“ਭਗਵਾਨ ਸਿੰਘ ਢਿੱਲੋਂ ਦੀ ਕਵਿਤਾ ਵਿਚ ਰੋਹ ਵੀ ਹੈ, ਮੋਹ ਵੀ। ਰਸ ਵੀ, ਰਹੱਸ ਵੀ। ਚੇਤਨਾ ਵੀ, ਅਵਚੇਤਨ ਵੀ। ਪਰ, ਬੌਧਿਕ ਭਰਮਜਾਲ ...”
(20 ਨਵੰਬਰ 2018)
ਭਗਵਾਨ ਢਿੱਲੋਂ ਦੇ ਨਾਮ ਤੋਂ ਇੰਜ ਜਾਪਦਾ ਹੈ ਜਿਵੇਂ ਕੋਈ ਆਕੜਖ਼ੋਰ, ਰੋਹਬ-ਦਾਬ ਵਾਲਾ ਫੌਜੀ ਜਾਂ ਪੁਲਿਸ ਅਫਸਰ ਰਿਟਾਇਰ ਹੋ ਕੇ ਜੱਦੀ-ਪੁਸ਼ਤੀ ਜ਼ਮੀਨ ’ਤੇ ਦੇਰ ਤੋਂ ਖੇਤੀ ਕਰ ਰਿਹਾ ਹੋਵੇ। ਉਸਦੀ ਕਵਿਤਾ ਪੜ੍ਹ ਕੇ ਉਹ ਕਿਸੇ ਕਾਲਜ ਜਾਂ ਵਿਸ਼ਵ-ਵਿਦਿਆਲੇ ਵਿਚ ਪੜ੍ਹਿਆ-ਗੁੜ੍ਹਿਆ ਅਤੇ ਸਦੀਆਂ ਤੋਂ ਪੜ੍ਹਾ ਰਿਹਾ ਪ੍ਰੋਫੈਸਰ ਜਾਂ ਸੀਨੀਅਰ ਰੀਡਰ-ਲੈਕਚਰਾਰ ਲਗਦਾ ਹੈ।
ਪਰ ਉਸਨੂੰ ਮਿਲਦਿਆਂ ਇਹ ਸਭ ਭੁਲੇਖੇ ਕਾਫ਼ੂਰ ਹੋ ਜਾਂਦੇ ਨੇ। ਕੱਸਵੀਂ ਛੋਟੀ ਪੱਗ, ਕੱਟੀ ਹੋਈ ਦਾੜ੍ਹੀ, ਸੋਹਣੇ ਚਮਕਦੇ ਦੰਦ, ਚੌੜਾ ਮੱਥਾ, ਛੋਟੀਆਂ ਮਿਕਨਾਤੀਸੀ ਅੱਖਾਂ, ਛਾਂਟਵਾਂ ਸਰੀਰ, ਪਤਲੀਆਂ ਉਂਗਲਾਂ, ਪ੍ਰੈੱਸ ਕੀਤੀ ਹੋਈ ਕਮੀਜ਼ ਤੇ ਪੈਂਟ ਅਤੇ ਹੱਥ ਵਿਚ ਅਜੀਤ ਅਖਬਾਰ, ਕੋਈ ਕਿਤਾਬ, ਇਕ ਛੋਟੀ ਜਿਹੀ ਕਾਪੀ ਜਾਂ ਕੋਈ ਪੈਂਫਲਿਟ। ਪਹਿਲੀ ਨਜ਼ਰੇ ਉਹ ਸਰਕਾਰੀ ਅਦਾਰੇ ਦਾ ਅਦਨਾ ਕਰਮਚਾਰੀ ਲੱਗਦਾ ਹੈ। ਉਸ ਨਾਲ ਗੱਲਾਂ ਕਰੋ, ਤਾਂ ਤੁਸੀਂ ਕਹੋਗੇ, ਨਹੀਂ ਇਹ ਤਾਂ ਕੋਈ ਤਰਕਸ਼ੀਲ ਆ। ਭਗਤ ਲੋਕ, ਨਾਸਤਿਕ ਇਨਸਾਨ, ਜਿਸਦਾ ਦੁਨੀਆਂ ਜਾਂ ਸਮਾਜ ਨਾਲ ਕੋਈ ਵਾਹ-ਵਾਸਤਾ ਨਹੀਂ। ਥੋੜ੍ਹਾ ਚਿਰ ਹੋਰ ਗੱਲਾਂ ਕਰੋ ਤਾਂ ਤੁਸੀਂ ਹੈਰਾਨ ਹੋਵੋਗੇ, ਇਹ ਤਾਂ ਕੋਈ ਇਨਕਲਾਬੀ ਸ਼ਾਇਰ ਹੈ - ਜੋਸ਼ ਨਾਲ ਭਰਿਆ ਹੋਇਆ, ਸਮਾਜ ਅਤੇ ਵਰਤਮਾਨ ਰਾਜ-ਪ੍ਰਬੰਧ ਦਾ ਆਲੋਚਕ।
ਉਹ ਕਦੇ ਢਿੱਲੀ ਜਾਂ ਕੱਚੀ ਗੱਲ ਨਹੀਂ ਕਰਦਾ। ਉਸਦੀ ਬੌਧਿਕ ਸਮਰਥਾ ਸਰੋਤੇ ਨੂੰ ਕਾਇਲ ਕਰਦੀ ਹੈ। ਉਹ ਆਪਣੇ ਭਾਵਪੂਰਤ ਜਜ਼ਬੇ, ਤਰਕਮਈ ਕਥਨਾਂ ਅਤੇ ਢੁੱਕਵੀਆਂ ਮਿਸਾਲਾਂ ਨਾਲ ਕੋਲ ਬੈਠੇ ਨੂੰ ਆਸ਼ਕ ਬਣਾ ਲੈਂਦਾ ਹੈ। ਉਸ ਨਾਲ ਗੱਲ ਕਰੋ, ਜੇਕਰ ਉਸਨੂੰ ਉਸ ਵਿਸ਼ੇ ਬਾਰੇ ਪਤਾ ਹੈ ਤਾਂ ਬੋਲੇਗਾ, ਨਹੀਂ ਤਾਂ ਮੁਆਫ਼ੀ ਮੰਗ ਲਵੇਗਾ। ਪਰ ਕਦੇ ਵਿਚ-ਵਿਚਕਾਰ ਨਹੀਂ। ਮੈਂ ਕਿਹਾ, “ਤੁਸੀਂ ਖੱਬੇ-ਪੱਖੀ ਹੋ ਕਿ ਸੱਜੇ-ਪੱਖੀ?” ਉਹ ਬੋਲਿਆ, “ਮੈਂ ਕੋਈ ਰਾਜਸੀ ਆਗੂ ਨਹੀਂ। ਮਾਰਕਸਵਾਦ ਬਾਰੇ ਮੇਰੀ ਸਮਝ ਪੇਤਲੀ ਹੈ। ਮੈਂ ਦਾਸ ਕੈਪੀਟਲ ਜਾਂ ਕਮਿਊਨਿਸਟ ਮੈਨੀਫੈਸਟੋ ਨਹੀਂ ਪੜ੍ਹੇ। ਉਂਜ, ਮੈਂ ਸਮਾਜਵਾਦ ਦਾ ਹਾਮੀ ਹਾਂ। ਸਭ ਲਈ ਨਿਆਂ, ਰੁਜ਼ਗਾਰ ਅਤੇ ਮੌਕਿਆਂ ਦੀ ਵਕਾਲਤ ਕਰਦਾ ਹਾਂ।” ਪਰ, ਉਸਦੀ ਸਮਾਜਵਾਦ ਅਤੇ ਖੱਬੇ-ਪੱਖ ਬਾਰੇ ਸਮਝ, ਵਧੇਰੇ ਕਾਮਰੇਡ ਸਾਥੀਆਂ ਅਤੇ ਆਗੂਆਂ ਤੋਂ ਵੱਧ ਅਤੇ ਸਪਸ਼ਟ ਹੈ।
ਪਹਿਲਾਂ-ਪਹਿਲਾਂ ਮੈਂ ਉਸਦਾ ਨਾਮ 1999 ਵਿਚ ਸੁਣਿਆ ਸੀ। ਐੱਮ. ਏ. ਪੰਜਾਬੀ ਕਰਦਿਆਂ ਉਸਦੀਆਂ ਨਜ਼ਮਾਂ ਦਾ ਜ਼ਿਕਰ ਆਧੁਨਿਕ-ਕਾਵਿ ਵਿਚ ਅਕਸਰ ਆਉਂਦਾ ਸੀ। ਨਾਮ ਅਤੇ ਨਜ਼ਮਾਂ ਵਿਲੱਖਣ ਹੋਣ ਕਰਕੇ ਯਾਦ-ਸ਼ਕਤੀ ਵਿਚ ਉੱਕਰ ਗਈਆਂ। ਜਿਵੇਂ:
ਦੁੱਲਾ ਭੱਟੀ ਲਾਲ ਜੈਕਟ ਪਾ ਕੇ
ਅਣਿਆਲੇ ਤੀਰਾਂ ਦਾ ਭੱਥਾ ਉਠਾ ਕੇ
ਪੰਡੀ ਦੇ ਚੌਂਕ ਵਿਚ ਨਗਾਰੇ ਤੇ ਚੋਟ ਲਾ ਕੇ
ਕੰਡਿਆਲੇ ਚੱਬਦੇ ਘੋੜੇ ਨੂੰ ਅੱਡੀ ਲਗਾ ਕੇ
ਮਾਂ ਲੱਧੀ ਦੀਆਂ ਬੱਤੀ ਧਾਰਾਂ ਦੀ ਸਹੁੰ ਖਾ ਕੇ
ਚੱਲ ਤਾਂ ਪਿਆ ਸੀ ਪਿੰਡੀਓਂ ਦੁੱਲਾ
ਅਕਬਰ ਬਾਦਸ਼ਾਹ ਨੂੰ ਵੰਗਾਰਨ
ਮੈਂ ਸਮਝਦਾ ਸੀ ਕਿ ਇਹ ਕੋਈ ਵੱਡਾ ਜਗੀਰਦਾਰ ਹੋਵੇਗਾ, ਜਿਸ ਅੰਦਰ ਆਪਣੇ ਮਜਦੂਰਾਂ ਪ੍ਰਤੀ ਉਸੇ ਤਰ੍ਹਾਂ ਦੀ ਹਮਦਰਦੀ ਦੀ ਭਾਵਨਾ ਜਾਗੀ ਹੋਵੇਗੀ, ਜਿਸ ਤਰ੍ਹਾਂ ਜਰਮਨੀ ਦੇ ਕਾਰਲ ਮਾਰਕਸ ਦੇ ਦਿਲ ਵਿਚ ਆਪਣੇ ਕਾਮਿਆਂ ਪ੍ਰਤੀ ਪੈਦਾ ਹੋਈ ਸੀ! ਜਾਂ ਫਿਰ ਵਿਦੇਸ਼ ਵਿਚ ਰਹਿੰਦਾ ਕੋਈ ਸੌ-ਦੋ ਸੌ ਕਿੱਲਿਆਂ ਦਾ ਮਾਲਕ। ਇਹ ਤਾਂ ਬਾਦ ਵਿਚ ਪਤਾ ਲੱਗਾ ਕਿ ਉਹ ਤਾਂ ਕੇਂਦਰੀ ਖੁਰਾਕ ਵਿਭਾਗ ਤੋਂ ਸੇਵਾ-ਮੁਕਤ ਮੇਰਾ ਗਵਾਂਢੀ ਹੀ ਹੈ। ਮੇਰੇ ਸ਼ਹਿਰ ਜਗਰਾਵਾਂ ਤੋਂ ਸਿਰਫ਼ ਵੀਹ-ਪੱਚੀ ਕਿਲੋਮੀਟਰ ਦੂਰ ਹੈ ਉਸਦਾ ਹਲਵਾਰਾ ਪਿੰਡ।
ਉਸਦੀਆਂ ਦੋ ਕਿਤਾਬਾਂ ਪੜ੍ਹੀਆਂ ਸਨ - 'ਨੀਰੋ ਦੀ ਬੰਸਰੀ' ਅਤੇ 'ਕਾਲਿੰਗਾ'। 'ਉਦਾਸੀ ਹੀਰੇ ਹਿਰਨ ਦੀ' ਨਹੀਂ ਸੀ ਪੜ੍ਹੀ। ਮੇਰੇ ਉੱਤੇ ਬੜਾ ਅਸਰ ਪਿਆ। ਉਸ ਪਿੱਛੋਂ ਉਸ ਬਾਰੇ ਟਾਵਾਂ-ਟਾਵਾਂ ਸੁਣਦਾ ਰਿਹਾ। ਸ਼ਾਇਰ ਅਜੀਤ ਪਿਆਸਾ ਅਕਸਰ ਉਸਦੀਆਂ ਗੱਲਾਂ ਕਰਦਾ। ਫੇਰ ਸਾਹਿਤ ਸਭਾ ਦੇ ਸਲਾਨਾ ਸਮਾਗਮ ’ਤੇ ਸੁਣਿਆ। ਉਸਨੇ ਵਿਆਹ ਸ਼ਾਦੀਆਂ ਤੇ ਨੱਚਣ ਵਾਲੀਆਂ ਲੜਕੀਆਂ ਬਾਰੇ ਲੰਮੀ ਨਜ਼ਮ “ਮੈਰਿਜ ਪੈਲਿਸ ਦੀ ਡਾਂਸਰ” ਸੁਣਾ ਕੇ ਮੇਲਾ ਲੁੱਟ ਲਿਆ ਸੀ। ਨਜ਼ਮ ਦੇ ਬੋਲ ਦੇਰ ਤੱਕ ਮੇਰੇ ਕੰਨਾਂ ਵਿਚ ਗੂੰਜਦੇ ਰਹੇ;
ਮੈਂ ਤਾਂ ਦੁਸ਼ਾਸਨੀ ਨਜ਼ਰਾਂ ਵਿਚ
ਕਸੁੰਭੀ ਦਾ ਕਸੀਰ ਬਣਨਾ ਹੈ
ਤੇ ਚੰਦਨ ਦੀਆਂ ਟਾਹਣਾਂ ਵਲ ਝਾਕਦੇ
ਕਾਲਿਆਂ ਨਾਗਾਂ ਲਈ ਜ਼ਹਿਰੀ ਖੀਰ ਬਣਨਾ ਹੈ।
ਪਰ, ਮੈਂ ਉਸਨੂੰ ਮਿਲਿਆ ਨਹੀਂ ਸੀ। ਸਿਰਫ਼ ਦੇਖਿਆ ਸੀ, ਪੜ੍ਹਿਆ ਸੀ, ਸੁਣਿਆ ਸੀ।
ਉਸਦੀਆਂ ਕਵਿਤਾਵਾਂ ਦੇ ਉੱਚੇ ਅਤੇ ਤਿੱਖੇ ਪੱਧਰ ਕਰਕੇ ਗੱਲ ਕਰਨ ਦਾ ਹੌਸਲਾ ਹੀ ਨਾ ਪਿਆ। ਉਂਞ, ਇਕ-ਦੋ ਵਾਰੀ ਉਸਦੇ ਮੂੰਹ ’ਤੇ ਕਵਿਤਾ ਦੀ ਹਲਕੀ ਜਿਹੀ ਪ੍ਰਸ਼ੰਸਾ ਜ਼ਰੂਰ ਕੀਤੀ। ਮੋਬਾਈਲ ਨੰਬਰ ਸਾਂਝੇ ਕੀਤੇ।
ਜਦੋਂ ਮੈਂ ਪੀ. ਸੀ. ਐੱਸ. ਪ੍ਰੀਖਿਆ ਪਾਸ ਕੀਤੀ ਤਾਂ ਉਸਦਾ ਉਚੇਚਾ ਫੋਨ ਆਇਆ। ਫਿਰ ਇਕ-ਦੋ ਵਾਰ ਮਿਲੇ।
ਗੈਰ-ਰਸਮੀ ਮੁਲਾਕਾਤਾਂ।
ਇਕ ਦਿਨ ਮੈਂ ਫੋਨ ਕੀਤਾ ਕਿ ਮੈਂ ਮਿਲਣਾ ਚਾਹੁੰਦਾ ਹਾਂ। ਛੁੱਟੀ ਸੀ ਪਰ ਮੈਂ ਮੋਗੇ ਗਿਆ ਸੀ। ਭਗਵਾਨ ਕਹਿਣ ਲੱਗਾ ਕਿ ਉਹ ਜਗਰਾਵੀਂ ਆ ਰਿਹਾ। ਗੱਲ ਕੀਤੀ ਤਾਂ ਗਾਣਿਆਂ ਦੀ ਆਵਾਜ਼ ਆ ਰਹੀ ਸੀ। ਉਹ ਉਵੇਂ ਗੱਲ ਕਰਦਾ ਰਿਹਾ। ਮੈਂ ਸੋਚਿਆ, ਆਪਣੀ ਗੱਡੀ ਹੋਵੇਗੀ ਤੇ ਆਵਾਜ਼ ਘੱਟ ਕਰਨੀ ਚਾਹੀਦੀ ਸੀ। ਮੈਂ ਅਜੀਤਵਾਲ ਕੋਲ ਸੀ। ਜਗਰਾਉਂ ਪਹੁੰਚ ਕੇ ਪੁਲ ਹੇਠ ਗੱਡੀ ਲਗਵਾ ਕੇ ਉੱਤਰ ਗਿਆ ਅਤੇ ਫੋਨ ਕਰਕੇ ਭਗਵਾਨ ਨੂੰ ਪੁੱਛਿਆ ਕਿ ਕਿੱਥੇ ਹੋ। ਉਹ ਬੋਲਿਆ, “ਬੱਸ ਗੱਡੀ ਤੋਂ ਉੱਤਰਿਆ ਹਾਂ। ਥ੍ਰੀ-ਵੀਲਰ ਲੈਣ ਲੱਗਾ ਹਾਂ।” ਤੇ ਇਕਦਮ ਫੋਨ ਕੱਟ ਦਿੱਤਾ। ਮੈਂ ਹੱਥ ਮਲਦਾ ਰਹਿ ਗਿਆ। ਉਹ ਬੱਸ ਵਿਚ ਆਇਆ ਸੀ। ਨੇੜੇ ਹੀ ਅਜੀਤ ਅਖਬਾਰ ਦਾ ਦਫ਼ਤਰ ਸੀ, ਜਿੱਥੇ ਅਸੀਂ ਮਿਲੇ। ਕੁਝ ਗੱਲਾਂ ਕੀਤੀਆਂ।
ਮੈਂ ਕਿਹਾ, “ਤੁਸੀਂ ਕਿਹੜੇ ਚੱਕਰਾਂ ਵਿਚ ਪੈ ਗਏ, ਭਗਵਾਨ ਜੀ? ਪੱਤਰਕਾਰੀ ਤੇਜ਼-ਤਰਾਰ ਬੰਦਿਆਂ ਦਾ ਕੰਮ ਅਤੇ ਤੁਸੀਂ ਇਕ ਅਤਿ-ਸੰਵੇਦਨਸ਼ੀਲ ਸ਼ਾਇਰ?” ਢਿੱਲੋਂ ਨੇ ਆਪਣੀਆਂ ਅੱਖਾਂ ਕੋਲ ਹੱਥਾਂ ਨੂੰ ਹੋਰੂੰ ਘੁਮਾਉਂਦਿਆਂ, ਅੱਖਾਂ ਵਿਚ ਆਏ ਹੰਝੂਆਂ ਨੂੰ ਲੁਕੋ ਲਿਆ। ਆਖਣ ਲੱਗਾ, “ਇਹ ਕੰਮ ਮਜਬੂਰੀ ਵੱਸ ਕਰਨਾ ਪੈਂਦਾ। ਜਦੋਂ ਰਿਟਾਇਰ ਹੋਇਆ, ਮੇਰੇ ਕੋਲ ਬਹੁਤ ਪੈਸਾ ਸੀ। ਸਰਦਾਰਨੀ ਨੂੰ ਹੈਪੇਟੇਟਿਸ-ਸੀ ਹੋ ਗਈ। ਡਾਕਟਰਾਂ ਨੇ ਕਹਿ ਦਿੱਤਾ ਕਿ ਉਸਨੇ ਜ਼ਿਆਦਾ ਦੇਰ ਨੀ ਰਹਿਣਾ, ਪਰ ਸਾਡੇ ਮਨ ਵਿਚ ਸੀ ਬਈ ਬੱਚਿਆਂ ਦੇ ਵਿਆਹ ਦੇਖ ਕੇ ਜਾਵੇ। ਸਾਰਾ ਪੈਸਾ ਉਸ ’ਤੇ ਖ਼ਰਚ ਹੋ ਗਿਆ। ਜਦੋਂ ਸਰਦਾਰਨੀ ਨੇ ਅਕਾਲ ਚਲਾਣਾ ਕੀਤਾ, ਮੇਰੇ ਪੱਲੇ ਧੇਲਾ ਵੀ ਨਹੀਂ ਸੀ। ਹਾਰ ਕੇ ਇਹ ਪੱਤਰਕਾਰੀ ਦਾ ਅੱਕ ਚੱਬਣਾ ਪਿਆ। ਇਹ ਵੀ ਬੱਸ ਬਰਜਿੰਦਰ ਭਾਜੀ ਨੂੰ ਪਤਾ ਸੀ, ਮੇਰੀ ਨਾਜ਼ੁਕ ਆਰਥਿਕ ਹਾਲਤ ਦਾ। ਉਹ ਮੈਨੂੰ ਬਤੌਰ ਕਵੀ ਜਾਣਦੇ ਸੀ। ਉਨ੍ਹਾਂ ਦੇ ਕਹਿਣ ’ਤੇ ਅਤੇ ਕਿਰਪਾ ’ਤੇ ਇਹ ਪੱਤਰਕਾਰੀ ਕਰ ਰਿਹਾ ਹਾਂ।” ਉਸਨੇ ਆਪਣੀਆਂ ਅੱਖਾਂ ਵਿਚਲੇ ਹੰਝੂਆਂ ਨੂੰ ਜ਼ਾਹਿਰ ਨਾ ਹੋਣ ਦਿੰਦਿਆਂ ਆਖਿਆ।
ਉਹ ਕਦੇ ਰੱਜ ਕੇ ਨਹੀਂ ਹੱਸਦਾ, ਨਾ ਹੀ ਦੱਬ ਕੇ ਰੋਂਦਾ ਹੈ। ਕਦੇ ਆਪੇ ਤੋਂ ਬਾਹਰ ਨਹੀਂ ਹੁੰਦਾ। ਬੱਸ ਥੋੜ੍ਹਾ ਕੁ ਹੱਸ ਕੇ ਦੂਜੇ ਦੀ ਗੱਲ ਬੜੀ ਤਮੀਜ਼ ਨਾਲ ਕੱਟ ਕੇ ਤਰਕ ਨਾਲ ਕਾਟੀ ਮਰਦਾ ਹੈ। ਸਹਿੰਦੀ-ਸਹਿੰਦੀ ਜਿਹੀ। ਇਹ ਉਸਦਾ ਸਮਾਜਿਕ ਸਮਤੋਲ ਬਣਾਈ ਰੱਖਣ ਦਾ ਸਲੀਕਾ ਹੈ। ਇਹ ਸਲੀਕਾ ਉਸਦੇ ਪਹਿਰਾਵੇ ਵਿਚ, ਉਸਦੀ ਰਫ਼ਤਾਰ ਵਿਚ, ਗੁਫ਼ਤਾਰ ਵਿਚ ਅਤੇ ਦਸਤਾਰ ਵਿਚ ਵੀ ਹੈ। ਇਹ ਉਸਦੀ ਜੀਵਨ-ਜਾਚ ਹੈ, ਆਦਤ ਹੈ, ਅਨੁਸ਼ਾਸਨ ਹੈ। ਉਸ ਕੋਲ ਕਲਾ ਹੈ, ਹੌਸਲਾ ਹੈ, ਸਮਰਥਾ ਹੈ। ਇਸੇ ਦੇ ਸਿਰ ’ਤੇ ਉਸਨੇ ਨਿੱਕੀ ਉਮਰੇ ਨਾਮਣਾ ਖੱਟਿਆ, ਜਵਾਨ ਹੋ ਕੇ ਨੌਕਰੀ ਹਾਸਲ ਕੀਤੀ, ਪਰਿਵਾਰ ਪਾਲਿਆ, ਸਮਾਜਿਕ ਰੁਤਬਾ ਹਾਸਲ ਕੀਤਾ, ਅਤੇ ਇਹੀ ਉਸਦੀ ਪ੍ਰਾਪਤੀ ਹੈ, ਖੁਸ਼ੀ ਹੈ, ਸੰਤੁਸ਼ਟੀ ਦਾ ਸਬੱਬ ਹੈ। ਸਿਹਤ ਸਹੀ ਹੋਵੇ ਜਾਂ ਨਾਸਾਜ਼, ਉਹ ਚਿਹਰੇ ਦੀ ਰੌਣਕ ਕਦੇ ਉੱਡਣ ਨਹੀਂ ਦਿੰਦਾ। ਮਾਨਸਿਕ ਤਣਾਓ ਤਾਂ ਉਹ ਰੱਖਦਾ ਹੀ ਨਹੀਂ। ਮਿਲਣ ਵਾਲੇ ਨੂੰ ਹਮੇਸ਼ਾ ਖਿੜੇ ਮੱਥੇ ਮਿਲਦਾ ਹੈ। ਇਹੋ ਜਿਹੀ ਉਸਦੀ ਕਵਿਤਾ ਹੈ, ਜਿਸ ਵਿਚ ਨਿਰੰਤਰ ਸੰਵਾਦ ਹੈ, ਸੰਤੁਲਨ ਹੈ, ਸੋਹਜ ਹੈ। ਉਸਦੀ ਕਵਿਤਾ ਉਸ ਵਾਂਗ ਹੀ ਤੀਖਣ, ਸੂਖਮ ਅਤੇ ਵਿਸ਼ਾਲ ਮਸਲਿਆਂ ਨੂੰ ਉਠਾਉਂਦੀ ਹੈ, ਉਨ੍ਹਾਂ ਨੂੰ ਰਾਜਸੀ ਜ਼ਰਬ ਕਰਦੀ ਹੈ ਅਤੇ ਜੀਵਨ ਨਾਲ ਖਹਿ ਕੇ ਲੰਘਦੀ ਹੈ। ਇਸਨੂੰ ਪੜ੍ਹਨ ਵਾਲੇ ਵੀ ਤਰਕ, ਗੰਭੀਰਤਾ ਅਤੇ ਧਰਮ-ਨਿਰਪੱਖਤਾ ਦਾ ਪੱਲਾ ਫੜਨ ਵਾਲੇ ਹੀ ਹਨ। ਜ਼ਿੰਦਗੀ ਦੇ ਆਸ਼ਕ।
ਉਸਦਾ ਨਾ ਤਾਂ ਭਗਵਾਨ ਵਿਚ ਕੋਈ ਵਿਸ਼ਵਾਸ ਹੈ ਅਤੇ ਨਾ ਹੀ ਉਸ ਵਿਚ ਢਿੱਲੋਂਆਂ ਵਾਲਾ ਰੋਅਬ-ਦਾਬ ਹੈ। ਨਾਮ ਉਸਦੇ ਵਿਚ ਫੇਰ ਵੀ ਦੋਵੇਂ ਸ਼ਬਦ ਬੋਲਦੇ ਹਨ। ਉਂਞ, ਖੜਕਾ-ਦੜਕਾ ਪੂਰਾ ਓਹਦਾ। ਨਗਾਰੇ ਦੀ ਚੋਟ ਨਾਲ ਗੱਲ ਕਹਿਣ ਵਾਲਾ ਭਗਵਾਨ ਢਿੱਲੋਂ ਪੰਜਾਬੀ ਕਵਿਤਾ ਦੇ ਖੇਤਰ ਵਿਚ ਇਕ ਵੱਡਾ ਨਾਮ ਹੈ। ਉਸਨੂੰ ਦੇਖ ਕੇ ਕੋਈ ਪਹਿਲੀ ਨਜ਼ਰੇ ਇਹ ਨਹੀਂ ਕਹਿ ਸਕਦਾ ਕਿ ਇਹ ਉਹੀ ਢਿੱਲੋਂ ਆ ਜਿਹਦੀਆਂ ਕਵਿਤਾਵਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀ ਚੇਤੇ ਕਰਦੇ ਹਨ, ਪੜ੍ਹਦੇ ਹਨ, ਮੁਤਾਲਿਆ ਕਰਦੇ ਹਨ ਅਤੇ ਉਨ੍ਹਾਂ ’ਤੇ ਵਿਸ਼ਲੇਸ਼ਣ ਕਰਦੇ ਹਨ। ਨਾ ਹੀ ਕੋਈ ਇਹ ਕਹਿ ਸਕਦਾ ਹੈ ਕਿ ਇਹ ਉਹੀ ਢਿੱਲੋਂ ਆ ਜਿਹਦੀਆਂ ਕਵਿਤਾਵਾਂ ਪੜ੍ਹ ਕੇ ਕਾਲਜਾਂ ਦੇ ਵਿਦਿਆਰਥੀ ਯੁਵਕ ਮੇਲਿਆਂ ਦੀਆਂ ਟਰਾਫ਼ੀਆਂ ਆਪਣੇ ਨਾਮ ਕਰਦੇ ਹਨ। ਨਾ ਹੀ ਇਹ ਕਹਿ ਸਕਦਾ ਕਿ ਇਹ ਉਹੀ ਢਿੱਲੋਂ ਆ ਜਿਹਦੀ ਕਵਿਤਾ ਵਿਚ ਲੋਹੜੇ ਦੀ ਬਾਰੀਕੀ ਆ, ਮਿੱਥਾਂ ਇੰਞ ਹਨ, ਜਿਵੇਂ ਸ਼ਰਾਬ ਵਿਚ ਨਸ਼ਾ। ਉਸਦੀ ਕਵਿਤਾ ਵਿਚ ਸੰਵੇਦਨਾ ਹੈ, ਤਿੱਖਾਪਣ ਹੈ, ਜਜ਼ਬਾ ਹੈ। ਉਹ ਆਸੇ-ਪਾਸੇ ਨੂੰ ਬਾਰੀਕ ਨਜ਼ਰ ਨਾਲ ਦੇਖਦਾ ਹੈ, ਅਤੇ ਆਪਣੀ ਕਵਿਤਾ ਵਿਚ ਪੇਸ਼ ਕਰਦਾ ਹੈ।
ਜਿੱਥੇ ਅਗਾਂਹਵਧੂ ਕਹਾਉਣ ਵਾਲੇ ਅਨੇਕ ਕਵੀ ਸਿੱਧੀ-ਪੱਧਰੀ ਤੁਕਬੰਦੀ ਕਰਕੇ ਕਾਵਿ-ਸੰਗ੍ਰਹਿ ਛਪਵਾ ਕੇ, ਚਰਚਾ ਕਰਵਾ ਕੇ, ਤੇ ਉਨ੍ਹਾਂ ਕਵਿਤਾਵਾਂ ਉੱਤੇ ਹੋਰ ਗ੍ਰੰਥ ਲਿਖਵਾ ਕੇ, ਵੱਡੇ ਕਵੀ ਹੋਣ ਦਾ ਭਰਮ ਪਾਲੀ ਬੈਠੇ ਹਨ, ਉੱਥੇ ਭਗਵਾਨ ਢਿੱਲੋਂ ਇਸ ਮੱਕੜਜਾਲ਼ ਤੋਂ ਲਾਂਭੇ ਰਹਿ ਕੇ ਅਜੋਕੇ ਵਰਤਾਰੇ ਤੇ ਵਰਤਮਾਨ ਨੂੰ ਅਤੀਤ ਦੀ ਐਨਕ ਨਾਲ ਦੇਖਦਾ ਅਤੇ ਪੇਸ਼ ਕਰਦਾ ਹੈ। ਅਤੀਤ ਦੀ ਐਨਕ ਉਸਦੀ ਇਕ ਕਾਵਿ-ਜੁਗਤੀ ਹੈ। ਹੈ ਉਹ ਪੂਰੀ ਤਰ੍ਹਾਂ ਆਧੁਨਿਕ, ਤਰਕਵਾਦੀ ਅਤੇ ਸਮਾਜਵਾਦੀ। ਪਰ, ਉਹ ਕੋਈ ਵਾਦ ਜਾਂ ਵਿਸ਼ੇਸ਼ਣ ਲੈ ਕੇ ਤੁਰਨ ਦਾ ਆਦੀ ਨਹੀਂ। ਵੈਸੇ, ਉਸ ਕੋਲ ਐਨੇ ਵਸੀਲੇ ਵੀ ਨਹੀਂ, ਆਦਤ ਵੀ ਨਹੀਂ, ਝਾਕ ਵੀ ਨਹੀਂ। ਕਵਿਤਾ ਉਸ ਲਈ ਸ਼ੌਕ ਹੈ, ਪ੍ਰਤੀਬੱਧਤਾ ਹੈ, ਮਨੋਰਥ ਹੈ।
ਸਾਹਿਤਕ ਸਮਾਗਮਾਂ, ਪੁਸਤਕ ਮੇਲਿਆਂ ਅਤੇ ਲੇਖਕਾਂ ਦੇ ਇਕੱਠਾਂ ਵਿਚ ਅਕਸਰ ਉਹ ਮਿਲਦਾ। ਕਦੇ ਲੁਧਿਆਣੇ, ਕਦੇ ਜਗਰਾਵਾਂ। ਕਦੇ ਸੁਧਾਰ, ਕਦੇ ਹਲਵਾਰੇ। ਹਰ ਸਾਹਿਤਕ ਸਮਾਗਮ ਜਾਂ ਕਵਿਤਾ ਉਤਸਵ ਵਿਚ ਉਸਦੀ ਹਾਜ਼ਰੀ ਵੀ ਲਾਜ਼ਮੀ ਹੁੰਦੀ ਹੈ। ਇਕ ਦਿਨ ਜਗਰਾਉਂ ਗਾਲਿਬ ਕੰਪਲੈਕਸ ਵਿਚ ਮਿਲ ਗਿਆ। ਉਹ ਪੌੜੀਆਂ ਤੋਂ ਉੱਤਰ ਰਿਹਾ ਸੀ। ਮੈਂ ਪੌੜੀਆਂ ਚੜ੍ਹ ਰਿਹਾ ਸੀ। ਉਹ ਅਜੀਤ ਦੇ ਦਫ਼ਤਰ ਵਿਚ ਕੋਈ ਖ਼ਬਰ ਦੇਣ ਗਿਆ ਸੀ। ਮੈਂ ਕਿਹਾ, “ਤੁਸੀਂ ਇੱਥੇ ਖੁਦ ਖ਼ਬਰ ਦੇਣ ਲਈ ਆਉਂਦੇ ਹੋ? ਈ ਮੇਲ ਹੀ ਕਰ ਦਿਆ ਕਰੋ। ਅੱਜ ਕੱਲ੍ਹ ਤਾਂ ਪੰਜਾਹ ਵਸੀਲੇ ਨੇ, ਖ਼ਬਰ ਭੇਜਣ ਦੇ।” ਬੋਲਿਆ, “ਮੈਨੂੰ ਈ ਮੇਲ ਨੀ ਕਰਨੀ ਆਉਂਦੀ। ਨਾਲੇ ਕੋਲ ਬੈਠਾ ਕੇ ਲਿਖਾ ਕੇ ਸੰਤੁਸ਼ਟੀ ਮਿਲਦੀ ਆ। ਇਸ ਬਹਾਨੇ ਬੱਸ ਦਾ ਸਫ਼ਰ ਹੋ ਜਾਂਦਾ। ਮੇਲੇ-ਗੇਲੇ ਹੋ ਜਾਂਦੇ ਆ, ਪੁਰਾਣੇ ਦੋਸਤ-ਮਿੱਤਰਾਂ ਦੇ।”
ਉਸਦੀ ਪਹਿਚਾਣ, ਉਸਦੀ ਛੋਟੀ-ਕੱਸਵੀਂ ਪੱਗ, ਸਧਾਰਣ ਕੱਪੜੇ ਅਤੇ ਅੱਖਾਂ ਵਿਚ ਚੁਸਤੀ ਹੈ। ਵੈਸੇ, ਪਿਛਾਂਹ ਤੋਂ ਦੇਖਿਆਂ ਉਹ 35 ਕੁ ਸਾਲ ਦਾ ਗੱਭਰੂ ਜਾਪਦਾ ਹੈ। ਸਾਹਮਣੇ ਤੋਂ ਦੇਖਣ ਤੋਂ ਮਸਾਂ 45 ਕੁ ਸਾਲ। ਵੈਸੇ, ਉਹ ਭਾਰਤੀ ਖੁਰਾਕ ਕਾਰਪੋਰੇਸ਼ਨ ਤੋਂ ਸੇਵਾਮੁਕਤ ਹੋਇਆ ਹੈ। ਪੋਸਟ ਉਸਦੀ ਕੋਈ ਜ਼ਿਆਦਾ ਵੱਡੀ ਨਹੀਂ ਸੀ, ਪਰ ਕੱਦ ਉਸਦਾ ਸਾਹਿਤ ਦੇ ਖੇਤਰ ਵਿਚ ਬਹੁਤ ਵੱਡਾ ਹੈ।
ਇਕ ਵਾਰ ਭਗਵਾਨ ਮੈਨੂੰ ਭਾਰਤ ਨਗਰ ਚੌਂਕ ਕੋਲ ਮਿਲ ਗਿਆ। ਉਦੋਂ ਪੰਜਾਬ ਵਿਚ ਮਾਹੌਲ ਗਰਮ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਦੀਆਂ ਖ਼ਬਰਾਂ ਨੇ ਮਾਹੌਲ ਵਿਚ ਤੀਲੀ ਲਾ ਦਿੱਤੀ ਸੀ। ਭਗਵਾਨ ਢਿੱਲੋਂ ਉੱਥੇ ਖੜ੍ਹਾ ਸੀ। ਕਹਿਣ ਲੱਗਾ, “ਹਾਂ ਤਾਂ ਮੈਂ ਬ੍ਰਹਮ-ਅਵਸਥਾ ਵਿਚ। ਗੁੱਸਾ ਨਾ ਕਰੀਓ, ਅਫਸਰੋ! ਜੇ ਇਕ ਗੱਲ ਕਹਿਣ ਦੀ ਹਿਮਾਕਤ ਕਰਾਂ?” ਮੈਂ ਕਿਹਾ, “ਤੁਸੀਂ ਬੇਝਿਜਕ ਬੋਲੋ, ਢਿੱਲੋਂ ਸਾਹਿਬ।” ਤੇ ਕਹਿਣ ਲੱਗਾ, “ਵੈਸੇ ਹੈ ਤਾਂ ਹਿਮਾਕਤ ਈ, ਪਰ ਗੁਰੂ ਗ੍ਰੰਥ ਸਾਹਿਬ ਤਾਂ ਖੁਦ ਪਰਵਿਦਗਾਰ ਨੇ, ਖੁਦਾ ਨੇ। ਦੱਸੋ, ਇਨ੍ਹਾਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ਾਂ ਦਾ ਦੁਨੀਆਂ ਦੇ ਮਾਲਕ ਤੇ ਕੋਈ ਅਸਰ ਹੋ ਸਕਦਾ?” ਇਹ ਕਹਿ ਕੇ ਭਗਵਾਨ ਭੀੜ ਵਿਚ ਗੁੰਮ ਹੋ ਗਿਆ। ਮੈਂ ਕਾਫ਼ੀ ਦੇਰ ਤੱਕ ਉਸਦੇ ਕਹੇ ਸ਼ਬਦਾਂ ਬਾਰੇ ਸੋਚਦਾ ਰਿਹਾ।
ਉਹ ਥੋੜ੍ਹਾ ਜਿਹਾ ਕੁੱਬ ਪਾ ਕੇ, ਝੁਕ ਕੇ ਤੁਰਦਾ ਹੈ, ਪਰ ਉਸਦੀ ਤੋਰ ਵਿਚ ਨਜ਼ਾਕਤ ਹੈ, ਰਫ਼ਤਾਰ ਹੈ, ਅੰਦਾਜ਼ ਹੈ। ਜਿਸਮ ਵਿਚ ਮੜ੍ਹਕ ਪੂਰੀ ਹੈ। ਉਸਦੀ ਖੱਬੀ ਅੱਖ ਹੇਠਾਂ ਛੋਟਾ ਜਿਹਾ ਤਿਲ ਉਸਦੀ ਪਹਿਚਾਣ ਹੈ। ਜੇਬ ਵਿਚ ਦੋ ਪੈੱਨ ਉਸਦੀ ਲੋੜ ਹਨ। ਪਤਲੀਆਂ-ਪਤਲੀਆਂ ਉਂਗਲਾਂ। ਛੋਟੀਆਂ ਪਰ ਭਾਵਪੂਰਤ ਅੱਖਾਂ। ਛੀਂਟਕਾ ਸਰੀਰ। ਛੋਟਾ ਜਿਹਾ ਸਿਰ। ਪਰ, ਇਸ ਛੋਟੇ ਜਿਹੇ ਸਿਰ ਵਿਚ ਪਤਾ ਨਹੀਂ ਕਿੰਨਾ ਕੁਝ ਹਮੇਸ਼ਾ ਰਿੱਝਦਾ-ਪੱਕਦਾ ਰਹਿੰਦਾ ਹੈ। ਉਸਨੇ ਬਹੁਤ ਲਿਖਿਆ। ਬਹੁਤ ਛਪਿਆ। ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਤੋਂ ਲੈ ਕੇ ਪਰਮਿੰਦਰ ਦੇ ਅੱਖ਼ਰ ਵਿਚ, ਉਹ ਲਗਭਗ ਹਰ ਸਾਹਿਤਕ ਪੱਤ੍ਰਿਕਾ ਵਿਚ ਛਪਿਆ ਹੈ। ਤੇ, ਛਪਿਆ ਵੀ ਪੂਰੀ ਸ਼ਾਨ ਨਾਲ ਹੈ। ਉਸਦੀਆਂ ਕਾਵਿ-ਪੋਥੀਆਂ ਮਿੱਟੀ ਫਰੋਲਦੀਆਂ ਹਨ। ਇਨ੍ਹਾਂ ਦੇ ਖ਼ਿਆਲ ਸੋਚ-ਲੜੀ ਨੂੰ ਜ਼ਰਬ ਦਿੰਦੇ ਹਨ। ਅੱਖਾਂ ਤੇ ਉਂਗਲਾਂ ਨੂੰ ਘੁਮਾਉਣ ਦੇ ਨਾਲ-ਨਾਲ ਬੋਲਣ ਵੇਲੇ ਉਹ ਹੱਥ ਵੀ ਨਿਰੰਤਰ ਹਿਲਾਉਂਦਾ ਹੈ, ਅਤੇ ਸ਼ਾਇਰੀ ਦੀ ਸਹੁੰ ਖਾ ਕੇ ਗੱਲ ਆਰੰਭ ਕਰਦਾ ਹੈ।
? ਲਿਖਣ ਤੋਂ ਪਹਿਲਾਂ ਦੇ ਪਲ ਕਿਹੋ ਜਿਹੇ ਹੁੰਦੇ ਹਨ?
ਕਾਵਿ-ਸਿਰਜਣਾ ਇਕ ਮੁਕੱਦਸ ਅਮਲ ਹੈ। ਜਦੋਂ ਮਾਨਵੀ ਸਰੋਕਾਰਾਂ ਉਲਟ ਗੱਲ ਮਨ ਤੇ ਫਲੈਸ਼ ਮਾਰਦੀ ਆ, ਤੰਗ ਕਰਦੀ ਆ ਤਾਂ ਤੁਰਦਿਆਂ-ਫਿਰਦਿਆਂ ਕਵਿਤਾ ਔੜ੍ਹਦੀ ਆ। ਨਹੀਂ ਤਾਂ ਸਾਹਿਤ ਨੂੰ ਸਨਅਤ ਬਣਾਉਣ ਵਾਲੇ ਤਾਂ ਲਿਖੀ ਜਾਂਦੇ ਨੇ। ਅਸਲ ਵਿਚ ਅਸੀਂ ਕਵੀਲੋਕ ਨਾਟਕ ਬੜੇ ਕਰਦੇ ਹਾਂ। ਅਖੇ ਲਿਖਣ ਤੋਂ ਪਹਿਲਾਂ ਜੰਮਣ-ਪੀੜਾ ਜਿਹਾ ਮਿੱਠਾ-ਮਿੱਠਾ ਅਹਿਸਾਸ ਹੁੰਦਾ। ਦਰਅਸਲ, ਅਜਿਹਾ ਦਾਅਵਾ ਕਰਨ ਵਾਲੇ ਕਵਿਤਾ ਨਹੀਂ, ਸ਼ਬਦਗਿਰੀ ਕਰਦੇ ਨੇ। ਉਹ ਕਹਿੰਦੇ ਨੇ ਕਿ ਜਦ ਤੱਕ ਕਵਿਤਾ ਆਪਣਾ ਰੂਪ ਨਹੀਂ ਲੈ ਲੈਂਦੀ, ਨੀਂਦ ਨਹੀਂ ਆਉਂਦੀ। ਇਸ ਹਿਸਾਬ ਨਾਲ ਤਾਂ ਮੈਂ ਸਾਰੀ ਉਮਰ ਹੀ ਉਨੀਂਦਰਾ ਰਿਹਾ। ਨਹੀਂ?
? ਤੁਸੀ ਤਾਂ ਦੂਜਿਆਂ ਤੋਂ ਵੱਖਰੇ ਹੋ, ਅਤੇ ਤੁਹਾਡਾ ਜਵਾਬ ਵੀ। ਇਹ ਅੱਡਰਾਪਣ ਕਿਉਂ?
ਮੈਨੂੰ ਹਲਵਾਰਵੀ ਕਹਿੰਦਾ ਹੁੰਦਾ ਸੀ ਬਈ ਲੋਕਾਂ ਲਈ ਲਿਖ। ਡਾ. ਮਨਮੋਹਨ ਨੇ ਇਕ ਵਾਰ ਕਿਹਾ ਸੀ ਕਿ ਜਾਂ ਤਾਂ ਅੱਡਰਾ ਲਿਖੋ, ਨਹੀਂ ਵੱਖਰੇ ਹੋਣ ਤੱਕ ਦੀ ਉਡੀਕ ਕਰੋ। ਬੱਸ ਉਹੀ ਕੌਲ ਨਿਭਾਈ ਜਾ ਰਿਹਾਂ। ਅੱਜ ਲਿਖਿਆ ਤਾਂ ਬਹੁਤ ਕੁਝ ਜਾ ਰਿਹਾ, ਰਚਿਆ ਨਹੀਂ ਜਾ ਰਿਹਾ। ਛਪ ਰਿਹਾ, ਸਿਰਜਿਆ ਨਹੀਂ ਜਾ ਰਿਹਾ। ਜਿਹੋ ਜਿਹੀਆਂ ਅੱਜ ਦੇ ਕਵੀ ਕਵਿਤਾਵਾਂ ਲਿਖ ਕੇ ਕਾਵਿ-ਪੋਥੀਆਂ ਛਪਵਾਈ ਜਾਂਦੇ ਨੇ, ਇਹੋ ਜਿਹੀਆਂ ਮੈਂ ਰਾਤੋ-ਰਾਤ ਕਈ ਲਿਖ ਸਕਦਾਂ। ਪਰ ਚੰਗੀ ਕਵਿਤਾ ਤਾਂ ਸਮਾਂ ਮੰਗਦੀ ਆ। ਸੁਧਾਈ ਮੰਗਦੀ ਆ। ਆਪਣੀ ਰਚਨਾ ਮੁਕੰਮਲ ਕਰਨ ਤੋਂ ਬਾਅਦ, ਉਸਨੂੰ ਇਕ ਦੂਸਰੇ ਬੰਦੇ ਦੀ ਨਜ਼ਰ ਨਾਲ ਪੜ੍ਹੋ। ਹੋ ਸਕੇ, ਤਾਂ ਆਪਣੇ ਦੁਸ਼ਮਣ ਦੀ ਰਚਨਾ ਸਮਝ ਕੇ ਪੜੋ।
? ਫੇਸੱਬੁਕ ਬਾਰੇ।
ਸੋਸ਼ਲ ਮੀਡੀਆ ਰਾਹੀਂ ਅੱਗੇ ਆਉਣ ਵਾਲੇ ਕਵੀ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹਨ। ਉੱਚ-ਕਾਵਿ ਚਿੰਤਨ, ਮੁਤਾਲਿਆ, ਸੁਧਾਈ ਮੰਗਦਾ। ਇਕ ਦਮ ਜੋ ਮਨ ਵਿਚ ਆਇਆ, ਲਿਖਿਆ ਅਤੇ ਪਾਠਕਾਂ ਸਾਹਮਣੇ ਪਰੋਸ ਦਿੱਤਾ - ਇਹ ਤਾਂ ਕਵਿਤਾ ਤਾਂ ਨਾ ਹੋਈ ਨਾਂਹ? ਕੋਈ ਅਖ਼ਬਾਰੀ ਖ਼ਬਰਾਂ ਵਿਚ ਰਹਿ ਕੇ ਆਪਣੇ-ਆਪ ਨੂੰ ਵੱਡਾ ਕਵੀ ਸਮਝੀ ਜਾਂਦਾ ਹੈ, ਕੋਈ ਸੋਸ਼ਲ ਮੀਡੀਆ ਰਾਹੀਂ। ਕਵਿਤਾ ਤਾਂ ਜ਼ਿੰਦਗੀ ਨਾਲ ਖਹਿ ਕੇ ਮਿਲੇ ਅਨੁਭਵਾਂ ਵਿੱਚੋਂ ਨਿਕਲਦੀ ਆ। ਆਪਣੀ ਸਵੈ-ਪੜਚੋਲ ਰਾਹੀਂ, ਸਥਾਪਤ ਕਦਰਾਂ-ਕੀਮਤਾਂ ਦੀ ਨਿਰੰਤਰ ਇੰਟੈਰੋਗੇਸ਼ਨ ਰਾਹੀਂ। ਇਸ ਵਿਚ ਖ਼ਤਰਾ ਹੈ। ਉਹ ਰੋਮਾਂਸ ਨਹੀਂ, ਜਿਹੜਾ ਤੁਸੀਂ ਭਾਲਦੇ ਹੋ। ਇਹ ਇਕ ਵੱਖਰੀ ਕਿਸਮ ਦਾ ਰੋਮਾਂਸ ਹੈ। ਇਕ ਨਿਵੇਕਲੇ ਅਹਿਸਾਸ ਦਾ ਨਾਮ ਹੈ ਕਵਿਤਾ।
? ਕਾਮਰੇਡਾਂ ਬਾਰੇ।
ਮੈਂ ਕਾਮਰੇਡਾਂ ਦਾ ਹਮਦਰਦ ਹਾਂ, ਕਿਉਂਕਿ ਉਹ ਲੋਕਾਂ ਬਾਰੇ ਸੋਚਦੇ ਨੇ। ਕਿਰਤੀ-ਕਿਸਾਨ ਦੇ ਹੱਕਾਂ ਦੀ ਗੱਲ ਕਰਦੇ ਨੇ। ਸਮਾਜ ਦੀਆਂ ਅਸਲ ਸਮੱਸਿਆਵਾਂ ਦੇ ਕਾਰਣ ਸਮਝਦੇ ਨੇ। ਪਰ ਉਹ ਅੱਜ ਖੁਦ ਖੱਖੜੀ-ਕਰੇਲੇ ਹੋਏ ਫਿਰਦੇ ਨੇ। ਉਨ੍ਹਾਂ ਵਿਚ ਖੁਦ ਨਿਘਾਰ ਆ ਗਿਐ। ਵੀਰੋ, ਤੁਸੀਂ ਪਹਿਲਾਂ ਖੁਦ ਇਕ ਹੋਵੋ, ਫਿਰ ਦੁਨੀਆਂ ਭਰ ਦੇ ਮਿਹਨਤਕਸ਼ਾਂ ਨੂੰ ਇਕ ਹੋਣ ਦੀ ਤਾਕੀਦ ਕਰੀਓ।
? ਗ਼ਜ਼ਲ ਬਾਰੇ।
ਇਕ ਈਰਾਨੀ ਕੁੜੀ ਪੰਜਾਬੀਆਂ ਹੱਥ ਆ ਗਈ, ਅਤੇ ਹੁਣ ਉਹਦੀ ...
ਛੋਟੇ ਹੁੰਦਿਆਂ ਸਕੂਲ ਵਿਚ ਪੜ੍ਹਦਿਆਂ, ਉਹ ਬਾਲ-ਸਭਾ ਵਿਚ ਅਕਸਰ ਭਾਗ ਲੈਂਦਾ ਸੀ। ਹਰ ਮਹੀਨੇ ਦੇ ਆਖ਼ਰੀ ਸਨਿੱਚਰਵਾਰ ਸਕੂਲ ਵਿਚ ਬਾਲ-ਸਭਾ ਹੁੰਦੀ ਸੀ। ਭਗਵਾਨ ਦੀ ਆਵਾਜ਼ ਸੁਰੀਲੀ ਸੀ, ਅੱਛੀ ਸੀ। ਇਕ ਵਾਰ ਉਸਨੇ ਇਕ ਫਿਲਮੀ ਗੀਤ ਸੁਣਾ ਦਿੱਤਾ। ਸਕੂਲ ਦੇ ਹੈੱਡਮਾਸਟਰ ਨੇ ਉਸਨੂੰ ਬੁਲਾ ਕੇ ਆਖਿਆ, “ਤੇਰੀ ਆਵਾਜ਼ ਤਾਂ ਵਧੀਆ ਹੈ। ਪਰ ਤੂੰ ਫਿਲਮੀ ਗੀਤ ਨਾ ਗਾ। ਕੋਈ ਹੋਰ ਗੀਤ ਗਾਈਂ ਅਗਲੀ ਵਾਰੀ।” ਹੋਰ ਗੀਤ ਲੱਭਣ ਦਾ ਯਤਨ ਕਰਨ ਦੀ ਥਾਂ ਭਗਵਾਨ ਨੇ ਉਸੇ ਤਰਜ਼ ਤੇ ਇਕ ਗੀਤ ਲਿਖ ਕੇ ਅਗਲੀ ਵਾਰ ਗਾਇਆ। ਜਦੋਂ ਇਸ ਬਾਰੇ ਸਕੂਲ ਦੇ ਅਧਿਆਪਕਾਂ ਨੂੰ ਪਤਾ ਲੱਗਾ ਤਾਂ ਉਹ ਹੈਰਾਨ। ਐਨੀ ਛੋਟੀ ਉਮਰ ਵਿਚ ਇਕ ਬੱਚਾ ਵੀ ਲਿਖ ਸਕਦਾ ਹੈ? ਗੀਤ ਦੇ ਬੋਲ ਤਾਂ ਉਸਨੂੰ ਯਾਦ ਨਹੀਂ, ਪਰ ਇਹ ਬੀਜ-ਰੂਪ ਸਾਹਿਤ ਸੀ। ਉਸ ਨੂੰ ਹੌਸਲਾ ਹੋਇਆ ਅਤੇ ਉਸਨੇ ਹਲਕੀ-ਫੁਲਕੀ ਤੁਕਬੰਦੀ ਆਰੰਭ ਕਰ ਦਿੱਤੀ। ਭਗਵਾਨ ਉਸਨੂੰ ਤੁਕਬੰਦੀ ਹੀ ਆਖਦਾ ਹੈ। ਪਰ, ਇਹ ਕਵਿਤਾਵਾਂ ਸਾਡੇ ਕੋਲ ਮੌਜੂਦ ਨਹੀਂ। ਨਹੀਂ ਤਾਂ, ਜਿਸ ਤਰ੍ਹਾਂ ਦੀ ਉਸਦੀ ਸ਼ਖ਼ਸੀਅਤ ਹੈ, ਉਸ ਤੋਂ ਤਾਂ ਇਹੀ ਅੰਦਾਜ਼ਾ ਲਗਦਾ ਹੈ ਕਿ ਉਹ ਜ਼ਰੂਰ ਗੰਭੀਰ ਅਤੇ ਸਮਾਜਿਕ ਸਰੋਕਾਰਾਂ ਦੀ ਕਵਿਤਾ ਹੀ ਲਿਖਦਾ ਹੋਵੇਗਾ। ਪੁੱਛਣ ਤੇ ਉਹ “ਕੁਝ ਨਹੀਂ ਯਾਦ” ਕਹਿ ਕੇ ਪੱਲਾ ਛੁਡਾ ਲੈਂਦਾ ਹੈ।
1964-65 ਵਿਚ ਉਹ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਹਰਭਜਨ ਹਲਵਾਰਵੀ ਵੀ ਉਸੇ ਸਕੂਲ ਵਿਚ ਦਸਵੀਂ ਦਾ ਵਿਦਿਆਰਥੀ ਸੀ ਅਤੇ ਰੇਡੀਓ ਤੇ ਪ੍ਰਸਾਰਿਤ ਹੋਣ ਵਾਲੇ ‘ਸਕੂਲ ਬ੍ਰਾਡਕਾਸਟ’ ਨਾਂ ਦੇ ਵਿਦਿਅਕ ਕਵੀ-ਦਰਬਾਰ ਵਿਚ ਜਾਂਦਾ ਹੁੰਦਾ ਸੀ। ਹਰ ਹਫ਼ਤੇ ਜਾਂ ਪੰਦਰਾਂ ਦਿਨਾਂ ਬਾਅਦ ਉਹ ਆਪਣੀ ਲਿਖੀ ਕਵਿਤਾ ਰੇਡੀਓ ’ਤੇ ਬੋਲਦਾ। ਇਸ ਗੱਲ ਦਾ ਸਾਰੇ ਸਕੂਲ ਨੂੰ ਪਤਾ ਸੀ। ਜਦੋਂ ਭਗਵਾਨ ਨੂੰ ਇਸ ਗੱਲ ਦਾ ਇਲਮ ਹੋਇਆ, ਉਸਦੇ ਅੰਦਰ ਵੀ ਕਵੀ ਬਣਨ ਦੀ ਇੱਛਾ ਉੱਸਲਵੱਟੇ ਲੈਣ ਲੱਗੀ। ਫੇਰ ਉਹ ਵੀ ਰੇਡੀਓ ’ਤੇ ਜਾਣ ਲੱਗਾ। ਫੇਰ ਅਖਬਾਰਾਂ ਵਿਚ ਛਪਣ ਲੱਗਾ। ਛੇਤੀ ਹੀ ਨਾਗਮਣੀ ਨੇ ਉਸਨੂੰ ਬੋਚ ਲਿਆ। ਅੰਮ੍ਰਿਤਾ ਪ੍ਰੀਤਮ ਨੇ ਉਸਨੂੰ ਪ੍ਰਸ਼ੰਸਾ ਵਿਚ ਖ਼ਤ ਲਿਖ ਕੇ ਥਾਪੜਾ ਦਿੱਤਾ। ਪ੍ਰਤੀਸ਼ ਨੰਦੀ ਨੇ ਇਕ ਵਾਰ ‘ਕਲਕੱਤਾ ਡਾਇਲਾਗ' ਨਾਂ ਦੀ ਸਾਹਿਤਕ ਪੱਤ੍ਰਿਕਾ ਵਿਚ ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ ਅਤੇ ਭਗਵਾਨ ਢਿੱਲੋਂ ਨੂੰ ਪੰਜਾਬੀ ਦੇ ਪ੍ਰਤੀਨਿਧ ਕਵੀ ਕਰਕੇ ਛਾਪਿਆ, ਤਾਂ ਭਗਵਾਨ ਨੂੰ ਲੱਗਾ ਬਈ ਉਹ ਵੀ ਕੋਈ ਚੀਜ਼ ਹੈ। ਉਸ ਵੇਲੇਂ ਉਸਦੀ ਉਮਰ ਮਸਾਂ 27 ਸਾਲ ਸੀ।
ਇੱਧਰ ਪੰਜਾਬ ਵਿਚ ਨਕਸਲੀ ‘ਮੂਵਮੈਂਟ’ ਜ਼ੋਰ ਫੜ ਰਹੀ ਸੀ। ਹਰਭਜਨ ਭਗੌੜਾ ਹੋ ਗਿਆ ਸੀ। ਉਹ ਰਾਤ-ਬਰਾਤੇ ਢਿੱਲੋਂ ਨੂੰ ਮਿਲਣ ਆਉਂਦਾ। ਉਸਨੂੰ ਚੰਗਾ ਪੜ੍ਹਨ ਅਤੇ ਚੰਗਾ ਲਿਖਣ ਲਈ ਪ੍ਰੇਰਦਾ। ਇਕ ਵਾਰ ਹਲਵਾਰਵੀ ਉਸਦੇ ਜਨਮ ਦਿਨ ’ਤੇ ਗੋਰਕੀ ਦਾ ਨਾਵਲ ‘ਮਾਂ’ ਤੋਹਫ਼ੇ ਵਜੋਂ ਦੇ ਗਿਆ। ਨਾਲ ਹੀ ਹਫ਼ਤੇ ਬਾਅਦ ਫਿਰ ਗੇੜਾ ਕੱਢਣ ਦਾ ਵਾਅਦਾ ਵੀ ਕਰ ਗਿਆ। ਛੇ ਦਿਨਾਂ ਵਿਚ ਭਗਵਾਨ ਨੇ ਔਖਾ-ਸੌਖਾ ਹੋ ਕੇ ‘ਮਾਂ’ ਪੜ੍ਹ ਦਿੱਤੀ। ਫੇਰ ਉਸਨੇ ਹੋਰ ਰੂਸੀ ਸਾਹਿਤ ਪੜ੍ਹਿਆ। ਗੋਰਕੀ ਦੀ ‘ਮੇਰੇ ਵਿਸ਼ਵਵਿਦਿਆਲੇ’ ਪੜ੍ਹੀ। ਬੱਸ ਫੇਰ ਉਸਦਾ ਦਿਮਾਗ ਸਮਾਜਵਾਦੀ ਰੰਗਤ ਵਿਚ ਰੰਗਿਆ ਗਿਆ। ਉਹ ਆਖਦਾ ਹੈ, “ਅਸੀਂ ਤਾਂ ਮੁਟਿਆਰਾਂ ਦੀਆਂ ਜ਼ੁਲਫ਼ਾਂ ਪਿੱਛੇ ਹੀ ਤੁਰੇ ਫਿਰਦੇ ਸੀ।” ਇਸੇ ਕਰਕੇ ਉਹ ਸ਼ਬਦਗਿਰੀ ਦੇ ਖਿਲਾਫ਼ ਹੈ। ਉਹ ਆਪਣੀ ਕਵਿਤਾ ਰਾਹੀਂ ਸਮਾਜ ਨੂੰ ਬਦਲਣਾ ਚਾਹੁੰਦਾ ਹੈ।
ਵੈਸੇ, ਜ਼ੁਲਫ਼ਾਂ ਪਿੱਛੇ ਤੁਰਨਾ ਭਾਵੇਂ ਉਸਨੇ ਛੇਤੀ ਛੱਡ ਦਿੱਤਾ, ਪਰ ਇਕ ਜੋਬਨ ਦੀ ਰੁੱਤ ਉਸ ’ਤੇ ਵੀ ਆਈ ਸੀ। ਉਹ ਆਪਣੇ ਸਕੂਲ ਦੇ ਖੇਤੀ ਮਾਸਟਰ ਦੀ ਕੁੜੀ ਨਾਲ ਇਸ਼ਕ-ਪੇਚਾ ਲੜਾ ਬੈਠਾ ਸੀ। ਦੋਵੇਂ ਇਕ-ਦੂਜੇ ਨੂੰ ਪ੍ਰੇਮ-ਪੱਤਰ ਲਿਖਦੇ ਸਨ। ਇਕ ਵਾਰ ਉਸਦੇ ਪ੍ਰੇਮ ਪੱਤਰ ਇਕ ਅਧਿਆਪਕ ਨੇ ਫੜ ਵੀ ਲਏ ਸਨ, ਅਤੇ ਚੇਤਾਵਨੀ ਦੇ ਕੇ ਉਸਨੂੰ ਛੱਡ ਦਿੱਤਾ ਸੀ। ਉਹ ਕੁੜੀ ਉਸਦੇ ਗਵਾਂਢੀ ਪਿੰਡ ਕਲਸੀਆਂ ਵਿਚ ਹੀ ਰਹਿੰਦੀ ਸੀ। ਬਾਅਦ ਵਿਚ ਉਹ ਕੁੜੀ ਰਾਏਸਰ ਪੜ੍ਹਾਉਣ ਲੱਗੀ। ਉਸਦਾ ਕਿਤੇ ਹੋਰ ਵਿਆਹ ਹੋ ਗਿਆ, ਤਾਂ ‘ਉਦਾਸੀ ਹੀਰੇ ਹਿਰਨ ਦੀ’ ਕਾਵਿ-ਪੁਸਤਕ ਵਿਚ ਉਸਨੇ ਉੁਸਨੂੰ ਇਕ ਕਵਿਤਾ ਸੰਬੋਧਤ ਕੀਤੀ,
ਇਸ ਗਰਾਂ ’ਤੇ ਕਿਸੇ ਦਿਓਤੇ ਦੀ ਕਰੋਪੀ ਹੈ,
ਇੱਥੇ ਕਿੱਕਰ ਨੂੰ ਫੁੱਲ ਨਹੀਂ ਲੱਗਦੇ।
ਹਰ ਗੰਦਲ ਨੂੰ ਤੇਲਾ ਖਾਵੇ,
ਜੋ ਹਰਨੋਟਾ ਚੁੰਗੀਆਂ ਭਰਦਾ,
ਜੰਗਲੀ ਬਾਘ ਖਾਣ ਨੂੰ ਆਵੇ।
ਉਸਦੇ ਜੀਵਨ ਵਿਚ ਮਾਸ਼ੂਕਾ, ਪਤਨੀ ਅਤੇ ਮਾਂ, ਤਿੰਨਾਂ ਦਾ ਖਾਸ ਯੋਗਦਾਨ ਹੈ। ਜਦੋਂ ਉਹ ਬੇਰੁਜ਼ਗਾਰੀ ਅਤੇ ਗਰੀਬੀ ਦੇ ਆਲਮ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਮਾਂ ਅਕਸਰ ਆਖਦੀ, “ਪੁੱਤ ਤੂੰ ਸਾਰੀਆਂ ਜਮਾਤਾਂ ਪੜ੍ਹ ਲੀਂ।” ਜਦੋਂ ਉਸ ਨੂੰ ਚੰਗੀ ਨੌਕਰੀ ਮਿਲੀ ਤਾਂ ਉਸ ਦੀ ਇੱਛਾ ਸੀ ਕਿ ਮਾਂ ਨੂੰ ਆਪਣੀ ਸ਼ਾਨ ਦਿਖਾਵੇ। ਪਰ, ਮਾਂ, ਆਪਣੇ ਭਗਵਾਨ ਪੁੱਤਰ ਦੇ ਸਰਕਾਰੀ ਨੌਕਰ ਹੋ ਜਾਣ ਦੀ ਮੌਜ ਦੇਖਣ-ਮਾਣਨ ਤੱਕ ਜਿਉਂਦੀ ਨਾ ਰਹਿ ਸਕੀ। ਮਾਂ ਨੂੰ ਚੰਗੀ ਤਰ੍ਹਾਂ ਵਸਦੇ-ਰਸਦੇ ਰੱਖਣ ਦੀ ਰੀਝ ਉਸਦੇ ਮਨ ਵਿਚ ਹੀ ਰਹਿ ਗਈ। ਇਹ ਉਸ ਲਈ ਅਸਹਿ, ਅਕਹਿ ਸਦਮਾ ਸੀ। ਮਾਂ ਦਾ ਵਿਗੋਚਾ, ਇਕ ਬੋਝ ਵਾਂਗ ਉਹ ਸਾਰੀ ਉਮਰ ਢੋਂਦਾ ਰਿਹਾ। ਅੱਜ ਵੀ ਮਾਂ ਦੀ ਗੱਲ ਕਰਦਿਆਂ ਉਸਦੀਆਂ ਅੱਖਾਂ ਵਿਚ ਹੰਝੂ ਛਲਕ ਆਉਂਦੇ ਹਨ। ਇਹ ਹੰਝੂ ਉਸਦੀ ਕਵਿਤਾ ਦੇ ਨੈਣਾਂ ਵਿਚ ਵੀ ਦੇਖੇ ਜਾ ਸਕਦੇ ਹਨ।
ਭਗਵਾਨ ਦਾ ਜਨਮ ਇਕ ਕਿਰਤੀ ਪਰਿਵਾਰ ਵਿਚ ਹੋਇਆ। ਘਰ ਦੀ ਗਰੀਬੀ ਨੇ ਉਸਦਾ ਬਚਪਨ ਤੇ ਜਵਾਨੀ ਝੰਬ ਦਿੱਤੇ ਸਨ, ਪਰ ਉਸਦੀ ਬੌਧਿਕ ਸਮਰਥਾ ਉਸਨੂੰ ਹਮੇਸ਼ਾ ਝੰਜੋੜਦੀ ਰਹਿੰਦੀ। ਹਲਵਾਰੇ ਰਹਿੰਦਾ ਸੀ। ਹੁਣ ਵੀ ਉੱਥੇ ਹੀ ਰਹਿੰਦਾ ਹੈ। ਨੇੜੇ ਹੀ ਸੁਧਾਰ ਕਾਲਜ ਸੀ। ਮੁੰਡੇ ਤੇ ਕੁੜੀਆਂ ਬਣ-ਠਣ ਕੇ ਕਾਲਜ ਨੂੰ ਨਿਕਲਦੇ, ਸਾਈਕਲਾਂ ’ਤੇ ਜਾਂਦੇ ਵੇਖ ਕੇ ਉਸਦੇ ਮਨ ਵਿਚ ਰੀਝ ਪੈਦਾ ਹੁੰਦੀ। ਦੂਜੇ ਪਾਸੇ, ਨਾਲ ਹੀ ਹਲਵਾਰਾ ਏਅਰ ਫੋਰਸ ਸਟੇਸ਼ਨ ਸੀ। ਕਈ ਲੜਕੇ ਭਰਤੀ ਲਈ ਅਜ਼ਮਾਇਸ਼ ਵੀ ਕਰਦੇ। ਭਾਰਤੀ ਵਾਯੂ ਸੈਨਾ ਦਾ ਜਵਾਨ ਬਣਨਾ ਵੀ ਰਸ਼ਕ ਵਾਲੀ ਗੱਲ ਸੀ।
ਰਿਸ਼ਤੇਦਾਰਾਂ ਅਤੇ ਘਰਦਿਆਂ ਦੇ ਕਹਿਣ ਤੇ ਭਗਵਾਨ ਨੇ ਵੀ ਫਾਰਮ ਭਰ ਦਿੱਤੇ। ਸ਼ਿਮਲੇ ਭਰਤੀ ਦੀ ਪ੍ਰੀਖਿਆ ਸੀ। ਉਹ ਵੀ ਪਾਸ ਕਰ ਲਈ। ਸਾਰੇ ਪ੍ਰੀਖਣ ਪਾਸ ਕਰਕੇ ਜਦੋਂ ਭਰਦੀ ਦੇ ਆਖ਼ਰੀ ਪੜਾਅ ’ਤੇ ਫੌਜੀ ਅਫਸਰ ਰੰਗਰੂਟਾਂ ਦੇ ਨਾਮ ਲੈ ਕੇ ਬੁਲਾ ਰਿਹਾ ਸੀ, ਤਾਂ ਉਸਨੇ ਢਿੱਲੋਂ ਦਾ ਨਾਮ ਲੈ ਕੇ ਬੁਲਾਇਆ, “ਭਗਵਾਨ ਸਿੰਘ ਢਿੱਲੋਨ।” ਅੰਗਰੇਜ਼ੀ ਵਿਚ ਢਿੱਲੋਂ ਅਤੇ ਢਿੱਲੋਨ ਇੱਕੋ ਤਰ੍ਹਾਂ ਲਿਖਿਆ ਜਾਂਦਾ। ਢਿੱਲੋਂ ਅੱਗੋਂ ਅਫ਼ਸਰ ਨੂੰ ਪੈ ਨਿਕਲਿਆ, “ਸਹੀ ਨਾਮ ਲਓ ਮੇਰਾ। ਆਈ ਐੱਮ ਢਿੱਲੋਂ ਨਾਟ ਢਿੱਲੋਨ।” ਹੁਣ ਵੀ ਗੱਲਾਂ ਕਰਦਾ ਉਹ ਅੰਗਰੇਜ਼ੀ ਦੇ ਵਾਕ ਪੂਰੇ-ਪੂਰੇ ਬੋਲਦਾ। ਵੈਸੇ ਦੇਖਣ ਨੂੰ ਲਗਦਾ ਨਹੀਂ ਬਈ ਉਹ ....
ਖ਼ੈਰ! ਅਫ਼ਸਰ ਨੇ ਰੋਹਬ ਝਾੜਿਆ, “ਮੈਂ ਤੇਰੀ ਭਰਤੀ ਰੱਦ ਕਰਵਾ ਸਕਦਾ ਹਾਂ। ਤਮੀਜ਼ ਨਾਲ ਬੋਲ।” ਭਗਵਾਨ ਬੇਰੁਜ਼ਗਾਰ ਤੇ ਗਰੀਬ ਸੀ, ਪਰ ਅਣਖੀ ਸੀ। ਜਵਾਬ ਵਿਚ ਕਹਿੰਦਾ, “ਤੂੰ ਮੇਰੀ ਭਰਤੀ ਕੀ ਰੱਦ ਕਰੇਂਗਾ? ਮੈਂ ਖੁਦ ਈ ਅਸਤੀਫ਼ਾ ਦਿੰਦਾ ਹਾਂ।” ਕਹਿ ਕੇ ਉਹ ਵਾਪਸ ਪਿੰਡ ਆ ਗਿਆ। ਕੀ ਇਹ ਹੋਰ ਪੜ੍ਹਨ ਦੀ ਇੱਛਾ ਸੀ, ਜਾਂ ਅਣਖ ਜਾਂ ਦੋਵਾਂ ਦਾ ਮਿਸ਼ਰਣ, ਇਹ ਤਾਂ ਭਗਵਾਨ ਹੀ ਜਾਣਦਾ ਹੈ। ਪਰ, ਉਸਦੀ ਅਜੋੜ ਬੌਧਿਕ ਸਮਰਥਾ ਦੀ ਸਾਖੀ ਹਰ ਉਹ ਸਖ਼ਸ਼ ਭਰਦਾ ਹੈ, ਜਿਸਨੇ ਕਦੇ ਉਸ ਨਾਲ ਗੱਲਬਾਤ ਕੀਤੀ ਹੋਵੇ ਜਾਂ ਉਸਦੀ ਕਵਿਤਾ ਪੜ੍ਹੀ ਹੋਵੇ।
ਸ਼ਿਮਲੇ ਉਹ ਨੌਕਰੀ ਤਾਂ ਵਾਪਸ ਕਰ ਆਇਆ, ਪਰ ਵਾਪਸੀ ਤੇ ਆਪਣੀ ਸ਼ਾਇਰੀ ਲਈ ਮਿੱਥਾਂ ਦੀ ਪੰਡ ਜ਼ਰੂਰ ਚੁੱਕ ਲਿਆਇਆ। ਅਸਲ ਵਿਚ ਵਾਪਸੀ ਵੇਲੇ ਉਸਨੇ ਬੱਸ ਸਟੈਂਡ ਤੋਂ “ਭਾਰਤੀ ਅਤੇ ਪੱਛਮੀ ਮਿੱਥਾਂ” ਅਨੁਵਾਨ ਵਾਲੀ ਪੁਸਤਕ ਖਰੀਦ ਲਈ ਅਤੇ ਬੱਸ ਦੇ ਸਫ਼ਰ ਦੌਰਾਨ ਉਸਨੇ ਇਹ ਸਾਰੀ ਕਿਤਾਬ ਪੜ੍ਹ ਦਿੱਤੀ। ਇਸ ਮੁਤਾਲਿਆ ਨੇ ਉਸਦੇ ਦਿਲੋ-ਦਿਮਾਗ ਦੀ ਪਰਿਕਰਮਾ ਕਰਦੀ ਕਵਿਤਾ ਦੀ ਜ਼ਰਖੇਜ਼ ਜ਼ਮੀਨ ਵਿਚ ਮਿੱਥਾਂ ਦੀ ਮੋਹੜੀ ਗੱਡ ਦਿੱਤੀ, ਲੋਕ-ਰੂੜੀਆਂ ਦੀ ਹਰੀ ਖਾਦ ਛਿੜਕ ਦਿੱਤੀ, ਲੋਕਧਾਰਾ ਦੀ ਫ਼ਸਲ ਬੀਜ ਦਿੱਤੀ।
ਪੰਜਾਬੀ ਕਵਿਤਾ ਦੇ ਇਸ ਅਜ਼ੀਮ ਸ਼ਾਇਰ ਦਾ ਜੀਵਨ ਵੀ ਕਵਿਤਾ ਵਰਗਾ ਹੀ ਹੈ। ਅਖੌਤੀ ਨਿਮਨ ਸ਼੍ਰੇਣੀ ਵਿਚ ਜੰਮੇ-ਪਲੇ ਭਗਵਾਨ ਨੂੰ ਕਦੇ ਅਹਿਸਾਸੇ-ਕਮਤਰੀ ਦੀ ਪੀੜਾ ਨਹੀਂ ਝੱਲਣੀ ਪਈ। ਸ਼ਾਇਦ ਉਸਨੂੰ ਯਕੀਨ ਸੀ ਆਪਣੀ ਪ੍ਰਤਿਭਾ ’ਤੇ। ਉਸਦਾ ਨਾਮ ਸ਼ਾਇਰਾਂ ਵਿਚ ਮੁੱਢਲੇ ਦੌਰ ਵਿਚ ਹੀ ਸ਼ਾਮਲ ਹੋ ਗਿਆ ਸੀ। ਨਾਗਮਣੀ ਨੇ ਭਗਵਾਨ ਨੂੰ ਬਹੁਤ ਛਾਪਿਆ। ਚਿੰਤਨ, ਵਿਸ਼ਲੇਸ਼ਣ ਅਤੇ ਸਮਾਜਿਕ ਸਰੋਕਾਰਾਂ ਵਾਲੀ ਉਸਦੀ ਸ਼ਾਇਰੀ ਗੈਰ-ਰਵਾਇਤੀ ਕਾਵਿ-ਜੁਗਤਾਂ ਨਾਲ ਭਰਪੂਰ ਹੈ। ਇਸੇ ਕਰਕੇ ਕਾਵਿ-ਆਲੋਚਕਾਂ ਨੇ ਵੀ ਉਸਨੂੰ ਅੱਖਾਂ ’ਤੇ ਚੁੱਕ ਲਿਆ।
ਉਸਦੇ ਵਿਆਹ ਦੀ ਗੱਲ ਸੁਣਨ ਵਾਲੀ ਹੈ। ਛੋਟਾ ਸਾਲਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ। ਉਹ ਪਾਸ਼ ਦੇ ‘ਸਿਆੜ’ ਅਤੇ ‘ਰੋਹਲੇ ਬਾਣ’ ਵਰਗੀਆਂ ਪੱਤ੍ਰਿਕਾਵਾਂ ਦਾ ਗੰਭੀਰ ਪਾਠਕ ਸੀ। ਨਾਲੇ, ਗਰਮ-ਖਿਆਲੀ ਮੁੰਡਿਆਂ ਨਾਲ ਬਹਿੰਦਾ-ਉੱਠਦਾ ਸੀ। ਭਗਵਾਨ ਦੀ ਵੀ ਉਨ੍ਹਾਂ ਨਾਲ ਹਮਦਰਦੀ ਸੀ, ਦਿਲੀ ਸਾਂਝ ਸੀ। ਅਕਸਰ ਬੈਠ ਕੇ ਉਹ ਗਰੀਬਾਂ, ਕਿਰਤੀਆਂ ਅਤੇ ਕਿਸਾਨਾਂ ਦੀਆਂ ਦਿੱਕਤਾਂ ਤੇ ਵਿਚਾਰ ਕਰਦੇ, ਗੰਭੀਰ ਚਰਚਾ ਅਤੇ ਵਿਸ਼ਲੇਸ਼ਣ ਕਰਦੇ। ਭਗਵਾਨ ਦਲੀਲ, ਤਰਕ ਅਤੇ ਸੰਵੇਦਨਾ ਦਾ ਪੱਲਾ ਕਦੇ ਨਾ ਛੱਡਦਾ। ਉਹ ਉਸਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੁੰਦਾ। ਉਨ੍ਹੀਂ ਦਿਨੀ ਉਹ ਆਪਣੀ ਭੈਣ ਲਈ ਕਿਸੇ ਚੰਗੇ ਵਰ ਦੀ ਤਲਾਸ਼ ਵਿਚ ਵੀ ਸੀ। ਉਸਨੇ ਸੋਚਿਆ, “ਜੇ ਭਗਵਾਨ ਮੰਨ ਜਾਏ, ਤਾਂ ਇਹ ਫਿਕਰ ਵੀ ਮੁੱਕੂ। ਨਾਲੇ ਦੋਸਤੀ ਰਿਸ਼ਤੇਦਾਰੀ ਵਿਚ ਬਦਲ ਜਾਵੇਗੀ।” ਭਾਵੇਂ ਕਿ ਦੋਸਤੀ ਐਨੀ ਪੱਕੀ ਨਹੀਂ ਸੀ, ਪਰ ਦੋਹਾਂ ਵਿਚ ਸਾਸਰੀਕਾਲ ਜ਼ਰੂਰ ਸੀ, ਅਤੇ ਵਿਚਾਰ ਵੀ ਮਿਲਦੇ ਸਨ।
ਖ਼ੈਰ! ਉਹ ਪਰਿਵਾਰ ਚੰਗਾ ਬਣਦਾ-ਠਣਦਾ ਪਰਿਵਾਰ ਸੀ। ਅਮੀਰ ਕਹਿ ਲਵੋ। ਲੜਕੀ ਵੀ ਬਹੁਤ ਖ਼ੂਬਸੂਰਤ ਸੀ। ਭਗਵਾਨ ਤਾਂ ਆਪਣੇ-ਆਪ ਨੂੰ ਉਹਦੇ ਸਾਹਮਣੇ ਨਜ਼ਰ-ਪੱਟੂ ਹੀ ਆਖਦਾ। ਉਹ ਖਡੂਰ ਦੀ ਸੀ। ਪਤਨੀ ਨੂੰ ਸਾਹਿਤ ਨਾਲ ਕੋਈ ਲਾਗਾ-ਦੇਗਾ ਨਹੀਂ ਸੀ। ਉਹ ਤਾਂ ਸੋਚਦੀ ਸੀ, ਕਿ ਭਗਵਾਨ ਨੂੰ ਸ਼ਾਇਦ ਕੋਈ ਕਸਰ ਆ, ਤਾਂ ਹੀ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦਾ। ਇਹ ਕੋਈ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ, ਉਸਦਾ ਵਿਚਾਰ ਸੀ। ਦੇਵ ਤੇ ਹਲਵਾਰਵੀ ਆਖਦੇ, “ਤੇਰੀ ਪਤਨੀ ਨਾ ਤੈਨੂੰ ਸਮਝ ਸਕੀ, ਨਾ ਤੇਰੀ ਕਵਿਤਾ ਨੂੰ।” ਪਰ ਇਹ ਗੱਲ ਨਹੀਂ ਸੀ। ਦੋਹਾਂ ਦੀ ਆਪਸ ਵਿਚ ਬਹੁਤ ਬਣਦੀ ਸੀ। ਬੱਸ ਸਾਹਿਤਕ ਅੰਤਰ ਸੀ, ਅਦਬੀ ਪਾੜਾ ਸੀ। ਵਿਆਹ ਕਰਨ ਵੇਲੇ ਮੁੰਡੇ ਦੀ ਜਾਤ, ਧਰਮ ਅਤੇ ਰੰਗ ਦੀ ਥਾਂ ਸ਼ੌਕ ਵੇਖਣਾ ਚਾਹੀਦਾ, ਰੁਚੀ ਪੁੱਛਣੀ ਚਾਹੀਦੀ ਆ। ਉਹ ਆਖਦਾ, “ਇਸ਼ਤਿਹਾਰ ਵਿਚ ਵੀ ਇਹੀ ਲਿਖਿਆ ਜਾਵੇ, ਬਈ ਮੁੰਡੇ ਦਾ ਸ਼ੌਕ ਆਹ ਏ। ਫੇਰ ਈ ਚੰਗੀ ਜੋੜੀ ਬਣ ਸਕਦੀ ਆ। ਕੇਰਾਂ 'ਨਾਗਮਣੀ' ਵਿਚ ਕਿਸੇ ਵਿਆਹ ਦਾ ਇਸ਼ਤਿਹਾਰ ਛਪਿਆ ਸੀ। ਸ਼ਾਇਦ ਪਹਿਲੀ ਅਤੇ ਆਖ਼ਰੀ ਵਾਰ। ਇਹਦੇ ਵਿਚ ਲਿਖਿਆ ਸੀ, ਬਈ ਕੁੜੀ ਉਹ ਹੋਵੇ ਜਿਸ ਨੇ ਅੰਗਰੇਜ਼ੀ ਲੇਖਿਕਾ ਆਇਨ ਰੈਂਡ ਨੂੰ ਪੜ੍ਹਿਆ ਹੋਵੇ, ਅਤੇ ਸਮਝਿਆ ਹੋਵੇ।” ਭਾਵੇਂ ਉਸਦੀ ਪਤਨੀ ਅਗਾਂਹਵਧੂ ਖ਼ਿਆਲਾਂ ਵਾਲੇ ਪਰਿਵਾਰ ਨਾਲ ਵਾਬਸਤਾ ਸੀ, ਪਰ ਦੋਹਾਂ ਦੀ ਬੌਧਿਕ ਸਮਰਥਾ ਅਤੇ ਸਾਹਿਤਕ ਲਿਆਕਤ ਵਿਚ ਅੰਤਰ ਸੀ। ਵੱਡਾ ਅੰਤਰ। ਬਾਅਦ ਵਿਚ ਜਦੋਂ ਸੁਰਜੀਤ ਪਾਤਰ, ਅਮਰਜੀਤ ਗਰੇਵਾਲ ਵਰਗੇ ਵੱਡੇ ਸਾਹਿਤਕ ਮਹਾਂਰਥੀ ਉਸਦੇ ਘਰ ਮਿਲਣ ਆਉਣ ਲੱਗੇ ਤਾਂ ਪਤਨੀ ਨੂੰ ਅਹਿਸਾਸ ਹੋਇਆ ਬਈ ਕੋਈ ਗੱਲਬਾਤ ਤਾਂ ਹੈ ਭਗਵਾਨ ਵਿਚ, ਮੇਰੇ ਪਤੀ ਵਿਚ।
ਆਪਣੀ ਮਰਹੂਮ ਪਤਨੀ ਗੁਰਦੀਪ ਦੀ ਯਾਦ ਵਿਚ ਉਸਨੇ ਇਕ ਅਤਿ-ਸੰਵੇਦਨਸ਼ੀਲ ਕਵਿਤਾ ‘ਸਵਰਗਾਂ ਦੀ ਖਿੜਕੀ’ ਲਿਖੀ, ਜਿਸ ਵਿਚ ਗੁਰਦੀਪ ਉਸ ਨੂੰ ਐਵੇਂ ਪਾਲਤੂ ਜਿਹੀ ਨੈਤਿਕਤਾ ਦੀ ਵਹਿੰਗੀ ਚੁੱਕੀ ਫਿਰਨ ਤੋਂ ਵਰਜਦੀ ਹੋਈ ਆਖਦੀ ਹੈ:
ਜੇ ਝੀਲ ਵਿਚ ਤੈਰਦੀਆਂ ਮੁਰਗਾਬੀਆਂ
ਤੁਹਾਡੀਆਂ ਅੱਖਾਂ ਨੂੰ ਤਾਜ਼ਗੀ ਦੇ ਦੇਣ
ਤਾਂ ਉਨ੍ਹਾਂ ਦੇ ਚਿਤਕਬਰੇ ਖੰਭਾਂ ਨੂੰ
ਪਹਾੜੋਂ ਉੱਤਰੇ ਜੋਗੀ ਦੀ ਲੋਈ ’ਤੇ ਪੇਂਟ ਕਰ ਲਿਆ ਕਰੋ।
ਭਗਵਾਨ ਪਹਿਲਾਂ ਛੰਦ-ਬੱਧ ਕਵਿਤਾ ਲਿਖਦਾ ਸੀ। ਫੇਰ ਉਸਨੂੰ ਲੱਗਾ ਬਈ ਇਹ ਤਾਂ ਦਰਜੀ ਵਾਲਾ ਕੰਮ ਹੋਇਆ। ਕੱਪੜੇ ਸਿਉਣ ਵਾਂਗ। ਐਨਾ ਕੱਪੜਾ ਘਟ ਗਿਆ, ਐਨਾ ਵਧ ਗਿਆ। ਐਥੇ ਕੁਝ ਜੋੜ ਲਵੋ, ਐਥੋਂ ਥੋੜ੍ਹਾ ਕੱਟ ਲਵੋ। ਕਵਿਤਾ ਝੱਗੇ-ਕੁੜਤੇ ਸਿਓਣ ਜਿਹਾ ਕੰਮ ਨਹੀਂ। ਇਹ ਤਾਂ ਮਾਨਵੀ ਸੰਵੇਦਨਾ ਵਾਲਾ ਕਾਰਜ ਹੈ। ਇਸ ਵਿਚ ਗੰਢ-ਤੁੱਪ ਦਾ ਕੀ ਕੰਮ? ਇਹ ਤਾਂ ਨੰਗੇ ਪਿੰਡੇ ਵਾਂਗ ਹੁੰਦੀ ਆ। ਭਾਵਨਾਵਾਂ ਦਾ ਭਰ ਵਗਦਾ ਦਰਿਆ। ਇਹ ਸੋਚ ਕੇ ਉਸਨੇ ਖੁੱਲ੍ਹੀ ਕਵਿਤਾ ਵੱਲ ਮੂੰਹ ਕੀਤਾ।
ਉਸਦੀ ਕਵਿਤਾ ਵਿਚ ਸੰਵਾਦ ਹੈ, ਕੁੜੱਤਣ ਹੈ, ਟਕਰਾਉ ਹੈ। ਇਹ ਟਕਰਾਓ ਸਮਾਜਿਕ, ਰਾਜਸੀ ਅਤੇ ਵਿੱਤੀ ਵਿਵਸਥਾ ਨਾਲ ਹੈ। ਉਹ ਰੋਜ਼ਾਨਾ ਘਟਨਾਵਾਂ ਨੂੰ ਸਤਹੀ ਨਜ਼ਰ ਨਾਲ ਨਹੀਂ, ਸੂਖਮਤਾ ਨਾਲ ਵੇਖਦਾ, ਸਮਝਦਾ, ਪਕੜਦਾ ਅਤੇ ਫਿਰ ਕਵਿਤਾ ਰਾਹੀਂ ਪੇਸ਼ ਕਰਦਾ ਹੈ। ਉਹ ਮਾਨਸਿਕ ਦਵੰਦਾਂ, ਸਮਾਜਿਕ ਵਿਸੰਗਤੀਆਂ ਅਤੇ ਰਾਜਸੀ-ਧਾਰਮਿਕ ਵਿਰੋਧਾਭਾਸ਼ ਨੂੰ ਪਕੜਦਾ ਹੀ ਨਹੀਂ, ਉਨ੍ਹਾਂ ’ਤੇ ਉਂਗਲ ਵੀ ਕਰਦਾ ਹੈ। ਉਸਦੀ ਨਸ਼ਤਰੀ ਕਲਮ ਗਰੀਬਾਂ ਦੇ ਖੂਨ ਨਾਲ ਭਰੇ ਇਨ੍ਹਾਂ ਕੂੜ-ਗੁਬਾਰਿਆਂ ’ਤੇ ਵੱਜਦੀ ਹੈ ਤਾਂ ਇਨ੍ਹਾਂ ਵਿੱਚੋਂ ਨਿਕਲਣ ਵਾਲੇ ਲਹੂ ਦੇ ਛਿੱਟੇ ਉਸਦੀਆਂ ਨਜ਼ਮਾਂ ਦੇ ਕਾਵਿ-ਅੰਸ਼ ਬਣਦੇ ਹਨ। ਉਸਦੀ ਕਵਿਤਾ ਵਿਚ ਡੂੰਘੇ 'ਪੰਚ' ਹੁੰਦੇ ਹਨ, ਜੋ ਕਵਿਤਾ ਵਿਚ ਪੇਸ਼ ਕਿਰਦਾਰਾਂ ਨੂੰ ਤੀਲਾ-ਤੀਲਾ ਕਰਦੇ ਹਨ।
ਸ਼ਰਾਬ ਉਸਦੀ ਆਦਤ ਹੈ, ਕਮਜ਼ੋਰੀ ਵੀ, ਤਾਕਤ ਵੀ। ਸ਼ਰਾਬ ਨੂੰ ਉਹ ਸ਼ਰਾਰਤੀ ਪਾਣੀ ਆਖਦਾ, ਅੱਖੀਆਂ ਨਚਾਉਂਦਾ ਹੈ। ਉਸਦਾ ਮਨ ਚੰਚਲ ਹੋ ਜਾਂਦਾ, ਅੰਦਰਲਾ ਬੰਦਾ ਜਾਗ ਪੈਂਦਾ। ਉਹ ਹੌਲੀ-ਹੌਲੀ ਥੋੜ੍ਹੀ-ਥੋੜ੍ਹੀ ਪੀਂਦਾ ਹੈ, ਤਾਂ ਸਰੂਰ ਵਿੱਚ ਆ ਜਾਂਦਾ। ਉਹ ਜ਼ਿਆਦਾ ਨਹੀਂ ਪੀਂਦਾ। ਇਹ ਉਹਦੀ ਸਿਫ਼ਤ ਆ। ਬੱਸ ਗੁਜ਼ਾਰੇ ਜੋਗੀ। ਉਹ ਵੀ ਦੇਸੀ।
2007 ਵਿਚ ਐੱਫ. ਸੀ. ਆਈ. ਤੋਂ ਈਮਾਨਦਾਰੀ ਦਾ ਠੱਪਾ ਲਗਵਾ ਕੇ ਸੇਵਾ-ਮੁਕਤ ਹੋਇਆ ਭਗਵਾਨ ਸਾਹਿਤਕ ਮਹਿਫ਼ਲਾਂ, ਕਵੀ ਦਰਬਾਰਾਂ ਜਾਂ ਅਦਬੀ ਚੋਣਾਂ ਵਿਚ ਜ਼ਰੂਰ ਦਿਖਾਈ ਦਿੰਦਾ ਹੈ। ਜਿਸ ਤਰ੍ਹਾਂ ਆਗਰੇ ਜਾਣ ’ਤੇ ਤਾਜ ਮਹਿਲ ਵੇਖੇ ਬਿਨਾਂ ਵਾਪਸੀ ਹਮੇਸ਼ਾ ਅਧੂਰੀ ਜਾਪਦੀ ਹੈ, ਉਵੇਂ ਕਿਸੇ ਸੁਖਨ ਸਮਾਗਮ ਵਿਚ ਜੇਕਰ ਭਗਵਾਨ ਨਾ ਦਿਸੇ, ਜਾਂ ਮਿਲੇ ਤਾਂ ਸਾਹਿਤਕ ਯਾਤਰਾ ਨਾਮੁਕੰਮਲ ਲੱਗਦੀ ਹੈ। ਉਹ ਜ਼ਿਆਦਾ ਨਹੀਂ ਲਿਖਦਾ। ਜੇ ਲਿਖਿਆ ਤਾਂ ਠੋਸ ਲਿਖਿਆ ਹਮੇਸ਼ਾ। ਪੱਕੀ ਇੱਟ ਵਾਂਗ। ਪੁੱਛਣ ਤੇ ਉਹ ਆਖਦਾ, “ਮਿਸਤਰੀ ਲਈ ਕੁਰਸੀ ਬਣਾਉਣੀ ਮਜਬੂਰੀ ਹੈ। ਗ੍ਰਹਿਣੀ ਲਈ ਰੋਟੀ ਬਣਾਉਣਾ ਜ਼ਿੰਮੇਵਾਰੀ ਹੈ। ਕਵੀ ਤਾਂ ਫ਼ੱਕਰ ਬੰਦੇ ਹੁੰਦੇ ਹਨ। ਇਹ ਤਾਂ ਸ਼ੌਕ ਆ। ਜੇ ਗੱਲ ਗੇੜ ਵਿਚ ਆ ਗਈ, ਬਣ ’ਗੀ ਕਵਿਤਾ। ਇਹ ਤਾਂ ਇਕ ਅਹਿਸਾਸ ਹੁੰਦਾ, ਜਿਹੜਾ ਮੱਠਾ-ਮੱਠਾ ਜਿਹਾ ਦਿਲ-ਦਿਮਾਗ ਵਿਚ ਚਲਦਾ ਰਹਿੰਦਾ। ਕਦੇ ਦਿਲ ਵਿਚ ਵੜ ਜਾਂਦਾ, ਕਦੇ ਦਿਮਾਗ ਵਿਚ। ਬੰਦਾ ਤੁਰਿਆ ਫਿਰਦਾ, ਸੁੱਤਾ-ਜਾਗਦਾ, ਪੜ੍ਹਦਾ-ਵੇਖਦਾ ਅਤੇ ਜ਼ਿੰਦਗੀ ਜਿਉਂਦਾ ਹੋਇਆ, ਇਸ ਅਹਿਸਾਸ ਨੂੰ ਨਾਲ ਲਈ ਫਿਰਦਾ ਹੈ। ਕਈ ਵਾਰ ਅਚਾਨਕ ਕੋਈ ਖ਼ਿਆਲ ਆਉਂਦਾ, ਤਾਂ ਕਾਪੀ ਤੇ ਨੋਟ ਕਰ ਲਈਦਾ। ਜੋ ਗੱਲ ਅਜੀਬ ਲੱਗੇ ਜਾਂ ਅਚਾਨਕ ਸਪਸ਼ਟ ਹੋ ਜਾਵੇ, ਤਾਂ ਨੋਟ ਕਰ ਲਈਦੀ ਆ। ਫਿਰ ਜਦੋਂ ਕੋਈ ਵੱਡੀ ਜਾਂ ਖਾਸ ਘਟਨਾ ਦਿਲ ਨੂੰ ਝੰਜੋੜਦੀ ਆ, ਤਾਂ ਫਿਰ ਕਲਮ ਚੁੱਕ ਕੇ ਲਿਖਣ ਲੱਗ ਪਈਦਾ। ਮੈਂ ਅਸਲ ਵਿਚ ਪੁਰਾਣੇ ਸਮੇਂ ਨਾਲ ਮੌਜੂਦਾ ਘਟਨਾਵਾਂ ਨੂੰ ਮੇਲ ਕੇ ਦੇਖਦਾਂ, ਤਾਂ ਕਈ ਵਾਰ ਜਾਪਦਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਹ ਸੱਚਾਈ ਹੈ। ਬੱਸ, ਆਪਣੀ ਕਵਿਤਾ ਰਾਹੀਂ ਮੈਂ ਇਹ ਸਿੱਧ ਕਰਨ ਦਾ ਯਤਨ ਕਰਦਾਂ। ਮਿੱਥਾਂ ਇੱਥੇ ਕਾਵਿ-ਜੁਗਤ ਬਣਦੀਆਂ।” ਕੀ ਇਹ ਸੁਚੇਤ ਕਾਰਜ ਹੈ ਜਾਂ ਸ਼ਰਾਬ ਦਾ ਚੜ੍ਹਿਆ ਸਰੂਰ, ਇਹ ਤਾਂ ਉਹ ਖੁਦ ਵੀ ਨਹੀਂ ਜਾਣਦਾ, ਪਰ ਉਸਦੀ ਗੱਲ ਵਿਚ ਤਰਕ ਹਮੇਸ਼ਾ ਹਾਵੀ ਹੁੰਦਾ ਹੈ। ਉਹ ਸਮਾਜਿਕ ਸਮੁੰਦਰ ਦਾ ਮੰਥਨ ਕਰਕੇ ਕਵਿਤਾ ਕੱਢ ਲਿਆਉਂਦਾ ਹੈ।
ਕਦੇ ਕਿਸੇ ਵਿਆਹ ’ਤੇ ਜਾਂ ਕਿਸੇ ਸਮਾਜਿਕ ਸਮਾਗਮ ਤੇ ਜਾਣਾ ਹੋਵੇ ਤਾਂ ਉਹ ਇਕੱਲਾ ਹੀ ਜਾਂਦਾ ਹੈ। ਤੇ ਇਕੱਲਾ ਹੀ ਤੁਰਿਆ-ਫਿਰਦਾ ਰਹਿੰਦਾ ਹੈ। ਜਸ਼ਨ ਭਰੇ ਮਾਹੌਲ ਨੂੰ ਵਾਚਦਾ। ਲੋਕਾਂ ਦੇ ਵਿਹਾਰ ਵਜੂਦ ਨੂੰ ਤੱਕਦਾ। ਅਜਿਹੀ ਆਵਾਰਗੀ ਵਿਚ ਉਹ ਵੱਖਰੀ ਕਿਸਮ ਦਾ ਮਜ਼ਾ ਲੈਂਦਾ ਹੈ। ਕਹਿੰਦਾ ਹੈ, “ਆਵਾਰਗੀ ਦਾ ਆਪਣਾ ਅਲੱਗ ਈ ਨਜ਼ਾਰਾ ਹੁੰਦਾ।” ਨਿੱਕੇ ਹੁੰਦੇ ਹੀ ਕਲਾ ਨੇ ਉਹਦੀ ਉਂਗਲੀ ਫੜੀ ਜਾਂ ਉਸਨੇ ਕਲਾ ਦੀ, ਇਹ ਤਾਂ ਇਕ ਰਹੱਸ ਹੈ, ਪਰ ਭਗਤ ਪੂਰਨ, ਮਿਰਜਾ ਸਾਹਿਬਾਂ ਜਾਂ ਹੀਰ ਵਾਰਿਸ ਜਿਹੇ ਕਿੱਸੇ ਉਹ ਨਿੱਕੇ ਹੁੰਦੇ ਗਾਉਣ ਲੱਗ ਪਿਆ ਸੀ।
ਉਸਦਾ ਵਿਸ਼ਵਾਸ ਹੈ ਕਿ ਕਵਿਤਾ ਵਿਚ ਵਿਸ਼ੇ ਦੀ ਮਹੱਤਤਾ ਨੱਬੇ ਫ਼ੀਸਦੀ ਹੈ।
ਉਸਦੀ ਦੂਜੀ ਪੁਸਤਕ “ਨੀਰੋ ਦੀ ਬੰਸਰੀ" ਦੀ ਪਹਿਲੀ ਹੀ ਕਵਿਤਾ ਸੁਰਜੀਤ ਪਾਤਰ ਦੀ ਕਸਮ ਖਾ ਕੇ ਲਿਖੀ ਹੈ, ਜਦਕਿ ਤੀਜੀ ਕਾਵਿ-ਪੁਸਤਕ ਦਾ ਮੁੱਖ ਬੰਧ ਵੀ ਸੁਰਜੀਤ ਪਾਤਰ ਨੇ ਲਿਖਿਆ ਹੈ। ਇਸ ਦੇ ਬਾਵਜੂਦ ਉਹ ਸੁਰਜੀਤ ਪਾਤਰ ਨੂੰ ਸ਼ਬਦਗਿਰੀ ਕਰਨ ਵਾਲਾ ਮੰਨਦਾ ਹੈ, ਸ਼ਾਇਰ ਨਹੀਂ। ਉਹ ਪਾਸ਼ ਅਤੇ ਲਾਲ ਸਿੰਘ ਦਿਲ ਦਾ ਸ਼ੈਦਾਈ ਹੈ। ਅਜੋਕੇ ਸਮਿਆਂ ਵਿਚ ਉਹ ਵਿਜੈ ਵਿਵੇਕ, ਗੁਰਤੇਜ ਕੋਹਾਰਵਾਲਾ ਅਤੇ ਜਸਵਿੰਦਰ ਨੂੰ ਚੰਗੇ ਸ਼ਾਇਰ ਮੰਨਦਾ ਹੈ। ਫੇਸਬੁੱਕੀਏ ਸ਼ਾਇਰਾਂ ਨਾਲ ਉਸਦਾ ਖਾਸ “ਪਿਆਰ” ਹੈ। ਬਕੌਲ ਢਿੱਲੋਂ, “ਸੋਸ਼ਲ ਮੀਡੀਆ ਰਾਹੀਂ ਰਾਤੋ-ਰਾਤ ਸ਼ਾਇਰ ਬਣ ਕੇ ਮਕਬੂਲ ਹੋਣ ਦਾ ਭਰਮ ਪਾਲੀ ਬੈਠੇ ਅਜਿਹੇ ਲੋਕਾਂ ਨੂੰ ਪਹਿਲਾਂ ਪਾਠਕ ਬਣਨਾ ਪਵੇਗਾ। ਇਹ ਲਾਈਕ ਅਤੇ ਵਾਹ-ਵਾਹ ਦੀ ਧੋਖੇਬਾਜ਼ ਦੁਨੀਆ ਹੈ, ਜਿੱਥੇ ਚਾਹੇ ਕੋਈ ਕਿਸੇ ਦੁਰਘਟਨਾ ਦੀ ਤਸਵੀਰ ਪਾ ਦਵੇ, ਭਾਵੇਂ ਕਿਸੇ ਦੀ ਮੌਤ ਦੀ ਦੁਖਦਾਰੀ ਖ਼ਬਰ ਅਤੇ ਚਾਹੇ ਕੋਈ ਕਵਿਤਾ ਜਾਂ ਗਜ਼ਲ-ਨੁਮਾ ਤੁਕਬੰਦੀ, ਅਖੌਤੀ ਦੋਸਤਾਂ ਨੇ ਤਾਂ ਲਾਈਕ ਹੀ ਕਰਨਾ ਹੁੰਦਾ। ਕਵਿਤਾ ਸਹਿਜ ਮਤੇ ਸਵੈ ਨਾਲ ਸੰਵਾਦ ਹੈ।”
ਉਸ ਕੋਲ ਬੈਠਿਆਂ ਇੰਜ ਜਾਪਦਾ ਹੈ ਜਿਵੇਂ ਆਪਣੇ-ਆਪ ਕੋਲ ਬੈਠੇ ਹੋਈਏ। ਜਿਵੇਂ ਦਰਪਣ ਸਾਹਵੇਂ ਬੈਠੇ ਹੋਈਏ। ਉਹ ਇਕ ਸੂਖਮ-ਭਾਵੀ, ਕੋਮਲ-ਚਿੱਤ ਅਤੇ ਸਮਾਜਿਕ ਫਿ਼ਕਰਾਂ-ਅਹਿਸਾਸਾਂ ਨਾਲ ਓਤਪੋਤ ਇਨਸਾਨ ਹੈ। ਮੋਹਖ਼ੋਰਾ ਅਤੇ ਪਿਆਰਾ ਜਿਹਾ।
ਉਸਦੀ ਕਵਿਤਾ ਵਿਚ ਲੋਹੜੇ ਦਾ ਦਰਦ ਹੈ, ਇਕ ਚੀਸ ਹੈ, ਇਕ ਤਾਂਘ ਹੈ, ਇਕ ਤੜਪ ਹੈ, ਇਕ ਵੰਗਾਰ ਹੈ। ਉਹ ਰਾਜਸੀ ਵਰਤਾਰਿਆਂ ’ਤੇ ਬੇਖੌਫ ਹੋ ਕੇ ਉਂਗਲ ਕਰਨ ਵਾਲਾ ਸ਼ਾਇਰ ਹੈ। ਉਹ ਮਾਨਵੀ ਸੰਵੇਦਨਾ, ਸਮਾਜਿਕ ਸਰੋਕਾਰਾਂ ਅਤੇ ਸਮੂਹਿਕ ਫ਼ਿਕਰਾਂ ਦਾ ਸ਼ਾਇਰ ਹੈ। ਪਾਸ਼, ਲਾਲ ਸਿੰਘ ਦਿਲ, ਹਰਭਜਜਨ ਹਲਵਾਰਵੀ ਜਿਹੇ ਸ਼ਾਇਰ ਉਸਦੇ ਆਦਰਸ਼ ਹਨ, ਪ੍ਰੇਰਨਾ ਸਰੋਤ ਹਨ। ਉਹ ਘੱਟ ਪਰ ਪੁਖਤਾ ਲਿਖਦਾ ਹੈ। ਜਦੋਂ ਟੇਢਾ ਸਿਰ ਕਰਕੇ, ਆਪਣੇ ਵਿਲੱਖਣ ਅੰਦਾਜ਼ ਅਤੇ ਲਹਿਜ਼ੇ ਵਿਚ ਮੰਚ ਤੋਂ ਉਹ ਕਵਿਤਾ ਪੜ੍ਹਦਾ ਹੈ, ਤਾਂ ਸਰੋਤੇ ਖਾਮੋਸ਼ ਹੋ ਜਾਂਦੇ ਹਨ। ਉਸਦੇ ਹੌਲੀ, ਤਿੱਖੀ ਅਤੇ ਪਿਆਰੀ ਆਵਾਜ਼ ਵਿਚ ਬੋਲੇ ਕਾਵਿ-ਬੋਲ ਆਪਣੀ ਤੀਖਣਤਾ, ਸੂਖਮਤਾ ਅਤੇ ਵਿਸ਼ਾਲਤਾ ਦਾ ਤੁਆਰਫ਼ ਕਰਵਾਉਂਦੇ ਹਨ। ਉਸਨੇ ਕਲਾ ਦੀ ਇਹ ਗੁੜ੍ਹਤੀ ਆਪਣੇ ਬੱਚਿਆਂ ਨੂੰ ਵੀ ਦਿੱਤੀ। ਉਸਦੀ ਲੜਕੀ ਕੰਵਲ ਢਿੱਲੋਂ ਨਾਟ-ਜਗਤ ਦੀ ਬੇਜੋੜ ਸ਼ਖ਼ਸੀਅਤ ਹੈ। ਜਵਾਈ ਸੋਮਪਾਲ ਹੀਰਾ ਵੀ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ। ਇਸ ਅੰਤਰਜਾਤੀ ਵਿਆਹ ਦੀ ਇਜਾਜ਼ਤ ਦੇ ਕੇ ਢਿੱਲੋਂ ਨੇ ਆਪਣੇ ਕਾਵਿਕ ਆਦਰਸ਼ਾਂ ਨੂੰ ਪੁਗਾਇਆ ਹੈ, ਅਸਲ ਜੀਵਨ ਵਿਚ ਨਿਭਾਇਆ ਹੈ।
ਛੋਟੇ ਹੁੰਦਿਆਂ ਉਹ ਭਗਤ ਪੂਰਨ, ਹੀਰ ਵਾਰਿਸ ਅਤੇ ਹਾਸ਼ਮ ਦੀ ਸੱਸੀ ਦੇ ਕਿੱਸੇ ਗਾਉਂਦਾ। ਲੋਕ ਲਾਲਟੈਣਾਂ ਬਾਲ ਕੇ ਸੁਣਦੇ। ਵੱਡਾ ਹੋਇਆ। ਹੋਰ ਅਧਿਐਨ ਕੀਤਾ। ਡੂੰਘਾ ਵਿਸ਼ਲੇਸ਼ਣ ਵੀ। ਚਿੰਤਨ ਦੀ ਬਾਂਹ ਫੜੀ। ਹਿੰਦੂ ਮਿਥਿਹਾਸ ਕੋਰਸ ਨਾਂ ਦੀ ਕਿਤਾਬ ਪੜ੍ਹ ਕੇ ਉਸਦੇ ਮਨ-ਮਸਤਕ ਦੇ ਕਪਾਟ ਖੁੱਲ੍ਹੇ। ਉਨ੍ਹਾਂ ਨੂੰ ਸਮਕਾਲ ਵਿਚ ਢਾਲਣਾ ਸਿੱਖਿਆ। ਪਾਸ਼, ਦਿਲ, ਹਲਵਾਰਵੀ, ਸ਼ਿਵ, ਵਾਰਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਨੂੰ ਵਾਰ-ਵਾਰ ਪੜ੍ਹਿਆ। ਅੰਗਰੇਜ਼ੀ ਕਵੀ ਜੋਹਨ ਕੀਟਸ, ਸ਼ੈਲੇ, ਬਾਇਰਨ, ਟੈੱਡ ਹਿਊਜ ਅਤੇ ਟੀ.ਐੱਸ. ਇਲੀਅਟ ਦਾ ਨਿੱਠ ਕੇ ਮੁਤਾਲਿਆ ਕੀਤਾ। ਅੱਜ ਉਹ ਆਪਣੀਆਂ ਨਜ਼ਮਾਂ ਵਿਚ ਰੂੜੀਆਂ ਮਿੱਥਾਂ ਅਤੇ ਸਮੂਹਿਕ ਅਵਚੇਤਨ ਦੀਆਂ ਹੋਰ ਧੁਨੀਆਂ ਦੀ ਪੁਨਰ-ਪੈਦਾਇਸ਼ ਕਰਦਾ ਹੈ। ਇਸ ਲਈ ਉਹ ਅੰਗਰੇਜ਼ੀ ਸ਼ਬਦ 'ਰੀ-ਜਨਰੇਟ' ਵਰਤਦਾ ਹੈ। ਉਸਨੂੰ ਗਿਲਾ ਹੈ ਕਿ ਸਾਡੇ ਸਮਾਜ ਵਿਚ ਗੁਰੂ ਨਾਨਕ ਜਿਹੇ ਰੂਹਾਨੀ ਪੈਗੰਬਰ ਨੇ ਬਾਬਰ ’ਤੇ 'ਪਾਪ ਦੀ ਜੰਝ' ਲੈ ਕੇ ਕਾਬੁਲ ਤੋਂ ਆਉਣ ਦਾ ਜ਼ਿਕਰ ਕੀਤਾ ਸੀ, ਅੱਜ ਸਾਡੇ ਕਵੀਆਂ ਵਿਚ ਐਡੀ ਗੱਲ ਕਹਿਣ ਦਾ ਹੀਆ ਨਹੀਂ। ਅੱਜ ਵੀ ਬਾਬਰ ਹਮਲੇ ਕਰ ਰਿਹਾ। ਅੱਜ ਵੀ ਦਰੋਪਦੀ ਦਾ ਚੀਰ-ਹਰਣ ਹੋ ਰਿਹਾ। ਅੱਜ ਵੀ ਪਾਪ ਦੀ ਜੰਞ ਆਉਂਦੀ ਹੈ। ਅੱਜ ਵੀ ਲੜਕੀ ਵਾਲਾ ਕੰਨਿਆ-ਦਾਨ ਕਰਨ ਦੇ ਬਾਵਜੂਦ ਲੜਕੇ ਵਾਲਿਆਂ ਅੱਗੇ ਝੁਕਦਾ ਹੈ। ਸਵਾਲ ਉਠਾਉਣਾ ਕਵੀ ਦਾ ਫਰਜ਼ ਹੈ। ‘ਛਠਮੁ ਪੀਰ’ ਬਾਰੇ ਇਕ ਨਜ਼ਮ ਲਿਖ ਕੇ ਭਗਵਾਨ ਨੇ ਆਪਣੇ ਦਿਲ ਦੀ ਗੱਲ ਕਹੀ। ਸੁਰਜੀਤ ਗੱਗ ਨੂੰ ਉਸਦੀ ਇਹ ਕਵਿਤਾ ਜ਼ਰੂਰ ਪੜ੍ਹਨੀ ਚਾਹੀਦੀ। ਇਹ ਮੇਰੀ ਉਸਨੂੰ ਨਿੱਜੀ ਸਲਾਹ ਹੈ।
ਪੜ੍ਹਨ ਦਾ ਸ਼ੌਕ ਉਸਨੂੰ ਸ਼ੁਰੂ ਤੋਂ ਸੀ। ਗੈਰ-ਅਕਾਦਮਿਕ ਗਤੀਵਿਧੀਆਂ ਵਿਚ ਵੀ ਸਭ ਤੋਂ ਅੱਗੇ। ਆਪਣੀ ਜਮਾਤ ਦਾ ਮਨੀਟਰ ਸੀ ਉਹ।
ਭਗਵਾਨ ਆਪਣੇ ਨਿਵੇਕਲੇ ਕਾਵਿ-ਮੁਹਾਵਰੇ ਰਾਹੀਂ ਅਜੋਕੇ ਸਮੇਂ ਵਿਚ ਵਾਪਰਦੀਆਂ ਘਟਨਾਵਾਂ ਨੂੰ ਸਮੇਂ ਅਤੇ ਸਥਾਨ ਦੇ ਪੈਰਾਡਾਈਮ ਰਾਹੀਂ ਵਾਚਦਾ ਸਮੂਹਿਕ ਅਵਚੇਤਨ ਨੂੰ ਵੰਗਾਰਦਾ ਹੈ। ਮੌਜੂਦਾ ਵਰਤਾਰਿਆਂ, ਇਤਿਹਾਸ, ਮਿਥਿਹਾਸ ਅਤੇ ਲੋਕਧਾਰਾ ਦੇ ਹਵਾਲਿਆਂ ਨਾਲ ਉਂਗਲ ਉਠਾਉਣ ਦਾ ਮਾਹਰ, ਭਗਵਾਨ, ਆਪਣੀਆਂ ਕਵਿਤਾਵਾਂ ਵਿਚ ਵਿਭਿੰਨ ਸਮਾਜਿਕ ਧੁਨੀਆਂ, ਅੰਤਰ-ਦਵੰਧਾਂ ਅਤੇ ਅੰਤਰ-ਤਰੰਗਾਂ ਨੂੰ ਡੀ-ਕੋਡ ਕਰਦਾ ਹੋਇਆ, ਤਿੱਖੇ ਤਰਕ, ਤਕਰਾਰ ਅਤੇ ਤਵਾਜ਼ਨ ਦੀ ਸਿਰਜਨਾ ਕਰਦਾ ਹੋਇਆ ਸਾਰਥਿਕ, ਮੁੱਲਵਾਨ ਅਤੇ ਡੂੰਘੀਆਂ ਗੱਲਾਂ ਕਰਦਾ ਹੋਇਆ, ਸੂਖਮ ਅਤੇ ਪ੍ਰਚੰਡ ਵਿਸ਼ਲੇਸ਼ਣ ਰਾਹੀਂ, ਸਮੁੱਚੇ ਵਰਤਾਰੇ ਦੀ ਤਸਵੀਰ ਪੇਸ਼ ਕਰਦਾ ਹੋਇਆ ਆਪਣੀ ਕਵਿਤਾ ਵਿਚ ਸੁਹਜ, ਰੋਹ ਅਤੇ ਅਪਣੱਤ ਕਾਇਮ ਰੱਖਦਾ ਹੈ। ਇਸੇ ਲਈ ਉਸਦੀ ਕਵਿਤਾ ਦਾ ਟੈਕਸਟ ਅਤੇ ਟੈਕਸਚਰ ਬੜਾ ਸੰਘਣਾ, ਅਮੀਰ ਅਤੇ ਤੀਖਣ ਹੈ। ਭਗਵਾਨ ਸੋਿੰਘ ਢਿੱਲੋਂ ਦੀ ਕਵਿਤਾ ਵਿਚ ਰੋਹ ਵੀ ਹੈ, ਮੋਹ ਵੀ। ਰਸ ਵੀ, ਰਹੱਸ ਵੀ। ਚੇਤਨਾ ਵੀ, ਅਵਚੇਤਨ ਵੀ। ਪਰ, ਬੌਧਿਕ ਭਰਮਜਾਲ ਬੁਣਨ ਦੀ ਥਾਂ, ਇਸ ’ਤੇ ਕਿੰਤੂ ਕਰਨਾ ਉਸਦਾ ਸੁਭਾਅ ਵੀ ਹੈ, ਕਾਵਿ-ਜੁਗਤੀ ਵੀ।
ਮਿਹਨਤ ਨਾਲ ਉਹ ਪੈਰੀਂ ਖੜ੍ਹਾ ਹੋਇਆ। ਸ਼ੌਕ ਨਾਲ ਕਵਿਤਾ ਲਿਖਣੀ ਸ਼ੁਰੂ ਕੀਤੀ। ਮਜਬੂਰੀ ਵੱਸ ਪੱਤਰਕਾਰੀ ਸੰਭਾਲੀ। ਕਿਸੇ ਲਈ ਉਹ ਸੇਵਾ-ਮੁਕਤ ਐੱਫ.ਸੀ.ਆਈ. ਮੁਲਾਜ਼ਮ, ਕਿਸੇ ਲਈ ਕਵੀ ਅਤੇ ਕਿਸੇ ਲਈ ਅਜੀਤ ਦਾ ਪੱਤਰਕਾਰ ਹੈ। ਸਮੇਂ ਅਤੇ ਸਥਾਨ ਅਨੁਸਾਰ ਭੂਮਿਕਾ ਬਦਲ ਜਾਂਦੀ ਹੈ। ਉਹ ਇਕ ਸੰਜੀਦਾ ਇਨਸਾਨ, ਇਕ ਜ਼ਿੰਮੇਵਾਰ ਪਿਓ ਅਤੇ ਇਕ ਸਮਰੱਥ ਸ਼ਾਇਰ ਹੈ।
ਉਹ ਸਭ ਕੁਝ ਹੈ, ਪਰ ਉਹ ਭਗਵਾਨ ਨਹੀਂ ਹੈ।
*****
(1398)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)