HarpalSPannu7“ਸੰਗੀਨ ਦੁਖਦਾਈ ਘੜੀ ਵਿਚ ਪੰਜਾਬੀਆਂ ਵਲੋਂ ਦਿਖਾਇਆ ਤਿਆਗ ...
(ਦਸੰਬਰ 10, 2015)

 

ਤਤਕਾਲੀ ਘਟਨਾਕ੍ਰਮ ਦੌਰਾਨ ਕੁੱਝ ਦੁਖਦਾਈ ਵਾਰਦਾਤਾਂ ਵਾਪਰੀਆਂ। ਦੋ ਗੈਰ ਪੰਜਾਬੀ ਨਾਮਵਰ ਲੇਖਕਾਂ ਕਲਬੁਰਗੀ ਅਤੇ ਦਬੋਲਕਰ ਦੀ ਹੱਤਿਆ ਇਸ ਕਰਕੇ ਕੀਤੀ ਗਈ ਕਿਉਂਕਿ ਉਕਤ ਦਾਨਸ਼ਵਰ ਫਿਰਕਾਪ੍ਰਸਤੀ ਅਤੇ ਧਾਰਮਿਕ ਅੰਧਵਿਸ਼ਵਾਸ ਖਿਲਾਫ ਝੰਡਾ-ਬਰਦਾਰ ਸਨ। ਇਨ੍ਹਾਂ ਦੀ ਹੱਤਿਆ ਪਿੱਛੇ ਹਿੰਦੂਤਵੀ ਤਾਕਤਾਂ ਤਾਂ ਸਨ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਮੰਤਰੀ-ਮੰਡਲ ਮੂਕ ਦਰਸ਼ਕ ਬਣਿਆ ਰਿਹਾ। ਸਥਿਤੀ ਨੂੰ ਵਾਚਣ ਵਾਲੇ ਲੋਕ ਇਸ ਨਤੀਜੇ ਤੇ ਪਹੁੰਚੇ ਕਿ ਇਨ੍ਹਾਂ ਕਤਲਾਂ ਪਿੱਛੇ ਸਰਕਾਰੀ ਸ਼ਹਿ ਅਤੇ ਸਰਕਾਰ ਦੀ ਹਮਦਰਦੀ ਮਕਤੂਲਾਂ ਨਾਲ ਹੋਣ ਦੀ ਬਜਾਇ ਕਾਤਲਾਂ ਨਾਲ ਸੀ। ਇਹ ਸਰਕਾਰੀ ਵਰਤਾਰਾ ਨਿੰਦਣਯੋਗ ਅਤੇ ਦੁਖਦਾਈ ਹੈ।

ਦੂਜੀ ਵੱਡੀ ਘਟਨਾ ਦਾਦਰੀ ਲਾਗੇ ਵਾਪਰੀ ਜਿਸ ਵਿਚ ਇਕ ਮੁਸਲਮਾਨ ਪਰਿਵਾਰ ਉੱਪਰ ਹਿੰਦੂ ਕੱਟੜਪੰਥੀਆਂ ਨੇ ਇਸ ਲਈ ਕਾਤਲਾਨਾ ਹਮਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਇਹ ਸ਼ੱਕ ਪੈ ਗਿਆ ਸੀ ਕਿ ਮੁਸਲਮਾਨ ਪਰਿਵਾਰ ਦੇ ਚੁੱਲ੍ਹੇ ਉੱਪਰ ਗਊ ਮਾਸ ਪਕਾਇਆ ਜਾ ਰਿਹਾ ਹੈ। ਮੰਦਰ ਦੇ ਲਾਊਡਸਪੀਕਰ ਤੋਂ ਐਲਾਨ ਕਰਕੇ ਹਜੂਮ ਹਮਲਾ ਕਰਨ ਲਈ ਤੁਰਿਆ ਅਤੇ ਵਹਿਸ਼ੀਆਨਾ ਵਾਰਦਾਤ ਸਰੰਜਾਮ ਕੀਤੀ। ਕਾਤਲਾਂ ਨੂੰ ਫੜਕੇ ਸੰਗੀਨ ਅਪਰਾਧ ਕਾਰਨ ਮੁਕੱਦਮਾ ਦਰਜ ਕਰਨ ਦੀ ਬਜਾਇ ਪੁਲਸ ਰਿੱਝਦੇ ਹੋਏ ਮਾਸ ਨੂੰ ਪਰਖਣ ਲਈ ਪ੍ਰਯੋਗਸ਼ਾਲਾਵਾਂ ਵਿਚ ਭੇਜਣ ਵਿਚ ਰੁੱਝ ਗਈ। ਅਰਥ ਇਹ ਹੋਇਆ ਕਿ ਜੇ ਵਾਕਈ ਹੀ ਮਾਸ ਗਾਂ ਦਾ ਹੋਇਆ ਤਾਂ ਇਹ ਕਤਲ ਜਾਇਜ਼ ਹਨ। ਇਨ੍ਹਾਂ ਦੋ ਘਟਨਾਵਾਂ ਨੇ ਭਾਰਤ ਨੂੰ ਹਿਲਾ ਦਿੱਤਾ।

ਸਰਕਾਰ ਦਾ ਅਜਿਹਾ ਫਿਰਕੂ ਰਵੱਈਆ ਦੇਖਦਿਆਂ ਹੋਇਆ ਨਾਮਵਰ ਲੇਖਕਾਂ ਨੇ ਆਪੋ ਆਪਣੇ ਪ੍ਰਾਪਤ ਕੀਤੇ ਮਾਨ-ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਨਾਮ ਵਾਪਸ ਕਰਨ ਵਾਲੇ ਮੋਢੀਆਂ ਵਿਚ ਸ਼੍ਰੀ ਉਦੈ ਪ੍ਰਕਾਸ਼, ਨਯਨਤਾਰਾ ਸਹਿਗਲ, ਅਸ਼ੋਕ ਵਾਜਪੇਈ, ਰਹਿਮਾਨ ਅੱਬਾਸ, ਸ਼ਸ਼ੀ ਦੇਸ਼ਪਾਂਡੇ, ਸੇਰਾ ਜੋਜ਼ਫ ਅਤੇ ਕੇ. ਸਚਿਦਾਨੰਦਨ ਹਨ। ਅਸੀਂ ਦਿਲਚਸਪੀ ਅਤੇ ਉਤੇਜਨਾ ਨਾਲ ਦੇਖ ਰਹੇ ਸਾਂ ਕਿ ਇਸ ਦਿਸ਼ਾ ਵਿਚ ਪੰਜਾਬ ਕੀ ਭੂਮਿਕਾ ਨਿਭਾਏਗਾ। ਸਭ ਤੋਂ ਪਹਿਲੀ ਖਬਰ ਮਿਲੀ ਕਿ ਉੱਘੇ ਕਹਾਣੀਕਾਰ, ਨਾਵਲਕਾਰ, ਵਾਰਤਾਕਾਰ ਅਤੇ ਸੰਪਾਦਕ-ਪੱਤਰਕਾਰ ਸਰਦਾਰ ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਦਾ ਨਾਮਵਰ ਪੁਰਸਕਾਰ ਰੋਸ ਵਜੋਂ ਵਾਪਸ ਕਰ ਦਿੱਤਾ। ਉਨ੍ਹਾਂ ਪਿੱਛੋਂ ਡਾ ਦਲੀਪ ਕੌਰ ਟਿਵਾਣਾ, ਸ਼੍ਰੀ ਅਜਮੇਰ ਔਲਖ, ਵਰਿਆਮ ਸੰਧੂ, ਆਤਮਜੀਤ ਅਤੇ ਮੇਘਰਾਜ ਮਿੱਤਰ ਨੇ ਆਪੋ ਆਪਣੇ ਸਨਮਾਨ ਵਾਪਸ ਕੀਤੇ। ਇਨ੍ਹਾਂ ਪਿੱਛੋਂ ਸ਼੍ਰੀ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਗਜ਼ਲਗੋ ਜਸਵਿੰਦਰ ਅਤੇ ਦਰਸ਼ਨ ਬੁੱਟਰ ਨੇ ਆਪਣੇ ਸਨਮਾਨ ਚਿੰਨ੍ਹ ਤਿਆਗ ਦਿੱਤੇ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਇਸ ਲੜੀ ਵਿਚ ਕਨੜ ਭਾਸ਼ਾ ਦੇ ਸੱਤ ਲੇਖਕ ਪਹਿਲੋਂ ਹੀ ਸਰਕਾਰੀ ਸਨਮਾਨ ਵਾਪਸ ਕਰ ਚੁੱਕੇ ਹਨ।

ਸੰਗੀਨ ਦੁਖਦਾਈ ਘੜੀ ਵਿਚ ਪੰਜਾਬੀਆਂ ਵਲੋਂ ਦਿਖਾਇਆ ਤਿਆਗ ਹਿੰਦੁਸਤਾਨ ਦੀ ਰਹਿਨੁਮਾਈ ਕਰੇਗਾ ਕਿਉਂਕਿ ਪੰਜਾਬੀ ਸਾਹਿਤਕਾਰਾਂ ਨੇ ਗੈਰ ਪੰਜਾਬੀ ਹਿਤਾਂ ਦੀ ਰੱਖਿਆ ਵਾਸਤੇ ਆਪੋ ਆਪਣੇ ਸਨਮਾਨ ਚਿੰਨ੍ਹ ਵਾਪਸ ਕਰ ਦਿੱਤੇ। ਇਸ ਮੌਕੇ ਤੇ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਟ੍ਰਿਬਿਊਨਜ਼ ਨੇ ਇਸ ਪ੍ਰਸੰਗ ਵਿਚ ਤਾਕਤਵਰ ਸੰਪਾਦਕੀ ਲਿਖੇ। ਸ਼੍ਰੀ ਹਰੀਸ਼ ਹਰੇ ਨੇ ਦੁਖਿਆਰਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮਾਰਟਿਨ ਨਿਮੋਲਰ ਦੀਆਂ ਪੰਕਤੀਆਂ ਦੁਹਰਾਈਆਂ ਜਿਹੜੀਆਂ ਉਸਨੇ ਜਰਮਨ ਫਾਸ਼ੀਵਾਦ ਵਿਰੁੱਧ ਲਿਖੀਆਂ ਸਨ-

ਪਹਿਲਾਂ ਉਹ ਸੋਸ਼ਲਿਸਟਾਂ ਨੂੰ ਫੁੰਡਣ ਆਏ, ਮੈਂ ਖਾਮੋਸ਼ ਰਿਹਾ, ਕਿਉਂਕਿ ਮੈ ਸੋਸ਼ਲਿਸਟ ਨਹੀਂ ਸਾਂ।

ਫਿਰ ਉਹ ਮਜਦੂਰ ਆਗੂਆਂ ਨੂੰ ਫੁੰਡਣ ਆਏ, ਮੈਂ ਚੁੱਪ ਰਿਹਾ, ਮੈਂ ਕਿਹੜਾ ਮਜਦੂਰ ਆਗੂ ਸਾਂ।

ਫਿਰ ਉਹ ਯਹੂਦੀਆਂ ਨੂੰ ਫੁੰਡਣ ਆਏ, ਮੈਂ ਦੇਖਦਾ ਰਿਹਾ, ਕਿਉਂਕਿ ਮੈਂ ਕਿਹੜਾ ਯਹੂਦੀ ਸਾਂ।

ਫਿਰ ਉਹ ਮੇਰੇ ਉੱਪਰ ਹਮਲਾ ਕਰਨ ਆਏ, ਮੈਂ ਇੱਕਲਾ ਰਹਿ ਗਿਆ, ਕੋਈ ਮੇਰੇ ਹੱਕ ਵਿਚ ਨਾ ਨਿੱਤਰਿਆ।

ਕੁੱਝ ਕੁ ਮੁੱਠੀ ਭਰ ਤਮਾਸ਼ਬੀਨਾਂ ਨੇ ਸਨਮਾਨ ਤਿਆਗਣ ਵਾਲਿਆਂ ਦੀ ਇਹ ਕਹਿਕੇ ਖਿੱਲੀ ਉਡਾਈ ਕਿ ਇਨ੍ਹਾਂ ਨੇ ਕਾਗਜ਼ਾਂ ਦੇ ਸਰਟੀਫਿਕੇਟ ਵਾਪਸ ਕਰ ਦਿੱਤੇ ਪਰ ਸਰਕਾਰ ਵਲੋਂ ਪ੍ਰਾਪਤ ਧਨ ਰਾਸ਼ੀ ਨਹੀਂ ਮੋੜੀ। ਇਲਜ਼ਾਮ-ਤਰਾਸ਼ੀ ਕਰਨ ਵਾਲਿਆਂ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਇਨ੍ਹਾਂ ਸਾਰੇ ਲੇਖਕਾਂ ਨੇ ਰੋਸ ਵਜੋਂ ਸਰਕਾਰ ਨੂੰ ਲਿਖੇ ਪੱਤਰਾਂ ਨਾਲ ਸਨਮਾਨ ਰਾਸ਼ੀ ਦੇ ਚੈੱਕ ਨੱਥੀ ਕੀਤੇ ਸਨ। ਮੈਨੂੰ ਸੱਠਵਿਆਂ ਵਿਚ ਸੋਵੀਅਤ ਰੂਸ ਅੰਦਰ ਵਾਪਰੀ ਘਟਨਾ ਯਾਦ ਆਈ। ਨੋਬਲ ਇਨਾਮ ਜੇਤੂ ਨਾਵਲਕਾਰ ਸਿਕੰਦਰ ਸੋਲਜ਼ੇਨਿਤਸਨ ਨੂੰ ਸੋਵੀਅਤ ਲੇਖਕ ਸੰਘ ਨੇ ਇਸ ਕਰਕੇ ਛੇਕ ਦਿੱਤਾ ਸੀ ਕਿਉਂਕਿ ਉਹ ਕਮਿਊਨਿਸਟ ਨਹੀਂ ਸੀ। ਸੋਵੀਅਤ ਲੇਖਕ ਸੰਘ ਵਿੱਚੋਂ ਕੱਢੇ ਜਾਣ ਦਾ ਅਰਥ ਭੁੱਖਮਰੀ ਦੀ ਮੌਤ ਮਰਨਾ ਸੀ। ਸੋਲਜ਼ੇਨਿਤਸਨ ਇਸ ਕਰਕੇ ਬਚਿਆ ਰਿਹਾ ਕਿਉਂਕਿ ਉਸਦੀਆਂ ਲਿਖਤਾਂ ਪੱਛਮ ਵਿਚ ਧੜਾਧੜ ਛਪਣ ਲੱਗੀਆਂ। ਹੁਣ ਉਸ ਉੱਪਰ ਕਮਿਊਨਿਸਟਾਂ ਨੇ ਇਹ ਇਲਜ਼ਾਮ ਲਾਇਆ ਕਿ ਸੋਲਜ਼ੇਨਿਤਸਨ ਪੱਛਮ ਪਾਸ ਵਿਕ ਗਿਆ ਹੈ। ਇਹ ਇਲਜ਼ਾਮ ਪੜ੍ਹਕੇ ਸੋਲਜ਼ੇਨਿਤਸਨ ਨੇ ਐਲਾਨ ਕਰ ਦਿੱਤਾ ਕਿ ਉਹ ਪੱਛਮੀ ਪ੍ਰੈੱਸ ਤੋਂ ਭਵਿੱਖ ਵਿਚ ਰਾਇਲਟੀ ਦੇ ਪੈਸੇ ਨਹੀਂ ਲਵੇਗਾ। ਇਸ ਬਾਅਦ ਅਲੋਚਕਾਂ ਨੇ ਕਿਹਾ- ਸੋਲਜ਼ੇਨਿਤਸਨ ਹੁਣ ਪੈਸੇ ਨਾਲ ਪੱਛਮ ਦੀ ਮਦਦ ਕਰ ਰਿਹਾ ਹੈ। ਜਦੋਂ ਉਸਨੂੰ ਜਲਾਵਤਨ ਕਰ ਦਿੱਤਾ ਤਾਂ ਅਮਰੀਕਾ ਤੋਂ ਉਸਨੇ ਸੋਵੀਅਤ ਸਰਕਾਰ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਜਿਸ ਵਿਚ ਇਕ ਵਾਕ ਇਹ ਸੀ, “ਤੁਸੀਂ ਆਪਣੇ ਦੇਸ ਦੇ ਦੁਆਲੇ ਲੋਹੇ ਦੀਆਂ ਉੱਚੀਆਂ ਕੰਧਾਂ ਉਸਾਰ ਰੱਖੀਆਂ ਹਨ, ਇਨ੍ਹਾਂ ਕੰਧਾਂ ਨੂੰ ਢਾਹੋਗੇ ਤਾਂ ਦੇਖੋਗੇ ਕਿ ਬਾਹਰ ਤਾਂ ਕਦੋਂ ਦਾ ਸੂਰਜ ਚੜ੍ਹ ਚੁੱਕਿਆ ਹੈ।”

ਪੰਜਾਬ ਦੇ ਲੇਖਕਾਂ ਨੇ ਇਸ ਮੌਕੇ ਸਾਰੀਆਂ ਹੱਦਬੰਦੀਆਂ ਤੋਂ ਉੱਪਰ ਉੱਠਦਿਆਂ ਜਿਵੇਂ ਭਾਰਤੀ ਮਜ਼ਲੂਮਾਂ ਦੇ ਹੱਕ ਵਿਚ ਆਪਣੇ ਸਨਮਾਨ ਤਿਆਗੇ ਹਨ ਉਸ ਨਾਲ ਸਾਰੇ ਸੰਸਾਰ ਵਿਚ ਪੰਜਾਬ ਦਾ ਮਰਾਤਬਾ ਬੁਲੰਦ ਹੋਇਆ ਹੈ। ਦਿਲਚਸਪ ਤੱਥ ਇਹ ਹੈ ਕਿ ਸਨਮਾਨ ਵਾਪਸ ਕਰਨ ਵਾਲੇ ਲਗਭਗ ਸਾਰੇ ਪੰਜਾਬੀ ਖੱਬੇ ਪੱਖੀ ਵਿਚਾਰਧਾਰਾ ਦੇ ਸਮਰਥਕ ਲੇਖਕ ਹਨ। ਇਨ੍ਹਾਂ ਨੇ ਜੋ ਫੈਸਲਾ ਇਸ ਦੁਖਦਾਈ ਘੜੀ ਵਿਚ ਲਿਆ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਯਾਦ ਕਰਵਾ ਦਿੰਦਾ ਹੈ ਜਿਨ੍ਹਾਂ ਨੇ ਉਸ ਤਿਲਕ ਜੰਜੂ ਦੀ ਸਲਾਮਤੀ ਵਾਸਤੇ ਜਾਨ ਦੇ ਦਿੱਤੀ ਸੀ ਜਿਸ ਤਿਲਕ ਜੰਜੂ ਨੂੰ ਧਾਰਨ ਕਰਨ ਤੋਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ।

ਵਿਦਰੋਹੀ ਪੰਜਾਬੀ ਸਾਹਿਤਕਾਰਾਂ ਦਾ ਫੈਸਲਾ ਮਨੁੱਖਤਾ ਦਾ ਸਿਰ ਉੱਚਾ ਕਰਦਾ ਹੈ। ਇਨ੍ਹਾਂ ਲੇਖਕਾਂ ਦੇ ਤਿਆਗਮਈ ਫੈਸਲੇ ਅੱਗੇ ਸਾਡਾ ਸਲਾਮ।

*****

(132)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author