Krantipal7ਪਰ ਜਦੋਂ ਮੈਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਉੱਤਰਿਆ ਤਾਂ ਉਹ ਮੈਨੂੰ ...
(11 ਸਤੰਬਰ 2018)

 

ਮੇਰੀ ਉਸ ਨਾਲ ਦੋਸਤੀ ਉਸ ਸਮੇਂ ਹੀ ਪੈ ਗਈ ਸੀ ਜਦੋਂ ਉਹ ਪੰਜਾਬ ਆਇਆ ਸੀਕੀ ਹੋਇਆ ਕਿ ਉਹ ਆਪਣੀ ਮਾਸੀ ਦੇ ਮੁੰਡੇ ਨਾਲ ਮੋਟਰ ’ਤੇ ਨਹਾਉਣ ਚਲਾ ਗਿਆਮੈਂ ਵੀ ਨਾਲ ਸੀਜਦੋਂ ਉਹ ਨਹਾ ਕੇ ਖੈਲ਼ ਵਿੱਚੋਂ ਬਾਹਰ ਨਿੱਕਲਿਆ ਤਾਂ ਉਸ ਨੇ ਤੇੜ ਪਾਇਆ ਕੱਛਾ ਲਾਹ ਕੇ, ਨਿਚੋੜ ਕੇ ਸੁੱਕਣਾ ਪਾ ਦਿੱਤਾ ਅਤੇ ਨਵੇਂ ਕੱਪੜੇ ਪਾ ਕੇ ਤਿਆਰ ਹੋ ਗਿਆ ਉਸਦੀ ਮਾਸੀ ਦਾ ਮੁੰਡਾ ਵੀ ਨਹਾਉਣਾ ਚਾਹੁੰਦਾ ਸੀ ਪਰ ਉਸ ਕੋਲ ਵਾਧੂ ਕੱਛਾ ਨਾ ਹੋਣ ਕਰਕੇ ਉਸ ਨੇ ਉਸ ਦਾ ਕੱਛਾ ਪਾ ਕੇ ਨਹਾਉਣਾ ਸ਼ੁਰੂ ਕਰ ਦਿੱਤਾਜਦੋਂ ਉਹ ਮੁੰਡਾ ਨਹਾ ਕੇ ਖੈਲ਼ ਵਿੱਚੋਂ ਬਾਹਰ ਨਿੱਕਲਿਆ ਤਾਂ ਉਸ ਦੀ ਨਿਗਾਹ ਆਪਣੇ ਕੱਛੇ ’ਤੇ ਪੈ ਗਈ ਤੇ ਉਹ ਇਕਦਮ ਪੀਲ਼ਾ ਪੈ ਗਿਆ। ਉਦਾਸ ਹੋ ਗਿਆ, ਇਸ ਕਰਕੇ ਨਹੀਂ ਕਿ ਮੇਰਾ ਕੱਛਾ ਪਾ ਕੇ ਇਹ ਕਿਉਂ ਨਹਾਤਾ, ਇਸ ਕਰਕੇ ਕਿ ਮੇਰੇ ਕੋਲੋਂ ਪੁੱਛੇ ਬਿਨਾਂ ਉਸ ਨੇ ਇਹ ਹਰਕਤ ਕਿਉਂ ਕੀਤੀ? ਉਹ ਵਾਪਸ ਅਮਰੀਕਾ ਚਲਾ ਗਿਆ ਪਰ ਆਪਣਾ ਕੱਛਾ ਸਾਰੀ ਉਮਰ ਲਈ ਆਪਣੀ ਮਾਸੀ ਦੇ ਮੁੰਡੇ ਨੂੰ ਦੇ ਗਿਆ, ਆਪਣੇ ਨਾਲ ਨਹੀਂ ਲੈ ਕੇ ਗਿਆ।

ਮੈਂ ਜਦੋਂ ਅਮਰੀਕਾ ਜਾਣਾ ਸੀ ਤਾਂ ਉਸ ਨਾਲ ਗੱਲ ਕੀਤੀ ਕਿ ਮੈਂ ਅਮਰੀਕਾ ਆਉਣਾ ਚਾਹੁੰਦਾ ਹਾਂਉਸ ਨੇ ਮੈਨੂੰ ਬਹੁਤ ਪਿਆਰ ਨਾਲ ਸਲਾਹ ਦਿੱਤੀ ਕਿ 12 ਜੂਨ ਤੋਂ ਬਾਅਦ ਕਦੋਂ ਵੀ ਆ ਜਾਓ, ਮੇਰੇ ਪੇਪਰ ਮੁੱਕ ਜਾਣਗੇ, ਮੈਨੂੰ ਛੁੱਟੀਆਂ ਹੋ ਜਾਣਗੀਆਂ। ਮੈਂ ਇਸੇ ਤਰ੍ਹਾਂ ਹੀ ਕੀਤਾ ਪਰ ਜਦੋਂ ਮੈਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਉੱਤਰਿਆ ਤਾਂ ਉਹ ਮੈਨੂੰ ਏਅਰਪੋਰਟ ’ਤੇ ਇਸ ਲਈ ਲੈਣ ਨਹੀਂ ਆਇਆ ਕਿਉਂਕਿ ਉਸ ਦਿਨ ਉਸ ਦਾ ਅਖ਼ੀਰਲਾ ਪੇਪਰ ਸੀ।

ਪੇਪਰਾਂ ਤੋਂ ਵਿਹਲਾ ਹੋ ਕੇ ਉਹ ਮੇਰੇ ਦੁਆਲੇ ਹੋ ਗਿਆ। ਮੈਨੂੰ ਕਦੇ-ਕਦੇ ਬਾਹਰ ਘੁਮਾਉਣ ਲਈ ਵੀ ਲੈ ਜਾਂਦਾ ਜਾਂ ਘਰ ਆਪਣੇ ਕਮਰੇ ਵਿੱਚ ਬੁਲਾ ਕੇ ਢੇਰ ਸਾਰੀਆਂ ਗੱਲਾਂ ਮਾਰਦਾ ਰਹਿੰਦਾ।

ਉਸ ਦੀ ਅਜੇ ਐਨੀ ਉਮਰ ਨਹੀਂ ਸੀ ਹੋਈ ਕਿ ਉਹ ਕਾਰ ਰੋਡ ’ਤੇ ਚਲਾ ਸਕਦਾ, ਪਰ ਫਿਰ ਵੀ ਏਧਰ-ਓਧਰ ਬੱਸਾਂ ਤੇ ਟਰੇਨਾਂ ਰਾਹੀਂ ਉਹ ਮੈਂਨੂੰ ਘੁਮਾਉਂਦਾ ਫਿਰਦਾ ਰਹਿੰਦਾ। ਬਹੁਤ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਦਿੰਦਾ ਕਈ ਸਵਾਲ ਪੁੱਛਦਾ, ਫਿਰ ਆਪ ਹੀ ਜਵਾਬ ਦੇ ਕੇ ਨਵਾਂ ਸਵਾਲ ਸ਼ੁਰੂ ਕਰ ਦਿੰਦਾ।

ਸਟੋਰਾਂ, ਮਾਲਾਂ ਜਾਂ ਸੜਕਾਂ ’ਤੇ ਘੁੰਮਦਿਆਂ ਮੈਨੂੰ ਇੱਕ ਗੱਲ ਉਹ ਵਾਰ-ਵਾਰ ਆਖਦਾ, “ਦੇਖਣਾ ਨ੍ਹੀ।” ਮੈਂ ਅਕਸਰ ਅਮਰੀਕਾ ਦੀ ਦੁਨੀਆ ਦੇਖ ਕੇ ਭਟਕ ਜਾਂਦਾ ਤੇ ਆਪਣੇ ‘ਦੇਸੀ ਕਿਰਦਾਰ’ ਨੂੰ ਉਭਾਰਦਾ ਹੋਇਆ ਅੱਖਾਂ ਗੱਡ ਕੇ ਵੇਖਣ ਲੱਗ ਜਾਂਦਾ। ਉਹ ਮੈਨੂੰ ਇੰਝ ਦੇਖਦਿਆਂ ਹਮੇਸ਼ਾ ਕਹਿੰਦਾ, “ਨੋ”

ਇੱਕ ਦਿਨ ਉਹ ਮੈਨੂੰ ਕਹਿਣ ਲੱਗਾ, “ਤੁਸੀਂ ਜਿੰਨਾ ਕਿਸੇ ਵੱਲ ਵੇਖੋਗੇ, ਗੱਲ ਸੁਣੋਗੇ, ਧਿਆਨ ਦੇਵੋਗੇ, ਉੰਨਾ ਹੀ ਫਸੋਗੇ। ... ਇੱਥੇ ਸਾਰਾ ਮਸਲਾ ਧਿਆਨ ਦੇਣ ’ਤੇ ਹੈ। ਮੈਂ ਸਕੂਲ ਜਾਂਦਾ ਹਾਂ ਮੈਨੂੰ ਕਈ (ਮੇਰੇ ਦੋਸਤ ਨਹੀਂ) ਨਸਲੀ ਟਿੱਪਣੀ ਕਰਦੇ ਹਨ ਅਤੇ ‘ਟਰਬਨਮੈਨ’ ਆਖਦੇ ਹਨ, ਮੈਂ ਉਨ੍ਹਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ। ਮੈਂ ਹੀ ਨਹੀਂ, ਮੇਰੇ ਹੋਰ ਪੰਜਾਬੀ ਸਿੱਖ ਦੋਸਤ ਵੀ ਇਸੇ ਤਰ੍ਹਾਂ ਕਰਦੇ ਹਨਧਿਆਨ ਦੇਣ ਦਾ ਮਤਲਬ ਉਸਦੀ ਗੱਲ ਨੂੰ ਹੁੰਗਾਰਾ ਦੇਣਾ ਹੈ ... ਅਸੀਂ ਪੰਜਾਬ ਵਿੱਚੋਂ ਆਏ ਹਾਂ, ਇੱਥੇ ਰਹਿੰਦੇ ਹਾਂ, ਇਸ ਦੇਸ਼ ਦੇ ਨਾਗਰਿਕ ਹਾਂ, ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ। ਲੇਕਿਨ ਫਿਰ ਵੀ ਕੁਝ ਕੁ ਲੋਕ ਹਨ, ਜਿਹੜੇ ਨਸਲੀਪੁਣੇ ਵਿੱਚ ਫਸੇ ਹੋਏ ਹਨ। ਹਾਲਾਂਕਿ ਅਜਿਹੇ ਲੋਕਾਂ ਲਈ ਅਮਰੀਕਾ ਵਿੱਚ ਕੋਈ ਥਾਂ ਨਹੀਂ, ਪਰ ਜੇ ਅਜਿਹੇ ਲੋਕ ਹਨ ਤਾਂ ਕੀ ਕੀਤਾ ਜਾ ਸਕਦਾ ਹੈ, ਗ਼ਲਤ ਲੋਕ ਤਾਂ ਹਰ ਥਾਂ ਹੁੰਦੇ ਹਨ। ...

“ਮੈਂ ਦਸਵੀਂ ਪਾਸ ਕਰ ਲਈ ਹੈ। ਗੋਰੇ-ਕਾਲ਼ੇ ਮੁੰਡੇ-ਕੁੜੀਆਂ ਮੇਰੇ ਦੋਸਤ ਹਨ ਉਨ੍ਹਾਂ ਦਾ ਮੇਰੇ ਘਰ ਆਉਣ ਜਾਣ ਹੈ। ਉਹ ਕਦੇ ਵੀ ਨਹੀਂ ਸੋਚਦੇ ਕਿ ਮੈਂ ਕੀ ਹਾਂ? ਕੌਣ ਹਾਂ? ਕਿੱਥੋਂ ਆਇਆ ਹਾਂ? ਇਸ ਦਾ ਕਾਰਣ ਇਹ ਵੀ ਹੈ ਕਿ ਅਸੀਂ ਅਜਿਹਾ ਨਹੀਂ ਸੋਚਦੇ, ਪਰ ਕਦੇ-ਕਦੇ ਸਾਡੇ ਆਪਣੇ ਮੁਲਕ ਤੋਂ ਆਏ ਨਵੇਂ ਪਰਿਵਾਰਾਂ ਦੇ ਬੱਚੇ ਅਜਿਹਾ ਸੋਚਦੇ ਹਨ। ਮੈਨੂੰ ਮੇਰੇ ਇੱਕ ਮਿੱਤਰ, ਸ਼ਾਇਦ ਉਸਦਾ ਗੋਤ ਢਿੱਲੋਂ ਹੈ, ਨੇ ਪੁੱਛ ਲਿਆ, “ਤੁਸੀਂ ਕੌਣ ਹੁੰਦੇ ਹੋ?” ਮੈਂ ਕਿਹਾ, “ਅਸੀਂ ਸਿੱਖ ਹੁੰਦੇ ਹਾਂ” ਤਾਂ ਉਹ ਕਹਿਣ ਲੱਗਾ, “ਗੋਤ ਕੀ ਹੈ?” ਮੈਂ ਕਿਹਾ, “ਅਸੀਂ ਬੇਦੀ ਹੁੰਦੇ ਹਾਂ” ਜਿਵੇਂ ਮੇਰਾ ਨਾਂ ਸੁਖਪ੍ਰੀਤ ਸਿੰਘ ਬੇਦੀ ਹੈ। ਉਹ ਹੱਸ ਕੇ ਮੈਨੂੰ ਆਖਦਾ ਹੈ, “ਬੇਦੀ ਜੱਟ ਨਹੀਂ ਹੁੰਦੇ।” ਅਜਿਹੇ ਮਿੱਤਰਾਂ ਦਾ ਕੀ ਕੀਤਾ ਜਾਵੇ? ਮੈਂ ਉਸ ਨੂੰ ਕਿਹਾ ਕਿ ਜੱਟ ਵੱਡਾ ਹੈ ਜਾਂ ਸਿੱਖ? ਫਿਰ ਉਹ ਚੁੱਪ ਕਰ ਗਿਆ ਕਿਉਂਕਿ ਉਹ ਜੱਟਾਂ ਦੇ ਗਾਣੇ ਸੁਣਦਾ-ਸੁਣਦਾ ਭੁੱਲ ਗਿਆ ਕਿ ‘ਸਿੱਖੀ’ ਦਾ ਵੀ ਕੋਈ ਵਜੂਦ ਹੈ।

“ਅਸੀਂ ਸਾਰੇ ਮਿੱਤਰ, ਜਿਨ੍ਹਾਂ ਵਿੱਚੋਂ ਸਿੱਖ ਪਰਿਵਾਰਾਂ ਨਾਲ ਵੀ ਜੁੜੇ ਹੋਏ ਹਾਂ, ਆਪਸ ਵਿੱਚ ਗੱਲਬਾਤ ਕਰਦਿਆਂ ਅੰਗਰੇਜ਼ੀ ਹੀ ਬੋਲਦੇ ਹਾਂ ਇਹ ਨਹੀਂ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ, ਮੇਰੇ ਸਾਰੇ ਮਿੱਤਰਾਂ ਨੂੰ ਪੰਜਾਬੀ ਬੋਲਣੀ ਤੇ ਸਮਝਣੀ ਆਉਂਦੀ ਹੈ, ਲਿਖਣਾ ਤੇ ਪੜ੍ਹਨਾ ਦਿੱਕਤ ਦਾ ਕੰਮ ਹੈ ਕਿਉਂਕਿ ਅਜਿਹੀ ਕਦੇ ਲੋੜ ਵੀ ਮਹਿਸੂਸ ਨਹੀਂ ਹੁੰਦੀ।”

ਸੁਖਪ੍ਰੀਤ ਸਿੰਘ ਬੇਦੀ, ਜਿਸ ਨੂੰ ਮੈਂ ਪਿਆਰ ਨਾਲ ਸੁੱਖੀ ਬੇਬੀ ਕਹਿ ਕੇ ਬੁਲਾਉਂਦਾ ਹਾਂ, ਮੈਨੂੰ ਉਸਦੀਆਂ ਗੱਲਾਂ ਵਿੱਚੋਂ ਸਿੱਖੀ ਨਜ਼ਰ ਆਉਂਦੀ ਹੈ ਉਹ ਸਿੱਖੀ ਜਿਸ ਨੂੰ ਅਜੇ ਪੰਜਾਬੀਆਂ ਦੀ ਨਜ਼ਰ ਨਹੀਂ ਲੱਗੀ, ਜੋ ਰਾਜਨੀਤੀ ਤੋਂ ਕੋਹਾਂ ਦੂਰ ਹੈ, ਜਿਸ ਲਈ ਆਪਣੀ ਕੌਮ ਨੂੰ ਹਰ ਪੱਖ ਤੋਂ ਜਾਣਨ ਤੇ ਸਮਝਣ ਦੀ ਇੱਛਾ ਹੈ। ਬਾਹਰ ਵਸਦੇ ਪੰਜਾਬੀ ਭਾਵੇਂ ਕਿਸੇ ਵੀ ਰੰਗ ਵਿੱਚ ਰੰਗੇ ਜਾਣ ਪਰ ਸਿੱਖੀ ਕਦੇ ਵੀ ਕਿਸੇ ਰੰਗ ਵਿੱਚ ਰੰਗੀ ਨਹੀਂ ਜਾ ਸਕਦੀ ਪੰਜਾਬੀ ਖ਼ਤਮ ਹੋ ਸਕਦੀ ਹੈ ਪਰ ਸਿੱਖੀ ਆਉਂਦੇ ਸਮੇਂ ਤੱਕ ਆਪਣੇ-ਆਪ ਨੂੰ ਹੋਰ ਨਿਖਾਰੇਗੀਤੁਹਾਨੂੰ ਜਿੰਨਾ ਚਿਰ ਇਹ ਨਹੀਂ ਪਤਾ ਕਿ ਤੁਸੀਂ ਕੀ ਹੋ ਤੇ ਤੁਹਾਡੀ ਕੌਮ/ਧਰਮ ਨੇ ਕੀ ਕੀ ਜੱਦੋਜਹਿਦ ਕੀਤੀ ਹੈ, ਆਪਣੀ ਹੋਂਦ ਨੂੰ ਬਚਾਉਣ ਲਈ, ਉਦੋਂ ਤੱਕ ਤੁਸੀਂ ਆਪਣੇ-ਆਪ ਨਾਲ ਜੁੜ ਨਹੀਂ ਸਕਦੇ। ਉਹ ਆਖਦਾ ਹੈ, ਮੈਂ ਇਹ ਗੱਲਾਂ ਉਸ ਸਮੇਂ ਸਮਝੀਆਂ ਤੇ ਸਵੀਕਾਰ ਕੀਤੀਆਂ ਹਨ ਜਦੋਂ 1984 ਬਾਰੇ ਆਪਣੇ ‘ਇੱਕ ਪ੍ਰੋਜੈਕਟ’ ’ਤੇ ਕੰਮ ਕਰ ਰਿਹਾ ਸੀ।

ਮੈਂ ਵੀਹ ਦਿਨ ਉਸ ਕੋਲ ਲਾ ਕੇ ਜਦੋਂ ਵਾਪਸ ਪੰਜਾਬ ਆ ਰਿਹਾ ਸੀ ਤਾਂ ਉਹ ਕਿਸੇ ਕੈਂਪ ਵਿੱਚ ਜਾਣ ਲਈ ਫਾਰਮ ਭਰ ਰਿਹਾ ਸੀ ਇਸ ਲਈ ਉਹ ਕਈ ਦਿਨਾਂ ਤੋਂ ਸੋਚ ਰਿਹਾ ਸੀ ਤੇ ਉਸ ਨੂੰ ਚਿੰਤਾ ਵੀ ਸੀ ਕਿ ਇਸ ਵਿੱਚ ਦਾਖ਼ਲਾ ਮਿਲੇਗਾ ਜਾਂ ਨਹੀਂ। ਉਸ ਦੀ ਚਿੰਤਾ ਉਸ ਦੀ ਗੁਰਸਿੱਖ ਦਾਦੀ ਨੂੰ ਵੀ ਸੀ। ਸੁੱਖੀ ਦੀ ਵਧ ਰਹੀ ਚਿੰਤਾ ਨੂੰ ਵੇਖ ਕੇ ਉਸ ਦੀ ਦਾਦੀ ਨੇ ਕਿਹਾ ਕਿ ਤੈਨੂੰ ਹੁਣ ਤਾਂ ਛੁੱਟੀਆਂ ਹੋਈਆਂ ਨੇ ਤੂੰ ਫਿਰ ‘ਕੈਂਪ’ ਲਾਉਣ ਦੀ ਤਿਆਰੀ ਕਰ ਰਿਹਾ ਹੈਂ, ਮੈਨੂੰ ਦੱਸ ਤਾਂ ਸਹੀ ਕਿ ਤੂੰ ਇਸ ਕੈਂਪ ਵਿੱਚ ਸਿੱਖੀ ਬਾਰੇ ਹੋਰ ਕੀ ਸਿੱਖੇਂਗਾ, ਜੋ ਮੈਂ ਤੈਨੂੰ ਸਿਖਾ ਨਹੀਂ ਸਕੀ?

ਉਹ ਆਪਣੀ ਦਾਦੀ ਨੂੰ ਬਹੁਤ ਪਿਆਰ ਨਾਲ ਆਖਦਾ ਹੈ, “ਤੁਹਾਡੀ ਗੱਲ ਬਿਲਕੁਲ ਠੀਕ ਹੈ ਦਾਦੀ ਮਾਂ, ਮੈਂ ਤੁਹਾਡੇ ਤੋਂ ਸਿੱਖ ਧਰਮ/ਗੁਰਬਾਣੀ/ਰਵਾਇਤਾਂ ਬਾਰੇ ਸਾਰਾ ਕੁਝ ਗਿਆਨ ਹਾਸਿਲ ਕੀਤਾ, ਪਰ ਇਹ ਕੈਂਪ ਵੱਖਰੀ ਤਰ੍ਹਾਂ ਦਾ ਹੈ।”

“ਮੈਨੂੰ ਦੱਸ ਤਾਂ ਸਹੀ ਕਿ ਇਸ ਵਿੱਚ ਕੀ ਵੱਖਰੀ ਤਰ੍ਹਾਂ ਦਾ ਹੈ?”

“ਇਹ ਕੈਂਪ ਸਾਨੂੰ ਇਸ ਗੱਲ ਦਾ ਗਿਆਨ ਦੇਵੇਗਾ ਕਿ ਸਾਡੀ ਕੌਮ ਦੇ ਕੀ-ਕੀ ਅਧਿਕਾਰ ਹਨ? ਦਾਦੀ ਮਾਂ ਅਧਿਕਾਰਾਂ ਦਾ ਤਾਂ ਤੈਨੂੰ ਵੀ ਨਹੀਂ ਪਤਾ?”

*****

(1299)

About the Author

ਡਾ. ਕਰਾਂਤੀ ਪਾਲ

ਡਾ. ਕਰਾਂਤੀ ਪਾਲ

Phone: (91 - 92165 - 35617)
Email: (krantipal@hotmail.com)