RaginiJoshi7“ਪਾੜ੍ਹਿਆਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਕੋਈ ਵੀ ਉਹਨਾਂ ਨੂੰ ...”
(8 ਜੁਲਾਈ 2018)

 

ਸ਼ਿਕਾਇਤਾਂ, ਗਿਲੇ-ਸ਼ਿਕਵੇ ਅਤੇ ਸਲਾਹ

ਕੈਨੇਡਾ ਵਿਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਲੜਾਈਆਂ ਝਗੜਿਆਂ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। 20 ਸਾਲਾ ਰਣਕੀਰਤ ਵੱਲੋਂ ਸਾਥੀਆਂ ਨਾਲ ਮਿਲ ਕੇ ਰੀਅਲ ਇਸਟੇਟ ਏਜੰਟ ’ਤੇ ਕੀਤਾ ਗਿਆ ਹਮਲਾ ਹੋਵੇ ਜਾਂ ਆਏ ਦਿਨ ਪਲਾਜ਼ਿਆਂ ਵਿਚ ਹੁੰਦੀਆਂ ਲੜਾਈਆਂ, ਕੈਨੇਡਾ ਵਿਚ ਇੰਟਰਨੈਸ਼ਨਲ ਸਟੂਡੈਂਟਾਂ ਪ੍ਰਤੀ ਨਫਰਤ ਦਿਨ ਬਦਿਨ ਗਹਿਰੀ ਹੁੰਦੀ ਜਾ ਰਹੀ ਹੈ। ਗੱਲ ਇੱਥੋਂ ਤੱਕ ਵਧ ਚੁੱਕੀ ਹੈ ਕਿ ਸੋਸ਼ਲ ਮੀਡੀਆਂ ’ਤੇ ਪੈਂਦੀਆਂ ਫਟਕਾਰਾਂ ਤੋਂ ਲੈ ਕੇ ਸਥਾਨਕ ਵਿਧਾਇਕਾਂ ਵੱਲੋਂ ਦਿੱਤੀਆਂ ਚਿਤਾਵਨੀਆਂ ਅਤੇ ਪੁਲਿਸ ਦੀ ਤੇਜ਼ ਨਿਗਰਾਨੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰਖੀਆਂ ਵਿਚ ਲਿਆ ਖੜ੍ਹਾ ਕੀਤਾ ਹੈ। ਪਰ ਇੱਕ ਸਵਾਲ ਜੋ ਇੱਥੇ ਰਹਿ ਕੇ, ਇਹਨਾਂ “ਪਾੜ੍ਹਿਆਂ” ਨਾਲ ਵਿਚਰ ਕੇ ਬਦੋਬਦੀ ਮਨ ਵਿਚ ਆਉਂਦਾ ਹੈ, ਉਸਨੂੰ ਅਣਗੌਲਿਆਂ ਕਰਨਾ ਮੁਮਕਿਨ ਨਹੀਂ ਲੱਗ ਰਿਹਾ ਅਤੇ ਗੱਲ ਕਰਨੀ ਵੀ ਹੁਣ ਅਹਿਮ ਹੁੰਦੀ ਜਾ ਰਹੀ ਹੈ।

ਦਿਸ਼ਾਹੀਣਤਾ

ਅੱਲੜ੍ਹ ਉਮਰ ਵਿਚ ਵਿਦੇਸ਼ੀ ਧਰਤੀ ਅਤੇ ਮਾਪਿਆਂ ਜਾਂ ਵੱਡਿਆਂ ਦੀ ਨਿਗਰਾਨੀ ਤੋਂ ਬਿਨਾਂ ਵਿਦਿਆਰਥੀ ਬਿਨਾਂ ਡੋਰ ਦੇ ਉਸ ਪਤੰਗ ਵਰਗਾ ਜਾਪਦਾ ਹੈ, ਜੋ ਸਿਰਫ ਹਵਾ ਦੇ ਰੁੱਖ ਦੇ ਹਿਸਾਬ ਨਾਲ ਉੱਡਦਾ ਹੈ। ਵਿਦਿਆਰਥੀਆਂ ਨੂੰ ਸੇਧ ਅਤੇ ਸੰਗਤ ਚੰਗੀ ਮਿਲੇ ਤਾਂ ਇਸੇ ਧਰਤੀ ’ਤੇ ਕਈ ਨਾਮਣੇ ਖੱਟ ਜਾਂਦੇ ਹਨ, ਕੁਰਾਹੇ ਪੈ ਜਾਣ ’ਤੇ ਹਰ ਗਲਤ ਖਬਰ ਲਈ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੇ ਹਨ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਬਹੁਤ ਛੋਟੀ ਉਮਰੇ ਬੱਚਿਆਂ ਨੂੰ “ਆਤਮ ਨਿਰਭਰ" ਬਣਾਉਣ ਦੀ ਕਾਹਲ ਵਿਚ ਉਹਨਾਂ ਨੂੰ ਸ਼ਾਇਦ ਆਪ “ਭੂਤਰੇ” ਬਣਾਉਣ ਦੇ ਰਾਹ ਤੁਰ ਪਏ ਹਾਂ।

ਕਾਲਜ ਦੀ ਚੋਣ ਤੋਂ ਲੈ ਕੇ ਸ਼ਿਫਟਾਂ ਅਤੇ ਕਿਰਾਏ ਕੱਢਣ ਦੇ ਫੈਸਲੇ ਲੈਣ ਤੋਂ ਬਾਅਦ ਨੌਜਵਾਨ ਸ਼ਾਇਦ ਇਸੇ ਜੱਦੋਜਹਿਦ ਦੇ ਚੱਕਰ ਨੂੰ ਜ਼ਿੰਦਗੀ ਮੰਨ ਬੈਠਦੇ ਹਨ। ਇੱਕ ਹਫਤੇ ਵਿਚ ਕੁਝ ਮਿੰਟਾਂ ਦੀ ਘਰਦਿਆਂ ਨਾਲ ਗੱਲਬਾਤ ਵੀ ਉਹਨਾਂ ਨੂੰ ਸੇਧ ਨਹੀਂ ਦਿੰਦੀ ਅਤੇ “ਵਿਦੇਸ਼ਾਂ ਵਿਚ ਮਿਲਦੀ ਖੁੱਲ੍ਹ” ਉਹਨਾਂ ਨੂੰ ਝੂਠੀ ਅਤੇ ਫੋਕੀ ਟੌਹਰ ਦੀ ਦੁਨੀਆਂ ਵਿਚ ਉੱਡਣੇ ਲਗਾ ਦਿੰਦੀ ਹੈ। ਜਦੋਂ ਤੱਕ ‘ਕੀ ਖੱਟਿਆ, ਕੀ ਪਾਇਆ’ ਦੀ ਸਮਝ ਆਉਂਦੀ ਹੈ, ਉਦੋਂ ਤੱਕ ਹੋ ਚੁੱਕੀ ਦੇਰ ਕਾਰਨ ਹੱਥ ਮਲਣ ਤੋਂ ਇਲਾਵਾ ਕੁਝ ਨਹੀਂ ਬਚਦਾ।

ਅਜਿਹਾ ਨਹੀਂ ਹੈ ਕਿ ਸਾਰੇ ਵਿਦਿਆਰਥੀ ਕੁਰਾਹੇ ਪੈਂਦੇ ਹਨ, 90% ਫੀਸਦੀ ਵਿਦਿਆਰਥੀਆਂ ਨੇ ਕੈਨਡਾ ਦੇ ਜ਼ਿਆਦਾਤਰ ਕਾਰੋਬਾਰਾਂ ਵਿਚ ਮਿਹਨਤਾਂ ਵਾਲੇ ਕੰਮਾਂ ਨੂੰ ਖੱਬੇ ਹੱਥ ਦੀ ਖੇਡ ਬਣਾ ਕੇ ਵੀ ਰੱਖਿਆ ਹੋਇਆ ਹੈ। ਇਹਨਾਂ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਦੀ ਖੁਸ਼ਬੋ ਦੇ ਕੈਨੇਡਾ ਦੀ ਆਬੋ ਹਵਾ ਵਿਚ ਮਿਲੇ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ “ਅੱਗੇ ਕੀ” ਭਾਵ ਦਿਸ਼ਾਹੀਣਤਾ ਬਹੁਤੇ ਨੌਜਵਾਨਾਂ ਨੂੰ ਇਹ ਸੋਚਣ ਤੋਂ ਅਸਮਰੱਥ ਕਰ ਦਿੰਦੀ ਹੈ ਕਿ ਸਹੀ ਅਤੇ ਗਲਤ ਵਿਚ ਅੰਤਰ ਕੀ ਹੈ। ਅਜਿਹੇ ਵਿਚ ਦੋਸ਼ ਅਤੇ ਸ਼ਿਕਵਿਆਂ ਦਾ ਦੌਰ ਰੁੱਖਾਪਣ ਅਤੇ ਬਗਾਵਤੀ ਸੁਰਾਂ ਪੈਦਾ ਕਰਨ ਦਾ ਕੰਮ ਕਰਦਾ ਹੈ, ਨਾ ਕਿ ਸਿੱਧੇ ਰਾਹੇ ਪਾਉਣ ਦਾ।

ਦੂਰਅੰਦੇਸ਼ੀ ਦੀ ਘਾਟ

ਜੇਕਰ ਪਿਛਲੀਆਂ ਕੁਝ ਘਟਨਾਵਾਂ ’ਤੇ ਨਿਗਾਹ ਮਾਰ ਕੇ ਦੇਖੀ ਜਾਵੇ ਤਾਂ 18 ਤੋਂ 24 ਸਾਲ ਤੱਕ ਦੇ ਨੌਜਵਾਨ ਜੋ ਜ਼ਿਆਦਾਤਰ 12ਵੀਂ ਜਮਾਤ ਤੋਂ ਬਾਅਦ ਉਚੇਰੀ ਵਿੱਦਿਆ ਹਾਸਲ ਕਰਨ ਲਈ ਕੈਨੇਡਾ ਜਾਂ ਹੋਰਨਾਂ ਮੁਲਕਾਂ ਵਿਚ ਆਉਂਦੇ ਹਨ, ਦੀ ਸਭ ਤੋਂ ਵੱਡੀ ਸਮੱਸਿਆ ਦੂਰਅੰਦੇਸ਼ੀ ਦੀ ਘਾਟ ਹੈ। ਸਾਡੇ ਵਿਦਿਆਰਥੀ, ਚਾਵਾਂ-ਮਲ੍ਹਾਰਾਂ ਨਾਲ ਪੰਜਾਬ ਜਾਂ ਭਾਰਤ ਤੋਂ “ਪੜ੍ਹਨ" ਲਈ ਇਸ ਹਿਸਾਬ ਨਾਲ ਭੇਜੇ ਜਾਂਦੇ ਹਨ, ਜੋ ਕੁਝ ਹੱਦ ਤੱਕ ਪੜ੍ਹਾਈ ਕਮ .ਟੀ.ਐੱਮ ਮਸ਼ੀਨ ਦੀ ਤਰ੍ਹਾਂ ਵਰਤੋਂ ਵਿਚ ਆਉਂਦੇ ਹਨ। ਗੱਲ ਚਾਹੇ ਕੌੜੀ ਹੋਵੇ, ਪਰ ਸੱਚਾਈ ਇਹ ਹੈ ਕਿ ਮਾਪਿਆਂ ਨੂੰ “ਪਿੱਛੇ ਪੈਸੇ ਭੇਜਣ ਦੀ ਆਸ” ਜ਼ਰੂਰ ਰਹਿੰਦੀ ਹੈ। ਇਸਦਾ ਮੁੱਖ ਕਾਰਨ ਹੈ ਕਿ ਕਰਜ਼ਾ ਚੁੱਕ ਕੇ ਵਧੀਆ ਭਵਿੱਖ ਦੀ ਆਸ ਲੈ ਕੇ ਬੱਚੇ ਨੂੰ ਅੱਖਾਂ ਤੋਂ ਦੂਰ ਕਰਨਾ। ਪਰ ਇੱਥੇ ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਜਾਂ ਅਮਰੀਕਾ ਵਿਚ ਪੈਰ ਧਰਦੇ ਹੀ, ਵਿਦਿਆਰਥੀ ਡਾਲਰਾਂ ਦੇ ਰੁੱਖ ਛਾਂਗਣ ਕਾਬਿਲ ਨਹੀਂ ਹੋ ਜਾਂਦਾ। ਰੁੱਖ ਵੱਢਣ ਲਈ ਕੁਹਾੜੀ ਦਾ ਤਿੱਖਾ ਹੋਣਾ ਜ਼ਰੂਰੀ ਹੈ, ਅਤੇ ਸ਼ਾਇਦ ਅਸੀਂ ਉਸਦੇ ਤਿੱਖਾ ਹੋਣ ਤੋਂ ਪਹਿਲਾਂ ਹੀ ਰੁੱਖ ਛਾਂਗਣ ਦੀ ਕਾਹਲ ਵਿਚ ਕੁਹਾੜੀ ਦਾ ਮੁਹਾਂਦਰਾ ਹੀ ਬਦਲਣ ਦੀ ਗਲਤੀ ਕਰ ਬੈਠਦੇ ਹਾਂ। ਅਸੀਂ ਸ਼ਾਇਦ ਵਿਦਿਆਰਥੀਆਂ ਨੂੰ ਇੰਨਾਂ ਸਮਾਂ ਹੀ ਨਹੀਂ ਦਿੰਦੇ ਕਿ ਉਹ ਬੈਠ ਕੇ ਵਿਚਾਰ ਕਰ ਸਕਣ ਕਿ ਅੱਜ ਤੋਂ 10 ਸਾਲ ਬਾਅਦ ਉਹ ਆਪਣੇ ਆਪ ਨੂੰ ਕਿੱਥੇ ਦੇਖਦੇ ਹਨ।

ਕੀ ਹੈ ਸਮੱਸਿਆ ਦਾ ਹੱਲ?

ਇਸ ਸਭ ਤੋਂ ਬਾਅਦ ਜੇਕਰ ਅਸੀਂ ਇਸ ‘ਮੁਸੀਬਤ’ ਦਾ ਹੱਲ ਲੱਭਣ ਦਾ ਯਤਨ ਕਰੀਏ ਤਾਂ ਮੇਰਾ ਨਿੱਜੀ ਵਿਚਾਰ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਮੁਲਕਾਂ ਵਿਚ ਕਮਿਊਨਿਟੀ ਸੈਂਟਰਾਂ ਅਤੇ ਫੋਰਮਾਂ ਰਾਹੀਂ ਵਿਦਿਆਰਥੀਆਂ ਨੂੰ ਉਹਨਾਂ ਦੇ ਅਸਲ ਮਕਸਦ ਤੋਂ ਸਮੇਂ ਸਮੇਂ ’ਤੇ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਮੀਗ੍ਰੇਸ਼ਨ, ਵਰਕ ਪਰਮਿਟ ਅਤੇ ਪੀ.ਆਰ ਜਿਹੇ ਮਸਲਿਆਂ ਤੋਂ ਇਲਾਵਾ ਇੱਥੇ ਵਧੀਆ ਜ਼ਿੰਦਗੀ ਜੀਊਣ ਲਈ ਕਿਸ ਕੋਰਸ, ਕਿਸ ਹੁਨਰ ਦੀ ਜ਼ਿਆਦਾ ਲੋੜ ਹੈ, ਅਤੇ ਉਸ ਨੂੰ ਕਿਫਾਇਤੀ ਢੰਗ ਨਾਲ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ, ਵਰਗੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।

ਮਿੱਟੀ ਤੋਂ ਦੂਰ ਰਹਿ ਕੇ ਟੁੱਟ ਰਹੇ ਵਿਦਿਆਰਥੀਆਂ ਨੂੰ ਉਹਨਾਂ ਦਾ ਪਿਛੋਕੜ, ਇੱਥੇ ਆਉਣ ਦੀ ਵਜ੍ਹਾ ਅਤੇ ਬਿਹਤਰ ਜੀਵਨ ਲਈ ਮੌਕੇ ਤਲਾਸ਼ਣ ਤੋਂ ਇਲਾਵਾ ਹੱਲਾਸ਼ੇਰੀ ਅਤੇ ਝਿੜਕਾਂ ਦੋਵੇਂ ਬਰਾਬਰ ਹਿੱਸਿਆਂ ਵਿਚ ਮਿਲਦੀਆਂ ਰਹਿਣੀਆਂ ਜ਼ਰੂਰੀ ਹਨ। “ਅਸੀਂ ਸਟੂਡੈਂਟਾਂ ਲਈ ਆਹ ਨਹੀਂ ਕਰ ਸਕਦੇ” ਜਾਂ “ਸਟੂਡੈਂਟਾਂ ਨੇ ਗੰਦ ਪਾਇਆ ਹੋਇਆ ਹੈ” ਵਰਗੇ ਸ਼ਬਦਾਂ ਦੀ ਥਾਂ ਉਹਨਾਂ ਨੂੰ ਇੱਕ ਚਿਤਾਵਨੀ ਦਿੱਤੀ ਜਾਣੀ ਜ਼ਿਆਦਾ ਬਿਹਤਰ ਹੋਵੇਗੀ ਜਿਸ ਨਾਲ ਉਹ ਗਲਤ ਰਾਹੇ ਪੈਣ ਦੇ ਜੋਖਮ ਅਤੇ ਨੁਕਸਾਨ ਤੋਂ ਵਾਕਿਫ ਹੋ ਸਕਣ। ਅੱਗੇ ਫੈਸਲਾ ਖੁਦ ਵਿਦਿਆਰਥੀਆਂ ਦੇ ਹੱਥ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਕਿਸ ਢੰਗ ਨਾਲ ਜੀਊਣੀ ਹੈ ਪਰ ਉਹਨਾਂ ਨੂੰ ਸੇਧ ਦੇਣੀ ਸਮੇਂ ਦੀ ਮੰਗ ਹੈ ਅਤੇ ਇਸ ਮਿਲੀ ਸਲਾਹ ਅਤੇ ਸੇਧ ਨੂੰ ਪੱਲੇ ਬੰਨ੍ਹ ਕੇ ਤੁਰਨਾ ਵਿਦਿਆਰਥੀਆਂ ਦਾ ਫਰਜ਼ ਹੈ।

ਆਪਣੇ ਐਸ਼ੋ-ਆਰਾਮ ਜਾਂ ਮੌਜਾਂ ਵਿਚ ਮਸਰੂਫ ਹੋ ਕੇ ਪਿੱਛੇ ਬੈਠੇ ਮਾਪਿਆਂ ਲਈ ਬੇਧਿਆਨੇ ਜਾਂ ਬੇਪਰਵਾਹ ਹੋ ਜਾਣਾ ਵੀ ਸਰਾਸਰ ਗਲਤ ਹੈ। ਉਹਨਾਂ ਵੱਲੋਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਅਤੇ ਝੱਲੇ ਸੰਤਾਪਾਂ ਦਾ ਅਸਲ ਮੁੱਲ ਅਸੀਂ ਬਿਹਤਰ ਮੁਕਾਮ ’ਤੇ ਪਹੁੰਚ ਕੇ ਹੀ ਮੋੜ ਸਕਦੇ ਹਾਂ ਤਾਂ ਜੋ ਉਹ ਵੀ ਛਾਤੀ ਚੌੜ੍ਹੀ ਕਰ ਕੇ ਸਾਡੇ ’ਤੇ ਮਾਣ ਕਰ ਸਕਣ ਤੇ ਆਪਣਾ ਬੁਢਾਪਾ ਇੱਜ਼ਤ ਨਾਲ ਗੁਜ਼ਾਰ ਸਕਣ। ਪਾੜ੍ਹਿਆਂ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਕੋਈ ਵੀ ਉਹਨਾਂ ਨੂੰ ਇੱਕ ਜਾਂ ਦੋ ਵਾਰ ਤਾਂ ਸਲਾਹ ਦੇ ਸਕਦਾ ਹੈ, ਪਰ ਅੱਗੇ ਆਪਣੇ ਕੀਤੇ ਫੈਸਲਿਆਂ ਦੇ ਨਤੀਜਿਆਂ ਦਾ ਭੁਗਤਾਨ ਉਹਨਾਂ ਨੂੰ ਆਪ ਹੀ ਕਰਨਾ ਹੋਵੇਗਾ ਕਿਉਂਕਿ ਇਹ “ਬਿਨਾਂ ਸਿਫਾਰਸ਼ਾਂ” ਅਤੇ “ਦਾਬੇ” ਤੋਂ ਚੱਲਣ ਵਾਲਾ “ਨਿਰਪੱਖ” ਦੇਸ਼ ਹੈ ਜੋ ਕਿਸੇ ਲਈ ਜੇਕਰ ਸਵਰਗ ਹੈ ਤਾਂ ਕਿਸੇ ਲਈ ਨਰਕ ਸਾਬਿਤ ਹੋ ਸਕਦਾ ਹੈ, ਪਰ “ਬੇਇਨਸਾਫ” ਕਦੇ ਵੀ ਨਹੀਂ।

*****

(1219)

About the Author

ਰਾਗਿਨੀ ਜੋਸ਼ੀ

ਰਾਗਿਨੀ ਜੋਸ਼ੀ

Phone: (Punjab 91 - 78146 - 68387)
Phone: (Canada  646 - 659 - 0859)
Email: (raginijoshi937@gmail.com)