DarshanSRiar7ਅੱਜ ਦੇ ਮਨੁੱਖ ਨੇ ਸਮਾਜ ਨੂੰ ਧਰਮਾਂਵਰਗਾਂ ਅਤੇ ਜਾਤਾਂ ਪਾਤਾਂ ਦੇ ਅਜਿਹੇ ਫਿਰਕਿਆਂ ...
(27 ਜੂਨ 2018)

 

ਪਹਿਲਾਂ ਪਾਣੀ ਜੀਉ ਹੈ ਜਿਤਿ ਹਰਿਆ ਸਭ ਕੋਇ” ਨਾਮੀਂ ਤੁਕ ਪਾਣੀ ਦੀ ਮਹਾਨਤਾ ਅਤੇ ਮਹੱਤਤਾ ਨੂੰ ਦਰਸਾਉਂਦੀ ਹੈ। ਜੇ ਅਸੀਂ ਕਹਿ ਲਈਏ ਕਿ ਪਾਣੀ ਹੀ ਜੀਵਨ ਹੈ ਤਾਂ ਗਲਤ ਨਹੀਂ ਹੋਵੇਗਾ। ਧਰਤੀ ਦੀ ਹਰਿਆਲੀ ਵੀ ਮਨੁੱਖਤਾ ਤੇ ਹੋਰ ਜੀਵ ਜੰਤੂਆਂ ਦੀ ਜ਼ਿੰਦਗੀ ਦੇ ਨਾਲ ਨਾਲ ਪਾਣੀ ’ਤੇ ਹੀ ਨਿਰਭਰ ਕਰਦੀ ਹੈ। ਇੰਜ ਹੀ ਗੁਰਬਾਣੀ ਵਿੱਚ ਪਾਣੀ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ। ਗੁਰਬਾਣੀ ਦਾ ਫੁਰਮਾਨ ਹੈ:

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹੱਤ।

ਅਰਥਾਤ ਇਸ ਵਾਯੂਮੰਡਲ ਵਿੱਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਪਾਣੀ ਨੂੰ ਪਿਤਾ ਦਾ। ਧਰਤੀ ਦੀ ਮਹਾਨਤਾ ਹੋਰ ਵੀ ਜ਼ਿਆਦਾ ਹੈ ਜਦੋਂ ਉਸ ਨੂੰ ਮਾਂ ਦਾ ਦਰਜਾ ਮਿਲ ਜਾਂਦਾ ਹੈ। ਇੱਕ ਔਰਤ ਮਾਂ, ਜੀਹਨੂੰ ਜੱਗ ਜਣਨੀ ਮਾਣ ਦਾ ਮਿਲਿਆ ਹੈ ਅਤੇ ਦੂਜੀ ਧਰਤੀ ਮਾਂ ਜੋ ਸਭ ਜੀਵ ਜੰਤੂਆਂ, ਪਸ਼ੂ ਪੰਛੀਆਂ ਨੂੰ ਖਾਣ ਪੀਣ ਤੇ ਜ਼ਿੰਦਾ ਰਹਿਣ ਲਈ ਅੰਨ-ਅਨਾਜ, ਫਲ-ਫੁੱਲ ਅਤੇ ਬਨਸਪਤੀ ਪੈਦਾ ਕਰਦੀ ਹੈ। ਇੰਜ ਬ੍ਰਹਿਮੰਡ ਵਿੱਚ ਪਸ਼ੂ ਪੰਛੀਆਂ, ਮਨੁੱਖਤਾ ਤੇ ਹੋਰ ਜੀਵ ਜੰਤੂਆਂ ਦੀ ਜ਼ਿੰਦਗੀ ਦਾ ਮੂਲ ਮਾਤਾ ਪਿਤਾ ਅਤੇ ਹਵਾ ਭਾਵ ਪਵਨ, ਪਾਣੀ ਅਤੇ ਧਰਤੀ ਹੈ। ਮਨੁੱਖ ਮਾਤਰ ਉਂਜ ਵੀ ਪੰਜ ਤੱਤਾਂ ਹਵਾ, ਪਾਣੀ, ਅਕਾਸ਼, ਅਗਨੀ ਅਤੇ ਪ੍ਰਿਥਵੀ ਦਾ ਪੁਤਲਾ ਹੈ। ਜ਼ਿੰਦਗੀ ਸੌਖੀ, ਪ੍ਰਫੁੱਲਤ ਅਤੇ ਵਿਕਸਤ ਬਣਾਉਣ ਲਈ ਮਨੁੱਖ, ਜੋ ਕਿ ਸਭ ਜੀਵਾਂ ਤੋਂ ਉੱਤਮ ਹੈ ਅਤੇ ਸਮਝਣ ਪਰਖਣ ਦੀ ਸ਼ਕਤੀ ਰੱਖਦਾ ਹੈ, ਵਿਗਿਆਨ ਦੇ ਜ਼ਰੀਏ ਸੰਘਰਸ਼ ਕਰਦਾ ਨਿੱਤ ਨਵੀਆਂ ਕਾਢਾਂ ਕੱਢਦਾ ਰਹਿੰਦਾ ਹੈ। ਇੰਜ ਜ਼ਿੰਦਗੀ ਦਾ ਦੂਜਾ ਨਾਮ ਜੇ ਸੰਘਰਸ਼ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ। ਵਿਕਾਸ ਸੰਘਰਸ਼ ਦੀ ਹੀ ਇੱਕ ਮੰਜ਼ਿਲ ਹੁੰਦੀ ਹੈ। ਵਿਕਾਸ ਦਾ ਅਰਥ ਤਾਂ ਤਬਦੀਲੀ, ਇਨਕਲਾਬ ਜਾਂ ਬਿਹਤਰ ਅਵਸਥਾ ਤੋਂ ਹੁੰਦਾ ਹੈ ਪਰ ਕਈ ਵਾਰ ਵਿਕਾਸ ਲਈ ਅਪਣਾਈਆਂ ਗਈਆਂ ਗਲਤ ਗਤੀਵਿਧੀਆਂ ਦੀ ਬਦੌਲਤ ਕਈ ਕਿਸਮ ਦੀਆਂ ਰੁਕਾਵਟਾਂ ਜਾਣੇ ਅਨਜਾਣੇ ਉਤਪੰਨ ਹੋ ਜਾਂਦੀਆਂ ਹਨ, ਜਿਨ੍ਹਾਂ ਨਾਲ ਜੀਵਨ ਸੁਧਰਨ ਦੀ ਬਜਾਏ ਵਿਗੜ ਜਾਂਦਾ ਹੈ।

ਇਸ ਧਰਤੀ ’ਤੇ ਮਨੁੱਖ ਨੂੰ ਮੌਜੂਦਾ ਸਾਇੰਸ ਅਤੇ ਤਕਨੀਕ ਦੇ ਅਗਾਂਹਵਧੂ ਦੌਰ ਤੱਕ ਪਹੁੰਚਣ ਲਈ ਜੰਗਲਾਂ ਪਹਾੜਾਂ ਵਿੱਚ ਰਹਿੰਦੇ ਹੋਏ, ਪੱਥਰ ਯੁੱਗ ਤੋਂ ਸ਼ੁਰੂ ਹੋ ਕੇ ਕਈ ਪੜਾਵਾਂ ਵਿੱਚੋਂ ਦੀ ਲੰਘਣਾ ਪਿਆ ਹੈ। ਪਾਣੀ, ਧਰਤੀ ਅਤੇ ਹਵਾ ਵਿੱਚ ਵਿਚਰਨ ਅਤੇ ਰਹਿਣ ਲਈ ਮਨੁੱਖ ਨੂੰ ਬਹੁਤ ਲੰਬੇ ਸੰਘਰਸ਼ ਵਿੱਚੋਂ ਦੀ ਗੁਜ਼ਰਨਾ ਪਿਆ ਹੈ। ਝੁੰਡਾਂ, ਕਬੀਲਿਆਂ ਤੋਂ ਵਿਕਸਤ ਹੁੰਦਾ ਹੋਇਆ ਮਨੁੱਖ ਪਿੰਡਾਂ ਸ਼ਹਿਰਾਂ ਤੋਂ ਦੀ ਹੁੰਦਾ ਹੋਇਆ ਅਜੋਕੇ ਸੁਲਝੇ ਹੋਏ ਸਮਾਜ ਤੱਕ ਪਹੁੰਚਿਆ ਹੈ। ਸੱਤ ਅਰਬ ਤੱਕ ਪਹੁੰਚ ਚੁੱਕੀ ਇਸ ਵਿਸ਼ਵ ਦੀ ਅਬਾਦੀ ਵਿਕਾਸ ਦੇ ਰਸਤੇ ਅੱਗੇ ਚੱਲਦੀ ਹੋਈ ਕਈ ਤਰ੍ਹਾਂ ਦੀਆਂ ਭੂਗੋਲਿਕ, ਆਰਥਿਕ, ਸਮਾਜਿਕ ਅਤੇ ਰਾਜਨੀਤਕ ਮੁਸ਼ਕਲਾਂ ਦੀ ਸ਼ਿਕਾਰ ਹੋ ਗਈ ਹੈ। ਸੂਝਵਾਨ ਅਤੇ ਬੁੱਧੀਮਾਨ ਮਨੁੱਖ ਨੂੰ ਚਾਹੀਦਾ ਸੀ ਕਿ ਉਹ ਸੋਚ ਪਰਖ ਕੇ ਵਿਕਾਸ ਦੀਆਂ ਮੰਜ਼ਲਾਂ ਤੈਅ ਕਰਦਾ ਹੋਇਆ ਅਜਿਹਾ ਸਮਾਜ ਸਿਰਜਦਾ, ਜਿੱਥੇ ਸਭ ਕੁਝ ਅੱਛਾ ਹੀ ਹੁੰਦਾ। ਭਾਈਚਾਰਕ ਏਕਤਾ ਏਨੀ ਵਧੀਆ ਅਨੁਸ਼ਾਸਨ ਦੀ ਪਾਬੰਦ ਹੁੰਦੀ ਕਿ ਮੁਸ਼ਕਲਾਂ ਦਾ ਨਾਮੋਂ ਨਿਸ਼ਾਨ ਹੀ ਨਾ ਹੁੰਦਾ। ਪਰ ਹੋਇਆ ਬਿਲਕੁਲ ਇਸ ਦੇ ਉਲਟ ਹੈ। ਅੱਜ ਦੇ ਮਨੁੱਖ ਨੇ ਸਮਾਜ ਨੂੰ ਧਰਮਾਂ, ਵਰਗਾਂ ਅਤੇ ਜਾਤਾਂ ਪਾਤਾਂ ਦੇ ਅਜਿਹੇ ਫਿਰਕਿਆਂ ਵਿਚ ਵੰਡ ਦਿੱਤਾ ਹੈ ਕਿ ਨਫਰਤ, ਹਉਮੈ, ਸਵਾਰਥ ਅਤੇ ਲਾਲਚ ਦਾ ਪਸਾਰਾ ਪੱਸਰਦਾ ਜਾ ਰਿਹਾ ਹੈ। ਵਿਕਸਤ ਦੇਸ਼ਾਂ ਵਿਚ ਲੋਕ ਧਰਮ ਆਦਿ ਦੇ ਨਾਮ ’ਤੇ ਉੰਨਾ ਨਹੀਂ ਲੜਦੇ ਝਗੜਦੇ ਜਿੰਨਾ ਇਹਦਾ ਅੰਧ ਵਿਸ਼ਵਾਸ ਪੱਛੜੇ ਅਤੇ ਅਨਪੜ੍ਹ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਪੱਛਮ ਦੇ ਦੇਸ਼ਾਂ ਵਿਚ ਲੋਕ ਕੰਮ ਨੂੰ ਤਰਜੀਹ ਦਿੰਦੇ ਹਨ, ਪੂਜਾ ਸਮਝਦੇ ਹਨ, ਬਾਕੀ ਕਿਸੇ ਮਸਲੇ ’ਤੇ ਸੋਚਣ ਲਈ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ। ਜਦੋਂ ਕਿ ਸਾਡੇ ਭਾਰਤ ਵਰਗੇ ਪੱਛੜੇ ਦੇਸ਼ਾਂ ਵਿਚ ਜਿੱਥੇ ਬੇਰੁਜ਼ਗਾਰੀ ਅਤੇ ਲੁਕੀ ਛਿਪੀ ਬੇਰੁਜ਼ਗਾਰੀ ਦੀ ਭਰਮਾਰ ਹੈ, ਲੋਕ ਅਜਿਹੀਆਂ ਊਣਤਾਈਆਂ ਦਾ ਸਹਿਜੇ ਹੀ ਸ਼ਿਕਾਰ ਹੋ ਜਾਂਦੇ ਹਨ।

ਪੁਰਾਤਨ ਸਭਿਆਤਾਵਾਂ ਤਾਂ ਵਸੀਆਂ ਅਤੇ ਵਧੀਆਂ ਫੁੱਲੀਆਂ ਹੀ ਦਰਿਆਵਾਂ ਦੇ ਕਿਨਾਰੇ ਸਨ। ਦਰਿਆਵਾਂ ਵਿੱਚੋਂ ਪਾਣੀ ਸੌਖਾ ਪ੍ਰਾਪਤ ਹੋ ਜਾਂਦਾ ਸੀ। ਹਵਾ ਬਨਸਪਤੀ ਤੇ ਵਾਤਾਵਰਣ ਸ਼ੁੱਧ ਸੀ। ਲੱਕੜਾਂ ਕੱਟ ਕੇ ਅੱਗ ਬਾਲ ਕੇ ਖਾਣ ਪੀਣ ਲਈ ਸਮੱਗਰੀ ਤਿਆਰ ਹੋ ਜਾਂਦੀ ਸੀ। ਲੋੜਾਂ ਸੀਮਤ ਸਨ। ਮਨੁੱਖੀ ਜੀਵਨ ਸੁਖੀ ਸੀ। ਲੋੜਾਂ ਵਧੀਆਂ, ਵਿਕਾਸ ਸ਼ੁਰੂ ਹੋਇਆ ਤੇ ਮੁਸ਼ਕਲਾਂ ਵੀ ਵਧਣ ਲੱਗ ਪਈਆਂ। ਜਿਨ੍ਹਾਂ ਦਰਿਆਵਾਂ ਦਾ ਸਾਫ ਤੇ ਸ਼ੁੱਧ ਪਾਣੀ ਮਨੁੱਖ ਦੇ ਪੀਣ ਅਤੇ ਸਿੰਚਾਈ ਲਈ ਵਰਤਣਾ ਸ਼ੁਰੂ ਹੋਇਆ ਸੀ, ਵਿਕਾਸ ਲਈ ਲੱਗੇ ਉਦਯੋਗਾਂ ਤੇ ਕਾਰਖਾਨਿਆਂ ਦਾ ਫੋਕਟ ਵੀ ਸਵਾਰਥੀ ਮਨੁੱਖ ਨੇ ਇਨ੍ਹਾਂ ਦਰਿਆਵਾਂ ਵਿਚ ਹੀ ਮਿਲਾਉਣਾ ਸ਼ੁਰੂ ਕਰ ਦਿੱਤਾ। ਮਰਨ ਵਾਲੇ ਜੀਵ ਜੰਤੂ ਅਤੇ ਮਨੁੱਖਾਂ ਦਾ ਰਹਿੰਦ-ਖੂੰਹਦ ਵੀ ਦਰਿਆਵਾਂ ਦੇ ਹੀ ਸਪੁਰਦ ਕੀਤਾ ਜਾਣ ਲੱਗ ਪਿਆ। ਫਿਰ ਧਾਰਮਿਕ ਮੇਲੇ ਤੇ ਇਕੱਠ ਭਰਨੇ ਸ਼ੁਰੂ ਹੋਏਉੱਥੇ ਪੂਜਾ ਦੀਆਂ ਸਮੱਗਰੀਆਂ ਵੀ ਦਰਿਆਵਾਂ ਅਤੇ ਨਦੀਆਂ ਨੂੰ ਹੀ ਭੇਂਟ ਕੀਤੀਆਂ ਜਾਣ ਲੱਗੀਆਂ। ਗੱਲ ਕੀ ਮਨੁੱਖ ਨੇ ਦਰਿਆਵਾਂ ਨੂੰ ਗੰਦਗੀ ਤੋਂ ਰਾਹਤ ਪਾਉਣ ਦੇ ਸੌਖੇ ਸਾਧਨ ਵਜੋਂ ਵਿਕਸਤ ਕਰ ਲਿਆ। ... ਤੇ ਭਿਆਨਕ ਨਤੀਜੇ ਸਾਹਮਣੇ ਆਉਣ ਲੱਗ ਪਏ। ਪ੍ਰਸਿੱਧ ਦਰਿਆ ਗੰਗਾ, ਜੋ ਭਾਰਤ ਦਾ ਪਵਿੱਤਰ ਦਰਿਆ ਮੰਨਿਆ ਜਾਂਦਾ ਸੀ ਅਤੇ ਉਸ ਦਾ ਪਾਣੀ ਅਮ੍ਰਿਤ ਦੀ ਨਿਆਈਂ ਮੰਨਿਆ ਜਾਂਦਾ ਸੀ, ਜੀਵਨ ਅਤੇ ਮੌਤ ਦਰਮਿਆਨ ਲਟਕਦੇ ਪ੍ਰਾਣੀਆਂ ਦੇ ਮੂੰਹ ਵਿਚ ਰੱਬੀ ਨਿਆਮਤ ਵਜੋਂ ਪਾਇਆ ਜਾਂਦਾ ਸੀ, ਉਸੇ ਗੰਗਾ ਦਾ ਪਾਣੀ ਮਨੁੱਖੀ ਲਾਪ੍ਰਵਾਹੀ ਨਾਲ ਇੰਨਾ ਜ਼ਿਆਦਾ ਪਲੀਤ ਹੋ ਗਿਆ ਹੈ ਕਿ ਅੱਜ ਉਹ ਜ਼ਹਿਰ ਬਣ ਗਿਆ ਹੈ ਅਤੇ ਬਿਮਾਰੀਆਂ ਪਰੋਸਣ ਲੱਗ ਪਿਆ ਹੈ। ਪ੍ਰੰਤੂ ਲੋਕਾਂ ਦਾ ਅੰਧ ਵਿਸ਼ਵਾਸ ਅਜੇ ਵੀ ਬਰਕਰਾਰ ਹੈ। ਉਹ ਭਾਵੇਂ ਬਿਮਾਰ ਹੀ ਹੋ ਜਾਣ, ਹਰਿਦੁਆਰ ਵਿਖੇ ਗੰਦੇ ਹੋਏ ਪਾਣੀ ਵਿਚ ਵੀ ਡੁਬਕੀਆਂ ਲਾਉਣੋਂ ਨਹੀਂ ਹਟਦੇ।

ਲੋਕਾਂ ਦੇ ਵਿਸ਼ਵਾਸ ਅਤੇ ਗੰਗਾ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਅਤੇ ਖੇਤੀ ਯੋਗ ਸਿੰਚਾਈ ਲਈ ਸਹੂਲਤਾਂ ਦੇ ਮੱਦੇਨਜ਼ਰ ਸਰਕਾਰ ਨੇ ਗੰਗਾ ਦਰਿਆ ਦੀ ਸਾਫ ਸਫਾਈ ਲਈ ਇਕ ਵੱਖਰੇ ਵਿਭਾਗ ਦੀ ਸਿਰਜਣਾ ਕੀਤੀ ਹੈ। ਚਾਰ ਸਾਲ ਦੀ ਇਸ ਕਾਰਜ ਯੋਜਨਾ ’ਤੇ ਭਾਵੇਂ ਕਾਫੀ ਖਰਚਾ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਤਸੱਲੀ ਪੂਰਵਕ ਨਤੀਜੇ ਸਾਹਮਣੇ ਨਹੀਂ ਆਏ। ਸਾਡੇ ਲੋਕਾਂ ਦੀ ਸੋਚ ਵੀ ਬੜੀ ਅਜੀਬ ਹੈ। ਇਹ ਦਰਿਆਵਾਂ, ਅਗਨੀ, ਸੂਰਜ ਅਤੇ ਹਵਾ ਦੀ ਪੂਜਾ ਵੀ ਕਰਦੇ ਹਨ ਪਰ ਭੇਟਾ ਅਰਚਨਾ ਦੇ ਤੌਰ ’ਤੇ ਵਰਤੀ ਜਾਣ ਵਾਲੀ ਸਮੱਗਰੀ, ਸਵਾਹ ਫਲ ਫੁੱਲ ਅਤੇ ਅਨਾਜ ਆਦਿ ਵੀ ਦਰਿਆਵਾਂ ਵਿਚ ਸੁੱਟ ਦਿੰਦੇ ਹਨ। ਹੁਣ ਤਾਂ ਉਦਯੋਗਾਂ ਵਾਲਿਆਂ ਨੇ ਵੀ ਜਾਂ ਤਾਂ ਉਦਯੋਗ ਹੀ ਦਰਿਆਵਾਂ ਅਤੇ ਨਾਲਿਆਂ ਦੇ ਕੰਢੇ ਲਗਾ ਲਏ ਹਨ ਅਤੇ ਉਦਯੋਗਾਂ ਦਾ ਵਾਧੂ ਮਲ-ਮੂਤਰ, ਜਿਸ ਵਿਚ ਗੈਸਾਂ, ਤੇਜ਼ਾਬ ਅਤੇ ਰਸਾਇਣ ਹੁੰਦੇ ਹਨ, ਸਿੱਧਾ ਹੀ ਦਰਿਆਵਾਂ ਦੇ ਸਪੁਰਦ ਕਰ ਦਿੱਤਾ ਜਾਂਦਾ ਹੈ। ਜਾਂ ਫਿਰ ਛੋਟੇ ਨਾਲਿਆਂ ਦੇ ਸਪੁਰਦ ਕਰਕੇ ਅੱਗੇ ਦਰਿਆਵਾਂ ਵਿਚ ਮਿਲਾ ਕੇ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੁਧਿਆਣੇ ਦਾ ਬੁੱਢਾ ਨਾਲਾ, ਜਲੰਧਰ ਦੀ ਕਾਲੀ ਵੇਈਂ ਅਤੇ ਕਾਲਾ ਸੰਘਿਆਂ ਡਰੇਨ ਇਸ ਦੀ ਪ੍ਰਤੱਖ ਉਦਾਹਰਣ ਹੈ। ਦਰਿਆ ਸਤਲੁਜ ਦੀ ਤਾਂ ਹੋਂਦ ਹੀ ਰੋਪੜ ਹੈੱਡ ਵਰਕਸ ਤੋਂ ਖਤਮ ਹੋ ਜਾਂਦੀ ਹੈ ਜਦੋਂ ਕਿ ਪਿੱਛੇ ਨੰਗਲ ਤੋਂ ਤਾਂ ਇਸ ਵਿੱਚ ਵੀ ਉਦਯੋਗੀ ਮਲਮੂਤਰ ਕਾਫੀ ਮਿਲਦਾ ਹੈ। ਅੱਗੇ ਸਤਲੁਜ ਵਿਚ ਪਾਣੀ ਤਾਂ ਬਰਸਾਤ ਸਮੇਂ ਹੀ ਆਉਂਦਾ ਹੈ, ਬਾਕੀ ਸੀਜ਼ਨ ਵਿਚ ਤਾਂ ਬੁੱਢੇ ਨਾਲੇ ਦਾ ਗੰਦਗੀ ਅਤੇ ਤੇਜ਼ਾਬੀ ਰਸਾਇਣਾਂ ਵਾਲਾ ਜ਼ਹਿਰ ਹੀ ਸਤਲੁਜ ਵਿਚ ਮਿਲਦਾ ਹੈ, ਜਿਸ ਦਾ ਵੱਖਰਾ ਰੰਗ ਹਰੀਕੇ ਦੇ ਸੰਗਮ ’ਤੇ ਸਪਸ਼ਟ ਨਜ਼ਰ ਆਉਂਦਾ ਹੈ।

ਹਾਲ ਹੀ ਵਿੱਚ ਦਰਿਆ ਬਿਆਸ ਵਿਚ ਚੱਢਾ ਸ਼ੂਗਰ ਮਿੱਲਜ਼ ਦੇ ਸੀਰੇ ਤੇ ਰਸਾਇਣਾਂ ਨਾਲ ਲੱਖਾਂ ਹੀ ਮੱਛੀਆਂ ਦੇ ਮਰਨ ਨਾਲ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਹਨ। ਉਂਜ ਤਾਂ ਸਰਕਾਰ ਨੇ ਪਹਿਲਾਂ ਹੀ ਪ੍ਰਦੂਸ਼ਣ ਰੋਕਥਾਮ ਵਿਭਾਗ ਕਾਇਮ ਕਰਕੇ ਉਦਯੋਗਾਂ ਅਤੇ ਕਾਰਖਾਨਿਆਂ ਲਈ ਮਾਪਦੰਡ ਤੈਅ ਕੀਤੇ ਹੁੰਦੇ ਹਨ ਪਰ ਹਕੀਕਤ ਵਿਚ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ। ਜੇ ਹੁੰਦੀ ਤਾਂ ਸੀਰੇ ਦਾ ਦਰਿਆ ਵਿਚ ਰਲਣ ਦਾ ਕੋਈ ਕਾਰਨ ਨਹੀਂ ਸੀ ਬਣਦਾ ਅਤੇ ਨਾ ਹੀ ਮੱਛੀਆਂ ਦੀ ਮੌਤ ਹੁੰਦੀ। ਗੱਲ ਮੱਛੀਆਂ ਮਰਨ ਤੱਕ ਹੀ ਸੀਮਤ ਨਹੀਂ ਹੈ। ਫਿਰੋਜ਼ਪੁਰ, ਫਰੀਦਕੋਟ, ਮਾਲਵਾ ਖੇਤਰ ਅਤੇ ਅੱਗੇ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਅਤੇ ਬੀਕਾਨੇਰ ਜ਼ਿਲ੍ਹਿਆਂ ਵਿਚ ਹਰੀਕੇ ਤੋਂ ਨਿਕਲਣ ਵਾਲੀਆਂ ਨਹਿਰਾਂ ਦਾ ਪਾਣੀ ਹੀ ਸਿੰਚਾਈ ਅਤੇ ਪੀਣ ਲਈ ਵਰਤਿਆ ਜਾਂਦਾ ਹੈ। ਮਾਲਵਾ ਤਾਂ ਪਹਿਲਾਂ ਹੀ ਕੈਂਸਰ ਦਾ ਘਰ ਬਣ ਚੁੱਕਿਆ ਹੈ ਅਤੇ ਹੁਣ ਰਾਜਸਥਾਨ ਦੇ ਲੋਕਾਂ ਦੇ ਮਨਾਂ ਵਿਚ ਵੀ ਡਰ ਪੈਦਾ ਹੋ ਗਿਆ ਹੈ। ਆਖਰ ਅਮ੍ਰਿਤ ਵਰਗੇ ਦਰਿਆਵਾਂ ਦੇ ਪਵਿੱਤਰ ਪਾਣੀਆਂ ਵਿਚ ਜ਼ਹਿਰ ਘੋਲਣ ਵਾਲੇ ਅਜਿਹੇ ਧਨਾਢ ਕੇਵਲ ਆਪਣਾ ਸਵਾਰਥ ਹੀ ਮੂਹਰੇ ਕਿਉਂ ਰੱਖਦੇ ਹਨ? ਕੀ ਦੂਜਿਆਂ ਦੀ ਜ਼ਿੰਦਗੀ ਮੌਤ ਦਾ ਉਨ੍ਹਾਂ ਦੀ ਸਿਹਤ ’ਤੇ ਕੋਈ ਅਸਰ ਨਹੀਂ ਹੁੰਦਾ? ਗੁਰਬਾਣੀ ਨੇ ਜਿਹੜੇ ਪਾਣੀ ਨੂੰ ਪਿਤਾ ਦਾ ਦਰਜਾ ਦੇ ਕੇ ਮਾਲਾ ਮਾਲ ਕੀਤਾ, ਉਦਯੋਗਾਂ ਦੇ ਸਵਾਰਥੀ ਮਾਲਕਾਂ ਨੇ ਉਸ ਵਿਚ ਜ਼ਹਿਰਾਂ ਅਤੇ ਰਸਾਇਣ ਮਿਲਾ ਕੇ ਉਸ ਨੂੰ ਸ਼ਰਮਸਾਰ ਕਰਨੋਂ ਕੋਈ ਕਸਰ ਨਹੀਂ ਛੱਡੀ। ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਜ਼ਹਿਰੀਲੀ ਗੈਸ ਰਿਸਣ ਵਾਂਗ ਜਦੋਂ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਹੀ ਪ੍ਰਸ਼ਾਸਨ ਦੀਆਂ ਅੱਖਾਂ ਕਿਉਂ ਖੁੱਲ੍ਹਦੀਆਂ ਹਨ? ਫਿਰ ਜਾਂਚਾਂ ਹੋਣ ਜਾਂ ਪੜਤਾਲਾਂ, ਗਾਜ ਹੇਠਲੇ ਆਮ ਲੋਕਾਂ ’ਤੇ ਹੀ ਡਿੱਗਦੀ ਹੈ। ਛੁਰੀ ਖਰਬੂਜੇ ’ਤੇ ਵੱਜੇ ਜਾਂ ਖਰਬੂਜਾ ਛੁਰੀ ’ਤੇ, ਨੁਕਸਾਨ ਖਰਬੂਜੇ ਦਾ ਹੀ ਹੁੰਦਾ ਹੈ।

ਪਾਣੀ ਅਤੇ ਹਵਾ ਦੋ ਅਜਿਹੇ ਤੱਤ ਹਨ ਜਿਨ੍ਹਾਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਸੰਭਵ ਹੀ ਨਹੀਂ ਹੈ। ਹਾਲੇ ਰੋਟੀ ਖਾਣ ਤੋਂ ਬਿਨਾਂ ਕੁਝ ਚਿਰ ਜੀਵਿਆ ਜਾ ਸਕਦਾ ਹੈ ਪਰ ਪਾਣੀ ਤੇ ਹਵਾ ਤੋਂ ਬਿਨਾਂ ਬਿਲਕੁਲ ਹੀ ਨਹੀਂ। ਵਧਦੀ ਜਾ ਰਹੀ ਅਬਾਦੀ ਅਤੇ ਪ੍ਰਦੂਸ਼ਣ ਨਾਲ ਹਵਾ ਵੀ ਦੂਸ਼ਤ ਹੁੰਦੀ ਜਾ ਰਹੀ ਹੈ ਅਤੇ ਪਾਣੀ ਵੀ। ਪਾਣੀ ਦੇ ਤਾਂ ਭੰਡਾਰ ਵੀ ਖਤਮ ਹੋਣ ਵੱਲ ਵਧ ਰਹੇ ਹਨ। ਸਾਡਾ ਪੰਜਾਬ ਜੋ ਕਦੇ ਪੰਜਾਂ ਦਰਿਆਵਾਂ ਦੀ ਧਰਤੀ ਵਜੋਂ ਹੋਂਦ ਵਿਚ ਆਇਆ ਸੀ, ਹੁਣ ਕੇਵਲ ਢਾਈ ਦਰਿਆਵਾਂ ਤੱਕ ਸੀਮਤ ਹੋ ਗਿਆ ਹੈ ਤੇ ਸ਼ੁੱਧ ਪਾਣੀ ਕਿਸੇ ਵੀ ਦਰਿਆ ਵਿਚ ਨਹੀਂ। ਧਰਤੀ ਹੇਠੋਂ ਅਸੀਂ ਖੇਤੀ ਦੀ ਸਿੰਚਾਈ ਲਈ ਪਾਣੀ ਧੂਹ ਕੇ ਪੰਜਾਬ ਦੇ ਦੋ ਤਿਹਾਈ ਬਲਾਕ ਖਤਰੇ ਦੇ ਨਿਸ਼ਾਨ ’ਤੇ ਪੁਚਾ ਦਿੱਤੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਰਵੇ ਅਨੁਸਾਰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਤੋਂ ਤੇਰਾਂ ਗੁਣਾਂ ਵੱਧ ਪਾਣੀ ਅਸਾਂ ਧਰਤੀ ਹੇਠੋਂ ਖਿੱਚ ਕੇ ਧਰਤੀ ਖੋਖਲੀ ਕਰ ਦਿੱਤੀ ਹੈ। ਵਧਦੀ ਜਾ ਰਹੀ ਅਬਾਦੀ ਲਈ ਅਨਾਜ ਵੀ ਜ਼ਰੂਰੀ ਹੈ, ਹਵਾ ਵੀ ਅਤੇ ਪਾਣੀ ਵੀ। ਜ਼ਹਿਰਾਂ ਅਤੇ ਰਸਾਇਣਾਂ ਨਾਲ ਅਸੀਂ ਧਰਤੀ ਦਾ ਸੀਨਾ ਵੀ ਸਾੜ ਦਿੱਤਾ ਹੈ। ਓਹੀ ਜ਼ਹਿਰਾਂ ਸਾਡੇ ਅਨਾਜ ਅਤੇ ਦੁੱਧ ਵਿਚ ਆਉਣ ਲੱਗ ਪਈਆਂ ਹਨ। ਫਲ ਵੀ ਕਾਹਲੀ ਵਿੱਚ ਅਸੀਂ ਜ਼ਹਿਰਾਂ ਨਾਲ ਪਕਾ ਕੇ ਖਾਂਦੇ ਹਾਂ। ਪਾਣੀ ਬਚਿਆ ਸੀ, ਉਹ ਵੀ ਅਸੀਂ ਜ਼ਹਿਰੀਲਾ ਬਣਾ ਦਿੱਤਾ। ਹੁਣ ਬੋਤਲ ਬੰਦ ਪਾਣੀ ’ਤੇ ਜ਼ਿੰਦਗੀ ਨਿਰਭਰ ਹੁੰਦੀ ਜਾ ਰਹੀ ਹੈ। ਉਹ ਕਿੰਨਾ ਕੁ ਚਿਰ ਚੱਲੂ? ਬਾਬੇ ਨਾਨਕ ਦੇ ਲੰਗਰ ਦੀ ਮਰਿਆਦਾ ਨਾਲ ਨਿਵਾਜੇ ਅਤੇ ਛਬੀਲਾਂ ਜ਼ਰੀਏ ਮਨੁੱਖਤਾ ਦੀ ਸੇਵਾ ਕਰਨ ਵਾਲੇ ਪੰਜਾਬੀਓ! ਉੱਠੋ! ਜਾਗੋ!! ਵਕਤ ਦੀ ਨਬਜ਼ ਅਤੇ ਆਪਣਾ ਫਰਜ਼ ਪਛਾਣੋ। ਚੌਰਾਸੀ ਲੱਖ ਜੂਨਾਂ ਬਾਅਦ ਪ੍ਰਾਪਤ ਹੋਈ ਇਹ ਉੱਤਮ ਮਨੁੱਖਾ ਜੂਨ, ਧਰਮਾਂ, ਵਰਗਾਂ, ਜਾਤਾਂ ਜਾਂ ਸਿਆਸੀ ਗੁੱਟਬੰਦੀ ਦਾ ਸ਼ਿਕਾਰ ਹੋ ਕੇ ਨਾ ਗਵਾਓ। ਲਾਲਚ, ਲਾਲਸਾ ਅਤੇ ਸਵਾਰਥ ਦੀ ਵੀ ਕੋਈ ਹੱਦ ਹੁੰਦੀ ਹੈ। ਜੇ ਜ਼ਿੰਦਗੀ ਹੀ ਨਾ ਬਚੀ ਤਾਂ ਸਵਾਰਥ ਲਾਲਚ ਦਾ ਕੀ ਬਣੂ? ਕੁਦਰਤ ਅਤੇ ਗੁਰਬਾਣੀ ਨੇ ਤਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਪੰਜਾਂ ਵਿੱਚੋਂ ਬਚਣ ਦੀ ਪ੍ਰੇਰਣਾ ਦਿੱਤੀ ਹੈ। ਲਾਲਚ, ਲਾਲਸਾ ਅਤੇ ਸਵਾਰਥ ਸਦਾ ਸਾਥ ਨਹੀਂ ਰਹਿਣੇ। ਸਾਹ ਨਿਕਲਣ ਬਾਦ, ਇਹ ਸੋਹਣਾ ਸਰੀਰ ਲਾਸ਼ ਬਣ ਜਾਂਦਾ ਹੈ ਤੇ ਕੋਈ ਕਿੰਨਾ ਵੀ ਨਿਕਟ ਕਿਉਂ ਨਾ ਹੋਵੇ ਉਹ ਵੀ ਨੇੜੇ ਨਹੀਂ ਢੁੱਕਦਾ ਅਤੇ ਸ਼ਮਸ਼ਾਨਘਾਟ ਤੋਂ ਅੱਗੇ ਤਾਂ ਕੋਈ ਵੀ ਸਾਥ ਨਹੀਂ ਦਿੰਦਾ। ਸਭ ਜਾਣਦੇ ਹਨ ਕਿ ਇਹ ਜੀਵਨ ਨਾਸ਼ਵਾਨ ਹੈ, ਇਸ ਨੂੰ ਸੁਚੱਜੇ ਢੰਗ, ਇੱਜ਼ਤ ਮਾਣ ਅਤੇ ਇਮਾਨਦਾਰੀ ਨਾਲ ਜਿਊਣਾ ਹੀ ਮਨੁੱਖਤਾ ਦਾ ਭਲਾ ਅਤੇ ਮੁੱਖ ਮਨੋਰਥ ਹੈ। ਇਸ ਲਈ ਛਲ, ਕਪਟ, ਹੇਰਾਫੇਰੀ ਅਤੇ ਬੇਈਮਾਨੀ ਤੋਂ ਬਚਣਾ ਹੀ ਮਨੁੱਖਤਾ ਹੈ।

*****

(1207)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author