ShyamSDeepti7ਗੁਆਂਢ ਚਾਹੇ ਕੋਈ ਹੋਵੇ, ਇੱਕ ਵਧੀਆ ਮਾਹੌਲ ਲਈ, ਅਹਿਮ ਲੋੜ ਹੈ ਆਪਸੀ ...
(28 ਅਗਸਤ 2018)

 

ਪਾਕਿਸਤਾਨ ਭਾਵੇਂ ਵਿਦੇਸ਼ ਹੈ, ਪਰ ਸਾਡੇ ਇਸ ਵੱਡੇ ਖਿੱਤੇ ਵਿੱਚੋਂ ਹੀ, ਸਾਡੇ ਤੋਂ ਹੀ ਅੱਡ ਹੋਇਆ ਇੱਕ ਹਿੱਸਾ ਹੈਇਹ ਇੱਕ ਕੁਦਰਤੀ ਵੰਡ ਨਹੀਂ ਸੀ, ਪਰ ਜਿਵੇਂ ਵੀ ਵਾਪਰਿਆ, ਇੱਕ ਦਰਦਨਾਕ ਹਾਦਸਾ ਹੋਇਆ ਦਸ ਲੱਖ ਤੋਂ ਵੱਧ ਬੇਕਸੂਰ ਲੋਕਾਂ ਦਾ ਜਾਨਾਂ ਗੁਆਉਣਾ, ਜੋ ਕਿ ਟਲ ਵੀ ਸਕਦਾ ਸੀਦੋ ਭਰਾਵਾਂ ਵਾਂਗ ਮਿਲ ਕੇ ਰਹਿਣ ਵਾਲੇ ਲੋਕ ਉਸੇ ਪਿਆਰ ਅਤੇ ਖਲੂਸ ਨਾਲ ਅੱਡ ਵੀ ਹੋ ਸਕਦੇ ਸਨ, ਪਰ ਕੁਝ ਅਜਿਹੀਆਂ ਗ਼ਲਤੀਆਂ ਹੁੰਦੀਆਂ ਨੇ, ਜੋ ਇੱਕ ਵਾਰੀ ਹੋ ਜਾਣ ਤਾਂ ਫਿਰ ਚਾਹੁੰਦੇ ਹੋਏ ਵੀ ਵਾਪਸ ਨਹੀਂ ਪਰਤ ਸਕਦੇ, ਪਛਤਾ ਹੀ ਸਕਦੇ ਹਾਂ, ਬੱਸਉਸ ਹਾਲਤ ਵਿੱਚ ਸਿਆਣਪ ਇਹੀ ਹੁੰਦੀ ਹੈ ਕਿ ਜਿਹੋ ਜਿਹੇ ਵੀ ਹਾਲਾਤ ਸਾਹਮਣੇ ਆ ਗਏ ਹਨ, ਉਹਨਾਂ ਨਾਲ ਕਿਵੇਂ ਕਾਰਗਰ ਢੰਗ ਨਾਲ ਕਾਰਜ ਨੇਪਰੇ ਚਾੜ੍ਹੇ ਜਾਣ

ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈਸਾਂਝੀ ਕੰਧ ਵਿੱਚ ਫਿਰ ਵੀ ਇੱਕ ਓਹਲਾ ਹੁੰਦਾ ਹੈ, ਇੱਕ ਦੂਰੀ ਜਿਹੀ ਤੇ ਇੱਕ ਪਰਦਾ ਹੁੰਦਾ ਹੈ, ਪਰ ਇੱਥੇ ਤਾਂ ਸਿਰਫ਼ ਸਾਂਝੀ ਵੱਟ ਸੀ, ਜਿਸਦੇ ਹੁੰਦਿਆਂ ਕਈ ਸਾਲ ਲੰਘਾਏਹੁਣ ਵੀ ਭਾਵੇਂ ਤਾਰਾਂ ਨੇ, ਪਰ ਉਹ ਓਹਲਾ ਜਾਂ ਪਰਦਾ ਨਹੀਂਸਾਡੇ ਬਾਰਡਰ ’ਤੇ ਵਸਦੇ ਲੋਕ ਮਿਲ ਕੇ ਖੇਤੀ ਕਰਦੇ ਹਨਰੋਜ਼ ਦੁਆ-ਸਲਾਮ ਵੀ ਹੋ ਜਾਂਦੀ ਹੈ, ਭਾਵੇਂ ਕੁਝ ਸਾਲ ਪਹਿਲਾਂ ਦੀ ਤਰ੍ਹਾਂ ਇਕੱਠੇ ਬੈਠ ਕੇ ਰੋਟੀ ਨਹੀਂ ਖਾਂਦੇ

ਅਸੀਂ ਇਸ ਪੜੋਸੀ ਤਣਾਅ ਨੂੰ ਸਾਵਾਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨਹੁਣ ਵੀ ਚੱਲਦੀਆਂ ਰਹਿੰਦੀਆਂ ਹਨਸਰਕਾਰਾਂ ਦੀ ਵਿਦੇਸ਼ ਅਤੇ ਕੂਟਨੀਤੀ ਦਾ ਆਪਣਾ ਰਵੱਈਆ ਹੁੰਦਾ ਹੈ, ਪਰ ਪਿਛਲੇ ਸੱਤਰ ਸਾਲਾਂ ਦੌਰਾਨ ਕਹਿਣ ਨੂੰ ਕਈ ਸੁਹਿਰਦ ਯਤਨ ਹੋਏ ਤੇ ਨਾਲ ਹੀ ਦੋ ਜੰਗਾਂ ਤੇ ਕਾਰਗਿਲ ਵੀਸ਼ਿਮਲਾ ਸਮਝੌਤਾ ਤੇ ਆਗਰਾ ਐਗਰੀਮੈਂਟ ਵੀ, ਪਰ ਜੋ ਜ਼ਮੀਨੀ ਹਕੀਕਤ, ਜੋ ਸਾਨੂੰ ਅੱਜ ਦਿਸ ਰਿਹਾ ਹੈ, ਕਿ ਅਸੀਂ ਸਧਾਰਨ ਮਿੱਟੀ ਦੀ ਵੱਟ ਤੋਂ ਬਿਜਲਈ ਤਾਰਾਂ ’ਤੇ ਪਹੁੰਚੇ ਹਾਂਅਸੀਂ ਇੱਕ ਅਜਿਹੀ ਦੁਸ਼ਮਣੀ ਦਾ ਮਾਹੌਲ ਬਣਾਉਣ ਵੱਲ ਤੁਰੇ ਹੋਏ ਹਾਂ ਕਿ ‘ਆਰ-ਪਾਰ ਦੀ ਲੜਾਈ’, ‘ਇੱਕ ਸਿਰ ਦੇ ਬਦਲੇ ਦਸ ਸਿਰ’, ‘ਕਰ ਦਿਉ - ਦਿਖਾ ਦਿਉ’, ‘ਸਬਕ ਸਿਖਾਉਣਾ ਹੀ ਪਵੇਗਾ’ ਆਦਿ ਹੁਣ ਦੇਸ ਦੇ ਮੂਡ ਵਿੱਚ ਸ਼ਾਮਲ ਹੋ ਗਿਆ ਹੈ

ਦੋ ਦੇਸਾਂ ਦੇ ਬਾਰਡਰਾਂ ਦੀ ਇੱਕ ਆਮ ਸਹਿਜ ‘ਝੰਡਾ ਉਤਾਰਨ ਦੀ ਰਸਮ’, ਬੂਹੇ ਖੋਲ੍ਹਣ - ਬੰਦ ਕਰਨ ਦੀ ਰਿਵਾਇਤ ਨੂੰ, ਦੇਸ ਭਗਤੀ ਦੇ ਜੋਸ਼ੀਲੇ ਪ੍ਰਗਟਾਵੇ ਦਾ ਸਮਾਗਮ ਬਣਾ ਦਿੱਤਾ ਗਿਆ ਹੈ, ਜਿਸ ਦਾ ਕਦੇ ਕਿਸੇ ਨੂੰ ਪਤਾ ਵੀ ਨਹੀਂ ਸੀ ਹੁੰਦਾਅੱਜ ਦੇਸ ਭਰ ਦੇ ਟੂਰਿਸਟ ਅੰਮ੍ਰਿਤਸਰ ਵਿੱਚ ਆਪਣੇ ਦਰਸ਼ਨਾਂ ਦੀਆਂ ਥਾਂਵਾਂ ਵਿੱਚ ਇਸ ਨੂੰ ਵੀ ਜ਼ਰੂਰ ਸ਼ਾਮਲ ਕਰਦੇ ਹਨਉੱਥੇ ਸਾਡੇ ਨੀਮ-ਸੁਰੱਖਿਆ ਬਲਾਂ ਵੱਲੋਂ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ, ‘ਭਾਰਤ ਮਾਤਾ ਕੀ ਜੈ’ ਦੇ ਨਾਹਰੇ ਏਨੇ ਤੇਜ਼ ਹੁੰਦੇ ਹਨ ਜਾਂ ਲਗਵਾਏ ਜਾਂਦੇ ਹਨ ਕਿ ਦਰਵਾਜ਼ੇ/ਤਾਰਾਂ ਦੇ ਪਾਰ ਬੈਠੇ ਦਿਸਦੇ ਪਾਕਿਸਤਾਨ ਦੇ ਲੋਕਾਂ ਨੂੰ ਇਹ ਸੁਣਨ ਤੇ ਉਹਨਾਂ ਦੀ ਆਵਾਜ਼ ਇਸ ਪਾਸੇ ਨਾ ਆ ਸਕੇਪੂਰਾ ਦ੍ਰਿਸ਼ ਜਿਵੇਂ ਜੰਗ ਦੀ ਤਿਆਰੀ ਦਾ ਹੁੰਦਾ ਹੈ

ਇਹ ਹਾਲਾਤ ਬਿਆਨ ਕਰਨ ਦਾ ਮਕਸਦ ਹੈ ‘ਸੁਖਾਵੇਂ ਸੰਬੰਧ ਚਾਹੁੰਦੇ ਹਾਂ, ਦੋਸਤੀ ਚਾਹੁੰਦੇ ਹਾਂ’ ਦੀ ਭਾਵਨਾ ਨੂੰ ਪ੍ਰਗਟਾਉਣਾ, ਗਾਹੇ-ਬਗਾਹੇ ਮੀਟਿੰਗਾਂ ਕਰਨਾ ਜਾਂ ਉੱਚ-ਪੱਧਰ ’ਤੇ ਗੱਲਾਂ-ਬਾਤਾਂ ਕਰਨੀਆਂ ਆਦਿ ਦੇ ਨਾਲ-ਨਾਲ ਦੂਰੀ ਵਧਾਉਣ ਦਾ ਮਾਹੌਲ ਵੀ ਬਰਾਬਰ ਹੀ ਤਿਆਰ ਕਰ ਰਹੇ ਹਾਂਅਸੀਂ ਦੇਖਿਆ ਹੈ ਕਿ ਤਣਾਅ ਦੇ ਦਿਨਾਂ ਵਿੱਚ ਵੀ ਛੋਟੇ-ਮੋਟੇ ਗ਼ੈਰ-ਰਾਜਨੀਤਕ ਉੱਦਮਾਂ ਵਿੱਚ ਕੋਈ ਖ਼ਾਸ ਰੁਕਾਵਟ ਨਹੀਂ ਸੀ ਆਉਂਦੀ, ਜਿਵੇਂ ਕ੍ਰਿਕਟ ਮੈਚ, ਕਲਾਕਾਰਾਂ ਦਾ ਆਉਣਾ ਜਾਂ ਹੋਰ ਪ੍ਰੋਫੈਸ਼ਨਲਜ਼ ਦਾ ਆਪਸ ਵਿੱਚ ਮਿਲਣਾ ਆਦਿਇਹ ਵੀ ਮਾਹੌਲ ਨੂੰ ਸੁਖਾਵਾਂ ਕਰਨ ਦੇ ਸਾਰਥਕ ਤਰੀਕੇ ਹੁੰਦੇ ਹਨ

ਗੁਆਂਢ ਚਾਹੇ ਕੋਈ ਹੋਵੇ, ਇੱਕ ਵਧੀਆ ਮਾਹੌਲ ਲਈ, ਅਹਿਮ ਲੋੜ ਹੈ ਆਪਸੀ ਵਿਸ਼ਵਾਸਇੱਕ ਦੂਸਰੇ ’ਤੇ ਭਰੋਸਾਇਹ ਭਰੋਸਾ ਜ਼ਰੂਰ ਟੁੱਟਦਾ ਹੈ, ਜਦੋਂ ਅੱਤਵਾਦ ਦੀ ਗੱਲ ਚੱਲਦੀ ਹੈ, ਪਰ ਦੂਸਰੇ ਪਾਸੇ ਆਮ ਲੋਕਾਂ ਦਾ ਮੇਲ-ਮਿਲਾਪ ਹਮੇਸ਼ਾ ਹੌਸਲਾ-ਵਧਾਊ ਰਿਹਾ ਹੈਜਦੋਂ ਵੀ ਲੋਕ ਇੱਧਰ-ਉੱਧਰ ਗਏ ਹਨ, ਉਹਨਾਂ ਨੇ ਆਪਣੇ ਮਨ ਦੇ ਵਲਵਲੇ ਬੜੇ ਚਾਅ ਅਤੇ ਮਿਲਣੀ ਵਾਲੇ ਹੀ ਪ੍ਰਗਟਾਏ ਹਨ

ਸਾਡੇ ਦੋਹਾਂ ਮੁਲਕਾਂ ਦਾ ਇੱਕ ਹੋਰ ਦੁੱਖਦਾਈ ਪੱਖ ਜੋ ਪੇਸ਼ ਕੀਤਾ ਗਿਆ ਹੈ, ਭਾਵੇਂ ਵੰਡ ਤੋਂ ਪਹਿਲਾਂ ਹੀ ਉਸ ਦੀ ਭੂਮਿਕਾ ਤਿਆਰ ਕੀਤੀ ਗਈ ਹੈ ਕਿ ਸਾਡਾ ਦੇਸ ਹਿੰਦੂ ਬਹੁ-ਗਿਣਤੀ ਦਾ ਹੈ ਤੇ ਪਾਕਿਸਤਾਨ ਤਾਂ ਲੋਕਤੰਤਰ ਦੀ ਆੜ ਹੇਠ ਮੁਸਲਿਮ ਧਰਮ ਦੀਆਂ ਰੀਤਾਂ ਨਾਲ ਚੱਲਣ ਵਾਲਾ ਦੇਸ ਹੈਕਦੇ ਬਿਲਕੁਲ ਵੀ ਫ਼ਰਕ ਨਾ ਮਹਿਸੂਸ ਕਰਨ ਵਾਲੇ ਹੁਣ ਇਸ ਪੱਖ ਤੋਂ ਵੀ ਕੱਟੜ ਵਿਰੋਧੀ ਹਨਦੋਵੇਂ ਪਾਸੇ ਹੀ ਮਾਹੌਲ ਇੱਕੋ ਜਿਹੇ ਪੱਧਰ ਦਾ ਹੋਣ ਲੱਗਿਆ ਹੈ

ਇਸ ਵੰਡ ਦਾ ਬਹੁਤਾ ਸੇਕ ਪੰਜਾਬੀਆਂ ਨੇ ਝੱਲਿਆ ਹੈ ਤੇ ਜੰਗਾਂ ਦੀ ਮਾਰ ਵੀ ਉਹਨਾਂ ਨੇ ਹੀ ਹੰਢਾਈ ਹੈਪੰਜਾਬ ਤੋਂ ਵੀ ਅੱਗੇ ਬਾਰਡਰ ’ਤੇ ਰਹਿੰਦੇ ਸਾਡੇ ਪਰਵਾਰਾਂ ਦਾ ਇਹ ਦਰਦ ਅਜੇ ਵੀ ਉਸੇ ਤਰ੍ਹਾਂ ਦਾ ਹੈ, ਜਦੋਂ ਉਹਨਾਂ ਨੂੰ ਆਪਣਾ ਅਤੀਤ ਸਾਹਮਣੇ ਦਿਸਦਾ ਹੈ ਤੇ ਵਿਚਕਾਰ ਤਾਰਾਂ ਹੁੰਦੀਆਂ ਹਨ

ਸ. ਨਵਜੋਤ ਸਿੱਧੂ, ਉਸਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਕਿਸੇ ਦੇ ਜੋ ਮਰਜ਼ੀ ਮੱਤਭੇਦ ਹੋਣ, ਪਰ ਪਾਕਿਸਤਾਨ ਦੇ ਦੋਸਤਾਨਾ ਸੱਦੇ ’ਤੇ ਜਾ ਕੇ, ਉੱਥੋਂ ਦੇ ਮੇਜ਼ਬਾਨ ਵੱਲੋਂ ਕੀਤੇ ਸਮਾਗਮ ਵਿੱਚ, ਗਲੇ ਮਿਲਣ ਦੇ ਵਿਹਾਰ ਨੂੰ ਲੈ ਕੇ ਬੇਬੁਨਿਆਦ ਵਾਦ-ਵਿਵਾਦ ਹੋ ਰਿਹਾ ਹੈਉਂਜ ਇਸ ਵਿਹਾਰ ਨੂੰ ਇੱਕ ਆਮ ਹਿੰਦੁਸਤਾਨੀ ਦੇ ਪਹਿਲੂ ਤੋਂ ਇੱਕ ਸਾਕਾਰਾਤਮਕ ਸੰਦੇਸ਼ ਸਮਝ ਕੇ ਵੀ ਚਰਚਾ ਕੀਤੀ ਜਾ ਸਕਦੀ ਹੈਨਾਲੇ ਦੇਸ ਵਿੱਚ, ਚਾਹੇ ਜਿਹੋ ਜਿਹੀ ਹੀ ਸਥਿਤੀ ਬਣੀ, ਲੋਕਤੰਤਰੀ ਸਰਕਾਰ ਦੀ ਬਹਾਲੀ ਹੋਈ ਹੈ ਤੇ ਦੂਸਰੇ, ਇੱਕ ਨਵਾਂ ਚਿਹਰਾ ਵੀ ਸਾਹਮਣੇ ਆਇਆ ਹੈ, ਭਾਵੇਂ ਰਾਜਨੀਤੀ ਵਿੱਚ ਲੰਮੇ ਸਮੇਂ ਤੋਂ ਸਰਗਰਮ ਹੈ, ਇੱਕ ਆਸ ਰੱਖੀ ਹੀ ਜਾ ਸਕਦੀ ਹੈ

ਸਬੱਬ ਦੀ ਗੱਲ ਹੈ ਕਿ ਅਜੇ ਹਫ਼ਤਾ ਵੀ ਨਹੀਂ ਹੋਇਆ, ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੰਦਿਆਂ ਉਹਨਾਂ ਦੀ ਇਹ ਗੱਲ ਹਰ ਚੈਨਲ ’ਤੇ ਉਭਾਰੀ ਗਈ ਕਿ ‘ਤੁਸੀਂ ਦੋਸਤ ਬਦਲ ਸਕਦੇ ਹੋ, ਗੁਆਂਢੀ ਨਹੀਂ’, ਤੇ ਇਸ ਸੰਦਰਭ ਵਿੱਚ ਹੋਏ ਹੋਰ ਯਤਨਾਂ ਬਾਰੇ ਵੀਇਹ ਵੀ ਸਬੱਬ ਹੈ ਕਿ ਸ. ਨਵਜੋਤ ਸਿੱਧੂ ਇਸ ਵੇਲੇ ਕਾਂਗਰਸ ਪਾਰਟੀ ਵਿੱਚ ਹਨ ਤੇ ਬੀ ਜੇ ਪੀ ਛੱਡ ਕੇ ਆਏ ਹਨਸਬੱਬ ਇਹ ਵੀ ਹੈ ਕਿ ਪਾਕਿਸਤਾਨ ਵਿੱਚ ਉਹ ਕ੍ਰਿਕਟਰ ਦੀ ਹੈਸੀਅਤ ਨਾਲ ਇੱਕ ਕ੍ਰਿਕਟਰ ਦੋਸਤ ਦੇ ਸੱਦੇ ’ਤੇ ਗਏ ਹਨ, ਭਾਵੇਂ ਕਿ ਤਿੰਨ ਦੋਸਤਾਂ ਨੂੰ ਸੱਦਾ ਸੀ ਤੇ ਸਬੱਬ ਨਾਲ ਦੋ ਕਿਸੇ ਕਾਰਨ ਵੱਸ ਜਾ ਨਹੀਂ ਸਕੇਇਹ ਸਾਰੇ ਪਹਿਲੂ ਰਲ ਕੇ ਵਿਵਾਦ ਨੂੰ ਹੋਰ ਪਾਸੇ ਲੈ ਜਾਂਦੇ ਹਨਉੱਥੇ ਪਹੁੰਚ ਕੇ, ਆਹਮਣੇ-ਸਾਹਮਣੇ ਹੋ ਕੇ, ਸਿੱਧੂ-ਬਾਜਵਾ ਮਿਲਦੇ ਜਾਂ ਇਮਰਾਨ-ਨਵਜੋਤ, ਇਹ ਕੁਦਰਤੀ ਸੀਗਲੇ ਮਿਲਣ ਲਈ ਕੋਈ ਉਚੇਚ ਨਹੀਂ ਹੁੰਦਾ

ਸਾਨੂੰ ਮਨੁੱਖੀ ਵਿਹਾਰ ਦਾ ਇੱਕ ਅਹਿਮ ਪਹਿਲੂ ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖ ਆਪਣੇ ਕੁਦਰਤੀ ਸੁਭਾਅ ਤੋਂ ਇੱਕ ਦੂਸਰੇ ਦੀ ਮਦਦ ਕਰਨ ਵਾਲਾ, ਮਿਲ ਕੇ ਰਹਿਣ ਵਾਲਾ ਪ੍ਰਾਣੀ ਹੈਲੜਾਈ-ਝਗੜਾ ਉਸਦਾ ਮੂਲ ਸੁਭਾਅ ਨਹੀਂ ਹੈਇਸਦੀ ਹਾਮੀ ਸਾਰੇ ਹੀ ਭਰਨਗੇ ਕਿ ਕਦੇ ਵੀ ਕਿਸੇ ਨੂੰ ਕੋਈ ਤਕਲੀਫ਼ ਹੋਵੇ, ਦੁਰਘਟਨਾ ਜਾਂ ਵੱਡੇ ਤੋਂ ਵੱਡਾ ਹਾਦਸਾ, ਅਸੀਂ ਬਿਨਾਂ ਸੋਚੇ, ਕਿਸੇ ਜਾਤ-ਧਰਮ ਤੋਂ ਪਰੇ, ਉਸਦੀ ਮਦਦ ਲਈ ਅੱਗੇ ਆਉਂਦੇ ਹਾਂਹੜ੍ਹਾਂ-ਭੁਚਾਲਾਂ ਵਿੱਚ ਦੂਰੋਂ-ਦੂਰੋਂ ਲੋਕ ਪੈਸਾ-ਸਾਮਾਨ ਇਕੱਠਾ ਕਰ ਕੇ ਭੇਜਦੇ ਹਨ

ਆਪਸੀ ਸਹਿਯੋਗ ਤੋਂ ਬਿਨਾਂ ਮਨੁੱਖ ਦੀ ਹੋਂਦ ਸੰਭਵ ਨਹੀਂ ਹੈਸਾਨੂੰ ਵੱਡੇ-ਵੱਡੇ ਯਤਨਾਂ ਦੀ ਧੀਮੀ ਚਾਲ ਦੇ ਤਹਿਤ ਛੋਟੇ-ਛੋਟੇ ਯਤਨਾਂ ਨੂੰ ਸਗੋਂ ਹੋਰ ਵਧਾਉਣ ਦੇ ਮੌਕੇ ਸਿਰਜਣੇ ਚਾਹੀਦੇ ਹਨ, ਤਾਂ ਜੁ ਲੋਕ ਖ਼ੁਦ ਇਹਨਾਂ ਬਾਰਡਰਾਂ ਦੀਆਂ ਤਾਰਾਂ ਨੂੰ ਪੁੱਟ ਸੁੱਟਣ ਲਈ ਆਵਾਜ਼ ਬਣ ਸਕਣਅਜਿਹੇ ਯਤਨਾਂ ਨੂੰ ਰੋਕ ਕੇ ਜਾਂ ਨਿਰ-ਉਤਸ਼ਾਹਤ ਕਰ ਕੇ ਸਗੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਦੋਵਾਂ ਦੇਸਾਂ ਦੀਆਂ ਸਰਕਾਰਾਂ ਇਸ ਮੁੱਦੇ ਨੂੰ ਹੱਲ ਕਰਨ ਦੀਆਂ ਚਾਹਵਾਨ ਹੀ ਨਹੀਂ ਹਨਉਹ ਇਸ ਨੂੰ ਬਣਾਈ ਰੱਖਣਾ ਚਾਹੁੰਦੇ ਹਨ, ਤਾਂ ਜੁ ਜਦੋਂ ਵੀ ਮੌਕਾ ਮਿਲੇ, ਇਸ ਨੂੰ ਆਪਣੀ ਰਾਜਨੀਤਕ ਹੋਂਦ ਦੀ ਬਰਕਰਾਰੀ ਲਈ ਵਰਤਿਆ ਜਾ ਸਕੇ

ਇਸ ਸੱਚਾਈ ਨੂੰ ਵੀ ਨਹੀਂ ਭੁੱਲਣਾ ਚਾਹੀਦਾ, ਜੋ ਬਰਨਾਰਡ ਸ਼ਾਅ ਨੇ ਕਹੀ ਹੈ ਕਿ ਆਪਸੀ ਸਹਿਯੋਗ ਹੀ ਮਨੁੱਖ ਨੂੰ ਦੁੱਖ-ਦਰਦ ਅਤੇ ਤਕਲੀਫ਼ਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ

*****

(1281)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author