ShyamSDeepti7ਉਹ ਆਪਣੀ ਵਿਚਾਰਧਾਰਾ ਵਿੱਚ ਜਿਸ ਮਨੁੱਖੀ ਸ਼ੈਲੀ ਨੂੰ ਅਪਨਾਉਣ ਦੀ ਗੱਲ ਕਰਦੇ ਹਨ, ਉਹ ਸਭ ਲਈ ...
(24 ਨਵੰਬਰ 2018)

 

ਬਾਬਾ ਨਾਨਕ ਦੀ ਜਦੋਂ ਵੀ ਗੱਲ ਚਲਦੀ ਹੈ, ਤਾਂ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ- ਉਹ ਸਿੱਖਾਂ ਦੇ ਪਹਿਲੇ ਗੁਰੂ ਹਨ ਅਤੇ ਉਹ ਸਿੱਖ ਧਰਮ ਦੇ ਬਾਨੀ ਹਨ, ਜਦੋਂ ਕਿ ਇਨ੍ਹਾਂ ਦੋਵਾਂ ਧਾਰਨਾਵਾਂ ਨੂੰ ਦਰੁਸਤ ਕਰਨ ਦੀ ਲੋੜ ਹੈਬਾਬਾ ਨਾਨਕ ਸਿਰਫ਼ ਸਿੱਖਾਂ ਦੇ ਹੀ ਗੁਰੂ ਨਹੀਂ ਹਨ, ਉਨ੍ਹਾਂ ਨੇ ਆਪਣੇ ਸਮੇਂ ਵਿੱਚ ਪ੍ਰਚਲਿਤ ਹਰ ਉਸ ਧਾਰਮਿਕ ਮੱਤ, ਰੀਤੀ-ਰਿਵਾਜ, ਪਰੰਪਰਾ ਅਤੇ ਕਰਮਕਾਂਡਾਂ ਦਾ ਖੰਡਨ ਕੀਤਾ, ਜੋ ਮਨੁੱਖ-ਵਿਰੋਧੀ ਸੀ ਤੇ ਅਜੋਕੇ ਮਾਹੌਲ ਵਿੱਚ ਵੀ, ਉਨ੍ਹਾਂ ਦੇ ਵਿਚਾਰਾਂ ਬਾਰੇ ਉਸੇ ਸ਼ਿੱਦਤ ਨਾਲ ਲਾਗੂ ਹੁੰਦੀ ਹੈ ਤੇ ਮਨੁੱਖ ਸ਼੍ਰੇਣੀ ਦੇ ਹੱਕ ਵਿੱਚ ਗੱਲ ਕਰਨ ਵਾਲਾ ਮਾਨਵਤਾ ਪੱਖੀ ਰਾਹ ਦਿਖਾਇਆ

ਬਾਬਾ ਨਾਨਕ ਨੂੰ ਸਿੱਖ ਧਰਮ ਨਾਲ ਜੋੜ ਕੇ ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਸੀਮਤ ਕਰਨਾ ਹੈ ਤੇ ਬਹੁਗਿਣਤੀ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਲੈ ਜਾਣਾ ਹੈ, ਜਦੋਂ ਕਿ ਬਾਬਾ ਨਾਨਕ ਦੀ ਵਿਚਾਰਧਾਰਾ ਮਾਨਵਤਾਵਾਦੀ ਹੈ ਤੇ ਪੂਰੀ ਮਨੁੱਖੀ ਜਾਤ ਨੂੰ ਇੱਕ ਸਮਾਨ ਪ੍ਰਭਾਵਿਤ ਕਰਨ ਵਾਲੀ ਹੈਬਾਬਾ ਨਾਨਕ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਵੇਲੇ ਵੀ ਮਹਿਸੂਸ ਕੀਤਾ ਕਿ ਸਾਰੇ ਧਰਮਾਂ, ਜਾਤਾਂ ਅਤੇ ਅਕੀਦਿਆਂ ਦੇ ਲੋਕ ਉਨ੍ਹਾਂ ਨਾਲ ਜੁੜ ਰਹੇ ਹਨਉਨ੍ਹਾਂ ਨੇ, ਉਸ ਸਮੇਂ ਪ੍ਰਚੱਲਿਤ - ਪ੍ਰਚਾਰੇ ਜਾਂਦੇ ਸਾਰੇ ਧਰਮਾਂ ਦਾ ਗਿਆਨ ਹਾਸਲ ਕੀਤਾ, ਵੱਖ-ਵੱਖ ਪ੍ਰਚਾਰਕਾਂ ਅਤੇ ਧਰਮ ਆਗੂਆਂ ਨਾਲ ਗੋਸ਼ਟ ਕੀਤੇ, ਆਪਣੀਆਂ ਵੱਖ-ਵੱਖ ਉਦਾਸੀਆਂ ਦੌਰਾਨ ਸੰਵਾਦ ਰਚਾਇਆ ਤੇ ਫਿਰ ਆਪਣੇ ਵਿਵੇਕ ਨਾਲ ਇੱਕ ਮਾਨਵਤਾਵਾਦੀ ਜੀਵਨ-ਸ਼ੈਲੀ ਨੂੰ ਲੋਕਾਂ ਸਾਹਮਣੇ ਰੱਖਿਆ ਤੇ ਖ਼ੁਦ ਵੀ ਵੈਸਾ ਹੀ ਜੀਵਨ ਅਪਣਾਇਆਇਸ ਤਰ੍ਹਾਂ ਬਾਬਾ ਨਾਨਕ ਪਰੰਪਰਿਕ ਰੂਪ ਵਿੱਚ ਸਮਝੇ ਅਤੇ ਅਪਣਾਏ ਜਾਂਦੇ ਧਰਮ ਦੇ ਵੀ ਖ਼ਿਲਾਫ਼ ਸਨ

ਬਾਬਾ ਨਾਨਕ ਇਤਿਹਾਸ ਦੇ ਜਿਸ ਦੌਰ ਵਿੱਚ ਪੈਦਾ ਹੋਏ, ਉਸ ਸਮੇਂ ਨੂੰ ਆਪਾਂ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੇ ਨਿਘਾਰ ਦਾ ਸਮਾਂ ਕਹਿ ਸਕਦੇ ਹਾਂਮੁਗ਼ਲਾਂ ਦਾ ਰਾਜ ਅਤੇ ਮੁਸਲਿਮ ਧਰਮ ਦੀਆਂ ਕਠੋਰ ਰਿਵਾਇਤਾਂ, ਵੈਦਿਕ-ਧਰਮ ਦਾ ਤਰਕਹੀਣ ਜੀਵਨ ਸੱਭਿਆਚਾਰ, ਪਖੰਡ ਅਤੇ ਜਾਤ-ਪਾਤ ਦਾ ਅਣਮਨੁੱਖੀ ਵਰਤਾਰਾ ਅਤੇ ਲੋਕਾਂ ਵਿੱਚ ਵਹਿਮਾਂ-ਭਰਮਾਂ ਭਰਿਆ ਜੀਵਨ ਸਿਖ਼ਰਾਂ ’ਤੇ ਸੀਮੜ੍ਹੀਆਂ-ਮਸਾਣਾਂ ’ਤੇ ਮੱਥੇ ਟੇਕਣੇ, ਮੂਰਤੀਆਂ ਦੇ ਅੱਗੇ ਆਪਣੇ ਦੁੱਖਾਂ ਦਾ ਰੋਣਾ-ਧੋਣਾ ਤੇ ਆਪਣੇ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਦੀ ਦੁਹਾਈ ਦੇਣੀਬ੍ਰਾਹਮਣਾਂ ਅਤੇ ਕਸ਼ਤਰੀ ਵਰਗ ਦਾ ਹੇਠਲੇ ਵਰਗ ’ਤੇ ਜ਼ੁਲਮ ਅਤੇ ਸ਼ੋਸ਼ਣਲੋਕਾਂ ਵਿੱਚ ਪਿਛਲੇ ਜਨਮਾਂ ਦੇ ਕਰਮਾਂ ਨੂੰ ਭੋਗਣ ਦਾ ਭੰਬਲਭੂਸਾ ਆਦਿ, ਅਨੇਕਾਂ ਤਰ੍ਹਾਂ ਦਾ ਹਨੇਰਾ ਫੈਲਿਆ ਹੋਇਆ ਸੀ

ਗੁਰਬਾਣੀ ਅਨੁਸਾਰ:

ਸਚੁ ਕਿਨਾਰੇ ਰਹਿ ਗਿਆ
ਖਹਿ ਮਰਦੇ ਬਾਮ੍ਹਣਿ ਮਉਲਾਣੇ

(ਵਾਰ 1: 21)

ਬਾਬਾ ਨਾਨਕ ਸਮੇਂ ਦੇ ਹੋਰ ਭਗਤੀ ਲਹਿਰ ਦੇ ਗੁਰੂਆਂ ਜਾਂ ਸਮਾਜ-ਸੁਧਾਰਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਮੋਢੀਆਂ ਵਾਂਗ ਸਿਰਫ਼ ਧਾਰਮਿਕ ਜਾਂ ਸਮਾਜ ਸੁਧਾਰਕ ਵੀ ਨਹੀਂ ਸਨ, ਉਹ ਸਿਰਫ਼ ਲੋਕਾਂ ਦੀ ਮੰਦਹਾਲੀ ਦਾ ਚਿਤਰਨ ਕਰਨ ਵਾਲੇ ਨਹੀਂ, ਨਾ ਹੀ ਸਿਰਫ਼ ਫੈਲੇ ਹੋਏ ਪਖੰਡ ਅਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲੇ ਸਨ, ਸਗੋਂ ਇਸ ਤੋਂ ਅੱਗੇ ਇਨ੍ਹਾਂ ਹਾਲਤਾਂ ਵਿੱਚੋਂ ਬਾਹਰ ਆਉਣ ਲਈ ਕਾਰਗਰ ਰਾਹ ਵੀ ਦਿਖਾਉਣ ਵਾਲੇ ਹਨਉਸ ਸਮੇਂ ਦੀ ਭਗਤੀ ਲਹਿਰ ਵਿੱਚੋਂ ਬਾਬਾ ਨਾਨਕ ਹੀ ਰਾਜਨੀਤਕ ਤੌਰ ’ਤੇ ਵੀ ਚੇਤੰਨ ਹਨ ਤੇ ਉਨ੍ਹਾਂ ਨੂੰ ਵੀ ਆਪਣੇ ਪ੍ਰਬੰਧ ਨੂੰ ਲੋਕ ਪੱਖੀ ਨਾ ਬਣਾਉਣ ਲਈ ਕੜੇ ਤੋਂ ਕੜੇ ਲਫ਼ਜ਼ਾਂ ਵਿੱਚ ਸੁਚੇਤ ਕਰਦੇ ਹਨ:

ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥

(ਪੰਨਾ 722)

ਇਹ ਹਿੰਮਤ ਅਤੇ ਦ੍ਰਿੜ੍ਹਤਾ ਬਾਬਾ ਨਾਨਕ ਨੇ ਹੀ ਦਿਖਾਈ, ਜੋ ਕਿ ਉਸ ਸਮੇਂ ਮੁਤਾਬਕ ਬਹੁਤ ਵੱਡੀ, ਅਨੋਖੀ ਅਤੇ ਅਸੰਭਵ ਜਾਪਣ ਵਾਲੀ ਲੱਗਦੀ ਸੀ

ਬਾਬਾ ਨਾਨਕ ਸਿਰਫ਼ ਸਥਿਤੀ ਨੂੰ ਸਾਵਾਂ ਹੋਣ ਲਈ ਉਡੀਕ ਕਰਨ, ਕਿਸੇ ’ਤੇ ਟੇਕ ਲਗਾ ਕੇ ਬੈਠਣ ਲਈ ਨਹੀਂ ਕਹਿੰਦੇ, ਸਗੋਂ ਇਸ ਨੂੰ ਤਬਦੀਲ ਕਰਨ ਲਈ ਉੱਦਮ ਕਰਨ ਲਈ ਪ੍ਰੇਰਦੇ ਹਨਜਿਵੇਂ ਕਿ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥

(ਪੰਨਾ 1245)

ਇਸ ਤਰ੍ਹਾਂ ਬਾਬਾ ਨਾਨਕ ਇਨਕਲਾਬੀ ਹਨ, ਜੋ ਤਬਦੀਲੀ ਲਈ ਪ੍ਰੇਰਦੇ ਹਨ ਤੇ ਖ਼ੁਦ ਉਸ ਦਾ ਹਿੱਸਾ ਵੀ ਬਣਦੇ ਹਨ

ਭਾਵੇਂ ਕਿ ਸਮੇਂ ਦਾ ਸੱਚ ਹੈ ਕਿ ਮਨੁੱਖੀ ਹੋਂਦ ਵਿੱਚ ਕੁਰਲਾਹਟ ਅਤੇ ਬੇਚੈਨੀ, ਇੱਕ ਸੀਮਾ ਤੋਂ ਅੱਗੇ, ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤਾਂ ਮਨੁੱਖ ਦੀ ਤਰਕਸ਼ੀਲ ਬੁੱਧੀ ਸਵਾਲ ਤਾਂ ਕਰਦੀ ਹੈਇਹ ਸਵਾਲ ਪਹਿਲਾਂ ਖ਼ੁਦ ਨਾਲ ਹੁੰਦੇ ਹਨ ਤੇ ਫਿਰ ਇਹ ਮਿਲ ਕੇ ਆਵਾਜ਼ ਬਣਦੇ ਹਨ ਤੇ ਕਈ ਵਾਰ ਕੋਈ ਇਕੱਲਾ ਕਾਰਾ ਵੀ ਲੋਕਾਂ ਦੀ ਬੇਚੈਨੀ ਨੂੰ ਆਵਾਜ਼ ਦਿੰਦਾ ਹੈ

ਬਾਬਾ ਨਾਨਕ ਦਾ ਸੋਚਣ-ਵਿਚਾਰਨ ਦਾ ਤਰੀਕਾ ਸਭ ਨਾਲੋਂ ਵਿਲੱਖਣ ਅਤੇ ਵੱਖਰਾ ਸੀਉਨ੍ਹਾਂ ਦਾ ਸਾਰਾ ਫ਼ਲਸਫ਼ਾ ਮਨੁੱਖ ਦੇ ਹੱਕ ਵਿੱਚ ਭੁਗਤਣ ਵਾਲਾ ਹੈਬਾਬਾ ਨਾਨਕ ਨੂੰ, ਜੋ ਕੋਈ ਵੀ, ਜਿੱਥੇ ਕਿਤੇ ਵੀ, ਜ਼ੁਲਮ ਅਤੇ ਜ਼ਿਆਦਤੀ ਦਾ ਸ਼ਿਕਾਰ ਨਜ਼ਰ ਮਿਲਿਆ, ਉਨ੍ਹਾਂ ਨੇ ਉਸ ਦੀ ਅਣਮਨੁੱਖੀ ਜ਼ਿੰਦਗੀ ਦਾ ਕਾਰਨ ਜਾਣਿਆਉਹ ਹਰ ਉਸ ਪੀੜਤ ਵਿਅਕਤੀ ਨਾਲ ਖੜ੍ਹੇ ਅਤੇ ਉਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਸਮਾਜ ਅਤੇ ਤਬਕੇ ਦਾ ਸੀਇਸੇ ਤਰ੍ਹਾਂ ਉਨ੍ਹਾਂ ਨੇ ਹਰ ਉਹ ਧਿਰ, ਜੋ ਕਿ ਲੋਕਾਂ ਦੀ ਅਜਿਹੀ ਹਾਲਤ ਲਈ ਜ਼ਿੰਮੇਵਾਰ ਨਜ਼ਰ ਆਈ, ਚਾਹੇ ਉਹ ਪੰਡਤ-ਮੁੱਲਾ ਸੀ, ਚਾਹੇ ਜੋਗੀ, ਨਾਥ ਜਾਂ ਤਾਂਤਰਿਕ ਅਤੇ ਨਾਲ ਹੀ ਰਾਜਨੀਤਕ ਪ੍ਰਬੰਧ ਨਾਲ ਜੁੜੇ ਲੋਕ, ਸਭ ਨੂੰ ਇੱਕੋ ਕਟਹਿਰੇ ਵਿੱਚ ਖੜ੍ਹਾ ਕੀਤਾਉਨ੍ਹਾਂ ਨੇ ਕਿਸੇ ਵੀ ਅਜਿਹੀ ਧਿਰ ਦੇ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕਰਨ ਵਿੱਚ ਗੁਰੇਜ਼ ਨਹੀਂ ਕੀਤਾ

ਬਾਬਾ ਨਾਨਕ ਦੇ ਫ਼ਲਸਫ਼ੇ ਵਿੱਚ ਕੇਂਦਰੀ ਨੁਕਤਾ ਹੈ- ਬਰਾਬਰੀਉਹ ਆਪਣੀ ਵਿਚਾਰਧਾਰਾ ਵਿੱਚ ਜਿਸ ਮਨੁੱਖੀ ਸ਼ੈਲੀ ਨੂੰ ਅਪਨਾਉਣ ਦੀ ਗੱਲ ਕਰਦੇ ਹਨ, ਉਹ ਸਭ ਲਈ ਇੱਕੋ ਜਿਹੀ ਹੈਰਾਜਿਆਂ, ਮਹੰਤਾਂ, ਕਾਜ਼ੀਆਂ ਲਈ ਵੱਖਰੀ ਅਤੇ ਹੋਰ ਜਾਤਾਂ ਲਈ ਵੱਖਰੀ ਨਹੀਂ ਹੈਇਸ ਲਈ ਬਾਬਾ ਨਾਨਕ ਕਰਮਾਂ ਦੇ ਫ਼ਲਸਫ਼ੇ ’ਤੇ ਕੜਾ ਵਾਰ ਕਰਦੇ ਹਨ ਤੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨਉਨ੍ਹਾਂ ਦਾ ਮਤ ਹੈ ਕਿ ਪਿਛਲੇ ਜਨਮਾਂ ਦੇ ਕਰਮ ਕੋਈ ਫ਼ੈਸਲਾ ਨਹੀਂ ਕਰਦੇ, ਇਸ ਜਨਮ ਵਿੱਚ ਕੀਤੀ ਕਿਰਤ ਹੀ ਸਭ ਤੋਂ ਪ੍ਰਮੁੱਖ ਹੈਨਾਲ ਹੀ ਉਹ ਕਿਰਤ ਨੂੰ ਸੱਚ, ਨੇਕੀ ਅਤੇ ਦੂਸਰੇ ਦਾ ਹੱਕ ਮਾਰ ਕੇ ਹਾਸਲ ਨਾ ਕੀਤੀ ਜਾਵੇ, ਦੀ ਸਦੀਵੀ ਗੱਲ ਵੀ ਕਰਦੇ ਹਨਉਹ ਜਨਮ ਤੋਂ ਹੀ ਪਿਤਾ-ਪੁਰਖੀ ਕਿੱਤੇ ਨਾਲ ਜੁੜਦੀ ਪਛਾਣ ਨੂੰ ਵੀ ਮਾਨਤਾ ਨਹੀਂ ਦਿੰਦੇਇਸ ਤਰ੍ਹਾਂ ‘ਕਿਰਤ’ ਬਾਬੇ ਨਾਨਕ ਦਾ ਪ੍ਰਮੁੱਖ ਫ਼ਲਸਫ਼ਾ ਹੈ, ਜੋ ਜੀਵਨ ਅਤੇ ਸਮਾਜਿਕ ਤਬਦੀਲੀ ਲਈ ਲੋੜੀਂਦਾ ਹੈ

ਬਾਬਾ ਨਾਨਕ ਦੀ ਵਿਚਾਰਧਾਰਾ ਵਿੱਚ ਜੋ ਪ੍ਰਮੁੱਖ ਤੱਤ ਹਨ- ਉਹ ਹਨ ‘ਕਿਰਤ’ ਅਤੇ ‘ਕੁਦਰਤ’ਬਾਬਾ ਨਾਨਕ ਆਪਣੇ ਆਲੇ-ਦੁਆਲੇ ਦਿਸਦੀ, ਇਸ ਸੰਸਾਰ ਦੀ ਭਰਪੂਰਤਾ, ਭਰਵੀਂ-ਰੰਗ ਬਿਰੰਗ ਕੁਦਰਤ ਨੂੰ, ਹੋਰ ਧਰਮਾਂ ਵਾਂਗ ਮਾਇਆ ਜਾਂ ਭੁਚੱਕਾ-ਭੁਲੇਖਾ ਨਹੀਂ ਮੰਨਦੇਬਾਬਾ ਨਾਨਕ ਲਈ ਇਹ ਕੁਦਰਤ ਸੱਚ ਹੈ ਤੇ ਮਨੁੱਖ ਇਸ ਦਾ ਅਟੁੱਟ ਹਿੱਸਾ ਹੈਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੂਜੇ ਧਰਮਾਂ ਦੇ ਆਗੂ ਧਰਮ ਨੂੰ ਪ੍ਰਚਾਰਦੇ ਹੋਏ ਦੁਨੀਆ ਨੂੰ ਭੁਲੇਖਾ ਕਹਿ ਕੇ, ਮਾਇਆ ਕਹਿ ਕੇ, ਇਸ ਤੋਂ ਕਿਨਾਰਾ ਕਰਨ ਲਈ, ਇਸ ਨੂੰ ਤਿਆਗਣ ਲਈ ਕਹਿੰਦੇ ਹਨਇੱਥੋਂ ਤੱਕ ਕਿ ਪਰਿਵਾਰ ਅਤੇ ਆਪਸੀ ਰਿਸ਼ਤਿਆਂ ਨੂੰ ਵੀ ਅਹਿਮੀਅਤ ਨਹੀਂ ਦਿੰਦੇ ਅਤੇ ਸਿਰਫ਼ ਤੇ ਸਿਰਫ਼ ਨਿੱਜ ਤੱਕ ਹੀ ਕੇਂਦਰਿਤ ਕੀਤਾ ਹੈ, ਜਿਸ ਨਾਲ ਸਵਾਰਥ ਭਾਰੂ ਹੁੰਦਾ ਹੈ, ਪਰ ਬਾਬਾ ਨਾਨਕ ਲੋਕਾਂ ਨੂੰ ਕੁਦਰਤ ਦੀ ਸੱਚਾਈ ਨਾਲ ਜਾਣੂ ਕਰਵਾਉਂਦੇ ਤੇ ਜੋੜਦੇ ਹਨ ਤੇ ਇਸਦਾ ਹਿੱਸਾ ਬਣਨ ਤੇ ਕੁਦਰਤ ਨਾਲ ਆਪਣੇ-ਆਪ ਨੂੰ ਇੱਕ-ਮਿੱਕ ਹੋਣ ਲਈ ਪ੍ਰੇਰਦੇ ਹਨਉਨ੍ਹਾਂ ਨੇ ਗਿਆਨ ਹਾਸਲ ਕਰਨ ਲਈ ਉਦਾਸੀਆਂ ਵੀ ਕੀਤੀਆਂ, ਸੰਸਾਰ ਵਿੱਚ ਮੁੜ ਵਾਪਸੀ ਕਰ ਕੇ, ਗਿਆਨ ਵੀ ਵੰਡਿਆ ਤੇ ਖੁਦ ਕਿਰਤ ਕੀਤੀ ਤੇ ਖੇਤਾਂ ਵਿੱਚ ਹਲ ਚਲਾਇਆਆਪਣੇ ਵਿਚਾਰਕ-ਪ੍ਰਚਾਰਕ ਸਮੇਂ ਤੋਂ ਹੀ ਕਿਰਤ ਕਰ ਕੇ ਗ੍ਰਹਿਸਥ ਜੀਵਨ ਜੀਉਣ ਦੀ ਉਦਾਹਰਨ ਬਣੇਉਨ੍ਹਾਂ ਨੇ ਕਿਸੇ ਦੂਰ-ਦਰਾਜ, ਸੁੰਨਸਾਨ ਜੰਗਲ ਵਿੱਚ ਜਾ ਕੇ ਤਪ ਕਰਨ ਅਤੇ ਹੋਰਾਂ ਤੋਂ ਮੰਗ ਕੇ ਪੇਟ ਭਰਨ ਦੀ ਥਾਂ, ਇਸ ਗਤੀਸ਼ੀਲ ਜੀਵਨ ਅਤੇ ਕੁਦਰਤ ਨੂੰ ਮਾਣ ਦਿੱਤਾ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਸਰਗਰਮੀ ਨਾਲ ਹਿੱਸਾ ਬਣਾਇਆ

ਕੁਦਰਤ ਦੀਆਂ ਹੀ ਸੌਗਾਤਾਂ ਨੇ, ਜਿਸ ਨੂੰ ਮਨੁੱਖ ਕਿਰਤ ਨਾਲ, ਹੱਥੀਂ ਕੰਮ ਕਰ ਕੇ ਮਾਣਨਯੋਗ ਬਣਾਇਆ ਹੈਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਮਨੁੱਖ ਨੇ ਕੁਦਰਤ ਨੂੰ ਸਮਝਿਆ ਅਤੇ ਜਾਣਿਆ ਤੇ ਫਿਰ ਪੈਦਾਵਾਰੀ ਹੋਇਆਮਨੁੱਖੀ ਸਰੀਰ ਦੀ ਬਣਤਰ ਦਾ ਵਿਕਾਸ ਵੀ ਕੁਦਰਤ ਵਿੱਚ ਰਹਿ-ਖਹਿ ਕੇ ਹੋਇਆਇਸ ਬਣਤਰ ਕਾਰਨ ਹੀ ਮਨੁੱਖ ਨੇ ਸੰਦ ਬਣਾਏ ਅਤੇ ਆਪਣੇ ਪੈਦਾਵਾਰੀ ਸੰਕਲਪ ਵਿੱਚ ਸੁਧਾਰ ਕੀਤਾਇਸ ਲਈ ਬਾਬਾ ਨਾਨਕ ਨੇ ਕਿਰਤ ਦੀ ਮਹੱਤਤਾ ਸਮਝੀ ਤੇ ਪ੍ਰਮੁੱਖਤਾ ਦੇ ਤੌਰ ’ਤੇ ਇਸ ਨੂੰ ਲੋਕਾਂ ਸਾਹਮਣੇ ਰੱਖਿਆਕੁਦਰਤ ਦਾ ਇੱਕ ਹੋਰ ਅਹਿਮ ਪੱਖ ਹੈ ਕਿ ਉਸ ਵਿੱਚ ਕਿਤੇ ਵੀ ਵਿਤਕਰੇ ਦਾ ਭਾਵ ਨਹੀਂ ਹੈ, ਉਹ ਇਸ ਸ੍ਰਿਸ਼ਟੀ ਦੇ ਸਾਰੇ ਜੀਵਾਂ ਲਈ, ਪੌਦਿਆਂ ਤੱਕ, ਮਾਂ-ਪਿਉ ਵਰਗੀ ਪਰਵਰਿਸ਼ ਅਤੇ ਨਰੋਈ ਸਾਂਭ-ਸੰਭਾਲ ਵਰਗਾ ਵਿਵਹਾਰ ਕਰਦੀ ਹੈਤਾਂ ਇਹ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੀ ਗੱਲ ਬਾਬਾ ਨਾਨਕ ਨੇ ਸਭ ਦੇ ਸਾਹਮਣੇ ਰੱਖੀ

ਕੁਦਰਤ ਨੂੰ ਜਾਨਣਾ, ਕਿਰਤ ਕਰਨਾ ਤੇ ਇਸ ਤਰ੍ਹਾਂ ਤਜਰਬਾ ਹੁੰਦਾ ਗਿਆ ਤੇ ਮਨੁੱਖ ਕੋਲ ਗਿਆਨ ਇਕੱਠਾ ਹੋਇਆਕਿਰਤ ਨੇ ਮਨੁੱਖੀ ਦਿਮਾਗ਼ ਨੂੰ ਵੀ ਵਿਕਸਿਤ ਕੀਤਾਬਾਬਾ ਨਾਨਕ ਨੇ ਆਪਣੇ ਸਮੇਂ ਦੌਰਾਨ ਇਹ ਮਹਿਸੂਸ ਕੀਤਾ ਕਿ ਇਹ ਗਿਆਨ ਕੁਝ ਕੁ ਮੁੱਠੀ ਭਰ ਲੋਕਾਂ ਤੱਕ ਸੀਮਤ ਹੈ ਤੇ ਜਿਸ ਗਿਆਨ ਨੇ ਲੋਕਾਂ ਦੀ ਜ਼ਿੰਦਗੀ ਵਿੱਚੋਂ ਡਰ ਖ਼ਤਮ ਕਰਨਾ ਹੁੰਦਾ ਹੈ, ਉਹੀ ਗਿਆਨ ਲੋਕਾਂ ਨੂੰ ਬੁੱਧੂ ਬਣਾਉਣ ਅਤੇ ਭੰਬਲਭੂਸੇ ਵਿੱਚ ਪਾ ਕੇ ਰੱਖਣ ਲਈ ਵਰਤਿਆ ਜਾ ਰਿਹਾ ਹੈਬਾਬਾ ਨਾਨਕ ਨੇ ਤਾਂ ਵਿੱਦਿਆ ਅਤੇ ਗਿਆਨ ਨੂੰ ਪਰਉਪਕਾਰੀ ਕਿਹਾ, ਪਰ ਲੋਕਾਂ ਨੂੰ ਗਿਆਨ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਹਨੇਰੇ ਵਿੱਚ ਧੱਕ ਕੇ, ਅੰਧਵਿਸ਼ਵਾਸ ਵੱਲ ਅਸਾਨੀ ਨਾਲ ਤੋਰਿਆ ਜਾ ਸਕੇਬਾਬਾ ਨਾਨਕ ਨੇ ਗਿਆਨ ਹਾਸਲ ਕਰਨ ਨੂੰ ਬਹੁਤ ਤਰਜੀਹ ਦਿੱਤੀ ਹੈਜ਼ਿੰਦਗੀ ਨੂੰ ਸਾਵਾਂ, ਸੁਖਾਲਾ ਅਤੇ ਵਹਿਮਾਂ-ਭਰਮਾਂ ਦੇ ਜੰਜਾਲ ਤੋਂ ਮੁਕਤ ਕਰਨ ਲਈ ਗਿਆਨ ਹੀ ਕਾਰਗਰ ਹੁੰਦਾ ਹੈਬਾਬਾ ਨਾਨਕ ਨੇ ਗਿਆਨ ਦੇ ਲਈ, ਸਾਰਿਆਂ ਸੋਮਿਆਂ ਤੋਂ ਵੱਧ ‘ਸ਼ਬਦ ਗੁਰੂ’ ਦੀ ਮਹੱਤਤਾ ਨੂੰ ਸਮਝਿਆਗਿਆਨ ਨਾਲ ਸਿਆਣਪ ਦਾ ਵਿਕਾਸ ਹੁੰਦਾ ਹੈ ਅਤੇ ਸਿਆਣਪ ਨਾਲ ਗਿਆਨ ਦੀ ਤਲਾਸ਼ ਕਰਨ ਵਿੱਚ ਮਦਦ ਮਿਲਦੀ ਹੈਬਾਬਾ ਨਾਨਕ ਸਿਆਣਪ, ਅਕਲਮੰਦੀ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਹਨ:

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ
।।
ਨਾਨਕ ਆਖੇ ਰਾਹੁ ਏਹੁ ਹੋਰ ਗਲਾਂ ਸੈਤਾਨੁ॥

(ਪੰਨਾ 1245)

ਇਸ ਤਰ੍ਹਾਂ ਕੁਦਰਤ, ਕਿਰਤ ਅਤੇ ਗਿਆਨ ਮਨੁੱਖ ਦੀ ਹੋਣੀ ਨੂੰ ਬਦਲਣ ਵਾਲੇ ਹਨ ਤੇ ਮਨੁੱਖ ਦੀ ਮੰਦਹਾਲੀ ਅਤੇ ਮਾੜੀ ਜ਼ਿੰਦਗੀ ਵਿੱਚੋਂ ਛੁਟਕਾਰਾ ਦਿਵਾਉਣ ਵਾਲੇ ਸਾਰਥਕ ਤਰੀਕੇ ਹਨਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਵਿੱਚ ਕਹਿਣੀ, ਕਥਨੀ, ਸੁਭਾਅ, ਵਿਹਾਰ, ਪ੍ਰਚਾਰ, ਰਹਿਣੀ-ਬਹਿਣੀ, ਜੀਵਨ ਜੀਉਣ ਵਿੱਚ ਕਦੇ ਅਲੱਗ-ਅਲੱਗ ਪੈਮਾਨੇ ਨਹੀਂ ਵਰਤੇਇਹ ਗੱਲ ਤਾਂ ਉਭਾਰਨ ਦੀ ਲੋੜ ਪੈਂਦੀ ਹੈ ਕਿ ਉਸ ਸਮੇਂ ਦੇ ਪ੍ਰਚਾਰਕਾਂ, ਸੁਧਾਰਕਾਂ, ਰਾਜ ਪ੍ਰਬੰਧਕਾਂ ਵਿੱਚ ਇਹ ਦੋਗਲਾਪਨ ਬਹੁਤ ਵੱਡੀ ਪੱਧਰ ’ਤੇ ਨਜ਼ਰ ਆਉਂਦਾ ਸੀ ਤੇ ਅੱਜ 550 ਸਾਲ ਬਾਅਦ ਵੀ ਇਹੀ ਵੱਡੀ ਖਾਈ ਬਾਬਾ ਨਾਨਕ ਦੇ ਨਾਮਲੇਵਾ ਕਹਾਉਂਦੇ ਲੋਕਾਂ ਵਿੱਚ ਵੀ ਸਾਫ਼ ਦਿਸਣ ਲੱਗੀ ਹੈ

ਇਸ ਤਰ੍ਹਾਂ ਕਹਿ ਸਕਦੇ ਹਾਂ ਕਿ:

ਬੜਾ ਹੀ ਔਖਾ
ਬਾਬੇ ਨਾਨਕ ਦਾ ਰਾਹ
ਖਹਿੜਾ ਛੱਡ

ਕਿੰਨਾ ਕੁ ਔਖਾ ਹੈ? ... ਇਸ ਤੋਂ ਦੂਰ ਰਹਿਣ ਦੇ ਹੀ ਯਤਨ ਹੁੰਦੇ ਹਨ, ਜਿੱਥੋਂ ਤਕ ਉਨ੍ਹਾਂ ਵਿਚਾਰਾਂ ਅਤੇ ਰਹਿਣੀ-ਬਹਿਣੀ ਦੀ ਗੱਲ ਹੈ

*****

(1402)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author