MohanSharma7ਜਿਹੜੇ ਪਿੰਡ ਦੇ ਵੀਹ ਕੁ ਵਿਅਕਤੀ ਰੈਲੀ ਵਿੱਚ ਨਾਲ ਚੱਲੇ ਸਨ, ਉਨ੍ਹਾਂ ਵਿੱਚੋਂ ਵੀ ...
(29 ਅਗਸਤ 2018)

 

ਨਸ਼ਾ ਮੁਕਤ ਪੰਜਾਬ ਸਿਰਜਣ ਦੇ ਜਜ਼ਬੇ ਨਾਲ ਸਾਡੀ ਪੰਜ ਕੁ ਵਿਅਕਤੀਆਂ ਦੀ ਟੋਲੀ ਹਫ਼ਤੇ ਵਿੱਚ ਇੱਕ ਦਿਨ ਸੰਗਰੂਰ ਜ਼ਿਲ੍ਹੇ ਦੇ ਕਿਸੇ ਨਾ ਕਿਸੇ ਸਕੂਲ ਵਿੱਚ ਪਹਿਲਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਪਹੁੰਚ ਜਾਂਦੀ ਹੈ ਅਤੇ ਅਸੀਂ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਨਸ਼ਾ ਨਾ ਕਰਨ ਦੀ ਸਹੁੰ ਵੀ ਪਵਾਉਂਦੇ ਹਾਂਇਸ ਮੰਤਵ ਨਾਲ ਕਿ ਸਕੂਲ ਦੇ ਵਿਦਿਆਰਥੀ ਵਰਗ ਨੂੰ ਨਸ਼ਿਆਂ ਦੀ ਲਪੇਟ ਵਿੱਚ ਆਉਣ ਤੋਂ ਰੋਕ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ। ਉਹ ਇਸ ਉਮਰ ਵਿੱਚ ਹੀ ਇਸ ਨਾ ਮੁਰਾਦ ਬਿਮਾਰੀ ਦਾ ਸ਼ਿਕਾਰ ਹੋਕੇ ਮਾਪਿਆਂ ਦੇ ਸਿਰਜੇ ਸੁਪਨਿਆਂ ਨੂੰ ਧੁਆਂਖ ਨਾ ਦੇਣ। ਅਸੀਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ’ਤੇ ਡਟ ਕੇ ਪਹਿਰਾ ਦੇਣ ਦਾ ਪਾਠ ਵੀ ਪੜ੍ਹਾਉਂਦੇ ਹਾਂਵਿਦਿਆਰਥੀ ਵਰਗ ਵੱਲੋਂ ਇਸਦਾ ਹਾਂ ਪੱਖੀ ਹੁੰਗਾਰਾ ਸਾਡੀ ਟੀਮ ਦਾ ਹਾਸਲ ਹੁੰਦਾ ਹੈਇਸ ਟੀਮ ਵੱਲੋਂ ਪਹਿਲਾਂ ਪਿੰਡਾਂ ਵਿੱਚ ਪੰਚਾਇਤਾਂ ਰਾਹੀਂ ਮਤੇ ਪਵਾ ਕੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਜਾਰੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ

ਕੁਝ ਦਿਨ ਪਹਿਲਾਂ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਾਣ ਦਾ ਪ੍ਰੋਗਰਾਮ ਮਿਥਿਆ ਗਿਆਸੰਸਥਾ ਦੇ ਪ੍ਰਿੰਸੀਪਲ ਨੂੰ ਤਿੰਨ ਦਿਨ ਪਹਿਲਾਂ ਬੇਨਤੀ ਕੀਤੀ ਗਈ ਕਿ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਉਪਰੰਤ ਪਿੰਡ ਵਿੱਚ ਨਸ਼ਿਆਂ ਵਿਰੁੱਧ ਰੈਲੀ ਵੀ ਕੱਢੀ ਜਾਵੇਗੀ, ਇਸ ਸਬੰਧ ਵਿੱਚ ਪਿੰਡ ਦੇ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇਉਨ੍ਹਾਂ ਦੇ ਹਾਂ ਪੱਖੀ ਹੁੰਗਾਰੇ ਤੋਂ ਬਾਅਦ ਟੀਮ ਨੇ ਪਹਿਲਾਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਫਿਰ ਪਿੰਡ ਵਿੱਚ ਨਸ਼ਿਆਂ ਵਿਰੁੱਧ ‘ਜਾਗਦੇ ਰਹੋ’ ਦੇ ਹੋਕੇ ਨਾਲ ਪਿੰਡ ਵਿੱਚ ਰੈਲੀ ਲਈ ਚਾਲੇ ਪਾ ਦਿੱਤੇ

ਦੋ ਪੰਚਾਇਤ ਮੈਂਬਰ, ਵੀਹ ਕੁ ਪਿੰਡ ਦੇ ਵਿਅਕਤੀ, ਪੰਦਰਾਂ ਸੋਲਾਂ ਸਟਾਫ਼ ਮੈਂਬਰ ਅਤੇ ਤਿੰਨ ਕੁ ਸੌ ਵਿਦਿਆਰਥੀ ਰੈਲੀ ਦਾ ਹਿੱਸਾ ਬਣ ਗਏਜੋਸ਼ੀਲੇ ਬੋਲ, “ਬੋਤਲ ਤੋੜੋ, ਘਰ ਨਾ ਤੋੜੇ, - ਜਿਹੜਾ ਨਸ਼ਾ ਵੰਡੇ, ਉਹਦੇ ਲਾਉ ਡੰਡੇ, - ਨਸ਼ਾ ਵੰਡਣ ਜਦ ਆਉਣ ਗਦਾਰ, ਮਾਰੋ ਛਿੱਤਰ ਕੱਢੋ ਬਾਹਰ, - ਨਸ਼ਿਆਂ ਵਾਲਾ ਕੋਹੜ ਮਿਟਾਉ, ਕੌਮ ਬਚਾਉ, ਕੌਮ ਬਚਾਉ,” ਆਦਿ ਨਾਅਰੇ ਫਿਜ਼ਾ ਵਿੱਚ ਗੂੰਜ ਰਹੇ ਸਨਸਾਡਾ ਇੱਕ ਸਾਥੀ ਮਾਈਕ ਤੇ ਸੰਬੋਧਨ ਕਰਦਿਆਂ ਕਹਿ ਰਿਹਾ ਸੀ, “ਸਾਥੀਉ, ਪੰਜਾਬ ਦੇ ਮੱਥੇ ਤੇ ਉੱਕਰੇ ‘ਨਸ਼ੱਈ ਪੰਜਾਬ’ ਦੇ ਧੱਬੇ ਨੂੰ ਮਿਟਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈਗੈਰਕਾਨੂੰਨੀ ਨਸ਼ਾ ਵੇਚਣ ਵਾਲਿਆਂ ਦੀਆਂ ਨਾ ਤਾਂ ਸ਼ੀਸ਼ੀਆਂ ਹੀ ਐਨੀਆਂ ਪੱਕੀਆਂ ਨੇ ਕਿ ਉਨ੍ਹਾਂ ਨੂੰ ਭੰਨਿਆ ਨਾ ਜਾ ਸਕੇਨਾ ਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆਂ ਨਾ ਜਾ ਸਕੇਨਸ਼ੱਈਆਂ ਵਿਰੁੱਧ ਤੁਹਾਡੇ ਲਾਮ ਬੱਧ ਹੋਣ ਦੀ ਲੋੜ ਹੈ” ਇਕ ਪਾਸੇ ਨਾਅਰੇ ਅਤੇ ਦੂਜੇ ਪਾਸੇ ਨਸ਼ਿਆਂ ਵਿਰੁੱਧ ਸੁਨੇਹਾ ਨਾਲ-ਨਾਲ ਜਾਰੀ ਸੀ

ਦੂਜੇ ਸਾਥੀ ਨੇ ਮਾਈਕ ਸੰਭਾਲਦਿਆਂ ਅਗਲਾ ਸੁਨੇਹਾ ਛੁਹਿਆ, “ਮਾਪਿਆਂ ਨੂੰ ਬੇਨਤੀ ਹੈ ਕਿ ਅੱਜ ਦੇ ਬੱਚੇ ਮਾਪਿਆਂ ਵੱਲੋਂ ਦਿੱਤੀ ਸਿੱਖਿਆ ’ਤੇ ਅਮਲ ਤਦ ਹੀ ਕਰਨਗੇ ਜੇ ਉਹ ਆਪ ਉਨ੍ਹਾਂ ਲਈ ਰੋਲ ਮਾਡਲ ਬਣਨਗੇਇਸ ਲਈ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਨਸ਼ਿਆਂ ਨੂੰ ਘਰ ਵਿੱਚ ਨਾ ਵੜਨ ਦੇਣ ਅਤੇ ਆਪਣੇ ਬੱਚਿਆਂ ਤੇ ਬਾਜ਼ ਅੱਖ ਰੱਖਣ

ਪਿੰਡ ਦੀਆਂ ਦੋਂਹ ਸੱਥਾਂ ਵਿੱਚ ਦੀ ਕਾਫ਼ਲਾ ਲੰਘਿਆ। ਸੱਥਾਂ ਸੁੰਨ੍ਹੀਆਂ ਸਨਘਰਾਂ ਦੇ ਦਰ ਖੁੱਲ੍ਹੇ ਸਨ। ਪਰ ਪੰਜ-ਚਾਰ ਘਰਾਂ ਨੂੰ ਛੱਡ ਕੇ ਕੋਈ ਮਰਦ-ਔਰਤ ਬੂਹੇ ’ਤੇ ਵੀ ਨਜ਼ਰ ਨਹੀਂ ਆਏਕਾਫ਼ਲੇ ਨੇ ਪਿੱਛੇ ਨਜ਼ਰ ਮਾਰੀ, ਜਿਹੜੇ ਪਿੰਡ ਦੇ ਵੀਹ ਕੁ ਵਿਅਕਤੀ ਰੈਲੀ ਵਿੱਚ ਨਾਲ ਚੱਲੇ ਸਨ, ਉਨ੍ਹਾਂ ਵਿੱਚੋਂ ਵੀ ਤਿੰਨ-ਚਾਰ ਹੀ ਰਹਿ ਗਏ ਸਨਹਾਂ, ਨਾ ਤਾਂ ਨਾਅਰਿਆਂ ਦੀ ਆਵਾਜ਼ ਮੱਠੀ ਹੋਈ ਅਤੇ ਨਾ ਹੀ ਮਪੀਕਰ ’ਤੇ ਸਾਡੇ ਸਾਥੀਆਂ ਦੀ ਬੁਲੰਦ ਆਵਾਜ਼ ਵਿੱਚ ਕੋਈ ਰੁਕਾਵਟ ਆਈਪਰ ਲੋਕਾਂ ਵੱਲੋਂ ਦਿੱਤਾ ਮੱਠਾ ਹੁੰਗਾਰਾ ਸਾਡੀ ਸਮਝ ਤੋਂ ਬਾਹਰ ਸੀ

ਵਾਪਸੀ ਤੇ ਅਸੀਂ ਇੱਕ ਬਜ਼ੁਰਗ ਕੋਲ ਖੜ੍ਹ ਗਏ ਅਤੇ ਉਸ ਕੋਲੋਂ ਰੈਲੀ ਵਿੱਚ ਲੋਕਾਂ ਦੇ ਸ਼ਾਮਲ ਨਾ ਹੋਣ ਸਬੰਧੀ ਪੁੱਛਿਆਉਹਨੇ ਗੰਭੀਰ ਹੋਕੇ ਜਵਾਬ ਦਿੱਤਾ, “ਪਿੰਡ ਦੀ ਕੁਝ ਮੁੰਡੀਰ ਤਾਂ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸ਼ਹਿਰ ਚਲੀ ਜਾਂਦੀ ਐ, ਪੜ੍ਹਾਈ ਕਰਨ ਜਾਂ ਫਿਰ ਬੰਨ੍ਹ ਸੁੱਬ ਕਰਨਬਾਕੀ ਮੁੰਡੀਰ ਟੋਲੀਆਂ ਬਣਾ ਕੇ ਨਸ਼ਿਆਂ ਦਾ ਜੁਗਾੜ ਕਰਨ ਲਈ ਹਰਲ ਹਰਲ ਕਰਦੀ ਫਿਰਦੀ ਹੈ ਜਾਂ ਫਿਰ ਸ਼ਮਸ਼ਾਨ ਭੂਮੀ, ਪਿੰਡ ਦੇ ਸਟੇਡੀਅਮ ਜਾਂ ਫਿਰ ਕਿਸੇ ਸੁੰਨ-ਸਾਨ ਜਗ੍ਹਾ ’ਤੇ ਸੂੱਟੇ ਲਾਕੇ ਬੇਸੁਧ ਡਿੱਗੇ ਪਏ ਨੇ ...” ਥੋੜ੍ਹਾ ਜਿਹਾ ਚੁੱਪ ਰਹਿਣ ਤੋਂ ਬਾਅਦ ਉਸਨੇ ਗੱਲ ਨੂੰ ਅਗਾਂਹ ਤੋਰਿਆ, “ਇੱਕ ਹੋਰ ਕਾਰਨ ਵੀ ਐ ਥੋਡੇ ਵਾਲੇ ਇਕੱਠ ਤੋਂ ਪਾਸਾ ਵੱਟਣ ਦਾ

“ਉਹ ਕੀ ...?” ਅਸੀਂ ਉਕਸੁਕਤਾ ਨਾਲ ਪੁੱਛਿਆ

ਬਜ਼ੁਰਗ ਨੇ ਬਹੁਤ ਹੀ ਗੰਭੀਰ ਹੋ ਕੇ ਜਵਾਬ ਦਿੱਤਾ, “ਪਿੰਡ ਵਿੱਚ ਜਿਹੜੇ ਨਸ਼ਾ ਵੇਚਦੇ ਨੇ, ਉਨ੍ਹਾਂ ਦਾ ਮੂੰਹ ਮੁਲਾਹਜ਼ਾ ਰੱਖਣ ਲਈ ਵੀ ਥੋਡੇ ਨਾਲ ਨਹੀਂ ਖੜ੍ਹੇ

“ਕੁਛ ਖੇਤਾਂ ਵਿੱਚ ਵੀ ਕੰਮ ਕਰ ਰਹੇ ਹੋਣਗੇ?” ਸਾਡੇ ਵਿੱਚੋਂ ਇੱਕ ਨੇ ਪੁੱਛਿਆ

“ਉਏ ਕਾਹਨੂੰ ਭਾਈ, ... ਖੇਤ ਤਾਂ ਹੁਣ ਭਈਆਂ ਦੇ ਸਪੁਰਦ ਕੀਤੇ ਹੋਏ ਨੇ” ਇਹ ਕਹਿੰਦਿਆਂ ਬਜ਼ੁਰਗ ਦੇ ਚਿਹਰੇ ’ਤੇ ਚਿੰਤਾ ਦੀਆਂ ਘੋਰ ਰੇਖਾਵਾਂ ਉੱਭਰ ਆਈਆਂ

*****

(1282)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author