UjjalDosanjh7ਆਮਿਰ ਵਾਂਗ ਆਪਣੇ ਖਦਸ਼ਿਆਂ ਅਤੇ ਡਰ ਦਾ ਪ੍ਰਗਟਾਵਾ ਕਰਨ ਵਾਲੇ ਹੋਰ ਅਣਗਿਣਤ ਭਾਰਤੀ ਵੀ ਹਨ...

(ਦਸੰਬਰ 12, 2015)

 

AmirKhan1ਆਮਿਰ ਖਾਨ ਭਾਰਤ ਵਿਚ ਪੈਦਾ ਹੋਏ ਅਤੇ ਇਸ ਧਰਤੀ ਨੂੰ ਪਿਆਰ ਕਰਦਿਆਂ ਇੱਥੇ ਹੀ ਆਪਣੀ ਜ਼ਿੰਦਗੀ ਬਿਤਾਉਂਦੇ ਹਨ। ਜਦੋਂ ਉਨ੍ਹਾਂ ਨੇ ਆਪਣੇ ਕੁਝ ਅੰਦਰੂਨੀ ਖ਼ਦਸ਼ੇ ਜ਼ਾਹਿਰ ਕੀਤੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਉਂਝ ਆਮਿਰ ਖਾਨ ਨਾ ਤਾਂ ਇਸ ਦੇਸ਼ ਨੂੰ ਛੱਡ ਕੇ ਕਿਤੇ ਜਾ ਰਹੇ ਹਨ ਅਤੇ ਨਾ ਹੀ ਉਹ ਆਪਣੇ ਆਲੋਚਕਾਂ ਤੋਂ ਭੱਜ ਰਹੇ ਹਨ।

ਆਮਿਰ ਖਾਨ ਨੇ ਭਾਰਤ ਵਿਚ ਫੈਲੀ ਨਿਰਾਸ਼ਾ ਬਾਰੇ ਆਪਣੀ ਪੀੜਾ ਅਤੇ ਚਿੰਤਾ ਦੂਜਿਆਂ ਨਾਲ ਸਾਂਝੀ ਕੀਤੀ ਸੀ ਅਤੇ ਅਜਿਹਾ ਕਰਨ ਲਈ ਉਨ੍ਹਾਂ ਉੱਤੇ ‘ਦੇਸ਼ ਵਿਰੋਧੀ’ ਹੋਣ ਦਾ ਠੱਪਾ ਲਾ ਦਿੱਤਾ ਗਿਆ। ਇਹ ਕਿੰਨੀ ਸਦਮੇ ਵਾਲੀ ਗੱਲ ਹੈ ਕਿ ਅੱਜ ਦੇ ਲੋਕਤੰਤਰਿਕ ਭਾਰਤ ਵਿਚ ਆਮਿਰ ਖਾਨ, ਸ਼ਾਹਰੁਖ ਖਾਨ ਜਾਂ ਗਿਰੀਸ਼ ਕਰਨਾਡ ਵਰਗੇ ਲੋਕ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਅਤੇ ਵਿਚਾਰ ਵੀ ਦੂਜਿਆਂ ਨਾਲ ਸਾਂਝੇ ਨਹੀਂ ਕਰ ਸਕਦੇ। ਜੇ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਰੀਰਕ ਨੁਕਸਾਨ ਜਾਂ ਮੌਤ ਦੇ ਸਾਏ ਹੇਠ ਰਹਿਣਾ ਪੈਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਦੇਸ਼ ਛੱਡ ਜਾਣ ਲਈ ਕਿਹਾ ਜਾਂਦਾ ਹੈ।

ਕਿਸੇ ਵੀ ਭਾਰਤੀ ਨੂੰ, ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਜਾਂ ਆਮਿਰ ਖਾਨ ਜਾਂ ਕੋਈ ਹੋਰ, ਆਪਣੀ ਦੇਸ਼ਭਗਤੀ ਦਾ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਪਰ ਜੇ ਕੋਈ ਦੇਸ਼ ਵਿਚ ਸ਼ਾਂਤੀ ਅਤੇ ਸੁਹਿਰਦਤਾ ਦੀ ਸਥਿਤੀ ਬਾਰੇ ਚਿੰਤਤ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੇਸ਼ਭਗਤ ਨਹੀਂ। ਆਪਣੇ ਬੱਚਿਆਂ ਬਾਰੇ, ਆਪਣੀ ਪਤਨੀ ਕਿਰਨ ਦੀਆਂ ਅੰਦਰੂਨੀ ਚਿੰਤਾਵਾਂ ਅਤੇ ਅਸੁਰੱਖਿਆ ਦੀ ਭਾਵਨਾ ਬਾਰੇ ਆਮਿਰ ਵੱਲੋਂ ਦੂਜਿਆਂ ਨਾਲ ਵਿਚਾਰ ਸਾਂਝੇ ਕਰਨ ਨੂੰ ਰਾਸ਼ਟਰ-ਧ੍ਰੋਹ ਨਹੀਂ ਕਿਹਾ ਜਾ ਸਕਦਾ।

ਮੈਂ ਜੇ ਲੱਖਾਂ ਨਹੀਂ ਤਾਂ ਅਜਿਹੇ ਹਜ਼ਾਰਾਂ ਭਾਰਤੀ ਪਰਿਵਾਰਾਂ ਬਾਰੇ ਜਾਣਦਾ ਹਾਂ, ਜਿਹੜੇ ਬਿਹਤਰ ਆਰਥਿਕ ਸੰਭਾਵਨਾਵਾਂ ਜਾਂ ਵਧੀਆ ਜ਼ਿੰਦਗੀ ਲਈ ਰੋਜ਼ਾਨਾ ਇਸ ਦੇਸ਼ ਵਿੱਚੋਂ ਬਾਹਰ ਚਲੇ ਜਾਣ ਜਾਂ ਘੱਟੋ-ਘੱਟ ਆਪਣੇ ਬੱਚਿਆਂ ਨੂੰ ਦੇਸ਼ ਵਿੱਚੋਂ ਬਾਹਰ ਭੇਜਣ ਦੀਆਂ ਗੱਲਾਂ ਕਰਦੇ ਹਨ। ਭਾਰਤੀ ਲੋਕ ਦੁਨੀਆ ਦੇ ਹਰੇਕ ਦੇਸ਼ ਵਿਚ ਮੌਜੂਦ ਹਨ। ਵੱਖ-ਵੱਖ ਕਾਰਨਾਂ ਕਰਕੇ ਉਹ ਕਈ ਸਦੀਆਂ ਤੋਂ ਭਾਰਤ ਨੂੰ ਛੱਡ ਕੇ ਬਾਹਰ ਜਾ ਰਹੇ ਹਨ।

100 ਕਰੋੜ ਤੋਂ ਵੀ ਜ਼ਿਆਦਾ ਜਿਹੜੇ ਲੋਕ ਭਾਰਤ ਵਿਚ ਰਹਿ ਰਹੇ ਹਨ, ਮੈਂ ਉਨ੍ਹਾਂ ਦੀ ਤਾਰੀਫ ਕਰਦਾ ਹਾਂ ਕਿਉਂਕਿ ਉਹ ਇੱਥੇ ਰਹਿ ਕੇ ਹੀ ਇਸ ਦੇਸ਼ ਨੂੰ ਖੂਬਸੂਰਤ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਆਮਿਰ ਵੀ ਇਨ੍ਹਾਂ ਲੋਕਾਂ ਵਿੱਚੋਂ ਹੀ ਇਕ ਹਨ, ਜੋ ਆਪਣੇ ਦੇਸ਼ ਭਾਰਤ ਨੂੰ ਛੱਡ ਕੇ ਜਾਣ ਦਾ ਕੋਈ ਇਰਾਦਾ ਨਹੀਂ ਰੱਖਦੇ, ਬੇਸ਼ੱਕ ਕਿਹੋ ਜਿਹੀ ਵੀ ਅਣਹੋਣੀ ਕਿਉਂ ਨਾ ਹੋ ਜਾਵੇ। ਉਹ ਹਰ ਦੁੱਖ-ਸੁੱਖ ਵਿਚ ਭਾਰਤ ਵਿਚ ਟਿਕੇ ਰਹਿਣਗੇ।

ਇਹੋ ਵਜ੍ਹਾ ਹੈ ਕਿ ਆਮਿਰ ਖਾਨ ਬਾਰੇ ਹੰਗਾਮਾ ਬੇਸ਼ੱਕ ਛੋਟੀ-ਮੋਟੀ ਗੱਲ ਨਹੀਂ ਪਰ ਅਜਿਹੀ ਵੀ ਨਹੀਂ ਕਿ ਇਸ ਨਾਲ ਧਰਤੀ ਹਿੱਲ ਜਾਵੇ। ਆਮਿਰ ਵਾਂਗ ਆਪਣੇ ਖਦਸ਼ਿਆਂ ਅਤੇ ਡਰ ਦਾ ਪ੍ਰਗਟਾਵਾ ਕਰਨ ਵਾਲੇ ਹੋਰ ਅਣਗਿਣਤ ਭਾਰਤੀ ਵੀ ਹਨ। ਆਪਣੇ ਦੇਸ਼ ਦੇ ਲੋਕਾਂ ਨਾਲ ਆਪਣੇ ਗੁੱਸੇ ਨੂੰ ਸਾਂਝਾ ਕਰਨਾ ਕੋਈ ਅਜਿਹਾ ਅਪਰਾਧ ਨਹੀਂ, ਜਿਸ ਨੂੰ ਮੁਆਫ ਨਾ ਕੀਤਾ ਜਾ ਸਕੇ। ਕਾਸ਼! ਭਾਰਤ ਦੇ ਨੇਤਾ ਅਤੇ ਰਾਸ਼ਟਰ ਭਗਤੀ ਦੇ ਕਥਿਤ ਪਹਿਰੇਦਾਰ ਭਾਰਤ ਬਾਰੇ ਆਪਣੇ ਖ਼ਦਸ਼ੇ ਤੇ ਅੰਦਰੂਨੀ ਭਾਵਨਾਵਾਂ ਲੋਕਾਂ ਨਾਲ ਅਕਸਰ ਈਮਾਨਦਾਰੀ ਨਾਲ ਸਾਂਝੀਆਂ ਕਰਨ। ਜੇ ਉਹ ਸਹੀ ਅਰਥਾਂ ਵਿਚ ਅਜਿਹਾ ਕਰਦੇ ਹਨ ਤਾਂ ਭਾਰਤ ਦੇ ਨਾਲ-ਨਾਲ ਭਾਰਤੀਆਂ ਦੀ ਦੁਨੀਆ ਵੀ ਬਹੁਤ ਵਧੀਆ ਬਣ ਜਾਵੇਗੀ, ਜਦਕਿ ਇਸ ਸਮੇਂ ਤਾਂ ਇੱਥੋਂ ਦਾ ਸਿਆਸੀ ਤੰਤਰ ਘੋਰ ਭ੍ਰਿਸ਼ਟ ਹੈ ਅਤੇ ਸਮਾਜ ਗਰੀਬੀ, ਜਾਤ-ਪਾਤ ਅਤੇ ਮਜ਼ਹਬੀ ਤਣਾਅ ਨਾਲ ਜੂਝ ਰਿਹਾ ਹੈ।

ਭਾਰਤ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ ਦੇ ਸੰਦਰਭ ਵਿਚ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਚੋਟੀ ਦੇ ਨੇਤਾ ਚੁੱਪ ਹਨ ਅਤੇ ਕੋਈ ਕਾਰਵਾਈ ਨਹੀਂ ਕਰ ਰਹੇ। ਜੇ ਉਹ ਕੁਝ ਕਰਦੇ ਹਨ ਤਾਂ ਸਿਰਫ ਇਕ-ਦੂਜੇ ਵਿਰੁੱਧ ਆਪਣੇ ਸਿਆਸੀ ਨੰਬਰ ਬਣਾਉਣ ਲਈ। ਉਹ ਜਦੋਂ ਵੀ ਜ਼ੁਬਾਨ ਖੋਲ੍ਹਦੇ ਹਨ, ਇਕ-ਦੂਜੇ ਉੱਤੇ ਚਿੱਕੜ ਹੀ ਸੁੱਟਦੇ ਹਨ, ਜਿਵੇਂ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ, ਜਦੋਂ ਉਨ੍ਹਾਂ ਨੇ ਆਮਿਰ ਖਾਨ ’ਤੇ ਨਿਸ਼ਾਨਾ ਸੇਧਦਿਆਂ ਡਾ. ਅੰਬੇਦਕਰ ਦਾ ਹਵਾਲਾ ਦਿੱਤਾ।

ਰਾਜਨਾਥ ਸਿੰਘ ਨੇ ਦਲੀਲ ਦਿੱਤੀ, “ਡਾ. ਅੰਬੇਦਕਰ ਨੇ ਕਦੇ ਵੀ ਅਜਿਹਾ ਨਹੀਂ ਕਿਹਾ ਸੀ ਕਿ ਉਹ ਭਾਰਤ ਨੂੰ ਛੱਡ ਜਾਣਗੇ।” ਉਂਝ ਦਲਿਤਾਂ ਦੀਆਂ ਘਿਨਾਉਣੀਆਂ ਹੱਤਿਆਵਾਂ ਹੋਣ ਜਾਂ ਦਾਦਰੀ ਵਿਚ ਭੜਕੀ ਭੀੜ ਵੱਲੋਂ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ ਜਾਂ ਤਰਕਸ਼ੀਲਾਂ ਦੀਆਂ ਹੱਤਿਆਵਾਂ ਕਿਸੇ ਵੀ ਮਾਮਲੇ ਵਿਚ ਰਾਜਨਾਥ ਸਿੰਘ ਜਾਂ ਕੋਈ ਹੋਰ ਨੇਤਾ ਖੁੱਲ੍ਹ ਕੇ ਨਹੀਂ ਬੋਲਿਆ।

ਅਜਿਹੀ ਭਿਆਨਕ ਖਾਮੋਸ਼ੀ ਵਿਚ ਆਮਿਰ ਖਾਨ ਦੀ ਇੰਟਰਵਿਊ ਵਿੱਚੋਂ ਉੱਭਰੀ ਨਿਰਾਸ਼ਾ ਤਾਜ਼ਾ ਹਵਾ ਦੇ ਬੁੱਲੇ ਵਰਗੀ ਸੀ। ਚਾਹੀਦਾ ਤਾਂ ਇਹ ਸੀ ਕਿ ਇਸ ਤੋਂ ਪ੍ਰੇਰਿਤ ਹੋ ਕੇ ਭਾਰਤ ਵਿਚ ਕੁਝ ਗੰਭੀਰ ਸਵੈ-ਚਿੰਤਨ ਕੀਤਾ ਜਾਂਦਾ, ਬਜਾਏ ਇਸ ਦੇ ਆਮਿਰ ਖਾਨ ਵਿਰੁੱਧ ਦੇਸ਼-ਧ੍ਰੋਹ ਦਾ ਮਾਮਲਾ ਠੋਕ ਦਿੱਤਾ ਗਿਆ ਹੈ। ਦੂਜੇ ਪਾਸੇ ਭਾਰਤ ਵਿਚ ਹਰ ਤਰ੍ਹਾਂ ਦੀਆਂ ਸਰਕਾਰਾਂ ਹਮੇਸ਼ਾ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈਜ਼) ਦੇ ਹੀ ਗੁਣ ਗਾਉਂਦੀਆਂ ਆ ਰਹੀਆਂ ਹਨ। ਉਂਝ ਤਾਂ ਇਨ੍ਹਾਂ ਨੂੰ ਨਾਨ-ਰੈਜ਼ੀਡੈਂਟ ਇੰਡੀਅਨ ਕਿਹਾ ਜਾਂਦਾ ਹੈ, ਭਾਵ ਜਿਹੜੇ ਲੋਕ ਦਿਲੋਂ ਭਾਰਤੀ ਹਨ ਪਰ ਰਹਿੰਦੇ ਹੋਰਨਾਂ ਦੇਸ਼ਾਂ ਵਿਚ ਹਨ, ਉਹ ਅਸਲ ਵਿਚ 'ਨਾਟ ਰਿਟਰਨਿੰਗ ਇੰਡੀਅਨ' ਹਨ, ਭਾਵ ਉਹ ਕਿਸੇ ਵੀ ਕੀਮਤ ’ਤੇ ਭਾਰਤ ਨਹੀਂ ਪਰਤਣਾ ਚਾਹੁੰਦੇ, ਸਿਰਫ ਕਦੇ-ਕਦਾਈਂ ਆਪਣਿਆਂ ਨੂੰ ਮਿਲਣ ਲਈ ਹੀ ਆਉਂਦੇ ਹਨ।

ਬੇਸ਼ੱਕ ਭਾਰਤ ਨੇ ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਭੁਲਾਇਆ ਨਹੀਂ ਹੈ, ਮੈਨੂੰ ਤਾਂ ਬਿਲਕੁਲ ਨਹੀਂ, ਫਿਰ ਵੀ ਅਸੀਂ (ਐੱਨ. ਆਰ. ਆਈਜ਼ ਨੇ) ਭਾਰਤ ਨੂੰ ਛੱਡ ਦਿੱਤਾ ਹੈ। ਸਾਡੇ ਵਿੱਚੋਂ ਬਹੁਤਿਆਂ ਨੇ ਤਾਂ ਆਪਣੀ ਭਾਰਤੀ ਨਾਗਰਿਕਤਾ ਤੱਕ ਛੱਡ ਦਿੱਤੀ ਹੈ ਅਤੇ ਅਸੀਂ ਉਨ੍ਹਾਂ ਦੇਸ਼ਾਂ ਦੇ ਨਾਗਰਿਕ ਬਣ ਗਏ ਹਾਂ, ਜਿੱਥੇ ਅਸੀਂ ਰਹਿੰਦੇ ਅਤੇ ਕੰਮ-ਧੰਦੇ ਕਰਦੇ ਹਾਂ। ਭਾਰਤ ਨੂੰ ਅਸੀਂ ਭੁਲਾ ਦਿੱਤਾ ਹੈ, ਕਾਨੂੰਨੀ ਤੌਰ ’ਤੇ ਭਾਰਤ ਨੂੰ ਪਿੱਠ ਦਿਖਾ ਦਿੱਤੀ ਹੈ। ਅਜਿਹਾ ਕਰਨ ਲਈ ਕੀ ਕਿਸੇ ਭਾਰਤੀ ਨੇ ਸਾਨੂੰ ਕਦੇ ਦੁਤਕਾਰਿਆ ਹੈ?

ਆਮਿਰ ਖਾਨ ਦੀ ਆਲੋਚਨਾ ਕਰਨ ਵਾਲੇ ਆਪਣੇ ‘ਸ਼ਬਦ ਬੰਬ’ ਅਤੇ 'ਟਵੀਟ ਤੀਰ' ਦਾ ਨਿਸ਼ਾਨਾ ਸਾਨੂੰ ਕਿਉਂ ਨਹੀਂ ਬਣਾਉਂਦੇ? ਅਸਲ ਵਿਚ ਪ੍ਰਵਾਸੀ ਭਾਰਤੀਆਂ ਦੇ ਮਾਮਲੇ ਵਿਚ ਭਾਰਤ ਦਾ ਰਵੱਈਆ ਬਿਲਕੁਲ ਉਲਟਾ ਹੈ। ਇਹ ਦੇਸ਼ ਸਾਡੀ ਦਿਲ ਖੋਲ੍ਹ ਕੇ ਤਾਰੀਫ ਕਰਦਾ ਹੈ ਤੇ ਅਸੀਂ ਇਸ ਨੂੰ ਪਸੰਦ ਵੀ ਕਰਦੇ ਹਾਂ।

ਅਸਲ ਵਿਚ ਸੰਨ 2000 ਵਿਚ ਜਦੋਂ ਮੈਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਬਣਿਆ ਸੀ (ਪੱਛਮੀ ਦੁਨੀਆ ਵਿਚ ਅਜਿਹੇ ਅਹੁਦੇ ’ਤੇ ਪਹੁੰਚਣ ਵਾਲਾ ਮੈਂ ਪਹਿਲਾ ਭਾਰਤੀ ਸੀ) ਤਾਂ ਭਾਰਤ ਦੇ ਲੋਕਾਂ ਨੇ ‘ਆਪਣੀ ਧਰਤੀ ਦੇ ਇਸ ਪੁੱਤਰ’ ਦੀ ਇਸ ਮਹਾਨ ਪ੍ਰਾਪਤੀ ਦਾ ਜਸ਼ਨ ਮਨਾਇਆ ਸੀ। ਸ਼੍ਰੀ ਵਾਜਪਾਈ ਦੀ ਸਰਕਾਰ ਨੇ ਤਾਂ ਸੰਨ 2003 ਵਿਚ ਸਥਾਪਤ ਕੀਤੇ ਪ੍ਰਵਾਸੀ ਭਾਰਤੀ ਐਵਾਰਡ ਨਾਲ ਸਭ ਤੋਂ ਪਹਿਲਾਂ ਮੈਨੂੰ ਹੀ ਸਨਮਾਨਿਤ ਕੀਤਾ ਸੀ।

ਮੈਂ ਭਾਰਤ 1964 ਵਿਚ ਛੱਡ ਦਿੱਤਾ ਸੀ, ਜਦਕਿ ਲੱਖਾਂ ਭਾਰਤੀਆਂ ਨੇ ਦੇਸ਼ ਵਿਚ ਹੀ ਟਿਕੇ ਰਹਿਣ ਅਤੇ ਸੰਘਰਸ਼ ਜਾਰੀ ਰੱਖਣ ਦਾ ਰਾਹ ਚੁਣਿਆ ਸੀ। ਮੈਂ ਇਸ ਸੰਘਰਸ਼ ਤੋਂ ‘ਭਗੌੜਾ’ ਹੋ ਗਿਆ ਸੀ ਪਰ ਆਮਿਰ ਖਾਨ ਤਾਂ ਡਟਿਆ ਹੋਇਆ ਹੈ। ਦੋਸ਼ੀ ਤਾਂ ਮੈਂ ਹਾਂ, ਉਹ ਨਹੀਂ। ਭਾਰਤ ਨਾਲ ਗੱਦਾਰੀ ਕਰਨ ਦਾ ਦੋਸ਼ ਤਾਂ ਮੇਰੇ ’ਤੇ ਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਮੈਂ ਆਪਣੇ ਉਨ੍ਹਾਂ ਪੁਰਖਿਆਂ ਦੀ ਵਿਰਾਸਤ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਹੜੇ ਭਾਰਤ ਨੂੰ ਬਰਤਾਨਵੀ ਸਾਮਰਾਜਵਾਦੀਆਂ ਤੋਂ ਆਜ਼ਾਦ ਕਰਵਾਉਣ ਲਈ ਬਹਾਦਰੀ ਨਾਲ ਲੜੇ ਸਨ।

ਮੇਰੇ ’ਤੇ ਸਿਰਫ ਬਗ਼ਾਵਤ ਦੇ ਹੀ ਨਹੀਂ, ਸਗੋਂ ਇਸ ਤੋਂ ਵੀ ਵੱਡੇ ਦੋਸ਼ ਲੱਗਣੇ ਚਾਹੀਦੇ ਹਨ। ਬਗ਼ਾਵਤ ਦਾ ਦੋਸ਼ ਤਾਂ ਸਿਰਫ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਹੁੰਦਾ ਹੈ, ਜੋ ਲੋਕਾਂ ਵਿਚ ਗੁੱਸਾ ਭੜਕਾਉਂਦੇ ਹਨ ਅਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਨੂੰ ਹੱਲਾਸ਼ੇਰੀ ਦਿੰਦੇ ਹਨ। ਮੈਂ ਤਾਂ ਇਹ ਕੰਮ ਵੀ ਨਹੀਂ ਕੀਤਾ ਸੀ, ਹਾਲਾਂਕਿ ਮੈਨੂੰ ਅਜਿਹਾ ਕਰਨਾ ਚਾਹੀਦਾ ਸੀ। ਕਿਉਂਕਿ ਕੋਈ ਵੀ ਸਰਕਾਰ ਦੇਸ਼ ਦੇ ਬਰਾਬਰ ਨਹੀਂ ਹੁੰਦੀ ਤੇ ਗਾਂਧੀਵਾਦੀ ਦੇ ਤੌਰ ’ਤੇ ਮੇਰਾ ਬੁਨਿਆਦੀ ਵਿਸ਼ਵਾਸ ਹੈ ਕਿ ਹਰ ਤਰ੍ਹਾਂ ਦੀ ਬੁਰੀ ਸਰਕਾਰ ਦੇ ਵਿਰੁੱਧ ਲਗਾਤਾਰ ਮੈਂ ਬਗ਼ਾਵਤ ਦੀ ਰੌਂਅ ਵਿਚ ਰਹਾਂ।

ਆਮਿਰ ਖਾਨ ਦਾ ਇੱਕੋ-ਇੱਕ ਅਪਰਾਧ ਇਹ ਹੈ ਕਿ ਉਹ ਸੱਚਾ ਦੇਸ਼ ਭਗਤ ਹੈ। ਉਸ ’ਤੇ ਨਿਸ਼ਾਨਾ ਸੇਧ ਕੇ ਆਲੋਚਕ ਗਲਤੀ ਕਰ ਰਹੇ ਹਨ। ਦੇਸ਼-ਧ੍ਰੋਹ ਦਾ ਦੋਸ਼ ਤਾਂ ਮੇਰੇ ’ਤੇ ਲੱਗਣਾ ਚਾਹੀਦਾ ਹੈ ਕਿਉਂਕਿ ਮੈਂ ਮਜ਼ਹਬੀ ਜਨੂੰਨ, ਜਾਤ-ਪਾਤ, ਭ੍ਰਿਸ਼ਟਾਚਾਰ ਅਤੇ ਗਰੀਬੀ ਵਿਰੁੱਧ ਸੰਘਰਸ਼ਾਂ ਤੋਂ ਭਗੌੜਾ ਹੋ ਗਿਆ ਸੀ। ਮੈਂ ਕਹਿੰਦਾ ਹਾਂ, “ਆਮਿਰ ’ਤੇ ਬਗ਼ਾਵਤ ਦਾ ਦੋਸ਼ ਲਾਉਣ ਤੋਂ ਪਹਿਲਾਂ ਮੈਨੂੰ, ਉੱਜਲ ਦੁਸਾਂਝ ਨੂੰ ਫਾਂਸੀ ’ਤੇ ਲਟਕਾਓ।’

**
(ਧੰਨਵਾਦ ਸਹਿਤ, ‘ਜੱਗ ਬਾਣੀ’ ਵਿੱਚੋਂ)

*****

(134)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਉੱਜਲ ਦੁਸਾਂਝ

ਉੱਜਲ ਦੁਸਾਂਝ

Vancouver, British Columbia, Canada.
Email: (ujjaldosanjh@gmail.com)