਾਹੁੰਦੇ ਹਨ, ਤਾਂ ਜੁ ਮੌਕੇ-ਬੇਮੌਕੇ ਇਸਤੇਮਾਲ ਕਰ ਕੇ ਲਾਹਾ ਲਿਆ ਜਾ ਸਕੇ

ਕਿਸਾਨਾਂ ਦਾ ਮੁੱਦਾ ਕੀ ਹੈ? ਵੈਸੇ ਤਾਂ ਖੇਤੀ ਮਾਹਿਰ ਅੰਕੜਿਆਂ ਨਾਲ ਅਤੇ ਦੇਸ਼ ਦੀਆਂ ਸਰਕਾਰਾਂ ਵੱਲੋਂ ਬਣਾਏ ਕਮਿਸ਼ਨਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਵਧੀਆ ਦੱਸ ਸਕਦੇ ਹਨ, ਪਰ ਦੇਸ ਦਾ ਆਮ ਨਾਗਰਿਕ ਹੋਣ ਦੇ ਨਾਤੇ, ਲਗਾਤਾਰ ਇਨ੍ਹਾਂ ਮੁੱਦਿਆਂ ਨੂੰ ਸੁਣਦੇ-ਬਹਿਸਦੇ, ਵਿਚਾਰ-ਚਰਚਾਵਾਂ ਵਿੱਚੋਂ ਲੰਘਦੇ, ਕੁਝ ਕੁ ਗੱਲਾਂ ਤਾਂ ਆਮ ਆਦਮੀ ਦੀ ਸਮਝ ਵਿੱਚ ਆਉਣ ਵਾਲੀਆਂ ਵੀ ਹਨ

ਜਿੱਥੋਂ ਤੱਕ ਕਿਸਾਨਾਂ ਦੀ ਆਪਣੀ ਗੱਲ ਹੈ, ਉਹ ਖ਼ੁਦ ਬਹੁ-ਗਿਣਤੀ ਵਿੱਚ ਹਨ ਤੇ ਸਾਰੇ ਹੀ ਪ੍ਰਭਾਵਤ ਹਨਦੇਸ਼ ਵੀ ਖੇਤੀ ਪ੍ਰਧਾਨ ਹੈਦਿੱਲੀ ਦੇ ਮਾਰਚ ਵਿੱਚ ਤਕਰੀਬਨ 200 ਤੋਂ ਵੱਧ ਕਿਸਾਨ ਸੰਗਠਨਾਂ ਦਾ ਏਕਾ ਪਹਿਲੀ ਵਾਰ ਹੋਇਆ ਹੈਸੰਗਠਨਾਂ ਦਾ ਵਖਰੇਵਾਂ ਕੁਝ ਖ਼ਾਸ ਗੱਲਾਂ ਕਰਕੇ ਹੈਜਿਵੇਂ ਨਾਂਅ ਤੋਂ ਹੀ ਸਮਝ ਸਕਦੇ ਹਾਂ: ਦਲਿਤ ਕਿਸਾਨ, ਆਦਿਵਾਸੀ ਕਿਸਾਨ, ਔਰਤ ਕਿਸਾਨ ਆਦਿਦੇਸ਼ ਵਿੱਚ ਆਜ਼ਾਦੀ ਸਮੇਂ 80 ਫ਼ੀਸਦੀ ਤੋਂ ਵੱਧ ਲੋਕ ਖੇਤੀ ਨਾਲ ਜੁੜੇ ਹੋਏ ਸਨ ਤੇ 2011 ਦੀ ਮਰਦਮ-ਸ਼ੁਮਾਰੀ ਵਿੱਚ ਇਹ ਤਕਰੀਬਨ 70 ਫ਼ੀਸਦੀ ਆਬਾਦੀ ਸੀ ਅਤੇ ਵਿਸ਼ਵ ਬੈਂਕ ਵੱਲੋਂ ਦਬਾਅ ਹੈ ਕਿ ਸ਼ਹਿਰੀ ਆਬਾਦੀ 50 ਫ਼ੀਸਦੀ ਕੀਤੀ ਜਾਵੇਇਹ ਵੀ ਇੱਕ ਸੂਚਕ ਹੈ ਕਿ ਕਿਵੇਂ ਪਿੰਡਾਂ ਨੂੰ ਅਣਗੌਲਿਆ ਕੀਤਾ ਜਾਵੇ ਤੇ ਲੋਕ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਆ ਵਸਣ ਤੇ ਸਨਅਤਕਾਰਾਂ ਦਾ ਕੰਮ ਕਰਨ

ਇਸ ਤਰ੍ਹਾਂ ਫਿਲਹਾਲ ਇਹ ਸੱਤਰ ਫ਼ੀਸਦੀ ਪੇਂਡੂ ਆਬਾਦੀ ਅਤੇ ਤਕਰੀਬਨ 60 ਫ਼ੀਸਦੀ ਖੇਤੀ ’ਤੇ ਨਿਰਭਰ ਲੋਕਾਂ ਦਾ ਮਸਲਾ ਹੈ ਤੇ ਬਾਕੀ ਤੀਹ-ਚਾਲੀ ਫ਼ੀਸਦੀ ਲੋਕ ਵੀ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਦੇ, ਕਿਉਂ ਜੁ ਕਿਸੇ ਵੀ ਥਾਂ ’ਤੇ ਮੁੱਢਲੀ ਪੈਦਾਵਾਰ ਖੇਤੀ ਦੀ ਹੁੰਦੀ ਹੈ ਤੇ ਸਨਅਤ ਉਸ ’ਤੇ ਨਿਰਭਰ ਦੂਜੇ ਦਰਜੇ ਦਾ ਧੰਦਾ ਹੈਕਿਸਾਨ ਜੋ ਚਾਹੁੰਦੇ ਹਨ, ਉਹ ਇਹ ਹੈ ਕਿ ਉਨ੍ਹਾਂ ਦੀ ਉਪਜ ਦਾ ਘੱਟੋ-ਘੱਟ ਮੁੱਲ ਕਿਸੇ ਢੰਗ-ਤਰੀਕੇ ਨਾਲ ਤੈਅ ਹੋਵੇ ਤੇ ਉਸ ਦੀ ਖ਼ਰੀਦ ਦਾ ਬੰਦੋਬਸਤ ਹੋਵੇਕਿਸਾਨ ਇਹ ਵੀ ਆਪਣੀ ਮਨਮਰਜ਼ੀ ਮੁਤਾਬਿਕ ਨਹੀਂ ਚਾਹੁੰਦੇ, ਉਹ ਸਰਕਾਰ ਵੱਲੋਂ ਕਾਇਮ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਚਾਹੁੰਦੇ ਹਨਦੂਸਰਾ, ਉਨ੍ਹਾਂ ਦੀ ਮੁੱਖ ਮੰਗ ਹੈ ਕਿ ਹੁਣ ਤੱਕ ਦੇ ਇਕੱਠੇ ਹੋਏ ਕਰਜ਼ੇ ਨੂੰ ਇੱਕੋ ਹੱਲੇ ਵਿੱਚ ਮੁਆਫ਼ ਕੀਤਾ ਜਾਵੇ

ਇਹ ਦੋਵੇਂ ਮੰਗਾਂ ਹੀ ਦੇਸ਼ ਦੀ ਮੌਜੂਦਾ ਸਥਿਤੀ ਦੇ ਮੱਦੇ-ਨਜ਼ਰ ਮੰਨ ਲੈਣੀਆਂ ਕੋਈ ਜ਼ਿਆਦਾ ਮੁਸ਼ਕਲ ਨਹੀਂ ਹਨ, ਕਿਉਂਕਿ ਜਦੋਂ ਕਾਰਪੋਰੇਟ ਘਰਾਣਿਆਂ ਦਾ ਲੱਖਾਂ-ਕਰੋੜਾਂ ਰੁਪਇਆਂ ਦਾ ਕਰਜ਼ਾ ਬਿਨਾਂ ਉਨ੍ਹਾਂ ਦੇ ਹਿਲਜੁਲ ਕੀਤੇ ਤੇ ਕਿਸਾਨਾਂ ਵਾਂਗ ਇੱਕਜੁੱਟ ਹੋਏ ਮੁਆਫ਼ ਹੋ ਸਕਦਾ ਹੈ ਤੇ ਮਾਲ ਵੇਚਣ ਲੱਗਿਆਂ ਵੀ ਸਨਅਤਕਾਰ ਆਪਣੀ ਮਨਮਰਜ਼ੀ ਕਰਦਾ ਹੈ, ਉੱਥੇ ਸਰਕਾਰ ਦਾ ਕੋਈ ਦਖ਼ਲ ਨਹੀਂ ਹੁੰਦਾ, ਉਦੋਂ ਜਦੋਂ ਇਹ ਮੁੱਦਾ ਉਠਾਇਆ ਜਾਂਦਾ ਹੈ ਤਾਂ ਜਵਾਬ ਹੁੰਦਾ ਹੈ ਕਿ ਸਨਅਤ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ ਤੇ ਖੇਤੀ ਜਿਵੇਂ ਇੱਕ ਬੋਝ ਹੁੰਦੀ ਹੈ ਤੇ ਵਿਕਾਸ ਨੂੰ ਰੋਕ ਲਗਾਉਂਦੀ ਹੈ

ਇਸੇ ਮਾਨਸਿਕਤਾ ਦਾ ਨਤੀਜਾ ਹੈ ਕਿ ਸਨਅਤਕਾਰ ਕਿਸਾਨ ਦੀ ਪੈਦਾਵਾਰ ਨੂੰ ਇਸ ਤਰ੍ਹਾਂ ਜਤਾਉਂਦਾ ਹੈ ਕਿ ਇਨ੍ਹਾਂ ਦੀ ਖ਼ਰੀਦ ਲਈ ਤੂੰ ਮੇਰੇ ’ਤੇ ਨਿਰਭਰ ਹੈਂਉਹ ਅਹਿਸਾਨ ਕਰਦਾ ਦਿਖਾਉਂਦਾ ਹੈਇਸੇ ਕਰ ਕੇ ਵਪਾਰੀ ਤੰਗ ਕਰ-ਕਰ ਕੇ ਫ਼ਸਲ ਚੁੱਕਦਾ ਹੈ, ਨਖ਼ਰੇ ਕਰਦਾ ਹੈ ਤੇ ਨੁਕਸ ਕੱਢਦਾ ਹੈ ਅਤੇ ਅਦਾਇਗੀ ਵਿੱਚ ਦੇਰੀ ਕਰਦਾ ਹੈਆਪਣੇ ਭਾਈਚਾਰੇ ਕੋਲੋਂ ਖੇਤੀ ਦੇ ਸੰਦ ਅਤੇ ਹੋਰ ਸਹਾਇਕ ਸਾਮਾਨ; ਖਾਦ ਤੇ ਦਵਾਈਆਂ ਆਦਿ ਖ਼ਰੀਦਣ ਲਈ ਮਜਬੂਰ ਕਰਦਾ ਹੈ ਤੇ ਕਰਜ਼ਾ ਲੈਣ ਦੇ ਜਾਲ ਵਿੱਚ ਫਸਾਉਂਦਾ ਤੇ ਉਲਝਾਉਂਦਾ ਹੈਇਸਦੇ ਉਲਟ ਸੋਚੋ, ਸਨਅਤ, ਜੋ ਖੇਤੀ ’ਤੇ ਨਿਰਭਰ ਹੈ, ਕਿਸਾਨ ਮਨ੍ਹਾਂ ਕਰ ਦੇਵੇ ਕਿ ਜਾਹ, ਹੈ ਨਹੀਂ ਫ਼ਸਲ, ਤਾਂ ਫੈਕਟਰੀਆਂ ਬੰਦ ਨਹੀਂ ਹੋ ਜਾਣਗੀਆਂ? ਪਰ ਇਹ ਵਿਵਸਥਾ ਬਣੀ ਨਹੀਂ ਜਾਂ ਕਿ ਬਣਨ ਨਹੀਂ ਦਿੱਤੀ ਗਈ, ਕਿਉਂ ਜੁ ਸੱਤਾ ਹੀ ਸਰਮਾਏਦਾਰ ਦੇ ਹੱਥ ਹੈ ਜਾਂ ਉਸ ਨੇ ਹੀ ਆਪਣੇ ਚਹੇਤੇ ਨੁਮਾਇੰਦੇ ਬਿਠਾਏ ਹੋਏ ਹਨ

ਖ਼ੈਰ, ਇਹ ਵੈਸੇ ਵੀ ਹੈਰਾਨੀਜਨਕ ਹੈ ਕਿ ਕਿਸਾਨ ਖ਼ਰਚ ਕਰ ਕੇ, ਫ਼ਸਲ ਪੈਦਾ ਕਰ ਕੇ, ਆਪਣੀ ਲਾਗਤ ਨੂੰ ਮੱਦੇ-ਨਜ਼ਰ ਰੱਖਦਾ ਹੋਇਆ ਆਪਣੀ ਜਿਣਸ ਦਾ ਭਾਅ ਤੈਅ ਨਹੀਂ ਕਰ ਸਕਦਾਜੇਕਰ ਲੱਗਦਾ ਹੈ ਕਿ ਕਿਸਾਨੀ ਦਾ ਸੰਕਟ ਕੋਈ ਮਸਲਾ ਨਹੀਂ ਹੈ, ਜਿਸ ਨੂੰ ਏਨੀ ਗੰਭੀਰਤਾ ਨਾਲ ਲਿਆ ਜਾਵੇ, ਤਾਂ ਇਸਦਾ ਦੂਸਰਾ ਪਹਿਲੂ ਕਿਸਾਨਾਂ ਵਿੱਚ ਖ਼ੁਦਕੁਸ਼ੀਆਂ ਕਿਉਂ ਹਨ? ਖੇਤ ਮਜ਼ਦੂਰਾਂ ਜਾਂ ਨਿਮਨ ਕਿਸਾਨੀ ਵਿੱਚ ਰਹਿੰਦੇ ਲੋਕਾਂ ਦੇ ਪਰਵਾਰਾਂ ਵਿੱਚ ਭੁੱਖਮਰੀ ਅਤੇ ਕੁਪੋਸ਼ਣ ਦੀ ਮਾਤਰਾ ਵੱਡੇ ਪੈਮਾਨੇ ’ਤੇ ਕਿਉਂ ਹੈ? ਕਾਰਪੋਰੇਟ ਸੈਕਟਰ ਹਰ ਸਾਲ ਪ੍ਰਫੁੱਲਤ ਹੋ ਰਿਹਾ ਹੈ ਤੇ ਉਸ ਦੇ ਦਫ਼ਤਰਾਂ ਵਿੱਚ ਹਰ ਸਾਲ ਵਾਧਾ ਕਿਉਂ ਹੋ ਰਿਹਾ ਹੈ? ਉਹ ਦੀਵਾਲੀਆ ਐਲਾਨ ਹੋ ਰਿਹਾ ਹੈ, ਪਰ ਉਸ ਦੇ ਚਿਹਰੇ ਦੀ ਲਾਲੀ ਬਰਕਰਾਰ ਰਹਿੰਦੀ ਹੈ

ਕਿਸਾਨਾਂ ਦੀ ਮੰਦੀ ਹਾਲਤ ਨੂੰ ਇੱਕ ਹੋਰ ਪੱਖ ਤੋਂ ਵੀ ਸਮਝਿਆ ਜਾ ਸਕਦਾ ਹੈਸੱਤਵੇਂ ਦਹਾਕੇ ਦੌਰਾਨ ਜੋ ਤਨਖ਼ਾਹ ਕੋਈ ਨੌਕਰੀਸ਼ੁਦਾ ਲੈਂਦਾ ਸੀ, ਲਗਾਤਾਰ ਪੇ-ਕਮਿਸ਼ਨਾਂ ਅਤੇ ਮਹਿੰਗਾਈ ਭੱਤੇ ਦੇ ਤਹਿਤ, ਉਹ ਅੱਜ 150 ਤੋਂ 200 ਗੁਣਾਂ ਵਧੀ ਹੈ, ਸੌ ਗੁਣਾਂ ਤਾਂ ਹੋਈ ਹੀ ਹੈ, ਜਦੋਂ ਕਿ ਕਿਸਾਨਾਂ ਦੀ ਜਿਣਸ ਦਾ ਭਾਅ ਇਸ ਸਮੇਂ ਦੌਰਾਨ 50 ਗੁਣਾਂ ਵੀ ਨਹੀਂ ਵਧਿਆਇਸੇ ਤਰ੍ਹਾਂ ਕਿਸਾਨ ਲਈ ਲੋੜੀਂਦਾ ਸਾਮਾਨ; ਬੀਜ, ਖਾਦਾਂ ਆਦਿ ਵੀ ਕਾਫ਼ੀ ਮਹਿੰਗੇ ਹੋਏ ਹਨ

ਹੁਣ ਜਿਸ ਸਮੇਂ ਕਿਸਾਨ ਦਿੱਲੀ ਵਿੱਚ ਮਾਰਚ ਕਰਨ ਪਹੁੰਚੇ, ਉਸੇ ਸਮੇਂ ਦੌਰਾਨ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਸੰਕਲਪ ਯਾਤਰਾ ਚੱਲ ਪਈ, ਜੋ ਨੌਂ ਦਿਨ ਚੱਲ ਕੇ ਲੋਕਾਂ ਨੂੰ ਰਾਮ ਮੰਦਰ ਦੀ ਉਸਾਰੀ ਦੀ ਲੋੜ ਬਾਰੇ ਦੱਸੇਗੀਬੀ ਜੇ ਪੀ ਇਸ ਮੁੱਦੇ ਦੇ ਸਹਾਰੇ ਸੰਸਦ ਦੀਆਂ ਦੋ ਸੀਟਾਂ ਤੋਂ 280 ਤੱਕ ਪਹੁੰਚੀ ਹੈ ਤੇ ਬਹੁ-ਗਿਣਤੀ ਵਿੱਚ ਹੋਣ ਤੋਂ ਬਾਅਦ ਕਿਸੇ ਠੋਸ ਫ਼ੈਸਲੇ ’ਤੇ ਨਹੀਂ ਪਹੁੰਚ ਸਕੀਇਸ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਬੀ ਜੇ ਪੀ ਖ਼ੁਦ ਇਸ ਮੁੱਦੇ ਨੂੰ ਸੁਲਝਾਉਣ ਦੀ ਬਜਾਏ ਲਮਕਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੀ ਹੈ

ਇਸ ਮੁੱਦੇ ਨੂੰ, ਜੇਕਰ ਸੰਵਿਧਾਨ ਤੋਂ ਉੱਪਰ ਨਹੀਂ, ਤਾਂ ਸੰਵਿਧਾਨ ਤੋਂ ਅਲੱਗ ਆਸਥਾ ਦੇ ਨਾਂਅ ’ਤੇ ਉਭਾਰਿਆ ਜਾ ਰਿਹਾ ਹੈ ਤੇ ਵਾਰ-ਵਾਰ 125 ਕਰੋੜ ਜਨਤਾ ਦਾ ਵਾਸਤਾ ਦਿੱਤਾ ਜਾਂਦਾ ਹੈਆਸਥਾ ਸ਼ਬਦ ਦੇ ਭਾਵ ਬੜੇ ਵਿਸ਼ਾਲ ਹਨ, ਪਰ ਜਿਸ ਢੰਗ ਨਾਲ ਇਸ ਮੁੱਦੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਇਹ ਬਹੁ-ਗਿਣਤੀ ਦੇਸ਼ ਵਾਸੀਆਂ ਸਮੇਤ ਆਸਥਾ ਸ਼ਬਦ ਨੂੰ ਸੱਟ ਮਾਰਦਾ ਹੈ

ਕਿਸਾਨਾਂ ਦਾ ਅੰਦੋਲਨ, ਜੇਕਰ ਜ਼ਿਆਦਾ ਨਾ ਵੀ ਕਹੀਏ, ਦੇਸ਼ ਦੀ ਅੱਧੀ ਆਬਾਦੀ ਨੂੰ ਸਿੱਧੇ ਤੌਰ ’ਤੇ ਪ੍ਰਭਾਵਤ ਕਰਦਾ ਹੈਜਿਨ੍ਹਾਂ ਨੇ ਵੀ ਦਿੱਲੀ ਅਤੇ ਨਾਸਿਕ-ਮੁੰਬਈ ਦੇ ਮਾਰਚ ਦੇਖੇ ਹਨ, ਉਹ ਸਥਿਤੀ ਨੂੰ ਸਮਝ ਸਕਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਬਦਹਾਲ ਹੈਦੇਸ਼ ਦੇ ਕਿਸੇ ਵੀ ਪਿੰਡ, ਇੱਥੋਂ ਤੱਕ ਕਿ ਖ਼ੁਸ਼ਹਾਲ ਕਹਾਉਂਦੇ ਸੂਬੇ ਪੰਜਾਬ ਦੇ ਵੀ, ਜਾ ਕੇ ਦੇਖੋ, ਉਹੀ ਗੰਦਗੀ ਦੇ ਢੇਰ, ਉਹੀ ਟੁੱਟੀਆਂ ਨਾਲੀਆਂ-ਸੜਕਾਂ, ਉਹੀ ਬਦਬੂਦਾਰ ਟੋਭੇ, ਮੱਖੀ-ਮੱਛਰਾਂ ਦੀ ਭਰਮਾਰ ਆਦਿਇਹ ਹਾਲਾਤ ਦਰਸਾ ਦਿੰਦੇ ਹਨ ਕਿ ਕਿਸਾਨ ਕਿੰਨੇ ਕੁ ਸਮਰੱਥ ਹੋਏ ਹਨਇਨ੍ਹਾਂ ਦੀ ਸਾਰ ਕਿਉਂ ਨਹੀਂ ਲਈ ਜਾ ਰਹੀ, ਜਦੋਂ ਕਿ ਰਾਮ ਮੰਦਰ ਦੀ ਮੰਗ ਕਰਨ ਵਾਲਿਆਂ ਦੇ ਚਿਹਰੇ ਚਮਕ ਰਹੇ ਹਨ?

ਰਾਮ ਮੰਦਰ ਦੇ ਨਾਂਅ ਲਈ ਆਸਥਾ, ਪਿਆਰ, ਭਾਈਚਾਰੇ ਦੀ ਗੱਲ ਹੁੰਦੀ ਹੈ, ਪਰ ਬੁਨਿਆਦ ਵਿੱਚ ਹੈ ਹਿੰਸਾ, ਨਫ਼ਰਤ, ਵੰਡਕਿਸਾਨ ਅੰਦੋਲਨ ਵਿੱਚ ਇਸ ਵਾਰੀ ਵਿਦਿਆਰਥੀ ਵੀ ਜੁੜੇ, ਡਾਕਟਰ ਵੀ ਤੇ ਵਕੀਲ ਵੀਲੋਕਾਂ ਨੇ ਸਰਗਰਮੀ ਨਾਲ ਰੋਟੀ, ਪਾਣੀ, ਕੱਪੜਿਆਂ ਦਾ ਇੰਤਜ਼ਾਮ ਕੀਤਾ ਤੇ ਪੱਚੀ-ਤੀਹ ਡਾਕਟਰਾਂ ਨੇ ਦਵਾਈਆਂ ਦਾਰਾਮ ਮੰਦਰ ਦੇ ਅੰਦੋਲਨ ਵਿੱਚ ਸੰਤ ਸਮਾਜ ਤੇ ਹਿੰਦੂ ਸੰਗਠਨ ਹਨ, ਪਰ ਆਮ ਆਦਮੀ ਦੀ ਜ਼ੁਬਾਨ ’ਤੇ ਇਹ ਸਵਾਲ ਜ਼ਰੂਰ ਹੈ ਕਿ ਕੀ ਰਾਮ ਮੰਦਰ ਢਿੱਡ ਵਿੱਚ ਰੋਟੀ ਪਾ ਦੇਵੇਗਾ? ਕੀ ਬੇਰੁਜ਼ਗਾਰੀ ਦਾ ਹੱਲ ਹੋ ਜਾਵੇਗਾ? ਕੀ ਕਿਸਾਨ ਖ਼ੁਦਕੁਸ਼ੀਆਂ ਬੰਦ ਕਰ ਦੇਣਗੇ? ਔਰਤਾਂ ਦੀ ਹੋ ਰਹੀ ਬੇਅਦਬੀ ਅਤੇ ਅਸੁਰੱਖਿਆ ਦੀ ਗੱਲ ਰੁਕ ਜਾਵੇਗੀ?

ਅੰਦੋਲਨ, ਸੰਘਰਸ਼, ਮੁਕਤੀ, ਆਸਥਾ; ਸਾਰੇ ਹੀ ਮਾਣਯੋਗ ਸ਼ਬਦ ਹਨਇਨ੍ਹਾਂ ਨਾਲ ਖਿਲਵਾੜ ਨਾ ਕਰ ਕੇ, ਇਨ੍ਹਾਂ ਸ਼ਬਦਾਂ ਨੂੰ ਮੋਹਰਾ ਨਾ ਬਣਾ ਕੇ, ਆਪਣੇ ਵਿਵੇਕ ਨੂੰ ਨਾਲ ਲੈ ਕੇ ਸੋਚਣ ਦੀ ਲੋੜ ਹੈ ਕਿ ਇੱਕੀਵੀਂ ਸਦੀ ਦੇ ਇਸ ਵਿਗਿਆਨਕ ਯੁੱਗ ਵਿੱਚ ਕਿਸਾਨਾਂ ਦੀ ਮੁਕਤੀ ਨਾਲ ਖੜ੍ਹਨਾ ਹੈ ਜਾਂ ਰਾਮ ਮੰਦਰ ਦੀ ਉਸਾਰੀ ਲਈ ਝੰਡਾ ਬੁਲੰਦ ਕਰਨ ਵਾਲਿਆਂ ਨਾਲ?

*****

(1423)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author