MohanSharma7ਘਰ ਵਿੱਚ ਇੱਕ ਨਸ਼ੱਈ ਹੋਣ ਦੇ ਨਾਲ ਉਸਦੇ ਮਾਂ ਬਾਪ, ਭੈਣ ਭਰਾ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ...
(18 ਨਵੰਬਰ 2018)

 

ਇਸ ਵੇਲੇ ਪੰਜਾਬ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਲੰਘ ਰਿਹਾ ਹੈਨਸ਼ਾ ਖੋਰੀ, ਬੇਰੁਜ਼ਗਾਰੀ ਅਤੇ ਸਮਾਜਿਕ ਅਸੁਰੱਖਿਅਤਾ ਕਾਰਨ ਨੈਤਿਕਤਾ, ਸਦਾਚਾਰ, ਉੱਚ ਆਦਰਸ਼, ਸ਼ਹਿਣਸੀਲਤਾ ਅਤੇ ਸ਼ਰਾਫ਼ਤ ਤੋਂ ਸੱਖਣਾ ਪੰਜਾਬ ਇੰਜ ਲੱਗ ਰਿਹਾ ਹੈ ਜਿਵੇਂ ਕੋਈ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਟਿਕਿਆ ਹੋਇਆ ਹੋਵੇਸਮੈਕ, ਹੈਰੋਇਨ, ਕੋਕੀਨ ਅਤੇ ਚਿੱਟੇ ਵਰਗੇ ਮਹਿੰਗੇ ਨਸ਼ੇ ਨੇ ਪੰਜਾਬ ਦੀ ਜਵਾਨੀ ਨਿਗਲ ਲਈ, ਘਰਾਂ ਦੀ ਬਰਕਤ ਖੋਹ ਲਈ ਅਤੇ ਪੰਜਾਬੀਆਂ ਨੂੰ ਮੂਧੇ ਮੂੰਹ ਗਿਰਾਉਣ ਵਿੱਚ ਕੋਈ ਕਸਰ ਨਹੀਂ ਛੱਡੀਖ਼ੌਫ਼ ਦੀਆਂ ਦਿਵਾਰਾਂ, ਟੁੱਟਦੇ ਹੋਏ ਘਰ, ਵਿਗੜ ਰਹੇ ਬੱਚੇ, ਨਿਪੁੰਸਕ ਗੱਭਰੂ, ਜੁਰਮ ਵੱਲ ਵਧਦੇ ਕਦਮ, ਏਡਜ਼ ਵਿੱਚ ਵਾਧਾ ਅਤੇ ਘਰ ਘਰ ਮੌਤ ਦਾ ਫਰਮਾਨ ਵੰਡਦੇ ਨਸ਼ੇ ਦੇ ਵਿਉਪਾਰੀਆਂ ਨੇ ਘਰਾਂ ਦੀ ਬਰਕਤ ਖੋਹ ਲਈ ਹੈ ਅਤੇ ਪੰਜਾਬ ਦੇ ਗੱਭਰੂ ਮਾਨਸਿਕ ਅਤੇ ਸਰੀਰਕ ਤੌਰ ’ਤੇ ਖੋਖਲੇ ਹੋ ਕੇ ਬੇਰਾਂ ਵਾਂਗ ਝੜ ਰਹੇ ਹਨ।।

ਗੈਰ ਸਰਕਾਰੀ ਸਰਵੇਖਣ ਅਨੁਸਾਰ ਪੰਜਾਬ ਵਿੱਚ 76.47 ਫੀਸਦੀ ਸ਼ਰਾਬ, 40.14 ਫੀਸਦੀ ਅਫੀਮ, 25.29 ਫੀਸਦੀ ਜ਼ਰਦਾ, 21.45 ਫੀਸਦੀ ਭੁੱਕੀ, 8.65 ਫੀਸਦੀ ਨਸ਼ੇ ਦੇ ਟੀਕੇ, 20.40 ਫੀਸਦੀ ਡਰੱਗਜ਼ ਅਤੇ 4.65 ਫੀਸਦੀ ਚਰਸ ਦੀ ਵਰਤੋਂ ਕਾਰਨ ਪਿਛਲੇ ਡੇਢ ਦਹਾਕੇ ਵਿੱਚ ਨਸ਼ੇੜੀਆਂ ਦੀ ਗਿਣਤੀ ਵਿੱਚ ਅੰਦਾਜ਼ਨ 213 ਫੀਸਦੀ ਦਾ ਵਾਧਾ ਹੋਇਆ ਹੈਇਨ੍ਹਾਂ ਨਸ਼ਿਆਂ ਦੇ ਪ੍ਰਕੋਪ ਕਾਰਨ ਹੀ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੀ ਹੈਪੰਜਾਬ ਦਾ ਕੋਈ ਵੀ ਅਜਿਹਾ ਖਿੱਤਾ ਜਾਂ ਜ਼ਿਲ੍ਹਾ ਨਹੀਂ ਜਿੱਥੇ ਗੁੰਡਾਗਰਦੀ, ਲੁੱਟ ਖੋਹ, ਚੋਰੀਆਂ, ਬਲਾਤਕਾਰ ਦੀਆਂ ਵਾਰਦਾਤਾਂ ਨਹੀਂ ਹੋ ਰਹੀਆਂਪਿਛਲੇ ਕੁੱਝ ਸਮੇਂ ਅੰਦਰ ਹੀ ਬਲਾਤਕਾਰ ਦੀਆਂ ਵਾਰਦਾਤਾਂ ਵਿੱਚ 33 ਫੀਸਦੀ, ਅਗਵਾ ਅਤੇ ਉਧਾਲਣ ਦੀਆਂ ਘਟਨਾਵਾਂ ਵਿੱਚ 14 ਫੀਸਦੀ, ਲੁੱਟਾਂ ਖੋਹਾਂ 22 ਫੀਸਦੀ ਅਤੇ ਸੰਨ੍ਹ ਲਾਉਣ ਦੀਆਂ ਘਟਨਾਵਾਂ ਵਿੱਚ 15 ਫੀਸਦੀ ਦਾ ਵਾਧਾ ਹੋਣਾ ਕੋਈ ਸ਼ੁਭ ਸੰਕੇਤ ਨਹੀਂ ਹੈ

ਨਸ਼ਿਆਂ ਕਾਰਨ ਸਿਵਿਆਂ ਵੱਲ ਵਾੱਧਦੇ ਇਕਲੌਤੇ ਪੁੱਤਾਂ ਦੇ ਕਦਮਾਂ ਤੋਂ ਭੈਅ-ਭੀਤ ਅਤੇ ਆਰਥਿਕ ਤੌਰ ’ਤੇ ਖੁੰਘਲ ਹੋਏ ਮਾਪਿਆਂ ਸਾਹਮਣੇ ਪਹਾੜ ਜਿੱਡਾ ਪ੍ਰਸ਼ਨ ਹੁੰਦਾ ਹੈ ਕਿ ਉਹ ਘਰ ਦੇ ਬੁਝ ਰਹੇ ਚਿਰਾਗਾਂ ਨੂੰ ਜਗਦਾ ਰੱਖਣ ਲਈ ਕਿਹੜਾ ਹੀਲਾ ਕਰਨ? ਦੂਜੇ ਪਾਸੇ ਪੰਜਾਬ ਵਿੱਚ ਖੁੰਬਾਂ ਵਾਂਗ ਖੁੱਲ੍ਹੇ ਨਜਾਇਜ਼ ਨਸ਼ਾ ਛੁਡਾਊ ਕੇਂਦਰਾਂ ਦੇ ਸੰਚਾਲਕਾਂ ਵੱਲੋਂ ਮਾਪਿਆਂ ਦੀ ਤਰਸਯੋਗ ਹਾਲਤ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਇੱਕ ਪਾਸੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਅਤੇ ਦੂਜੇ ਪਾਸੇ ‘ਨਸ਼ੱਈ ਨੌਜਵਾਨਾਂ’ ਨੂੰ ‘ਸ਼ਰਤੀਆ ਠੀਕ ਕਰਨ’ ਦੇ ਦਾਅਵੇ ਨਾਲ ਉਨ੍ਹਾਂ ਤੇ ਭਾਰੀ ਤਸ਼ੱਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀਮਾਪਿਆਂ ਤੋਂ ਪੈਸਾ ਚੂੰਢਣ ਅਤੇ ਉਨ੍ਹਾਂ ਦੇ ਨਸ਼ਈ ਪੁੱਤਰਾਂ ਦਾ ਮਾਸ ਨੋਚ ਕੇ ਦਰਿੰਦਗੀ ਦਾ ਨੰਗਾ ਨਾਚ ਖੇਡਿਆ ਜਾਂਦਾ ਹੈਪੰਜਾਬ ਵਿੱਚ ਅੰਦਾਜ਼ਨ 150 ਅਜਿਹੇ ਨਸ਼ਾ ਛੁਡਾਊ ਕੇਂਦਰ ਖੁੱਲ੍ਹੇ ਹਨ ਜਿਨ੍ਹਾਂ ਵਿੱਚ ‘ਸ਼ਰਤੀਆਂ ਇਲਾਜ’ ਦੇ ਦਾਅਵੇਦਾਰ ਮਾਪਿਆਂ ਦੀ ਲੁੱਟ ਖਸੁੱਟ ਕਰ ਰਹੇ ਹਨਅਜਿਹੇ ਨਸ਼ਾ ਛੁਡਾਊ ਕੇਂਦਰ ਡੰਡੇ ਦੇ ਜ਼ੋਰ ਨਾਲ ਨਸ਼ਾ ਛੁਡਾਉਣ ਦੀ ਨੀਤੀ ਅਧੀਨ ‘ਤਸੀਹਾ ਕੇਂਦਰ’ ਬਣ ਗਏ ਹਨਨਸ਼ੱਈ ਵਿਅਕਤੀ ਇੱਕ ਮਾਨਸਿਕ ਰੋਗੀ ਹੁੰਦਾ ਹੈਦੂਜੇ ਸ਼ਬਦਾਂ ਵਿੱਚ ਇਹ ਕਹਿ ਦੇਈਏ ਕਿ ਉਹ ਰਸਤੇ ਤੋਂ ਭਟਕ ਕੇ ਕੁਰਾਹੇ ਪੈ ਗਿਆ ਹੈ ਅਤੇ ਕੁਰਾਹੀਏ ਨੂੰ ਰਾਹ ਤੇ ਲਿਆਉਣ ਲਈ ਪ੍ਰੇਰਨਾ, ਪਿਆਰ, ਹਮਦਰਦੀ ਅਤੇ ਅਪਣੱਤ ਦੀ ਲੋੜ ਹੁੰਦੀ ਹੈਜੋਰ ਜ਼ਬਰਦਸਤੀ, ਕੁੱਟਮਾਰ, ਗਾਲ੍ਹਾਂ ਆਦਿ ਨਾਲ ਉਹ ਢੀਠ ਹੋ ਜਾਵੇਗਾ ਅਤੇ ਢੀਠ ਹੋ ਕੇ ਉਹ ਆਪਣੀ ਹੀਣ ਭਾਵਨਾ ਨੂੰ ਛੁਪਾਉਣ ਲਈ ਨਸ਼ੇ ਦੀ ਮਿਕਦਾਰ ਨੂੰ ਹੋਰ ਵਧਾ ਲਵੇਗਾਇਸ ਤਰੀਕੇ ਨਾਲ ਨਸ਼ੱਈ ਵਿਅਕਤੀ ਲਈ ਕੁੱਟਮਾਰ ਫਾਇਦੇ ਦੀ ਥਾਂ ਨੁਕਸਾਨ ਹੀ ਪਹੁੰਚਾਉਂਦੀ ਹੈ

ਪੁਲਿਸ ਦੇ ਪੁੱਛ ਗਿੱਛ ਕੇਂਦਰਾਂ ਦੀ ਤਰ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਬਣੇ ਤਸੀਹਾ ਕੇਂਦਰ ਸਾਡੇ ਸਮਾਜ ’ਤੇ ਇਕ ਧੱਬਾ ਹਨਇੱਕ ਵਿਅਕਤੀ ਨੇ ਦੁਖੀ ਮਨ ਨਾਲ ਦੱਸਿਆ, “ਮੇਰੀ ਰਿਹਾਇਸ਼ ਦੇ ਪਿਛਲੇ ਪਾਸੇ ਦੋ-ਤਿੰਨ ਵਿਅਕਤੀਆਂ ਨੇ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਹੋਇਆ ਹੈਅੰਦਰੋਂ ਆਉਂਦੀਆਂ ਚੀਕਾਂ ਸੁਣ ਕੇ ਰੋਜ਼ ਹੀ ਮਨ ਖਰਾਬ ਰਹਿੰਦੈ।” ਅਜਿਹੇ ਤਸੀਹਾ ਕੇਂਦਰਾਂ ਵਿੱਚ ਰੋਟੀ ਜ਼ਿਆਦਾ ਮੰਗ ਲਈ ਤਾਂ ਕੁੱਟਮਾਰ, ਰੋਟੀ ਘੱਟ ਖਾਧੀ ਤਾਂ ਸਜ਼ਾ, ਪਾਣੀ ਦੀ ਟੂਟੀ ਖੁੱਲ੍ਹੀ ਛੱਡੀ ਗਈ, ਜ਼ਿਆਦਾ ਸਮਾਂ ਮੰਜੇ ’ਤੇ ਪੈ ਗਿਆ, ਘਰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ, ਕਹਿਣਾ ਨਾ ਮੰਨਣਾ ਆਦਿ ਸਮੇਂ ਪਿਛਿਉਂ ਗਰਦਣ ਫੜਕੇ ਮੱਥਾ ਕੰਧ ਨਾਲ ਮਾਰਨਾ, ਇੱਟ ਦੇ ਰਗੜੇ ਹੋਏ ਸਿਰੇ ’ਤੇ ਖੜ੍ਹਾ ਕਰਨਾ, ਗੈਸ ਸਿਲੰਡਰ ਦੋਨਾਂ ਹਥਾਂ ਨਾਲ ਉੱਪਰ ਚੁੱਕ ਕੇ ਧੁੱਪੇ ਖੜ੍ਹੇ ਰੱਖਣਾ, ਕਮਰੇ ਵਿੱਚ ਬੰਦ ਕਰ ਦੇਣਾ ਆਦਿ ਗ਼ੈਰ ਮਨੁੱਖੀ ਸਜ਼ਾਵਾਂ ਦੇ ਕੇ ਨਸ਼ੱਈ ਨੂੰ ਅੱਧ ਮਰਿਆ ਕਰ ਦਿੱਤਾ ਜਾਂਦਾ ਹੈਅਜਿਹੀ ਸਜ਼ਾ ਨਾਲ ਉਹਦੀ ਸੋਚ ਬਾਗ਼ੀ ਹੋ ਜਾਂਦੀ ਹੈ ਅਤੇ ਉਹ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਅਤੇ ਆਪਣੇ ਮਾਪਿਆਂ ਪ੍ਰਤੀ ਬਾਗ਼ੀ ਸੁਰ ਰੱਖਦੇ ਹੋਏ ਸਮਾਂ ਆਉਣ ’ਤੇ ਬਦਲਾ ਲੈਣ ਲਈ ਦ੍ਰਿੜ੍ਹ ਸੰਕਲਪ ਕਰ ਲੈਂਦਾ ਹੈ ਕਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ੱਈ ਮਰੀਜ਼ਾਂ ਦੀ ਮੌਤ ਪਿੱਛੇ ਵੀ ਇਹੋ ਜਿਹੇ ਕਾਰਨ ਹੀ ਹੁੰਦੇ ਹਨਇਸ ਤੋਂ ਬਿਨਾਂ ਅਜਿਹੇ ਤਸੀਹਾ ਕੇਂਦਰਾਂ ਵਿੱਚੋਂ ਛੁੱਟੀ ਹੋਣ ਉਪਰੰਤ ਨਸ਼ੱਈ ਨੇ ਜਿੱਥੇ ਬਾਹਰ ਆ ਕੇ ਦੁੱਗਣਾ ਨਸ਼ਾ ਕਰਨਾ ਸ਼ੁਰੂ ਕੀਤਾ ਹੈ ਉੱਥੇ ਆਪਣੇ ਮਾਂ-ਬਾਪ ਨੂੰ ਵੀ ਇਸ ਕਹਿਰ ਲਈ ਦੋਸ਼ੀ ਠਹਿਰਾਉਂਦੇ ਹੋਏ ਕੁੱਟਮਾਰ ਕੀਤੀ ਹੈ

ਨਸ਼ੱਈਆਂ ਦੇ ਮਾਪਿਆਂ ਦਾ ਦੁਖਾਂਤ ਹੈ ਕਿ ਜਦੋਂ ਉਹ ਆਪਣੀ ਔਲਾਦ ਨੂੰ ਨਸ਼ਾ ਛੱਡਣ ਦੀ ਪ੍ਰੇਰਨਾ ਦਿੰਦੇ ਹੋਏ ਇਲਾਜ ਕਰਵਾਉਣ ਲਈ ਕਹਿੰਦੇ ਹਨ ਤਾਂ ਨੌਜਵਾਨ ਉਨ੍ਹਾਂ ਦਾ ਕਹਿਣਾ ਮੰਨਣ ਤੋਂ ਜਵਾਬ ਦੇ ਦਿੰਦੇ ਹਨਅਜਿਹੀ ਸਥਿਤੀ ਵਿੱਚ ਮਾਪੇ ਇਹੋ ਜਿਹੇ ਨਸ਼ਾ ਛੁਡਾਊ ਕੇਂਦਰਾਂ ਨਾਲ ਜਦੋਂ ਸੰਪਰਕ ਕਰਦੇ ਹਨ ਤਾਂ ਉਹ ਮੋਟੀ ਰਕਮ ਲੈ ਕੇ ਆਪਣੇ ਰੱਖੇ ‘ਥਾਣੇਦਾਰਾਂ’ ਨੂੰ ਗੱਡੀ ਦੇ ਕੇ ਭੇਜ ਦਿੰਦੇ ਹਨ ਅਤੇ ਉਹ ਨਸ਼ੱਈ ਮਰੀਜ਼ ਨੂੰ ਘਰੋਂ ਹੀ ਚੰਗੀ ਤਰ੍ਹਾਂ ਸੋਧ ਕੇ ਗੱਡੀ ਵਿੱਚ ਸੁੱਟ ਲੈਂਦੇ ਹਨ ਅਤੇ ਫਿਰ ਰਸਤੇ ਵਿੱਚ ਵੀ ਇਹ ‘ਸੋਧਣ’ ਦਾ ਕੰਮ ਜਾਰੀ ਰੱਖ ਕੇ ਉ ਸਨੂੰ ਅਧਮਰੀ ਹਾਲਤ ਵਿੱਚ ਜੇਲ੍ਹ ਦੇ ਕੈਦੀ ਦੀ ਤਰ੍ਹਾਂ ਸੀਖਾਂ ਵਾਲੇ ਕਮਰੇ ਅੰਦਰ ਸੁੱਟ ਦਿੰਦੇ ਹਨਅਜਿਹੇ ਗੰਦੇ ਕਮਰੇ ਵਿੱਚ ਹਵਾ ਅਤੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੁੰਦਾਘਰ ਦੇ ਕਿਸੇ ਵੀ ਮੈਂਬਰ ਨੂੰ 8-9 ਮਹੀਨੇ ਮਿਲਣ ਨਹੀਂ ਦਿੱਤਾ ਜਾਂਦਾਮਾਪੇ ਅੰਦਾਜ਼ਨ 20-25 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੇਜਦੇ ਰਹਿੰਦੇ ਹਨਅਜਿਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਠੀਕ ਹੋ ਕੇ ਨਸ਼ੱਈ ਮਰੀਜ਼ ਮਹੀਨੇ ਦੋ ਮਹੀਨੇ ਬਾਅਦ ਹੀ ਦੁਆਰਾ ਫਿਰ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਂਦੇ ਹਨ ਅਤੇ ਨਾਲ ਹੀ ਉਹ ਨਸ਼ਿਆਂ ਦੀ ਪੂਰਤੀ ਲਈ ਜੁਰਮ ਦਾ ਦਰਵਾਜ਼ਾ ਵੀ ਖੋਲ੍ਹ ਲੈਂਦੇ ਹਨ

ਅਜਿਹੇ ਜ਼ਿੰਗੀ ਵਿੱਚ ਥਿੜਕੇ ਹੋਏ ਲੋਕਾਂ ਅੰਦਰ ਜਿੱਥੇ ਲੱਚਰਤਾ ਪਲਦੀ ਹੈ ਉੱਥੇ ਉਹ ਮਨੁੱਖੀ ਕਦਰਾਂ ਕੀਮਤਾਂ ਤੋਂ ਬੇਮੁੱਖ ਵੀ ਹੋ ਜਾਂਦੇ ਹਨਅਜਿਹੇ ਵਿਅਕਤੀਆਂ ਦੀ ਹਾਲਤ ਉਸ ਵਿਅਕਤੀ ਵਰਗੀ ਹੁੰਦੀ ਹੈ ਜਿਸ ਨੇ ਸੁੱਕੇ ਖੂਹ ਵਿੱਚ ਛਾਲ ਮਾਰ ਦਿੱਤੀ ਹੋਵੇ ਅਤੇ ਫਿਰ ਬਾਹਰ ਆਉਣ ਲਈ ਸਾਰੀਆਂ ਟਪੂਸੀਆਂ ਵਿਅਰਥ ਹੋ ਜਾਂਦੀਆਂ ਹਨਅਜਿਹੇ ਵਿਅਕਤੀ ਤਦ ਹੀ ਬਾਹਰ ਆ ਸਕਦੇ ਹਨ ਜੇਕਰ ਉਨ੍ਹਾਂ ਨੂੰ ਲੱਜ ਸੁੱਟ ਕੇ ਬਾਹਰ ਆਉਣ ਲਈ ਕਿਹਾ ਜਾਵੇ, ਉਹ ਲੱਜ ਨੂੰ ਘੁੱਟ ਕੇ ਫੜ ਲਵੇ ਅਤੇ ਬਾਹਰੋਂ ਸੁਹਿਰਦ ਸੱਜਣ ਲੱਜ ਨੂੰ ਖਿੱਚਣ ਤਾਂ ਉਹ ਬਾਹਰ ਆਉਣ ਵਿੱਚ ਕਾਮਯਾਬ ਹੋ ਜਾਵੇਗਾਨਸ਼ੱਈ ਵਿਅਕਤੀ ਦਿਸ਼ਾ ਹੀਣ ਹੁੰਦਾ ਹੈਉਸਦੀ ਦਸ਼ਾ ਨੂੰ ਵੇਖਦੇ ਹੋਏ ਉਸ ਨੂੰ ਦਿਸ਼ਾ ਦੇਣ ਦੀ ਲੋੜ ਹੈ ਅਤੇ ਜਿੰਨੀ ਦੇਰ ਤੱਕ ਨਸ਼ੱਈ ਦਾ ਉਚੇਰੀ ਸ਼ਕਤੀ ਵਿੱਚ ਵਿਸ਼ਵਾਸ ਨਹੀਂ ਹੁੰਦਾ, ਉਸਦੇ ਨੈਤਿਕ ਅਤੇ ਬੌਧਿਕ ਵਿਕਾਸ ਲਈ ਯੋਗ ਕਦਮ ਨਹੀਂ ਚੁੱਕੇ ਜਾਂਦੇ, ਉੰਨੀ ਦੇਰ ਉਸਦਾ ਇਲਾਜ ਸੰਭਵ ਹੀ ਨਹੀਂਜਿੰਨੀ ਦੇਰ ਨਸ਼ਾ ਛੁਡਾਊ ਕੇਂਦਰਾਂ ਦੇ ਸੰਚਾਲਕ ਮਨੁੱਖੀ ਜ਼ਿੰਦਗੀ ਨੂੰ ਤਰਜੀਹ ਦੇਣ ਦੀ ਥਾਂ ਪੈਸੇ ਇਕੱਠੇ ਕਰਨ ਦੀ ਦੌੜ ਵਿੱਚ ਸ਼ਾਮਲ ਹੋਣਗੇ, ਜਿੰਨੀ ਦੇਰ ਤੱਕ ਸੰਚਾਲਕ ਇਸ ਉਸਾਰੂ ਸੋਚ ਨਾਲ ਕੰਮ ਨਹੀਂ ਕਰਨਗੇ ਕਿ ਅਸੀਂ ਨਸ਼ੱਈ ਨੂੰ ਨਸ਼ਾ ਮੁਕਤ ਕਰਕੇ ਇੱਕ ਚੰਗਾ ਨਾਗਰਿਕ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ, ਉੰਨੀ ਦੇਰ ਨਸ਼ੱਈ ਨਸ਼ਿਆਂ ਦੀ ਦਲਦਲ ਵਿੱਚੋਂ ਨਹੀਂ ਨਿਕਲ ਸਕੇਗਾ

ਇੱਕ ਚੰਗੇ ਅਤੇ ਪ੍ਰਭਾਵਸ਼ਾਲੀ ਨਸ਼ਾ ਛੁਡਾਊ ਕੇਂਦਰ ਵਿੱਚ ਦੁਆ ਅਤੇ ਦਵਾਈ ਦਾ ਸੁਮੇਲ ਹੋਣਾ ਚਾਹੀਦਾ ਹੈਕੌਂਸਲਿੰਗ, ਯੋਗਾ, ਮੈਡੀਟੇਸ਼ਨ, ਉਸਾਰੂ ਸਾਹਿਤ ਅਧਿਐਨ, ਪ੍ਰਭੂ ਸਿਮਰਨ, ਕ੍ਰਿਆਤਮਕ ਕਾਰਜ, ਮਨੋਰੰਜਨ ਅਤੇ ਵਿਦਵਾਨ ਸ਼ਖਸੀਅਤਾਂ ਦੇ ਸਮੇਂ ਸਮੇਂ ਸਿਰ ਕਰਵਾਏ ਭਾਸ਼ਨ ਉਨ੍ਹਾਂ ਲਈ ਬਹੁਤ ਹੀ ਸਹਾਈ ਹੋ ਸਕਦੇ ਹਨਉਨ੍ਹਾਂ ਨੂੰ ਪ੍ਰੇਰਨਾ ਰਾਹੀਂ ਇਹੋ ਸਮਝਾਉਣ ਦੀ ਲੋੜ ਹੈ ਕਿ ਨਸ਼ਾ ਤਾਂ ਮਰਦੇ ਜਾਂ ਮਰ ਰਹੇ ਘੋੜੇ ’ਤੇ ਹੰਟਰ ਮਾਰਨ ਵਾਂਗ ਹੈਉਚਿਤ ਵਾਤਾਵਰਣ ਉਨ੍ਹਾਂ ਲਈ ਅਤਿਅੰਤ ਜ਼ਰੂਰੀ ਹੈਠੀਕ ਹੋਣ ਉਪਰੰਤ ਉਨ੍ਹਾਂ ਦੇ ਮੁੜ ਵਸੇਬੇ ਲਈ ਢੁੱਕਵੇਂ ਰੁਜ਼ਗਾਰ ਅਤੇ ਥਿੜਕੇ ਰਿਸ਼ਤਿਆਂ ਨੂੰ ਜੋੜਣ ਲਈ ਵੀ ਨਸ਼ਾ ਛੁਡਾਊ ਕੇਂਦਰ ਵਲੋਂ ਢੁੱਕਵੇਂ ਕਦਮ ਚੁੱਕਣੇ ਜ਼ਰੂਰੀ ਹਨਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਉਹ ਵਿਹਲਾ ਰਹਿਣ ਅਤੇ ਪਤਨੀ ਦੇ ਰੁਸ ਕੇ ਪੇਕੀਂ ਜਾਣ ਕਰਕੇ ਦੁਬਾਰਾ ਇਸ ਨਿਰਾਸ਼ਾਵਾਦੀ ਰੁਖ਼ ਨਾਲ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਵੇਗਾ

ਨਸ਼ੱਈ ਲਈ ਪ੍ਰੇਰਨਾ, ਇਲਾਜ ਅਤੇ ਮੁੜ ਵਸੇਬੇ ਲਈ ਚੁੱਕੇ ਸਾਰਥਿਕ ਕਦਮ ਉਸ ਨੂੰ ਇਸ ਦਲਦਲ ਵਿੱਚੋਂ ਕੱਢ ਸਕਦੇ ਹਨਇੱਥੇ ਇਹ ਵੀ ਵਰਨਣਯੋਗ ਹੈ ਕਿ ਘਰ ਵਿੱਚ ਇੱਕ ਨਸ਼ੱਈ ਹੋਣ ਦੇ ਨਾਲ ਉਸਦੇ ਮਾਂ ਬਾਪ, ਭੈਣ ਭਰਾ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਪ੍ਰੇਸ਼ਾਨੀ ਵਿੱਚ ਮਾਨਸਿਕ ਰੋਗੀ ਬਣ ਜਾਂਦੇ ਹਨਇੱਕ ਨਸ਼ੱਈ ਨੂੰ ਨਸ਼ਾ ਮੁਕਤ ਕਰਕੇ ਚੰਗਾ ਸ਼ਹਿਰੀ ਬਣਨ ਦੀ ਪ੍ਰੇਰਨਾ ਨਾਲ ਸਿਰਫ ਉਹ ਨਸ਼ੱਈ ਮਰੀਜ਼ ਹੀ ਠੀਕ ਨਹੀਂ ਹੁੰਦਾ, ਸਗੋਂ ਉਸਦੇ ਮਾਪੇ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਚਿਹਰਿਆਂ ’ਤੇ ਵੀ ਖੇੜਾ ਆ ਜਾਂਦਾ ਹੈ

ਨਸ਼ੱਈਆਂ ਦੇ ਮਾਪਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ੱਈ ਨੂੰ ਭੇਜਣ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਪੜਤਾਲ ਕਰ ਲੈਣ ਕਿ ਉਹ ਸੈਂਟਰ ਸਿਰਫ ਪੈਸੇ ਇੱਕਠੇ ਕਰਨ ਲਈ ਹੀ ਤਾਂ ਨਹੀਂ ਖੋਲ੍ਹਿਆ ਹੋਇਆ? ਉਸ ਸੈਂਟਰ ਵਿੱਚ ਤਸੀਹੇ ਤਾਂ ਨਹੀਂ ਦਿੱਤੇ ਜਾ ਰਹੇ? ਉਸ ਸੈਂਟਰ ਵਿੱਟ ਬੂਟੇ ਦੇ ਸੁੱਕਣ ਦੇ ਕਾਰਨਾਂ ਦਾ ਪਤਾ ਲਾ ਕੇ ਹੱਲ ਕਰਨ ਦੀ ਥਾਂ ਪੱਤਿਆਂ ’ਤੇ ਸਪਰੇਅ ਕਰਨ ਵਾਲੀ ਨੀਤੀ ਤਾਂ ਨਹੀਂ ਵਰਤੀ ਜਾ ਰਹੀ? ਜੇਕਰ ਤੁਸੀਂ ਅਜਿਹੇ ਨਸ਼ਾ ਛੁਡਾਊ ਕੇਂਦਰ ਵਿੱਚ ਆਪਣੇ ਨਜ਼ਦੀਕੀ ਨੂੰ ਦਾਖ਼ਲ ਕਰਵਾਉਂਦੇ ਹੋ ਤਾਂ ਉਹ ਵਰ੍ਹਦੇ ਮੀਂਹ ਵਿੱਚ ਚੋਅ ਰਹੀ ਛੱਤ ਕਾਰਨ ਖਰਾਬ ਹੋਏ ਫਰਸ਼ ਨੂੰ ਸਾਫ਼ ਕਰਨ ਦਾ ਉਪਰਾਲਾ ਤਾਂ ਕਰ ਸਕਦੇ ਹਨ, ਪਰ ਛੱਤ ਕਿਉਂ ਚੋਅ ਰਹੀ ਹੈ, ਇਸ ਵੱਲ ਧਿਆਨ ਨਾ ਦੇਣ ਕਾਰਨ ਮਨੁੱਖ ਰੂਪੀ ਜ਼ਿੰਦਗੀ ਦੀ ਛੱਤ ਗਿਰਨ ਨਾਲ ਹੋਏ ਬੇ-ਹਿਸਾਬੇ ਨੁਕਸਾਨ ਲਈ ਜਿੱਥੇ ਅਜਿਹੇ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਜ਼ਿੰਮੇਵਾਰ ਹੋਣਗੇ, ਉੱਥੇ ਅਜਿਹੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਉਣ ਵਾਲੇ ਮਾਪੇ ਵੀ ਬਰਾਬਰ ਦੇ ਭਾਈਵਾਲ ਹੋਣਗੇ

*****

(1394)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author