MohanSharma7ਜਦੋਂ ਦੂਜਾ ਕੰਬਲ ਉਹਦੇ ਉੱਪਰ ਪਾਉਣ ਲੱਗੇ ਤਾਂ ਉਹ ਜਾਗ ਪਿਆ ...”
(5 ਜੂਨ 2018)

 

ਇੱਕ ਭਿਖਾਰੀ ਉਹ ਹੁੰਦੇ ਹਨ ਜੋ ਆਪਣੀ ਬੇਵਸੀ ਦਾ ਵਾਸਤਾ ਪਾ ਕੇ ਲੋਕਾਂ ਅੱਗੇ ਹੱਥ ਟੱਡਦੇ ਹਨ। ਪਾਪੀ ਪੇਟ ਦਾ ਤਰਲਾ ਪਾ ਕੇ ਬਜ਼ਾਰਾਂ ਵਿੱਚ, ਬੱਸ ਅੱਡਿਆਂ ਤੇ, ਰੇਲਵੇ ਸਟੇਸ਼ਨਾਂ ਤੇ ਅਤੇ ਹੋਰ ਪਬਲਿਕ ਥਾਵਾਂ ਦੇ ਨਾਲ-ਨਾਲ ਘਰੋਂ ਘਰੀ ਜਾ ਕੇ ਡਾਢੇ ਹੀ ਤਰਲੇ ਨਾਲ ਅਰਜ਼ੋਈ ਕਰਕੇ ਨਕਦੀ ਜਾਂ ਆਟਾ ਲੈ ਕੇ ਆਸ਼ਰਿਤ ਪਰਿਵਾਰ ਦੀ ਪੇਟ ਪੂਰਤੀ ਕਰਦੇ ਹਨ। ਜਿਨਾਂ ਜ਼ਿਆਦਾ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਤਰਸ ਦਾ ਪਾਤਰ ਬਣਦੇ ਹਨ ਅਤੇ ਆਪਣੀ ਨਿਘਰਦੀ ਹਾਲਤ ਦਾ ਅੱਥਰੂਆਂ ਭਿੱਜੀ ਆਵਾਜ਼ ਵਿੱਚ ਪ੍ਰਗਟਾਵਾ ਕਰਦੇ ਹਨ, ਉਨ੍ਹਾਂ ਜ਼ਿਆਦਾ ਹੀ ਉਹ ਲੋਕਾਂ ਤੋਂ ਦਾਨ ਦੇ ਰੂਪ ਵਿੱਚ ਪੈਸੇ ਜਾਂ ਹੋਰ ਸਾਮਗਰੀ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ। ਦੂਜੀ ਤਰ੍ਹਾਂ ਦੇ ਭਿਖਾਰੀ ਦਫ਼ਤਰਾਂ ਜਾਂ ਆਲੀਸ਼ਾਨ ਕੋਠੀਆਂ ਵਿੱਚ ਦੇਖੇ ਜਾ ਸਕਦੇ ਹਨ। ਬਹੁਤ ਸਾਰੇ ਦਫ਼ਤਰੀ ਬਾਬੂ ਤਾਂ “ਬਹੁਤ ਔਖਾ ਕੰਮ ਹੈ। ਇਹ ਨਹੀਂ ਹੋਣਾ। ਸਾਹਿਬ ਨੇ ਨਹੀਂ ਮੰਨਣਾ” ਦੇ ਸਬਦਾਂ ਨਾਲ ਇੱਕ ਵਾਰ ਕੰਮ ਕਰਵਾਉਣ ਵਾਲੇ ਨੂੰ ਪੈਰੋਂ ਉਖਾੜ ਕੇ ਉਹਦੇ ਚਿਹਰੇ ਦੇ ਹਾਵ-ਭਾਵ ਵੇਖਦੇੇ ਹਨ ਅਤੇ ਫਿਰ ‘ਚਾਹ ਪਾਣੀ’ ਦੇ ਨਾਂ ’ਤੇ ਤਕੜੀ ਰਕਮ ਦੀ ਮੰਗ ਕਰਦੇ ਹਨ। ਦਫ਼ਤਰੀ ਮਾਹੌਲ ਵਿੱਚ ਹੀ ਸੌਦੇਬਾਜ਼ੀ ਤੈਅ ਹੋ ਜਾਂਦੀ ਹੈ। ਪ੍ਰਾਪਤ ਨੋਟਾਂ ਨੂੰ ਜੇਬ ਵਿੱਚ ਸੰਭਾਲਦਿਆਂ ਕੁਝ ਦਿਨਾਂ ਬਾਅਦ ਗੇੜਾ ਮਾਰਨ ਲਈ ਕਹਿ ਦਿੱਤਾ ਜਾਂਦਾ ਹੈ। ਵੱਡੇ ਵਿਉਪਾਰੀ ਜਾਂ ਦਲਾਲ ਵੱਡੇ ਕੰਮ ਕਰਵਾਉਣ ਲਈ ਅਫ਼ਸਰਾਂ ਅਤੇ ਸਿਆਸਤਦਾਨਾਂ ਦੀਆਂ ਕੋਠੀਆਂ ਦੇ ਚੱਕਰ ਕੱਟਦੇ ਹਨ ਅਤੇ ਇੱਕ ਦੋਂਹ ਗੇੜ੍ਹਿਆਂ ਬਾਅਦ ਕੰਮ ਕਰਵਾਉਣ ਬਦਲੇ ਮੋਟੀ ਰਕਮ ਦੀ ਅਦਾਇਗੀ ਦਾ ‘ਸੌਦਾ’ ਤੈਅ ਹੋ ਜਾਂਦਾ ਹੈ। ਆਧੁਨਿਕ ਸਮਾਜ ਵਿੱਚ ਅਜਿਹੇ ਆਧੁਨਿਕ ਮੰਗਤਿਆਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ।

ਪਰ ਇੱਕ ਰਿਕਸ਼ੇ ਵਾਲੀ ਦੀ ਸ਼ਹਿਨਸ਼ਾਹੀ, ਦੂਜਿਆਂ ਪ੍ਰਤੀ ਸਮਰਪਿਤ ਭਾਵਨਾ, ਤਿਆਗ ਅਤੇ ਨੇਕ ਨੀਤੀ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀ ਹੈ। ਸਾਡੇ ਦਸ ਕੁ ਦੋਸਤਾਂ ਦੇ ਕਾਫ਼ਲੇ ਵੱਲੋਂ ਪਿਛਲੇ 8 ਸਾਲਾਂ ਤੋਂ 31 ਦਸੰਬਰ ਦੀ ਰਾਤ ਨੂੰ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਪਰਿਵਾਰਾਂ, ਫੁੱਟ-ਪਾਠਾਂ ’ਤੇ ਬੇਘਰ ਪਏ ਮਰਦ-ਔਰਤਾਂ ਅਤੇ ਸੁੱਤੇ ਪਏ ਰਿਕਸ਼ੇ ਵਾਲਿਆਂ ਉੱਪਰ ਕੰਬਲ ਪਾ ਕੇ ਨਵਾਂ ਸਾਲ ਮਨਾਇਆ ਜਾਂਦਾ ਹੈ। ਪਹਿਲਾਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿ ਰਹੇ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰ ਲਈ ਜਾਂਦੀ ਹੈ ਅਤੇ ਫਿਰ ਰਾਤ ਦੇ 10 ਕੁ ਵਜੇ ਚੰਗਾ ਕੰਮ ਕਰਨ ਦੇ ਜਜ਼ਬੇ ਨਾਲ ਲਬਰੇਜ਼ ਹੋ ਕੇ ਕਾਫ਼ਲਾ ਗੱਡੀਆਂ ਵਿੱਚ ਕੰਬਲ, ਜੁਰਾਬਾਂ ਤੇ ਹੋਰ ਕੱਪੜੇ ਲੱਦਕੇ ਤੁਰ ਪੈਂਦਾ ਹੈ। ਰਾਤ ਦੇ 12 ਵਜੇ ਤੋਂ ਬਾਅਦ ਕਾਫ਼ਲਾ ਇੱਕ ਥਾਂ ਰੁਕਦਾ ਹੈ, `ਨਵਾਂ ਸਾਲ ਮੁਬਾਰਕ` ਦੀਆਂ ਇੱਕ ਦੂਜੇ ਨੂੰ ਸ਼ੁਭ ਕਾਮਨਾਵਾਂ ਦੇਣ ਉਪਰੰਤ ਫਿਰ ਅਗਾਂਹ ਤੁਰ ਪੈਂਦਾ ਹੈ। ਹੁਣ ਕੁੱਲੀਆਂ ਝੋਂਪੜੀਆਂ ਵਾਲਿਆਂ ਨੂੰ ਵੀ ਸਾਡੀ ਪਹਿਚਾਣ `ਕੰਬਲਾ ਵਾਲੇ ਭਾਈ` ਦੇ ਤੌਰ ’ਤੇ ਹੋ ਗਈ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਸਾਡੀ ਊਡੀਕ ਵੀ ਕਰ ਰਹੇ ਹੁੰਦੇ ਹਨ। ਪਿਛਲੀ 31 ਦਸੰਬਰ ਦੀ ਰਾਤ ਨੂੰ ਇੰਝ ਹੀ ਕਾਫ਼ਲਾ ਇੱਕ ਥਾਂ ਰੁਕਿਆ। ਰਿਕਸ਼ੇ ’ਤੇ ਇੱਕ ਵਿਅਕਤੀ ਠੰਢ ਵਿੱਚ ਲੱਤਾਂ ਇੱਕਠੀਆਂ ਕਰਕੇ ਸੁੱਤਾ ਪਿਆ ਸੀ। ਇੱਕ ਫਟੀ ਪੁਰਾਣੀ ਰਜਾਈ ਵਿੱਚ ਉਸ ਨੇ ਆਪਣਾ ਆਪ ਲਪੇਟਿਆ ਹੋਇਆ ਸੀ। ਗੱਡੀ ਵਿੱਚੋਂ ਇੱਕ ਕੰਬਲ ਕੱਡ ਕੇ ਉਸ ਦੇ ਉੱਪਰ ਪਾ ਦਿੱਤਾ ਗਿਆ, ਪਰ ਮਹਿਸੂਸ ਹੋਇਆ ਕਿ ਇੱਕ ਕੰਬਲ ਅਤੇ ਉਸ ਦੀ ਫਟੀ ਜਿਹੀ ਰਜਾਈ ਠੰਢ ਨੂੰ ਰੋਕ ਨਹੀਂ ਸਕੇਗੀ। ਜਦੋਂ ਦੂਜਾ ਕੰਬਲ ਉਹਦੇ ਉੱਪਰ ਪਾਉਣ ਲੱਗੇ ਤਾਂ ਉਹ ਜਾਗ ਪਿਆ। ਉਹਨੇ ਬੜੀ ਨਿਮਰਤਾ ਨਾਲ ਕਿਹਾ, ਤੁਸੀਂ ਜਿਉਂਦੇ ਵਸਦੇ ਰਹੋ। ਇੱਕ ਕੰਬਲ ਮੇਰੇ ਕੋਲ ਪਿਛਲੇ ਸਾਲ ਦਾ ਪਿਐ, ਮੈਂ ਉਹ ਉੱਪਰ ਲੈ ਲਵਾਂਗਾਇਹ ਕੰਬਲ ਤੁਸੀਂ ਔਹ ਸਾਹਮਣੇ ਪਏ ਮਜ਼ਦੂਰ ਨੂੰ ਦੇ ਦਿਓਮੇਰੇ ਨਾਲੋਂ ਜ਼ਿਆਦਾ ਲੋੜਵੰਦ ਹੈ ਉਹ!” ਉਹਦੇ ਇਹ ਬੋਲ ਮੈਨੂੰ ਧੁਰ ਅੰਦਰ ਤੱਕ ਹਿਲਾ ਗਏ। ਅੱਜ-ਕੱਲ ਤਾਂ ਭਰਾ, ਭਰਾ ਦੀ ਜ਼ਮੀਨ ਹੜੱਪ ਰਿਹਾ ਹੈ। ਦੂਜੇ ਦੇ ਹੱਕਾਂ ਤੇ ਛਾਪਾ ਮਾਰਨਾ ਆਮ ਜਿਹਾ ਵਰਤਾਰਾ ਹੋ ਗਿਆ ਹੈ। ਪਦਾਰਥਕ ਦੌੜ ਨੇ ਰਿਸ਼ਤਿਆਂ ਦਾ ਰੰਗ ਵੀ ਫਿੱਕਾ ਕਰ ਦਿੱਤਾ ਹੈ। ਪਰ ਇਹ ਸ਼ਖ਼ਸ ਅਜਿਹੀ ਹਾਲਤ ਵਿੱਚ ਵੀ ਆਪਣਾ ਹਿੱਸਾ ਕਿਸੇ ਹੋਰ ਨੂੰ ਦੇਣ ਦੀ ਗੱਲ ਕਰ ਰਿਹਾ ਹੈ। ਉਹਦੇ ਵੱਲ ਸਤਿਕਾਰ ਨਾਲ ਵਿਹੰਦਿਆਂ ਮੈਂ ਸੋਚ ਰਿਹਾ ਸੀ, “ਠੀਕ ਹੈ, ਮਲਿਕ ਭਾਗੋ ਦੇ ਵਾਰਸਾਂ ਦੀ ਗਿਣਤੀ ਵਧ ਰਹੀ ਹੈ। ਪਰ ਭਾਈ ਲਾਲੋ ਦੇ ਵਾਰਸ ਵੀ ਹਨੇਰੇ ਵਿੱਚ ਜੁਗਨੂੰ ਦਾ ਕੰਮ ਕਰ ਰਹੇ ਹਨ।” ਉਸ ਵਿਅਕਤੀ ਵੱਲ ਮੇਰੇ ਹੱਥ ਬਦੋਬਦੀ ਜੁੜ ਗਏ।

ਕਾਫ਼ਲਾ ਹਨੇਰੇ ਨੂੰ ਚੀਰਦਾ ਹੋਇਆ ਕੁੱਲੀਆਂ ਵੱਲ ਵਧ ਰਿਹਾ ਸੀ।

*****

(1179)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author