GurmitShugli7ਬਿਜਲੀਪਾਣੀਸੜਕਾਂਨਜਾਇਜ਼ ਕਬਜ਼ਿਆਂ ਵਰਗੇ ਮੁੱਦਿਆਂ ਦਾ ਕੋਈ ਜ਼ਿਕਰ ...
(29 ਮਈ 2018)

 

ਭਾਰਤੀ ਲੀਡਰਾਂ ਦੇ ਬਿਆਨ ਪੜ੍ਹ-ਸੁਣ ਕੇ ਇੰਜ ਜਾਪਦਾ ਹੈ, ਜਿਵੇਂ ਇਹ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਬੰਦ ਹੋਣ ਕਰਕੇ ਹਸਾਉਣ ਦੀ ਜ਼ਿੰਮੇਵਾਰੀ ਸੰਭਾਲ ਬੈਠੇ ਹੋਣ। ਮੁੱਦੇ ਕੁਝ ਹਨ, ਬੋਲਦੇ ਇਹ ਕੁਝ ਹਨ। ਲੋਕ ਤ੍ਰਾਹ-ਤ੍ਰਾਹ ਇਸ ਕਰਕੇ ਕਰਦੇ ਹਨ ਕਿ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰੋ, ਪਰ ਇਹ ਕਹਿੰਦੇ ਹਨ ਕਿ ਰਾਮ ਮੰਦਰ ਬਣੇਗਾ ਹੀ ਬਣੇਗਾ ਤੇ ਉਹ ਵੀ ਆਪਣੀ ਜਗ੍ਹਾ ’ਤੇ ਬਣੇਗਾ। ਇਨ੍ਹਾਂ ਦੀ ਉਹ ਹਾਲਤ ਹੈ ਕਿ ਇੱਕ ਬੋਲੀ ਔਰਤ ਨੂੰ ਤ੍ਰਿੰਞਣ ਵਿਚ ਬੈਠੀਆਂ ਔਰਤਾਂ ਨੇ ਕਿਹਾ, “ਚਾਚੀ ਜੀ, ਬਾਲ-ਬੱਚੇ ਦਾ ਕੀ ਹਾਲ ਐ?

ਅੱਗੋਂ ਉਹ ਕਹਿੰਦੀ, ਕੋਈ ਗੱਲ ਨਹੀਂ, ਰਲ ਮਿਲ ਭੁੰਨ-ਭੁੰਨ ਖਾਵਾਂਗੇ।”

ਮੋਦੀ ਸਾਹਿਬ ਖ਼ੁਦ ਤੇ ਉਨ੍ਹਾਂ ਦੇ ਮੰਤਰੀਆਂ ਦੇ ਪਿਛਲੇ ਪੰਜ-ਚਾਰ ਮਹੀਨਿਆਂ ਦੇ ਬਿਆਨ ਪੜ੍ਹ ਕੇ ਦੇਖ ਲਵੋ। ਲੋਕ ਕੁਝ ਹੋਰ ਕਹਿੰਦੇ ਨੇ, ਪਰ ਉਹ ਕੁਝ ਹੋਰ ਆਖਦੇ ਹਨ। ਲੋਕ ਕਹਿੰਦੇ, “ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਕਿਵੇਂ ਬੁਝੇਗੀ, ਕਿਵੇਂ ਰੁਕੇਗੀ?

ਇਹ ਕਹਿੰਦੇ, ਧਰਤੀ ਦੀ ਤਪਸ਼ ਦਾ ਵੱਡਾ ਕਾਰਨ ਸੂਰਜ ਦੇਵਤੇ ਦੀ ਨਰਾਜ਼ਗੀ ਹੈ। ਸੋਲਰ ਸਿਸਟਮ ਸੂਰਜ ਦੀ ਊਰਜਾ ਖਿੱਚ ਰਿਹਾ, ਇਸੇ ਕਰਕੇ ਦੇਵਤਾ ਨਰਾਜ਼ ਹੈ ਤੇ ਅੱਗ ਵਰ੍ਹਾ ਰਿਹਾ ਹੈ।”

ਲੋਕ ਕਹਿੰਦੇ ਹਨ, “ਸਾਲ ਵਿਚ ਮੋਦੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਦੋ ਕਰੋੜ ਨੌਕਰੀਆਂ ਕਿੱਥੇ ਹਨ? ਉਨ੍ਹਾਂ ਦਾ ਕੀ ਬਣਿਆ? ਮਿਲਣਗੀਆਂ ਵੀ ਕਿ ਨਹੀਂ?

ਇਹ ਕਹਿੰਦੇ ਗੁਜਰਾਤ ਵਿਚ ਮੀਂਹ ਦੀ ਬਹੁਤ ਲੋੜ ਹੈ। ਸਾਰੇ ਜ਼ਿਲ੍ਹਿਆਂ ਵਿਚ ਸਰਕਾਰ ਯੱਗ ਕਰਾ ਰਹੀ ਹੈ ਤਾਂ ਜੁ ਇੰਦਰ ਦੇਵਤਾ ਖ਼ੁਸ਼ ਹੋ ਜਾਵੇ ਤੇ ਮੀਂਹ ਪੈਣ ਲੱਗੇ।”

ਵਿਚਾਰੇ ਲੋਕ! ਜਾਣ ਤਾਂ ਜਾਣ ਕਿੱਧਰ, ਕਹਿਣ ਤਾਂ ਕੀ ਕਹਿਣ?

ਲੋਕ ਆਖਦੇ ਨੇ, “ਮਹਿੰਗਾਈ ਦਾ ਕੀ ਬਣਿਆ। ਤੁਸੀਂ ਤਾਂ ਕਾਂਗਰਸ ਤੋਂ ਛੁਟਕਾਰਾ ਮਿਲਣ ’ਤੇ ਗ਼ਰੀਬੀ ਤੋਂ ਵੀ ਛੁਟਕਾਰਾ ਮਿਲਣ ਬਾਰੇ ਕਿਹਾ ਸੀ, ਪਰ ਹੁਣ ਕੀ ਹੋਇਆ?

ਇਹ ਕਹਿੰਦੇ ਹਨ, ਰਾਮ ਮੰਦਰ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਦੇਸ਼ ਵਿਚ ਧਰਮ ਨਿਰਪੱਖਤਾ ਦਾ ਵੱਡਾ ਸਬੂਤ ਹੋਵੇਗਾ ਰਾਮ ਮੰਦਰ ਦਾ ਨਿਰਮਾਣ।”

ਹੋਰ ਛੱਡੋ, ਬੀ ਜੇ ਪੀ ਦੇ ਇੱਕ ਨੇਤਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਮੇਰੀ ਰੈਲੀ ਛੱਡ ਕੇ ਦੂਜਿਆਂ ਦੀ ਰੈਲੀ ਵਿਚ ਜਾਊ, ਮੇਰਾ ਉਸ ਨੂੰ ਸਰਾਪ ਲੱਗੂ। ਉਹਨੂੰ ਪੀਲੀਆ ਹੋ ਜਾਊ ਤੇ ਠੀਕ ਉਹ ਉਦੋਂ ਹੀ ਹੋਊ, ਜਦੋਂ ਮੈਂ ਸਰਾਪ ਵਾਪਸ ਲਊਂ।”

ਇਹ ਉਹ ਮਨੋਰੰਜਕ ਨੇਤਾ ਹਨ, ਜਿਨ੍ਹਾਂ ਨੂੰ ਲੋਕਾਂ ਨੇ ਦੇਸ਼ ਹਿੱਤ ਵਿਚ ਵੋਟਾਂ ਪਾਈਆਂ ਹਨ। ਕੋਈ ਕਿਸੇ ਨੂੰ ਕੁੱਤਾ ਕਹੀ ਜਾਂਦਾ, ਕੋਈ ਬਾਂਦਰ, ਕੋਈ ਗਧਾ, ਪਰ ਦੇਸ਼ ਦੇ ਲੋਕਾਂ ਦੇ ਮਸਲੇ ਕੀ ਹਨ, ਉਹ ਕੀ ਮੰਗ ਕਰਦੇ ਹਨ, ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ।”

ਇਹੀ ਹਾਲਾਤ ਪੰਜਾਬ ਦੇ ਹਨ। ਦਰਿਆਵਾਂ ਵਿਚ ਫੈਕਟਰੀਆਂ ਦਾ ਗੰਦਾ ਪਾਣੀ ਮਿਲ ਰਿਹਾ ਤੇ ਨੇਤਾ ਸ਼ਾਹਕੋਟ ਵਿਚ ਜਾ ਕੇ ਕਹਿ ਰਹੇ ਹਨ ਕਿ ਪਰਮਿੰਦਰ ਸਿੰਘ ਬਾਜਵਾ ਬੇਗਾਨੇ ਹੱਥਾਂ ਵਿਚ ਖੇਡਦਾ ਰਿਹਾ। ਸਵਾਲ ਇਹ ਉੱਠਦਾ ਹੈ ਕਿ ਲੱਖਾਂ ਮੱਛੀਆਂ ਦਾ ਕਾਤਲ ਕੌਣ ਹੈ? ਇਹ ਸਭ ਸਿੱਧਾ ਚੱਢਾ ਸ਼ੂਗਰ ਮਿੱਲ ਦਾ ਨਾਂਅ ਲੈਣ ਦੀ ਥਾਂ ਆਖਦੇ ਹਨ,ਪਿਛਲੀ ਸਰਕਾਰ ਮੌਕੇ ਵੀ ਦਰਿਆਵਾਂ ਨੂੰ ਗੰਦਾ ਅਤੇ ਪਲੀਤ ਕੀਤਾ ਗਿਆ।”

ਪੰਜਾਬ ਦੇ ਲੋਕਾਂ ਦਾ ਜਿੰਨਾ ਮਨੋਰੰਜਨ ਸ਼ਾਹਕੋਟ ਦੀ ਉਪ ਚੋਣ ਨੇ ਕੀਤਾ, ਉੰਨਾ ਕਈ ਮਹੀਨਿਆਂ ਤੋਂ ਨਹੀਂ ਸੀ ਹੋ ਰਿਹਾ। ਨਵਜੋਤ ਸਿੰਘ ਸਿੱਧੂ ਨੇ ਪ੍ਰਚਾਰ ਮੌਕੇ ਐਸਾ ਰੰਗ ਬੰਨ੍ਹਿਆ ਕਿ ਲੋਕਾਂ ਵੀਡੀਓ ਪਾ ਪਾ ਯੂ ਟਿਊਬ ਹੀ ਭਰ ਦਿੱਤੀ। ਸਿੱਧੂ ਨੂੰ ਇਹ ਜਾਪਦਾ ਹੈ ਕਿ ਮਜੀਠੀਆ ਖ਼ਿਲਾਫ਼ ਕਾਰਵਾਈ ਕਰਨ ਨਾਲ ਸੂਬੇ ਦੇ ਸਾਰੇ ਮਸਲੇ ਆਪੇ ਹੱਲ ਹੋ ਜਾਣੇ ਹਨ। ਤਾਹੀਂਓਂ ਤਾਂ ਉਹ ਸ਼ਾਹਕੋਟ ਵਿਚ ਕਹਿ ਕੇ ਗਏ ਕਿ ਮੇਰੀ ਵਹੁਟੀ ਕਹਿੰਦੀ, “ਇਸ ਸਦੀ ਦਾ ਸਭ ਤੋਂ ਵੱਡਾ ਗੱਪੀ ਹੈ ਸੁੱਖਾ। ਉਹਦਾ ਸਾਲਾ ਲੰਬੂ। ਉਹਦੀ ਭੈਣ ਪਖੰਡੀ। ਹੁਣ ਚੋਣਾਂ ਸਿਰ ’ਤੇ ਆਣ ਖੜ੍ਹੀਆਂ 2019 ਵਾਲੀਆਂ ਤਾਂ ਜੀ ਐੱਸ ਟੀ ਦਾ ਡਰਾਮਾ ਕਰਨ ਲੱਗ ਪਈ, ਪਹਿਲਾਂ ਕਿੱਥੇ ਗਈ ਸੀ?

ਅਗਲੇ ਦਿਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ, “ਇਸ ਧਰਤੀ ਦਾ ਪਹਿਲਾ ਵਜ਼ੀਰ ਸਿੱਧੂ ਹੈ, ਜਿਸ ਨੂੰ ਸੁਪਨੇ ਵਿਚ ਵੀ ਮੈਂ ਹੀ ਦਿਸਦਾ ਹਾਂਉਹ ਡਿਪਰੈਸ਼ਨ ਦਾ ਸ਼ਿਕਾਰ ਹੈ। ਮੈਂ ਉਹਦੇ ਵਾਂਗ ਤਾਂ ਨਹੀਂ ਬੋਲਣਾ, ਪਰ ਜਦੋਂ ਮੌਕਾ ਮਿਲਿਆ, ਚੀਕਾਂ ਕਢਾ ਦੇਊਂ ਉਹਦੀਆਂ।” ਤੁਸੀਂ ਆਪ ਹੀ ਅੰਦਾਜ਼ਾ ਲਾਓ ਆਪਣੇ ਲੀਡਰਾਂ ਦੀ ਬੋਲ ਬਾਣੀ ਦਾ।

ਸਿਰ ਤੋਂ ਕੰਮ ਲੈਣ ਵਾਲੇ ਲੋਕ ਸੋਚਦੇ ਹਨ ਕਿ ਇਹ ਨੇਤਾ ਹਨ ਜਾਂ ਕਲਾਕਾਰ, ਜਿਹੜੇ ਸਿਰਫ਼ ਮਨੋਰੰਜਨ ਵਾਲੀਆਂ ਗੱਲਾਂ ਵੱਲ ਖਿਆਲ ਕਰਦੇ ਹਨ। ਕੋਈ ਕਿਸੇ ਨੂੰ ਠੋਕਣ ਬਾਰੇ ਕਹੀ ਜਾਂਦਾ, ਕੋਈ ਚੀਕਾਂ ਕਢਾਉਣ ਬਾਰੇ, ਕੋਈ ਬੰਦੇ ਬਣਾਉਣ ਬਾਰੇ, ਇਹਦੇ ਨਾਲ ਸ਼ਾਹਕੋਟ ਜਾਂ ਪੂਰੇ ਪੰਜਾਬ ਦੇ ਵਿਕਾਸ ਦਾ ਕੀ ਤਾਅਲੁਕ ਹੈ।

ਨੇਤਾ ਲੋਕ ਤਾਂ ਜਮੂਰੇ ਹਨ ਹੀ, ਲੋਕ ਉਨ੍ਹਾਂ ਤੋਂ ਵੱਧ ਹਲਕੇ ਹਨ, ਜਿਹੜੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਤਾੜੀਆਂ, ਚੀਕਾਂ, ਕੂਕਾਂ ਮਾਰਦੇ, ਉੱਠ ਕੇ ਘਰੋ-ਘਰੀ ਤੁਰ ਜਾਂਦੇ ਹਨ।

ਸ਼ਾਹਕੋਟ ਦੇ ਕਿੰਨੇ ਮਸਲੇ ਬਾਕੀ ਹਲਕਿਆਂ ਵਾਂਗ ਉਲਝੇ ਹੋਏ ਹਨ, ਕਿੰਨਾ ਕੁ ਜ਼ਿਕਰ ਉਨ੍ਹਾਂ ਮੁੱਦਿਆਂ ਦਾ ਹੋਇਆ। ਬਿਜਲੀ, ਪਾਣੀ, ਸੜਕਾਂ, ਨਜਾਇਜ਼ ਕਬਜ਼ਿਆਂ ਵਰਗੇ ਮੁੱਦਿਆਂ ਦਾ ਕੋਈ ਜ਼ਿਕਰ ਹੀ ਸੁਣਨ ਨੂੰ ਨਹੀਂ ਮਿਲਿਆ, ਸਗੋਂ ਉਹ ਗੱਲਾਂ ਸੁਣੀਆਂ, ਜੋ ਹੋਣ, ਨਾ ਹੋਣ ਕੋਈ ਫ਼ਰਕ ਨਹੀਂ ਪੈਂਦਾ। ਕੋਈ ਥਾਣੇਦਾਰ ਬਾਜਵੇ ਬਾਰੇ ਤਵੇ ਲਾਉਂਦਾ ਰਿਹਾ ਤੇ ਕੋਈ ਕੈਪਟਨ ਦੇ ਅਰੂਸਾ ਨਾਲ ਮਨਾਲੀ ਜਾਣ ਬਾਰੇ, ਜਿਹਨਾਂ ਦਾ ਲੋਕਾਂ ਦੀਆਂ ਮੰਗਾਂ ਨਾਲ ਉਂਝ ਹੀ ਕੋਈ ਸੰਬੰਧ ਨਹੀਂ। ਕਿੰਨੇ ਕੁ ਲੋਕ ਹਨ ਇਸ ਹਲਕੇ ਦੇ, ਜਿਨ੍ਹਾਂ ਪ੍ਰਚਾਰ ਲਈ ਆਏ ਲੀਡਰਾਂ ਨੂੰ ਆਪਣੀਆਂ ਮੰਗਾਂ, ਲੋੜਾਂ ਬਾਰੇ ਸਵਾਲ ਕੀਤੇ? ਸਿਰਫ਼ ਬਲਬੀਰ ਸਿੰਘ ਸੀਚੇਵਾਲ ਹੁਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਉਹਨੂੰ ਪਾਇਓ, ਜਿਹੜਾ ਪਾਣੀ ਬਚਾਉਣ ਤੇ ਵਾਤਾਵਰਣ ਸੰਭਾਲ ਦਾ ਵਾਅਦਾ ਕਰੇ।

ਪਰ ਇਲਾਕੇ ਦੇ ਬਹੁਤ ਘੱਟ ਲੋਕਾਂ ਨੇ ਅਜਿਹੇ ਸਵਾਲ ਕੀਤੇ ਹੋਣਗੇ, ਜਿਨ੍ਹਾਂ ਦਾ ਸੰਬੰਧ ਪਾਣੀ, ਬਿਜਲੀ, ਵਿੱਦਿਆ, ਨੌਕਰੀਆਂ, ਸੜਕਾਂ, ਹਸਪਤਾਲਾਂ ਨਾਲ ਹੋਵੇ। ਸਭ ਆਪੋ-ਆਪਣੀਆਂ ਪਾਰਟੀਆਂ ਨਾਲ ਬੱਝੇ ਹੋਣ ਕਰਕੇ ਆਪਣੇ ਲੀਡਰਾਂ ਦੇ ਭਾਸ਼ਣਾਂ ਤੋਂ ਬਾਅਦ ਤਾੜੀਆਂ ਮਾਰਦੇ ਹਨ, ਜੈਕਾਰੇ ਛੱਡਦੇ ਹਨ, ਜਿਸ ਨਾਲ ਲੀਡਰ ਖੁਸ਼ ਹੋ ਜਾਂਦੇ ਹਨ। ਕਾਸ਼ ਲੋਕ ਆਪੋ-ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਅਜਿਹੇ ਮੌਕਿਆਂ ’ਤੇ ਆਪਣੀਆਂ ਅਤੇ ਇਲਾਕੇ ਦੀਆਂ ਮੰਗਾਂ ਨੂੰ ਉਨ੍ਹਾਂ ਅੱਗੇ ਉਠਾਉਣ ਤਾਂ ਜੋ ਇਲਾਕੇ ਦੀਆਂ ਜ਼ਰੂਰੀ ਮੰਗਾਂ ਪੂਰੀਆਂ ਹੋ ਸਕਣ। ਜਦੋਂ ਪਾਰਟੀਆਂ ਤੇ ਉਨ੍ਹਾਂ ਦੇ ਲੀਡਰ ਬੇ-ਹਿਸਾਬੇ ਵਾਅਦੇ ਜਨਤਾ ਨਾਲ ਕਰਨ ਤਾਂ ਉਨ੍ਹਾਂ ਤੋਂ ਉਦੋਂ ਹੀ ਪੁੱਛਿਆ ਜਾਵੇ ਕਿ ਇਹ ਵਾਅਦੇ ਪੂਰੇ ਕਰਨ ਲਈ ਪੈਸਾ ਕਿੱਥੋਂ ਅਤੇ ਕਿਵੇਂ ਆਵੇਗਾ?

*****

(1167)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author