“ਹਰਿਭਜਨ ਸਿੰਘ ਚੁਰਾਸੀ ਦੀ ਤ੍ਰਾਸਦੀ ਰੂਪੀ ਅੱਗ ਦੇ ਬਿਲਕੁਲ ਵਿਚਕਾਰੋਂ ਹੋ ਕੇ ...”
(14 ਅਕਤੂਬਰ 2018)
ਅਮਰਜੀਤ ਚੰਦਨ ਨੇ ਹਰਿਭਜਨ ਸਿੰਘ ਦੀਆਂ ਅਠਤਾਲੀ ਕਵਿਤਾਵਾਂ ਅਤੇ ਤਿੰਨ ਲੇਖ ਜੋੜ ਕੇ ਇੱਕ ਅਜਿਹਾ ਸਾਹਿਤਕ ਅਤੇ ਇਤਿਹਾਸਕ ਦਸਤਾਵੇਜ਼ ਤਿਆਰ ਕੀਤਾ ਹੈ ਜਿਸਦੀ ਤਾਂਘ ਪੰਜਾਬੀਆਂ ਨੂੰ ਲੰਮੇ ਸਮੇਂ ਤੋਂ ਸੀ, ਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੋਂ, ਕਦੋਂ ਅਤੇ ਕਿਵੇਂ ਆਵੇਗਾ। ਇਹ ਦਸਤਾਵੇਜ਼ 1984 ਦੀ ਤ੍ਰਾਸਦੀ ਉੱਪਰ ਕੇਂਦਰਿਤ ਹੈ ਅਤੇ ਇਸ ਦਾ ਨਾਂ/ ਸਿਰਲੇਖ ਵੀ ‘ਉੱਨੀ ਸੌ ਚੁਰਾਸੀ’ ਹੈ। ਪੁਸਤਕ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਇਹ ਦਸਤਾਵੇਜ਼ ਅੱਸੀਵਿਆਂ ਦੇ ਪੰਜਾਬ ਦੀ ਭਿਆਨਕ ਤ੍ਰਾਸਦੀ ਨਾਲ ਸਨਮੁੱਖ ਹੋਣ ਦੀ ਹਰਿਭਜਨ ਸਿੰਘ ਦੀ ਵਿਚਾਰਕ ਤੇ ਕਾਵਿਕ ਪੱਧਰ ਉੱਪਰ ਇਕ ਸੂਖਮ ਕੋਸ਼ਿਸ਼ ਹੈ ਜਿਸ ਵਿੱਚ ਉਹ ਬਗ਼ੈਰ ਕੋਈ ਪੱਖ ਪੂਰੇ, ਨਿਰਭੈ ਹੋ ਕੇ ਅਪਣੇ ਹਾਸਿਲ ਸੱਚ ਉੱਪਰ ਖੜ੍ਹਾ ਨਜ਼ਰ ਆਉਂਦਾ ਹੈ। ਆਪੇ ਨੂੰ ਫਰੋਲਦਾ ਵੀ ਉਹ ਸੱਚ ਦੀ ਥਾਂ ਤੋਂ ਅੱਗੇ-ਪਿੱਛੇ ਨਹੀਂ ਹੁੰਦਾ।
ਸੰਪਾਦਕ ਵਜੋਂ ਪੁਸਤਕ ਦਾ ਪਰਿਚੈ ਕਰਵਾਉਂਦਾ ਚੰਦਨ ਲਿਖਦਾ ਹੈ ਕਿ ਉਸ ਨੂੰ ਇਹ ਅਫ਼ਸੋਸ ਹੈ ਕਿ ਸੰਨ ਸੰਤਾਲੀ ਅਤੇ ਸੰਨ ਚੁਰਾਸੀ ਦੇ ਕੋਈ ਲੋਕ-ਗੀਤ ਨਹੀਂ ਬਣੇ। ਕਿਸੇ ਘਟਨਾ ਨੂੰ ਲੋਕ-ਗੀਤਾਂ ਵਿਚ ਸਮਾਹਿਤ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਗਹਿਰੇ ਅਤੇ ਬਹੁ-ਪੱਖੀ ਪਾਸਾਰ ਨੂੰ ਵਿਅਕਤੀ ਅਤੇ ਸਮਾਜ ਆਤਮਸਾਤ ਕਰਨ। ਚੰਦਨ ਦਾ ਇਹ ਸੰਪਾਦਕੀ ਉਪਰਾਲਾ, ਹਰਿਭਜਨ ਸਿੰਘ ਦੇ ਜ਼ਹਿਨੀ ਸਫ਼ਰ ਵਿਚ ਸ਼ਮੂਲੀਅਤ ਰਾਹੀਂ, ਪਾਠਕਾਂ ਲਈ ਅਜਿਹੇ ਹੀ ਆਤਮਸਾਤ ਦਾ ਇਕਰਾਰ ਲੈ ਕੇ ਆਇਆ ਲੱਗਦਾ ਹੈ। ਮੰਨਣਾ ਬਣਦਾ ਹੈ ਕਿ ਅਸੀਂ ਪੰਜਾਬੀ ਆਪਣੇ ਆਪੇ ਨੂੰ, ਤਸੱਵਰ ਅਤੇ ਚਿੰਤਨ ਦੇ ਪੱਧਰ ਉੱਪਰ, ਆਪਣੀਆਂ ਤ੍ਰਾਸਦੀਆਂ ਦੀ ਅੱਗ ਵਿਚ ਪੂਰੀ ਤਰ੍ਹਾਂ ਬਾਲਣ ਅਤੇ ਰੁਸ਼ਨਾਉਣ ਤੋਂ ਹਿਚਕਚਾਉਂਦੇ ਰਹੇ ਹਾਂ। ਹਰਿਭਜਨ ਸਿੰਘ ਚੁਰਾਸੀ ਦੀ ਤ੍ਰਾਸਦੀ ਰੂਪੀ ਅੱਗ ਦੇ ਬਿਲਕੁਲ ਵਿਚਕਾਰੋਂ ਹੋ ਕੇ ਗੁਜ਼ਰਦਾ ਹੈ। ਇਸ ਯਾਤਰਾ ਵਿਚ ਉਸਦੀ ਅੰਤਰ-ਯਾਤਰਾ ਵੀ ਸ਼ਾਮਿਲ ਹੈ, ਜਿਸ ਵਿੱਚ ਉਹ ਆਪਣੇ ਸੱਚ ਦੇ ਸਨਮੁੱਖ ਹੋਣ ਅਤੇ ਉਸ ਨੂੰ ਕਹਿਣ ਅਤੇ ਪ੍ਰਕਾਸ਼ਿਤ ਕਰਨ ਦਾ ਅਸਾਧਾਰਣ ਹੌਸਲਾ ਕਰਦਾ ਹੈ।
ਚੰਦਨ ਦੇ ਵਿਲੱਖਣ ਲੇਖਨ ਪਿੱਛੇ ਉਸਦਾ ਵਿਸ਼ਾਲ ਸਭਿਆਚਾਰਕ ਬਿੰਬ-ਚੇਤਨ (cultural imaginary) ਹੈ। ਉਸਦੀ ਸ਼ਬਦ-ਚੋਣ, ਸ਼ਬਦ ਅਤੇ ਵਾਕ ਵਿਉਂਤ ਦੇ ਪਿੱਛੇ ਨਿਰੰਤਰ ਫੈਲ ਰਿਹਾ ਅਤੇ ਡੂੰਘਾ ਹੋ ਰਿਹਾ ਇਹ ਬਿੰਬ-ਚੇਤਨ ਹੀ ਹੈ। ਉਸਦੇ ਅੰਦਾਜ਼ੇ-ਬਿਆਨ ਦੀ ਸਾਦਗੀ, ਸਪਸ਼ਟਤਾ, ਸੁਹੱਪਣ ਅਤੇ ਪਾਕੀਜ਼ਗੀ ਦੀਆਂ ਜੜ੍ਹਾਂ ਇੱਥੇ ਹਨ, ਕਿਸੇ ਸਤਹੀ ਚਮਕ-ਦਮਕ ਦੇ ਬਾਜ਼ਾਰ ਵਿੱਚ ਨਹੀਂ। ਇਸੇ ਰਾਹੀਂ ਉਹ ਭਾਸ਼ਾ ਅਤੇ ਵਿਚਾਰ ਦੇ ਅੰਤਰ ਸੰਵਾਦ ਨਾਲ ਸੱਭਿਆਚਾਰਕ ਇਤਿਹਾਸ ਨੂੰ ਰੌਸ਼ਨ ਕਰਦਾ ਹੈ। ਉਸਦਾ ਲਿਖਿਆ ‘ਸਿਆਣ’(ਪਰਿਚੈ) ਗਹਿਰੀ ਉਦਾਸੀ ਵਿਚ ਭਿੱਜਿਆ ਪਿਆ ਹੈ। ਕਿਤੇ-ਕਿਤੇ ਕ੍ਰੋਧ ਦਾ ਚੰਗਿਆੜਾ ਮੱਚਦਾ ਹੈ। ਕਈ ਥਾਵੇਂ ਫ਼ੈਲਸੂਫ਼ੀ ਚਿੰਤਨ ਸ਼ਬਦ-ਧਿਆਨ ਰਾਹੀਂ ਬੋਧ ਦੇ ਚਾਨਣ ਵਾਂਗ ਚਮਕਦਾ ਹੈ। ਸੰਪਾਦਕ ਦੇ ਹਿੱਸੇ ਦਾ ਕੀ ਹੈ, ਨੂੰ ਸਮਝਦਾ ਚੰਦਨ ਤੁਹਾਨੂੰ ਹਰਿਭਜਨ ਸਿੰਘ ਦੀ ਸੰਗਤ ਵਿੱਚ ਬਿਠਾ ਕੇ ਚੁੱਪ-ਚੁਪੀਤੇ ਉੱਠ ਕੇ ਚਲਾ ਜਾਂਦਾ ਹੈ। ਜਾਂਦੇ ਜਾਂਦੇ ਤੁਹਾਡੇ ਕੰਨਾਂ ਵਿਚ ਪੰਜਾਬ ਦੀ ਅਮਰ ਅਸਮਿਤਾ ਦਾ ਮੰਤਰ ਉਚਰ ਜਾਂਦਾ ਹੈ, “ਨਾਨਕਤਾ ਹੀ ਪੰਜਾਬੀਅਤ ਹੈ।” ਪੰਜਾਬੀ ਸੱਭਿਆਚਾਰ ਦੀ ਮੁਕੱਦਸ ਰੂਹ ਦੀ ਇਸ ਤੋਂ ਸੋਹਣੀ ਪਰਿਭਾਸ਼ਾ ਹੋਰ ਕੀ ਹੋ ਸਕਦੀ ਹੈ? ਇਹੀ ਹਰਿਭਜਨ ਸਿੰਘ ਦੇ ਇਸ ਦਸਤਾਵੇਜ਼ ਦੀ ਇੱਕੋ-ਇੱਕ ਕੁੰਜੀ ਹੈ।
ਜ਼ਾਹਿਰ ਹੈ ਕਿ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਤਿੰਨੋਂ ਲੇਖਾਂ ਦੀ ਚੋਣ ਕਵਿਤਾਵਾਂ ਵਿਚ ਮੁਖਰਿਤ ਹਰਿਭਜਨ ਸਿੰਘ ਦੀ ਯਾਤਨਾ-ਯਾਤਰਾ ਨੂੰ ਪ੍ਰਸੰਗ ਵਿੱਚ ਰੱਖਣ ਦੇ ਇਰਾਦੇ ਨਾਲ ਕੀਤੀ ਗਈ ਹੈ। ਪਹਿਲੇ ਲੇਖ ‘ਜੜ੍ਹਾਂ ਵਾਲਾ ਫੋੜਾ’ ਵਿਚ ਹਰਿਭਜਨ ਸਿੰਘ ਹਿੰਦੀ ਦੇ ਉੱਘੇ ਕਵੀ ਕੇਦਾਰਨਾਥ ਸਿੰਘ ਦੀ ਇਕ ਕਵਿਤਾ ਨੂੰ ਯਾਦ ਕਰਦਾ, ਅਕਾਲ ਤਖ਼ਤ ਨੂੰ ਧਿਆਉਂਦਾ, ਉਸ ‘ਟੁੱਟਣ’ ਨੂੰ ਉਘਾੜਦਾ ਹੈ ਜੋ ਚੇਤਨਾ ਦੀਆਂ ਅਚੇਤਨ ਜੜ੍ਹਾਂ ਅੰਦਰ ਜਾ ਵਸਿਆ ਹੈ। ਇਸ ਨੇ ਇਕ ਨਾਸੂਰ ਦੀ ਸ਼ਕਲ ਲੈ ਲਈ ਹੈ। ਪਰ ਹਰਿਭਜਨ ਸਿੰਘ ਹੋਰ ਪਿੱਛੇ ਅਤੇ ਡੂੰਘੇ ਦੇਖਦਾ ਹੈ, ਅਤੇ ਆਖਦਾ ਹੈ, “ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ ਸਾਡੇ ਅੰਤਰਮਨ ਵਿਚ ਜੜ੍ਹਾਂ ਵਾਲੇ ਫੋੜੇ ਦੇ ਬੀਜ ਬੀਜੇ ਜਾ ਰਹੇ ਸਨ।” ਬੀਤੇ ਸਮੇਂ ਦਾ ਸੱਭਿਆਚਾਰਕ ਮਨੋ-ਵਿਸ਼ਲੇਸ਼ਣ ਕਰਦਾ ਉਹ ‘ਸੱਭਿਆਚਾਰਕ ਵਰਜਨਾਵਾਂ’ ਦੀ ਗੱਲ ਕਰਦਾ ਹੈ ਅਤੇ ਫਿਰ ਇਸ ਸਿੱਟੇ ਉੱਪਰ ਪਹੁੰਚਦਾ ਹੈ ਕਿ ਜਦੋਂ ਉਹਨਾਂ ਵਰਜਨਾਵਾਂ ਦਾ ਉਲੰਘਣ ਕੀਤਾ ਜਾਂਦਾ ਹੈ, ਉਦੋਂ ‘ਕਵਿਤਾ ਬੇਇਖਤਿਆਰ ਹੋ ਕੇ ਆਪਣਾ ਰੁਦਨਮਈ ਸਵਰ/ਸੁਰ ਅਲਾਪਦੀ ਹੈ।’ ਇਸ ਤਰ੍ਹਾਂ ਹਰਿਭਜਨ ਸਿੰਘ ਸੱਭਿਆਚਾਰਕ ਤ੍ਰਾਸਦੀ ਵਿੱਚੋਂ ਜੰਮਦੀ ਆਪਣੀ ਖੁਦ-ਮੁਖਤਿਆਰ ਕਵਿਤਾ ਦੀ ਗਵਾਹੀ ਭਰਦਾ ਹੈ। ਉਹ ਲਿਖਦਾ ਹੈ, “ਪੁਲਿਸ ਅਫਸਰ ਅਟਵਾਲ ਦੀ ਹੱਤਿਆ ਮੇਰੇ ਜ਼ਿਹਨ ਵਿੱਚ ਗਰਮ ਸਲਾਖਾਂ ਨਾਲ ਉੱਕਰੀ ਪਈ ਹੈ। ਇਹ ਗੁਰਮਤਿ ਧਾਰਾ ਦਾ ਹੀ ਨਹੀਂ, ਸਗਲ ਸੰਸਾਰ ਦੀ ਸੰਪੂਰਨ ਧਾਰਮਿਕ ਮਰਿਆਦਾ ਦਾ ਉਲੰਘਣ ਹੈ।” ਸੰਬੰਧਿਤ ਕਵਿਤਾ ਦੀਆਂ ਆਖਰੀ ਸਤਰਾਂ ਇਸ ਤਰ੍ਹਾਂ ਹਨ:
ਇਹ ਅਣਹੋਈ ਤੈਂ ਦਰ ਹੋਈ
ਧਰਮ ਕੁਧਰਮ ਨਿਤਾਰੋ
ਤੇਰੀ ਡਿਉੜੀ ਦਾਗ ਪਿਆ ਹੈ
ਕਿਰਪਾ ਸਹਿਤ ਉਤਾਰੋ
ਨਿਰਭੈ ਹੋ ਵਿਚਰਦੀ ਹਰਿਭਜਨ ਸਿੰਘ ਦੀ ਖੁਦ-ਮੁਖਤਿਆਰ ਕਵਿਤਾ ਬਾਰ-ਬਾਰ ਉਸਦੀ ਜ਼ਹਿਨੀ ਈਮਾਨਦਾਰੀ ਅਤੇ ਇਖ਼ਲਾਕੀ ਹੌਂਸਲੇ ਦਾ ਸਬੂਤ ਬਣਦੀ ਹੈ। ‘ਫੌਜਾਂ ਕੌਣ ਦੇਸ਼ ਤੋਂ ਆਈਆਂ,’ ‘ਜੈ ਜੈ ਮਾਤਾ ਜੈ ਮਤਰੇਈ’ ਅਤੇ ‘ਰਾਣੀਏ ਕਿੱਕਰ ਨੂੰ ਕਹੁ ਕਾਂ ਉਡਾਵੇ’ ਅਜਿਹੀਆਂ ਤਿੰਨ ਹੋਰ ਪ੍ਰਮੁੱਖ ਕਵਿਤਾਵਾਂ ਹਨ। ਅਜਿਹੀਆਂ ਕਵਿਤਾਵਾਂ ਆਪਣੀ ਪ੍ਰਾਣ-ਸ਼ਕਤੀ, ਕਵੀ ਦੇ ਆਪਣੇ ਸ਼ਬਦਾਂ ਵਿਚ, ‘ਲੋਕ-ਵੇਦੀ’ ਸੋਮਿਆਂ ਤੋਂ ਪ੍ਰਾਪਤ ਕਰਦੀਆਂ ਹਨ। ਤਾਂ ਹੀ ਉਹ ਲੋਕ-ਮਨ ਵਿਚ ਗਹਿਰੇ ਉੱਤਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਅਜਿਹੀ ਕਵਿਤਾ ਹੀ ਲੋਕ-ਮਨ ਦੇ ਅਵਚੇਤਨ ਵਿਚ ਜਾ ਬੈਠੀ ਪੀੜ ਨੂੰ ਬਿਆਨ ਕਰ ਸਕਦੀ ਹੈ।
ਪੁਸਤਕ ਵਿਚਲੀ ਪਹਿਲੀ ਕਵਿਤਾ, ਵਾਸਤਵਿਕਤਾ ਦੇ ਧਰਾਤਲ ਉੱਪਰ ਵਾਪਰਦੀ ਇਕ ਖ਼ੌਫਨਾਕ ਫੈਂਟਸੀ ਜਾਪਦੀ ਹੈ। ਕਵੀਚੇਤਨਾ ਅਜਿਹੇ ਬਿੰਬ ਨੂੰ ਸਿਰਜਦੀ ਹੈ ਜੋ ਵਿਅਕਤ ਵਿਚ ਲੁਕੇ ਅਵਿਅਕਤ ਨੂੰ ਸਿਖਰ ਦੁਪਿਹਰ ਦੀ ਧੁੱਪ ਵਿੱਚ ਲਿਆ ਖੜ੍ਹਾ ਕਰਦਾ ਹੈ। ਇਹ ਅਸਲੋਂ ਅਜੀਬ (uncanny) ਬਿੰਬ ਚੇਤਨਾ ਦੇ ਪਰਿਚਿਤ ਅਤੇ ਅਵਿਚਾਰਤ ਖਿੱਤਿਆਂ ਨੂੰ ਕਲਪਨਾ ਅਤੇ ਸੋਚ ਦੀ ਅਗਨ-ਸੂਈ ਨਾਲ ਖਰੋਂਚਦਾ ਅਤੇ ਸਿਊਂਦਾ ਹੋਇਆ ਆਪਸ ਵਿਚ ਜੋੜਦਾ ਹੈ:
ਚੌੜੀ ਸੜਕ ’ਤੇ ਸਿਖ਼ਰ ਦੁਪਹਿਰੇ
ਕੋਈ ਧੜ ਤੁਰਿਆ ਜਾਂਦਾ ਹੈ
’ਕੱਲਾ ਡਿੱਕਮਡੋਲੇ ਖਾਂਦਾ
ਜਾਓ ਉਸਦਾ ਸਿਰ ਲਿਆਓ
ਯਾ ਫਿਰ ਉਸ ਦੀ ਉਂਗਲੀ ਫੜ ਕੇ
ਉਸ ਨੂੰ ਉਸ ਦੇ ਘਰ ਪਹੁੰਚਾਉ
ਇਹ ਉੱਨੀ ਸੌ ਚੁਰਾਸੀ ਵਿੱਚ ਰਾਜਧਾਨੀ ਵਿਚ ਸਾਕਾਰ ਹੋਏ ਨਰਕ-ਤੰਤਰ ਦਾ ਬਿੰਬ ਹੈ, ਜਿਸ ਵਿਚ ਭੈਅ, ਵਹਿਸ਼ੀਅਤ, ਬੇਦੋਸ਼ੀ ਅਤੇ ਕਰੁਣਾ ਦਾ ਅਜਿਹਾ ਮੇਲ ਹੈ ਜੋ ਸਿਰਫ ਕਵਿਤਾ ਵਿਚ ਹੀ ਮੁਮਕਿਨ ਹੁੰਦੀ ਹੈ। ਦੂਜਾ ਬਿੰਬ, ਜਿਸ ਨੂੰ ਸਿਰਜਣ ਲਈ ਕਵੀ ਨੂੰ ਖੁਦ ਤਸੱਵਰ ਰਾਹੀਂ ਹੀ ਸਹੀ ਪਰ ਨਰਕ ਭੋਗਣਾ ਪਿਆ, ਸਮੂਹਿਕ ਬਲਾਤਕਾਰ ਦੀ ਸ਼ਿਕਾਰ ਮਾਂ ਦਾ ਹੈ:
ਮੈਂ ਸ਼ਰਮ ਨਾਲ ਨਾ ਮਰ ਜਾਂ ਜਵਾਨ ਪੁੱਤ ਸਾਹਵੇਂ
ਕਈ ਨੰਗੇਜਾਂ ਮੇਰੇ ਇਕ ਨੰਗੇਜ ਨੂੰ ਢਕਿਆ
ਇਕ ਔਰਤ ਅਤੇ ਮਾਂ ਦੀ ਯਾਤਨਾ ਸਮਝਣ ਲਈ ਕਵੀ ਉਹ ਮਾਂ ਅਤੇ ਔਰਤ ਬਣਦਾ ਹੈ। ਉਸਦਾ ਇਹ ਸਵੈ-ਸਿਰਜਣ ਉਸ ਰਾਜ-ਤੰਤਰ ਉੱਪਰ ਲਾਹਣਤ ਪਾਉਂਦਾ ਹੈ ਜੋ ਲੋਕਤੰਤਰ ਦੇ ਦਾਅਵੇ ਕਰਦਾ ਹੈ ਪਰ ਮਨੁੱਖੀ ਸੰਵੇਦਨਾ ਤੋਂ ਪੂਰੀ ਤਰ੍ਹਾਂ ਹੀਣ ਹੈ। ਇਕ ਹੋਰ ਕਵਿਤਾ ਵਿਚ ਕਵੀ ਵਤਨਪ੍ਰਸਤੀ ਦੇ ਉੱਚ ਸੁਰ ਵਾਲੇ ਪਰ ਫੋਕੇ ਪ੍ਰਵਚਨ ਉੱਪਰ ਜ਼ਬਰਦਸਤ ਚੋਟ ਕਰਦਾ ਹੈ:
ਬੇਵਤਨ ਹੋ ਜਾਣ ਦਾ ਦੁੱਖ ਜੀ ਲਿਆ ਦੁੱਖ ਜਰ ਲਿਆ
ਬਦਵਤਨ ਹੋ ਜਾਣ ਦੀ ਬੋਲੀ ਕਿਸੇ ਮਾਰੀ ਨਾ ਸੀ
ਹਰਿਭਜਨ ਸਿੰਘ ਦੀ ਸ਼ਖ਼ਸੀਅਤ ਦੀ ਖਾਸ ਖ਼ੂਬਸੂਰਤੀ ਹੈ ਕਿ ਜਿੱਥੇ ਉਹ ਆਪਣੀ ਬੇਘਰੀ ਦੇ ਗ਼ਮ ਨੂੰ ਕਵਿਤਾ ਦੇ ਸੁਰਾਂ ਵਿਚ ਪਰੋਂਦਾ ਹੈ, ਉੱਥੇ ਹੀ ਉਹ ਕਿਸੇ ਵੀ ਇਨਸਾਨ ਦੀ ਬਰਬਾਦੀ, ਬੇਘਰੀ ਜਾਂ ਕਤਲ ਉੱਪਰ ਦਿਲੋਂ ਰੋਂਦਾ ਹੈ:
ਸਾਡੇ ਸ਼ਹਿਰ ਮੁਹੱਲੇ ਇਹ ਕੀ ਹੋਇਆ
ਆਪਣਾ ਸੀ ਜੋ ਵਾਂਗ ਪਰਾਇਆਂ ਮੋਇਆ
---
ਮੋਢਿਆਂ ਵਾਲੇ ਭਾਈ ਕਿੱਧਰ ਗਏ ਨੇ
ਸਾਨੂੰ ਸਿਵਿਆਂ ਤੀਕ ਕਿਸੇ ਨਾ ਢੋਇਆ
ਬੇਘਰੀ ਬੰਦੇ ਨੂੰ ਆਪਣੇ ਆਪ ਤੋਂ ਕਿੰਝ ਉਖਾੜ ਮਾਰਦੀ ਹੈ, ਇਸ ਦਾ ਬਿਆਨ ਉਹ ਇੰਝ ਕਰਦਾ ਹੈ:
ਆਦਮੀ ਸੀ ਯਾ ਉਹ ਕਿਰਾਏ ਦਾ ਮਕਾਨ
ਕਿਸ ਤਰ੍ਹਾਂ ਉਹ ਖੁਦ ਨੂੰ ਖਾਲੀ ਕਰ ਗਿਆ
ਆਪਣੇ ਦੁੱਖ ਨੂੰ ਸਵੈ-ਚਿੰਤਨ ਰਾਹੀਂ ਫਰੋਲਦਾ ਉਹ ਆਪਣੀ ਸਵੈ-ਪਛਾਣ ਨੂੰ ਢਹਿੰਦੀ ਅਤੇ ਮੁੜ ਉਸਰਦੀ ਦੇਖਦਾ ਹੈ, ਜਦੋਂ ਹਾਲਾਤ ਅੱਗੇ ਬੇਵੱਸ ਉਹ ਅਚੇਤਨ ਮਨ ਅੰਦਰ ਵਸਦੀ ਸਿੱਖ ਸਵੈ-ਪਛਾਣ ਨੂੰ ਸੁਚੇਤ ਮਨ ਵਿੱਚ ਲਿਆ ਸਥਾਪਿਤ ਕਰਦਾ ਹੈ। ਇੰਝ ਉਹ ਭਾਰੀ ਹਿਰਦੇ ਨਾਲ ਪਰ ਨਾਬਰੀ ਦੇ ਲਹਿਜ਼ੇ ਵਿਚ ਕਰਦਾ ਹੈ। ਇਸ ਤਰ੍ਹਾਂ ਉਹ ‘ਪਛਾਣ ਦੀ ਰਾਜਨੀਤੀ’ ਦੀਆਂ ਮਨੁੱਖਮਾਰੂ ਸੰਭਾਵਨਾਵਾਂ ਉੱਪਰ ਵੀ ਅਸਿੱਧਾ ਵਾਰ ਕਰਦਾ ਹੈ। ਇਸ ਤਮਾਮ ਵਰਤਾਰੇ ਤੋਂ ਉੱਪਰ ਉਹ ਸਤਿਗੁਰ ਦੀ ਅਨੰਤ ਕਰੁਣਾ ਦਾ ਧਿਆਨ ਕਰਦਾ ਹੋਇਆ, ਉਨ੍ਹਾਂ ਦੀ ਸ਼ੋਭਾ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:
ਸਤਿਗੁਰ ਇਹ ਕੀ ਕਲਾ ਵਿਖਾਈ
ਕੀ ਭਾਣਾ ਵਰਤਾਇਆ
ਮੈਂ ਕਾਫ਼ਰ ਦੀ ਸੋਧ ਲਈ
ਤੂੰ ਆਪਣਾ ਘਰ ਢਠਵਾਇਆ
ਕਵੀ ਦਾ ਆਪਣੇ ਕਸੂਰਵਾਰ ਹੋਣ ਦਾ ਅਹਿਸਾਸ ਅਤੇ ਸਤਿਗੁਰ ਪ੍ਰਤੀ ਉਸਦੀ ਸ਼ਰਧਾ ਵਿਚਕਾਰ ਅੰਤਰ-ਸੰਵਾਦ ਇਨ੍ਹਾਂ ਸਤਰਾਂ ਨੂੰ ਇਕ ਵਿਲੱਖਣ ਸਾਦਗੀ ਦਿੰਦਾ ਹੈ ਅਤੇ ਨਾਲ ਹੀ ਗਹਿਰਾਈ ਅਤੇ ਵਿਚਾਰਕ ਜਟਿਲਤਾ ਵੀ।
ਮੇਰੇ ਲਈ ਇਸ ਪੁਸਤਕ ਵਿਚਲੀ ਸਭ ਤੋਂ ਵੱਖ, ਅਲੌਕਿਕ ਪ੍ਰਕਾਸ਼ ਨਾਲ ਜਗਮਗਾਉਂਦੀ ਅਤੇ ਅਭੁੱਲ ਰਚਨਾ ਹੈ ‘ਰਾਤ ਪਈ ਤਾਂ ਸਤਿਗੁਰ ਬੈਠੇ ਇਕੋ ਇਕ ਦੀਵਾ ਬਾਲ ਕੇ।’ ਇਸ ਵਿਚ ਇੱਕ ਸਮੁੱਚਾ, ਸੁੱਚਾ ਜੀਵਨ ਦਰਸ਼ਨ ਹੈ, ਇਤਿਹਾਸਕ ਤ੍ਰਾਸਦੀ ਦਾ ਮਿਥਕ ਰੂਪਾਂਤਰਣ ਹੈ, ਜਾਗਰਤ ਅਵਸਥਾ ਵਿਚ ਦੇਖੇ ਸੁਫ਼ਨੇ ਦੀ ਸਪਸ਼ਟਤਾ ਹੈ ਅਤੇ ਗੁਰੂਆਂ ਦੇ ਚਾਨਣਮਈ ਅਤੇ ਅਮਰ ਵਿਰਸੇ ਦਾ ਅਜਿਹਾ ਕਾਵਿਕ ਬਿਆਨ ਹੈ ਜਿਸ ਤੋਂ ਬਿਨਾਂ ਮਨੁੱਖ ਦਾ ਭਵਿੱਖ ਹਨੇਰੇ ਵਿਚ ਡੁੱਬੀ ਪਸ਼ੁਤਾ ਤੋਂ ਇਲਾਵਾ ਕੁਝ ਵੀ ਨਹੀਂ:
ਰਾਤ ਪਈ ਤਾਂ ਸਤਿਗੁਰ ਬੈਠੇ ਇਕੋ ਦੀਵਾ ਬਾਲ ਕੇ
ਪਰਕਰਮਾਂ ’ਚੋਂ ਜ਼ਖ਼ਮ ਬੁਲਾ ਲਏ ਸੁੱਤੇ ਹੋਏ ਉਠਾਲ ਕੇ
--
ਨਾ ਕੋਈ ਵੈਰੀ ਨਾਹਿ ਬਿਗਾਨਾ ਹਰ ਇਕ ਲਾਜ ਦੇ ਰਾਖੇ ਹੋ
ਵੇਖੋ ਜਬਰੂ ਲੈ ਨਾ ਜਾਏ ਪਤਿ ਪਰਤੀਤ ਉਧਾਲ ਕੇ
--
ਦਰਦ ਰੌਸ਼ਨੀ ਇਕਮਿਕ ਹੋ ਕੇ ਦੁਨੀਆਂ ਦੇ ਵਿਚ ਫੈਲ ਗਏ
ਸਤਿਗੁਰ ਦੇ ਵਰੁਸਾਏ ਲੋਕੋ ਰੱਖਣਾ ਦਰਦ ਉਜਾਲ ਕੇ।
--
ਕਵੀ ਦੀ ਚੇਤਨਾ ਵਿਚ ਉੱਭਰਿਆ ਇਹ ਅਲੌਕਿਕ ਦ੍ਰਿਸ਼ ਸਾਕਾ ਨੀਲਾ ਤਾਰਾ ਤੋਂ ਬਾਅਦ ਸ਼੍ਰੀ ਹਰਿਮੰਦਿਰ ਸਾਹਿਬ ਦੀ ਪਰਕਰਮਾ ਦਾ ਹੈ। ਅਡੌਰਨੋ ਨੇ ਕਿਹਾ ਸੀ ਕਿ ਔਸ਼ਵਿਤਜ਼ ਜਿਹੀ ਤ੍ਰਾਸਦੀ ਤੋਂ ਬਾਅਦ ਸ਼ਾਇਦ ਕਵਿਤਾ ਨਹੀਂ ਲਿਖੀ ਜਾ ਸਕੇਗੀ। ਪ੍ਰੰਤੂ ਲੱਗਦਾ ਹੈ ਹਰਿਭਜਨ ਸਿੰਘ ਨੇ ਇਹ ਕਵਿਤਾ ਲਿਖ ਕੇ ਅਡੌਰਨੋ ਨੂੰ ਜੁਆਬ ਦਿੱਤਾ ਹੈ ਕਿ ਮਨੁੱਖਤਾ ਅਤੇ ਕਵਿਤਾ ਨੂੰ ਕੋਈ ਹਿੰਸਾ ਖ਼ਤਮ ਨਹੀਂ ਕਰ ਸਕਦੀ, ਬਸ਼ਰਤੇ ਕਿ ਸਾਡੀ ਨਜ਼ਰ ਸਾਫ਼, ਸੱਚੀ ਅਤੇ ਸੁੱਚੀ ਹੋਵੇ ਅਤੇ ਸਾਡੇ ਲਫ਼ਜ਼ਾਂ ਵਿਚ ਸੱਚ ਦੇ ਹਾਣ ਦੀ ਪਾਕੀਜ਼ਗੀ ਹੋਵੇ।
*****
(1343)