AmandeepSidhu7“ਪੰਜਾਬ ਦੀ ਸਥਿਤੀ ਉਸ ਦਰਖਤ ਵਾਂਗ ਹੋ ਜਾਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ...”
(17 ਸਤੰਬਰ 2018)

 

ਅੱਜ ਮਿਹਨਤਕਸ਼ ਕਿਸਾਨਾਂ, ਗੱਭਰੂਆਂ ਤੇ ਖਿਡਾਰੀਆਂ ਦਾ ਸੂਬਾ ਕਹਾਉਣ ਵਾਲੇ
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਪਿੰਜ ਸੁਟਿਆ ਹੈ

DrugsD2ਨਸ਼ੀਲੇ ਪਦਾਰਥ ਤੋਂ ਭਾਵ ਕਿ ਹੈ ਕੁਦਰਤੀ ਤੌਰ ’ਤੇ ਪਾਇਆ ਜਾਂਦਾ ਜਾਂ ਇਨਸਾਨੀ ਹੱਥਾਂ ਦਾ ਬਣਿਆ ਹੋਇਆ ਕੋਈ ਵੀ ਅਜਿਹਾ ਰਸਾਇਣਕ ਪਦਾਰਥ, ਜਿਸ ਨੂੰ ਇਨਸਾਨ ਦੀ ਸੋਚਣ-ਸ਼ਕਤੀ, ਮੂਡ ਜਾਂ ਮਾਨਸਿਕ ਅਵਸਥਾ ਨੂੰ ਬਦਲਣ ਲਈ ਵਰਤਿਆ ਜਾ ਸਕਦਾ ਹੈ ਪੰਜਾਬ ਵਿੱਚ ਦਿਨ ਬਦਿਨ ਨਸ਼ੇ ਵਧਦੇ ਜਾ ਰਹੇ ਹਨ। ਕਿਸੇ ਸਮੇਂ ਪੂਰੇ ਦੇਸ਼ ਵਿੱਚੋਂ ਪੰਜਾਬ ਖੁਸ਼ਹਾਲੀ ਪੱਖੋਂ ਨੰਬਰ ਇੱਕ ਸੂਬਾ ਹੁੰਦਾ ਸੀ ਪੰਜਾਬ ਨੂੰ ਇਸ ਦੇ ਗੱਭਰੂਆਂ, ਪਹਿਲਵਾਨਾਂ, ਖਿਡਾਰੀਆਂ, ਫੌਜੀਆਂ ਅਤੇ ਮਿਹਨਤਕਸ਼ ਕਿਸਾਨਾਂ ਕਰ ਕੇ ਜਾਣਿਆ ਜਾਂਦਾ ਸੀ, ਪਰ ਅਜੋਕੇ ਪੰਜਾਬ ਦਾ ਹਾਲ ਕਿਸੇ ਤੋਂ ਗੁੱਝਾ ਨਹੀਂ ਰਿਹਾ ਅੱਜ ਨਸ਼ਿਆਂ ਨੇ ਪੰਜਾਬੀ ਗੱਭਰੂਆਂ ਨੂੰ ਪਿੰਜ ਸੁੱਟਿਆ ਹੈ ਅੱਜ ਸਾਡੀ ਹਾਲਤ ਇਹ ਹੈ ਕਿ ਸਾਡੇ ਨੌਜਵਾਨ ਪੁਲਸ ਜਾਂ ਫੌਜ ਦੀ ਭਰਤੀ ਦੀਆਂ ਮੁੱਢਲੀਆਂ ਸ਼ਰਤਾਂ ਹੀ ਪੂਰੀਆਂ ਨਹੀਂ ਕਰ ਪਾਉਂਦੇ ਇਸਦਾ ਕਾਰਨ ਹੈ ਕਿ ਆਰਮੀ ਵਿੱਚੋਂ ਪੰਜਾਬੀਆਂ ਦੀ ਗਿਣਤੀ ਘੱਟ ਹੰਦੀ ਜਾ ਰਹੀ ਹੈ

ਨਸ਼ੇ ਪਹਿਲਾਂ ਵੀ ਹੁੰਦੇ ਸਨ, ਪਰ ਅੱਜ ਵਾਂਗ ਸ਼ਰੇਆਮ ਨਹੀਂ ਵਰਤੇ ਜਾਂਦੇ ਸਨ ਪਿੰਡਾਂ ਵਿੱਚ ਕੋਈ-ਕੋਈ ਬੰਦਾ ਅਫੀਮ ਖਾਂਦਾ ਸੀ ਪਰ ਹੁਣ ਹਰ ਘਰ ਵਿੱਚ ਨਸ਼ਾ ਪਹੁੰਚ ਗਿਆ ਹੈ। ਜੇਕਰ ਨੌਜਵਾਨਾਂ ਦੀ ਦੇ ਗੱਲ ਕਰੀਏ ਤਾਂ ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ, ਪਰੰਤੂ ਜੇ ਦੇਸ਼ ਦੇ ਨੌਜਵਾਨ ਹੀ ਨਸ਼ਿਆਂ ਦੇ ਸ਼ਿਕਾਰ ਹੋ ਜਾਣ, ਤਾਂ ਉਸ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ? ਪਦਾਰਥਵਾਦ ਅਤੇ ਪੂੰਜੀਵਾਦ ਦੇ ਅਜੋਕੇ ਭ੍ਰਿਸ਼ਟਾਚਾਰੀ ਸਮਾਜਿਕ ਢਾਂਚੇ ਦੀਆਂ ਸਮੱਸਿਆਵਾਂ ਨਾਲ ਜੂਝਣ ਦੀ ਅਸਮਰੱਥਾ ਕਾਰਨ ਉਪਜੀ ਨਿਰਾਸ਼ਾ ਅਤੇ ਤਣਾਓ ਤੋਂ ਛੁਟਕਾਰੇ ਲਈ ਨੌਜਵਾਨ ਕੁਸੰਗਤ ਦੇ ਧੱਕੇ ਚੜ੍ਹਕੇ ਸ਼ਰਾਬ, ਜ਼ਰਦਾ, ਅਫੀਮ, ਭੰਗ, ਤੰਬਾਕੂ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਟੀਕੇ, ਹੈਰੋਇਨ, ਸਮੈਕ, ਕੋਰੈਕਸ, ਆਇਓਡੈਕਸ ਅਤੇ ਸਿੰਥੈਟਿਕ ਡਰੱਗਜ਼ ਆਦਿ ਦਾ ਸ਼ਿਕਾਰ ਹੋ ਕੇ ਦਿਲ, ਜਿਗਰ, ਗੁਰਦੇ, ਫੇਫੜੇ ਅਤੇ ਮਾਨਸਿਕ ਬਿਮਾਰੀਆਂ ਤੋਂ ਇਲਾਵਾ ਕੈਂਸਰ ਅਤੇ ਏਡਜ਼ ਜਿਹੀਆਂ ਨਾਮੁਰਾਦ ਬਿਮਾਰੀਆਂ ਦੀ ਲਗਾਤਾਰ ਜਕੜ ਵਿਚ ਰਿਹਾ ਹੈ ਨਸ਼ੇੜੀ ਨੌਜਵਾਨਾਂ ਦੁਆਰਾ ਚੋਰੀ, ਲੁੱਟ, ਝਗੜੇ, ਕਤਲ, ਛੇੜਛਾੜ, ਬਲਾਤਕਾਰ ਅਤੇ ਸੜਕ ਹਾਦਸਿਆਂ ਜਿਹੇ ਅਪਰਾਧਾਂ ਬਾਰੇ ਸਾਨੂੰ ਆਮ ਪੜ੍ਹਨ-ਸੁਣਨ ਨੂੰ ਮਿਲਦਾ ਹੈ

ਪੰਜਾਬ ਦੀ ਗੁਰੂਆਂ, ਸੰਤਾਂ, ਯੋਧਿਆਂ ਅਤੇ ਪੰਜ ਦਰਿਆਵਾਂ ਦੀ ਧਰਤੀ ਉੱਪਰ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਆ ਹੈ। ਪਿਛਲੇ ਸਮੇਂ ਪੰਜਾਬ ਪੁਲੀਸ ਵੱਲੋਂ ਰਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਣਾਏ ਗਏ ਐਕਸ਼ਨ ਪਲਾਨ ਮੁਤਾਬਿਕ ਪੰਜਾਬ ਦੇ ਮਾਲਵਾ ਖੇਤਰ ਵਿਚਲੇ 65 ਫੀਸਦੀ ਅਤੇ ਮਾਝੇ ਵਿੱਚ 68 ਫੀਸਦੀ ਦੁਆਬਾ ਖੇਤਰ ਵਿਚਲੇ 68 ਪਰਿਵਾਰਾਂ ਵਿਚੋੱ ਘੱਟੋ-ਘੱਟ ਇਕ ਜੀਅ ਨਸ਼ਿਆਂ ਦੇ ਚੁੰਗਲ ਵਿਚ ਫਸਿਆ ਹੋਇਆ ਹੈ

ਕੁਝ ਸਮਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐੱਨ.ਐੱਸ.ਯੂ.ਆਈ ਦੇ ਇਕ ਸਮਾਗਮ ਦੌਰਾਨ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਦਸ ਵਿੱਚੋਂ ਸੱਤ ਨੌਜਵਾਨ ਨਸ਼ੇ ਕਰਦੇ ਹਨ। ਇਸ ਨਾਲ ਕਾਫੀ ਵਿਵਾਦ ਵੀ ਖੜ੍ਹਾ ਹੋਇਆ, ਪਰੰਤੂ ਸਾਨੂੰ ਇਹ ਗੱਲ ਇੱਥੇ ਹੀ ਨਾ ਭੁੱਲਦੇ ਹੋਏ ਇਸ ਉਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਨ੍ਹਾਂ ਤੱਥਾਂ ਪਿਛਲੀ ਸੱਚਾਈ ਜਾਨਣ ਦੀ ਲੋੜ ਹੈ ਨਸ਼ਿਆਂ ਦੀ ਮਾਰ ਕਾਰਨ ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ ਉੱਤੇ ਖੋਖਲੇ ਹੁੰਦੇ ਜਾ ਰਹੇ ਅਜੋਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਨਸ਼ਾ ਖ਼ਤਮ ਕਰਨ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਆਇਆ ਕਿੱਥੋਂ? ਸਰਕਾਰ ਅਨੁਸਾਰ ਨਸ਼ੇ ਪਾਕਿਸਤਾਨ ਤੋਂ ਸਮਗਲਿੰਗ ਦੇ ਮਾਲ ਵਿੱਚ ਆਉਂਦੇ ਹਨ ਸੂਬੇ ਵਿੱਚ 1.23 ਲੱਖ ਲੋਕ ਹੈਰੋਇਨ ਦਾ ਨਸ਼ਾ ਕਰਦੇ ਹਨ। ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ ਲਗਭਗ 7500 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਸਮਗਲਿੰਗ ਰਾਹੀਂ ਆਉਂਦੀਆਂ ਹੈ। ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਦੇ ਸਰਵੇ ਵਿੱਚ ਇਹ ਤੱਤ ਸਾਹਮਣੇ ਆਏ ਪਤਾ ਲੱਗਿਆ ਕਿ ਪਾਕਿਸਤਾਨ ਦੀਆਂ ਖੁਫੀਆ ਏਜੰਸੀ ਆਈਐੱਸਆਈ ਵੀ ਨਸ਼ਾ ਸਮਗਲਰਾਂ ਦੀ ਮਦਦ ਕਰਦੀ ਹੈ।

ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੇੜੀ ਸਨ ਸੋ ਕਿ 1998 ਵਿੱਚ 16 ਫੀਸਦੀ ਹੋ ਗਈ। ਇਸ ਵੇਲੇ 65 ਫੀਸਦੀ ਸਮੈਕ ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ ਸਮੈਕ ਜਿਹਾ ਮਹਿੰਗਾ ਨਸ਼ਾ 1000-1500 ਰੁਪਏ ਦਾ 1 ਪ੍ਰਤੀ ਗ੍ਰਾਮ ਮਿਲਦਾ ਹੈ ਨਸ਼ੇੜੀ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ ਹਰ ਰੋਜ਼ ਦਾ 2000-3000 ਰੁਪਏ ਦਾ ਖਰਚ ਨਸ਼ੇੜੀ ਕਿੱਥੋਂ ਕਰਦੇ ਹਨ? ਇਸ ਤਰ੍ਹਾਂ ਪੰਜਾਬ ਵਿੱਚ ਸ਼ਰਾਬ ਦੇ ਫੈਲਾਅ ਦੇ ਅੰਕੜੇ ਵੀ ਮਨੁੱਖਤਾ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ। ਸੰਨ 2006 ਵਿੱਚ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 5600 ਸ਼ਰਾਬ ਦੇ ਠੇਕੇ ਸਨ। 1363 ਕਰੋੜ ਰੁਪਏ ਦੇ ਬਜਟ ਨਾਲ ਢਾਈ ਕਰੋੜ ਆਬਾਦੀ ਵਾਲੇ ਪੰਜਾਬ ਨੂੰ ਸਾਢੇ 17 ਕਰੋੜ ਬੋਤਲ ਸ਼ਰਾਬ ਦੀ ਮੁਹੱਈਆ ਕਰਵਾਈ ਗਈ। ਫਿਰ 2013-14 ਲਈ ਠੇਕਿਆਂ ਦੀ ਗਿਣਤੀ 9 ਹਜ਼ਾਰ ਤੋਂ ਵਧ ਗਈ ਤੇ ਇਹ ਬਜਟ ਲਗਭਗ 4 ਹਜ਼ਾਰ ਕਰੋੜ ਰੁਪਏ ਤੋਂ ਵੀ ਵਧ ਗਿਆ, ਜਿਸ ਨਾਲ ਪੰਜਾਬ ਵਾਸੀਆਂ ਦੀ ਸਿਹਤ ਖਰਾਬ ਕਰਨ ਲਈ 36000 ਕਰੋੜ ਬੋਤਲਾਂ ਦਾ ਪ੍ਰਬੰਧ ਹੋ ਗਿਆ। ਅੱਗੇ ਪੰਜਾਬੀ ਰੋਜ਼ 8 ਕਰੋੜ ਦੀ ਸ਼ਰਾਬ ਪੀਂਦੇ ਸਨ, ਹੁਣ 13 ਕਰੋੜਾਂ ਰੁਪਏ ਦੀ ਰੋਜ਼ ਪੀ ਜਾਂਦੇ ਹਨ।

ਪੰਜਾਬੀਆਂ ਨੂੰ ਇਹਨਾਂ ਅੰਕੜਿਆਂ ਉੱਤੇ ਧਿਆਨ ਦੇਣਾ ਚਾਹੀਦਾ ਹੈ। ਗੁਰੂਆਂ, ਸੰਤਾਂ ਨੇ ਗੁਰਬਾਣੀ ਵਿੱਚ ਸ਼ਰਾਬ ਪੀਣਾ ਵਰਜਿਤ ਕੀਤਾ, ਪਰ ਅੱਜ ਉਨ੍ਹਾਂ ਦੇ ਅਨੁਆਈ ਆਪਣੇ ਰਹਿਬਰਾਂ ਦੇ ਸਿਧਾਂਤ ਤੋਂ ਬੇਮੁੱਖ ਹਨ। ਸਤਿਗੁਰੂ ਰਵਿਦਾਸ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ:

ਸੁਰਸਰੀ ਸਲਲ ਕਿ੍ਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥ (ਗੁ. ਗ੍ਰੰਥ 1293)

ਸਤਿਗੁਰੂ ਕਬੀਰ ਜੀ ਫਰਮਾਉਂਦੇ ਹਨ:

ਕਬੀਰ ਭਾਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ ਤੇ ਸਭ ਰਸਾਤਲਿ ਜਾਂਹਿ॥
(ਗੁ. ਗ੍ਰੰਥ 1377)

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ:

ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕੁਸ ਪਾਈਐ।।
ਭਾਟੀ ਭਵਨ ਪ੍ਰੇਮ ਕਾ ਪੋਚਾ ਇਤੁ ਰਸਿ ਆਮਿਉ ਚੁਆਈਐ।। (ਗੁ਼. ਗ੍ਰੰਥ ੩੬੦)

ਪਰ ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨਕੁੜੀਆਂ ਮੁੰਡੇ ਆਮ ਹੀ ਨਸ਼ੇ ਕਰਦੇ ਫੜੇ ਜਾਂਦੇ ਹਨ।

ਇੱਕ ਸੰਸਥਾ ਦੀ ਰਿਪੋਰਟ ਅਨੁਸਾਰ ਦਿੱਲੀ ਸ਼ਹਿਰ ਵਿੱਚ ਅਣ-ਵਿਆਹੁਤਾ ਨੌਜਵਾਨ ਲੜਕੇ ਡਾਕਟਰਾਂ ਕੋਲ ਝੂਠ ਬੋਲ ਕੇ ਨਸਬੰਦੀ ਕਰਵਾ ਰਹੇ ਹਨ, ਕਿਉਂਕਿ ਦਿੱਲੀ ਦੀ ਸੂਬਾ ਸਰਕਾਰ ਨਸਬੰਦੀ ਕਰਵਾਉਣ ਵਾਲੇ ਨੌਜਵਾਨ ਨੂੰ 1300 ਰੁਪਏ ਸਹਾਇਤਾ ਦਿੰਦੀ ਹੈ। ਇਹ ਨੌਜਵਾਨ ਨਸਬੰਦੀ ਕਰਵਾ ਕੇ ਪੈਸੇ ਲੈ ਲੈਂਦੇ ਹਨ ਅਤੇ ਨਸ਼ਿਆਂ ਵਿੱਚ ਗਲਤਾਨ ਹੋ ਜਾਂਦੇ ਹਨ। ਉਂਝ ਵੀ ਨਸ਼ੇੜੀ ਮਨੁੱਖ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਰਹਿੰਦਾ।

ਅਕਸਰ ਦੇਖਾਇਆ ਜਾਂਦਾ ਹੈ ਕਿ ਵੋਟਾਂ ਸਮੇਂ ਸ਼ਰੇਆਮ ਨਸ਼ੀਲੇ ਪਦਾਰਥਾਂ ਮਿਲਦੇ ਹਨ। ਇਸ ਰੁਝਾਨ ਨੂੰ ਰੋਕਣ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ ਜੇਕਰ ਅਜਿਹਾ ਨਾ ਹੋਇਆ ਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰਖਤ ਵਾਂਗ ਹੋ ਜਾਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜੋਤਾ ਹੋਵੇ

ਆਉ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਈਏ

*****

(1310)

About the Author

ਅਮਨਦੀਪ ਸਿੱਧੂ

ਅਮਨਦੀਪ ਸਿੱਧੂ

Barian Kalan, Hoshiarpur, Punjab, India.
Phone: (91 -  94670 - 54037)
Email: (amansidhu182@gmail.com)