“ਉਹ ਬੰਦੂਕਾਂ ਵਾਲੇ ਵੀ ਨਾਟਕ ਵੇਖਣ ਵਿਚ ਮਸ਼ਰੂਫ਼ ਹੋ ਗਏ, ਤੇ ਬਾਅਦ ਵਿਚ ...”
(26 ਅਕਤੂਬਰ 2018)
ਗੁਰਸ਼ਰਨ ਭਾਅ ਜੀ ਨੇ 1947 ਦੇ ਉਜਾੜੇ ਵਿਚ ਲੋਕਾਂ ਨੂੰ ਘਰਾਂ ਤੋਂ ਉੱਜੜਦਿਆਂ ਵੇਖਿਆ, ਕਤਲੋਗਾਰਤ ਹੁੰਦੀ ਵੇਖੀ, ਲੋਕਾਂ ਨੂੰ ਕੈਂਪਾਂ ਵਿਚ ਰੁਲਦਿਆਂ ਵੇਖਿਆ - ਧੀਆਂ ਭੈਣਾਂ ਦੀ ਬੇਪਤੀ ਹੁੰਦੀ ਵੇਖੀ - ਇਸ ਸਾਰੇ ਦ੍ਰਿਸ਼ ਨੂੰ ਵੇਖ ਕੇ ਉਹ ਧੁਰ ਅੰਦਰ ਤੱਕ ਝੰਜੋੜੇ ਗਏ, ਉਸ ਲੁੱਟ ਅਤੇ ਕਤਲ-ਏ-ਆਮ ਨੇ ਭਾਅ ਜੀ ਉੱਪਰ ਇੰਨਾ ਅਸਰ ਕੀਤਾ ਕਿ ਉਹ ਮੁੜ ਸਾਰੀ ਉਮਰ ਹੱਸ ਨਾ ਸਕੇ। ਉਸ ਦਿਨ ਤੋਂ ਉਨ੍ਹਾਂ ਫ਼ੈਸਲਾ ਕਰ ਲਿਆ ਕਿ ਉਹ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਲਾ ਦੇਣਗੇ। ਉਨ੍ਹਾਂ 1947 ਦੀ ਵੰਡ ਵੇਲੇ ਪਾਕਿਸਤਾਨ ਵੱਲੋਂ ਉੱਜੜ ਕੇ ਆਏ ਲੋਕਾਂ ਦੀ ਕੈਂਪਾਂ ਵਿਚ ਜਾ ਕੇ ਮਦਦ ਕੀਤੀ। ਉੱਥੇ ਭਗਤ ਪੂਰਨ ਸਿੰਘ ਵੱਲੋਂ ਮਰੀਜ਼ਾਂ ਦੀ ਕੀਤੀ ਜਾਂਦੀ ਸੇਵਾ ਵੇਖਕੇ, ਉਸ ਤੋਂ ਵੀ ਪ੍ਰਭਾਵਿਤ ਹੋਏ। ਫੇਰ ਉਨ੍ਹਾਂ ਨੂੰ ਨੰਗਲ ਵਿਖੇ ਬਣ ਰਹੇ “ਭਾਖੜਾ ਡੈਮ” ਦੇ ਪ੍ਰੋਜੈਕਟ ਵਿਚ ਬਤੌਰ ਇੰਜੀਨੀਅਰ ਸਰਕਾਰੀ ਨੌਕਰੀ ਮਿਲ ਗਈ। ਉੱਥੇ ਹੀ ਡੈਮ ਦੇ ਬੰਨ ’ਤੇ ਖਲੋਅ ਕੇ ਜਦੋਂ ਗੁਰਸ਼ਰਨ ਭਾਅ ਜੀ ਨੇ ਵੇਖਿਆ ਕਿ “ਦਰਿਆ ਦੇ ਪਾਣੀ ਨੂੰ ਬੰਨ ਲਾ ਕੇ, ਕਿਵੇਂ ਇਕ ਪਾਸੇ ਤੋਂ ਮੋੜਕੇ ਦੂਜੇ ਪਾਸੇ ਕੀਤਾ ਜਾਂਦਾ ਹੈ”, ਤਾਂ ਉਸ ਵੇਲੇ ਹੀ ਉਨ੍ਹਾਂ ਆਪਣੇ ਮਨ ਵਿਚ ਸੋਚਿਆ ਕਿ “ਜੇਕਰ ਅਸੀਂ ਦਰਿਆਵਾਂ ਦੇ ਵਹਿਣ ਬਦਲ ਸਕਦੇ ਆਂ, ਤਾਂ ਸਮਾਜ ਨੂੰ ਕਿਉਂ ਨਹੀਂ ਬਦਲ ਸਕਦੇ।”
ਗੁਰਸ਼ਰਨ ਭਾਅ ਜੀ ਦੀ ਟੀਮ ਵਿਚ ਮੈਂ 1978 ਤੋਂ ਲੈ ਕੇ 1988 ਤੱਕ 10 ਸਾਲ ਨਾਟਕ ਖੇਡਦਾ ਰਿਹਾ ਹਾਂ। ਉਸ ਵੇਲੇ ਤੋਂ ਲੈ ਕੇ ਲਗਾਤਾਰ ਮੇਰੀ ਭਾਅ ਜੀ ਨਾਲ ਲਗਭਗ 35 ਸਾਲ ਸਾਂਝ ਰਹੀ। ਜਦੋਂ ਮੈਂ ਉਨ੍ਹਾਂ ਦੇ ਨਾਟ ਗਰੁੱਪ ਨਾਲ 1978 ਵਿਚ ਜੁੜਿਆ ਤੇ ਅਗਲੇ 10 ਸਾਲਾਂ ਵਿਚ ਹੋਈ ਹਰੇਕ ਪੇਸ਼ਕਾਰੀ ਵਿਚ ਮੈਂ ਹਾਜ਼ਿਰ ਰਿਹਾ। ਉਦੋਂ ਪੰਜਾਬ ਅੰਦਰ ਅੱਤਵਾਦ ਦਾ ਦੌਰ ਸੀ। ਉਹਨਾਂ ਕਾਲੇ ਸਮਿਆਂ ਵਿਚ ਜਦੋਂ ਜਨੂੰਨ ਦੀ ਹਨੇਰੀ ਹਰ ਪਾਸੇ ਝੁੱਲ ਰਹੀ ਸੀ, ਉਦੋਂ ਮੈਂ ਭਾਅ ਜੀ ਨੂੰ ਬੇਬਾਕ ਵਿਚਰਦਿਆਂ ਵੇਖਿਆ ਹੈ। ਇਕ ਦਿਨ ਵਿਚ ਭਾਅ ਜੀ ਤਿੰਨ-ਤਿੰਨ, ਚਾਰ-ਚਾਰ ਪਿੰਡਾਂ ਵਿਚ ਨਾਟਕਾਂ ਦੇ ਸ਼ੋਅ ਕਰਦੇ ਰਹੇ। ਉਦੋਂ ਭਾਅ ਜੀ ਦੇ ਨਾਟਕ “ਤੂਤਾਂ ਵਾਲਾ ਖੂਹ”, “ਟੋਆ”, “ਯਾਰੜੇ ਦਾ ਸੱਥਰ”, “ਹੋਰ ਭੀ ਉਠਸੀ ਮਰਦ ਕਾ ਚੇਲਾ”, “ਕੁਰਸੀ, ਮੋਰਚਾ ਅਤੇ ਹਵਾ ਵਿਚ ਲਟਕਦੇ ਲੋਕ”, “ਕਰਫਿਓੂ”, “ਸਾਧਾਰਨ ਲੋਕ”, “ਹਿੱਟ ਲਿਸਟ”, “ਰਾਜ ਸਾਹਿਬਾਂ ਦਾ”, “ਚੰਡੀਗੜ੍ਹ ਪੁਆੜੇ ਦੀ ਜੜ੍ਹ”, “ਕੁਲਾਜ ਤੇਰਾ ਨਾਂਅ ਪੰਜਾਬ”, “ਬਾਬਾ ਬੋਲਦਾ ਹੈ”, ਅਤੇ “ਮੈਂ ਉਗਰਵਾਦੀ ਨਹੀਂ ਹਾਂ” ਬਹੁਤ ਖੇਡੇ ਜਾਂਦੇ ਸਨ। ਕਈ ਵਾਰ ਭਾਅ ਜੀ ਸਾਲ ਵਿਚ ਲਗਭਗ 300 ਤੋਂ ਵੱਧ ਵੀ ਸ਼ੋਅ ਕਰਦੇ। ਸ਼ਰੇਆਮ ਅੱਤਵਾਦ ਦੇ ਖ਼ਿਲਾਫ਼ ਬੋਲਣ ਵਾਲੇ ਭਾਅ ਜੀ ਨੇ ਉਹਨਾਂ ਸਮਿਆਂ ਵਿਚ ਪਿੰਡ-ਪਿੰਡ, ਸ਼ਹਿਰ-ਸ਼ਹਿਰ ਹਿੰਦੂ-ਸਿੱਖ ਏਕਤਾ ਦਾ ਸੁਨੇਹਾ ਦਿੱਤਾ, ਜਦੋਂ ਚਾਰੇ ਪਾਸੇ ਮੌਤ ਦਨਦਨਾਉਂਦੀ ਫਿਰਦੀ ਸੀ।
ਭਾਅ ਜੀ ਨਾਟਕ ਲਿਖਦੇ ਤਾਂ ਮੈਂ ਉਸ ਸਕਰਿਪਟ ਦੀਆਂ ਤਿੰਨ-ਚਾਰ ਕਾਪੀਆਂ ਕਾਰਬਨ ਪੇਪਰ ਰੱਖਕੇ ਕਰ ਦਿੰਦਾ, ਕਿਉਂਕਿ ਉਦੋਂ ਹਾਲੇ ਫੋਟੋਸਟੇਟ ਮਸ਼ੀਨ ਨਹੀਂ ਸੀ ਹੁੰਦੀ। ਤੇ ਮੈਂ ਆਪਣੀ ਸਕਰਿਪਟ ਵੱਖਰੀ ਫਾਈਲ ਵਿਚ ਸਾਂਭ ਲੈਂਦਾ। ਮੇਰੇ ਕੋਲ ਹਾਲੇ ਵੀ ਭਾਅ ਜੀ ਦੀਆਂ ਕਈ ਹੱਥ ਲਿਖਤ ਸਕਰਿਪਟਾਂ ਸਾਂਭੀਆਂ ਪਈਆਂ ਨੇ। ਮੇਰੀਆਂ ਅੱਖਾਂ ਅੱਗੇ ਉਸੇ ਤਰ੍ਹਾਂ ਭਾਅ ਜੀ ਦੇ ਅੰਮ੍ਰਿਤਸਰ ਵਾਲੇ ਘਰ ਦਾ ਨਕਸ਼ਾ ਹੈ ਕਿ ਕਿਵੇਂ ਅਸੀਂ ਸ਼ਾਮ ਨੂੰ ਉਹਨਾਂ ਦੇ ਘਰ ਦੀ ਛੱਤ ਉੱਪਰ ਰਿਹਰਸਲਾਂ ਕਰਦੇ ਤੇ ਭਾਬੀ ਜੀ ਸਾਨੂੰ ਬਾਲਟੀ ਵਿਚ ਬਰਫ ਪਾਕੇ ਠੰਢਾ ਪਾਣੀ, ਪੀਣ ਲਈ ਦਿੰਦੇ। ਉਸੇ ਘਰ ਨੂੰ ਭਾਅ ਜੀ ਗੁਰਸ਼ਰਨ ਸਿੰਘ, ਇਕ ਓਪਨ ਥੀਏਟਰ ਦਾ ਰੂਪ ਦੇਣਾ ਚਾਹੁੰਦੇ ਸੀ। ਭਾਅ ਜੀ ਦੀ ਇਹ ਬੜੀ ਰੀਝ ਸੀ ਕਿ ਉਹਨਾਂ ਦੇ ਘਰ ਵਿਚ ਓਪਨ ਏਅਰ ਥੀਏਟਰ ਹੋਵੇ, ਪਰ ਪੰਜਾਬ ਅੰਦਰ ਝੁੱਲੀ ਅੱਤਵਾਦ ਦੀ ਕਾਲੀ ਹਨੇਰੀ ਕਰਕੇ ਭਾਅ ਜੀ ਨੂੰ 1988 ਵਿਚ ਉਹ ਘਰ ਛੱਡਕੇ ਚੰਡੀਗੜ੍ਹ ਜਾਣਾ ਪਿਆ ਤੇ ਅੰਮ੍ਰਿਤਸਰ ਵਾਲਾ ਉਹ ਘਰ ਅੱਜ ਵੀ ਉਜਾੜ ਪਿਆ, ਭਾਅ ਜੀ ਦੀਆਂ ਰੰਗਮੰਚ ਯਾਦਾਂ ਨੂੰ ਸਾਂਭੀ ਬੈਠਾ ਹੈ।
ਭਾਅ ਜੀ ਨੇ ਜਦੋਂ ਵੀ ਕਦੇ ਸਰਕਾਰ ਵਿਚ, ਪ੍ਰਸ਼ਾਸਨ ਵਿਚ ਜਾਂ ਸਮਾਜ ਵਿਚ ਕੁਝ ਵੀ ਗ਼ਲਤ ਹੁੰਦਾ ਵੇਖਿਆ, ਆਪਣੇ ਨਾਟਕਾਂ ਰਾਹੀਂ ਉਸ ’ਤੇ ਉਂਗਲ ਰੱਖੀ। ਖ਼ਾਸ ਤੌਰ ’ਤੇ ਉਨ੍ਹਾਂ ਨੇ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਈ। ਕਈ ਵਾਰੀ ਪਿੰਡਾਂ ਵਿਚ ਜਦੋਂ ਉਹ ਨਾਟਕ ਖੇਡਦੇ ਤਾਂ ਦਰਸ਼ਕਾਂ ਵਿਚ ਔਰਤਾਂ ਨਾ ਹੁੰਦੀਆਂ ਤਾਂ ਭਾਅ ਜੀ ਨਾਟਕ ਨਹੀਂ ਸੀ ਸ਼ੁਰੂ ਕਰਦੇ ਤੇ ਸਟੇਜ ਤੋਂ ਅਨਾਊਂਸ ਕਰਦੇ ਕਿ “ਮੇਰੀਆਂ ਧੀਆਂ, ਭੈਣਾਂ ਘਰਾਂ ਵਿਚ ਲੁਕਕੇ ਨਾ ਬੈਠਣ, ਉਹ ਵੀ ਆ ਕੇ ਨਾਟਕ ਦੇਖਣ।” ਫਿਰ ਜਦੋਂ ਔਰਤਾਂ ਵੀ ਮਰਦਾਂ ਦੇ ਬਰਾਬਰ ਆ ਕੇ ਬੈਠਦੀਆਂ, ਤਾਂ ਭਾਅ ਜੀ ਉਦੋਂ ਹੀ ਨਾਟਕ ਸ਼ੁਰੂ ਕਰਦੇ। ਉਨ੍ਹਾਂ ਦੇ ਬਹੁਤੇ ਨਾਟਕਾਂ ਵਿਚ ਔਰਤਾਂ ਦੇ ਹੱਕਾਂ ਬਾਰੇ, ਸਮਾਜਿਕ ਨਾਬਰਾਬਰੀ ਦੇ ਹੀ ਵਿਸ਼ੇ ਹੁੰਦੇ।
ਅਸੀਂ ਭਾਅ ਜੀ ਨਾਲ ਗੰਗਾ ਨਗਰ ਨੇੜੇ ਇਕ ਪਿੰਡ ਵਿਚ ਹਰ ਸਾਲ ਨਾਟਕ ਖੇਡਣ ਜਾਂਦੇ ਸੀ। ਜਦੋਂ ਪਹਿਲੀ ਵਾਰੀ ਨਾਟਕ ਖੇਡਣ ਗਏ ਤਾਂ ਉਸ ਪਿੰਡ ਦੀਆਂ ਔਰਤਾਂ ਨੇ ਬਹੁਤ ਲੰਮੇ ਘੁੰਢ ਕੱਢੇ ਹੋਏ ਸੀ। ਅਗਲੇ ਸਾਲ ਗਏ ਤਾਂ ਉਨ੍ਹਾਂ ਔਰਤਾਂ ਦੇ ਲੰਮੇ ਘੁੰਢ ਹੁਣ ਸਿਰਫ਼ ਅੱਧੇ ਮੂੰਹ ਤੱਕ ਸਨ, ਤੇ ਜਦੋਂ ਤੀਜੀ ਵਾਰ ਗਏ, ਤਾਂ ਕਿਸੇ ਔਰਤ ਨੇ ਵੀ ਘੁੰਢ ਨਹੀਂ ਸੀ ਕੱਢਿਆ, ਆਪਣੇ ਮਰਦਾਂ ਦੇ ਬਰਾਬਰ ਬੈਠਕੇ ਨਾਟਕ ਦੇਖ ਰਹੀਆਂ ਸੀ, ਇਹ ਭਾਅ ਜੀ ਦੇ ਨਾਟਕਾਂ ਦੀ ਦੇਣ ਸੀ।
ਸ਼ਾਇਦ ਬਹੁਤ ਲੋਕ ਨਹੀਂ ਜਾਣਦੇ ਕਿ ਪਹਿਲਾਂ ਪੰਜਾਬ ਸਿੱਖਿਆ ਵਿਭਾਗ ਵੱਲੋਂ ਦਸਵੀਂ ਦੇ ਸਰਟੀਫਿਕੇਟਾਂ ਉੱਪਰ ਇਕੱਲੇ ਪਿਤਾ ਦਾ ਹੀ ਨਾਮ ਲਿਖਿਆ ਜਾਂਦਾ ਸੀ, ਫੇਰ ਭਾਅ ਜੀ ਨੇ ਆਪਣੇ ਨਾਟਕਾਂ ਰਾਹੀਂ ਇਹ ਗੱਲ ਸਿੱਖਿਆ ਵਿਭਾਗ ਤੱਕ ਪਹੁੰਚਾਈ ਕਿ “ਜੋ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਉਸਦਾ ਨਾਮ ਵੀ ਸਰਟੀਫਿਕੇਟ ਉੱਪਰ ਹੋਣਾ ਜ਼ਰੂਰੀ ਹੈ।” ਉਸ ਤੋਂ ਬਾਅਦ ਵਿਚ ਹੀ ‘ਪੰਜਾਬ ਸਕੂਲ ਸਿੱਖਿਆ ਬੋਰਡ’ ਵਲੋਂ ਦਸਵੀਂ ਦੇ ਸਰਟੀਫਿਕੇਟ ਉੱਪਰ ਪਿਓ ਦੇ ਨਾਲ ਮਾਂ ਦਾ ਨਾਮ ਲਿਖਿਆ ਜਾਣ ਲੱਗਾ।
ਭਾਅ ਜੀ ਦੇ ਥੜ੍ਹਾ ਥੀਏਟਰ, ਪੇਂਡੂ ਰੰਗਮੰਚ ਅਤੇ ਨੁੱਕੜ ਨਾਟਕ ਨੂੰ ਉਸ ਵੇਲੇ ਵੱਡੀ ਪਹਿਚਾਣ ਮਿਲੀ ਜਦੋਂ 1982 ਵਿਚ ‘ਦਿੱਲੀ’ ਅਤੇ ਫਿਰ 1983 ਵਿਚ ‘ਭੁਪਾਲ’ ਵਿਖੇ ਨੁੱਕੜ ਨਾਟਕ ਫੈਸਟੀਵਲ ਅਤੇ ਸੈਮੀਨਾਰ ਹੋਏ। ਇਨ੍ਹਾਂ ਦੋਵਾਂ ਥਾਂਵਾਂ ’ਤੇ ਪੰਜਾਬ ਤੋਂ ਸਿਰਫ਼ ਗੁਰਸ਼ਰਨ ਭਾਅ ਜੀ ਸਨ ਤੇ ਬਾਕੀ ਸੂਬਿਆਂ ਤੋਂ ਬੀ. ਵੀ ਕਾਰੰਥ, ਸਈਂ ਪਰਾਂਜਪੇ, ਪਰਲ ਪਦਮਸੀ, ਰਤੀ ਭਾਰਥੋਲੋਮੀ, ਤ੍ਰਿਪੁਰਾਰੀ ਸ਼ਰਮਾ, ਸ਼ਮਸੁਲ ਇਸਲਾਮ, ਡੀ. ਆਰ. ਅੰਕੁਰ, ਨੰਦਿਤਾ ਹਕਸਰ, ਅਨੁਰਾਧਾ ਕਪੂਰ, ਕੀਰਤੀ ਜੈਨ, ਸਫ਼ਦਰ ਹਾਸ਼ਮੀ ਅਤੇ ਕਨਹਾਈ ਲਾਲ ਵਰਗੀਆਂ ਹਸਤੀਆਂ ਵੀ ਸ਼ਾਮਿਲ ਸਨ। ਇਨ੍ਹਾਂ ਦੋਨਾਂ ਥਾਵਾਂ ’ਤੇ ਭਾਅ ਜੀ ਦੀ ਟੀਮ ਵਿਚ ਬਤੌਰ ਐਕਟਰ ਮੈਂ, ਅਰੀਤ, ਦਲੀਪ ਭਨੋਟ, ਜਸਵੰਤ ਜੱਸ, ਸਤਵਿੰਦ ਸੋਨੀ, ਕ੍ਰਿਸ਼ਨ ਦਵੇਸਰ, ਪਵਨਦੀਪ, ਪਰਮਜੀਤ ਸਿੰਘ, ਮੋਹਨਜੀਤ ਵਗੈਰਾ ਸਨ। ਇਨ੍ਹਾਂ ਦੋਵਾਂ ਥਾਂਵਾਂ ਉੱਤੇ ਜਦੋਂ ਭਾਅ ਜੀ ਨੇ ਸੈਮੀਨਾਰ ਦੌਰਾਨ ਆਪਣੇ ਪੇਂਡੂ ਰੰਗਮੰਚ ਦੀ ਡੈਮੋਨਸਟਰੇਸ਼ਨ ਦਿੱਤੀ ਤਾਂ ਸਭ ਹੱਕੇ ਬੱਕੇ ਰਹਿ ਗਏ, ਕਿ ਪੰਜਾਬ ਦੇ ਪਿੰਡਾਂ ਵਿਚ ਵੀ ਇਸ ਤਰ੍ਹਾਂ ਵੀ ਕੋਈ ਥੀਏਟਰ ਕਰ ਸਕਦਾ ਹੈ। ਭੁਪਾਲ ਵਿਖੇ ਪੇਸ਼ਕਾਰੀ ਤੋਂ ਬਾਅਦ ਤਾਂ ਹਰ ਪਾਸੇ ਗੁਰਸ਼ਰਨ, ਗੁਰਸ਼ਰਨ ਹੋਣ ਲੱਗ ਪਈ। ਫੇਰ 1984 ਵਿਚ ਬੰਬਈ ਵਿਖੇ ਹੋਏ ਰਾਸ਼ਟਰੀ ਨੁੱਕੜ ਨਾਟਕ ਫੈਸਟੀਵਲ ਵੇਲੇ ਜਦੋਂ ਅਸੀਂ 31 ਅਕਤੂਬਰ ਨੂੰ ਬੰਬਈ ਪਹੁੰਚੇ ਤਾਂ ਉਸ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਜੀ ਦਾ ਕਤਲ ਹੋ ਗਿਆ। ਸਾਡੀ ਟੀਮ ਵਿਚ ਭਾਅ ਜੀ ਸਮੇਤ ਸਿੱਖ ਕਲਾਕਾਰ ਬਹੁਤ ਸਨ, ਇਸ ਲਈ ਸਾਨੂੰ ਰਮੇਸ਼ ਤਲਵਾਰ ਨੇ ਸਾਗਰ ਸਰਹੱਦੀ ਦੇ ਘਰ ਵਿਚ ਹਿਫ਼ਾਜ਼ਤ ਨਾਲ ਪਹੁੰਚਾ ਦਿੱਤਾ, ਜਿੱਥੇ ਸ਼ਾਮ ਨੂੰ ਏ. ਕੇ. ਹੰਗਲ, ਮਨਮੋਹਨ ਕ੍ਰਿਸ਼ਨ, ਸੁਰੇਸ਼ ਓਬਰਾਏ, ਫਾਰੂਖ਼ ਸ਼ੇਖ, ਰੋਹਿਨੀ ਹਤੰਗੜੀ, ਸ਼ਬਾਨਾ ਆਜ਼ਮੀ, ਓਮ ਪੁਰੀ, ਰਮੇਸ਼ ਤਲਵਾਰ ਅਤੇ ਸਾਗਰ ਸਰਹੱਦੀ ਵੀ ਪਹੁੰਚ ਗਏ। ਉੱਥੇ ਵੀ ਭਾਅ ਜੀ ਦੇ ਵਿਚਾਰਾਂ ਤੋਂ ਸਭ ਬਹੁਤ ਪ੍ਰਭਾਵਿਤ ਹੋਏ ਤੇ ਅਸੀਂ ਕੁਝ ਐਕਸ਼ਨ ਗੀਤ ਵੀ ਸਾਗਰ ਸਰਹੱਦੀ ਦੇ ਘਰ ਦੀ ਛੱਤ ’ਤੇ ਉਨ੍ਹਾਂ ਸਾਹਮਣੇ ਪੇਸ਼ ਕੀਤੇ। ਉੱਥੇ ਹੀ ਦੋ ਦਿਨ ਬਾਅਦ ‘ਪੈਮਾਨ-ਏ-ਇਨਕਲਾਬ’ ਗੀਤ ਦੀ ਕੈਸੇਟ ਸਟੂਡੀਓ ਵਿਚ ਰਿਕਾਰਡ ਕਰਵਾਈ, ਜਿਸ ਵਿਚ ਇਕ ਗੀਤ ਸੀ ‘ਐ ਲਾਲ ਫਰੇਰੇ ਤੇਰੀ ਕਸਮ, ਇਸ ਖ਼ੂਨ ਦਾ ਬਦਲਾ ਹਮ ਲੇਂਗੇ।’ ਸਟੂਡੀਓ ਵਾਲੇ ਨੇ ਪੁਲਿਸ ਨੂੰ ਰਿਪੋਰਟ ਕਰ ਦਿੱਤੀ “ਕਿ ਪੰਜਾਬ ਤੋਂ ਆਏ ਕੱਝ ਲੋਕ ਬਦਲਾ ਲੈਣ ਦੀ ਗੱਲ ਕਰ ਰਹੇ ਨੇ।” ਅਗਲੇ ਦਿਨ ਭਾਅ ਜੀ ਸਮੇਤ ਸਾਨੂੰ ਸਾਰੇ ਕਲਾਕਾਰਾਂ ਨੂੰ ਪੁਲਿਸ ਨੇ ਥਾਣੇ ਵਿਚ ਡੱਕ ਦਿੱਤਾ। ਸਾਰਾ ਦਿਨ ਦੀ ਖੱਜਲ ਖ਼ੁਆਰੀ ਤੋਂ ਬਾਅਦ, ਸ਼ਾਮ ਨੂੰ ਸ਼ਬਾਨਾ ਆਜ਼ਮੀ, ਰੋਹਿਨੀ ਹਤੰਗੜੀ ਤੇ ਜੈਦੇਵ ਹਤੰਗੜੀ ਨੇ ਗਵਰਨਰ ਕੋਲ ਪਹੁੰਚ ਕੇ ਭਾਅ ਜੀ ਬਾਰੇ ਅਸਲੀਅਤ ਦੱਸੀ ਤੇ ਫੇਰ ਜਾ ਕੇ ਸਾਨੂੰ ਛੱਡਿਆ ਗਿਆ।
ਮੋਗੇ ਨੇੜੇ ਇਕ ਪਿੰਡ ਵਿਚ ਅਸੀਂ 1981 ਵਿਚ ਨਾਟਕ ਖੇਡਣ ਗਏ ਤਾਂ ਪ੍ਰਬੰਧਕ ਇਕ ਘਰ ਦੇ ਖੁੱਲ੍ਹੇ ਵਿਹੜੇ ਵਿਚ ਲੈ ਗਏ ਤੇ ਕਹਿੰਦੇ ਕਿ ਨਾਟਕ ਇੱਥੇ ਹੀ ਖੇਡਣਾ ਹੈ। ਭਾਅ ਜੀ ਨੇ ਕਿਹਾ ਕਿ ਤੁਸੀਂ ਪਿੰਡ ਦੇ ਸਕੂਲ ਦੀ ਸਟੇਜ ’ਤੇ ਪ੍ਰੋਗਰਾਮ ਕਰਵਾ ਲਓ ਪਰ ਘਰ ਵਾਲੇ ਕਹਿਣ ਲੱਗੇ, “ਭਾਅ ਜੀ, ਅਸੀਂ ਤੇ ਆਪਣੇ ਮੁੰਡੇ ਦੇ ਵਿਆਹ ਦੀ ਸੁੱਖਣਾ ਸੁੱਖੀ ਸੀ ਕਿ ਜੇ ਸਾਡਾ ਮੁੰਡਾ ਵਿਆਹਿਆ ਜਾਵੇ ਤਾਂ ਅਸੀਂ ਗੁਰਸ਼ਰਨ ਸਿੰਘ ਦੇ ਨਾਟਕ ਕਰਵਾਂਵਾਗੇ।” ਫੇਰ ਅਸੀਂ ਉਸ ਵਿਹੜੇ ਵਿਚ ਹੀ ‘ਟੋਆ’, ‘ਇਹ ਲਹੂ ਕਿਸਦਾ ਹੈ’ ਅਤੇ ‘ਤੂਤਾਂ ਵਾਲਾ ਖੂਹ’ ਨਾਟਕ ਖੇਡੇ। ਸਾਰਾ ਪਿੰਡ ਵੇਖਣ ਆਇਆ, ਕੋਈ ਭੁੰਜੇ, ਕੋਈ ਛੱਤ ਤੇ, ਕੋਈ ਚੌਂਤਰੇ ਵਿਚ ਤੇ ਕੋਈ ਖੁਰਲੀ ਉੱਤੇ ਖਲੋ ਕੇ ਨਾਟਕ ਵੇਖਦਾ ਰਿਹਾ।
ਜਦੋਂ ਮੁਹਾਲੀ ਵਿਖੇ 1985 ਵਿਚ ਡਾ: ਆਤਮਜੀਤ ਨੇ ਸਦਭਾਵਨਾ ਨਾਟਕ ਮੇਲਾ ਸੱਤ ਦਿਨ ਦਾ ਕੀਤਾ ਤਾਂ ਉੱਥੇ ਭਾਅ ਜੀ ਦਾ ਨਾਟਕ ਸੀ ‘ਚੰਡੀਗੜ੍ਹ ਪੁਆੜੇ ਦੀ ਜੜ੍ਹ’। ਨਾਟਕ ਦੇਖਣ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਵੀ ਆ ਗਏ। ਪਹਿਲੀ ਲਾਈਨ ਵਿਚ ਬਰਨਾਲਾ ਸਾਹਿਬ ਦੇ ਨਾਲ ਭਾਅ ਜੀ ਵੀ ਬੈਠੇ ਸੀ ਤੇ ਅਸੀਂ ਸਟੇਜ ’ਤੇ ਨਾਟਕ ਖੇਡ ਰਹੇ ਸੀ, ‘ਚੰਡੀਗੜ੍ਹ ਪੁਆੜੇ ਦੀ ਜੜ੍ਹ’। ਉਸ ਵਿਚ ਗੀਤ ਦੀਆਂ ਲਾਈਨਾਂ ਸਨ, ‘ਬਰਨਾਲਾ ਦਿਲ ਦਾ ਕਾਲਾ, ਮੈਂ ਇਹਦੇ ਨਾਲ ਨਹੀਂ ਜਾਣਾ’, ਇਹ ਲਾਈਨਾਂ ਸੁਣਕੇ, ਪ੍ਰਬੰਧਕਾਂ ਤੇ ਬਰਨਾਲਾ ਸਾਹਿਬ ਦੇ ਕੁਝ ਸਾਥੀਆਂ ਦੀ ਹਾਲਤ ਵੇਖਣ ਵਾਲੀ ਸੀ ਪਰ ਬਰਨਾਲਾ ਸਾਹਿਬ ਤੇ ਭਾਅ ਜੀ ਕੋਲ-ਕੋਲ ਬੈਠੇ ਮੁਸਕਰਾ ਰਹੇ ਸੀ।
1983 ਵਿਚ ਜਦੋਂ ਅੰਮ੍ਰਿਤਸਰ ਦੇ ਛੇਹਰਟਾ ਚੌਂਕ ਵਿਖੇ ਕਾਮਰੇਡ ਸਤਪਾਲ ਡਾਂਗ ਨੇ ਸ਼ਾਮ ਨੂੰ ਪ੍ਰੋਗਰਾਮ ਰੱਖਿਆ ਤਾਂ ਉਸ ਵਿਚ ਭਾਅ ਜੀ ਦੇ ਨਾਟਕ ਵੀ ਸੀ। ਪ੍ਰੋਗਰਾਮ ਵਾਲੀ ਥਾਂ ’ਤੇ ਕੁੱਝ ਨੌਜਵਾਨਾਂ ਵਲੋਂ ਧਮਕੀ ਵੀ ਪਹੁੰਚ ਗਈ ਕਿ ਅਸੀਂ ਬੰਦੂਕਾਂ ਲੈ ਕੇ ਆ ਰਹੇ ਹਾਂ, ਪ੍ਰੋਗਰਾਮ ਨਹੀਂ ਹੋਣ ਦਿਆਂਗੇ। ਪਰ ਸਤਪਾਲ ਡਾਂਗ ਹੁਰੀਂ ਕਹਿਣ ਲੱਗੇ ਕਿ ਪ੍ਰੋਗਰਾਮ ਤਾਂ ਹੋਏਗਾ। ਪ੍ਰੋਗਰਾਮ ਸ਼ੁਰੂ ਹੋ ਗਿਆ, ਉਹ ਬੰਦੂਕਾਂ ਵਾਲੇ ਵੀ ਆ ਕੇ ਖਲੋਅ ਗਏ। ਪਰ ਭਾਅ ਜੀ ਦੇ ਨਾਟਕਾਂ ਦਾ ਅਸਰ ਹੀ ਅਜਿਹਾ ਸੀ ਕਿ ਉਹ ਬੰਦੂਕਾਂ ਵਾਲੇ ਵੀ ਨਾਟਕ ਵੇਖਣ ਵਿਚ ਮਸ਼ਰੂਫ਼ ਹੋ ਗਏ, ਤੇ ਬਾਅਦ ਵਿਚ ਭਾਅ ਜੀ ਨੂੰ ਮਿਲਕੇ ਤੇ ਨਾਟਕਾਂ ਦੀ ਪ੍ਰਸ਼ੰਸਾ ਵੀ ਕਰਕੇ ਗਏ।
ਭਾਅ ਜੀ ਦੀ ਇਕ ਹੋਰ ਬੜੀ ਵੱਡੀ ਦੇਣ ਹੈ, ਜਦੋਂ ਲੁਧਿਆਣੇ ਦੇ ਪੁਲ ਉੱਪਰ ਲੰਘੀਏ ਤਾਂ ਉੱਥੇ “ਸ਼ਹੀਦ ਰਾਜਗੁਰੂ, ਸੁਖਦੇਵ, ਭਗਤ ਸਿੰਘ” ਤਿੰਨਾਂ ਦੇ ਜੋ ਬੁੱਤ ਨਜ਼ਰ ਆਉਂਦੇ ਹਨ, ਉੱਥੇ ਕਿਸੇ ਵੇਲੇ ਸਿਰਫ਼ “ਸ਼ਹੀਦ ਭਗਤ ਸਿੰਘ” ਦਾ ਹੀ ਬੁੱਤ ਲੱਗਾ ਹੁੰਦਾ ਸੀ। ਪਰ ਭਾਅ ਜੀ ਨੇ ਆਪਣੇ ਨਾਟਕ “ਇਨਕਲਾਬ ਸਾਡੀ ਮੰਜ਼ਿਲ ਹੈ” ਰਾਹੀਂ, ਇਹ ਆਵਾਜ਼ ਉਠਾਈ ਕਿ ਜੇਕਰ ਸ਼ਹੀਦ ਭਗਤ ਸਿੰਘ ਦਾ ਬੁੱਤ ਉਸ ਚੋਰਾਹੇ ਵਿਚ ਲੱਗਾ ਹੈ, ਤਾਂ ਭਗਤ ਸਿੰਘ ਦੇ ਨਾਲ ਸ਼ਹੀਦ ਹੋਣ ਵਾਲੇ ਰਾਜਗੁਰੂ ਅਤੇ ਸੁਖਦੇਵ ਦਾ ਬੁੱਤ ਵੀ ਨਾਲ ਹੀ ਲੱਗਣਾ ਚਾਹੀਦਾ ਹੈ। ਇਸ ਨਾਟਕ ਵਿਚ ਉਹ ਆਪ ਇਕ ਬੁੱਢੇ ਭਗਤ ਸਿੰਘ ਦਾ ਰੋਲ ਵੀ ਕਰਦੇ ਸੀ। ਤੇ ਮੈਂ ਜੁਆਨ ਭਗਤ ਸਿੰਘ ਦਾ ਰੋਲ ਕਰਦਾ ਸੀ, ਇਸ ਨਾਟਕ ਦਾ ਇਕ ਸ਼ੋਅ ਭਾਅ ਜੀ ਨੇ ਉਦੋਂ ਲੁਧਿਆਣੇ ਦੇ ਉਸ ਪੁਲ ਉੱਪਰ ਭਗਤ ਸਿੰਘ ਦੇ ਬੁੱਤ ਥੱਲੇ ਹੀ ਖੇਡਿਆ ਸੀ, ਫੇਰ ਹੀ ਲੁਧਿਆਣਾ ਪ੍ਰਸ਼ਾਸਨ ਵੱਲੋਂ ਸ਼ਹੀਦ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੇ ਬੁੱਤ ਇਕੱਠੇ ਲਾਏ ਗਏ ਸੀ।
ਭਾਅ ਜੀ ਗੁਰਸ਼ਰਨ ਸਿੰਘ ਨੇ ਇਕ ਨਾਟਕ ਲਿਖਿਆ “ਭਾਈ ਮੰਨਾ ਸਿੰਘ”। ਇਹ ਨਾਟਕ ਜਲੰਧਰ ਦੂਰਦਰਸ਼ਨ ਉੱਤੇ 18 ਕਿਸ਼ਤਾਂ ਵਿਚ ਵਿਖਾਇਆ ਗਿਆ। ਇਸ ਨਾਟਕ ਵਿਚ ਭਾਅ ਜੀ ਗੁਰਸ਼ਰਨ ਸਿੰਘ ਆਪ “ਭਾਈ ਮੰਨਾ ਸਿੰਘ” ਦਾ ਕਿਰਦਾਰ ਨਿਭਾਉਂਦੇ ਸਨ। ਇਹ ਸੀਰੀਅਲ ਜਦੋਂ ਦੂਰਦਰਸ਼ਨ ’ਤੇ ਪ੍ਰਸਾਰਿਤ ਹੁੰਦਾ ਤਾਂ ਲੋਕ ਆਪਣੇ ਕੰਮਕਾਰ ਛੱਡਕੇ ਟੀ. ਵੀ. ਸਾਹਮਣੇ ਬੈਠ ਜਾਂਦੇ। ਹੁਣ ਭਾਅ ਜੀ ਗੁਰਸ਼ਰਨ ਸਿੰਘ ਜਿੱਥੇ ਵੀ ਜਾਂਦੇ, ਲੋਕੀ ਕਹਿੰਦੇ, ਔਹ ਜਾਂਦਾ, “ਭਾਈ ਮੰਨਾ ਸਿੰਘ”। ਉਹ ਜਦੋਂ ਨਾਟਕ ਕਰਨ ਜਾਂਦੇ ਤਾਂ ਕਈ ਵਾਰੀ ਬੱਸ ਵਿਚ ਜਗ੍ਹਾ ਨਾ ਮਿਲਦੀ ਤਾਂ, ਭਾਅ ਜੀ ਆਪਣੇ ਕਲਾਕਾਰਾਂ ਸਮੇਤ 50-50 ਮੀਲ ਤੱਕ ਬੱਸ ਦੇ ਉੱਪਰ ਬੈਠਕੇ ਸਫ਼ਰ ਕਰਦੇ। ਜੇ ਬੱਸ ਦੇ ਉੱਪਰ ਵੀ ਜਗ੍ਹਾ ਨਾ ਮਿਲਦੀ ਤਾਂ ਬੱਸ ਦੇ ਪਿੱਛੇ ਵੀ ਲਟਕਣਾ ਪੈਂਦਾ।
ਭਾਅ ਜੀ ਨੇ ਆਪਣੇ ਕਲਾਕਾਰਾਂ ਦੇ ਦੁੱਖ-ਸੁਖ ਵਿਚ ਇਕ ਬਾਪ ਦੀ ਤਰ੍ਹਾਂ ਸ਼ਾਮਿਲ ਹੁੰਦੇ। ਉਹਨਾਂ ਦੇ ਦੁੱਖ ਵਿਚ ਦੁਖੀ ਤੇ ਖੁਸ਼ੀ ਵਿਚ ਖੁਸ਼ ਹੁੰਦੇ। ਮੈਨੂੰ ਯਾਦ ਏ ਜਦੋਂ “ਕ੍ਰਿਸ਼ਨ” ਨਾਟਕ ਦੀ ਪੇਸ਼ਕਾਰੀ ਨੂੰ ਲੈ ਕੇ ਕੁਝ ਧਾਰਮਿਕ ਜਨੂੰਨੀਆਂ ਨੇ ਮੇਰੇ ’ਤੇ ਤਲਵਾਰਾਂ ਤੇ ਪਿਸਤੌਲਾਂ ਨਾਲ ਹਮਲਾ ਕੀਤਾ ਸੀ, ਤਾਂ ਉਦੋਂ ਭਾਅ ਜੀ ਮੇਰੇ ਕੋਲ ਆਏ ਤੇ ਕਹਿਣ ਲੱਗੇ, “ਤੂੰ ਇਹ ਨਾਟਕ ਹਾਲੇ ਕੁੱਝ ਦੇਰ ਨਾ ਕਰ, ਇਹ ਤਾਂ ਸਿਰ ਫਿਰੇ ਲੋਕ ਨੇ, ਐਵੇਂ ਤੇਰਾ ਕੋਈ ਨੁਕਸਾਨ ਨਾ ਕਰ ਦੇਣ, ਤੇਰੀ ਹਾਲੇ ਪੰਜਾਬੀ ਰੰਗਮੰਚ ਨੂੰ ਬੜੀ ਲੋੜ ਏ।”
ਭਾਅ ਜੀ ਗੁਰਸ਼ਰਨ ਸਿੰਘ ਦਾ ਉਤਸ਼ਾਹ, ਤੀਬਰ ਲਗਨ, ਮਿਹਨਤ, ਸਵੈ ਭਰੋਸਾ, ਨਿਸ਼ਕਾਮ ਘਾਲਣਾ ਵੇਖ ਕੇ ਸ੍ਰੀ ਬਲਰਾਜ ਸਾਹਨੀ, ਸਾਲ 1966 ਅਪ੍ਰੈਲ ਵਿਚ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਮੰਚ ’ਤੇ ਭਾਅ ਜੀ ਕੋਲ ਆਏ। ਜਦੋਂ ਦਰਸ਼ਕਾਂ ਨੇ ਸ੍ਰੀ ਸਾਹਨੀ ਜੀ ਨੂੰ ਫਿਲਮੀ ਵਾਰਤਾਲਾਪ ਨੂੰ ਅਭੀਨੈ ਕਰਕੇ ਸੁਣਾਉਣ ਨੂੰ ਕਿਹਾ, ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਅਜੀਬ ਵੇਦਨਾ ਆ ਗਈ। ਬਲਰਾਜ ਜੀ ਕਹਿਣ ਲੱਗੇ, “ਮੈਂ ਪਰਾਈ ਬੋਲੀ ਵਿਚ ਵਾਰਤਾਲਾਪ ਬੋਲ ਕੇ ਕੀ ਸੁਣਾਵਾਂ ਜਦ ਪੰਜਾਬੀ ਵਾਰਤਾਲਾਪ ਬੋਲਣ ਦੇ ਯੋਗ ਹੋਵਾਂਗਾ ਤਾਂ ਮਾਣ ਨਾਲ ਉੱਚਾ ਸਿਰ ਕਰਕੇ ਇੱਥੇ ਸੁਣਾਵਾਂਗਾ।” ਇਹ ਬਲਰਾਜ ਜੀ ਦਾ ਉੱਤਰ ਸੀ। ਇਹ ਪ੍ਰਸਿੱਧ ਕਲਾਕਾਰ, ਪੰਜਾਬੀ ਅਭਿਨੇਤਾ, ਕਲਾ, ਸਾਹਿਤ, ਤੇ ਜੀਵਨ ਵਿਚ ਨਾਟਕ ਤੇ ਮੰਚ ਦੀ ਮਹੱਤਤਾ ਸਮਝਣ ਵਾਲਾ, ਪੰਜਾਬੀ ਨਾਟਕ ਖੇਡਣ ਅਤੇ ਪੰਜਾਬੀ ਮੰਚ ’ਤੇ ਆਣ ਲਈ, ਪ੍ਰੇਰਿਆ ਗਿਆ। ਉਨ੍ਹਾਂ ਨੇ ਪੰਜਾਬੀ ਮੰਚ ਨੂੰ ਲੋਕ ਲਹਿਰ ਬਣਾਉਣ ਲਈ, ਭਾਅ ਜੀ ਦੇ ਨਾਟ ਗਰੁੱਪ, ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਅਧੀਨ ਪੰਜਾਬੀ ਨਾਟਕ ਅਭੀਨੈ ਕਰਨ ਲਈ, ਆਪਣੇ ਆਪ ਨੂੰ ਇਉਂ ਪੇਸ਼ ਕੀਤਾ ਜਿਵੇਂ ਕੋਈ ਯੋਧਾ ਆਪਣੀ ਮਾਤ ਭੂਮੀ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਪੇਸ਼ ਕਰਦਾ ਹੈ।
ਸਾਲ 1966 ਅਪ੍ਰੈਲ ਵਿਚ ਸ੍ਰੀ ਬਲਰਾਜ ਸਾਹਨੀ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਪੰਜਾਬੀ ਨਾਟਕ, ਪੰਜਾਬੀ ਮੰਚ ਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਇੰਨੀ ਉਨਤੀ ਕਰ ਜਾਵੇ ਕਿ ਮੈਂ ਮਾਣ ਨਾਲ ਮਦਰਾਸੀ, ਬੰਗਾਲੀ, ਮਹਾਂਰਾਸ਼ਟਰੀ ਕਲਾਕਾਰਾਂ ਨੂੰ ਕਹਿ ਸਕਾਂ ਕਿ “ਜੇ ਤੁਸੀਂ ਅਸਲੀ ਮੰਚੀ ਜੀਵਨ ਨੂੰ ਹਲੂਣਾ ਦੇਣ ਵਾਲਾ ਨਾਟਕ ਵੇਖਣਾ ਹੈ ਤਾਂ ਆਓ ਪੰਜਾਬ ਦੇ ਉੱਘੇ ਸ਼ਹਿਰ ਅੰਮ੍ਰਿਤਸਰ ਦੇ ਮੰਚ ਸਾਹਮਣੇ ਅਤੇ ਵੇਖੋ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦਾ ਪੇਸ਼ ਕੀਤਾ ਜਾ ਰਿਹਾ ਨਾਟਕ।”
ਤੇ ਫੇਰ ਸ੍ਰੀ ਬਲਰਾਜ ਸਾਹਨੀ ਨੇ ਪੰਜਾਬੀ ਨਾਟਕ, ਤੇ ਪੰਜਾਬੀ ਰੰਗਮੰਚ ਨੂੰ ਪੰਜਾਬ ਵਿਚ ਪੱਕੀ ਤਰ੍ਹਾਂ ਸਥਾਪਤ ਕਰਨ ਲਈ, ਪੰਜਾਬੀ ਨਾਟਕ, ਪੰਜਾਬੀ ਰੰਗਮੰਚ ਤੇ ਮੰਚੀ ਨਾਟਕਕਾਰਾਂ ਨੂੰ ਯੋਗ ਅਗਵਾਈ ਦੇਣ ਲਈ ਅਕਤੂਬਰ ਮਹੀਨੇ ਪੰਜਾਬ ਆ ਕੇ ਭਾਅ ਜੀ ਨਾਲ ਨਾਟਕ “ਉੱਪਰਲੀ ਮੰਜਿਲ” ਅਤੇ “ਅਰਸ਼ ਫਰਸ਼” ਖੇਡਿਆ।
ਭਾਅ ਜੀ ਨੇ ਆਪਣੇ ਕਲਾਕਾਰ ਦੋਸਤ ਬਲਰਾਜ ਸਾਹਨੀ ਦੀ ਯਾਦ ਵਿਚ “ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ” ਖੋਲ੍ਹਿਆ ਅਤੇ ਪੰਜਾਬੀ ਦੀਆਂ ਚੰਗੀਆਂ ਤੇ ਉੱਚੇ ਮਿਆਰ ਵਾਲੀਆਂ ਕਿਤਾਬਾਂ ਸਸਤੇ ਰੇਟ ਵਿਚ ਲੋਕਾਂ ਤੱਕ ਪਹੁੰਚਾਈਆਂ। ਉਨ੍ਹਾਂ ਦਿਨਾਂ ਵਿੱਚ ਸੰਤ ਰਾਮ ਉਦਾਸੀ ਦੀ ਕਿਤਾਬ “ਲਹੂ ਭਿੱਜੇ ਬੋਲ” ਇਕ ਰੁਪਏ ਵਿਚ ਭਾਅ ਜੀ ਵੇਚਦੇ ਸੀ, ਤੇ ਉਹ ਕਿਤਾਬ 20, 000 ਤੋਂ ਵੱਧ ਵਿਕੀ ਸੀ। ਉਹ ਜਦੋਂ ਪਿੰਡਾਂ ਵਿਚ ਨਾਟਕ ਖੇਡਦੇ ਤਾਂ ਪਿੰਡਾਂ ਵਿਚ ਕੋਈ ਸਟੇਜ ਤਾਂ ਹੁੰਦੀ ਨਹੀਂ ਸੀ, ਉੱਥੇ ਉਹ ਦੋ ਗੱਡਿਆਂ ਨੂੰ ਜੋੜਕੇ ਉੱਪਰ ਦਰੀ ਪਾ ਕੇ ਸਟੇਜ ਬਣਾ ਲੈਂਦੇ। ਕਈ ਵਾਰੀ ਪਿੰਡਾਂ ਵਿਚ ਜਿਸ ਸੱਥ ਵਿਚ ਦਰਖਤ ਥੱਲੇ ਬਣੇ ਥੜੇ ਉੱਪਰ ਸਾਰਾ ਦਿਨ ਬਜ਼ੁਰਗ ਬੈਠਕੇ ਗੱਪਾਂ ਮਾਰਦੇ ਨੇ, ਉੱਥੇ ਹੀ ਨਾਟਕ ਖੇਡ ਦਿੰਦੇ। ਕਈ ਵਾਰੀ ਤਾਂ ਕਿਸੇ ਮਿੱਟੀ ਦੇ ਢੇਰ ਜਾਂ ਰੂੜੀ ਦੇ ਢੇਰ ਨੂੰ ਪੱਧਰਾ ਕਰਕੇ ਸਟੇਜ ਬਣਾ ਲਈ ਜਾਂਦੀ ਸੀ। ਜਦੋਂ ਨਾਟਕ ਸਮਾਪਤ ਹੁੰਦਾ ਤਾਂ ਸਟੇਜ ਉੱਪਰ ਹੀ ਭਾਅ ਜੀ ਇਕ ਥੈਲੇ ਵਿੱਚੋਂ ਕਿਤਾਬਾਂ ਕੱਢਕੇ ਢੇਰ ਲਾ ਦਿੰਦੇ। ਤੇ ਦਰਸ਼ਕ ਉਨ੍ਹਾਂ ਕਿਤਾਬਾਂ ਨੂੰ ਇਕ, ਦੋ ਰੁਪਏ ਜਾਂ ਵੱਧ ਤੋਂ ਵੱਧ ਪੰਜ ਰੁਪਏ ਤੱਕ ਖ਼ਰੀਦ ਲੈਂਦੇ।
ਉਹ ਆਪਣੇ ਨਾਟਕ ਪ੍ਰਤੀ ਪ੍ਰਤੀਬੱਧਤਾ ਲਈ ਇੱਥੋਂ ਤੱਕ ਪੱਕੇ ਸੀ ਕਿ ਇਕ ਵਾਰ ਉਨ੍ਹਾਂ ਦੀ ਲੱਤ ਉੱਤੇ ਸੱਟ ਲੱਗ ਗਈ ਤੇ ਲੱਤ ਉੱਪਰ ਡਾਕਟਰਾਂ ਨੇ ਪਲੱਸਤਰ ਲਗਾ ਦਿੱਤਾ ਤੇ ਉਨ੍ਹਾਂ ਨੂੰ ਅਰਾਮ ਕਰਨ ਲਈ ਕਿਹਾ। ਪਰ ਚਾਰ ਦਿਨਾਂ ਬਾਅਦ ਹੀ ਉਨ੍ਹਾਂ ਦੇ ਨਾਟਕਾਂ ਦਾ ਪ੍ਰੋਗਰਾਮ ਕਿਸੇ ਪਿੰਡ ਵਿਚ ਸੀ“ ਉਹ ਉਸੇ ਤਰ੍ਹਾਂ ਪਲੱਸਤਰ ਲੱਗੀ ਲੱਤ ਨਾਲ ਹੀ ਨਾਟਕ ਖੇਡਣ ਵਾਲੀ ਥਾਂ ’ਤੇ ਪਹੁੰਚਣ ਲਈ ਤਿਆਰ ਹੋ ਗਏ। ਭਾਅ ਜੀ ਨੂੰ ਸਭ ਨੇ ਕਿਹਾ ਕਿ ਤੁਸੀਂ ਨਾ ਜਾਓ, ਤੁਹਾਡੀ ਲੱਤ ’ਤੇ ਸੱਟ ਲੱਗੀ ਹੈ, ਤਾਂ ਭਾਅ ਜੀ ਕਹਿੰਦੇ “ਮੈਂ ਇਸ ਲੱਤ ਦਾ ਕੀ ਕਰਨਾ ਏ, ਜੇ ਮੈਂ ਨਾਟਕ ਖੇਡਣ ਨਾ ਪਹੁੰਚ ਸਕਿਆ।” ਤੇ ਫੇਰ ਉਹ ਉਸੇ ਹਾਲਤ ਵਿਚ ਹੀ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚ ਗਏ।
ਪੰਜਾਬੀ ਰੰਗਮੰਚ ਉੱਤੇ ਨਾਟਕੀ ਐਕਸ਼ਨ ਗੀਤਾਂ ਦਾ ਵੀ ਇਕ ਖ਼ੂਬਸੂਰਤ ਤੇ ਜੋਸ਼ੀਲਾ ਇਤਿਹਾਸ ਹੈ। ਐਕਸ਼ਨ ਗੀਤ ਦੀ ਵਿਧਾ ਨੂੰ ਜਨਮ ਭਾਅ ਜੀ ਗੁਰਸ਼ਰਨ ਸਿੰਘ ਨੇ ਹੀ ਦਿੱਤਾ। ਭਾਅ ਜੀ ਗੁਰਸ਼ਰਨ ਸਿੰਘ ਸਟੇਜ ਉੱਪਰ ਨਾਟਕੀ ਐਕਸ਼ਨ ਨੂੰ ਬਹੁਤ ਪਹਿਲ ਦੇਂਦੇ ਸੀ। ਭਾਅ ਜੀ ਜਿੱਥੇ ਵੀ ਪਿੰਡ ਜਾਂ ਸ਼ਹਿਰ ਵਿਚ ਨਾਟਕ ਕਰਦੇ, ਉੱਥੇ ਉਨ੍ਹਾਂ ਦੀ ਟੀਮ ਦੇ ਗਾਇਕ ਪਰਮਜੀਤ ਸਿੰਘ ਸਟੇਜ ’ਤੇ ਖੜ੍ਹਕੇ ਹਰਮੋਨੀਆ ਵਜਾ ਕੇ ਗੀਤ ਵੀ ਬੋਲਦੇ। ਉਦੋਂ ਪ੍ਰਿਥੀਪਾਲ ਰੰਧਾਵਾ ਦੇ ਕਤਲ ਤੋਂ ਬਾਅਦ ਗੀਤ ‘ਜੇ ਨਾ ਫੜੇ ਪਿ੍ਰਥੀ ਦੇ ਕਾਤਲ, ਟ ਨਾਲ ਇੱਟ ਖੜਕਾ ਦਿਆਂਗੇ, ਲਾਲ ਕਿਲ੍ਹੇ ਦੀਆਂ ਬੋਦੀਆਂ ਕੰਧਾਂ ਤੱਕ ਨੂੰ ਕਾਂਬਾ ਲਾ ਦਿਆਂਗੇ’, ‘ਪ੍ਰਿਥੀ ਵੀਰਾ ਲੀਹ ਤੇਰੀ ’ਤੇ’, ‘ਜਾਗਿਆ ਬੰਦਾ ਕਦੇ ਨਾ ਮਰਦਾ, ਜਾਗਿਆ ਕਿਰਤੀ ਕਦੇ ਨਾ ਹਰਦਾ’, ‘ਫੇਰ ਦਮਾਮਾ ਯੁੱਧ ਦਾ ਵੱਜਿਆ’, ‘ਉੱਠ ਕਿਰਤੀਆ ਉੱਠ ਵੇ’, ‘ਛੱਟਾ ਚਾਨਣਾ ਦਾ’, ‘ਅਜੇ ਨਾ ਆਈ ਮੰਜ਼ਿਲ ਤੇਰੀ’, ‘ਹਰ ਨਾਅਰਾ ਲਲਕਾਰ ਬਣੇਗਾ, ਹਰ ਬਾਗੀ ਜਗਤਾਰ ਬਣੇਗਾ’, ‘ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ’, ‘ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ, ਕਹਿੰਦੇ ਹਾਂ ਦੇ ਕੇ ਹੋਕਾ ਵੇ’, ‘ਇਸ ਯੁੱਗ ਲਈ ਸੀਸ ਜੋ ਆਪਣਾ ਤਲੀ ਧਰੇਗਾ’, ਅੱਗੇ ਵਧਦੇ ਜਾਵਾਂਗੇ’ ਗਾਏ ਜਾਂਦੇ ਸੀ। ਪਰ ਭਾਅ ਜੀ ਨੇ ਮਹਿਸੂਸ ਕੀਤਾ ਕਿ ਸਟੇਜ ਉੱਪਰ ਖੜ੍ਹਕੇ ਗੀਤ ਸੁਣਾਉਣ ਨਾਲ ਇੰਨਾ ਪ੍ਰਭਾਵ ਨਹੀਂ ਦਰਸ਼ਕਾਂ ਵਿਚ ਜਾਂਦਾ, ਇਸ ਲਈ ਇਨ੍ਹਾਂ ਗੀਤਾਂ ਨੂੰ ਐਕਸ਼ਨ ਦੇ ਨਾਲ ਪੇਸ਼ ਕੀਤਾ ਜਾਵੇ। ਉਦੋਂ ਭਾਅ ਜੀ ਟੀਮ ਦੇ ਨਾਲ ਕੇਵਲ ਧਾਲੀਵਾਲ, ਸਤਵਿੰਦਰ ਸੋਨੀ, ਦਲੀਪ ਭਨੋਟ ਤੇ ਮੋਹਨਜੀਤ ਹੁੰਦੇ ਸਨ। ਭਾਅ ਜੀ ਨੇ ਕਲਾਕਾਰਾਂ ਨੂੰ ਰੂਸੀ ਇਨਕਲਾਬ ਦੀਆਂ ਕੁਝ ਤਸਵੀਰਾਂ ਵਿਖਾਈਆਂ ਤੇ ਉਨ੍ਹਾਂ ਵਰਗੇ ਜੋਸ਼ੀਲੇ ਐਕਸ਼ਨ ਅਤੇ ਹਾਵ-ਭਾਵ ਗੀਤਾਂ ਨਾਲ ਐਕਸ਼ਨ ਕਰਦੇ ਹੋਏ ਪੇਸ਼ ਕਰਨ ਲਈ ਕਿਹਾ। ਇਹ ਗੀਤ ਉਦੋਂ ‘ਛੱਟਾ ਚਾਨਣਾ ਦਾ ਦੇਈ ਜਾਣਾ’ (ਸੁਰਿੰਦਰ ਗਿੱਲ), ‘ਕੱਖਾਂ ਦੀਏ ਕੁਲੀਏ ਮਿਨਾਰ ਬਣ ਜਾਈਂ’ (ਪਾਸ਼), ‘ਮਾਂ ਧਰਤੀਏ ਤੇਰੇ ਗੋਦ ਨੂੰ ਚੰਨ ਹੋਰ ਬਥੇਰੇ’ (ਉਦਾਸੀ) ਅਤੇ ‘ਉੱਠ ਕਿਰਤੀਆ ਉੱਠ ਵੇ ਉਠਣ ਦਾ ਵੇਲਾ’ (ਉਦਾਸੀ) ਅਤੇ ‘ਭਟਕ ਨਾ ਜਾਏ ਸਾਥੀਓ ਕਦਮ ਯੇ ਇਨਕਲਾਬ ਕੇ’ ਹੁੰਦੇ ਸਨ। ਇਨ੍ਹਾਂ ਐਕਸ਼ਨ ਗੀਤਾਂ ਨੇ ਦਰਸ਼ਕਾਂ ਉੱਤੇ ਇੰਨਾ ਪ੍ਰਭਾਵ ਸਿਰਜਿਆ ਕਿ ਫਿਰ ਹਰ ਪ੍ਰੋਗਰਾਮ ਉੱਤੇ ਨਾਟਕਾਂ ਦੇ ਨਾਲ ਨਾਲ ਐਕਸ਼ਨ ਗੀਤਾਂ ਦੀ ਪੇਸ਼ਕਾਰੀ ਵੀ ਹੋਣ ਲੱਗ ਪਈ ਫੇਰ ਭਾਅ ਜੀ ਨੇ ਜਗਮੋਹਨ ਜੋਸ਼ੀ ਦੇ ਇਨਕਲਾਬੀ ਗੀਤਾਂ ਨੂੰ 1983-84 ਵਿਚ ਕਲਾਕਾਰਾਂ ਨਾਲ ਤਿਆਰ ਕੀਤਾ, ਜਿਨ੍ਹਾਂ ਵਿਚ ‘ਐ ਲਾਲ ਫਰੇਰੇ ਤੇਰੀ ਕਸਮ, ਇਸ ਖੂਨ ਦਾ ਦਾ ਬਦਲਾ ਹਮ ਲੇਂਗੇ’, ‘ਯੇ ਹਮਾਰਾ ਹੈ ਹਿੰਦੁਸਤਾਨ ਛੀਨ ਲੋ’, ‘ਦਿੱਲੀ ਦੂਰ ਨਹੀਂ ਹੈ ਯਾਰੋ, ਦਿੱਲੀ ਕੇ ਅਸਲੀ ਹਕਦਾਰੋ’, ‘ਹਮ ਜੰਗ-ਏ-ਅਵਾਮੀ ਸੇ ਕੋਹਰਾਮ ਮਚਾ ਦੇਂਗੇ’, ‘ਹਮੇਂ ਮਨਜ਼ੂਰ ਨਹੀਂ ਨਜਮੇਂ ਗੁਲਿਸਤਾਨ ਬਦਲੋ, ਦਮ ਘੁੱਟਾ ਜਾਤਾ ਹੈ, ਕਾਨੂੰਨ-ਏ-ਸ਼ਬਿਸਤਾਂ ਬਦਲੋ’, ‘ਸਿਤਮਗਰੋ ਹਿਸਾਬ ਦੋ, ਉਲਟ ਹਰ ਨਕਾਬ ਦੋ’, ‘ਮਿਲੀ ਨਾ ਹਮਕੋ ਕਭੀ ਰੋਸ਼ਨੀ ਤੋ ਕਿਆ ਹੋਗਾ, ਜੋ ਜ਼ੁਲਮਤੋਂ ਮੇਂ ਪਲੀ ਜ਼ਿੰਦਗੀ ਤੋ ਕਿਆ ਹੋਗਾ’। ‘ਇਨ੍ਹਾਂ ਗੀਤਾਂ ਦੀਆਂ ਧੁਨਾਂ ਤੇ ਗਾਇਕੀ ਇੰਦਰਜੀਤ ਗੋਗੋਆਣੀ ਨੇ ਤਿਆਰ ਕੀਤੀ ਸੀ, ਤੇ ਐਕਸ਼ਨ ਕਰਨ ਵਾਲੇ ਕਲਾਕਾਰ ਸਨ, ਕੇਵਲ ਧਾਲੀਵਾਲ, ਸਤਵਿੰਦਰ ਸੋਨੀ, ਰੇਨੂੰ ਸਿੰਘ, ਸੁਖਦੇਵ ਪ੍ਰੀਤ, ਜਸਵੰਤ ਜੱਸ, ਨਰਿੰਦਰ ਸਾਂਘੀ ਤੇ ਗੁਲਸ਼ਨ ਸ਼ਰਮਾ। ਕਿਉਂਕਿ ਉਦੋਂ ਪੰਜਾਬ ਦੇ ਹਾਲਾਤ ਵਿਚ ਹਿੰਦੂ ਸਿੱਖ ਏਕਤਾ ਦਾ ਸੰਦੇਸ਼ ਬਹੁਤ ਮਹੱਤਵਪੂਰਨ ਸੀ, ਇਸ ਲਈ ਭਾਅ ਜੀ ਨੇ ਫੇਰ ਐਕਸ਼ਨ ਗੀਤ, ‘ਅਸੀਂ ਨਹੀਂ ਮੰਨਦੇ ਉਸ ਰੱਬ ਨੂੰ ਜੋ ਦੇਵੇ ਅੱਗਾਂ ਲਾਅ’ (ਰਾਜਬੀਰ) ‘ਇਹ ਬਾਦਬਾਂ ਹਟਾ ਲਵੋ, ਤੂਫ਼ਾਨ ਜ਼ੋਰ ਫੜ ਰਿਹਾ’ (ਮੱਖਣ ਕੁਹਾੜ), ‘ਮਸ਼ਾਲਾਂ ਬਾਲਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ’ (ਮਹਿੰਦਰ ਸਾਥੀ), ‘ਸ਼ਹਿਰ-ਸ਼ਹਿਰ ਢੰਡੋਰਾ ਮੇਰਾ, ਪਿੰਡ-ਪਿੰਡ ਨੂੰ ਹੋਕਾ, ਸਾਂਝਾਂ ਦੀ ਕੰਧ ਨੂੰ ਸੰਨ੍ਹ ਲੱਗੀ, ਜਾਗ-ਜਾਗ ਓ ਲੋਕਾ’ (ਸੁਰਿੰਦਰ ਗਿੱਲ), ‘ਇਹ ਕੇਹੀ ਰੁੱਤ ਆਈ ਵੇ ਲਾਲੋ’, ‘ਤਰਾਨਾ ਹੋਰ ਗਾਉ ਦੋਸਤੋ, ਕਿ ਰੰਜ ਮਰ ਜਾਏ’ (ਸ਼ਿਵ ਨਾਥ), ‘ਆਉ ਫਿਰ ਦੁਹਰਾਈਏ ਮੋਹਿ, ਜੂਝਣ ਕਾ ਚਾਉ ਹੈ’ (ਜੈਦੇਵ ਦਿਲਬਰ), ‘ਇਸ ਯੁੱਗ ਲਈ ਸੀਸ ਜੋ ਆਪਣਾ ਤਲੀ ਧਰੇਗਾ, ਇਸ ਯੁੱਗ ਦਾ ਉਹੀਓੁ ਯਾਰੋ ਨਾਇਕ ਬਣੇਗਾ’, ‘ਜ਼ੰਦਾਂ ਕੀ ਸਲਾਖੇਂ ਟੂਟੇਂਗੀ, ਕਫ਼ਲੋ ਕੋ ਪ੍ਰੇਸ਼ਾਨ ਦੇਖੇਂਗੇ’ (ਜਗਮੋਹਣ ਜੋਸ਼ੀ), ‘ਲਹਿਰਾਂ ਬਣ ਉੱਠੋ - ਭੁਖਾਂ ਦੇ ਲਤਾੜਿਓੁ (ਯੂਜੀਨ ਪੋਤੀਓ)।
ਭਾਅ ਜੀ ਦੀ ਟੀਮ ਵੱਲੋਂ ਪੇਸ਼ ਕੀਤੇ ਜਾਂਦੇ ਇਨ੍ਹਾਂ ‘ਐਕਸ਼ਨ ਗੀਤਾਂ ਨੇ ਪੰਜਾਬ ਅੰਦਰ ਇਕ ਨਵੀਂ ਵਿਧਾ ਨੂੰ ਜਨਮ ਦਿੱਤਾ। ਇਹ ਐਕਸ਼ਨ ਗੀਤ ਹਰਮੋਨੀਅਮ, ਢੋਲਕ ਅਤੇ ਨਗਾਰੇ ਦੀ ਤਾਲ ਨਾਲ ਪੇਸ਼ ਕੀਤੇ ਜਾਂਦੇ ਸੀ। ਕਲਾਕਾਰ ਇੱਕੋ ਜਿਹੇ ਕੁੜਤੇ ਪਜਾਮੇ ਪਾਉਂਦੇ, ਕਮਰ ਤੇ ਲਾਲ ਕੱਪੜਾ ਬੰਨ੍ਹਦੇ, ਹੱਥਾਂ ਵਿਚ ਕਈ ਵਾਰੀ ਲਾਲ ਝੰਡੇ ਲੈ ਕੇ ਤੁਰਦੇ ਤੇ ਕਈ ਗੀਤਾਂ ਵਿਚ ਭਾਰੀਆਂ ਲੋਹੇ ਦੀਆਂ ਜੰਜ਼ੀਰਾਂ ਦਾ ਵੀ ਇਸਤੇਮਾਲ ਹੁੰਦਾ ਸੀ। ਭਾਅ ਜੀ ਨੇ ਇਹ ਐਕਸ਼ਨ ਗੀਤ ਪਹਿਲਾਂ 1980-81 ਵਿਚ ਅਲੱਗ ਤਰ੍ਹਾਂ ਤਿਆਰ ਕਰਵਾਏ ਫੇਰ 83-84 ਵਿਚ ਇਨਕਲਾਬੀ ਅਤੇ ਪੰਜਾਬ ਸਮੱਸਿਆ ਨਾਲ ਜੁੜੇ ਗੀਤ ਤਿਆਰ ਕਰਵਾਏ ਤੇ ਫੇਰ 1986-87 ਵਿਚ ਹੋਰ ਲੋਕ ਪੱਖੀ ਐਕਸ਼ਨ ਗੀਤ ਵੀ ਤਿਆਰ ਕਰਵਾਏ। ਇਨ੍ਹਾਂ ਐਕਸ਼ਨ ਗੀਤਾਂ ਦੀ ਉਨ੍ਹਾਂ ਸਮਿਆਂ ਵਿਚ ਪ੍ਰਬੰਧਕਾਂ ਤੇ ਦਰਸ਼ਕਾਂ ਵੱਲੋਂ ਖ਼ਾਸ ਮੰਗ ਹੁੰਦੀ ਸੀ। ਭਾਅ ਜੀ ਦੀ ਟੀਮ ਨਾਲ ਗਾਇਕ ਪਰਮਜੀਤ ਸਿੰਘ ਤੇ ਫੇਰ ਇੰਦਰਜੀਤ ਸਿੰਘ ਗੋਗੋਆਣੀ ਸਨ। ਢੋਲਕ ਉੱਤੇ ਵਿਸਾਖ ਚੰਦ, ਪਵਨਦੀਪ ਪੰਮਾ ਅਤੇ ਨਗਾੜੇ ਉੱਤੇ ਪੰਡਿਤ ਕ੍ਰਿਸ਼ਨ ਦਵੇਸਰ ਹੁੰਦੇ ਸਨ। ਭਾਅ ਜੀ ਆਪ ਵੀ ਬਹੁਤ ਵਾਰ ਐਕਸ਼ਨ ਕਰਦੇ ਹੋਏ ਝੰਡਾ ਚੁੱਕ ਕੇ ਕਲਾਕਾਰਾਂ ਦੇ ਨਾਲ-ਨਾਲ ਸਟੇਜ ’ਤੇ ਇਕ-ਦੋ ਚੱਕਰ ਲਾ ਦੇਂਦੇ। ਉਸ ਵੇਲੇ ਦਰਸ਼ਕਾਂ ਵਿਚ ਹੋਰ ਵੀ ਉਤਸ਼ਾਹ ਅਤੇ ਜੋਸ਼ ਭਰ ਜਾਂਦਾ। ਦਰਸ਼ਕ ਵੀ ਤਾੜੀਆਂ ਮਾਰਦੇ ਹੋਏ ਐਕਸ਼ਨ ਗੀਤਾਂ ਦੇ ਨਾਲ-ਨਾਲ ਤਾਲ ਮਿਲਾਉਂਦੇ ਸਨ। ਇਹ ਐਕਸ਼ਨ ਗੀਤ ਪੰਜਾਬ ਦੀਆਂ ਪਿੰਡਾਂ ਦੀਆਂ ਸਟੇਜਾਂ, ਸ਼ਹਿਰਾਂ ਦੀਆਂ ਸਟੇਜਾਂ, ਨੁੱਕੜ ਨਾਟਕਾਂ, ਗਲੀਆਂ, ਬਾਜ਼ਾਰਾਂ, ਦਿੱਲੀ, ਯੂ. ਪੀ., ਬਿਹਾਰ, ਮੁੰਬਈ, ਗੁਜਰਾਤ, ਮੱਧ ਪ੍ਰਦੇਸ਼, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਖੇ ਵੀ ਭਾਅ ਜੀ ਆਪਣੀ ਨਾਟਕ ਟੀਮ ਨਾਲ ਪੇਸ਼ ਕਰਦੇ ਰਹੇ। ਇਨ੍ਹਾਂ ਗੀਤਾਂ ਨੂੰ ਭਾਅ ਜੀ ਨੇ ਲੱਚਰ ਗੀਤਾਂ ਦੇ ਬਦਲ ਵਜੋਂ ਵੀ ਪੇਸ਼ ਕੀਤਾ ਤੇ ਕਈ ਆਡੀਓ ਕੈਸਟਾਂ ਇਨ੍ਹਾਂ ਗੀਤਾਂ ਦੀਆਂ ਤਿਆਰ ਕਰਵਾਕੇ ਦਰਸ਼ਕਾਂ ਵਿਚ ਲੈ ਕੇ ਗਏ। ਇਨ੍ਹਾਂ ਐਕਸ਼ਨ ਗੀਤਾਂ ਦਾ ਇੰਨਾ ਅਸਰ ਹੁੰਦਾ ਸੀ ਕਿ ਪ੍ਰਬੰਧਕ ਪ੍ਰੋਗਰਾਮ ਬੁੱਕ ਕਰਨ ਵੇਲੇ ਹੀ ਭਾਅ ਜੀ ਨੂੰ ਆਪਣੇ ਨਾਲ ਐਕਸ਼ਨ ਗੀਤਾਂ ਦੀ ਟੀਮ ਲੈ ਕੇ ਆਉਣ ਲਈ ਕਹਿੰਦੇ। ਇਨ੍ਹਾਂ ਐਕਸ਼ਨ ਗੀਤਾਂ ਦਾ ਪ੍ਰਭਾਵ ਕਬੂਲਦੇ ਹੋਏ ਹੌਲੀ ਹੌਲੀ 1990 ਤੋਂ ਬਾਅਦ ਪੰਜਾਬ ਦੀਆਂ ਬਹੁਤ ਸਾਰੀਆਂ ਲੋਕ-ਪੱਖੀ ਰੰਗਮੰਚ ਕਰਨ ਵਾਲੀਆਂ ਟੀਮਾਂ ਵੀ ਐਕਸ਼ਨ ਗੀਤ ਪੇਸ਼ ਕਰਨ ਲੱਗੀਆਂ।
ਉਹ ਸ਼ਖ਼ਸ ਜੋ ਜੀਊਂਦੇ ਜੀਅ ਇਕ ਦੰਦ-ਕਥਾ ਬਣ ਗਿਆ, ਜਿਸ ਦੇ ਜੀਊਂਦੇ ਜੀਅ ਉਸ ਦੇ ਨਾਮ ’ਤੇ ਨਾਟਕ ਮੇਲੇ ਲੱਗਦੇ ਰਹੇ, ਜਿਸ ਦੇ ਨਾਮ ’ਤੇ ਰੰਗਮੰਚ ਸਦਨ ਬਣਦੇ ਰਹੇ, ਜਿਸ ਦੇ ਨਾਮ ’ਤੇ ਰੰਗਮੰਚ ਆਡੀਟੋਰੀਅਮ ਉਸਰਦੇ ਰਹੇ। ਕਾਲੀਦਾਸ ਅਤੇ ਗੁਰੂਦੇਵ ਰਬਿੰਦਰ ਨਾਥ ਟੈਗੋਰ ਤੋਂ ਬਾਅਦ ਜੇਕਰ ਕਿਸੇ ਹਸਤੀ ਦੇ ਨਾਮ ਉੱਪਰ ਸੱਭ ਤੋਂ ਵੱਧ ਨਾਟਘਰ (ਆਡੀਟੋਰੀਅਮ) ਬਣੇ ਤਾਂ ਉਹ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਮ ਉੱਪਰ ਹੀ ਹਨ। ਜ਼ਿਲ੍ਹਾ ਲੁਧਿਆਣਾ ਵਿਚ ਮੁੱਲਾਂਪੁਰ ਵਿਖੇ, “ਗੁਰਸ਼ਰਨ ਕਲਾ ਭਵਨ” ਬਣਿਆ ਹੈ, ਅੰਮ੍ਰਿਤਸਰ ਦੇ ਵਿਰਸਾ ਵਿਹਾਰ ਵਿਚ ‘ਗੁਰਸ਼ਰਨ ਸਿੰਘ ਰੰਗਮੰਚ ਸਦਨ” ਵੀ ਬਣਿਆ ਹੈ। ਚੰਡੀਗੜ੍ਹ ਦੇ ਕਲਾ ਭਵਨ ਵਿਖੇ “ਗੁਰਸ਼ਰਨ ਸਿੰਘ ਓਪਨ ਏਅਰ ਥੀਏਟਰ” ਬਣਿਆ ਹੈ। ਰਾਜਪੁਰਾ ਨੇੜੇ ਬਨੂੜ ਵਿਖੇ ਗਿਆਨ ਸਾਗਰ ਕਾਲਜ ਵਿਚ “ਗੁਰਸ਼ਰਨ ਸਿੰਘ ਆਡੀਟੋਰੀਅਮ” ਬਣਾਇਆ ਗਿਆ ਹੈ। ਅਜਿਹੀ ਰੰਗਮੰਚ ਦੀ ਕੋਈ ਵੱਡੀ ਹਸਤੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵੇਖਣ ਨੂੰ ਨਹੀਂ ਮਿਲਦੀ। ਭਾਅ ਜੀ ਦੇ ਨਾਟਕਾਂ ਅਤੇ ਉਸ ਦੀ ਬੁਲੰਦ ਆਵਾਜ਼ ਨੇ ਦਰਸ਼ਕਾਂ ਦੇ ਹਰ ਵਰਗ ਨੂੰ ਹਲੂਣਾ ਵੀ ਦਿੱਤਾ ਤੇ ਜਾਗ੍ਰਿਤ ਵੀ ਕੀਤਾ। ਭਾਅ ਜੀ ਨੇ ਇਕ ਵੱਖਰੀ ਨਾਟ ਵਿਧਾ ਅਤੇ ਨਾਟ ਸ਼ੈਲੀਆਂ ਦੇ ਸੰਕਲਪ ਘੜੇ, ਭਾਅ ਜੀ ਦੇ ਨਾਟਕਾਂ ਵਿੱਚ ਭਾਅ ਜੀ ਦਾ ਇੱਛਤ ਯਥਾਰਥ ਵੀ ਹੈ, ਇਤਿਹਾਸ ਵੀ ਹੈ ਤੇ ਮਿਥਿਹਾਸ ਦੇ ਨਵੇਂ ਅਰਥ ਵੀ ਨੇ। ਭਾਅ ਜੀ ਦੀ ਯਾਦ ਵਿਚ ਹਰ ਸਾਲ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ 27 ਸਤੰਬਰ ਨੂੰ ਬਹੁਤ ਵੱਡਾ ਮੇਲਾ ਕੀਤਾ ਜਾਂਦਾ ਹੈ। ਭਾਅ ਜੀ ਗੁਰਸ਼ਰਨ ਸਿੰਘ ਟਰੱਸਟ ਵੱਲੋਂ ਵੀ 16 ਸਤੰਬਰ ਨੂੰ ਸੈਮੀਨਾਰ ਅਤੇ ਨਾਟਕ ਸਮਾਗਮ ਪੇਸ਼ ਕੀਤਾ ਜਾਂਦਾ ਹੈ। ਭਾਅ ਜੀ ਦੇ ਨਾਮ ਉੱਪਰ ਕਈ ਸੰਸਥਾਵਾਂ ਵੱਲੋਂ ਐਵਾਰਡ ਵੀ ਸਥਾਪਤ ਕੀਤੇ ਗਏ ਹਨ। ਭਾਅ ਜੀ ਦੇ ਨਾਟਕਾਂ ਨੂੰ ਪੜ੍ਹਨਾ ਤੇ ਵੇਖਣਾ ਇਕ ਇਤਿਹਾਸ ਵਿੱਚੋਂ ਗੁਜ਼ਰਨਾ ਹੈ। ਪੰਜਾਬੀ ਰੰਗਮੰਚ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਬਰਾਬਰ ਹੈ। ਆਪਣੀ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਨੂੰ ਵਿਸ਼ਾਲ ਕੈਨਵੇਸ ’ਤੇ ਪੇਸ਼ ਕਰਨ ਦਾ ਅਜਿਹਾ ਕਾਰਜ ਰੰਗਮੰਚ ਦੇ ਖੇਤਰ ਵਿਚ ਕੋਈ ਵਿਰਲਾ ਹੀ ਕਰਦਾ ਹੈ ਜਾਂ ਸ਼ਾਇਦ ਇਹ ਕਾਰਜ ਇਕੱਲੇ ਗੁਰਸ਼ਰਨ ਭਾਅ ਜੀ ਹੀ ਕਰ ਸਕਦੇ ਸਨ।
*****
(1363)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)