HarshinderKaur7ਮਨੁੱਖ ਨੇ ਸਦਾ ਹੀ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉੱਤੇ ਅਤਿ ਦੇ ਜ਼ੁਲਮ ਤੇ ਤਸ਼ੱਦਦ ਢਾਹੇ ਹਨ ...
(ਦਸੰਬਰ 8, 2015)

 

ਦੁਨੀਆਂ ਵਿਚ ਜਿੱਥੇ ਕਿਤੇ ਮਨੁੱਖ ਦਾ ਵਾਸ ਹੈ, ਉੱਥੇ ਉਸ ਨੇ ਧਰਮ ਅਤੇ ਰੱਬ ਦੀ ਸਿਰਜਨਾ ਕਰ ਲਈ ਹੈ, ਕਿਉਂਕਿ ਮੌਤ ਦਾ ਡਰ ਅਤੇ ਭਵਿੱਖ ਦੀ ਚਿੰਤਾ ਉਸ ਨੂੰ ਅਜਿਹਾ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ। ਧਰਮ ਦਾ ਨਸ਼ਾ ਅਫੀਮ ਵਾਂਗ ਦਿਮਾਗ਼ ਨੂੰ ਸੁੰਨ ਕਰ ਕੇ, ਸੋਚਣ ਸਮਝਣ ਦੀ ਤਾਕਤ ਖੋਹ ਕੇ, ਅਣਹੋਣੀਆਂ ਗੱਲਾਂ ਨੂੰ ਅੱਖਾਂ ਬੰਦ ਕਰ ਕੇ ਮੰਨਣ ਲਈ ਮਜਬੂਰ ਕਰ ਦਿੰਦਾ ਹੈ।

ਕੁੱਝ ਉਹ ਗੱਲਾਂ ਜੋ ਮਨੁੱਖ ਲੋਚਦਾ ਹੈ ਪਰ ਕਰ ਨਹੀਂ ਸਕਦਾ ਅਤੇ ਕੁੱਝ ਅਣਕਿਆਸੇ ਡਰਾਂ ਸਦਕਾ ਮਨੁੱਖ ਨੇ ਗ਼ੈਬੀ ਤਾਕਤਾਂ ਉਸਾਰ ਕੇ ਉਸ ਅੱਗੇ ਗੋਡੇ ਟੇਕ ਕੇ, ਮਨ ਨੂੰ ਡਰ ਮੁਕਤ ਕਰਨ ਅਤੇ ਆਪਣੀਆਂ ਇਛਾਵਾਂ ਨੂੰ ਬੂਰ ਪਾਉਣ ਦਾ ਜ਼ਰੀਆ ਬਣਾ ਲਿਆ ਹੈ।

ਜਾਨਵਰ, ਪੰਛੀ, ਕੀੜੇ ਮਕੌੜੇ, ਮੱਛੀਆਂ ਆਦਿ ਸਭ ਜਨਮ ਮਰਨ ਦਾ ਚੱਕਰ ਪੂਰਾ ਕਰਦੇ ਰਹਿੰਦੇ ਹਨ ਪਰ ਅੱਜ ਤਾਈਂ ਕਿਸੇ ਨੇ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉੱਤੇ ਵਾਰ ਨਹੀਂ ਕੀਤੇ।

ਮਨੁੱਖ ਨੇ ਸਦਾ ਹੀ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉੱਤੇ ਅਤਿ ਦੇ ਜ਼ੁਲਮ ਤੇ ਤਸ਼ੱਦਦ ਢਾਹੇ ਹਨ। ਜਦੋਂ ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿ ਦੇ ਵੱਖੋ-ਵੱਖ ਧਾਰਮਿਕ ਦੰਗੇ ਨਾ ਹੋ ਸਕਦੇ ਹੋਣ ਤਾਂ ਉੱਥੇ ਇੱਕੋ ਧਰਮ ਦੇ ਦੋ ਪਾੜ ਕਰਕੇ ਮਨ ਦਾ ਗੁੱਸਾ ਠੰਢਾ ਕਰਨ ਲਈ ਦੰਗੇ ਸ਼ੁਰੂ ਹੋ ਜਾਂਦੇ ਹਨ।

ਮਨੁੱਖ ਦੇ ਮੰਨ ਅੰਦਰਲਾ ਸ਼ੈਤਾਨ, ਹਿੰਸਾ ਨਾਲ ਕੁੱਝ ਸਮੇਂ ਲਈ ਸ਼ਾਂਤ ਹੋ ਜਾਂਦਾ ਹੈ। ਵੱਖੋ-ਵੱਖ ਕਾਰਣਾਂ ਕਰ ਕੇ ਜਮ੍ਹਾਂ ਹੋਇਆ ਗੁੱਸਾ ਅਤੇ ਅਣਕਿਆਸੇ ਡਰਾਂ ਦੀ ਭੜਾਸ ਨਿਕਲ ਜਾਣ ਦਾ ਜ਼ਰੀਆ ਜ਼ਿਆਦਾਤਰ ਦੂਜੇ ਮਨੁੱਖ ਨੂੰ ਵੱਧ ਤੋਂ ਵੱਧ ਭਿਆਨਕ ਤਰੀਕੇ ਕੁੱਟਮਾਰ ਜਾਂ ਕਤਲ ਕਰ ਕੇ ਨਿਕਲਦਾ ਹੈ। ਜਦੋਂ ਵੱਡੇ ਪੱਧਰ ਉੱਤੇ ਅਜਿਹਾ ਕਰਨਾ ਹੋਵੇ ਤਾਂ ਧਰਮ ਦੇ ਓਹਲੇ ਹੇਠ ਕਰਨਾ ਸੌਖਾ ਹੋ ਜਾਂਦਾ ਹੈ।

ਇਸੇ ਲਈ ਧਾਰਮਿਕ ਦੰਗੇ ਦੁਨੀਆਂ ਦੇ ਹਰ ਕੋਨੇ ਵਿਚ ਥੋੜ੍ਹੇ-ਬਹੁਤ ਹੁੰਦੇ ਰਹਿੰਦੇ ਹਨ। ਪੁਰਾਣੇ ਸਮਿਆਂ ਵਿਚ ਭੁੱਖਮਰੀ ਤੋਂ ਜਾਂ ਰਾਜਿਆਂ ਦੇ ਜ਼ੁਲਮਾਂ ਤੋਂ ਧਿਆਨ ਵੰਡਾਉਣ ਲਈ ਲੋਕਾਂ ਦੇ ਮਨਾਂ ਵਿਚ ਭਰੇ ਗੁੱਸੇ ਨੂੰ ਖਿੰਡਾਉਣ ਲਈ ਧਰਮ ਦੇ ਓਹਲੇ ਬਥੇਰੀ ਵਾਰ ਕਤਲੋਗਾਰਤ ਹੋ ਚੁੱਕੀ ਹੈ ਤੇ ਹਾਲੇ ਵੀ ਚੱਲ ਰਹੀ ਹੈ। ਜ਼ਿਆਦਾਤਰ ਅਜਿਹੇ ਜ਼ੁਲਮ ਨਿਹੱਥੇ ਬੰਦਿਆਂ ਉੱਤੇ ਕੀਤੇ ਜਾਂਦੇ ਹਨ ਤਾਂ ਜੋ ਬਚਾਓ ਪੱਖ ਕਮਜ਼ੋਰ ਰਹੇ ਅਤੇ ਮਨ ਦੀ ਭੜਾਸ ਵੱਧ ਤੋਂ ਵੱਧ ਤਸ਼ੱਦਦ ਕਰ ਕੇ ਠੰਢੀ ਕੀਤੀ ਜਾ ਸਕੇ। ਇਸੇ ਲਈ ਅਜਿਹੇ ਦੰਗਿਆਂ ਵਿਚ ਸਿਰਫ਼ ਨਿਹੱਥੇ ਬੰਦੇ ਹੀ ਨਹੀਂ ਬਲਕਿ ਔਰਤਾਂ ਤੇ ਬੱਚੇ ਵੀ ਜ਼ਰੂਰ ਸ਼ਿਕਾਰ ਬਣਾਏ ਜਾਂਦੇ ਹਨ ਕਿਉਂਕਿ ਉਹ ਕਮਜ਼ੋਰ ਹੁੰਦੇ ਹਨ ਅਤੇ ਵਿਰੋਧ ਕਰਨ ਦੀ ਤਾਕਤ ਨਾ ਬਰਾਬਰ ਹੋਣ ਕਾਰਣ ਵੱਧ ਤਸੀਹੇ ਝੱਲਦੇ ਹਨ।

ਇਕ ਇਹ ਪੱਖ ਵੀ ਹੈ ਕਿ ਔਰਤ ਨਾਲ ਇੱਜ਼ਤਜੋੜ ਕੇ ਦੂਜੇ ਧਰਮ ਦੇ ਬੰਦੇ ਨੂੰ ਵੱਧ ਜ਼ਲੀਲ ਕਰਨ ਅਤੇ ਮਾਨਸਿਕ ਤੌਰ ਉੱਤੇ ਖ਼ਤਮ ਕਰਨ ਲਈ ਵੀ ਔਰਤਾਂ ਨਾਲ ਧਾਰਮਿਕ ਸ਼ੁੱਧੀਜੋੜ ਕੇ ਨਾ ਸਿਰਫ਼ ਤਸੀਹੇ ਦਿੱਤੇ ਜਾਂਦੇ ਹਨ, ਬਲਕਿ ਬਲਾਤਕਾਰ ਕਰ ਕੇ ਜਾਂ ਧਰਮ ਤਬਦੀਲ ਕਰ ਕੇ ਰੱਬ ਕੋਲ ਆਪਣੇ ਨੰਬਰ ਜਮ੍ਹਾਂ ਕਰ ਕੇ ਸੁਰਗਾਂ ਅੰਦਰਲੀ ਹੂਰ ਪ੍ਰਾਪਤ ਕਰਨ ਦਾ ਜ਼ਰੀਆ ਮੰਨ ਲਿਆ ਗਿਆ ਹੈ।

ਇਤਿਹਾਸ ਵਿਚ ਹਮੇਸ਼ਾ ਤਾਕਤਵਰਾਂ ਨੇ ਹੀ ਘਟ ਗਿਣਤੀ ਨੂੰ ਸ਼ਿਕਾਰ ਬਣਾਇਆ ਹੈ ਅਤੇ ਉਹ ਵੀ ਧਰਮ ਦੇ ਆਧਾਰ ਉੱਤੇ। ਭਾਵੇਂ ਭਾਰਤ ਵਿਚ ਹਿੰਦੂ-ਮੁਸਲਮਾਨ ਜਾਂ ਹਿੰਦੂ-ਸਿੱਖ ਦੰਗੇ ਹੋਏ ਹੋਣ ਤੇ ਭਾਵੇਂ ਪਾਕਿਸਤਾਨ ਵਿਚ ਸ਼ੀਆ-ਸੁੰਨੀ ਜਾਂ ਦਲਿਤ ਹਿੰਦੂ ਨਾਬਾਲਗ ਲੜਕੀਆਂ ਦਾ ਸਮੂਹਕ ਜਬਰਜ਼ਨਾਹ ਕਰਨ ਬਾਅਦ ਜ਼ਬਰਦਸਤੀ ਇਸਲਾਮ ਧਰਮ ਵਿਚ ਪਰਿਵਰਤਨ ਕਰ ਕੇ ਕਤਲ ਕੀਤਾ ਜਾ ਰਿਹਾ ਹੋਵੇ, ਦੰਗਈਆਂ ਨੂੰ ਹਮੇਸ਼ਾ ਧਰਮ ਦਾ ਵਾਸਤਾ ਦੇ ਕੇ ਜੰਨਤ ਵਿਚ ਇਸ ਪੁੰਨ ਨੂੰ ਭੁਨਾ ਕੇ ਐਸ਼ ਤੇ ਮੌਜ-ਮਸਤੀ ਕਰਨ ਬਾਰੇ ਪੱਕਾ ਕਰ ਦਿੱਤਾ ਜਾਂਦਾ ਹੈ ਤਾਂ ਜੋ ਦੰਗਿਆਂ ਤੋਂ ਬਾਅਦ ਵੀ ਕਦੇ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਕਚੋਟੇ ਨਾ। ਇੰਜ ਦੰਗਈ ਕਦੇ ਆਪਣੇ ਮੌਲਾਬਾਰੇ ਸੱਚ ਨਹੀਂ ਉਗਲਦੇ ਅਤੇ ਅਜਿਹੀ ਕਾਰਵਾਈ ਨੂੰ ਸਹੀ ਮੰਨ ਕੇ ਆਪਣੀ ਜ਼ਮੀਰ ਦੀ ਆਵਾਜ਼ ਹਮੇਸ਼ਾ ਲਈ ਦੱਬ ਦਿੰਦੇ ਹਨ।

ਕਿਸੇ ਵੀ ਧਰਮ ਨਾਲ ਪੱਕੀ ਤਰ੍ਹਾਂ ਜੋੜਨ ਲਈ ਉਸ ਨਾਲ ਜੁੜੇ ਵੱਖੋ-ਵੱਖਰੇ ਪਹਿਲੂਆਂ ਨੂੰ ਮਨਾਉਣ ਲਈ ਵੱਖੋ-ਵੱਖ ਦਿਨ ਮੁਕਰਰ ਕਰ ਕੇ ਸਾਰਿਆਂ ਨੂੰ ਮੁੜ-ਮੁੜ ਇਕੱਠਾ ਕਰ ਕੇ ਧਰਮ ਪ੍ਰਤੀ ਪਕਿਆਈ ਕੀਤੀ ਜਾਂਦੀ ਹੈ। ਧਰਮ ਵਿਚ ਕੱਟੜਤਾ ਲਿਆਉਣ ਲਈ ਕਿਸੇ ਪਿਛਲੇ ਤਸ਼ੱਦਦ ਦਾ ਵਾਸਤਾ ਦੇ ਕੇ, ਉਸ ਦਾ ਬਦਲਾ ਲੈਣ ਲਈ ਟੀਚਾ ਮਿੱਥ ਕੇ, ਦਿੜ੍ਹ ਕਰਨ ਲਈ, ਉਸੇ ਤਸ਼ੱਦਦ ਨੂੰ ਵਾਰ-ਵਾਰ ਦੁਹਰਾ ਕੇ ਪਾਠ ਯਾਦ ਕਰਾਇਆ ਜਾਂਦਾ ਹੈ। ਜਿੰਨੀ ਵੱਧ ਵਾਰ ਪਾਠ ਦੁਹਰਾਇਆ ਗਿਆ ਹੋਵੇ, ਖ਼ਾਸ ਕਰ ਛੋਟੀ ਉਮਰੇ, ਓਨੀ ਵੱਧ ਕੱਟੜਤਾ ਤੇ ਓਨੀ ਹੀ ਵੱਧ ਦੂਜੇ ਧਰਮ ਪ੍ਰਤੀ ਕੁੜੱਤਣ। ਇੰਜ ਦੂਜੇ ਧਰਮ ਵਾਲਿਆਂ ਵੱਲੋਂ ਮਾਰੀ ਨਿੱਛ ਵੀ ਕਤਲੇਆਮ ਦਾ ਕਾਰਣ ਬਣ ਜਾਂਦੀ ਹੈ ਕਿਉਂਕਿ ਮਨ ਅੰਦਰ ਭਰਿਆ ਅਤਿ ਦਾ ਗੁੱਸਾ ਸਾਹਮਣੇ ਖੜ੍ਹੇ ਬੰਦੇ ਨੂੰ ਸਿਵਾਏ ਦੁਸ਼ਮਣ ਦੇ ਹੋਰ ਕੁੱਝ ਸਮਝਣ ਹੀ ਨਹੀਂ ਦਿੰਦਾ।

ਇਹ ਉਦਾਹਰਣ ਕਿਤੇ ਨਹੀਂ ਮਿਲਦੀ ਕਿ ਕਿਸੇ ਕਬੂਤਰ, ਚੂਹੇ ਜਾਂ ਕਾਂ ਨੂੰ ਵੱਢ ਘੱਤਿਆ ਹੋਵੇ, ਜਦੋਂ ਉਹ ਮਸੀਤ ਵਿੱਚੋਂ ਬਹਿ ਕੇ ਮੰਦਰ ਦੀ ਹੱਦ ਵਿਚ ਪਹੁੰਚ ਗਿਆ ਹੋਵੇ। ਕੋਈ ਕੁੱਤਾ ਜਾਂ ਵੱਛਾ ਕਿਸੇ ਮੁਸਲਮਾਨ ਜਾਂ ਹਿੰਦੂ ਦੀ ਬਣਾਈ ਰੋਟੀ ਖਾਣ ਕਰਕੇ ਕਦੇ ਕਤਲ ਨਹੀਂ ਕੀਤਾ ਗਿਆ।

ਜੇ ਜਾਨਵਰ, ਪੰਛੀ, ਮੱਛੀਆਂ ਕਿਸੇ ਵੀ ਧਰਮ ਦੇ ਬੰਦੇ ਵੱਲੋਂ ਪਾਲਤੂ ਰੱਖਣ ਨਾਲ ਉਹ ਉਸੇ ਧਰਮ ਦੇ ਨਹੀਂ ਗਿਣੇ ਜਾਂਦੇ ਅਤੇ ਧਾਰਮਿਕ ਕੱਟੜਤਾ ਤਹਿਤ ਵੱਢੇ ਟੁੱਕੇ ਵੀ ਨਹੀਂ ਜਾਂਦੇ, ਤਾਂ ਭਲਾ ਕਿਉਂ ਉਹ ਮਾਸ ਦਾ ਲੋਥੜਾ ਜੋ ਕਿਸੇ ਕੁੱਖ ਵਿਚ ਦੋ ਸੈੱਲਾਂ ਤੋਂ ਬਣਿਆ, ਅਜੇ ਮਾਂ ਦਾ ਦੁੱਧ ਵੀ ਨਹੀਂ ਚੁੰਘਿਆ ਹੁੰਦਾ, ਮਨੁੱਖ ਦੇ ਬਣਾਏ ਧਾਰਮਿਕ ਸੰਗਲਾਂ ਤਹਿਤ ਨੇਜ਼ੇ ਨਾਲ ਫੁੰਡ ਕੇ ਮਾਂ ਦੇ ਗਲੇ ਦੁਆਲੇ ਟੋਟੇ ਕਰ ਕੇ ਬੰਨ੍ਹ ਦਿੱਤਾ ਜਾਂਦਾ ਹੈ?

ਹਿੰਦੂ ਧਰਮ ਦੇ ਕਿਸੇ ਗ੍ਰੰਥ ਵਿਚ ਇਹ ਨਹੀਂ ਲਿਖਿਆ ਕਿ ਮੁਸਲਮਾਨਾਂ ਨੂੰ ਗੱਡੀਆਂ ਵਿਚ ਭਰ ਕੇ ਫੂਕ ਦਿਓ। ਕੁਰਾਨ ਵਿਚ ਵੀ ਨਹੀਂ ਲਿਖਿਆ ਕਿ ਨਾਬਾਲਗ ਹਿੰਦੂ ਬੱਚੀਆਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਤਬਦੀਲ ਕਰ ਕੇ ਕਤਲ ਕਰੋ। ਗੀਤਾ ਜਾਂ ਮਹਾਂਭਾਰਤ ਦੇ ਸਾਰ ਵਿਚ ਕਿਤੇ ਇਹ ਨਹੀਂ ਲਿਖਿਆ ਮਿਲਦਾ ਕਿ ਸਿੱਖ ਦਿਸਦੇ ਸਾਰ ਗਲੇ ਦੁਆਲੇ ਟਾਇਰ ਪਾ ਕੇ ਸਾੜ ਦਿਓ। ਬਾਈਬਲ ਵੀ ਕਿਤੇ ਨਹੀਂ ਮੰਨਦੀ ਕਿ ਕੋਈ ਦਾੜ੍ਹੀ ਵਾਲਾ ਦਿਸੇ ਤਾਂ ਉਸ ਨਾਲ ਨਸਲੀ ਵਿਤਕਰਾ ਕਰਦੇ ਹੋਏ ਉਸ ਨੂੰ ਭੁੰਨ ਦਿਓ। ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਹਰ ਬੰਦਾ ਉਸ ਇੱਕੋ ਰੱਬ ਦਾ ਘੜਿਆ ਹੋਇਆ ਹੈ। ਵੈਰ ਭਾਵ ਦੀ ਕੋਈ ਥਾਂ ਨਹੀਂ।

ਇਨਸਾਨ ਦੀ ਧਰਮ ਦੇ ਨਾਂ ਉੱਤੇ ਚਲਾਈ ਦੋਗਲੇਪਨ ਦੀ ਨੀਤੀ ਦੀ ਹੱਦ ਵੇਖੋ। ਜਦੋਂ ਕਿਸੇ ਕੱਟੜ ਧਾਰਮਿਕ ਬੰਦੇ ਨੇ ਆਪਣੀ ਜਾਨ ਬਚਾਉਣੀ ਹੋਵੇ ਤਾਂ ਨਜ਼ਾਰਾ ਕੁੱਝ ਵੱਖ ਹੋ ਜਾਂਦਾ ਹੈ। ਭਾਵੇਂ ਕਿਸੇ ਵੀ ਧਰਮ ਦਾ ਬੰਦਾ ਫੱਟੜ ਹੋ ਕੇ ਹਸਪਤਾਲ ਪਹੁੰਚਿਆ ਹੋਵੇ, ਅੱਜ ਤਾਈਂ ਕਿਸੇ ਨੇ ਲਹੂ ਚੜ੍ਹਵਾਉਣ ਵੇਲੇ ਇਹ ਨਹੀਂ ਪੁੱਛਿਆ ਕਿ ਉਸ ਨੂੰ ਹਿੰਦੂ, ਮੁਸਲਿਮ, ਸਿੱਖ ਜਾਂ ਈਸਾਈ ਧਰਮ ਦੇ ਬੰਦਿਆਂ ਵਿੱਚੋਂ ਕਿਸ ਦਾ ਦਾਨ ਦਿੱਤਾ ਲਹੂ ਚੜ੍ਹਾਇਆ ਜਾ ਰਿਹਾ ਹੈ? ਡੇਂਗੂ ਦੇ ਡੰਗ ਦੇ ਮਾਰੇ ਲੋਕ ਵੀ ਪਲੇਟਲੈਟ ਸੈੱਲ ਚੜ੍ਹਾਉਣ ਵੇਲੇ ਉੱਕਾ ਨਹੀਂ ਕੁਸਕਦੇ ਕਿ ਕਿਹੜੇ ਜਾਤ-ਪਾਤ ਜਾਂ ਧਰਮ ਦੇ ਬੰਦੇ ਦਾ ਲਹੂ ਵਰਤਿਆ ਜਾ ਰਿਹਾ ਹੈ! ਸਭ ਜਾਣਦੇ ਹਨ ਕਿ ਧਰਮ ਦੇ ਅਨੁਸਾਰ ਕੁਦਰਤ ਨੇ ਲਹੂ ਦੀ ਬਣਤਰ ਵੱਖ ਨਹੀਂ ਕੀਤੀ। ਸਭ ਮਨੁੱਖ ਇੱਕੋ ਜਿਹੇ ਘੜੇ ਹਨ। ਇਹ ਸਾਬਤ ਹੋ ਜਾਂਦਾ ਹੈ ਕਿ ਮਨ ਅੰਦਰਲੀਆਂ ਵੰਡੀਆਂ ਮਨੁੱਖ ਦੀ ਹੀ ਦੇਣ ਹਨ, ਜੋ ਨਫ਼ੇ ਨੁਕਸਾਨ ਅਨੁਸਾਰ ਆਪੋ ਆਪਣੇ ਨਵੇਂ ਨਿਯਮ ਘੜ੍ਹ ਲੈਂਦੇ ਹਨ ਤੇ ਧਰਮ ਨੂੰ ਹੋਰ ਕੱਟੜ ਬਣਾ ਦਿੰਦੇ ਹਨ।

ਹੁਣ ਅੰਗ ਦਾਨ ਦੀ ਗੱਲ ਨੂੰ ਹੀ ਲੈ ਲਵੋ। ਇਕ ਸਿੱਖ ਡਾਕਟਰ ਬੱਚੀ ਦੀ ਅਚਾਨਕ ਮੌਤ ਕਾਰਨ ਉਸ ਦੇ 13 ਅੰਗ ਮਾਪਿਆਂ ਵੱਲੋਂ ਦਾਨ ਦਿੱਤੇ ਗਏ ਜਿਨ੍ਹਾਂ ਵਿਚ ਅੱਖਾਂ, ਜਿਗਰ, ਗੁਰਦੇ, ਚਮੜੀ ਆਦਿ ਸਭ ਸ਼ਾਮਲ ਸਨ। ਦਾਨ ਕੀਤੇ ਅੰਗਾਂ ਨੂੰ ਲੈਣ ਵਾਲਿਆਂ ਵਿਚ ਹਿੰਦੂ, ਮੁਸਲਮਾਨ ਤੇ ਈਸਾਈ ਮਰੀਜ਼ ਸ਼ਾਮਲ ਸਨ। ਕਿਸੇ ਇਕ ਨੇ ਇਹ ਨਹੀਂ ਕਿਹਾ ਕਿ ਕਿਸੇ ਹੋਰ ਧਰਮ ਦੇ ਨਾਲ ਸੰਬੰਧਤ ਬੰਦੇ ਦੇ ਅੰਗ ਅਸੀਂ ਆਪਣੇ ਸਰੀਰ ਅੰਦਰ ਨਹੀਂ ਪੁਆਉਣੇ। ਸੈਂਕੜੇ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਲਈ ਮਰ ਚੁੱਕੇ ਬੰਦਿਆਂ ਦੀਆਂ ਅੱਖਾਂ ਲੁਆ ਰਹੇ ਹਨ। ਅੱਜ ਤਕ ਕੋਈ ਧਰਮ ਦੇ ਨਾਂ ਤੇ ਅੰਨ੍ਹਾ ਰਹਿਣ ਨੂੰ ਤਿਆਰ ਨਹੀਂ ਹੋਇਆ। ਉਦੋਂ ਧਰਮ ਕਿਤੇ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ! ਜਦੋਂ ਧਰਮ ਦਾ ਇਨਸਾਨੀਅਤ ਉੱਤੇ ਮਾੜਾ ਅਸਰ ਪੈਂਦਾ ਵੇਖ ਕੋਈ ਕਲਮ ਵਿਰੋਧ ਕਰਦੀ ਹੋਈ ਲੋਕ ਹਿਤ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਝੱਟ ਗੋਲੀ ਮਾਰ ਕੇ ਉਸ ਨੂੰ ਠੰਢਾ ਕਰ ਦਿੱਤਾ ਜਾਂਦਾ ਹੈ! ਆਖ਼ਰ ਧਰਮ ਦੇ ਨਾਂ ਉੱਤੇ ਕੌਣ ਰੋਟੀਆਂ ਸੇਕ ਰਿਹੈ। ਕੀ ਏਨੀ ਕੁ ਗੱਲ ਆਮ ਆਦਮੀ ਦੇ ਸਮਝ ਨਹੀਂ ਆਉਂਦੀ ਕਿ ਕੌਣ ਧਰਮ ਵਿੱਚੋਂ ਫਾਇਦਾ ਲੈਣ ਲਈ ਅਤੇ ਲੋਕਾਂ ਦਾ ਧਿਆਨ ਵੰਡਾਉਣ ਲਈ ਇਸ ਦੀ ਗ਼ਲਤ ਵਰਤੋਂ ਕਰਦਾ ਹੈ ਅਤੇ ਉਕਸਾਹਟ ਵਿਚ ਹਮੇਸ਼ਾ ਬੇਕਸੂਰ ਲੋਕ ਹੀ ਕਿਉਂ ਮਾਰੇ ਜਾਂਦੇ ਹਨ?

ਧਰਮ ਨਾ ਕੱਟੜਤਾ ਸਿਖਾਉਂਦਾ ਹੈ ਨਾ ਵੈਰ ਭਾਵ। ਕੁਦਰਤ ਨੇ ਬੜੇ ਪਿਆਰੇ ਤਰੀਕੇ ਨਾਲ ਇਹ ਸਮਝਾਇਆ ਹੈ ਕਿ ਜੇ ਗੁਲਾਬ ਮੁਸਲਮਾਨ ਦੇ ਘਰ ਖਿੜੇ ਤਾਂ ਵੀ ਗੁਲਾਬ ਹੀ ਅਖਵਾਏਗਾ! ਹਿੰਦੂ, ਈਸਾਈ ਜਾਂ ਸਿੱਖ ਦੇ ਘਰ ਵੀ ਉਸੇ ਤਰ੍ਹਾਂ ਦੀ ਖੁਸ਼ਬੂ ਖਿਲਾਰੇਗਾ ਤੇ ਨਾਂ ਵੀ ਗੁਲਾਬ ਹੀ ਰਹੇਗਾ। ਮਧੁਰ ਗੀਤ, ਸੰਗੀਤ ਦੀਆਂ ਧੁਨਾਂ ਉੱਤੇ ਹਰ ਧਰਮ ਦਾ ਬੰਦਾ ਇੱਕੋ ਤਰ੍ਹਾਂ ਝੂਮ ਉੱਠੇਗਾ ਅਤੇ ਕਿਸੇ ਵੀ ਬੱਚੇ ਦੀ ਚੀਕ ਪਿੱਠ ਪਿੱਛੇ ਸੁਣਨ ਉੱਤੇ ਹਰ ਧਰਮ ਦਾ ਮਾਂ ਜਾਂ ਪਿਓ ਝੱਟ ਪਿਛਾਂਹ ਮੁੜ ਕੇ ਝਾਕੇਗਾ। ਇਸ ਤੋਂ ਅਗਾਂਹ ਕਿਉਂ ਸਭ ਕੁੱਝ ਵੱਖ ਹੋ ਜਾਂਦਾ ਹੈ? ਮਨ ਅੰਦਰ ਪਏ ਧਰਮ ਦੇ ਸੰਗਲ ਕਿਸੇ ਹੋਰ ਧਰਮ ਦੇ ਬੱਚੇ ਜਾਂ ਔਰਤ ਉੱਤੇ ਹੋ ਰਹੇ ਤਸ਼ੱਦਦ ਨੂੰ ਵੇਖ ਕੇ ਮਦਦ ਕਰਨ ਤੋਂ ਕਿਉਂ ਇਨਕਾਰੀ ਹੋ ਜਾਂਦੇ ਹਨ?

ਇਹ ਸੋਚ ਦਰਅਸਲ ਥੋੜ੍ਹ ਚਿਰੀ ਨਹੀਂ ਹੁੰਦੀ। ਇਸ ਦਾ ਅਸਰ ਅਗਲੀ ਨਸਲ ਉੱਤੇ ਹੋਰ ਵੀ ਡੂੰਘਾ ਹੁੰਦਾ ਜਾਂਦਾ ਹੈ। ਉਨ੍ਹਾਂ ਦਾ ਦਿਮਾਗ਼, ਜੋ ਜਨਮ ਵੇਲੇ ਸਾਫ਼ ਸਲੇਟ ਵਰਗਾ ਹੁੰਦਾ ਹੈ, ਇਹ ਗੱਲ ਪੱਕੀ ਛਾਪ ਵਾਂਗ ਸਾਂਭ ਲੈਂਦਾ ਹੈ ਕਿ ਦੂਜੇ ਧਰਮ ਦੇ ਲੋਕ ਇਸ ਧਰਤੀ ਉੱਤੇ ਜੇ ਵਿਚਰ ਰਹੇ ਹਨ ਤਾਂ ਭਾਰੀ ਗੁਨਾਹ ਹੈ ਤੇ ਇਸ ਗੁਨਾਹ ਨੂੰ ਬਖਸ਼ਵਾਉਣ ਤਾ ਤਰੀਕਾ ਇੱਕੋ ਹੈ - ਜਦੋਂ ਮੌਕਾ ਮਿਲੇ ਢਾਅ ਲਵੋ, ਮਾਰ ਘੱਤੋ। ਇਸ ਮਾਰੂ ਸੋਚ ਤਹਿਤ ਔਰਤਾਂ ਤੇ ਬੱਚੇ ਵੱਧ ਸ਼ਿਕਾਰ ਬਣਦੇ ਹਨ।

ਜਦੋਂ ਵੀ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਪਾਖੰਡ ਦੇ ਵਿਰੋਧ ਵਿਚ ਕਿਸੇ ਨੇ ਧਰਮ ਦੀ ਗ਼ਲਤ ਵਰਤੋਂ ਕੀਤੇ ਜਾਣ ਬਾਰੇ ਲੋਕਾਂ ਨੂੰ ਜਗਾਉਣ ਕੀ ਕੋਸ਼ਿਸ਼ ਕੀਤੀ ਹੈ, ਉਦੋਂ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ, ਭੜਕਾਊ ਮਾਹੌਲ ਪੈਦਾ ਕਰਕੇ, ਅਜਿਹੇ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਜੋ ਲੋਕ ਅੱਖਾਂ ਤੇ ਦਿਮਾਗ਼ ਬੰਦ ਕਰ ਕੇ ਧਾਰਮਿਕ ਆਗੂਆਂ ਅਨੁਸਾਰ ਗੋਡੇ ਟੇਕਦੇ ਰਹਿਣ ਅਤੇ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋਣ।

ਮਨੁੱਖ ਜਾਤੀ ਦੇ ਉੱਤੇ ਧਾਰਮਿਕ ਕੱਟੜਤਾ ਮਾਰੂ ਅਸਰ ਪਾਉਣ ਵਾਲੀ ਹੈ ਕਿਉਂਕਿ ਹੁਣ ਹਿੰਸਾ ਸਿਰਫ਼ ਕਿਰਪਾਨਾਂ, ਬੰਦੂਕਾਂ ਤਕ ਸੀਮਤ ਨਹੀਂ ਰਹੀ ਬਲਕਿ ਨਿਊਕਲੀਅਰ ਔਜ਼ਾਰ ਹੋਂਦ ਵਿਚ ਆ ਚੁੱਕੇ ਹਨ। ਇਸ ਲਈ ਵੇਲੇ ਸਿਰ ਸੰਭਲਣ ਦੀ ਲੋੜ ਹੈ। ਪਿਆਰ ਅਤੇ ਮਿਲਵਰਤਣ ਨਾਲ ਸਦੀਆਂ ਤੋਂ ਤੁਰੀ ਆਉਂਦੀ ਮਨ ਅੰਦਰਲੀ ਕੌੜ ਘਟਾਈ ਜਾ ਸਕਦੀ ਹੈ। ਹਰ ਧਰਮ ਦੇ ਵੱਖੋ-ਵੱਖਰੇ ਤਿਉਹਾਰਾਂ ਨੂੰ ਇਕੱਠੇ ਰਲ਼ ਕੇ ਮਨਾਉਣ ਨਾਲ ਖ਼ੁਸ਼ੀ ਦੁੱਗਣੀ ਹੋ ਸਕਦੀ ਹੈ।


ਅੰਤ ਵਿਚ ਸਿਰਫ਼ ਇੰਨਾ ਯਾਦ ਕਰਵਾ ਦਿਆਂ ਕਿ ਜੇ ਮਨੁੱਖ ਬਚੇਗਾ, ਤਾਂ ਹੀ ਧਰਮ ਬਚੇਗਾ। ਜੇ ਮਨੁੱਖ ਹੀ ਨਾ ਰਿਹਾ ਤਾਂ ਧਰਮ ਨੂੰ ਅਗਾਂਹ ਤੋਰਨ ਵਾਲਾ ਕੌਣ ਹੋਵੇਗਾ? ਸੋ ਧਾਰਮਿਕ ਕੱਟੜਤਾ ਵਿਚ ਢਿੱਲ ਦੇ ਕੇ ਇਨਸਾਨੀਅਤ ਦਾ ਪਸਾਰਾ ਕਰ ਕੇ ਵੇਖੀਏ, ਜੰਨਤ ਇਸੇ ਧਰਤੀ ਉੱਤੇ ਦਿਸਣ ਲੱਗ ਪਵੇਗੀ!

*****

(131)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author