“ਨਹਿਰੂ ਜਾਣਦੇ ਸਨ ਕਿ ਕਾਂਗਰਸ ਵਿੱਚ ਆਰ ਐੱਸ ਐੱਸ ਨੂੰ ਸ਼ਾਮਲ ਕਰਨ ਨਾਲ ...”
(19 ਜੂਨ 2018)
ਪ੍ਰਣਾਬ ਮੁਖਰਜੀ ਨੂੰ ਨਾਗਪੁਰ ਸੱਦਾ ਦੇਣ ਤੋਂ ਕਾਫੀ ਪਹਿਲਾਂ ਆਰ ਐੱਸ ਐੱਸ (ਰਾਸ਼ਟਰੀ ਸਵੈ ਸੇਵਕ ਸੰਘ) ਨੇ ਕਿਧਰੇ ਵੱਧ ਮਹਾਨ ਕਾਂਗਰਸੀ ਨਾਲ, ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। 30 ਅਗਸਤ 1949 ਨੂੰ ਸੰਘ ਮੁੱਖੀ ਐੱਮ ਐੱਸ ਗੋਲਵਲਕਰ ਅਤੇ ਜਵਾਹਰ ਲਾਲ ਨਹਿਰੂ ਦੇ ਦਰਮਿਆਨ ਤੀਨ ਮੂਰਤੀ ਭਵਨ ਵਿੱਚ ਲਗਭਗ ਵੀਹ ਮਿੰਟ ਤੱਕ ਗੱਲਬਾਤ ਹੋਈ ਸੀ। ਇਹ ਮੌਕਾ ਸੰਘ ਦੇ ਪ੍ਰਮੁੱਖ ਅਖ਼ਬਾਰ ਆਰਗੇਨਾਈਜ਼ਰ ਦੀ 6 ਸਤੰਬਰ 1949 ਅਖ਼ਬਾਰ ਦੀ ਮਸ਼ਹੂਰ ਕਹਾਣੀ ਬਣ ਗਿਆ, ਜਿਸ ਦਾ ਸ਼ੀਰਸ਼ਕ ਸੀ, “ਨੀਤੀ ਦੇ ਦੋ ਵਿਅਕਤੀਆਂ ਦੀ ਮੁਲਾਕਾਤ: ਭਾਰਤ ਦੇ ਭਵਿੱਖ ਲਈ ਇੱਕ ਸੁਖਾਵਾਂ ਅਹਿਸਾਸ।” ਇਸ ਆਲੇਖ ਵਿੱਚ ਕਿਹਾ ਗਿਆ, “ਸਿੱਖਿਆਬੋਧ ਦੇ ਬੱਦਲਾਂ” ਨੇ ਕਾਂਗਰਸ ਅਤੇ ਸੰਘ ਵਿੱਚ ਖਾਈ ਕਰ ਦਿੱਤੀ ਹੈ, ਉਮੀਦ ਹੈ ਉਹ ਹੁਣ ਭਰ ਜਾਏਗੀ।”
ਇਸ ਮੁਲਾਕਾਤ ਦੀ ਸਿਫਤ ਕਰਦੇ ਹੋਏ ਆਰਗੇਨਾਈਜ਼ਰ ਨੇ ਲਿਖਿਆ, “ਕਿਸੇ ਵੀ ਪਾਰਟੀ ਦੇ ਅਤੀਤ ਨੂੰ ਰਾਸ਼ਟਰ ਦੀ ਪੂਰੀ ਸਮਰੱਥਾ ਅਤੇ ਊਰਜਾ ਦੀ ਵਰਤੋਂ ਕਰਨ ਦੇ ਰਾਹ ਵਿੱਚ ਰੋੜਾ ਬਣਨ ਦੀ ਆਗਿਆ ਨਹੀਂ ਦੇਣੀ ਚਾਹੀਦੀ।” ਉਮੀਦ ਅਤੇ ਸ਼ੁਭ ਇਛਾਵਾਂ ਦੇ ਨਾਲ ਇਸ ਲੇਖ ਦੇ ਅੰਤ ਵਿੱਚ ਇਸ ਤਰ੍ਹਾਂ ਲਿਖਿਆ ਗਿਆ, “ਸੰਤ ਅਤੇ ਰਾਜਨੇਤਾ, ਸੰਸਕ੍ਰਿਤਿਕ ਸ਼ਕਤੀ ਅਤੇ ਸਿਆਸੀ ਤਾਕਤ ਦੇ ਵਿੱਚ ਦੀ ਇਹ ਮੁਲਾਕਾਤ ਦੇਸ਼ ਭਗਤੀ ਨਾਲ ਜੁੜੀਆਂ ਤਾਕਤਾਂ ਵਿੱਚ ਏਕਤਾ ਦਾ ਰਾਹ ਦਿਖਾਏਗੀ। ਦੇਸ਼ ਨੂੰ ਅੱਜ ਇਸਦੀ ਬੇਹੱਦ ਲੋੜ ਹੈ।”
ਕੁਝ ਹਫਤਿਆਂ ਬਾਅਦ ਗੋਲਵਲਕਰ ਅਤੇ ਨਹਿਰੂ ਦੀ ਇੱਕ ਹੋਰ ਮੁਲਾਕਾਤ ਹੋਈ। ਇਸ ਤੋਂ ਬਾਅਦ ਸੰਘ ਮੁੱਖੀ ਨੇ ਕਿਹਾ, “ਸਾਡੇ ਦੋਹਾਂ ਦੌਰਾਨ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਅਸੀਂ ਇੱਕ ਦੂਜੇ ਦੇ ਮਨ ਦੀ ਗੱਲ ਸਮਝਣ ਦਾ ਯਤਨ ਕੀਤਾ ਹੈ।” ਆਰਗੇਨਾਈਜ਼ਰ ਨੇ ਇਸ ਤੋਂ ਬਾਅਦ ਇੱਥੋਂ ਤੱਕ ਲਿਖ ਦਿੱਤਾ, “ਜਿਹੋ ਜਿਹਾ ਹੋਣਾ ਚਾਹੀਦਾ ਹੈ, ਕਾਂਗਰਸ ਅਤੇ ਸੰਘ ਦੇ ਕੋਲ ਭਾਰਤ ਨੂੰ ਲੈ ਕੇ ਥੋੜ੍ਹਾ ਬਹੁਤਾ ਇਕੋ ਜਿਹਾ ਦ੍ਰਿਸ਼ਟੀਕੋਣ ਹੈ। ਇਹ ਸਪਸ਼ਟ ਹੈ ਕਿ ਦੇਸ਼ ਦੇ ਕਿਸੇ ਦੋ ਹੋਰ ਅੰਦੋਲਨਾਂ ਦੇ ਇੰਨੇ ਨਜ਼ਦੀਕੀ ਉਦੇਸ਼ ਨਹੀਂ ਹਨ। ਇਸਦੇ ਬਾਅਦ ਬੇਹੱਦ ਦੁਖੀ ਹਿਰਦੇ ਨਾਲ ਸਪਸ਼ਟੀਕਰਨ ਦਿੰਦਿਆਂ ਇੱਕ ਦੂਜੇ ਦੇ ਸਮਾਨੰਤਰ ਦ੍ਰਿਸ਼ਟੀਕੋਣ ਦਿੰਦਿਆਂ ਲਿਖਿਆ ਗਿਆ, “ਇਸ ਵਿੱਚ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਧਰਮ ਨਿਰਪੱਖ ਜਾਂ ਧਾਰਮਿਕ ਰਾਜ ਆਪਣੇ ਨਾਗਰਿਕਾਂ ਨੂੰ, ਜਿਹਨਾਂ ਦੀ ਉਹ ਪਾਲਣਾ ਪੋਸ਼ਣਾ ਕਰਦਾ ਹੈ ਅਤੇ ਸੁਰੱਖਿਆ ਦੇਂਦਾ ਹੈ, ਉਹਨਾਂ ਨੂੰ ਦੇਸ਼ ਨੂੰ ਕਮਜ਼ੋਰ ਕਰਨ ਅਤੇ ਉਸਦੇ ਰਾਸ਼ਟਰੀ ਸਭਿਆਚਾਰ ਦੀ ਹੇਠੀ ਕਰਨ ਦੀ ਆਗਿਆ ਨਹੀਂ ਦੇ ਸਕਦਾ। ਨਿਸ਼ਚਿਤ ਰੂਪ ਵਿੱਚ ਨਾ ਹੀ ਪੰਡਿਤ ਜੀ ਅਤੇ ਨਾ ਹੀ ਸ਼੍ਰੀ ਗੁਰੂ ਜੀ ਧਰਮ ਨਿਰਪੱਖਤਾ ਦੇ ਨਾਂ ਉੱਤੇ ਇਸ ਤੋਂ ਅੱਗੇ ਝੁਕਣਗੇ।”
ਆਪਣੇ ਗੁਰੂ ਗਾਂਧੀ ਵਾਂਗਰ ਨਹਿਰੂ ਵੀ ਨਿਮਰਤਾ ਅਤੇ ਸ਼ਿਸ਼ਟਾਚਾਰ ਨੂੰ ਅਪਣਾਉਂਦੇ ਸਨ। ਹਮੇਸ਼ਾ ਉਹਨਾਂ ਨੂੰ ਚਾਹੁਣ ਵਾਲੇ ਅਤੇ ਆਲੋਚਕਾਂ, ਦੋਨਾਂ ਨੂੰ ਮਿਲਣ ਲਈ ਉਤਸੁਕ ਰਹਿੰਦੇ ਸਨ। ਉਹਨਾ ਦੇ ਮਨ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਸੀ ਕਿ ਸੰਘ ਅਤੇ ਉਹ ਖ਼ੁਦ ਸਿਧਾਂਤਕ ਤੌਰ ’ਤੇ ਇੱਕ ਦੂਜੇ ਤੋਂ ਵੱਖਰੇ ਹਨ। ਹਾਲਾਂਕਿ ਉਲਾਰ ਸੋਚ ਵਾਲੇ ਕਾਂਗਰਸੀ, ਸੰਘ ਦੇ ਨਾਲ ਮੇਲ-ਮਿਲਾਪ ਦੇ ਹੱਕ ਵਿੱਚ ਸਨ। ਅਕਤੂਬਰ, 1949 ਵਿੱਚ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਗਏ ਹੋਏ ਸਨ, ਉਸ ਸਮੇਂ ਕੁਝ ਪ੍ਰਸਿੱਧ ਕਾਂਗਰਸ ਨੇਤਾਵਾਂ ਨੇ ਕਿਹਾ ਸੀ ਕਿ ਉਹ ਸੰਘ ਦੇ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਣਗੇ। ਇਸ ਕਦਮ ਦਾ ਸਵਾਗਤ ਕਰਦੇ ਹੋਏ ਆਰਗੇਨਾਈਜ਼ਰ ਨੇ ਲਿਖਿਆ, “ਇਹ ਕਾਂਗਰਸ ਦੀ ਸੰਘ ਦੇ ਵਿਰੁੱਧ ਜੰਗ ਦਾ ਅੰਤ ਹੈ। ਰਾਸ਼ਟਰੀ ਇੱਕਜੁੱਟਤਾ ਦੀ ਦਿਸ਼ਾ ਵਿੱਚ ਇਹ ਇੱਕ ਸਹੀ ਕਦਮ ਹੈ।” ਸੰਘ ਦੇ ਅਖ਼ਬਾਰ ਨੇ ਲਿਖਿਆ, “ਕਮਿਊਨਿਸਟ ਭਾਰਤ ਨੂੰ ਰੂਸ ਦਾ ਦਾਸ ਬਣਾਉਣਾ ਚਾਹੁੰਦੇ ਹਨ ਅਤੇ ਸਮਾਜਵਾਦੀ ਹਾਲੇ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਹੀ ਕਰ ਰਹੇ ਹਨ, ਇਸ ਸੰਕਟ ਦੀ ਘੜੀ ਕਾਂਗਰਸ ਅਤੇ ਸੰਘ ਦੇ ਵਿਚਕਾਰ ਸਦਭਾਵ ਅਤੇ ਸਹਿਯੋਗ ਰਾਸ਼ਟਰੀ ਏਕਤਾ ਦੀ ਪੱਕੀ ਗਰੰਟੀ ਹੈ।”
ਇਸੇ ਦਰਮਿਆਨ, ਜਵਾਹਰਲਾਲ ਨਹਿਰੂ ਨੇ ਅਮਰੀਕਾ ਦਾ ਸਫਲ ਦੌਰਾ ਕੀਤਾ, ਜਿਸ ਵਿੱਚ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਉਸਦੀਆਂ ਵੱਡੀਆਂ ਰੈਲੀਆਂ ਹੋਈਆਂ ਅਤੇ ਉੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਡਾਕਟਰੇਟ ਦੀਆਂ ਡਿਗਰੀਆਂ ਨਾਲ ਨਿਵਾਜਿਆ। ਨਹਿਰੂ ਨੂੰ ਵਿਦੇਸ਼ ਵਿੱਚ ਮਿਲੀ ਪ੍ਰਸ਼ੰਸਾ ਅਤੇ ਮਾਣ-ਸਨਮਾਨ ਸਬੰਧੀ ਆਰਗੇਨਾਈਜ਼ਰ ਨੂੰ 16 ਨਵੰਬਰ 1949 ਨੂੰ ਪੂਰੇ ਇੱਕ ਸਫੇ ਵਿੱਚ ਸੰਪਾਦਕੀ ਲਿਖਣ ਲਈ ਪ੍ਰੇਰਿਤ ਕੀਤਾ, ਜਿਸ ਵਿੱਚ ਉਸਨੇ ਲਿਖਿਆ ਕਿ ਨਹਿਰੂ ਪ੍ਰਤੀ ਜਿਸ ਕਿਸਮ ਦੀ ਸਨਮਾਨਾਂ ਦੀ ਝੜੀ ਲੱਗੀ ਹੈ, ਉਸ ਨਾਲ ਹਰੇਕ ਭਾਰਤੀ ਦਾ ਗੌਰਵ ਵਧਿਆ ਹੈ। ਇਸ ਵਿੱਚ ਅੱਗੇ ਲਿਖਿਆ, “ਨਹਿਰੂ ਭਾਰਤ ਦੀ ਅਗਵਾਈ ਕਰਦੇ ਹਨ ਅਤੇ ਭਾਰਤ ਨਹਿਰੂ ਨਾਲ ਪਿਆਰ ਕਰਦਾ ਹੈ ਲੇਕਿਨ ਭਾਰਤ ਸਿਰਫ ਅਰਥ ਵਿਵਸਥਾ ਅਤੇ ਸਿਰਫ ਸਿਆਸਤ ਭਰ ਨਹੀਂ ਹੈ। ਭਾਰਤ ਦਾ ਆਪਣਾ ਅਸਤਿੱਤਵ (ਹੋਂਦ) ਹੈ, ਜਿਸ ਨੂੰ ਕਿ ਭਾਰਤੀਅਤਾ ਨਾਲ ਚਲਾਇਆ ਜਾਂਦਾ ਹੈ। ਅੱਜ ਨਹਿਰੂ ਵੱਡੇ ਹਨ, ਕਿਉਂਕਿ ਉਸ ਦੇਸ਼ ਵਿੱਚ ਸਥਿਰਤਾ ਲਿਆਉਣ ਅਤੇ ਅਰਥ ਵਿਵਸਥਾ ਵਿੱਚ ਮਜ਼ਬੂਤੀ ਦੇਣ ਦਾ ਯਤਨ ਕਰ ਰਹੇ ਹਨ। ਲੇਕਿਨ ਨਹਿਰੂ ਤਦ ਹੀ ਮਹਾਨ ਹੋ ਸਕਦੇ ਹਨ, ਜਦ ਉਹ ਪਿੱਛੇ ਮੁੜਕੇ ਸਵਾਮੀ ਵਿਵੇਕਾਨੰਦ ਅਤੇ ਗਾਂਧੀ ਜੀ ਦੀਆਂ ਗੱਲਾਂ ਸੁਣਨ।”
ਪ੍ਰਧਾਨ ਮੰਤਰੀ ਨੇ ਉਸ ਵੇਲੇ ਆਪਣੇ ਜੀਵਨ ਦੇ ਠੀਕ ਸੱਠ ਵਰ੍ਹੇ ਪੂਰੇ ਕੀਤੇ ਸਨ। ਆਰ ਐੱਸ ਐੱਸ ਪ੍ਰਮੁੱਖ ਨੇ ਉਹਨਾਂ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ, ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਨਹਿਰੂ ਨੂੰ ਕਿਹਾ ਕਿ ਉਹ ਵਿਚਾਰ ਕਰਨ ਕਿ ਕਿਸ ਤਰ੍ਹਾਂ ਉਹਨਾਂ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਪੁਨਰਜੀਵਤ ਕਰਕੇ ਅਤੇ ਉਸਦੀ ਆਤਮੀਅਤ ਨੂੰ ਝੰਜੋੜਕੇ ਉਸਦੇ ਹੌਸਲੇ ਨੂੰ ਜਗਾਇਆ ਹੈ, ਇਸਦਾ ਅਰਥ ਹੈ ਕਿ ਕਾਂਗਰਸ ਦਾ ਸੰਘ ਦੇ ਨਾਲ ਸਹਿਯੋਗ ਇਸ ਬਦਲਾਅ ਦੀ ਪੂਰਤੀ ਲਈ ਸਹਾਈ ਹੋਏਗਾ।
ਅਮਰੀਕਾ ਤੋਂ ਵਾਪਸ ਆਉਣ ’ਤੇ ਨਹਿਰੂ ਨੂੰ ਜਦੋਂ ਆਰ ਐੱਸ ਐੱਸ ਦੇ ਮੈਂਬਰਾਂ ਨੂੰ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਦੀ ਯੋਜਨਾ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਫੈਸਲੇ ਨੂੰ ਤੁਰੰਤ ਉਲਟ-ਪੁਲਟ ਦਿੱਤਾ। ਉਹਨਾ ਨੇ ਕਿਹਾ ਕਿ ਕਾਂਗਰਸ ਵਿੱਚ ਦੂਸਰੇ ਸੰਗਠਨਾਂ ਦੇ ਮੈਂਬਰ ਤਦ ਤੱਕ ਸ਼ਾਮਲ ਨਹੀਂ ਹੋ ਸਕਦੇ ਜਦ ਤੱਕ ਕਿ ਉਹ ਉਹਨਾਂ ਦੇ ਆਪਣੇ ਮੈਂਬਰਾਂ ਦਾ ਕਾਂਗਰਸ ਦਲ ਵਰਗਾ ਸੰਗਠਨ ਨਾ ਹੋਵੇ। ਇਸ ਤੋਂ ਔਖੇ ਹੋਕੇ ਆਰਗੇਨਾਈਜ਼ਰ ਨੇ ਫਿਰ ਇੱਕ ਸੰਪਾਦਕੀ 23 ਨਵੰਬਰ 1949 ਨੂੰ ਲਿਖਿਆ, ਜਿਸ ਵਿੱਚ ਉਸਨੇ ਆਰ ਐੱਸ ਐੱਸ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਕਰਨ ਲਈ ਇਸਦੇ ਕੁਝ ਸਵਾਰਥੀ ਨੇਤਾਵਾਂ ਦੇ ਮੁਸਲਮਾਨਾਂ ਦੇ ਸਮਰਥਕ ਹੋਣ ਦਾ ਇਲਜ਼ਾਮ ਲਗਾਉਂਦਿਆ ਹੋਇਆਂ ਇਸ ਬੰਦਸ਼ ਉੱਤੇ ਦੁੱਖ ਪ੍ਰਗਟ ਕੀਤਾ।
ਆਰਗੇਨਾਈਜ਼ਰ ਦੀ ਇਸ ਪੁਰਾਣੀ ਮਾਈਕਰੋ ਫਿਲਮ ਨੂੰ ਪੜ੍ਹਨਾ ਰਹੱਸਪੂਰਨ ਹੈ। ਇਹ ਸਪਸ਼ਟ ਹੈ ਕਿ ਸੰਘ ਵਲੋਂ ਪ੍ਰਧਾਨ ਮੰਤਰੀ ਦੀ ਖੁਸ਼ਾਮਦੀ ਤਾਰੀਫ ਦੇ ਪਿੱਛੇ ਉਸਦਾ ਆਪਣਾ ਉਦੇਸ਼ ਸੀ।
ਗੋਲਵਲਕਰ ਖ਼ੁਦ ਨਹਿਰੂ ਦੇ ਰਾਜਗੁਰੂ ਬਣਨਾ ਚਾਹੁੰਦੇ ਸਨ ਅਤੇ ਉਹ ਚਾਹੁੰਦੇ ਸਨ ਕਿ ਆਰ ਐੱਸ ਐੱਸ ਦੇ ਲੋਕ ਹਾਕਮ ਦਲ ਵਿੱਚ ਸ਼ਾਮਲ ਹੋ ਜਾਣ ਤਾਂ ਕਿ ਦੇਸ਼ ਦੀ ਦਿਸ਼ਾ ਤੈਅ ਕੀਤੀ ਜਾ ਸਕੇ। ਇਹ ਇੱਕ ਚੰਗੀ ਗੱਲ ਹੋਈ ਕਿ ਗਾਂਧੀ ਦੇ ਉਤਰਾਧਿਕਾਰੀ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਨਹਿਰੂ ਜਾਣਦੇ ਸਨ ਕਿ ਸੰਘ ਸਭਨਾਂ ਲਈ ਵੋਟ ਦੇ ਅਧਿਕਾਰ, ਔਰਤਾਂ ਅਤੇ ਦਲਿਤਾਂ ਲਈ ਬਰਾਬਰਤਾ ਤੋਂ ਲੈ ਕੇ ਘੱਟ ਗਿਣਤੀਆਂ ਨੂੰ ਬਰਾਬਰ ਅਧਿਕਾਰ ਅਤੇ ਅਧੁਨਿਕ ਸਾਇੰਸ ਦਾ ਵਿਰੋਧ ਕਰੇਗਾ। ਇਸ ਤੋਂ ਇਲਾਵਾ ਆਰ ਐੱਸ ਐੱਸ ਨੇ ਨਹਿਰੂ ਦੇ ਕਾਨੂੰਨ ਮੰਤਰੀ ਬੀ ਆਰ ਅੰਬੇਦਕਰ ਦੇ ਪ੍ਰਤੀ ਨਫ਼ਰਤ ਪ੍ਰਗਟ ਕੀਤੀ ਸੀ, ਜਿਹਨਾਂ ਨੇ ਸੰਵਿਧਾਨ ਨੂੰ ਅੰਤਿਮ ਰੂਪ ਦੇਂਦੇ ਸਮੇਂ ਉਸ ਵਿੱਚ ਉਹਨਾਂ ਸਿਧਾਤਾਂ ਨੂੰ ਸ਼ਾਮਲ ਕੀਤਾ ਸੀ। ਨਹਿਰੂ ਜਾਣਦੇ ਸਨ ਕਿ ਕਾਂਗਰਸ ਵਿੱਚ ਆਰ ਐੱਸ ਐੱਸ ਨੂੰ ਸ਼ਾਮਲ ਕਰਨ ਨਾਲ ਸੰਵਿਧਾਨ ਦੀ ਲੋਕਤੰਤਰ ਅਤੇ ਬਹੁਲਤਾਵਾਦ ਪ੍ਰਤੀ ਪ੍ਰਤੀਬੱਧਤਾ ਗੰਭੀਰ ਰੂਪ ਵਿੱਚ ਪ੍ਰਭਾਵਤ ਹੋਵੇਗੀ। ਇਸ ਲਈ ਉਹਨਾਂ ਨੇ ਉਸਦੀ ਖੁਸ਼ਾਮਦ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਉਦਾਰ ਹਲਕਿਆਂ ਵਿੱਚ ਪ੍ਰਣਾਬ ਮੁਖਰਜੀ ਦੀ ਹੁਣ ਦੀ ਨਾਗਪੁਰ ਯਾਤਰਾ ਨੂੰ ਲੈ ਕੇ ਮਤਭੇਦ ਸਨ। ਕੁਝ ਇੱਕ ਨੇ, ਜੋ ਕੁਝ ਉਹਨਾਂ ਨੇ ਉੱਥੇ ਕਿਹਾ, ਉਸਦੀ ਤਾਰੀਫ ਕੀਤੀ, ਕੁਝ ਇੱਕ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਮੌਜੂਦਗੀ ਨੇ ਉਹਨਾਂ ਦੇ ਭਾਸ਼ਨ ਦੇ ਵਿਸ਼ਾ ਵਸਤੂ ਨੂੰ ਪਿੱਠ ਭੂਮੀ ਵੱਲ ਧੱਕ ਦਿੱਤਾ। ਹਾਲਾਂਕਿ ਕਿਸੇ ਵੀ ਭਾਰਤੀ ਲੋਕਤੰਤਰਵਾਦੀ ਨੂੰ ਨਹਿਰੂ ਵਲੋਂ 1949 ਵਿੱਚ ਸੰਘ ਦੇ ਪ੍ਰਸਤਾਵ ਨੂੰ ਖਾਰਜ ਕੀਤੇ ਜਾਣ ਬਾਰੇ ਕੋਈ ਸ਼ੰਕਾ ਨਹੀਂ ਰਿਹਾ ਹੋਏਗਾ। ਜੇਕਰ ਸਾਡੇ ਪਹਿਲੇ ਪ੍ਰਧਾਨ ਮੰਤਰੀ ਨੇ ਸੱਤਰ ਸਾਲ ਪਹਿਲਾਂ ਆਰ ਐੱਸ ਐੱਸ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਆਗਿਆ ਦੇ ਦਿੱਤੀ ਹੁੰਦੀ ਤਾਂ ਗਣਤੰਤਰ ਦੀ ਸ਼ੁਰੂਆਤ ਵੇਲੇ ਤੋਂ ਹੀ ਇਸ ਨੂੰ ਘੁਣ ਲੱਗ ਗਿਆ ਹੁੰਦਾ।
*****
(1199)
ਬਲਤੇਜ ਪੰਨੂ ਲਿਖਦੇ ਹਨ:
ਪੂਰੀ ਖਬਰ ਜਾਨਣ ਲਈ ਇੱਥੇ ਕਲਿੱਕ ਕਰਕੇ youtube ਉੱਤੇ ਵੀਡੀਓ ਦੇਖੋ:
https://www.youtube.com/watch?v=LlFkNie4HOs