DarshanSRiar7“ਜਦੋਂ ਸ਼ਹਿਰੀ ਲੋਕਾਂ ਨੂੰ ਦੁੱਧ ਤੇ ਸਬਜ਼ੀਆਂ ਨਹੀਂ ਮਿਲੀਆਂ ਜਾਂ ਮਹਿੰਗੀਆਂ ਮਿਲੀਆਂਫਿਰ ਕੀ ਉਹ ...
(11 ਜੂਨ 2018)

 

ਜ਼ਿੰਦਗੀ ਇਕ ਬਹੁਤ ਵੱਡਾ ਸੰਘਰਸ਼ ਹੈਜਨਮ ਤੋਂ ਬਚਪਨ, ਪੜ੍ਹਾਈ-ਲਿਖਾਈ, ਫਿਰ ਜਵਾਨੀ - ਰੁਜ਼ਗਾਰ ਦੀ ਚਿੰਤਾ, ਵਿਆਹ-ਸ਼ਾਦੀ, ਬੱਚੇ ਤੇ ਫਿਰ ਉਹੀ ਚੱਕਰਇਸ ਸਭ ਕਾਸੇ ਦੇ ਦੌਰਾਨ ਮਨੁੱਖ ਨੂੰ ਰੋਟੀ, ਰੋਜ਼ੀ, ਮਕਾਨ ਅਤੇ ਹੋਰ ਸਹੂਲਤਾਂ ਜੁਟਾਉਣ ਲਈ ਪਹਾੜ ਜਿੱਡੀਆਂ ਸਮੱਸਿਆਵਾਂ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਜਾਤ-ਪਾਤ, ਅੰਧ-ਵਿਸ਼ਵਾਸ ਤੇ ਕੱਟੜਤਾ ਨਾਲ ਮੱਥਾ ਲਾਉਣਾ ਪੈਂਦਾ ਹੈਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਦੀ ਤਰਜ਼ਮਾਨੀ ਕਰਦਾ ਲੋਕਤੰਤਰ ਆਪਣੇ ਨਾਗਰਿਕਾਂ ਨੂੰ ਬਹੁਤ ਸਾਰੇ ਮੌਲਿਕ ਅਧਿਕਾਰ ਅਤੇ ਫਰਜ਼ ਪ੍ਰਦਾਨ ਕਰਦਾ ਹੈਇਨ੍ਹਾਂ ਅਧਿਕਾਰਾਂ ਵਿੱਚ ਬੋਲਣ ਤੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ, ਮੁੱਖ ਅਧਿਕਾਰ ਹੈ, ਜਿਸਦੇ ਫਲਸਰੂਪ ਇਕ ਵਿਅਕਤੀ ਤੋਂ ਲੈ ਕੇ ਯੂਨੀਅਨਾਂ, ਸਭਾਵਾਂ ਅਤੇ ਰਾਜਨੀਤਕ ਪਾਰਟੀਆਂ, ਰੈਲੀਆਂ, ਜਲਸਿਆਂ ਅਤੇ ਮੁਜ਼ਾਹਰਿਆਂ ਰਾਹੀਂ ਆਪਣੇ ਪੱਖ ਪੇਸ਼ ਕਰਦੀਆਂ ਹਨਗੱਲ ਕੀ, ਮਨੁੱਖ ਨੂੰ ਹਰ ਕਦਮ ’ਤੇ ਹੱਕ-ਹਕੂਕ ਜਾਂ ਰਾਹਤ ਪ੍ਰਾਪਤ ਕਰਨ ਲਈ ਚਾਰਾਜੋਈ ਕਰਨੀ ਪੈਂਦੀ ਹੈ - ਇਸ ਨੂੰ ਹੀ ‘ਸੰਘਰਸ਼’ ਕਿਹਾ ਜਾਂਦਾ ਹੈਇੱਕ ਮਾਂ ਹੀ ਖੁਦ ਬੱਚੇ ਦੀਆਂ ਲੋੜਾਂ ਦੀ ਚਿੰਤਾ ਤੇ ਪੂਰਤੀ ਕਰਨ ਦੀ ਕੋਸ਼ਿਸ਼ ਕਰਦੀ ਹੈਅਜੋਕੇ ਮਾਹੌਲ ਵਿਚ ਭਾਵੇਂ ਇਹ ਵੀ ਕਿਹਾ ਜਾਣ ਲੱਗ ਪਿਆ ਹੈ ਕਿ ‘ਮਾਂ ਵੀ ਬੱਚੇ ਨੂੰ ਰੋਏ ਬਿਨਾਂ ਦੁੱਧ ਨਹੀਂ ਪਿਲਾਉਂਦੀ?’ ਫਿਰ ਵੀ ਮਾਂ, ਮਾਂ ਹੀ ਹੁੰਦੀ ਹੈਉਹ ਆਪ ਗਿੱਲੇ ਥਾਂ ਪੈ ਕੇ ਵੀ ਬੱਚੇ ਨੂੰ ਸੁੱਕੇ ਥਾਂ ਲਿਟਾਉਂਦੀ ਹੈ ਅਤੇ ਖੁਦ ਭੁੱਖੀ ਰਹਿ ਕੇ ਰੱਜੀ ਹੋਣ ਦਾ ਵਿਖਾਵਾ ਕਰਦੀ ਹੋਈ ਬੱਚੇ ਦੀ ਭੁੱਖ ਨਹੀਂ ਸਹਾਰਦੀ

ਲੋਕਤੰਤਰ ਅੰਦਰ ਲੋਕਾਂ ਦੁਆਰਾ ਆਪਣੇ ਵਿੱਚੋਂ ਚੁਣੀ ਆਪਣੀ ਸਰਕਾਰ ਮਿੰਟ ਮਿੰਟ ’ਤੇ ਗੌਰ ਕਰਨ ਦਾ ਦਮ ਤਾਂ ਜ਼ਰੂਰ ਭਰਦੀ ਹੈ ਪਰ ਇਹਦੀ ਚੋਣ ਕਰਨ ਵਾਲਿਆਂ ਨੂੰ ਆਪਣੀਆਂ ਯੋਗ ਮੰਗਾਂ ਦੀ ਪੂਰਤੀ ਲਈ ਵੀ ਵੱਡੇ ਪੈਮਾਨੇ ’ਤੇ ਸੰਘਰਸ਼ ਕਰਨਾ ਪੈਂਦਾ ਹੈਸਾਡਾ ਭਾਰਤ ਕਿਉਂਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਇਸ ਲਈ ਇਸਦੀਆਂ ਸਮੱਸਿਆਵਾਂ ਵੀ ਵੱਡੀਆਂ ਹੀ ਹਨਚੋਣਾਂ ਤੋਂ ਪਹਿਲਾਂ ਇੱਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਰੈਲੀਆਂ ਅਤੇ ਮੀਟਿੰਗਾਂ ਦੇ ਰੂਪ ਵਿਚ ਸੰਘਰਸ਼ ਕਰਦੀਆਂ ਹਨਸਰਕਾਰ ਬਣਨ ਉਪਰੰਤ ਵੱਖ ਵੱਖ ਯੂਨੀਅਨਾਂ, ਟਰੇਡ ਯੂਨੀਅਨਾਂ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਕਰਦੀਆਂ ਹਨਸਰਕਾਰਾਂ ਸੱਤਾ ਸੁੱਖ ਦੀਆਂ ਇੰਨੀਆਂ ਸ਼ੌਕੀਨ ਹੋ ਗਈਆਂ ਹਨ ਕਿ ਉਨ੍ਹਾਂ ਨੇ ਆਪਣੀਆਂ ਤਨਖਾਹਾਂ, ਸੁੱਖ ਸਹੂਲਤਾਂ ਅਤੇ ਅਧਿਕਾਰ ਇੰਨੇ ਜ਼ਿਆਦਾ ਵਧਾ ਲਏ ਹਨ ਕਿ ਉਨ੍ਹਾਂ ਨੂੰ ਚੁਣਨ ਵਾਲੇ ਨਾਗਰਿਕ ਵੋਟਰ ਜਦੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਵਿੱਢਣ ਨੂੰ ਮਜਬੂਰ ਹੁੰਦੇ ਹਨ ਤਾਂ ਉਹ ਖੁਦ ਨੂੰ ਠੱਗੇ ਹੋਏ ਅਤੇ ਬੌਣੇ ਮਹਿਸੂਸ ਕਰਦੇ ਹਨ

ਪਹਿਲੀ ਜੂਨ ਤੋਂ 10 ਜੂਨ ਤੱਕ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿੰਡ ਬੰਦ ਕਰਨ ਅਤੇ ਪਿੰਡਾਂ ਵਿੱਚੋਂ ਸ਼ਹਿਰਾਂ ਦੁੱਧ ਤੇ ਸਬਜ਼ੀਆਂ ਆਦਿ ਦੀ ਸਪਲਾਈ ਬੰਦ ਕਰਨ ਲਈ ਵਿੱਢਿਆ ਗਿਆ ਸੰਘਰਸ਼ ਵੀ ਇਸੇ ਕੜੀ ਦਾ ਹੀ ਹਿੱਸਾ ਹੈਦਰਅਸਲ ਮਹਿੰਗਾਈ ਕਾਰਨ ਖੇਤੀ ਲਾਗਤਾਂ ਬਹੁਤ ਜ਼ਿਆਦਾ ਵਧ ਗਈਆਂ ਹਨਵੰਡ ਦਰ ਵੰਡ ਕਾਰਨ ਭੂਮੀ ਜੋਤਾਂ ਦੀ ਗਿਣਤੀ ਸੀਮਤ ਹੋ ਜਾਣਾ ਵੀ ਕਿਸਾਨਾਂ ਲਈ ਘਾਟੇ ਦਾ ਕਾਰਨ ਬਣਿਆ ਹੈਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਅਨਾਜ ਦੀਆਂ ਕੀਮਤਾਂ ਤੈਅ ਕਰਨ ਦੀ ਮੰਗ ਚਿਰਾਂ ਤੋਂ ਲਟਕਦੀ ਆ ਰਹੀ ਹੈ ਪਰ ਕੋਈ ਵੀ ਸਰਕਾਰ ਕਿਸਾਨਾਂ ਨੂੰ ਪੱਲਾ ਨਹੀਂ ਫੜਾ ਰਹੀਫਸਲਾਂ ਤੋਂ ਉਲਟ ਸਬਜ਼ੀਆਂ ਦੇ ਸਬੰਧ ਵਿਚ ਵੀ ਕਿਸਾਨ ਅਕਸਰ ਲੁੱਟ ਦਾ ਹੀ ਸ਼ਿਕਾਰ ਹੁੰਦੇ ਹਨਮਹੀਨਿਆਂ ਬੱਧੀ ਸਬਜ਼ੀ ਦੀ ਕਾਸ਼ਤ ਕਰਨ ਤੇ ਤੋੜ ਕੇ ਮੰਡੀ ਵਿਚ ਪਹੁੰਚਾਉਣ ਉਪਰੰਤ ਕਿਸਾਨ ਨੂੰ ਯੋਗ ਮੁੱਲ ਨਸੀਬ ਨਹੀਂ ਹੁੰਦਾ ਜਦੋਂ ਕਿ ਕੁਝ ਘੰਟੇ ਮੰਡੀ ਵਿਚ ਸਾਂਭਣ ਵਾਲੇ ਆੜ੍ਹਤੀਏ ਚੋਖਾ ਲਾਭ ਕਮਾ ਲੈਂਦੇ ਹਨਕਿਸਾਨਾਂ ਦੇ ਸੰਘਰਸ਼ ਦਾ ਮੁੱਖ ਮੁੱਦਾ ਆਲੂ, ਪਿਆਜ, ਟਮਾਟਰ ਤੇ ਹੋਰ ਸਬਜ਼ੀਆਂ ਦੇ ਨਾਲ ਨਾਲ ਦੁੱਧ ਦੇ ਵੱਖ-ਵੱਖ ਮੁੱਲ ਹਨਸਰਕਾਰ ਨੂੰ ਚਾਹੀਦਾ ਹੈ ਕਿ ਸਮਾਜ ਦੀ ਕਸਟੋਡੀਅਨ (ਰਖਵਾਲੀ) ਹੁੰਦੇ ਹੋਏ ਉਹ ਸਬਜ਼ੀਆਂ ਦੇ ਵੀ ਮੁੱਲ ਨਿਰਧਾਰਤ ਕਰੇ, ਜਿਨ੍ਹਾਂ ਨਾਲ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਨੂੰ ਯੋਗ ਮੁਨਾਫਾ ਵੀ ਮਿਲ ਸਕੇ ਅਤੇ ਆੜ੍ਹਤੀਏ ਲੋਕ ਵੀ ਮੁਨਾਸਬ ਜਿਹਾ ਲਾਭ ਹੀ ਲੈਣ ਤਾਂ ਜੋ ਆਮ ਉਪਭੋਗਤਾ ਨੂੰ ਮਹਿੰਗਾਈ ਦੀ ਚੱਕੀ ਵਿਚ ਨਾ ਪਿਸਣਾ ਪਵੇ

ਕਿਸਾਨ ਜਥੇਬੰਦੀਆਂ ਕਈ ਦਿਨਾਂ ਤੋਂ ਸੰਘਰਸ਼ ਦੀ ਚਿਤਾਵਨੀ ਦਿੰਦੀਆਂ ਆ ਰਹੀਆਂ ਸਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀਪਹਿਲੀ ਜੂਨ ਤੋਂ ਪਿੰਡਾਂ ਤੋਂ ਸ਼ਹਿਰਾਂ ਵੱਲ ਅਤੇ ਸਬਜ਼ੀਆਂ ਦੀ ਸਪਲਾਈ ਰੋਕਣ ਲਈ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਤੇਜ਼ ਕਰ ਦਿੱਤਾਸੜਕਾਂ ’ਤੇ ਦੁੱਧ ਰੋੜ੍ਹਦੇ ਕਿਸਾਨ ਵੱਖ ਵੱਖ ਟੀਵੀ ਚੈਨਲਾਂ ’ਤੇ ਦਿਖਾਏ ਗਏ40 ਕਰੋੜ ਤੋਂ ਵੀ ਉੱਪਰ ਗਰੀਬੀ ਦੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਵਾਲੇ ਭਾਰਤ ਦੇਸ਼ ਲਈ ਇਸ ਤੋਂ ਵੱਧ ਬਦਕਿਸਮਤੀ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ, ਜਿੱਥੇ ਲੋਕਾਂ ਨੂੰ ਦੋ ਵੇਲੇ ਪੇਟ ਭਰ ਖਾਣਾ ਨਸੀਬ ਹੀ ਨਹੀਂ ਹੁੰਦਾ ਪਰ ਉੱਥੇ ਦੁੱਧ ਸੜਕਾਂ ’ਤੇ ਰੋੜ੍ਹਿਆ ਗਿਆਪਹਿਲਾਂ ਹੀ ਧਾਰਮਿਕ ਅੰਧ ਵਿਸ਼ਵਾਸੀ ਅਤੇ ਕੱਟੜਤਾ ਦੀਆਂ ਹੱਦਬੰਦੀਆਂ ਵਿਚ ਰਹਿ ਰਹੇ ਲੋਕ ਪੱਥਰਾਂ ਨੂੰ ਨਹਾਉਣ ਤੇ ਪਿਲਾਉਣ ਦੇ ਭਰਮ ਵਿਚ ਟਨਾਂ ਦੇ ਟਨ ਦੁੱਧ ਦੀਆਂ ਨਦੀਆਂ ਵਹਾਉਂਦੇ ਰਹਿੰਦੇ ਹਨਮੂਰਤੀਆਂ ਨੂੰ ਦੁੱਧ ਪਿਲਾਉਂਦੇ ਹਨ ਪਰ ਜਾਨਦਾਰ ਮਨੁੱਖਾਂ ਦੇ ਮੂੰਹ ਨਹੀਂ ਪੈਣ ਦਿੰਦੇ? ... ਇੰਜ ਲਗਦਾ ਹੈ ਜਿਵੇਂ ਕਿਸਾਨ ਫਿਰ ਗੁਮਰਾਹ ਹੋ ਕੇ ਆਪਣੀ ਦਰਦ ਬਿਆਨੀ ਦਾ ਗਲਤ ਸੰਕੇਤ ਦੇਣ ਲੱਗੇ ਹਨਸਾਡੇ ਸਮਾਜ ਵਿਚ ਦੁੱਧ ਦਾ ਪੁੱਤ ਦੇ ਬਰਾਬਰ ਦਾ ਰਿਸ਼ਤਾ ਗਿਣਿਆ ਜਾਂਦਾ ਹੈਪੁਰਾਤਨ ਬਜ਼ੁਰਗ ਦੁੱਧ ਵੇਚਣ ਨੂੰ ਬਦਸ਼ਗਨੀ ਸਮਝਦੇ ਸਨ ਪਰ ਵਕਤ ਦੀ ਤਬਦੀਲੀ ਨਾਲ ਜੇ ਦੁੱਧ ਵਿਕਣਾ ਸ਼ੁਰੂ ਹੋਇਆ ਹੈ ਤਾਂ ਇਸ ਨੂੰ ਰੋੜ੍ਹਨਾ, ਆਲੂਆਂ ਤੇ ਟਮਾਟਰਾਂ ਵਾਂਗ ਸੜਕਾਂ ’ਤੇ ਪੈਰਾਂ ਵਿਚ ਲਿਤਾੜ ਕੇ ਬੇਅਦਬੀ ਕਰਨੀ ਭਲਾ ਕਿੱਥੋਂ ਦੀ ਸਿਆਣਪ ਹੈ? ... ਉਂਜ ‘ਸਭ ਕਾ ਸਾਥ ਸਭ ਕਾ ਵਿਕਾਸ’ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਵੀ ਕਿਸਾਨਾਂ ਦਾ ਦਰਦ ਨਹੀਂ ਪਛਾਣਦੀ, ਜ਼ਿਆਦਾ ਉਦਯੋਗਪਤੀਆਂ ਦੀ ਹੀ ਸੁਣਦੀ ਹੈ

ਦੁੱਧ ਦਾ ਦਰਦ ਇਕੱਲੇ ਕਾਰੇ ਕਿਸਾਨ ਦਾ ਹੀ ਨਹੀਂ, ਉਪਭੋਗਤਾ ਦਾ ਵੀ ਬਰਾਬਰ ਹੈਵੇਰਕਾ ਮਿਲਕ ਪਲਾਂਟ ਤੇ ਹੋਰ ਏਜੰਸੀਆਂ ਤੋਂ ਇਲਾਵਾ ਦੁੱਧ ਦਾ ਵੱਡਾ ਕਾਰੋਬਾਰ ਦੋਧੀਆਂ ’ਤੇ ਨਿਰਭਰ ਕਰਦਾ ਹੈਅੱਜਕਲ੍ਹ ਦੋਧੀ ਇਹ ਦੁੱਧ 40 ਤੋਂ 50 ਰੁਪਏ ਲਿਟਰ ਦੇ ਹਿਸਾਬ ਉਪਭੋਗਤਾ ਨੂੰ ਸਪਲਾਈ ਕਰਦੇ ਹਨ ਫਿਰ ਦੁੱਧ ਦੀ ਸ਼ੁੱਧਤਾ ਅਕਸਰ ਖਬਰਾਂ ਦੇ ਘੇਰੇ ਵਿਚ ਰਹਿੰਦੀ ਹੈਦੁੱਧ, ਦਹੀਂ ਅਤੇ ਘਿਓ ਵਿਚ ਮਿਲਾਵਟ ਵੀ ਚਰਮ ਸੀਮਾ ’ਤੇ ਰਹਿੰਦੀ ਹੈਸਰਕਾਰ ਵੱਲੋਂ ਸੈਂਪਲ ਭਰਨ ਜਾਂ ਨਜ਼ਰ ਰੱਖਣ ਲਈ ਯੋਗ ਅਮਲੇ ਦੀ ਘਾਟ ਦਾ ਇਹ ਅਨਸਰ ਲਾਭ ਉਠਾਉਂਦੇ ਹਨ ਅਤੇ ਮਹਿੰਗੇ ਮੁੱਲ ’ਤੇ ਵੀ ਉਪਭੋਗਤਾਵਾਂ ਨੂੰ ਸ਼ੁੱਧ ਦੁੱਧ ਘਿਓ ਉਪਲਬਧ ਨਹੀਂ ਹੁੰਦਾ? ਇਸੇ ਤਰ੍ਹਾਂ ਸਬਜ਼ੀਆਂ ਦੀ ਲਾਗਤ ਵੀ ਮਹਿੰਗਾਈ ਕਾਰਨ ਜ਼ਰੂਰ ਵਧੀ ਹੈ ਪ੍ਰੰਤੂ ਸਵਾਰਥੀ ਅਤੇ ਲੋਭੀ ਅਨਸਰਾਂ ਨੇ ਸਬਜ਼ੀਆਂ ਦਾ ਉਤਪਾਦਨ ਵਧਾਉਣ ਤੇ ਜਲਦੀ ਵਧੇਰੇ ਲਾਭ ਲੈਣ ਲਈ ਜ਼ਿੰਦਗੀ ਲਈ ਖਤਰਨਾਕ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ

ਪਹਿਲਾਂ ਹੀ ਕੀਟਨਾਸ਼ਕ ਦਵਾਈਆਂ ਦੇ ਅੰਸ਼ ਅਨਾਜ ਵਿੱਚ ਆਉਣੇ ਸ਼ੁਰੂ ਹੋ ਗਏ ਸਨ ਜੋ ਹੁਣ ਸਬਜ਼ੀਆਂ, ਦੁੱਧ ਅਤੇ ਇੱਥੋਂ ਤੱਕ ਕਿ ਮਨੁੱਖੀ ਖੂਨ ਵਿਚ ਵੀ ਆਉਣ ਲੱਗ ਪਏ ਹਨਪਿਛਲੇ ਦਿਨੀਂ ਬਿਆਸ ਦਰਿਆ ਦੇ ਪਾਣੀ ਵਿਚ ਕੀਤੀ ਮਿਲਾਵਟ ਨਾਲ ਲੱਖਾਂ ਮੱਛੀਆਂ ਦੀ ਮੌਤ ਹੋ ਗਈ ਸੀਸਾਡੇ ਦਰਿਆਵਾਂ ਦੇ ਪਾਣੀ ਘਟਦੇ ਵੀ ਜਾ ਰਹੇ ਹਨ ਅਤੇ ਪ੍ਰਦੂਸ਼ਿਤ ਹੋਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵੀ ਪਰੋਸਣ ਲੱਗ ਪਏ ਹਨ

ਵੀਹ ਤੋਂ ਪੰਜਾਹ ਏਕੜ ਜਾਂ ਇਸ ਤੋਂ ਵੀ ਵੱਧ ਭੂਮੀ ਵਾਲੇ ਕਿਸਾਨ ਤਾਂ ਸਹਾਇਕ ਧੰਦਿਆਂ ਦੀ ਬਦੌਲਤ ਅਤੇ ਵੱਡੇ ਕਾਰੋਬਾਰ ਸਦਕਾ ਜ਼ਿਆਦਾ ਪ੍ਰਭਾਵਤ ਨਹੀਂ ਹੁੰਦੇਪ੍ਰੰਤੂ 5-10 ਏਕੜ ਅਤੇ ਇਸ ਤੋਂ ਵੀ ਘੱਟ ਭੂਮੀ ਵਾਲੇ ਕਿਸਾਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਅਤੇ ਜ਼ਿਆਦਾ ਪ੍ਰਭਾਵਤ ਵੀ ਓਹੀ ਹੁੰਦੇ ਹਨਉਨ੍ਹਾਂ ਨੂੰ ਉਪਜ ਨਾਲੋ ਨਾਲ ਵੇਚਣੀ ਪੈਂਦੀ ਹੈ ਅਤੇ ਸਟੋਰ ਕਰਕੇ ਰੱਖਣਾ ਉਨ੍ਹਾਂ ਦੇ ਵੱਸ ਦਾ ਰੋਗ ਨਹੀਂ ਹੁੰਦਾ? ਇਹ ਵੱਡਾ ਵਰਗ ਖੁਦ ਉਪਭੋਗਤਾ ਵੀ ਹੁੰਦਾ ਹੈ। ਇੱਕ ਵਾਰ ਵੇਚ ਕੇ ਫਿਰ ਉਨ੍ਹਾਂ ਨੂੰ ਖ੍ਰੀਦ ਵੀ ਕਰਨੀ ਪੈਂਦੀ ਹੈਉਂਜ ‘ਅੰਨਦਾਤੇ’ ਦਾ ਵੱਡਾ ਵਿਸ਼ੇਸ਼ਣ ਦੇ ਕੇ ਪਹਿਲਾਂ ਤਾਂ ਕਿਸਾਨ ਨੂੰ ਬਹੁਤ ਵੱਡਾ ਰੁਤਬਾ ਦੇ ਦਿੱਤਾ ਗਿਆ ਹੈਫਿਰ ਜਦੋਂ ਇਹ ਅੰਨ ਦਾਤਾ ਵੱਡੇ ਵੱਡੇ ਕਰਜ਼ੇ ਲੈ ਲੈਂਦਾ ਹੈ ਅਤੇ ਉਨ੍ਹਾਂ ਦੀ ਸਹੀ ਵਰਤੋਂ ਨਹੀਂ ਕਰਦਾ ਤਾਂ ਕਰਜ਼ਾਈ ਹੋ ਜਾਂਦਾ ਹੈਗਲਤ ਭਾਵਨਾਵਾਂ ਦਾ ਸ਼ਿਕਾਰ ਹੋ ਕੇ ਫਿਰ ਉਹ ਮੁਸੀਬਤਾਂ ਤੋਂ ਸੁਰਖਰੂ ਹੋਣ ਲਈ ਖੁਦਕੁਸ਼ੀਆਂ ਦਾ ਸਹਾਰਾ ਲੈਣ ਲੱਗ ਪੈਂਦਾ ਹੈਇਹੀ ਕਾਰਨ ਹੈ ਕਿ ਖੁਦਕੁਸ਼ੀਆਂ ਅੱਜਕਲ੍ਹ ਕਿਸਾਨੀ ਲਈ ਬਹੁਤ ਵੱਡਾ ਸੰਤਾਪ ਬਣ ਗਈਆਂ ਹਨ ਤੇ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ? ਗੁਰਬਾਣੀ ਤਾਂ ਕਹਿੰਦੀ ਹੈ, ‘‘ਦੱਦਾ ਦਾਤਾ ਏਕ ਹੈ ਸਭ ਨੂੰ ਦੇਵਣ ਹਾਰ।” ਉਹ ਅਕਾਲ ਪੁਰਖ ਸਭ ਨੂੰ ਦਿੰਦਾ ਹੈ ਅਤੇ ਦੇ ਕੇ ਪਛਤਾਉਂਦਾ ਵੀ ਨਹੀਂਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨ ਦਾ ਕਿੱਤਾ ਬਹੁਤ ਮੁਸ਼ਕਲ ਹੈ ਅਤੇ ਅਨਿਸ਼ਚਿਤਤਾ ਅਤੇ ਔਕੜਾਂ ਨਾਲ ਭਰਿਆ ਪਿਆ ਹੈ ਪਰ ਉਹਨੂੰ ਅੰਨਦਾਤਾ ਕਹਿ ਕੇ, ਉੁਹ ਨੂੰ ਰੱਬ ਦਾ ਸ਼ਰੀਕ ਬਣਾਉਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਦਾਤਾ ਤਾਂ ਇੱਕ ਹੀ ਹੈ ਅਤੇ ਉਹ ਖੁਦਕੁਸ਼ੀ ਨਹੀਂ ਕਰਦਾ

ਲੋਕਤੰਤਰ ਵਿਚ ਆਪਣੇ ਵਿਚਾਰ ਅਤੇ ਪੱਖ ਪੇਸ਼ ਕਰਨ ਦੀ ਹਰੇਕ ਨੂੰ ਖੁੱਲ੍ਹ ਹੁੰਦੀ ਹੈਕਿਸਾਨ ਵੀ ਆਪਣਾ ਪੱਖ ਪੇਸ਼ ਕਰਨ ਲਈ ਸੁਤੰਤਰ ਹਨਪਰ ਮੇਰੀ ਜਾਚੇ ਜਿਹੜਾ ਸੰਘਰਸ਼ ਦਾ ਰਸਤਾ ਕਿਸਾਨ ਜਥੇਬੰਦੀਆਂ ਨੇ ਅਪਣਾਇਆ ਹੈ, ਉਹ ਠੀਕ ਨਹੀਂ ਹੈਭਾਵੇਂ ਕਿਸਾਨ ਇਸ ਨੂੰ ਆਪਣੀ ਮੁਸ਼ਕਲ ਨੂੰ ਪ੍ਰਦਰਸ਼ਤ ਕਰਨ ਦਾ ਤਰੀਕਾ ਹੀ ਕਰਾਰ ਦੇ ਰਹੇ ਹਨ ਪ੍ਰੰਤੂ ਇਸ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵਿਚ ਟਕਰਾਅ ਪੈਦਾ ਹੋਇਆਕ ਤਾਂ ਦੁੱਧ ਵੇਚਣ ਵਾਲਿਆਂ ਦਾ ਨੁਕਸਾਨ, ਦੂਜਾ ਦੁੱਧ ਦੀ ਬੇਅਦਬੀ, ਤੀਜਾ ਜਦੋਂ ਸ਼ਹਿਰੀ ਲੋਕਾਂ ਨੂੰ ਦੁੱਧ ਤੇ ਸਬਜ਼ੀਆਂ ਨਹੀਂ ਮਿਲੀਆਂ ਜਾਂ ਮਹਿੰਗੀਆਂ ਮਿਲੀਆਂ, ਫਿਰ ਕੀ ਉਹ ਕਿਸਾਨਾਂ ਦੇ ਹੱਕ ਵਿਚ ਬੋਲਣਗੇ? ਇੰਜ ਪਿੰਡਾਂ ਵਾਲੇ ਕਿਸਾਨਾਂ ਨਾਲ ਸ਼ਹਿਰੀ ਲੋਕਾਂ ਦੇ ਮਨ ਵਿਚ ਈਰਖਾ ਪੈਦਾ ਹੋ ਜਾਵੇਗੀਸਰਕਾਰਾਂ ਦੀ ਤਾਂ ਪਹਿਲਾਂ ਹੀ ਖਾਹਿਸ਼ ਹੁੰਦੀ ਹੈ ਕਿ ਲੋਕ ਆਪੋ ਵਿਚ ਹੀ ਲੜਦੇ ਰਹਿਣ, ਵੰਡੇ ਰਹਿਣ ਅਤੇ ਸਰਕਾਰ ਕੋਲੋਂ ਮੰਗ ਕਰਨ ਲਈ ਇਕੱਠੇ ਨਾ ਹੋਣਭਾਈਚਾਰਕ ਏਕਤਾ ਤਾਂ ਸਮੇਂ ਦੀ ਮੁੱਖ ਲੋੜ ਹੈਇਸ ਲਈ ਸ਼ਹਿਰੀ ਉਪਭੋਗਤਾਵਾਂ ਦੀਆਂ ਲੋੜਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ

ਮਨੁੱਖਤਾ ਦੇ ਭਲੇ ਲਈ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਚਾਹੀਦਾ ਹੈ ਕਿ ਸਬਜ਼ੀਆਂ ਦੀ ਪੈਦਾਵਾਰ ਲਈ ਕੇਵਲ ਉਹੀ ਦਵਾਈਆਂ ਵਰਤਣ ਜਿਨ੍ਹਾਂ ਦਾ ਮਨੁੱਖਤਾ ਦੀ ਸਿਹਤ ਲਈ ਕੋਈ ਨੁਕਸਾਨ ਨਾ ਹੋਵੇਅੱਜਕਲ੍ਹ ਵੇਖਣ ਸੁਣਨ ਵਿਚ ਆਉਦਾ ਹੈ ਕਿ ਕਿਸਾਨ ਆਪਣੇ ਖਾਣ ਲਈ ਵੱਖਰੀਆਂ ਸਬਜ਼ੀਆਂ ਬੀਜਦੇ ਹਨ, ਜਿੱਥੇ ਦਵਾਈਆਂ ਦੀ ਬਿਲਕੁਲ ਵਰਤੋਂ ਨਹੀਂ ਹੁੰਦੀ ਪ੍ਰੰਤੂ ਮੰਡੀ ਵਿਚ ਵੇਚਣ ਵਾਲੀਆਂ ਸਬਜ਼ੀਆਂ ਦੀ ਚਮਕ ਅਤੇ ਝਾੜ ਵਿਚ ਵਾਧੇ ਲਈ ਖੂਬ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਹੁੰਦੀ ਹੈਇਹ ਵਿਤਕਰਾ ਮਨੁੱਖਤਾ ਲਈ ਹਾਨੀਕਾਰਕ ਵੀ ਹੈ ਅਤੇ ਦਾਤੇ ਨੂੰ ਸ਼ੋਭਾ ਨਹੀਂ ਦਿੰਦਾਇਸੇ ਤਰ੍ਹਾਂ ਦੁੱਧ ਵਿਚ ਯੂਰੀਆ, ਈਜੀ ਤੇ ਪਤਾ ਨਹੀਂ ਹੋਰ ਕੀ ਕੀ ਸਵਾਹ ਖੇਹ ਪਾ ਕੇ ਮਨੁੱਖਤਾ ਨਾਲ ਖਿਲਵਾੜ ਕੀਤਾ ਜਾਂਦਾ ਹੈਕਰੀਮ ਕਢਵਾ ਕੇ ਸਪਰੇਟਾ ਦੁੱਧ ਮਿਲਾ ਕੇ ਗੋਕੇ ਦੁੱਧ ਦੇ ਲੇਬਲ ਥੱਲੇ ਵੇਚਿਆ ਜਾਂਦਾ ਹੈਮੇਲਿਆਂ ਤੇ ਤਿਓਹਾਰਾਂ ’ਤੇ ਡੁਪਲੀਕੇਟ ਮਠਿਆਈਆਂ ਵੀ ਇਸੇ ਕੜੀ ਦਾ ਹਿੱਸਾ ਹਨਮਨੁੱਖ ਦਾ ਕਿਰਦਾਰ ਬਹੁਤ ਉੱਤਮ ਅਤੇ ਸਾਊ ਹੈਗੁਰਬਾਣੀ ਇਸ ਨੂੰ ਪ੍ਰੇਮ ਤੇ ਪਿਆਰ ਦਾ ਪ੍ਰਤੀਕ ਮੰਨ ਕੇ,ਜਿਨਿ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।” ਦਾ ਸੰਕੇਤ ਦਿੰਦੀ ਹੈਫਿਰ ਰੁਪਏ ਪੈਸੇ ਦੇ ਲਾਲਚ ਵਿਚ ਸਵਾਰਥੀ ਹੋ ਜਾਣਾ ਤੇ ਮਾਨਵਤਾ ਨੂੰ ਭੁੱਲ ਜਾਣਾ ਕੋਈ ਸਿਆਣਪ ਨਹੀਂ ਕਹੀ ਜਾ ਸਕਦੀ।

*****

(1185)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author