IqbalKhan7ਜੋ ਕੰਮ ਸਤਨਾਮ ਢਾਅ ਨੇ ਕੀਤਾ ਹੈ, ਇਹ ਇਤਿਹਾਸਕ ਕੰਮ ਹੈ ...
(ਦਸੰਬਰ 6, 2015)

 

SatnamDBook4ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਹਾਲ ਵਿੱਚ ਹੋਈ। ਪ੍ਰਧਾਨੀ ਮੰਡਲ ਵਿੱਚ ਪੰਜਾਬੀ ਦੇ ਪੱਸਿਧ ਵਿਦਵਾਨ ਡਾ. ਰਘਬੀਰ ਸਿੰਘ ਸਿਰਜਣਾ, ਕੇਸਰ ਸਿੰਘ ਨੀਰ ਅਤੇ ਸਤਨਾਮ ਸਿੰਘ ਢਾਅ ਨੂੰ ਸ਼ਾਮਲ ਕੀਤਾ ਗਿਆ। ਸਭਾ ਦੇ ਸਕੱਤਰ ਡਾ. ਲਖਬੀਰ ਸਿੰਘ ਰਿਆੜ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਉਪਰੰਤ, ਸਭਾ ਵੱਲੋਂ ਫ਼ਰਾਂਸ ਦੇ ਸ਼ਹਿਰ ਪੈਰਿਸ ਵਿੱਚ ਹੋਏ ਆਤੰਕਵਾਦੀ ਹਮਲੇ ਦੀ, ਪੰਜਾਬ ਵਿੱਚ ਅਤੇ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਵਾਪਰੀਆਂ ਦੁਰਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਗਈ। ਪ੍ਰਸਿੱਧ ਸਾਹਿਤਕਾਰ ਅਤੇ ਮਨੋਵਿਆਨੀ ਡਾ. ਜਸਵੰਤ ਸਿੰਘ ਨੇਕੀ, ਕੈਲਗਰੀ ਤੋਂ ਚੁਣੇ ਗਏ ਐਮ. ਪੀ. ਦਰਸ਼ਣ ਸਿੰਘ ਕੰਗ ਦੇ ਛੋਟੇ ਵੀਰ ਕਸ਼ਮੀਰ ਸਿੰਘ ਕੰਗ ਦੀ ਅਤੇ ਸਭਾ ਦੇ ਖ਼ਜ਼ਾਨਚੀ ਡਾ. ਮੁਖਤਿਆਰ ਸਿੰਘ ਕੈਲੇ ਦੇ ਸਤਿਕਾਰ ਯੋਗ ਮਾਤਾ ਜੀ ਸਰਦਾਰਨੀ ਦਲੀਪ ਕੌਰ ਦੇ ਸੁਰਗਵਾਸ ਹੋਣ ਉਪਰੰਤ ਵਿਛੜੀਆਂ ਰੂਹਾਂ ਨੂੰ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਪਿੱਛੋਂ ਡਾ. ਹਰਭਜਨ ਸਿੰਘ ਢਿੱਲੋਂ ਵੱਲੋਂ ਡਾ. ਨੇਕੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸ਼ਰਧਾਂ ਦੇ ਫੁੱਲ ਭੇਟ ਕੀਤੇ।

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਤਨਾਮ ਸਿੰਘ ਢਾਅ ਦੀ ਪੁਸਤਕ ਡੂੰਘੇ ਵਹਿਣਾਂ ਦੇ ਭੇਤ - ਭਾਗ ਦੂਜਾ” ਰਿਲੀਜ਼ ਕੀਤੀ ਗਈ। ਡਾ. ਲਖਬੀਰ ਸਿੰਘ ਰਿਆੜ ਵੱਲੋਂ ਮੁਲਾਕਾਤਨੂੰ ਸਾਹਿਤ ਦੀ ਵੱਖਰੀ ਅਤੇ ਨਿਵੇਕਲੀ ਸਾਹਿਤਕ ਵਿਧਾ ਮੰਨਦਿਆਂ ਮੁਲਾਕਾਤ-ਕਰਤਾ ਦੇ ਵਧੇਰੇ ਸਮਰੱਥ ਹੋਣ ਦੀ ਯੋਗਤਾ ਉੱਪਰ ਜ਼ੋਰ ਦਿੰਦਿਆਂ ਢਾਅ ਦੇ ਇਸ ਕਠਿਨ ਕਾਰਜ ਵਿੱਚ ਸਫ਼ਲ ਹੋਣ ਦੀ ਵਧਾਈ ਦਿੱਤੀ। ਡਾ. ਬਲਵਿੰਦਰ ਕੌਰ ਬਰਾੜ ਵੱਲੋਂ ਸਤਨਾਮ ਸਿੰਘ ਢਾਅ ਦੀ ਪੁਸਤਕ ਡੂੰਘੇ ਵਹਿਣਾਂ ਦੇ ਭੇਤ - ਭਾਗ ਦੂਜਾ’ ਦਾ ਬੜੇ ਸਰਲ ਸੰਖੇਪ ਅਤੇ ਮਜ਼ਾਹੀਆ ਲਹਿਜੇ ਵਿੱਚ ਅਧਿਅਨ ਕੀਤਾ ਗਿਆ। ਉਨ੍ਹਾਂ ਨੇ ਢਾਅ ਦੇ ਨਿਵੇਕਲੇ ਅੰਦਾਜ਼ ਤੇ ਤਿੱਖੀ ਨੀਝ ਦੀ ਤਾਰੀਫ ਕੀਤੀ। ਇਕਬਾਲ ਖ਼ਾਨ ਨੇ ਵੀ ਢਾਅ ਵੱਲੋਂ ਹਰ ਲੇਖਕ ਨੂੰ ਕੁਰੇਦਣ ਦੀ ਯੋਗਤਾ ਅਤੇ ਔਖੇ ਕੰਮ ਨੂੰ ਬੜੇ ਹੌਸਲੇ ਨਾਲ ਸਿਰੇ ਲਾਉਣ ਦੀ ਗੱਲ ਸਾਂਝੀ ਕਰਦਿਆਂ ਵਧਾਈ ਦਿੱਤੀ।

ਸਭਾ ਦੀ ਉਪ-ਪ੍ਰਧਾਨ ਪ੍ਰਿੰਸੀਪਲ ਸਤਪਾਲ ਕੌਰ ਬੱਲ ਦਾ ਇਸ ਕਿਤਾਬ ਬਾਰੇ ਬੜੀ ਮਿਹਨਤ ਨਾਲ ਲਿਖਿਆ ਪੇਪਰ, ਮਾ. ਬਚਿੱਤਰ ਸਿੰਘ ਗਿੱਲ ਨੇ ਪੜ੍ਹਿਆ। ਸਤਪਾਲ ਕੌਰ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਨੇ ਪਰਵਾਸੀ ਲੇਖਕਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕਰਕੇ, ਇੱਕ ਨਵਾਂ ਮੀਲ ਪੱਥਰ ਲੈ ਕੇ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਕੰਮ ਲਈ ਉਹ ਮੁਬਾਰਕਬਾਦ ਦਾ ਹੱਕਦਾਰ ਹੈ। ਮਾ. ਬਚਿੱਤਰ ਸਿੰਘ ਨੇ ਇਸ ਪੁਸਤਕ ਵਿੱਚ ਡਾ. ਅਮਰ ਸਿੰਘ ਧਾਲੀਵਾਲ ਦੀ ਮੁਲਾਕਾਤ ਦੇ ਹਵਾਲੇ ਨਾਲ ਵਿਸ਼ੇਸ਼ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਲਿਖੀ ਰਚਨਾ ਸ਼ੀਰੀ ਫਰਹਾਦਦੀ ਕਵੀਸ਼ਰੀ ਰੰਗ ਵਿੱਚ ਪੇਸ਼ਕਾਰੀ ਨੇ ਮਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਡਾ. ਹਰਭਜਨ ਸਿੰਘ ਢਿੱਲੋਂ ਨੇ ਪੁਸਤਕ ਬਾਰੇ ਵੱਖਰੇ ਦ੍ਰਿਸ਼ੀਕੋਣ ਤੋਂ ਗੱਲ ਕੀਤੀ। ਉਨ੍ਹਾਂ ਨੇ ਸਰਵਣ ਸਿੰਘ ਦੀ ਮੁਲਾਕਾਤ ਦੇ ਹਵਾਲੇ ਨਾਲ ਗੱਲ ਕੀਤੀ। ਡਾ. ਢਿੱਲੋਂ ਨੇ ਪੱਛਮੀ ਕਾਵਿ-ਸ਼ਾਸ਼ਤਰ ਅਤੇ ਪੂਰਬੀ ਮਾਪਦੰਡਾਂ ਦੇ ਹਵਾਲੇ ਨਾਲ ਮੁਲਾਕਾਤ-ਕਰਤਾ ਦੀ ਵਿਸ਼ੇਸ਼ ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਰੱਖੇ ਅਤੇ ਸਾਦਗੀਨੂੰ ਇਸ ਪੁਸਤਕ ਦਾ ਹਾਸਿਲ ਦੱਸਿਆ।

ਡਾ. ਰਘਬੀਰ ਸਿੰਘ ਸਿਰਜਣਾ ਨੇ ਇਸ ਪੁਸਤਕ ਬਾਰੇ ਡੂੰਘੀ ਵਿਚਾਰ ਚਰਚਾ ਕਰਦਿਆਂ ਆਖਿਆ ਕਿ ਮੈਨੂੰ ਸਤਨਾਮ ਸਿੰਘ ਢਾਅ ਦੇ ਕੰਮ ’ਤੇ ਪੂਰਨ ਤਸੱਲੀ ਹੈ। ਜੋ ਕੰਮ ਸਤਨਾਮ ਢਾਅ ਨੇ ਕੀਤਾ ਹੈ, ਇਹ ਇਤਿਹਾਸਕ ਕੰਮ ਹੈ। ਪੰਜਾਬ ਤੋਂ ਬਾਹਰਲੇ ਪੰਜਾਬੀ ਲੇਖਕਾਂ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਸ ਪੁਸਤਕ ਵਿੱਚ ਮਿਲਦੀ ਹੈ। ਜਿਸ ਤਰ੍ਹਾਂ ਹਰ ਮੁਲਾਕਾਤ ਤੋਂ ਪਹਿਲਾਂ ਲੇਖਕ ਦੀ (ਫੋਟੋ, ਜੀਵਨ ਬਿਓਰਾ, ਰਚਨਾਵਾਂ ਫੋਨ ਅਤੇ ਸਿਰਨਾਵਾਂ) ਫਿਰ ਜਿਸ ਵਿਧਾ ਦਾ ਲੇਖਕ ਹੈ, ਉਸ ਮੁਤਾਬਿਕ ਸਵਾਲ ਕੀਤੇ ਗਏ ਹਨ। ਉਹਨਾਂ ਨੇ ਕਿਤਾਬ ਦੀ ਦਿੱਖ, ਛਪਾਈ ਅਤੇ ਨਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਆਖਿਆ ਮੈਂ ਆਪ ਵੀ ਕਈ ਸਾਹਿਤਕਾਰਾਂ ਨਾਲ ਮੁਲਾਕਤਾਂ ਕੀਤੀਆਂ ਹਨ, ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਇਹ ਕੰਮ ਕਿੰਨਾ ਮੁਸ਼ਕਲ ਹੈ। ਇਹ ਪੁਸਤਕ ਇੱਕ ਦਸਤਾਵੇਜ਼ ਹੈ। ਇਸ ਕੰਮ ਦੀ ਬੜੀ ਲੋੜ ਸੀ। ਸਤਨਾਮ ਸਿੰਘ ਢਾਅ ਇਸ ਕੰਮ ਲਈ ਮੁਬਾਰਕਵਾਦ ਦਾ ਹੱਕਦਾਰ ਹੈ।

ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ ਨੇ ਵਧਾਈ ਦਿੰਦਿਆਂ ਆਖਿਆ ਕਿ ਭਾਵੇਂ ਮੁਲਾਕਾਤਾਂ ਦਾ ਕੰਮ ਬਹੁਤ ਔਖਾ ਹੈ, ਪਰ ਸਤਨਾਮ ਸਿੰਘ ਢਾਅ ਨੇ ਬਾਖੂਬੀ ਨੇਪਰੇ ਚਾੜ੍ਹਿਆ ਹੈ। ਇਸ ਦਾ ਰਾਜ਼ ਇਸ ਦਾ ਸਿਰੜੀ ਸੁਭਾ ਹੈ। ਮੁਲਾਕਾਤਾਂ ਕਰਨ ਲਈ ਸਾਹਿਤਕਾਰਾਂ ਦੇ ਕੰਮ ਨੂੰ ਪੜ੍ਹਨਾ, ਫੇਰ ਵੱਖ ਵੱਖ ਵਿਧੀ ਦੇ ਲੇਖਕਾਂ ਨਾਲ ਗੱਲ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਮੁਲਾਕਾਤਾਂ ਦੀਆਂ ਕਿਤਬਾਂ, ਜੋ ਪਹਿਲਾਂ ਲਿਖੀਆਂ ਗਈਆਂ ਹਨ, ਉਨ੍ਹਾਂ ਨੂੰ ਵੀ ਪੜ੍ਹਿਆ ਹੈ। ਸਾਡੀ ਸਭਾ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਸਾਰੇ ਕੈਨੇਡਾ ਵਿੱਚ ਮੇਰੀ ਨਿਗਾਹ ਵਿੱਚ ਸਤਨਾਮ ਢਾਅ ਹੀ ਹੈ, ਜਿਸ ਨੇ ਪਰਵਾਸੀ ਲੇਖਕਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਹਨ। ਮੇਰੇ ਵੱਲੋਂ ਅਤੇ ਸਾਡੀ ਸਾਰੀ ਸਭਾ ਵੱਲੋਂ ਸਤਨਾਮ ਸਿੰਘ ਢਾਅ ਨੂੰ ਅਤੇ ਇਸ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ! ਮਨਜੋਤ ਗਿੱਲ ਨੇ ਸਤਨਾਮ ਸਿੰਘ ਨੂੰ ਵਧਾਈ ਦਿੱਤੀ ਅਤੇ ਐਮ. ਪੀ. ਦਰਸ਼ਣ ਸਿੰਘ ਕੰਗ ਰੁਝੇਵਿਆਂ ਕਰਕੇ ਔਟਵਾ ਵਿੱਚ ਸਨ, ਉਨ੍ਹਾਂ ਦਾ ਲਿਖਿਆ ਵਧਾਈ ਪੱਤਰ ਪੜ੍ਹ ਕੇ ਸੁਣਾਇਆ।

ਡਾ. ਰਘਬੀਰ ਸਿੰਘ ਸਿਰਜਣਾ ਅਤੇ ਸਭਾ ਦੇ ਸਾਰੇ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਵਿੱਚ ਪੁਸਤਕ ਨੂੰ ਲੋਕ ਅਰਪਨ ਕੀਤਾ। ਉਨ੍ਹਾਂ ਆਖਿਆ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਵੱਧ ਹੌਸਲੇ ਨਾਲ ਪੰਜਾਬੀ ਸਾਹਿਤ ਲਈ ਕੰਮ ਕਰੇਗਾ।

ਕਵਿਤਾ ਦੇ ਦੌਰ ਵਿੱਚ ਜਸਵੰਤ ਸਿੰਘ ਸੇਖੋਂ ਅਤੇ ਛੋਟੇ ਬੱਚਿਆਂ ਨੇ ਕਵੀਸ਼ਰੀ ਰਾਹੀਂ ਪੈਰਿਸ ਵਿਚਲੇ ਦੁਖਾਂਤ ਨੂੰ ਸਾਂਝਾ ਕਰਦਿਆਂ ਇਸ ਦੀ ਨਿੰਦਾ ਕੀਤੀ। ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸੇਖੋਂ ਨੇ 1984 ਦੇ ਦਿੱਲੀ ਦੇ ਕਤਲੇਆਮ ਬਾਰੇ ਕਵਿਤਾ ਸਾਂਝੀ ਕੀਤੀ। ਕਵਿਤਾ ਪੇਸ਼ ਕਰਨ ਵਾਲਿਆਂ ਵਿੱਚ ਆਰ. ਐਸ. ਸੈਣੀ, ਸੁਖਵਿੰਦਰ ਤੂਰ, ਨਵਪ੍ਰੀਤ ਰੰਧਾਵਾ, ਗੁਰਦੀਸ਼ ਗਰੇਵਾਲ, ਕੁਲਦੀਪ ਘਟੌੜਾ, ਹਰਮਿੰਦਰ ਕੌਰ ਢਿੱਲੋਂ, ਅਜੈਬ ਸਿੰਘ ਸੇਖੋਂ, ਗੁਰਚਰਨ ਕੌਰ ਥਿੰਦ, ਜਗਜੀਤ ਰਹਿਸੀ, ਅਤੇ ਮਹਿੰਦਰ ਸਿੰਘ ਨੂਰਪੁਰੀ ਸ਼ਾਮਲ ਸਨ। ਰਜਿੰਦਰਪਾਲ ਹੁੰਦਲ ਨੇ ਚੁਟਕਲਿਆਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਇਨ੍ਹਾਂ ਤੋਂ ਇਲਾਵਾ ਜਸਵੀਰ ਸਿਹੋਤਾ, ਜਰਨੈਲ ਤੱਗੜ, ਰਣਜੀਤ ਸਿੱਧੂ, ਰਮਨ ਸਿੱਧੂ, ਹਰਚਰਨ ਪਰਹਾਰ, ਗੁਰਦੀਪ ਪਰਹਾਰ ਅਤੇ ਜਗਵੰਤ ਗਿੱਲ ਨੇ ਵੀ ਭਰਵੀਂ ਹਾਜ਼ਰੀ ਲਗਵਾਈ। ਇਸ ਮੌਕੇ ਤੇ ਸਤਨਾਮ ਸਿੰਘ ਢਾਅ ਦੇ ਮਾਤਾ ਪਿਤਾ ਜੀ, ਚਾਚਾ ਜੀ ਅਜੈਬ ਸਿੰਘ ਛੋਕਰ ਅਤੇ ਹੋਰ ਬਹੁਤ ਸਾਰੇ ਰਿਸ਼ਤੇਦਾਰ, ਭੈਣ, ਭਰਾ ਤੇ ਮਿੱਤਰ ਦੋਸਤ ਹਾਜ਼ਰ ਹੋਏ। ਬਹੁਤ ਸਾਰੀਆਂ ਕਿਤਾਬਾਂ ਪਾਠਕਾਂ ਨੇ ਹੱਥੋ ਹੱਥ ਖ਼ਰੀਦਣ ਦੀ ਦਿਲਚਸਪੀ ਲਈ।

ਕੇਸਰ ਸਿੰਘ ਨੀਰ ਨੇ ਆਏ ਸਹਿਤ ਪ੍ਰੇਮੀਆਂ, ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ, ਪੰਜਾਬੀ ਮੀਡੀਆ, ਫੋਟੋਗ੍ਰਾਫੀ ਦੀ ਸੇਵਾ ਲਈ ਦਿਲਜੀਤ ਹੁੰਝਣ ਦਾ ਖ਼ਾਸ ਧੰਨਵਾਦ ਕੀਤਾ। ਇਸ ਤੋਂ ਬਾਅਦ ਸਤਨਾਮ ਸਿੰਘ ਢਾਅ ਨੇ ਸਾਰੇ ਹੀ ਆਏ ਹੋਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੁਲਾਰਿਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਮੱਦੇ-ਨਜ਼ਰ ਰੱਖ ਕੇ ਅਗਲੀਆਂ ਮੁਲਾਕਾਤਾਂ ਨੂੰ ਹੋਰ ਬੇਹਤਰ ਕਰਨ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਵੈਨਕੋਵਰ ਤੋਂ ਆਏ ਵਿਦਵਾਨ ਡਾ. ਰਘਬੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

ਅਗਲੀ ਮੀਟਿੰਗ ਦਸੰਬਰ 12, 2015 ਨੂੰ ਕੋਸੋ ਹਾਲ ਵਿੱਚ ਹੋਵੇਗੀ। ਹੋਰ ਜਾਣਕਾਰੀ ਲਈ ਕੇਸਰ ਸਿੰਘ ਨੀਰ ਨੂੰ 403-293-9039 ਅਤੇ ਲਖਬੀਰ ਸਿੰਘ ਰਿਆੜ ਨੂੰ 403-402-7579 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

*****

(129)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਇਕਬਾਲ ਖਾਨ

ਇਕਬਾਲ ਖਾਨ

Calgary, Alberta, Canada.
Phone: (403 - 921 - 8736)
Email: (i.s.kalirai@hotmail.com)