GurmitPalahi7ਅਸੀਂ ਸਮਝ ਹੀ ਨਹੀਂ ਰਹੇ ਕਿ ਸਾਡੇ ਕੁਦਰਤੀ ਸੋਮੇ ਕਿੰਨੇ ਕੀਮਤੀ ਹਨਕਿਉਂਕਿ ਸਾਨੂੰ ਤਾਂ ਟੂਟੀ ...
(17 ਮਈ 2018)

 

ਸਾਡੇ ਦੇਸ਼ ਭਾਰਤ ਵਿੱਚ ਜੋ ਸਭ ਤੋਂ ਵਧੀਆ ਅਤੇ ਸੁੰਦਰ ਹੈ, ਉਹ ਨਦੀਆਂ, ਜੰਗਲਾਂ, ਪਹਾੜਾਂ, ਪਸ਼ੂ ਪੰਛੀਆਂ ਅਤੇ ਮਿੱਟੀ ਦੀ ਦੇਣ ਹੈ। ਅਸੀਂ ਕੁਦਰਤ ਦੀ ਅਪਾਰ, ਅਨੋਖੀ ਸੁੰਦਰਤਾ ਦੇ ਵਾਰਿਸ ਹਾਂ। ਇਸੇ ਲਈ ਸਦੀਆਂ ਤੋਂ ਸਾਡੇ ਦੇਸ਼ ਦੀ ਗਿਣਤੀ ਕੁਦਰਤੀ ਸੋਮਿਆਂ ਨਾਲ ਭਰਪੂਰ ਦੇਸ਼ਾਂ ਵਿੱਚ ਹੁੰਦੀ ਰਹੀ ਹੈ। ਪਰੰਤੂ ਪਿਛਲੇ ਦੋ ਸੌ ਸਾਲਾਂ ਤੋਂ ਅੱਧੀ-ਅਧੂਰੀ ਅਤੇ ਦਿਸ਼ਾਹੀਣ ਪੜ੍ਹਾਈ ਪੜ੍ਹ ਰਿਹਾ ਸਾਡਾ ਸਭਨਾਂ ਦਾ ਰਚਿਆ ਸਮਾਜ, ਅੱਜ ਕੁਦਰਤ ਦੇ ਅਹਿਸਾਨਾਂ ਨੂੰ ਭੁੱਲ-ਭੁੱਲਾ ਚੁੱਕਿਆ ਹੈ। ਇਹਨਾਂ ਦੁੱਖਦਾਈ ਹਾਲਤਾਂ ਦਾ ਮੁੱਖ ਕਾਰਨ ਜੰਗਲਾਂ ਦਾ ਭਿਅੰਕਰ ਕਤਲੇਆਮ ਹੈ। ਲਾਵਰਵਾਹੀ ਦਾ ਦੂਜਾ ਕਾਰਨ ਭੂਮੀ-ਸੁਰੱਖਿਆ ਵੱਲ ਅਵੇਸਲਾਪਨ ਵੀ ਹੈ। ਸਰਵ ਸਾਂਝੇ ਪਾਣੀ ਦੇ ਸੋਮਿਆਂ ਦੀ ਦੁਰਵਰਤੋਂ ਇਸ ਸਮੱਸਿਆ ਨੂੰ ਹੋਰ ਵੀ ਜ਼ਿਆਦਾ ਵਧਾ ਰਹੀ ਹੈ। ਟਿਊਬਵੈਲਾਂ, ਸਬਮਰੀਸਵਲ ਪੰਪਾਂ ਦੀ ਵਧੇਰੇ ਵਰਤੋਂ ਨੇ ਧਰਤੀ ਹੇਠ ਪਾਣੀ ਨੂੰ ਵੀ ਨਿੱਜੀ ਮਾਲਕੀ ਹੇਠ ਲੈ ਆਂਦਾ ਹੈ। ਸਾਡੀਆਂ ਨਦੀਆਂ ਅੱਜ ਸ਼ਹਿਰੀ ਅਤੇ ਉਦਯੋਗਿਕ ਕਚਰਾ ਠਿਕਾਣੇ ਲਗਾਉਣ ਦਾ ਸਾਧਨ ਬਣ ਚੁੱਕੀਆਂ ਹਨ।

ਇਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਸਾਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਤਲਾਅ ਅਤੇ ਛੱਪੜ ਪਵਿੱਤਰ ਸਾਂਝੇ ਥਾਂ ਹੋਇਆ ਕਰਦੇ ਸਨ, ਜਿਹਨਾਂ ਨੂੰ ਪੂਰੀ ਤਰ੍ਹਾਂ ਸੰਭਾਲਕੇ ਰੱਖਣਾ, ਸਭਨਾਂ ਦੀ ਸਾਂਝੀ ਜ਼ਿੰਮੇਵਾਰੀ ਸੀ। ਹਰ ਸਾਲ ਇਹਨਾ ਪਾਣੀ ਦੇ ਸੋਮਿਆਂ ਦੀ ਸਾਫ-ਸਫਾਈ ਅਤੇ ਇਹਨਾ ਵਿੱਚੋਂ ਗਾਰ ਕੱਢਣ ਦਾ ਕੰਮ ਕਾਰ ਸੇਵਾ ਦੀ ਤਰ੍ਹਾਂ ਲੋਕ ਆਪ ਕਰਿਆ ਕਰਦੇ ਸਨ। ਇਹਨਾਂ ਪਾਣੀ ਸਰੋਤਾਂ ਤੋਂ ਨਿਕਲਣ ਵਾਲੀ ਚੀਕਣੀ ਮਿੱਟੀ ਨੂੰ ਹੋਰ ਕਈ ਥਾਂ, ਸਮੇਤ ਘਰਾਂ ਦੀ ਲੇਪ-ਲਿਪਾਈ ਅਤੇ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਪਰੰਤੂ ਪਾਣੀ ਸਬੰਧੀ ਨੀਤੀਆਂ ਬਣਾਉਣ ਵਾਲੇ ਚੌਧਰੀਆਂ ਨੇ ਛੱਪੜ, ਤਲਾਅ, ਖੂਹ ਦੀ ਪ੍ਰਵਾਹ ਨਾ ਕਰਕੇ, ਉਹਨਾਂ ਨੂੰ ਬੇਲੋੜੇ ਮੰਨ ਲਿਆ।

ਹੁਣ ਤੱਕ ਕਿਸੇ ਸਰਕਾਰ ਨੇ ਇਹੋ ਜਿਹਾ ਕੋਈ ਸਰਵੇ ਨਹੀਂ ਕਰਵਾਇਆ ਕਿ ਦੇਸ਼ ਵਿੱਚ ਆਖਰ ਪਾਣੀ ਹੈ ਕਿੰਨਾ? ਹਰ ਸਾਲ ਵਿਗੜਦੇ ਹਾਲਾਤ ਦੇ ਬਾਵਜੂਦ ਅਸੀਂ ਕਦੀ ਆਪਣੇ ਕੁਦਰਤੀ ਪਾਣੀ ਸੋਮਿਆਂ ਦੀ ਚਿੰਤਾ ਕਿਉਂ ਨਹੀਂ ਕਰਦੇ? ਅਸੀਂ ਤਾਂ ਉਹਨਾਂ ਦੀ ਵਰਤੋਂ ਇੰਨੀ ਕੁ ਲਾਪਰਵਾਹੀ ਨਾਲ ਰਹੇ ਹਾਂ, ਜਿਵੇਂ ਇਹ ਸਰੋਤ ਕਦੀ ਖਤਮ ਹੀ ਨਹੀਂ ਹੋਣੇ। ਦੇਸ਼ ਵਿੱਚ ਕਿੰਨੀ ਪਾਣੀ-ਰਾਸ਼ੀ ਹੈ, ਬਾਰੇ ਸਹੀ ਤੱਥ, ਅੰਕੜੇ ਇਕੱਠੇ ਕਰਨ ਦਾ ਸਾਡੀਆਂ ਸਰਕਾਰਾਂ ਕੋਲ ਕੋਈ ਪ੍ਰਬੰਧ ਹੀ ਨਹੀਂ ਹੈ। ਵਧੀਆ ਨੀਤੀ ਬਣਾਉਣ ਅਤੇ ਪਾਣੀ ਦੇ ਸਾਧਨ ਦੀ ਸਹੀ ਵਰਤੋਂ ਅਤੇ ਪ੍ਰਬੰਧ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।

ਦੇਸ਼ ਦੇ ਬਹੁਤੇ ਨੇਤਾ, ਨੀਤੀ ਘੜਨ ਵਿੱਚ ਮਦਦ ਨਹੀਂ ਕਰਦੇ, ਕਿਉਂਕਿ ਉਹਨਾਂ ਤਾਂ ਅਪਣੇ ਲੋਕ ਜੀਵਨ ਵਿੱਚ ਕੁਝ ਸਿੱਖਿਆ ਹੀ ਨਹੀਂ, ਅੱਖਾਂ ਖੋਲ੍ਹਕੇ ਆਪਣੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ, ਉਸਦੀ ਘੋਖ-ਪੜਤਾਲ ਹੀ ਨਹੀਂ ਕੀਤੀ। ਸਰਕਾਰ ਚਲਾਉਣ ਵਾਲੇ ਅਫ਼ਸਰ ਸਰਕਾਰੀ ਸੁਵਿਧਾਵਾਂ ਮਾਨਣ ਲਈ ਇਸ ਕਦਰ ਖੁੱਭੇ ਰਹਿੰਦੇ ਹਨ ਕਿ ਉਹਨਾਂ ਦਾ ਸਰਵਜਨਕ ਜੀਵਨ ਤਾਂ ਹੁੰਦਾ ਹੀ ਨਹੀਂ। ਆਓ ਇੱਕ ਛੋਟੀ ਜਿਹੀ ਉਦਾਹਰਨ ਨਾਲ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੀਏ। ਦੇਸ਼ ਵਿੱਚ ਘਰੇਲੂ ਲੋੜਾਂ ਅਤੇ ਸਿੰਚਾਈ ਲਈ ਜਿੰਨਾ ਪਾਣੀ ਰੋਜ਼ ਖਰਚ ਹੁੰਦਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਪਾਣੀ ਤਾਂ ਹਰ ਰੋਜ਼ ਸਾਡੀਆਂ ਗੱਡੀਆਂ-ਕਾਰਾਂ ਦੀ ਧੋ-ਧੁਆਈ ’ਤੇ ਵਿਅਰਥ ਖਰਚ ਹੁੰਦਾ ਹੈ। ਇਹ ਪੀਣ ਵਾਲਾ ਮਿੱਠਾ ਪਾਣੀ ਹੁੰਦਾ ਹੈ।

ਜੇਕਰ ਅਸੀਂ ਹਰਿਆਣਾ, ਪੰਜਾਬ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਪਾਣੀ ਨੀਤੀ ਨੂੰ ਸਮਝੀਏ, ਤਾਂ ਰੋਣਾ ਆਉਂਦਾ ਹੈ। ਜਿਸ ਹਰਿਆਣਾ-ਪੰਜਾਬ ਵਿੱਚ ਜੰਗਲ ਖਾਤਮੇ ਕੰਢੇ ਹਨ, ਉੱਥੋਂ ਦੀ ਧਰਤੀ ’ਤੇ ਅੱਜ 30 ਲੱਖ ਸਬਮਰਸੀਵਲ ਪੰਪ ਲੱਗੇ ਹੋਏ ਹਨ। ਉਹਨਾਂ ਵਿੱਚੋਂ ਇਕੱਲੇ ਪੰਜਾਬ ਵਿੱਚ 17.5 ਲੱਖ ਸਬਮਰਸੀਵਲ ਪੰਪ ਦਿਨ ਰਾਤ ਜ਼ਮੀਨ ਹੇਠਲਾ ਪਾਣੀ ਖਿੱਚ ਰਹੇ ਹਨ। ਇਨ੍ਹਾਂ ਦੋਹਾਂ ਰਾਜਾਂ ਵਿੱਚ ਲਗਭਗ 70 ਫੀਸਦੀ ਪਾਣੀ ‘ਡਾਰਕ ਜੋਨ‘ ਵਿੱਚ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਆਪਣਾ ਵਿਧਾਇਕ ਖੇਤਰ ਕਰਨਾਲ ਡਾਰਕ ਜੋਨ ਵਿੱਚ ਹੈ। ਰਾਜਧਾਨੀ ਦਿੱਲੀ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੈ। ਇਸਦਾ ਕੋਈ ਵੀ ਕੁਦਰਤੀ ਸੋਮਾ ਆਪਣਾ ਨਹੀਂ ਹੈ। ਦਿੱਲੀ ਦੇ “ਟਾਇਲਟਾਂ” ਦੇ ਪਾਣੀ ਦੀ ਪੂਰਤੀ ਮੇਰਠ ਤੋਂ ਲਿਆਂਦੇ “ਗੰਗਾਂ ਮਈਆ” ਦੇ ਪਾਣੀ ਨਾਲ ਹੁੰਦੀ ਹੈ। ਪਿਛਲੀ ਫਰਵਰੀ-ਮਾਰਚ ਵਿੱਚ ਦਿੱਲੀ ਵਿੱਚ ਪਾਣੀ ਦੀ ਕਾਫੀ ਘਾਟ ਰਹੀ। ਦਿੱਲੀ ਦੇ ਬਹੁਤੇ ਖੇਤਰਾਂ ਵਿੱਚ ਤਿੰਨ ਦਿਨ ਲਗਾਤਾਰ ਸਰਕਾਰ ਦੇ ਵਿਰੁੱਧ ਕਾਫੀ ਰੌਲਾ ਰੱਪਾ ਪਿਆ, ਪਰੰਤੂ ਮੁੱਖ ਮੰਤਰੀ ਬਿਆਨਬਾਜ਼ੀ ਤੋਂ ਬਿਨਾਂ ਕੁਝ ਨਾ ਕਰ ਸਕੇ ਸਗੋਂ ਸਿੱਖਿਆ ਸੰਸਥਾਵਾਂ ਵਿੱਚ ਸਵਿੰਮਿੰਗ ਪੂਲਾਂ ਦਾ ਉਦਘਾਟਨ ਕਰਨ ਨੂੰ ਪਹਿਲ ਦਿੰਦੇ ਦਿਸੇ।

ਅੱਜ ਦੇਸ਼ ਵਿੱਚ ਮਿਲਦੇ ਕੁਲ ਪਾਣੀ ਦਾ 70 ਫੀਸਦੀ ਪ੍ਰਦੂਸ਼ਤ ਹੋ ਚੁੱਕਾ ਹੈ। ਇਸ ਪ੍ਰਦੂਸ਼ਿਤ ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਨ ਵੱਡੇ ਨੁਕਸਾਨ ਹੋ ਰਹੇ ਹਨ। ਪਰੰਤੂ ਅਸੀਂ ਸਮਝ ਹੀ ਨਹੀਂ ਰਹੇ ਕਿ ਸਾਡੇ ਕੁਦਰਤੀ ਸੋਮੇ ਕਿੰਨੇ ਕੀਮਤੀ ਹਨ, ਕਿਉਂਕਿ ਸਾਨੂੰ ਤਾਂ ਟੂਟੀ ਘੁਮਾਉਣ ਨਾਲ ਹੀ ਤਾਜ਼ਾ ਪਾਣੀ ਮਿਲ ਜਾਂਦਾ ਹੈ।

ਅਸੀਂ ਵਿਕਾਸ ਦੇ ਨਾਮ ਉੱਤੇ ਇਹੋ ਜਿਹਾ ਢਾਂਚਾ ਰਚ ਲਿਆ ਹੈ, ਜੋ ਸਾਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨਾਲ ਜੋੜਨ ਦੀ ਬਜਾਏ ਤੋੜਦਾ ਹੈ। ਸਾਇੰਸ ਅਤੇ ਤਕਨੀਕ ਵਿੱਚ ਵਧਦੀ ਯੋਗਤਾ ਨੇ ਭਾਵੇਂ ਸਾਨੂੰ ਤਕਨੀਕੀ ਤੌਰ ’ਤੇ ਪੜ੍ਹਾਕੂ ਬਣਾਇਆ ਹੋਵੇ, ਪਰ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਮਾਮਲੇ ਵਿੱਚ ਅਸੀਂ ਨਿਰੇ ਅੰਗੂਠਾ-ਛਾਪ ਸਾਬਤ ਹੁੰਦੇ ਜਾ ਰਹੇ ਹਾਂ। ਸਾਇੰਸ ਅਤੇ ਤਕਨੀਕ ਵੀ ਤਦੇ ਲਾਭਕਾਰੀ ਹੁੰਦੇ ਹਨ, ਜਦ ਉਹਨਾਂ ਨੂੰ ਸਥਾਪਿਤ ਆਦਰਸ਼ਾਂ ਅਤੇ ਮੁੱਲਾਂ ਦੇ ਅਨੁਸਾਰ ਅਪਨਾਇਆ ਜਾਵੇ।

ਵਿਕਾਸ ਦਾ ਅਰਥ ਸਿਰਫ ਪਲਾਸਟਿਕ, ਲੋਹਾ ਅਤੇ ਹੋਰ ਸਜੀਲੀਆਂ ਚੀਜ਼ਾਂ ਨਾਲ ਘਰ ਭਰਨਾ ਨਹੀਂ, ਬਲਕਿ ਵਿਕਾਸ ਦਾ ਵੱਡਾ ਅਰਥ ਤਾਂ ਕੁਦਰਤ ਅਤੇ ਕੁਦਰਤੀ ਸੋਮਿਆਂ ਨੂੰ ਅਮੀਰ ਬਣਾਉਣਾ ਹੈ। ਵਿਕਾਸ ਤਾਂ ਵਗਦੇ ਪਾਣੀ ਵਾਂਗਰ ਵਗਣ ਵਰਗੀ ਉਹ ਪ੍ਰਕਿਰਿਆ ਹੈ, ਜੋ ਸਮਾਜ ਵਿੱਚ ਹਰ ਪੱਧਰ ’ਤੇ ਪਹਿਲਾਂ ਹੀ ਲੰਬ-ਉਮਰੀ ਸਜੀ ਸੰਵਰੀ, ਸਹਿਜ, ਸਰਲ ਹੋਵੇ ਅਤੇ ਅੱਗੋਂ ਵੀ ਉਸ ਨੂੰ ਤਣਾਅ ਤੋਂ ਰਹਿਤ ਬਣਾਵੇ। ਕੁਦਰਤੀ ਸੋਮਿਆਂ ਦੀ ਵਰਤੋਂ ਸਮਾਜ ਵਿੱਚ ਅਤੇ ਰਾਜ ਵਿੱਚ ਆਪਸੀ ਦੂਰੀਆਂ ਵਧਾਉਣ ਲਈ ਨਹੀਂ ਸਗੋਂ ਨਜ਼ਦੀਕੀਆਂ ਬਣਾਉਣ ਦੀ ਸੰਭਾਵਨਾ ਪੈਦਾ ਕਰਨ ਵਾਲੀ ਹੋਵੇ। ਲੋਕਾਂ ਦੀ ਭਾਈਵਾਲੀ ਨਾਲ ਹੀ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਕਰਨਾ ਸੰਭਵ ਹੈ। ਇਹ ਤਦੇ ਵੀ ਸੰਭਵ ਹੈ ਜੇਕਰ ਇਹਨਾਂ ਸਾਧਨਾਂ ਦੀ ਸਵਾਰਥਪੁਣੇ ਤੋਂ ਬਿਨਾਂ ਸਹੀ ਵਰਤੋਂ ਕੀਤੀ ਜਾਵੇ। ਅਸੀਂ ਆਪਣੇ ਪੂਰਵਜਾਂ ਵਾਂਗਰ ਬੇਹੱਦ ਸਾਵਧਾਨੀ ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਕਰੀਏ। ਘੁਮਾਰ, ਮੱਛੀਆਂ ਫੜਨ ਵਾਲੇ, ਆਦਿਵਾਸੀ, ਪਸ਼ੂ ਪਾਲਣ, ਕਿਸਾਨ ਅਤੇ ਮਿੱਟੀ ਉੱਤੇ ਨੰਗੇ ਪੈਰੀਂ ਤੁਰਨ ਵਾਲਿਆਂ ਦੀ ਜੇਕਰ ਅਸੀਂ ਗੱਲ ਸੁਣਾਂਗੇ, ਤਦੇ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਕਰ ਸਕਾਂਗੇ।

ਦੇਸ਼ ਦੀਆਂ ਪਰੰਪਰਾਵਾਂ ਨੂੰ ਪਖੰਡਾਂ ਨਾਲ ਜੋੜਕੇ ਅਤੇ ਪੂਰਵਜਾਂ ਦੇ ਅਮੁੱਲ ਬਚਨਾਂ ਨੂੰ ਪੈਰਾਂ ਹੇਠ ਮਧੋਲਕੇ, ਅਸੀਂ ਤਾਂ ਆਪਣੇ ਆਲੇ-ਦੁਆਲੇ ਅਖੌਤੀ ਬੁੱਧੀਮਤਾ ਅਤੇ ਸਮਾਜਿਕ ਖੁਸ਼ਕੀ ਦੇ ਬੀਜ ਬੀਜ ਲਏ ਹਨ, ਜਿਸ ਵਿੱਚ ਕੈਕਟਸ ਤਾਂ ਉੱਗਣਗੇ, ਪਰ ਹਰਿਆਲੇ ਫੁੱਲ ਨਹੀਂ।

*****

(1155)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author