AmaninderPal7ਕਿਸ਼ੋਰੀ ਅਕਸਰ ਆਖਦਾ ਕਿ ਬਜਾਏ ਕਿਸੇ ਸੁਜਾਖੇ ਸੱਜਣ ਦੇਅਜਿਹੇ ਕੰਮਾਂ ਲਈ ...
(29 ਜੂਨ 2018)

 

Kishori2

ਡਾ. ਮਲਕੀਤ ਸਿੰਘ (ਸੱਜੇ) ਨਾਲ ਕਿਸ਼ੋਰੀ।

ਲਿਖਣਾ-ਪੜ੍ਹਨਾ ਤਾਂ ਕੀ, ਉਸ ਨੇ ਤਾਂ ਕਦੀ ਸਕੂਲ ਦੀ ਦੇਹਲੀ ਵੀ ਨਹੀਂ ਸੀ ਟੱਪੀਨਾ ਹੀ ਉਹ ਕਿਸੇ ਖੇਤਰ ਦਾ ਸ਼ਾਹਅਸਵਾਰ ਸੀ, ਜਿਸਦੇ ਝੋਲੀ ਇੱਕਾ-ਦੁੱਕਾ ਇਨਾਮ ਆ ਟਪਕਦੇਨਾ ਉਸ ਅੰਦਰ ਹਾਰਮੋਨਿਅਮ ਜਾਂ ਤਬਲਾ ਸਿੱਖ ਲੈਣ ਦੀ ਕੋਈ ਖਾਹਿਸ਼ ਸੀ, ਤੇ ਨਾ ਹੀ ਕੋਈ ਸਰਕਾਰੀ ਨੌਕਰੀ ਹਾਸਲ ਕਰ ਲੈਣ ਦੀ ਲਾਲਸਾਉਸਨੇ ਤਾਂ ਬੱਸ ਤਿੰਨ ਹੀ ਕੰਮ ਸਿੱਖੇ ਸਨ - ਇੱਕ ਕੁਰਸੀਆਂ ਬੁਣਨ ਦਾ, ਦੂਜਾ ਨੇਤਰਹੀਣਾਂ ਨੂੰ ਜਥੇਬੰਦ ਕਰਨ ਦਾ ਤੇ ਤੀਜਾ ਇਨਕਲਾਬੀ ਜਮਹੂਰੀ ਲਹਿਰ ਵਿਚ ਕਿਸੇ ਨਾ ਕਿਸੇ ਤਰੀਕੇ ਸਰਗਰਮ ਰਹਿਣ ਦਾ

ਗੋਲ ਹੱਥੀ ਵਾਲੀ ਸੋਟੀ, ਛੋਟਾ ਰੇਡੀਓ, ਨਿੱਕੇ-ਨਿੱਕੇ ਕਦਮ, ਨੀਵੀਂ ਸੁੱਟੀ ਧੌਣ ਤੇ ਧੀਮੀ ਚਾਲੇ ਤੁਰਦਾ ਪਰਛਾਵਾਂ ਹੀ ਉਸਦੀ ਪਹਿਚਾਣ ਸਨਜਦ ਤਕ ਉਹ ਸਰਗਰਮ ਰਿਹਾ, ਇਸ ਪਹਿਚਾਣ ਨੂੰ ਆਪਣੀ ਬੁੱਕਲ ਵਿਚ ਚੁੱਕੀ ਉਹ ਚਾਰ ਦਹਾਕੇ ਇਨਕਲਾਬੀ ਤੇ ਸਮਾਜ-ਸੇਵੀ ਸੰਸਥਾਵਾਂ ਦੀ ਹਰ ਗਤੀਵਿਧੀ ਵਿਚ ਸ਼ਾਮਲ ਹੁੰਦਾ ਰਿਹਾਉਹ ਸਭ ਤੋਂ ਮੁਹਰੇ ਹੁੰਦਾਸੋਟੀ ਹੱਥ ਵਿੱਚਤੇ ਉਸ ਮਗਰ ਚਾਰ-ਪੰਜ ਨੇਤਰਹੀਣਾਂ ਦੀ ਇੱਕ ਕਤਾਰ ਹੁੰਦੀ, ਜਿਸ ਵਿੱਚ ਮਗਰ ਤੁਰੇ ਆਉਂਦੇ ਦਾ ਇੱਕ ਹੱਥ ਮੁਹਰਲੇ ਦੇ ਮੋਢੇ ’ਤੇ ਟਿਕਿਆ ਹੁੰਦਾ

ਉਹ ਮੁਸਲਮਾਨ ਪਰਿਵਾਰ ਵਿਚ ਜੰਮਿਆ ਸੀਉਸਦਾ ਸਾਦਾ ਜਿਹਾ ਨਾਮ ਸੀ ਕਿਸ਼ੋਰੀਉਹ ਨੇਤਰਹੀਣ ਸੀਪਰ ਤਾ-ਉਮਰ ਆਪਣੇ ਅੰਨ੍ਹੇਪਣ ਦਾ ਉਜਰ ਕਰਨ ਜਾਂ ਬਚਪਨ ਵਿਚ ਹੀ ਬੇਰੰਗ ਹੋ ਗਈ ਜ਼ਿੰਦਗੀ ਤੋਂ ਬੇਆਸ ਹੋਣ ਦੀ ਥਾਂ ਉਹ ਪੂਰੇ ਸੱਤ ਦਹਾਕੇ ਗੜ੍ਹਕ ਕੇ ਜੀਵਿਆ ਤੇ ਬਰਾਬਰੀ ਦਾ ਸਮਾਜ ਉਸਾਰਨ ਲਈ ਜੱਦੋਜਹਿਦ ਕਰਦਾ ਰਿਹਾ

ਸ਼ਹਿਰਾਂ ਦੀਆਂ ਸੜਕਾਂ ’ਤੇ ਕਦੇ ਇਕੱਲਾ ਤੇ ਕਦੇ ਦੂਜੇ ਨੇਤਰਹੀਣਾਂ ਸੰਗ ਘੁੰਮਦਾ ਕਿਸ਼ੋਰੀ, ਜਿਸਨੇ ਪੰਜਾਬ ਦੇ ਸੈਂਕੜੇ ਧਰਨਿਆਂ, ਮੁਜ਼ਾਹਰਿਆਂ, ਕਾਨਫਰੰਸਾਂ ਤੇ ਇਨਕਲਾਬੀ ਸਭਿਆਚਾਰਕ ਮੇਲਿਆਂ ਵਿੱਚ ਹਾਜ਼ਰੀਆਂ ਭਰੀਆਂ ਸਨ, ਬਹੁਤੇ ਸੁਜਾਖਿਆਂ ਲਈ ਜਿਉਂਦੇ-ਜੀਅ ਇੱਕ ਉਦਾਹਰਨ ਸੀਹੋਰ ਤਾਂ ਹੋਰ, ਆਪਣਾ ਸਰੀਰ ਮੈਡੀਕਲ ਖੋਜ ਲਈ ਦਾਨ ਕਰਕੇ, ਉਹ ਤਾਂ ਆਪਣੀ ਮੌਤ ਵਿਚ ਵੀ ਉਦਾਹਰਣ ਕਾਇਮ ਕਰਕੇ ਗਿਆ

ਕਸ਼ੋਰੀ ਪਟਿਆਲੇ ਦੇ ਪਿੰਡ ਫਤਿਹਪੁਰ ਦਾ ਬਾਸ਼ਿੰਦਾ ਸੀਪਿੰਡ ਦੇ ਮੁਸਲਮਾਨ ਪਰਿਵਾਰਾਂ ਦੀ ਹਿੰਦੂ-ਸਿੱਖਾਂ ਨਾਲ ਸਾਂਝ ਚੋਖੀ ਸੀਸੋ ਵੰਡ ਵੇਲੇ ਫਤਿਹਪੁਰ ਦੇ ਮੁਸਲਮਾਨਾਂ ਨੇ ਹਿਜਰਤ ਨਾ ਕੀਤੀਉਹਦਾ ਜਨਮ ਹੱਲਿਆਂ ਤੋਂ ਸਾਲ ਕੁ ਪਹਿਲਾਂ ਦਾ ਸੀਬਚਪਨ ਦੇ ਯਾਰ ਧਰਮਦੇਵ ਨੇ ਮਾਕਰਸਵਾਦ ਦੇ ਮੁਢਲੇ ਪਾਠ ਪੜ੍ਹਾ ਦਿੱਤੇਕਿਸਾਨ ਕਮੇਟੀ ਵਾਲੇ ਮੁੰਡਿਆਂ ਨਾਲ ਮੇਲ-ਜੋਲ ਵਧਣ ਲੱਗਾਤੇ ਕਿਸ਼ੋਰੀ ਕਾਮਰੇਡ ਹੋ ਗਿਆ

1970ਵਿਆਂ ਦੇ ਚੜ੍ਹਦੇ ਸਾਲਾਂ ਵਿੱਚ ਉਸਨੇ ਪਟਿਆਲੇ ਦੇ ਅਮਰ ਆਸ਼ਰਮ ਵਿਚ ਚਲਦੇ “ਬਲਾਇੰਡ ਸਕੂਲ” ਵਿਚ ਆਪਣਾ ਟਿਕਾਣਾ ਕਰ ਲਿਆਉਹਨੂੰ ਇੱਕ ਹੋਰ ਖੂਬਸੂਰਤ ਰੂਹ ਟੱਕਰ ਗਈ - ਡਾ. ਮਲਕੀਤ, ਜੋ ਪਟਿਆਲਾ ਮੈਡੀਕਲ ਕਾਲਜ ਵਿਚ ਐਨਸਥੀਸੀਆ ਵਿਭਾਗ ਵਿਚ ਡਾਕਟਰ ਸੀਜਾਣ-ਪਹਿਚਾਣ ਯਰਾਨਿਆਂ ਵਿਚ ਵਟ ਗਈਉਹਦਾ “ਬਲਾਇੰਡ ਸਕੂਲ” ਵਾਲਾ ਕਮਰਾ ਇੱਕ ਅਣਐਲਾਨੇ ਦਫਤਰ ਵਿੱਚ ਵਟ ਗਿਆਸਵੇਰ ਵੇਲੇ ਉਹਦਾ ਕਮਰਾ ਸਮਾਜ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਦਫਤਰ ਹੁੰਦਾ, ਦੁਪਹਿਰ ਵੇਲੇ ਕਿਸੇ ਇਨਕਲਾਬੀ ਗਰੁੱਪ ਦੇ ਕਾਰਕੁਨਾਂ ਦੀ ਮੀਟਿੰਗ ਦਾ ਟਿਕਾਣਾ ਬਣ ਜਾਂਦਾ, ਦਿਨ ਢਲਦਾ ਤਾਂ ਦਫਤਰਾਂ ਤੋਂ ਵਿਹਲੇ ਹੋਏ ਖੱਬੀਆਂ ਪਾਰਟੀਆਂ ਦੇ ਹਮਦਰਦ ਘਰਾਂ ਨੂੰ ਪਰਤਣ ਤੋਂ ਪਹਿਲਾਂ ਉੱਥੇ ਸਾਹ ਭਰਦੇਰਾਤ ਉੱਤਰਦੀ ਤਾਂ ਉਹ ਕਮਰਾ ਮੈਡੀਕਲ ਕਾਲਜ ਜਾਂ ਕਿਸੇ ਦੂਰ-ਦੁਰਾਡੇ ਸ਼ਹਿਰ ਵਿੱਚੋਂ ਆਏ ਉਸਦੇ ਕਿਸੇ ਨਾ ਕਿਸੇ ਯਾਰ ਲਈ ਅਰਾਮਗਾਹ ਬਣ ਜਾਂਦਾ

1977 ਵਿਚ ਐਮਰਜੈਂਸੀ ਖਤਮ ਹੋਣ ਤੋਂ ਬਾਅਦ ਪੰਜਾਬ ਦੀਆਂ ਨਕਸਲੀ ਧਿਰਾ ਨੇ ਰਲਕੇ ਜਮਹੂਰੀ ਅਧਿਕਾਰ ਸਭਾ ਦਾ ਗਠਨ ਕੀਤਾਕਿਸ਼ੋਰੀ ਸਭਾ ਦਾ ਸਰਗਰਮ ਮੈਂਬਰ ਬਣਿਆ ਤੇ ਡਾ. ਧਰਮਵੀਰ ਗਾਂਧੀ, ਡਾ. ਅਮਰ ਸਿੰਘ ਆਜ਼ਾਦ, ਡਾ. ਮਲਕੀਤ ਸਿੰਘ, ਪ੍ਰੋ. ਬਾਵਾ ਸਿੰਘ, ਡਾ. ਸੁਰਜੀਤ ਲੀ, ਅਰਥਸ਼ਾਸ਼ਤਰੀ ਡਾ. ਸੁੱਚਾ ਸਿੰਘ ਗਿੱਲ ਤੇ ਡਾ. ਕੇ ਸੀ ਸਿੰਘਲ ਜਿਹੀਆਂ ਉੱਘੀਆਂ ਸ਼ਖਸ਼ੀਅਤਾਂ ਸੰਗ ਪਟਿਆਲਾ ਇਕਾਈ ਦੀ ਕਾਰਜਕਾਰੀ ਕਮੇਟੀ ਦਾ ਲੰਬਾ ਸਮਾਂ ਮੈਂਬਰ ਵੀ ਰਿਹਾਉਸਦੀ ਸਰਗਰਮੀ ਦਾ ਆਲਮ ਇਹ ਸੀ ਕਿ ਇਸ ਦੌਰ ਦੌਰਾਨ ਉਸਨੇ ਆਪਣੇ ਅੱਧੀ ਦਰਜਨ ਨੇਤਰਹੀਣ ਦੋਸਤਾਂ ਨੂੰ ਵੀ ਸਭਾ ਦਾ ਮੈਂਬਰ ਬਣਾਇਆ

ਕੁਝ ਸਾਲ ਟੱਪੇ ਤਾਂ ਗੱਲ ਚੱਲੀ ਕਿ ਸਰਕਾਰ ਨੇਤਰਹੀਣਾਂ ਦੇ ਬਣਦੇ ਅਧਿਕਾਰਾਂ ’ਤੇ ਸਾਲਾਂ ਤੋਂ ਕੁੰਡਲ ਮਾਰੀ ਬੈਠੀ ਹੈਮੁੱਖ ਮਸਲਾ ਨੇਤਰਹੀਣਾਂ ਨੂੰ ਸਰਕਾਰੀ ਨੌਕਰੀਆਂ ਵਿਚ ਉਹਨਾਂ ਦਾ ਬਣਦਾ ਹਿੱਸਾ ਨਾ ਮਿਲਣ ਦਾ ਸੀਕਿਸ਼ੋਰੀ ਨੂੰ ਇੱਕ ਹੋਰ ਕਾਰਜ ਲੱਭ ਗਿਆਉਸਦੀ ਜਿੰਨੀ ਵਾਹ ਚੱਲੀ, ਉਸਨੇ ਉੰਨੇ ਨੇਤਰਹੀਣਾਂ ਤੱਕ ਪਹੁੰਚ ਕੀਤੀਤੇ ਫਿਰ 1988-87 ਵਿਚ ਉਸਦੀ ਅਗਵਾਈ ਵਿਚ “ਨੇਤਰਹੀਣ ਸੰਘਰਸ਼ ਸੰਮਤੀ” ਦਾ ਪੁਨਰਗਠਨ ਹੋਇਆਸੰਮਤੀ ਦਾ ਸੰਵਿਧਾਨ ਤਿਆਰ ਕਰਨ ਵਿਚ ਉਸਦਾ ਅਹਿਮ ਯੋਗਦਾਨ ਸੀਉਹ ਇੱਕ ਦਹਾਕੇ ਤੋਂ ਵੀ ਲੰਮਾ ਸਮਾਂ ਸੰਮਤੀ ਦਾ ਜਰਨਲ ਸਕੱਤਰ ਰਿਹਾ

ਉਸਦੀ ਅਗਵਾਈ ਹੇਠ ਨੇਤਰਹੀਣਾਂ ਨੇ ਕਾਂਗਰਸ ਦੀ ਸਰਕਾਰ ਦੌਰਾਨ ਵਿਧਾਨ ਸਭਾ ਦਾ ਸੰਨ 1995 ਵਿਚ ਘਿਰਾਓ ਕੀਤਾਇਤਿਹਾਸ ਵਿੱਚ ਇਹ ਸ਼ਾਇਦ ਪਹਿਲੀ ਤੇ ਹੁਣ ਤੱਕ ਦੀ ਅਖੀਰਲੀ ਘਟਨਾ ਹੋਵੇਗੀ, ਕਿ ਆਪਣੀਆਂ ਮੰਗਾਂ ਖਾਤਰ ਧਰਨਾ ਦੇ ਰਹੇ ਨੇਤਰਹੀਣਾਂ ’ਤੇ ਪੁਲਿਸ ਨੇ ਡਾਂਗਾਂ ਵਰ੍ਹਾਈਆਂ ਸਨਕਿਸ਼ੋਰੀ ਨੇਤਰਹੀਣਾਂ ਨੂੰ ਵੀ ਲੜਨਾ ਸਿਖਾ ਗਿਆ ਸੀਉਸ ਸੰਘਰਸ਼ ਤੋਂ ਬਾਅਦ ਨੇਤਰਹੀਣਾਂ ਨੂੰ ਸਰਕਾਰੀ ਨੌਕਰੀਆਂ ਵਿਚ ਉਹਨਾਂ ਦਾ ਬਣਦਾ ਹਿੱਸਾ ਬਕਾਇਦਾ ਮਿਲਣ ਲੱਗਿਆਉਹਦੇ ਉਪਰਾਲਿਆਂ ਸਦਕਾ ਦਰਜਨਾਂ ਨੌਜਵਾਨ ਸੰਮਤੀ ਨਾਲ ਜੁੜੇ

ਪਰ ਇਸ ਸਭ ਕਾਸੇ ਦੇ ਨਾਲ ਨਾਲ ਉਹ ਪੰਜਾਬੀਅਤ ਦਾ ਮੁਦਈ ਸੀਉਹ ਤਾਂ ਉਦੋਂ ਵੀ ਆਪਣੀ ਸੋਟੀ ਚੁੱਕੀ ਤੇ ਨੇਤਰਹੀਣਾਂ ਦੀ ਕਤਾਰ ਦੀ ਅਗਵਾਈ ਕਰਦਾ ਪਹੁੰਚ ਗਿਆ ਸੀ, ਜਦੋਂ ਪੰਜਾਬ ਵਿਚ ਚੱਲੇ ਦਹਿਸ਼ਤ ਦੇ ਕਾਲੇ ਦੌਰ ਵਿਚ ਇੱਕ ਇਨਕਲਾਬੀ ਧਿਰ ਨੇ ਪੰਜਾਬ ਦੀ ਖੁਦਮੁਖਤਿਆਰੀ ਤੇ ਆਪਾ-ਨਿਰਣੇ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਜਮਹੂਰੀ ਮੋਰਚਾ, ਪੰਜਾਬ ਦਾ ਗਠਨ ਕੀਤਾ ਸੀਉਹਨਾਂ ਦਿਨਾਂ ਵਿੱਚ, ਜਦ ਕਿਸੇ ਵੀ ਇੱਕ ਧਿਰ ਦਾ ਹੋ ਕੇ ਖਲੋ ਜਾਣ ਦਾ ਮਤਲਬ ਗੋਲੀ ਨੂੰ ਸੱਦਾ ਦੇਣਾ ਹੁੰਦਾ ਸੀ, ਕਿਸ਼ੋਰੀ ਆਪਣੇ ਸਾਥੀਆਂ ਸੰਗ ਖਲੋਤਾ ਵੀ ਰਿਹਾ ਤੇ ਆਪਣੇ ਅਪਾਹਜ ਹੋਣ ਦੇ ਤਰਕ ਦੇ-ਦੇ ਕੇ ਕੁਰਬਾਨੀ ਦੇਣ ਲਈ ਮੁੱਠੀਆਂ ਵੀ ਭਰਦਾ ਰਿਹਾਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਰਨਲ ਸਕੱਤਰ ਤੇ ਲਗਭਗ ਚਾਰ ਦਹਾਕਿਆਂ ਤੋਂ ਇਨਕਲਾਬੀ ਲਹਿਰ ਵਿਚ ਸਰਗਰਮ ਜਗਮੋਹਨ ਸਿੰਘ ਦੱਸਦੇ ਹਨ, “ਉਹਨਾਂ ਦਿਨਾਂ ਵਿਚ ਕਈ ਜ਼ੋਖਮ ਭਰੇ ਕਦਮ ਚੁੱਕਣੇ ਪੈਂਦੇ ਸਨਕਿਸ਼ੋਰੀ ਅਕਸਰ ਆਖਦਾ ਕਿ ਬਜਾਏ ਕਿਸੇ ਸੁਜਾਖੇ ਸੱਜਣ ਦੇ, ਅਜਿਹੇ ਕੰਮਾਂ ਲਈ ਉਸਦੀ ਜਿੰਮੇਵਾਰੀ ਲਾਈ ਜਾਵੇਉਸਦਾ ਤਰਕ ਹੁੰਦਾ ਕਿ ਅਜਿਹੀ ਹਾਲਤ ਵਿਚ ਉਸਦਾ ਪੁਲਿਸ ਕੋਲ ਫੜੇ ਜਾਣਾ ਜਾਂ ਮਰ ਜਾਣਾ ਬਿਹਤਰ ਹੈ, ਕਿਉਂਕਿ ਇਨਕਲਾਬੀ ਲਹਿਰ ਵਿਚ ਯੋਗਦਾਨ ਪਾਉਣ ਲਈ ਉਸਦੇ ਸੁਜਾਖੇ ਮਿੱਤਰਾਂ ਦੀ ਸਰੀਰਕ ਯੋਗਤਾ ਉਸ ਨਾਲੋਂ ਕਿਤੇ ਵੱਧ ਹੈ

ਇਕੱਲੇ ਨੇਤਰਹੀਣਾਂ ਜਾਂ ਇਨਕਲਾਬੀਆਂ ਦਾ ਹੀ ਨਹੀਂ, ਉਹ ਤਾਂ ਸਗੋਂ ਅਨੇਕਾਂ ਸੰਸਥਾਵਾਂ ਦਾ ਸਾਂਝਾ ਬੰਦਾ ਸੀਮਜ਼ਦੂਰਾਂ ਦਾ ਧਰਨਾ ਹੁੰਦਾ ਜਾਂ ਮੁਲਾਜ਼ਮਾਂ ਦੀ ਹੜਤਾਲ, ਗੁਰਸ਼ਰਨ ਭਾਅ ਜੀ ਦੇ ਡਰਾਮੇ ਹੁੰਦੇ ਜਾਂ ਲੂਈ ਬਰੇਲ ਦਾ ਜਨਮ ਦਿਨ, ਗਦਰੀ ਬਾਬਿਆਂ ਦਾ ਮੇਲਾ ਹੁੰਦਾ ਜਾਂ ਕਿਸੇ ਪਿੰਡ ਵਿਚ ਕੋਈ ਖੂਨਦਾਨ ਕੈਂਪ, ਕਿਸੇ ਉੱਘੇ ਸਮਾਜ-ਸੇਵੀ ਦਾ ਭੋਗ ਹੁੰਦਾ ਜਾਂ ਕੋਈ ਮੁਸ਼ਾਇਰਾ, ਕਿਸ਼ੋਰੀ ਕਿਸੇ ਵੀ ਥਾਂ ਪ੍ਰਗਟ ਹੋ ਜਾਂਦਾ ਸੀਵੀਹ-ਤੀਹ ਸਾਲ ਪਹਿਲਾਂ ਵਸਦੇ ਪਟਿਆਲੇ ਤੇ ਆਸ-ਪਾਸ ਦੇ ਇਲਾਕੇ ਦਾ ਅਜਿਹਾ ਕਿਹੜਾ ਮੋਹਤਬਰ ਸੀ, ਜੋ ਕਿਸ਼ੋਰੀ ਨੂੰ ਨਹੀਂ ਸੀ ਜਾਣਦਾਉਹ ਬੇ-ਆਰਾਮ ਰੂਹ ਸੀ, ਜਿਸਨੂੰ ਉਹਦਾ ਅੰਨ੍ਹਾਪਣ ਵੀ ਵਲ ਨਹੀਂ ਸੀ ਸਕਿਆਪੰਜਾਬ ਦੀਆਂ ਨੁੱਕਰਾਂ ਵਿਚ ਉਹਦੇ ਸੈਂਕੜੇ ਦੋਸਤ ਸਨਸਟੇਸ਼ਨ ਤੋਂ ਸ਼ਹਿਰ ਵੱਲ ਆਉਂਦੀ ਸੜਕ ਦੇ ਕਿਨਾਰੇ ਤੇ ਆਪਣੀ ਸੋਟੀ ਤੋਂ ਇੱਕ ਕਦਮ ਪਿੱਛੇ-ਪਿੱਛੇ ਤੁਰ ਰਿਹਾ ਕਿਸ਼ੋਰੀ ਮਾਲਵੇ ਦੇ ਕਿਸੇ ਵੀ ਸ਼ਹਿਰ ਵਿਚ ਕਿਸੇ ਵੀ ਵੇਲੇ ਦਿਖ ਸਕਦਾ ਹੁੰਦਾ ਸੀ

ਮਨੁੱਖਤਾ ਦੀ ਹੋਣੀ ਸੰਵਾਰਦੇ ਵਿਗਿਆਨ ਦਾ ਉਹ ਤਾ-ਉਮਰ ਕਦਰਦਾਨ ਰਿਹਾਇਸ ਖਦਸ਼ੇ ਦੇ ਚਲਦਿਆਂ ਕਿ ਮੌਤ ਕਿਸੇ ਵੀ ਵੇਲੇ ਦਸਤਕ ਦੇ ਸਕਦੀ ਹੈ, ਉਸਨੇ ਲਗਭਗ 25 ਸਾਲ ਪਹਿਲਾਂ ਹੀ ਇਹ ਲਿਖਤੀ ਵਸੀਅਤ ਕਰ ਦਿੱਤੀ ਸੀ ਕਿ ਮਰਨ ਉਪਰੰਤ ਉਸਦਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇਉਸਦੀ ਇਸ ਇੱਛਾ ਨੂੰ ਉਸਦੇ ਪਰਵਿਾਰ ਤੇ ਦੋਸਤਾਂ ਨੇ ਬਾ-ਖੂਬੀ ਪੂਰੀ ਕੀਤਾ

ਤਿੰਨ ਕੁ ਮਹੀਨੇ ਪਹਿਲਾਂ ਮੇਰੇ ਨਾਲ ਨਾਭੇ ਦੇ ਕਵਿਤਾ ਉਤਸਵ ਵਿਚ ਜਾਂਦਿਆਂ ਉਸ ਆਖਿਆ ਸੀ, “ਉਮਰ ਭੋਗਦਾ-ਭੋਗਦਾ ਬੰਦਾ ਅਖੀਰ ਨੂੰ ਅੱਕ ਜਾਂਦਾ ਹੈ ਉਹ, ਜਿਸਦੀਆਂ ਅੱਖਾਂ ਰੰਗ ਦੇਖਣੋਂ ਖੁੰਝ ਗਈਆਂ ਸਨ, ਉਸਨੂੰ ਜੀਵਨ ਦੇ ਨਿਰਦਈ ਨਿਯਮਾਂ ਦਾ ਖੂਬ ਇਲਮ ਸੀ

ਉਸਦੇ ਤੁਰ ਜਾਣ ਤੋਂ ਬਾਅਦ ਅੱਜ ਸੋਚਦੇ ਹਾਂ ਕਿ ਉਹ ਕਿ ਸ਼ੈਅ ਸੀ? ਉਹ ਤੁਰਦੀ-ਫਿਰਦੀ ਉਦਾਹਰਣ ਸੀ, ਕਿ ਕਿਵੇਂ ਅਪਾਹਜ ਹੋਣ ਦੇ ਅਹਿਸਾਸ ਨੂੰ ਪਾਸੇ ਸੁੱਟਦੇ ਹੋਏ ਅੱਖਾਂ ਦੀ ਜੋਤ ਗੁਆ ਬੈਠਾ ਸ਼ਖਸ ਵੀ ਚੰਗੇ ਸਮਾਜ ਲਈ ਜੂਝ ਸਕਦਾ ਹੈਕਿ ਕਿਵੇਂ ਬਿਨਾਂ ਅੱਖਰ ਗਿਆਨ ਦੇ ਕੋਈ ਪੇਂਡੂ ਬੰਦਾ ਪੰਜਾਬੀ ਤੇ ਉਰਦੂ ਸ਼ਬਦਾਵਲੀ ਦਾ ਮਾਹਰ ਹੋ ਸਕਦਾ ਹੈਕਿ ਕਿਵੇਂ ਅਪਾਹਜ ਹੋਣ ਕਾਰਨ ਖੁਦ ਨੂੰ “ਵਿਚਾਰਾ” ਅਖਵਾਓਣਾ ਸਵੈ-ਮਾਣਤਾ ਦਾ ਨਿਖੇਧ ਹੁੰਦਾ ਹੈਉਹ ਤੀਖਣ ਬੁੱਧੀ ਦਾ ਮਾਲਕ ਸੀ, ਜਿਸਨੂੰ ਲੋਕਾਈ ਦੇ ਰੋਜ਼ਾਨਾ ਦੇ ਮਸਲਿਆਂ ਬਾਰੇ ਗਜ਼ਬ ਦੀ ਆਮ-ਸੂਝ ਸੀ

ਜੂਨ 5 ਦੀ ਰਾਤ ਨੂੰ ਐਮਰਜੈਂਸੀ ਦੇ ਹਾਲ ਵਿਚ ਸਟਰੈਚਰ ’ਤੇ ਪਈ ਉਸਦੀ ਲਾਸ਼ ਦੇ ਸਿਰਹਾਣੇ ਖੜ੍ਹੀ ਉਸਦੀ ਭੈਣ ਰੋਂਦੀ-ਰੋਂਦੀ ਆਖ ਰਹੀ ਸੀ, “ਜਿਵੇਂ ਆਇਆ ਸੀ, ਉਵੇਂ ਹੀ ਤੁਰ ਗਿਆ” ਸਧਾਰਨ ਪੇਂਡੂ ਔਰਤ ਸ਼ਾਇਦ ਕਹਿਣਾ ਚਾਹੁੰਦੀ ਸੀ ਕਿ ਉਹ ਹਨੇਰੇ ਵਿਚ ਹੀ ਜੰਮਿਆ ਤੇ ਹਨੇਰੇ ਵਿਚ ਹੀ ਪਰਵਾਸ ਕਰ ਗਿਆਪਰ ਇੰਝ ਉੱਕਾ ਨਹੀਂ ਸੀ ਵਾਪਰਿਆਉਹ ਤਾਂ ਸਗੋਂ ਚਾਨਣ ਵੰਡਦਾ ਬਾਕੀਆਂ ਲਈ ਉਦਾਹਰਣ ਬਣ ਕੇ ਜੀਵਿਆ, ਨੇਤਰਹੀਣਾਂ ਲਈ ਵੀ ਤੇ ਸੁਜਾਖਿਆਂ ਲਈ ਵੀਉਹ ਮੌਤ ਵਿਚ ਵੀ ਉਦਾਹਰਣ ਪੈਦਾ ਕਰਕੇ ਗਿਆਪਟਿਆਲਾ ਮੈਡੀਕਲ ਕਾਲਜ ਦੇ ਅਨਾਟਮੀ ਵਿਭਾਗ ਦੇ ਡਾਈਸੈਕਸ਼ਨ ਹਾਲ ਵਿਚ ਪਈ ਉਸਦੀ ਲਾਸ਼ ਦੀ ਹੁਣ ਜਦ ਕੋਈ ਡਾਕਟਰੀ ਦਾ ਵਿਦਿਆਰਥੀ ਤਿੱਖੇ ਸਕੇਲਪਲ ਨਾਲ ਚੀਰ ਫਾੜ ਕਰੇਗਾ, ਤਾਂ ਫਾਰਮੈਲਿਨ ਦੀ ਦੁਰਗੰਧ ਨਾਲ ਲੱਦੇ ਉਸ ਵੱਡੇ ਹਾਲ ਦੇ ਕੋਲੋਂ ਲੰਘਦਿਆਂ ਉਸਦੇ ਯਾਰਾਂ ਦਾ ਸਵਾਗਤ ਉਹ ਮਹਿਕ ਕਰਿਆ ਕਰੇਗੀ, ਜਿਸਨੂੰ ਬਿਖੇਰੀ ਜਾਣ ਦਾ ਕਿਸ਼ੋਰੀ ਆਦੀ ਸੀ - ਜਿਉਂਦੇ ਜੀਅ ਵੀ, ਤੇ ਮਰਕੇ ਵੀ

*****
(1209)

(ਇਹ ਲੇਖ ਪੰਜਾਬੀ ਟ੍ਰਿਬਿਊਨ ਵਿੱਚ ਛਪ ਚੁੱਕਿਅਾ ਹੈ।)