DarshanSRiar7ਬੇਰੋਜ਼ਗਾਰੀ ਦਾ ਹੱਲ ਸਰਕਾਰਾਂ ਨੇ ਤਾਂ ਕੋਈ ਕੱਢਿਆ ਨਹੀਂ, ਹੁਣ ਮਜਬੂਰ ਹੋ ਕੇ ਨੌਜਵਾਨਾਂ ਨੇ ...
(6 ਸਤੰਬਰ 2018)

 

ਸਾਡਾ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈਅਬਾਦੀ ਵੀ ਬਹੁਤ ਜ਼ਿਆਦਾ ਤੇ ਵੋਟਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾਹਰ ਪੰਜ ਸਾਲ ਬਾਦ ਇੱਥੇ ਕੇਂਦਰ ਦੀ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਲਈ ਵੋਟਾਂ ਪੈਂਦੀਆਂ ਹਨਕਈ ਵਾਰ ਮੱਧਕਾਲੀ ਚੋਣਾਂ ਦਾ ਸਿਲਸਲਾ ਵੀ ਬਣ ਜਾਂਦਾ ਹੈਸ਼ੁਰੂ ਸ਼ੁਰੂ ਵਿੱਚ ਤਾਂ ਇੱਥੇ ਇਕ ਕਾਂਗਰਸ ਹੀ ਮੁੱਖ ਪਾਰਟੀ ਹੁੰਦੀ ਸੀ ਪਰ ਹੌਲੀ ਹੌਲੀ ਪਾਰਟੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਬੈਲਟ ਪੇਪਰਾਂ ਦੇ ਅਕਾਰ ਵੀ ਵੱਡੇ ਵੱਡੇ ਹੋ ਗਏ ਹਨਨੈਸ਼ਨਲ ਪਾਰਟੀਆਂ ਦੀ ਗਿਣਤੀ ਤਾਂ ਭਾਵੇਂ ਉੰਨੀ ਨਹੀਂ ਵਧੀ ਪਰ ਪ੍ਰਾਂਤਿਕ ਪਾਰਟੀਆਂ ਦੀ ਗਿਣਤੀ ਬਹੁਤ ਵਧ ਗਈ ਹੈ

ਕਾਂਗਰਸ, ਭਾਜਪਾ, ਸੀਪੀਆਈ, ਸੀਪੀਐੱਮ ਤੋਂ ਬਾਦ ਇਕ ਨਵੀਂ ਪਾਰਟੀ ਆਮ ਆਦਮੀ ਪਾਰਟੀ ਇਕ ਕਰਾਂਤੀਕਾਰੀ ਤਰੀਕੇ ਨਾਲ ਉਪਜੀ ਸੀ ਤੇ ਲੋਕਾਂ ਨੂੰ ਇਕ ਵਿਸ਼ਵਾਸ ਬਣਦਾ ਨਜ਼ਰ ਆ ਰਿਹਾ ਸੀ ਕਿ ਇਹ ਪਾਰਟੀ ਇਕ ਤੀਜੇ ਬਦਲ ਵਜੋਂ ਭਾਰਤ ਦੇ ਨਕਸ਼ੇ ’ਤੇ ਉੱਭਰੇਗੀਪਹਿਲੀ ਹੀ ਚੋਣ ਵਿੱਚ ਇਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਸਿਰ ’ਤੇ ਚੁੱਕ ਲਿਆ ਤੇ ਚਾਰ ਸੀਟਾਂ ’ਤੇ ਜਿੱਤ ਦਿਵਾ ਕੇ ਰਾਜਨੀਤਕ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ ਸੀਫਿਰ ਦਿੱਲੀ ਪਾਂਤ ਦੀਆਂ 70 ਵਿੱਚੋਂ 67 ਸੀਟਾਂ ’ਤੇ ਜਿੱਤ ਸੋਨੇ ਤੇ ਸੁਹਾਗਾ ਸੀ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਇਹ ਪਾਰਟੀ ਦਿੱਲੀ ਵਿੱਚ ਅਹਿਮ ਕੰਮ ਕਰਨਾ ਚਾਹੁੰਦੀ ਸੀ ਪਰ ਐੱਲ ਜੀ ਨਾਲ ਤਾਕਤਾਂ ਦੇ ਅਧਾਰ ’ਤੇ ਛਿੜੀ ਖਿਚੋਤਾਣ ਕਾਰਨ ਉਹ ਕੰਮ ਨਹੀਂ ਹੋ ਸਕਿਆਉਂਜ ਖਬਰਾਂ ਤੋਂ ਪਤਾ ਚੱਲਦਾ ਹੈ ਕਿ ਤਾਕਤਾਂ ਦੇ ਲਿਹਾਜ਼ ਨਾਲ ਇਸ ਪਾਰਟੀ ਨੇ ਦਿੱਲੀ ਵਿੱਚ ਕਾਬਲੇਤਰੀਫ ਕੰਮ ਕੀਤਾ ਹੈ

ਪਰ 2017 ਦੀਆ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੌਰਾਨ ਇਸ ਪਾਰਟੀ ਦੀ ਪੰਜਾਬ ਵਿੱਚ ਬਹੁਤ ਵੱਡੀ ਹਵਾ ਬਣ ਗਈ ਸੀ ਤੇ ਪਾਰਟੀ ਵਾਲੇ 100 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੇ ਸੁਪਨੇ ਲੈਣ ਲੱਗ ਪਏ ਸਨਪਰ ਮੁੱਖ ਮੰਤਰੀ ਦੀ ਕੁਰਸੀ ਦੇ ਨਾਮ ’ਤੇ ਇੱਥੇ ਅੰਦਰਖਾਤੇ ਐਸੀ ਖਿੱਚੋਤਾਣ ਸ਼ੁਰੂ ਹੋਈ ਕਿ ਰਿੱਝੀ ਹੋਈ ਖੀਰ ਦਾ ਦਲੀਆ ਬਣ ਗਿਆਦਰਅਸਲ ਮੁੱਖਮੰਤਰੀ ਦੀ ਕੁਰਸੀ ’ਤੇ ਦਿੱਲੀ ਵਾਲਿਆਂ ਦੀ ਨਜ਼ਰ ਸੀ ਤੇ ਆਨੇ ਬਹਾਨੇ ਨਾਲ ਜਦੋਂ ਮੌਸਮ ਖੁਸ਼ਗਵਾਰ ਸੀ, ਰਾਹ ਪੱਧਰਾ ਕਰਨ ਲਈ ਛੋਟੇਪੁਰ ਦੀ ਛੁੱਟੀ ਕਰ ਦਿੱਤੀ ਗਈਇਸ ਤਬਦੀਲੀ ਨਾਲ ‘ਵਿਹੜੇ ਆਈ ਜੰਜ ਤੇ ਵਿੰਨੋ ਕੁੜੀ ਦੇ ਕੰਨ’ ਵਾਲੀ ਗੱਲ ਹੋਈ ਪਤਾ ਨਹੀਂ ਕੁਰਬਾਨੀਆਂ ਦੀ ਗੱਲ ਕਰਨ ਵਾਲੇ ਤੇ ਤਾਕਤ ਦੀ ਲਾਲਸਾ ਤੋਂ ਬਿਨਾਂ ਦੇਸ਼ ਦੀ ਸੇਵਾ ਕਰਨ ਦੇ ਦਮਗਜ਼ੇ ਮਾਰਨ ਵਾਲਿਆਂ ਨੂੰ ਇਸ ਬੱਜਰ ਗਲਤੀ ਦਾ ਅਹਿਸਾਸ ਕਿਉਂ ਨਹੀਂ ਹੋਇਆ? ਕੁਝ ਵੀ ਹੋਵੇ, ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਪੈਰਾਂ ’ਤੇ ਆਪ ਹੀ ਕੁਹਾੜਾ ਮਾਰ ਕੇ ਬੂਹੇ ਆਈ ਜਿੱਤ ਨੂੰ ਦੁਰਕਾਰਿਆ ਸੀ

ਕਹਿੰਦੇ ਹਨ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇਵਿਰੋਧੀ ਪਾਰਟੀ ਬਣ ਕੇ ਪੰਜਾਬ ਵਿੱਚ ਇਹ ਪਾਰਟੀ ਵਧੀਆ ਕੰਮ ਕਰ ਰਹੀ ਸੀਫਿਰ ਅੱਖ ਦੇ ਫੌਰ ਵਿੱਚ ਹੀ ਪਾਰਟੀ ਦਾ ਲੀਡਰ ਬਦਲ ਕੇ ਪਾਰਟੀ ਨੇ ਆਪਣੇ ਆਪ ਨੂੰ ਇੱਕ ਬਾਰ ਫਿਰ ਕੁਟਿਹਰੇ ਵਿੱਚ ਖੜ੍ਹਾ ਕਰ ਲਿਆ ਹੈਸੁਖਪਾਲ ਸਿੰਘ ਖਹਿਰਾ ਇਸ ਪਾਰਟੀ ਵੱਲੋਂ ਵਿਰੋਧੀ ਪਾਰਟੀ ਹੋਣ ਕਾਰਨ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ ਸੀਉਹ ਆਪਣੀ ਡਿਊਟੀ ਵੀ ਵਧੀਆ ਤਰੀਕੇ ਨਾਲ ਨਿਭਾ ਰਿਹਾ ਸੀਉਂਜ ਸੋਲਾਂ ਕਲਾਂ ਸੰਪੂਰਨ ਬੰਦਾ ਲੱਭਣਾ ਅੱਜਕੱਲ ਦੇ ਸਮੇਂ ਵਿੱਚ ਬਹੁਤ ਔਖਾ ਹੈਚਾਹੇ ਖਹਿਰਾ ਹਰ ਕੰਮ ਕਾਹਲੀ ਨਾਲ ਕਰਨ ਦੇ ਆਦੀ ਹਨ ਪਰ ਫਿਰ ਵੀ ਵਿਰੋਧੀ ਪਾਰਟੀ ਦੇ ਨੇਤਾ ਦੇ ਤੌਰ ’ਤੇ ਉਹ ਡਿਊਟੀ ਕਾਫੀ ਵਧੀਆ ਤਰੀਕੇ ਨਾਲ ਨਿਭਾ ਰਹੇ ਸਨਪਰ ਇਕ ਸਾਲ ਦੇ ਸਮੇਂ ਤੋਂ ਵੀ ਪਹਿਲਾਂ ਅਚਾਨਕ ਉਸ ਨੂੰ ਹਟਾ ਦਿੱਤਾ ਗਿਆਇਸ ਨਾਲ ਉਸਦੇ ਮਨ ਵਿੱਚ ਰੋਸ ਹੋਣਾ ਕੁਦਰਤੀ ਸੀਭਾਵੇਂ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਵਿੱਚ ਦਖਲ ਦੇਣ ਦਾ ਕਿਸੇ ਨੂੰ ਵੀ ਹੱਕ ਨਹੀਂ ਹੈ ਪਰ ਲੋਕਤੰਤਰ ਹੋਣ ਕਾਰਨ ਲੋਕਤੰਤਰੀ ਰਵਾਇਤਾਂ ਦੀ ਪਾਲਣਾ ਕਰਨਾ ਜਜ਼ਰੀ ਬਣ ਜਾਂਦਾ ਹੈਹੁਣ ਪਾਰਟੀ ਦੇ ਦੋ ਧੜੇ ਬਣਦੇ ਨਜ਼ਰ ਆ ਰਹੇ ਹਨ ਅਤੇ ਪਹਿਲਾਂ ਹੀ ਆਪਣਾ ਵਜੂਦ ਖੋਹ ਚੁੱਕੀ ਪਾਰਟੀ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈਉਸ ਪਾਰਟੀ ਉੱਤੇ, ਜੋ ਨਵੀਂਆਂ ਲੀਹਾਂ ਸੁਰਜੀਤ ਕਰਨ ਦੇ ਨਾਮ ’ਤੇ ਵਜੂਦ ਵਿੱਚ ਆਈ ਸੀ, ਕਿੰਤੂ ਪ੍ਰੰਤੂ ਖੜ੍ਹੇ ਹੋਣ ਲੱਗ ਪਏ ਹਨ

ਲੋਕਤੰਤਰ ਸਰਕਾਰਾਂ ਦੀ ਸਭ ਤੋਂ ਸਰਲ ਤੇ ਸੁਚੱਜੀ ਕਿਸਮ ਹੈਸਾਨੂੰ ਭਾਰਤ ਵਾਸੀਆਂ ਨੂੰ ਇਸ ’ਤੇ ਬਹੁਤ ਮਾਣ ਹੈ ਕਿਉਂਕਿ ਇਸ ਨਾਲ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਵੋਟ ਪਾ ਕੇ ਆਪਣੀ ਸਰਕਾਰ ਚੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈਇਸੇ ਅਧਾਰ ’ਤੇ ਹੀ ਸਾਡੇ ਦੇਸ਼ ਨੂੰ ਵਿਸ਼ਵ ਦਾ ਸੱਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਮਿਲਿਆ ਹੈਦਰਅਸਲ ਇਹ ਕੋਈ ਸਾਡੀ ਪ੍ਰਾਪਤੀ ਨਹੀਂ, ਸਗੋਂ ਨਲਾਇਕੀ ਦਾ ਸਿੱਟਾ ਹੈ ਕਿਉਂਕਿ ਅਸੀਂ ਆਪਣੀ ਅਬਾਦੀ ਦੇ ਵਾਧੇ ’ਤੇ ਸੁਚੱਜਾ ਕੰਟਰੋਲ ਨਹੀਂ ਕਰ ਸਕੇ ਤੇ ਅਬਾਦੀ ਬੇਲਗਾਮ ਵਧਦੀ ਗਈਹੁਣ ਇਸ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਉੱਠ ਖੜ੍ਹੀਆਂ ਹੋਈਆਂ ਹਨਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਭੁੱਖਮਰੀ ਅਤੇ ਕੁਝ ਹੱਦ ਤੱਕ ਭਰਿਸ਼ਟਾਚਾਰ ਵੀ ਵੱਧ ਅਬਾਦੀ ਦਾ ਹੀ ਨਤੀਜਾ ਹੈਅਸੀਂ ਜਿੰਨੀਆਂ ਮਰਜ਼ੀ ਸਕੀਮਾਂ ਬਣਾਈ ਜਾਈਏ, ਜਿੰਨਾ ਚਿਰ ਤੱਕ ਅਬਾਦੀ ਕੰਟਰੋਲ ਵਿੱਚ ਨਹੀਂ ਆਵੇਗੀ, ਸਫਲਤਾ ਨਹੀਂ ਮਿਲਣੀਸਾਡੇ ਰਾਜਨੀਤਕ ਨੇਤਾਵਾਂ ਨੂੰ ਸਭ ਤੋਂ ਵੱਧ ਫਿਕਰ ਆਪਣੇ ਵੋਟ ਬੈਂਕ ਦਾ ਰਹਿੰਦਾ ਹੈਕਿਉਂਕਿ ਉਹਨਾਂ ਦੀ ਮੁੱਖ ਸੋਚ ਚੋਣ ਜਿੱਤਣ ਦੀ ਹੁੰਦੀ ਹੈਇਸ ਲਈ ਸਰਕਾਰਾਂ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੁੰਦੀਆਂ ਜਿਸ ਨਾਲ ਉਹਨਾਂ ਦਾ ਵੋਟ ਬੈਂਕ ਪ੍ਰਭਾਵਤ ਹੋਵੇਇਹੀ ਮੁੱਖ ਕਾਰਨ ਹੈ ਕਿ ਇੱਥੇ ਗਿਣਤੀ ਦੀ ਕਦਰ ਗੁਣਾਂ ਨਾਲੋਂ ਜ਼ਿਆਦਾ ਹੁੰਦੀ ਹੈਲੋਕਤੰਤਰ ਨੂੰ ਭੀੜਤੰਤਰ ਬਣਾ ਦਿੱਤਾ ਗਿਆ ਹੈ

ਲੋਕਤੰਤਰ ਦੇ ਅਸਲੀ ਮਾਅਨੇ ਤਾਂ ਲੋਕਾਂ ਨੂੰ ਸ਼ਾਸਨ ਦੇ ਭਾਗੀਦਾਰ ਬਣਾਉਣਾ ਸੀ ਪਰ ਲੋਕ ਤਾਂ ਕੇਵਲ ਵੋਟਾਂ ਪਾਉਣ ਤੱਕ ਹੀ ਭਾਗੀਦਾਰ ਹੁੰਦੇ ਹਨਇਸ ਤੋਂ ਬਾਦ ਤਾਂ ਉਹਨਾਂ ਨੂੰ ਫਿਰ ਲਾਈਨਾਂ ਵਿੱਚ ਧੱਕੇ ਤੇ ਝਿੜਕਾਂ ਖਾਣ ਲਈ ਮਜਬੂਰ ਹੋਣਾ ਪੈਂਦਾ ਹੈਇਹ ਕਿਹੋ ਜਿਹਾ ਲੋਕਤੰਤਰ ਹੋਇਆ? ਲੋਕ ਤਾਂ ਅਜੇ ਤੱਕ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਤੇ ਵੱਡੇ ਵੱਡੇ ਸਰਮਾਏਦਾਰ ਪੈਸਾ ਹੜੱਪ ਕੇ ਮੌਜਾਂ ਕਰਦੇ ਹਨਸਿਹਤ ਸਹੂਲਤਾਂ, ਜਿਨ੍ਹਾਂ ਦੀ ਮੁੱਖ ਲੋੜ ਹੁੰਦੀ ਹੈ, ਅਜੇ ਵੀ ਸਮੇਂ ਦੇ ਹਾਣ ਦੀਆਂ ਨਹੀਂ ਹੋ ਸਕੀਆਂਸਰਕਾਰੀ ਹਸਪਤਾਲ ਡਾਕਟਰਾਂ ਤੇ ਦਵਾਈਆਂ ਖੁਣੋ ਭਾਂ ਭਾਂ ਕਰਦੇ ਹਨਨਿੱਜੀ ਹਸਪਤਾਲ ਲੁੱਟ ਦੇ ਅੱਡੇ ਬਣੇ ਹੋਏ ਹਨਇਹੀ ਹਾਲ ਵਿੱਦਿਅਕ ਤੰਤਰ ਦਾ ਹੈਸਰਕਾਰੀ ਸਕੂਲਾਂ ਵਿੱਚ ਨਾ ਤਾਂ ਮਾਸਟਰ ਹਨ ਅਤੇ ਨਾ ਹੀ ਯੋਗ ਇਮਾਰਤਾਂਜਦੋਂ ਸਹੂਲਤਾਂ ਨਹੀਂ ਹਨ ਤਾਂ ਵਿਦਿਆਰਥੀ ਕਿੱਥੋਂ ਆਉਣ? ਇਕ ਦੂਜੇ ਦੀ ਰੀਸੇ ਗਰੀਬ ਲੋਕ ਵੀ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਜਾ ਦਾਖਲ ਕਰਵਾਉਂਦੇ ਹਨ ਜਿੱਥੇ ਉਹਨਾਂ ਦਾ ਰੱਜ ਕੇ ਸ਼ੋਸ਼ਣ ਹੁੰਦਾ ਹੈਨਿੱਜੀ ਸਕੂਲ ਅਤੇ ਹਸਪਤਾਲ ਤਾਂ ਵਪਾਰ ਦੇ ਅੱਡੇ ਬਣ ਗਏ ਹਨਬੇਰੋਜ਼ਗਾਰੀ ਦਾ ਹੱਲ ਸਰਕਾਰਾਂ ਨੇ ਤਾਂ ਕੋਈ ਕੱਢਿਆ ਨਹੀਂ, ਹੁਣ ਮਜਬੂਰ ਹੋ ਕੇ ਨੌਜਵਾਨਾਂ ਨੇ ਹੀ ਪਰਵਾਸ ਦਾ ਰਸਤਾ ਫੜਿਆ ਹੈਪੜ੍ਹੀ ਲਿਖੀ ਕਰੀਮ ਤਾਂ ਰੋਜ਼ਗਾਰ ਬਹਾਨੇ ਬਾਹਰ ਨਿਕਲ ਗਈ ਹੈ, ਇੱਥੇ ਫਿਰ ਅਨਪੜ੍ਹ ਹੀ ਬਾਕੀ ਬਚਣਗੇ ਜੋ ਭੀੜ ਦਾ ਹਿੱਸਾ ਬਣ ਕੇ ਰਹਿ ਜਾਣਗੇ

ਸਰਕਾਰਾਂ ਨੇ ਆਪਣੀਆਂ ਸਹੂਲਤਾਂ ਤਾਂ ਬਹੁਤ ਵਧਾ ਲਈਆਂ ਹਨ ਪਰ ਲੋਕਾਂ ਲਈ ਪੱਕੀ ਨੌਕਰੀ ਦੀ ਸਹੂਲਤ ਵੀ ਨਹੀਂ ਰਹੀਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਵੀ ਮੁਸ਼ਕਿਲ ਨਾਲ ਦਸ ਕੁ ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਮਿਲਦੀ ਹੈ, ਉਹ ਵੀ ਠੇਕੇ ’ਤੇਇੰਨੀ ਮਹਿੰਗਾਈ ਦੇ ਸਮੇਂ ਵਿੱਚ ਇੰਨੇ ਕੁ ਪੈਸਿਆਂ ਨਾਲ ਕੋਈ ਨਹਾਊ ਕੀ ਤੇ ਨਿਚੋੜੂ ਕੀ? ਉੱਧਰ ਸੰਸਦ ਵਿੱਚ ਵੀ ਸਾਜ਼ਗਾਰ ਬਹਿਸ ਤੋਂ ਸਭ ਟਾਲਾ ਵੱਟਣ ਲੱਗ ਪਏ ਹਨਵਾਕ ਆਊਟ ਦਾ ਰੌਲਾ ਗੌਲਾ ਹੀ ਜ਼ਿਅਦਾ ਸੁਣਨ ਨੂੰ ਮਿਲਦਾ ਹੈਲੋਕ ਵੋਟਾਂ ਪਾਕੇ ਨੇਤਾਵਾਂ ਦੀ ਚੋਣ ਵਾਕ ਆਊਟ ਕਰਨ ਲਈ ਤਾਂ ਨਹੀਂ ਕਰਦੇ? ਸੁਚਾਰੂ ਬਹਿਸ ਲੋਕਤੰਤਰ ਦਾ ਮੁੱਖ ਹਿੱਸਾ ਹੁੰਦੀ ਹੈਜੇ ਬਹਿਸ ਹੋਵੇ ਹੀ ਨਾ ਤੇ ਵਿਰੋਧੀ ਪਾਰਟੀ ਵਾਕ ਆਊਟ ਕਰ ਜਾਵੇ, ਮਨਮਰਜ਼ੀ ਦੇ ਬਿੱਲ ਪਾਸ ਹੋ ਜਾਣ ਤਾਂ ਫਿਰ ਲੋਕਤੰਤਰ ਦੇ ਮਾਅਨੇ ਕੀ ਹੋਏ? ਲੋਕਤੰਤਰ ਦਾ ਅਰਥ ਹੈ ਕਿ ਵੱਧ ਤੋਂ ਵੱਧ ਸਹੂਲਤਾਂ ਲੋਕਾਂ ਨੂੰ ਮੁਹਈਆ ਹੋਣ ਪਰ ਸਾਡੇ ਇੱਥੇ ਤਾਂ ਵੱਧ ਸਹੂਲਤਾਂ ਨੇਤਾ ਲੋਕ ਮਾਣਦੇ ਹਨਲੋਕ ਤਾਂ ਵਿਚਾਰੇ ਇਕ ਦਿਨ ਵੋਟ ਪਾ ਕੇ ਵਿਹਲੇ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ? ਇੱਥੇ ਜ਼ਰੂਰ ਵੋਟਰ ਲੋਕ ਗਲਤੀ ਕਰ ਜਾਂਦੇ ਹਨਉਹ ਆਪਣੀ ਸੋਚ ਦੀ ਵਰਤੋਂ ਘੱਟ ਕਰਦੇ ਹਨ ਤੇ ਲਾਈਲੱਗ ਬਣ ਕੇ ਜਾਂ ਲਾਲਚ ਵਿੱਚ ਆਕੇ ਵੋਟ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਨਜਿੰਨਾ ਚਿਰ ਤੱਕ ਇਹ ਪ੍ਰਵਿਰਤੀ ਨਹੀਂ ਬਦਲਦੀ, ਲੋਕ ਆਪਣੀ ਵੋਟ ਦੀ ਕੀਮਤ ਨਹੀਂ ਸਮਝਦੇ ਅਤੇ ਆਪਣੀ ਸੋਚ ਦੇ ਆਧਾਰ ’ਤੇ ਵੋਟਾਂ ਦੀ ਵਰਤੋਂ ਨਹੀਂ ਕਰਦੇ, ਦੇਸ਼ ਦੀ ਤੇ ਲੋਕਾਂ ਦੀ ਹੋਣੀ ਬਦਲਣ ਵਾਲੀ ਨਹੀਂਰਾਜਨੀਤਕ ਪਾਰਟੀਆਂ ਨੂੰ ਵੀ ਆਪਣੀ ਸੋਚ ਅਤੇ ਢੰਗ ਤਰੀਕੇ ਬਦਲਣ ਦੀ ਲੋੜ ਹੈਚੋਣਾਂ ਜਿੱਤਣ ਉਪਰੰਤ ਲੀਡਰਾਂ ਦੇ ਮਨ ਵਿੱਚੋਂ ਆਪਣੀ ਪਾਰਟੀ ਦਾ ਜਿੰਨ ਨਹੀਂ ਨਿਕਲਦਾ, ਜਦੋਂ ਕਿ ਚੁਣਿਆ ਗਿਆ ਨੇਤਾ ਜਦੋਂ ਮੰਤਰੀ ਬਣ ਜਾਂਦਾ ਹੈ ਤਾਂ ਉਹ ਸਮੁੱਚੇ ਪ੍ਰਾਂਤ ਜਾਂ ਦੇਸ਼ ਦਾ ਮੰਤਰੀ ਹੁੰਦਾ ਹੈ, ਪਾਰਟੀ ਦਾ ਨਹੀਂਇਸ ਸੋਚ ਕਾਰਨ ਉਹਨਾਂ ਦੇ ਫੈਸਲੈ ਵੀ ਸੌੜੀ ਸੋਚ ਦਾ ਸ਼ਿਕਾਰ ਹੋ ਜਾਂਦੇ ਹਨ

ਅੱਜਕੱਲ ਤਾਂ ਕਈ ਨੇਤਾ ਬੋਲਣ ਦੀ ਤਹਿਜ਼ੀਬ ਵੀ ਭੁੱਲ ਜਾਂਦੇ ਹਨਉਹਨਾਂ ਨੂੰ ਪਤਾ ਹੀ ਨਹੀਂ ਰਹਿੰਦਾ ਕਿ ਉਹ ਇਕ ਜਿੰਮੇਵਾਰ ਵਿਅਕਤੀ ਹਨ ਤੇ ਉਹਨਾਂ ਦੀ ਹਰ ਗੱਲ ਦੂਰ ਦੂਰ ਤੱਕ ਨੋਟ ਕੀਤੀ ਜਾਂਦੀ ਹੈਉਲ ਜਲੂਲ ਬੋਲਣ ਨੂੰ ਕਈ ਨੇਤਾ ਬੜੇ ਮਾਣ ਦੀ ਗੱਲ ਸਮਝਦੇ ਹਨਅਸਲ ਕਸੂਰ ਫਿਰ ਸਾਡਾ ਵੋਟਰਾਂ ਦਾ ਹੀ ਨਿਕਲਦਾ ਹੈਜੇ ਅਸੀਂ ਸੋਚ ਸਮਝ ਕੇ ਪੜ੍ਹੇ ਲਿਖੇ ਸਮਝਦਾਰ ਨੇਤਾਵਾਂ ਦੀ ਚੋਣ ਕਰੀਏ ਤਾਂ ਇਹੋ ਜਿਹੀ ਨੌਬਿਤ ਦੇ ਅਸਾਰ ਬਹੁਤ ਘਟ ਜਾਂਦੇ ਹਨਪਰ ਜੇ ਅਸੀਂ ਆਪਣੇ ਸਵਾਰਥ ਤੇ ਲਾਲਚ ਤੋਂ ਮੁਕਤ ਹੋਈਏ, ਤਾਂ ਹੀ ਨਾ?

ਸੰਵਿਧਾਨਕ ਕਾਨੂੰਨ ਅਨੁਸਾਰ ਹੁਣ ਨੋਟਾ ਦਾ ਅਧਿਕਾਰ ਵਰਤਣ ਦਾ ਇੰਤਜ਼ਾਮ ਵੀ ਹੋ ਗਿਆ ਹੈਜੇ ਉਮੀਦਵਾਰ ਸਾਡੀ ਚੋਣ ਮੁਤਾਬਿਕ ਸਹੀ ਨਹੀਂ ਹੈ ਤਾਂ ਅਸੀਂ ਉਸ ਦੀ ਵੀ ਵਰਤੋਂ ਕਰ ਸਕਦੇ ਹਾਂਪਰ ਬਹੁਤ ਘੱਟ ਲੋਕ ਹੀ ਅਜਿਹਾ ਕਰਦੇ ਹਨਅਸੀਂ ਤਾਂ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ ਦੇ ਕਾਇਲ ਹੋ ਕੇ ਜਲਦੀ ਜਲਦੀ ਵੋਟ ਦੇ ਬੋਝ ਤੋਂ ਮੁਕਤ ਹੋਣ ਦੀ ਸੋਚਦੇ ਹਾਂ ਤੇ ਇਸ ਗੱਲ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ ਕਿ ਇਸ ਵੋਟ ਨੇ ਹੀ ਸਾਡੀ ਤਕਦੀਰ ਬਦਲਣੀ ਹੈਇਸ ਲਈ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਕਿਸੇ ਦੇ ਪਿਛੇ ਲੱਗਣ ਤੋਂ ਬਿਨਾਂ ਤੇ ਬਿਨਾਂ ਕਿਸੇ ਲਾਲਚ ਦੇ ਆਪਣੇ ਇਸ ਅਧਿਕਾਰ ਦੀ ਵਰਤੋਂ ਦੇ ਪਾਬੰਦ ਹੋਈਏ ਤੇ ਮੁਫਤ ਦੀ ਝਾਕ ਤੋਂ ਬਚੀਏਇਹ ਗੱਲ ਪੱਥਰ ’ਤੇ ਲਕੀਰ ਹੈ ਕਿ ਇਸ ਸੰਸਾਰ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ, ਕੁਛ ਨਾ ਕੁਛ ਕੀਮਤ ਦੇਣੀ ਹੀ ਪੈਂਦੀ ਹੈਮੰਗਾਂ ਤਾਂ ਉਸ ਸਰਬ ਸ਼ਕਤੀਮਾਨ ਦਾਤੇ ਨੇ ਹੀ ਪੂਰੀਆਂ ਕਰਨੀਆਂ ਹਨ, ਇਸ ਲਈ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪਛਤਾਵੇ ਤੋਂ ਬਿਨਾਂ ਕੁਝ ਵੀ ਹੱਥ ਨਹੀਂ ਲੱਗੇਗਾ

ਮੌਬ ਲਿੰਚਿੰਗ ਵੀ ਅੱਜਕੱਲ ਚਰਚਾ ਦਾ ਆਮ ਵਿਸ਼ਾ ਬਣਿਆ ਹੋਇਆ ਹੈਭੂਤਰੀ ਹੋਈ ਭੀੜ ਕੀ ਕਰ ਦੇਵੇ, ਅੱਜਕੱਲ ਕੋਈ ਪਤਾ ਨਹੀਂ ਲੱਗਦਾਕੋਈ ਧਰਮ ਦੇ ਨਾਮ ’ਤੇ ਅਤੇ ਕੋਈ ਪਸ਼ੂਆਂ ਦੇ ਨਾਮ ’ਤੇ ਸਮਾਜ ਦਾ ਠੇਕੇਦਾਰ ਬਣ ਬਹਿੰਦਾ ਹੈਅਜਿਹੇ ਲੋਕ ਅਜਿਹਾ ਸੋਚਣ ਲੱਗ ਜਾਂਦੇ ਹਨ, ਜਿਵੇਂ ਸਮਾਜ ਅਤੇ ਦੇਸ਼ ਦੇ ਵਾਲੀਵਾਰਸ ਕੇਵਲ ਉਹੀ ਹਨਉਹ ਝੱਟ ਕਾਨ ਨੂੰ ਹੱਥ ਵਿੱਚ ਲੈ ਲੈਂਦੇ ਹਨਦੇਸ਼ ਵਿੱਚ ਕਈ ਘਟਨਾਵਾਂ ਅਜਿਹੀਆਂ ਹੋ ਚੁੱਕੀਆਂ ਹਨ ਜਦੋਂ ਭੂਤਰੀ ਹੋਈ ਭੀੜ ਨੇ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ ਹੈਜਾਣਿਆ ਪਹਿਚਾਣਿਆ ਚਿਹਰਾ ਸਵਾਮੀ ਅਗਨੀਵੇਸ਼ ਇਸ ਸੰਦਰਭ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਲੋਕਰਾਜ ਨੇ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਦਿੱਤੀ ਹੈਇਸਦਾ ਇਹ ਅਰਥ ਨਹੀਂ ਬਣਦਾ ਕਿ ਜਿਸ ਕਿਸੇ ਨਾਲ ਵਿਚਾਰ ਨਹੀਂ ਮਿਲਦੇ, ਉਸ ਨੂੰ ਜਬਰਦਸਤੀ ਦਬਾਇਆ ਜਾਵੇਫਿਰ ਕਾਹਦਾ ਲੋਕਰਾਜ ਹੋਇਆ ਇਹ? ਇੰਜ ਪਸ਼ੂਆਂ ਅਤੇ ਮਨੁੱਖਾਂ ਵਿੱਚ ਕੀ ਫਰਕ ਰਹਿ ਗਿਆ? ਲੋਕਰਾਜ ਲੋਕਾਂ ਦਾ ਰਾਜ ਬਣ ਕੇ ਹੋਂਦ ਵਿੱਚ ਆਇਆ ਹੈ, ਇਸ ਨੂੰ ਲੋਕਾਂ ਦਾ ਰਾਜ ਹੀ ਰਹਿਣ ਦਿੱਤਾ ਜਾਵੇਰਾਜਨੀਤਕ ਪਾਰਟੀਆਂ ਨੂੰ ਵੀ ਆਪਣੀ ਸੋਚ ਵਿੱਚ ਤਬਦੀਲੀ ਕਰਨ ਦੀ ਲੋੜ ਹੈਕਹਿਣ ਨੂੰ ਤਾਂ ਉਹ ਲੋਕਾਂ ਦੀਆਂ ਸੇਵਕ ਬਣ ਕੇ ਕੰਮ ਕਰਨ ਦੇ ਪ੍ਰਭਾਵ ਬਣਾਉਂਦੀਆਂ ਹਨ ਪਰ ਹਕੀਕਤ ਵਿੱਚ ਉਹ ਹਾਕਮ ਬਣ ਕੇ ਹੀ ਵਿਹਾਰ ਕਰਦੀਆਂ ਹਨਉਹਨਾਂ ਨੂੰ ਵੀ ਪੱਛਮੀ ਦੇਸ਼ਾਂ ਤੋਂ ਸੇਧ ਲੈਣੀ ਚਹਿੀਦੀ ਹੈ

*****
(1291)

About the Author

ਦਰਸ਼ਣ ਸਿੰਘ ਰਿਆੜ

ਦਰਸ਼ਣ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)