ShonkiEnglandia7ਇੱਕ ਲੋਕਲ ਜੰਮਪਲ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਕਿਵੇਂ ...
(8 ਜੁਲਾਈ 2018)

 

ਕੈਨੇਡਾ ਵਿੱਚ ਅੰਤਰਰਾਸ਼ਟਰੀ ਪੰਜਾਬੀ ਸਟੂਡੈਂਟਸ ਦਾ ਸ਼ੋਸ਼ਣ ਅਤੇ ਕੁਝ ਸਟੂਡੈਂਟਸ ਦਾ ਬੁਰਾ ਵਿਵਹਾਰ ਲਗਤਾਰ ਚਰਚਾ ਵਿੱਚ ਹੈ। ਪਿਛਲੇ ਦਿਨਾਂ ਦੌਰਾਨ ਇਹਨਾਂ ਸਟੂਡੈਂਟਾਂ ਦੇ ਗੁੱਟਾਂ ਵਿਚਕਾਰ ਹੋਈਆਂ ਨਵੀਂਆਂ ਲੜਾਈਆਂ ਦੇ ਕੁਝ ਵੀਡੀਓ ਕਲਿੱਪ ਵੀ ਸੋਸ਼ਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਹਨ। ਇੱਕ ਬੇਨਾਮੇ ਪਰ ਬਹੁਤ ਹੀ ਕਾਮਯਾਬ ਕਥਿਤ ਅੰਤਰਰਾਸ਼ਟਰੀ ਸਟੂਡੈਂਟ ਦੀ ਅਵਾਜ਼ ਦੀ ਵੀਡੀਓ ਨੇ ਤਰਥੱਲੀ ਮਚਾ ਦਿੱਤੀ ਹੈ। ਇਸ ਬਾਰੇ ਸੋਸ਼ਲ ਮੀਡੀਆ ਤੋਂ ਇਲਾਵਾ ਰੇਡੀਓ ਪ੍ਰੋਗਰਾਮਾਂ ਵਿੱਚ ਚਰਚਾ ਹੋ ਰਹੀ ਹੈ। ਕਈ ਰੇਡੀਓ ਹੋਸਟਾਂ ਨੇ ਤਾਂ ਇਸ ਬਾਰੇ ਟਾਕ ਸ਼ੋਅ ਵੀ ਕੀਤੇ ਹਨ। ਇੱਕ ਰੇਡੀਓ ਹੋਸਟ ਨੇ ਸਰੋਤਿਆਂ ਨੂੰ ਇਸ ਬਾਰੇ ਸ਼ਕਾਇਤ ਕਰਨ ਵਾਸਤੇ ਇੰਮੀਗਰੇਸ਼ਨ ਵਿਭਾਗ ਦਾ ਫੋਨ ਵੀ ਦਿੱਤਾ ਪਰ ਇਹ ਵਿਭਾਗ ਕਦੇ ਕਿਸੇ ਦਾ ਫੋਨ ਘੱਟ ਹੀ ਚੁੱਕਦਾ ਹੈ। ਇੱਕ ਸੱਜਣ ਦਾ ਕਹਿਣਾ ਸੀ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲਿਬਰਲ ਮੰਤਰੀਆਂ ਅਤੇ ਸੰਤਰੀਆਂ ਨੂੰ ਸ਼ਿਕਾਇਤਾਂ ਕਰਨ। ਅੰਤਰਰਾਸ਼ਟਰੀ ਸਟੂਡੈਂਟਸ ਵਲੋਂ ਲਈਆਂ ਜਾਂਦੀਆਂ ਅਜੀਬ ਕਿਸਮ ਦੀਆਂ ਕਾਰ ਨੰਬਰ ਪਲੇਟਾਂ ਦੀ ਚਾਰਚਾ ਅਜੇ ਚੱਲ ਹੀ ਰਹੀ ਸੀ ਕਿ ਹੁਣ ਇਹ ਨਵਾਂ ਵਿਵਾਦ ਹੋਰ ਭਖ ਗਿਆ ਹੈ।

ਸ਼ੌਂਕੀ ਨੇ ਬੀਤੇ ਹਫ਼ਤੇ ਲਿਖਿਆ ਸੀ ਕਿ ਮਾਲਟਨ ਵਿੱਚ ਇੱਕ ਮਕਾਨ ਮਾਲਕ ਨੇ ਇੱਕ ਘਰ ਵਿੱਚ 18 ਅੰਤਰਰਾਸ਼ਟਰੀ ਸਟੂਡੈਂਟ ਰੱਖੇ ਹੋਏ ਹਨ ਅਤੇ ਹਰ ਇੱਕ ਤੋਂ $350 ਕਿਰਾਇਆ ਵਸੂਲ ਰਿਹਾ ਹੈ। ਬੀਤੇ ਐਤਵਾਰ ਨੂੰ ਜਦ ਸ਼ੌਂਕੀ ਗੁਰਦਵਾਰਾ ਸਾਹਿਬ ਚਾਹ ਦਾ ਲੰਗਰ ਛਕ ਰਿਹਾ ਸੀ ਤਾਂ ਇੱਕ ਸੱਜਣ ਨੇ ਦੱਸਿਆ ਕਿ ਇੱਕ ਘਰ ਵਿੱਚ 18 ਦੀ ਗਿਣਤੀ ਤਾਂ ਬਹੁਤ ਘੱਟ ਹੈ ਕਿਉਂਕਿ ਉਸ ਦੇ ਇੱਕ ਰਿਸ਼ਤੇਦਾਰ ਨੇ ਇਕ ਘਰ ਵਿੱਚ 22 ਸਟੂਡੈਂਟ ਰੱਖੇ ਹੋਏ ਹਨ। ਜ਼ਾਹਿਰ ਹੈ ਕਿ ਕੁਝ ਲਾਲਚੀ ਮਕਾਨ ਮਾਲਕ ਇਹਨਾਂ ਦਾ ਸ਼ੋਸ਼ਣ ਕਰ ਰਹੇ ਹਨ ਅਤੇ ਇਹ ਸੇਫਟੀ ਨਿਯਮਾਂ ਦੀ ਵੀ ਘੋਰ ਉਲੰਘਣਾ ਹੈਸਿਵਿਕ ਸਰਕਾਰਾਂ ਪਤਾ ਨਹੀਂ ਕਿਉਂ ਖਾਮੋਸ਼ ਬੈਠੀਆਂ ਹਨ?

ਕੁਝ ਲੋਕ ਸਮਝਦੇ ਹਨ ਕਿ ਇਸ ਸਮੱਸਿਆ ਵਾਸਤੇ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਬਹੁਤੀ ਜ਼ਿੰਮੇਵਾਰ ਹੈ ਜੋ ਅਜੇ ਵੀ ਧੜਾਧੜ ਵੀਜ਼ੇ ਜਾਰੀ ਕਰੀ ਜਾ ਰਹੀ ਹੈ। ਕਈ ਦਰਜਨਾਂ ਜਾਅਲੀ ਕਾਲਜ ਖੁੱਲ੍ਹ ਗਏ ਹਨ ਜੋ ਪੜ੍ਹਾਈ ਦੇ ਬਹਾਨੇ ਇੰਮੀਗਰੇਸ਼ਨ ਦਾ ਵਪਾਰ ਕਰ ਰਹੇ ਹਨ। ਇਹ ਹਾਲਤ ਪੰਜਾਬੀ ਭਾਈਚਾਰੇ ਤੱਕ ਸੀਮਤ ਨਹੀਂ ਹੈ, ਸਗੋਂ ਹੋਰ ਭਾਈਚਾਰਿਆਂ ਵਿੱਚ ਵੀ ਇਹ ਵਪਾਰ ਧੜੱਲੇ ਨਾਲ ਚੱਲ ਰਿਹਾ ਹੈ। ਭਾਵੇਂ ਮੀਡੀਆ ਵਿੱਚ ਏਨੀ ਚਰਚਾ ਹੋ ਰਹੀ ਪਰ ਫਿਰ ਵੀ ਲਿਬਰਲ ਮੰਤਰੀ ਅਤੇ ਸੰਤਰੀ ਖਾਮੋਸ਼ ਹਨ। ਇੱਕ ਲਿਬਰਲ ਸੰਤਰੀ ਤਾਂ ਇੱਕ ਪੰਜਾਬੀ ਰੇਡੀਓ ਤੇ ਇਹ ਆਖ ਰਿਹਾ ਸੀ ਕਿ ਸਟੂਡੈਂਟਸ ਦੇ ਚਾਰਟਰ ਰਈਟਸ ਹਨ। ਅਗਰ ਇਹਨਾਂ ਦੇ ਚਾਰਟਰ ਰਈਟਸ ਹਨ ਤਾਂ ਆਮ ਸ਼ਹਿਰੀਆਂ ਦੇ ਕਿੱਥੇ ਗਏ? ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਘਾਲਾਮਾਲਾ ਬਹੁਤਾ ਹੈ ਅਤੇ ਕੁਝ ਪ੍ਰਭਾਵੀ ਲਿਬਰਲ ਇਸ ਵਪਾਰ ਵਿੱਚ ਭਾਈਵਾਲ ਹਨ।

ਜਸਟਿਨ ਟਰੂਡੋ ਨੇ ਕਈ ਨਾਲਾਇਕ ਮੰਤਰੀ ਭਰਤੀ ਕੀਤੇ ਹੋਏ ਹਨ, ਜਿਹਨਾਂ ਵਿੱਚ ਇੰਮੀਗਰੇਸ਼ਨ ਮੰਤਰੀ ਅਹਿਮਦ ਹੁਸੇਨ ਅਤੇ ਵਿਦੇਸ਼ ਮੰਤਰੀ ਕ੍ਰਸਚੀਨਾ ਫਰੀਲੈਂਡ ਵੀ ਹਨ। ਅਹਿਮਦ ਹੁਸੇਨ ਕੈਨੇਡਾ ਦੇ ਇੰਮੀਗਰੇਸ਼ਨ ਢਾਂਚੇ ਦਾ ਭੱਠਾ ਬਿਠਾ ਰਿਹਾ ਹੈ ਅਤੇ ਫਰੀਲੈਂਡ ਨੇ ਕੈਨੇਡਾ ਦੀ ਵਿਦੇਸ਼ ਨੀਤੀ ਨੂੰ ਹੌਲਾ ਕਰ ਦਿੱਤਾ ਹੈ। ਇਹ ਬੀਬੀ ਨਾਫਟਾ ਵਾਸਤੇ ਵਾਸ਼ਿੰਗਟਨ ਦੇ ਕਈ ਗੇੜੇ ਮਾਰ ਆਈ ਹੈ ਪਰ ਹਰ ਵਾਰ ਗੱਲ ਅੱਗੇ ਵਧਣ ਦੀ ਥਾਂ ਪਿੱਛੇ ਮੁੜ ਆਉਂਦੀ ਹੈ। ਹੁਣ ਤਾਂ ਪਵਾੜਾ ਹੋਰ ਵੀ ਵਧ ਗਿਆ ਹੈ। ਰੂਸ ਨਾਲ ਸਿੰਗ ਫਸਾਉਣ ਲਈ ਇਹ ਬਹੁਤ ਤਕੜੀ ਹੈ ਅਤੇ ਰੂਸ ਨੇ ਇਸ ਨੂੰ ਬਲੈਕ ਲਿਸਟ ਕੀਤਾ ਹੋਇਆ ਹੈ।

ਗੱਲ ਉਸ ਰੀਕਾਰਡਿੰਗ ਦੀ ਕਰਨ ਵਾਲੀ ਹੈ ਜਿਸ ਵਿੱਚ ਇੱਕ ਕਥਿਤ ਸਟੂਡੈਂਟ ਨੇ ਬਹੁਤ ਅਪਸ਼ਬਦ ਬੋਲੇ ਹਨ। ‘ਅਵਾਜ਼ ਦੀ ਵੀਡੀਓ’ ਵਿੱਚ ਇਸ ਨੇ ਆਪਣੀ ਸ਼ਕਲ ਨਹੀਂ ਵਿਖਾਈ ਪਰ ਇਕ ਘਰ ਦਾ ਕੁਝ ਹਿੱਸਾ ਵਿਖਾਈ ਦਿੰਦਾ ਹੈ। ਇਸ ਨੇ ਆਪਣਾ ਨਾਮ ਵੀ ਜ਼ਹਿਰ ਨਹੀਂ ਕੀਤਾ ਪਰ ਇਹ ਦੱਸਿਆ ਹੈ ਕਿ ਬਹੁਤ ਕਾਮਯਾਬ ਸਟੂਡੈਂਟ ਹੈ। ਪਿਛਲੇ 20-25-40 ਸਾਲ ਤੋਂ ਕੈਨੇਡਾ ਵਸਦੇ ਪੰਜਾਬੀਆਂ ਨੂੰ ਇਹ ਅਨਪੜ੍ਹ ਅਤੇ ਗਰੀਬ ਦੱਸਦਾ ਹੈ ਜਿਹਨਾਂ ਕੋਲ ਇਸ ਮੁਤਾਬਿਕ ਪੰਜਾਬ ਵਿੱਚ ਗੱਡਾ ਵੀ ਨਹੀਂ ਸੀ। ਉਂਝ ਇਹ ਇੱਕ ਗੱਲੋਂ ਸੱਚਾ ਹੈ ਕਿਉਂਕਿ ਸ਼ੌਂਕੀ ਦੇ ਵੇਲਿਆਂ ਵਿੱਚ ਗੱਡਾ ਵੀ ਸਾਰਿਆਂ ਕੋਲ ਨਹੀਂ ਸੀ ਹੁੰਦਾ ਅਤੇ ਜਿਹਨਾਂ ਕੋਲ ਸੀ, ਉਹਨਾਂ ਕੋਲ ਲੱਕੜੀ ਦੇ ਵੱਡੇ ਪਹੀਆਂ ਵਾਲਾ ਹੁੰਦਾ ਸੀ। ਸ਼ੌਂਕੀ ਦੇ ਬਾਪੂ ਕੋਲ ਵੀ ਪਹਿਲਾਂ ਇਸੇ ਕਿਸਮ ਦਾ ਗੱਡਾ ਸੀ, ਜਿਸ ਨੂੰ ਪਿੱਛੋਂ ਪੁਰਾਣੇ ਟਾਇਰ ਪਵਾ ਕੇ ਰੇੜ੍ਹੀ ਜਾਂ ਟਾਇਰਾਂ ਵਾਲਾ ਗੱਡਾ ਬਣਾ ਲਿਆ ਗਿਆ ਸੀ। ਪਤਾ ਨਹੀਂ ਇਸ ਸਟੂਡੈਂਟ ਦੇ ਬਾਪ ਦਾਦੇ ਕੋਲ ਲਕੜੀ ਦੇ ਪਹੀਆਂ ਵਾਲਾ ਗੱਡਾ ਵੀ ਸੀ ਜਾਂ ਨਹੀਂ। ਉਹ ਜ਼ਮਾਨਾ ਹੀ ਇਸ ਤਰ੍ਹਾਂ ਦਾ ਸੀ। ਇਹ ਸਟੂਡੈਂਟ ਪੁਰਾਣੇ ਆਏ ਪੰਜਾਬੀਆਂ ਦੀਆਂ ਧੀਆਂ ਭੈਣਾਂ ਨੂੰ ਵੀ ਕਈ ਤਾਹਨੇ ਮਾਰਦਾ ਹੈ ਤੇ ਟਰੱਕਿੰਗ ਵਾਲਿਆਂ ਲਈ ਵੀ ਭੱਦੇ ਸ਼ਬਦ ਵਰਤਦਾ ਹੈ। ਇਸ ਨੂੰ ਮਾਣ ਹੈ ਕਿ ਸਟੂਡੈਂਟ ਮਹਿੰਗੀਆਂ ਕਾਰਾਂ ਰੱਖਦੇ ਹਨ। ਇਸਦੀ ਗੱਲਬਾਤ ਦਾ ਤੱਥ ਇਹ ਨਿਕਲਦਾ ਹੈ ਕਿ ਪੰਜਾਬ ਤੋਂ ਪਹਿਲਾਂ ਤਾਂ ‘ਕਚਰਾ’ ਆਇਆ ਸੀ ਹੁਣ ‘ਹੀਰੋ’ ਆ ਰਹੇ ਹਨ।

ਇਸ ਸਟੂਡੈਂਟ ਦੀ ਗੱਲਬਾਤ ਸੁਣ ਕੇ ਲੋਕ ਬਹੁਤ ਹੈਰਾਨ ਹੋ ਰਹੇ ਹਨ ਅਤੇ ਕੁਝ ਗੁੱਸੇ ਵੀ ਹੋ ਰਹੇ ਹਨ। ਕੁਝ ਰੇਡੀਓ ਕਾਲਰਾਂ ਦਾ ਪ੍ਰਤੀਕਰਮ ਸੁਣਨ ਵਾਲਾ ਸੀ। ਇੱਕ ਨੇ ਦੱਸਿਆ ਕਿ ਕਿਵੇਂ ਕੁਝ ਸਟੂਡੈਂਟਸ ਨੇ ਸੜਕ ਕਿਨਾਰੇ ਖੜ੍ਹੇ ਇਕ ਪੰਜਾਬੀ ਬਜ਼ੁਰਗ ਨੂੰ ਬੁਰਾ ਭਲਾ ਆਖਿਆ ਅਤੇ ਸ਼ੱਕ ਕੀਤੀ ਕਿ ਉਹ ਉਹਨਾਂ ਵੱਲ ਵੇਖ ਰਿਹਾ ਸੀ। ਬਜ਼ੁਰਗ ਨੇ ਕਿਹਾ ਕਿ ਉਹ ਤਾਂ ਸੜਕ ਕਿਨਾਰੇ ਕਿਸੇ ਦੀ ਉਡੀਕ ਕਰ ਰਿਹਾ ਸੀ।

ਉੱਚੀ ਮਿਊਜ਼ਿਕ, ਰਾਤ ਲੇਟ ਤੱਕ ਖੱਪ ਅਤੇ ਢਾਣੀਆਂ ਬਣਾ ਕੇ ਪਾਰਕਾਂ ਵਿੱਚ ਲੇਟਣਾ, ਕੁਝ ਇਕ ਦੇ ਸ਼ੌਂਕ ਲੋਕਾਂ ਨੇ ਗਿਣਾਏ ਹਨ। ਇੱਕ ਲੋਕਲ ਜੰਮਪਲ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਕਿਵੇਂ ਕੁਝ ਸਟੂਡੈਂਟ ਲੜਕੀਆਂ ਦਾ ਪਿੱਛੇ ਕਰਦੇ ਹਨ ਅਤੇ ਅਪਸ਼ਬਦ ਬੋਲਦੇ ਹਨ। ਬੱਸਾਂ ਵਿੱਚ ਮਾਰੇ ਜਾਂਦੇ ਧੱਕੇ ਅਤੇ ਲਾਈਨ ਬਣਾ ਕੇ ਬੱਸ ਵਿੱਚ ਨਾ ਚੜ੍ਹਨ ਬਾਰੇ ਵੀ ਲੋਕ ਦੱਸ ਰਹੇ ਹਨ। ਸਰਕਾਰੀ ਰਿਕਾਰਡ ਵਿੱਚ ਬਾਹਰਲੇ ਅਡਰੈੱਸ ਵਰਤਣੇ ਅਤੇ ਰਹਿਣਾ ਕਿਤੇ ਹੋਰ ਬਾਰੇ ਵੀ ਲੋਕ ਖੁਲਾਸੇ ਕਰਦੇ ਹਨ। ਕੁਝ ਕੁ ਵਲੋਂ ਇਨਸ਼ੋਰੈਂਸ ਫਰਾਡ ਦੀਆਂ ਗੱਲਾਂ ਵੀ ਦੱਸੀਆਂ ਗਈਆਂ ਹਨ। ਇਸ ਵਰਤਾਰੇ ਨਾਲ ਮਿਹਨਤੀ ਸਟੂਡੈਂਟ ਵੀ ਬਦਨਾਮ ਹੋ ਰਹੇ ਹਨ।

*****

(1220)