JaswantAjit7ਆਪਣੇ ਸੰਬੋਧਨ ਨੂੰ ਖਤਮ ਕਰਦਿਆਂ ਰਾਹੁਲ ਨੇ ਜਿਸ ਖਾਸ ਅੰਦਾਜ਼ ਨਾਲ ਪ੍ਰਧਾਨ ਮੰਤਰੀ ਦੀ ਸੀਟ ਵਲ ...
(27 ਜੁਲਾਈ 2018)

 

ਬੀਤੇ ਸ਼ੁੱਕਰਵਾਰ [20 ਜੁਲਾਈ] ਵਿਰੋਧੀ ਪਾਰਟੀਆਂ ਦੇ ਸਹਿਯੋਗ ਨਾਲ ਤੇਲਗੂ ਦੇਸ਼ਮ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਵਿਰੁੱਧ ਬੇਭਰੋਗੀ ਦਾ ਇੱਕ ਮਤਾ ਪੇਸ਼ ਕੀਤਾ ਗਿਆ। ਇੱਕ ਰਾਜਸੀ ਵਿਸ਼ਲੇਸ਼ਕ ਅਨੁਸਾਰ ਭਾਵੇਂ ਸਰਕਾਰ ਵਿਰੁੱਧ ਬੇਭਰੋਸਗੀ ਦਾ ਇਹ ਮਤਾ ਤੇਲਗੂ ਦੇਸ਼ਮ ਪਾਰਟੀ ਵਲੋਂ ਪੇਸ਼ ਕੀਤਾ ਗਿਆ ਸੀ, ਪਰ ਰਾਹੁਲ ਹੀ ‘ਸੈਂਟਰ ਆਫ ਸਟੇਜ’ ਰਹੇ ਅਰਥਾਤ ਮੇਲਾ ਰਾਹੁਲ ਦੇ ਹੀ ਹੱਥ ਰਿਹਾਰਾਹੁਲ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤੀ ਗਈ ਝਪੀ, ਸੱਤਾ ਪੱਖ ਦੇ ਮੋਢਿਆਂ ਦਾ ਭਾਰ ਬਣ ਗਈ ਅਤੇ ਉਨ੍ਹਾਂ ਦੀ ਅੱਖ ਮਾਰਨ ਦੀ ਅਦਾ ਭਗਵਾ ਖੇਮੇ ਦੀਆਂ ਅੱਖਾਂ ਵਿੱਚ ਅਜੇ ਤਕ ਕਿਰਚਾਂ ਬਣ ਰੜਕ ਰਹੀ ਹੈ। ਇਸੇ ਵਿਸ਼ਲੇਸ਼ਕ ਅਨੁਸਾਰ ਉਸ ਆਦਮੀ ਵਿੱਚ ਬੱਚਿਆਂ ਦੀਆਂ ਸਾਰੀਆਂ ਆਦਤਾਂ ਮੌਜੂਦ ਹਨ, ਪਰ ਉਸ ਵਿੱਚ ਹਾਰ ਕੇ ਜਿੱਤਣ ਦਾ ਹੁਨਰ ਵੀ ਬਹੁਤ ਖੂਬ ਹੈ। ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਭਾਵੇਂ ਮੂਧੇ ਮੂੰਹ ਡਿਗ ਪਿਆ ਹੋਵੇ, ਪਰ ਸਾਰਾ ਦਿਨ ਚੱਲੇ ਇਸ ਰਾਜਸੀ ਡਰਾਮੇ ਨੇ ਕਈ ਤਲਖ ਹਕੀਕਤਾਂ ਤੋਂ ਵੀ ਪਰਦਾ ਉਠਾਉਣ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਹੈਰਾਹੁਲ ਗਾਂਧੀ ਨੇ ਭਰੀ ਸੰਸਦ ਵਿੱਚ ਪ੍ਰਧਾਨ ਮੰਤਰੀ ਪਾਸੋਂ ਜੋ ਤਲਖ ਸਵਾਲ ਪੁੱਛੇ, ਉਨ੍ਹਾਂ ਨੂੰ 2019 ਦੀਆਂ ਆਮ ਚੋਣਾਂ ਦਾ ਆਰੰਭ ਵੀ ਮੰਨਿਆ ਜਾ ਸਕਦਾ ਹੈ ਅਤੇ ਇਸ ਗੱਲ ਦਾ ਖੁਲਾਸਾ ਵੀ ਕਿ ਵਿਰੋਧੀ ਧਿਰ ਕਿਨ੍ਹਾਂ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਨਿੱਤਰ ਰਹੀ ਹੈ। ਰਾਫਲ ਡੀਲ ਪੁਰ ਝਟਪਟ ਹੀ ਫਰਾਂਸ ਸਰਕਾਰ ਦਾ ਬਿਆਨ ਆ ਗਿਆ ਕਿ ਦੋਹਾਂ ਸਰਕਾਰਾਂ ਵਿੱਚ ਕੋਈ ਗੁਪਤ ਸਮਝੌਤਾ ਹੈ, ਪਰ ਇੱਕ ਜਹਾਜ਼ ਦਾ ਮੁਲ ਕੀ ਸਚਮੁਚ 520 ਕਰੋੜ ਤੋਂ 1600 ਕਰੋੜ ਹੋ ਗਿਆ ਹੈ? ਸੱਤਾ ਪੱਖ ਵਲੋਂ ਇਸਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਾ ਸਕਿਆ। ਇਸੇ ਤਰ੍ਹਾਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਇਦੇ ’ਤੇ ਵੀ ਨਰੇਂਦਰ ਮੋਦੀ ਘੁਮਾ-ਫਿਰਾ ਕੇ ਇੱਕ ਕਰੋੜ ਰੁਜ਼ਗਾਰ ਦਾ ਹੀ ਹਿਸਾਬ, ਜੋ ਕਿ ਇੱਕ ਸਾਲ ਦਾ ਸੀ, ਦੱਸ ਸਕੇਪਰ ਬਾਕੀ ਤਿੰਨ ਸਾਲਾਂ ਦਾ ਹਿਸਾਬ ਗੋਲ ਕਰ ਗਏ।

ਇੱਕ ਹੋਰ ਰਾਜਸੀ ਵਿਸ਼ਲੇਸ਼ਕ ਅਨੁਸਾਰ ਰਾਹੁਲ ਗਾਂਧੀ ਨੇ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਬੇਭਰੋਸਗੀ ਦਾ ਮਤਾ ਲਿਆਏ ਜਾਣ ਦੇ ਮੌਕੇ ’ਤੇ ਜਿਸ ਤਰ੍ਹਾਂ ਆਪਣੇ ਆਪਨੂੰ ਪੇਸ਼ ਕੀਤਾ ਅਤੇ ਵਿਸ਼ੇਸ਼ ਅੰਦਾਜ਼ ਵਿੱਚ ਇੱਕ ਵਿਰੋਧੀ ਨੇਤਾ ਦੇ ਰੂਪ ਵਿੱਚ ਸੱਤਾ ਪੱਖ ਪੁਰ ਹਮਲੇ ਕੀਤੇ, ਉਹ ਨਾ ਕੇਵਲ ਲਾਜਵਾਬ ਸੀ, ਸਗੋਂ ਉਨ੍ਹਾਂ ਦੀ ਛਵੀ ਨੂੰ ਬਦਲਣ ਲਈ ਇਸ ਅੰਦਾਜ਼ ਨੂੰ ਦੇਸ਼ਵਾਸੀ ਸਮੇਂ ਦੀ ਹੀ ਇੱਕ ਲੋੜ ਦੱਸ ਰਹੇ ਹਨ। ਆਪਣੇ ਸੰਬੋਧਨ ਨੂੰ ਖਤਮ ਕਰਦਿਆਂ ਰਾਹੁਲ ਨੇ ਜਿਸ ਖਾਸ ਅੰਦਾਜ਼ ਨਾਲ ਪ੍ਰਧਾਨ ਮੰਤਰੀ ਦੀ ਸੀਟ ਵਲ ਕਦਮ ਵਧਾਏ ਤੇ ਸਿੱਧਾ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਸੀਟ ਪੁਰ ਬੈਠਿਆਂ ਹੀ ਗਲੇ ਲਾ ਲਿਆ, ਉਸਨੂੰ ਵੇਖ ਪ੍ਰਧਾਨ ਮੰਤਰੀ ਆਪ ਵੀ ਕੁਝ ਪਲ ਹੱਕੇ-ਬੱਕੇ ਰਹਿ ਗਏ। ਇਹੀ ਵਿਸ਼ਲੇਸ਼ਕ ਹੋਰ ਦੱਸਦਾ ਹੈ ਕਿ ਕਈ ਰਾਜਨੀਤਕ ਵਿਸ਼ਲੇਸ਼ਕ ਵੀ ਹੁਣ ਇਹ ਵਿਚਾਰ ਪ੍ਰਗਟ ਕਰਨ ’ਤੇ ਮਜਬੂਰ ਹੋ ਰਹੇ ਹਨ ਕਿ ਸੰਨ 2019 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਵਿਰੋਧੀ ਧਿਰ ਨੂੰ ਜੋ ਚਾਹੀਦਾ ਸੀ, ਉਹ ਇੱਕ ਮਜ਼ਬੂਤ ਅਧਾਰ ਦੇ ਰੂਪ ਵਿੱਚ ਉਨ੍ਹਾਂ ਨੂੰ ਮਿਲ ਗਿਆ ਹੈ। ਇਸ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਰਾਹੁਲ ਨੇ ਸਹੀ ਜਗ੍ਹਾ ਤੇ ਸੰਸਦ ਦੇ ਸਹੀ ਮੰਚ ’ਤੇ ਬੇਰੁਜ਼ਗਾਰੀ ਜਿਹੇ ਕੁਝ ਸਾਰਥਕ ਮੁੱਦੇ ਉਠਾਏ ਹਨ। ਇੰਨਾ ਹੀ ਨਹੀਂ, ਰਾਫਲ ਡੀਲ ਨੂੰ ਲੈ ਕੇ ਵੀ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਸਰਕਾਰ ’ਤੇ ਚੁਣ-ਚੁਣ ਕੇ ਵਾਰ ਕੀਤੇ। ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਭਾਵੇਂ ਮੈਂਨੂੰ ‘ਪੱਪੂ’ ਕਹਿ ਸਕਦੇ ਹੋ ਪਰ ਮੇਰੇ ਦਿਲ ਵਿੱਚ ਤੁਹਾਡੇ ਵਿਰੁੱਧ ਕੋਈ ਕੜਵਾਹਟ ਨਹੀਂ, ਮੇਰੇ ਦਿਲ ਵਿੱਚ ਹਿੰਦੁਸਤਾਨ ਵਸਦਾ ਹੈ ਤੇ ਹਰ ਆਮ ਹਿੰਦੁਸਤਾਨੀ ਦੇ ਦਿਲ ਵਿੱਚ ਡਾ. ਅੰਬੇਡਕਰ ਵਸਦੇ ਹਨ ਤੇ ਤੁਸੀਂ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਇਹ ਵਿਸ਼ਲੇਸ਼ਕ ਹੋਰ ਲਿਖਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਹੁਲ ਦੇ ਸੰਬੰਧ ਵਿੱਚ ਕਹਿੰਦੇ ਰਹਿੰਦੇ ਸਨ ਕਿ ਰਾਹੁਲ ਬੋਲਣਗੇ ਤਾਂ ਪਤਾ ਨਹੀਂ ਕਿਹੜਾ ਭੂਚਾਲ ਆ ਜਾਏਗਾ? ਪਰ ਹੁਣ ਕਹਿਣ ਵਾਲੇ ਕਹਿ ਰਹੇ ਹਨ ਕਿ ਅੱਜ ਸੱਚਮੁੱਚ ਹੀ ਰਾਹੁਲ ਦੇ ਭਾਸ਼ਣ ਨਾਲ ਭੂਚਾਲ ਹੀ ਤਾਂ ਆ ਗਿਆ ਸੀਉਹ ਭੂਚਾਲ ਦੇ ਕੇਂਦਰ ਮੋਦੀ ਵਲ ਗਏ ਅਤੇ ਉੱਥੇ ਜੋ ਕੁਝ ਹੋਇਆ, ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ।

ਚਿਹਰਿਆਂ ਦੇ ਉਤਾਰ-ਚੜ੍ਹਾਅ ਬਦਲਦੇ ਰਹੇ:

ਬੇਭਰੋਸਗੀ ਦੇ ਮਤੇ ਪੁਰ ਚਰਚਾ ਦੌਰਾਨ ਚਲਦੀ ਰਹੀ ਸੰਸਦੀ ਕਾਰਵਾਈ ਦੇ ਪ੍ਰਤੱਖ-ਦਰਸ਼ੀ ਪੱਤਰਕਾਰਾਂ ਅਨੁਸਾਰ ਲੋਕ ਸਭਾ ਵਿੱਚ ਬਹੁਮਤ ਦੇ ਅੰਕੜਿਆਂ ਦਾ ਗਣਿਤ ਤਾਂ ਸਵੇਰੇ ਤੋਂ ਹੀ ਸਪਸ਼ਟ ਸੀ, ਪਰ ਚਰਚਾ ਦੇ ਨਤੀਜਿਆਂ ਦੀਆਂ ਸ਼ੰਕਾਵਾਂ ਦੇ ਚਲਦਿਆਂ ਰਾਜਨੈਤਿਕ ਸੰਦੇਸ਼ ਵਿੱਚ ਅੱਗੇ ਵਧਣ ਦੀ ਹੋੜ, ਸਦਨ ਵਿੱਚ ਤੇ ਸਦਨ ਤੋਂ ਬਾਹਰ ਸਾਫ ਨਜ਼ਰ ਆ ਰਹੀ ਸੀ। ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਚਿਹਰਿਆਂ ਦੇ ਉਤਾਰ-ਚੜ੍ਹਾਅ ਲਗਾਤਾਰ ਬਦਲਦੇ ਵਿਖਾਈ ਦੇ ਰਹੇ ਸਨ। ਜਦੋਂ ਪਤਾ ਲਗਦਾ ਕਿ ਮਾਮਲਾ ‘ਆਪਣੇ’ ਹੱਕ ਵਿੱਚ ਚੱਲ ਰਿਹਾ ਹੈ ਤਾਂ ਚਿਹਰੇ ਖਿੜ੍ਹ ਜਾਂਦੇ, ਪਰ ਜਦੋਂ ਗੱਲ ਵਿਗੜਦੀ ਵਿਖਾਈ ਦਿੰਦੀ ਤਾਂ ਚਿਹਰਿਆਂ ਤੋਂ ਹਵਾਈਆਂ ਉਡਣ ਲਗਦੀਆਂ। ਪੀਐੱਮਓ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਫਤਰ ਦੀਆਂ ਰਿਸਰਚ ਅਤੇ ਫੀਡਬੈਕ ਟੀਮਾਂ ਲਗਾਤਾਰ ਸਰਗਰਮ ਚਲੀਆਂ ਆ ਰਹੀਆਂ ਸਨ। ਮੰਨਿਆ ਜਾਂਦਾ ਹੈ ਕਿ ਰਾਹੁਲ ਦਾ ਭਾਸ਼ਣ ਖਤਮ ਹੋਣ ਦੇ ਨਾਲ ਹੀ ਗਰਮੀ ਵਧ ਗਈ ਸੀ। ਰਾਹੁਲ ਗਾਂਧੀ ਦੇ ਭਾਸ਼ਣ ਤੋਂ ਪਹਿਲਾਂ ਤਕ ਸਦਨ ਦੇ ਅੰਦਰ ਅਤੇ ਬਾਹਰ ਕੋਈ ਬਹੁਤੀ ਗਹਿਮਾ-ਗਹਿਮੀ ਨਜ਼ਰ ਨਹੀਂ ਸੀ ਆ ਰਹੀ, ਪਰ ਜਿਉਂ ਹੀ ਰਾਹੁਲ ਗਾਂਧੀ ਦਾ ਭਾਸ਼ਣ ਖਤਮ ਹੋਇਆ, ਪਰਦੇ ਦੇ ਪਿਛੇ ਚੱਲਦੀਆਂ ਆ ਰਹੀਆਂ ਸਰਗਰਮੀਆਂ ਬਾਹਰ ਆ ਗਈਆਂ। ਰਾਹੁਲ ਦਾ ਭਾਸ਼ਣ ਸੱਤਾ ਅਤੇ ਵਿਰੋਧੀ, ਦੋਹਾਂ ਧਿਰਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ। ਕੁਝ ਨੇਤਾਵਾਂ ਨੇ ਸਵਾਲ ਖੜ੍ਹੇ ਕੀਤੇ ਤੇ ਕੁਝ ਰਾਹੁਲ ਗਾਂਧੀ ਦੇ ਮੁਰੀਦ ਨਜ਼ਰ ਆਏ।

ਰਾਹੁਲ ਨੂੰ ਘੇਰਨ ਦੀ ਰਣਨੀਤੀ:

ਰਾਜਸੀ ਹਲਕਿਆਂ ਵਿੱਚ ਚੱਲ ਰਹੀ ਚਰਚਾ ਅਨੁਸਾਰ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਪੁਰ ਕੀਤੇ ਗਏ ਤਿਖੇ ਹਮਲਿਆਂ ਤੋਂ ਤਿਲਮਿਲਾਏ ਸੱਤਾ ਪੱਖ ਨੇ ਰਾਹੁਲ ਨੂੰ ਘੇਰਨ ਦੀ ਰਣਨੀਤੀ ਪੁਰ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਸਦਨ ਦੇ ਅੰਦਰ ਅਤੇ ਬਾਹਰ ਰਾਹੁਲ ਗਾਂਧੀ ਨੂੰ ਘੇਰਨ ਦੇ ਆਦੇਸ਼ ਮਿਲਦਿਆਂ ਹੀ ਸੱਤਾ ਪਖ ਦੇ ਵੱਡੇ ਆਗੂਆਂ ਨੇ ਸੰਸਦੀ ਕਾਰਵਾਈ ਦੀ ਨਿਯਮਾਵਲੀ ਲੈ ਕੇ ਇੱਧਰ-ਉੱਧਰ ਭੱਜਣਾ ਸ਼ੁਰੂ ਕਰ ਦਿੱਤਾ। ਸੰਸਦ ਕੰਪਲੈਕਸ ਵਿੱਚ ਮੌਜੂਦ ਪੀਐੱਮਓ ਦੀ ਰਿਸਰਚ ਟੀਮ ਦੀ ਸਰਗਰਮੀ ਵੀ ਵਧ ਗਈ।

ਨਰੇਂਦਰ ਮੌਦੀ ਰਹਿ ਗਏ ਹੈਰਾਨ:

ਰਾਹੁਲ ਵਲੋਂ ਅਪਨਾਏ ਗਏ, ਆਪਣੇ ਗਲੇ ਮਿਲਣ ਦੇ ਅੰਦਾਜ਼ ਤੋਂ ਪ੍ਰਧਾਨ ਮੰਤਰੀ ਪਹਿਲਾਂ ਤਾਂ ਬਹੁਤ ਹੀ ਹੈਰਾਨ ਹੋਏ। ਬਾਅਦ ਵਿੱਚ ਉਨ੍ਹਾਂ ਰਾਹੁਲ ਗਾਂਧੀ ਨੂੰ ਬੁਲਾਇਆ ਤੇ ਹੱਥ ਮਿਲਾ ਉਨ੍ਹਾਂ ਦੀ ਪਿੱਠ ਥਪਥਪਾਈ। ਰਾਹੁਲ ਦੇ ਉਨ੍ਹਾਂ ਦੇ ਗਲੇ ਮਿਲਣ ਦੇ ਅੰਦਾਜ਼ ਨੂੰ ਲੈ ਕੇ ਰਾਜਸੀ ਹਲਕਿਆਂ ਦੇ ਨਾਲ ਹੀ ਸੋਸ਼ਲ ਮੀਡੀਆ ਵਿੱਚ ਖੂਬ ਚਰਚਾ ਹੋਈ।

ਅਤੇ ਅੰਤ ਵਿੱਚ:

ਖਬਰਾਂ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ਵਿੱਚ ਬੇਭਰੋਸਗੀ ਦੇ ਮਤੇ ਪੁਰ ਬੋਲਦਿਆਂ ਆਪਣੇ ਭਾਸ਼ਣ ਦੀ ਸਮਾਪਤੀ ਜਿਸ ਅੰਦਾਜ਼ ਵਿੱਚ ਕੀਤੀ, ਉਸਨੇ ਸੋਸ਼ਲ ਮੀਡੀਆ ਪੁਰ ਇਸੇ ਸੰਬੰਧ ਵਿੱਚ ਚੱਲ ਰਹੀ ਚਰਚਾ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ। ਰਾਹੁਲ ਦੇ ਪ੍ਰਧਾਨ ਮੰਤਰੀ ਮੋਦੀ ਦੀ ਸੀਟ ਪੁਰ ਜਾ, ਉਨ੍ਹਾਂ ਦੇ ਗਲੇ ਮਿਲਦਿਆਂ ਹੀ ਸੋਸ਼ਲ ਮੀਡੀਆ ਵਿੱਚ ਚਲ ਰਹੀਆਂ ਸਾਰੀਆਂ ਹੀ ਚਰਚਾਵਾਂ ਨੂੰ ਠੱਲ੍ਹ ਪੈ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਨਵੇਂ ਹੈਸ਼ ਟੈਗ ‘ਰਾਹੁਲ ਗਾਂਧੀ ਹੱਗਜ਼ ਮੋਦੀ’, ‘ਹਗਪਲੋਮੈਸੀ’ ਆਦਿ ਸ਼ੁਰੂ ਹੋ ਗਏ। ਦਿੱਲੀ ਦੇ ਇਕ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪੂਰਾ ਸ਼ੋਅ ਲੁੱਟ ਲਿਆ। ਇੱਕ ਨੇ ਟਵੀਟ ਕਰ ਕਿਸੇ ਨੇ ਲਿਖਿਆ, ‘ਗਲੇ ਲਾ ਜੋ ਕੁਝ ਪਾਇਆ, ਉਹ ਅੱਖ ਮਾਰ ਗੁਆ ਲਿਆ’, ਇੱਕ ਹੋਰ ਸੱਜਣ ਨੇ ਟਵੀਟ ਕੀਤਾ ‘ਰਾਹੁਲ ਗਾਂਧੀ ਪੁਰ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਨ ਦੇ ਦੋ ਮਾਮਲੇ ਬਣਦੇ ਹਨ। ਇੱਕ ਮੋਦੀ ਨੂੰ ਜੱਫੀ ਪਾਉਣਾ, ਦੂਜਾ ਦੱਖਣ ਦੀ ਫਿਲਮੀ ਕਲਾਕਾਰ ਪ੍ਰਿਯੰਕਾ ਦਾ ਅੱਖ ਮਾਰਨ ਦਾ ਸਟਾਈਲ’ ਚੋਰੀ ਕਰਨਾ। ਇਸੇ ਤਰ੍ਹਾਂ ਇੱਕ ਮੋਦੀ ਭਗਤ ਦਾ ਟਵੀਟ ਸੀ, ‘ਰਾਹੁਲ ਦਾ ਕਹਿਣਾ ਸੀ ਕਿ 15 ਮਿੰਟ ਵਿੱਚ ਭੂਚਾਲ ਲੈ ਆਉਣਗੇ ਪਰ ਇੱਥੇ ਤਾਂ ਪੱਤਾ ਵੀ ਨਹੀਂ ਹਿੱਲਿਆ।’

*****

(1242)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author