GurmitShugli7ਜਿਹੜਾ ਆਪਣੀ ਸ਼ਕਤੀ ਨਾਲ ਆਪਣੀ ਰਾਖੀ ਨਹੀਂ ਕਰ ਸਕਦਾਆਪਣੇ-ਆਪ ਨੂੰ ਬਚਾ ਨਹੀਂ ਸਕਦਾਉਹ ਆਪਣੇ ...
(1 ਮਈ 2018)

 

ਸਾਡੇ ਮਹਾਨ ਦੇਸ਼ ਬਾਰੇ ਕਿਹਾ ਤਾਂ ਇਹ ਜਾਂਦਾ ਹੈ ਕਿ ਇਹ ਗੁਰੂਆਂ-ਪੀਰਾਂ, ਦੇਵੀ-ਦੇਵਤਿਆਂ, ਸਾਧੂ-ਸੰਤਾਂ ਤੇ ਹੋਰ ਮਹਾਨ ਪੂਜਣਯੋਗ ਧਾਰਮਿਕ ਹਸਤੀਆਂ ਦੀ ਧਰਤੀ ਹੈ ਇਸ ਨਾਲ 33 ਸੌ ਕਰੋੜ ਦੇਵੀ-ਦੇਵਤਿਆਂ ਦੇ ਜੁੜਨ ਦੀ ਗੱਲ ਵੀ ਆਖੀ ਜਾਂਦੀ ਹੈ। 33 ਸੌ ਕਰੋੜ ਦੇਵੀ-ਦੇਵਤੇ ਓਦੋਂ ਵੀ ਮੌਜੂਦ ਹੋਣਗੇ, ਜਦ ਇਸ ਦੀ ਆਬਾਦੀ 21 ਕਰੋੜ ਤੋਂ ਵੀ ਘੱਟ ਸੀ। ਜੇ ਇਨ੍ਹਾਂ ਦੇਵੀ-ਦੇਵਤਿਆਂ ਦੀ ਹੋਂਦ ਮੰਨ ਵੀ ਲਈ ਜਾਵੇ, ਅੱਜ ਦੇ ਯੁੱਗ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਧਾਰਮਿਕ ਸਥਾਨ ਤਾਂ ਠੀਕ ਹੋ ਸਕਦੇ ਹਨ, ਜਿੱਥੇ ਸ਼ਾਇਦ ਸਭਿਅਕ ਲੋਕ ਦੇਖੇ ਜਾ ਸਕਦੇ ਹੋਣ। ਅੱਜ ਵੀ ਇਨਸਾਨਾਂ ਦੀ ਬਜਾਏ ਹੈਵਾਨਾਂ ਦੀ ਗਿਣਤੀ ਜ਼ਿਆਦਾ ਹੀ ਲੱਭੇਗੀ। ਦੇਵੀ-ਦੇਵਤਿਆਂ ਦਾ ਹੋਣਾ ਜਾਂ ਮਿਲਣਾ ਤਾਂ ਅੱਤਕਥਨੀ ਹੀ ਹੈ।

ਤੁਸੀਂ ਚੱਲ ਰਹੇ ਸਮੇਂ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਅੱਜ ਵੀ ਨਕਲੀ ਸਾਧੂ-ਸੰਤਾਂ, ਬਾਬਿਆਂ, ਬਾਪੂਆਂ ਅਤੇ ਅਖੌਤੀ ਸਾਧਾਂ ਦੀ ਭਰਮਾਰ ਹੈ, ਪਰ ਇਨ੍ਹਾਂ ਪਿੱਛੇ ਲੱਗੇ ਮਾਨਸਿਕ ਤੌਰ ’ਤੇ ਬਿਮਾਰ ਲੋਕ ਇਨ੍ਹਾਂ ਦੇ ਚੇਲਿਆਂ, ਸੇਵਕਾਂ ਦੇ ਰੂਪ ਵਿੱਚ ਵੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਉਹ ਮੂਰਖ ਬਣਾ ਕੇ ਆਪ ਐਸ਼ੋ-ਆਰਾਮ ਕਰ ਰਹੇ ਹਨ, ਜਿਸ ਦੀਆਂ ਤਾਜ਼ਾ ਉਦਾਹਰਣਾਂ ਗੁਰਮੀਤ ਰਾਮ ਰਹੀਮ ਤੇ ਬਾਪੂ ਆਸਾਰਾਮ ਹਨ। ਜੋ ਗੰਦ-ਖਾਨਾ ਗੁਰਮੀਤ ਰਾਮ ਰਹੀਮ ਦੇ ਡੇਰਿਆਂ ਵਿਚ ਵੇਖਣ, ਸੁਣਨ ਨੂੰ ਅਤੇ ਅਸਲੀਅਤ ਵਿੱਚ ਮਿਲਿਆ, ਉਸ ਤੋਂ ਵੀ ਕਿਤੇ ਜ਼ਿਆਦਾ ਆਸਾਰਾਮ ਬਾਪੂ ਦਾ ਹੈ।

ਆਸਾਰਾਮ, ਜਿਸ ਦੀ ਵਿੱਦਿਆ ਅਨਪੜ੍ਹਾਂ ਬਰਾਬਰ ਹੈ, ਜੋ ਬਚਪਨ ਵਿੱਚ ਕਦੀ ਸਾਈਕਲਾਂ ਦੀ ਮੁਰੰਮਤ, ਕਦੀ ਚਾਹ ਵੇਚਣ ਦਾ ਕੰਮ, ਕਦੇ ਟਾਂਗਾ ਚਲਾਉਣ ਦਾ ਕੰਮ ਤੇ ਕਦੇ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਰਿਹਾ ਹੈ ਜਾਂ ਇੰਝ ਕਹਿ ਲਵੋ ਕਿ ਦੁਨਿਆਵੀ ਕੰਮਾਂ ਵਿੱਚ ਫੇਲ੍ਹ ਹੋ ਕੇ ਸਭ ਤੋਂ ਸੁਖਾਲਾ ਤਰੀਕਾ ਸਾਧੂ ਸੰਤ ਬਨਣ ਦਾ ਚੁਣਿਆ। ਇਹ ਅਖੌਤੀ ਬਾਪੂ ਸਾਧੂ ਸੰਤਾਂ ਦੇ ਪੇਸ਼ੇ ਵਿੱਚ ਪੈਰ ਰੱਖਣ ਤੋਂ ਪਹਿਲਾਂ ਵੀ ਰੇਪ ਕੇਸ ਵਿੱਚ ਜੇਲ੍ਹ ਯਾਤਰਾ ਕਰ ਚੁੱਕਾ ਹੈ। ਵਿਆਹ ਨਾ ਕਰਾਉਣ ਦੀਆਂ ਕਸਮਾਂ ਖਾਣ ਵਾਲਾ ਅਖੀਰ ਪਰਿਵਾਰ ਦੇ ਦਬਾਅ ਥੱਲੇ ਆ ਕੇ ਵਿਆਹ ਬੰਧਨਾਂ ਵਿੱਚ ਬੱਝਿਆ ਤੇ ਇੱਕ ਲੜਕੇ ਅਤੇ ਇੱਕ ਲੜਕੀ ਦਾ ਬਾਪ ਬਣਿਆ। ਇਸ ਦੀ ਔਲਾਦ ਵੀ ਉਹ ਕੁਝ ਕਰ ਰਹੀ ਹੈ, ਜੋ ਕੁਝ ਪਿਤਾ ਕਰ ਰਿਹਾ ਹੈ, ਖਾਸ ਕਰ ਇਸ ਦਾ ਲੜਕਾ, ਜੋ ਅਦਾਲਤ ਦੇ ਹੁਕਮ ਦੀ ਉਡੀਕ ਕਰ ਰਿਹਾ ਹੈ. ਜਿਸ ਰਾਹੀਂ ਉਸ ਨੂੰ ਸਜ਼ਾ ਦਾ ਗੱਫਾ ਮਿਲੇਗਾ ਅਤੇ ਕੈਦੀ ਨੰਬਰ ਅਲਾਟ ਹੋਵੇਗਾ।

ਆਸੂ ਮੱਲ ਨੇ ਅਖੀਰ ਪਰਿਵਾਰ ਛੱਡ ਕੇ ਘੁੰਮਦੇ-ਘੁਮਾਉਂਦੇ ਗੁਜਰਾਤ ਦੇ ਇੱਕ ਆਸ਼ਰਮ ਵਿੱਚ ਰਹਿਣਾ ਸ਼ੁਰੂ ਕੀਤਾ। ਉੱਥੇ ਇੱਕ ਗੁਰੂ ਜਿਸ ਦਾ ਨਾਂਅ ਲੀਲਾ ਸ਼ਾਹ ਸੀ, ਉਸ ਤੋਂ ਦੀਖਿਆ ਲੈ ਕੇ ਆਸੂਮੱਲ ਤੋਂ ਆਸਾਰਾਮ ਬਾਪੂ ਬਣ ਗਿਆ, ਫਿਰ ਆਪਣੀ ਕਿਸਮ ਦੇ ਪੁੱਠੇ-ਸਿੱਧੇ ਪ੍ਰਵਚਨ ਕਰਨੇ ਸ਼ੁਰੂ ਕਰ ਦਿੱਤੇ। ਬੀਮਾਰ ਮਾਨਸਿਕਤਾ ਵਾਲੇ ਲੋਕ, ਅੱਤ ਦੇ ਗ਼ਰੀਬ ਲੋਕ, ਇਸ ਦੇ ਡੇਰਿਆਂ ਤੋਂ ਮੁਫ਼ਤ ਦੀ ਦਵਾਈ ਅਤੇ ਭੋਜਨ ਮਿਲਣ ਕਰਕੇ ਇਸ ਦੇ ਚੇਲੇ ਬਣਨੇ ਸ਼ੁਰੂ ਹੋ ਗਏ। ਆਪਣੇ ਪੁੱਤਰ ਨਾਰਾਇਣ ਸਾਈਂ ਨਾਲ ਮਿਲ ਕੇ ਹੌਲੀ-ਹੌਲੀ ਆਪਣਾ ਇੱਕ ਵੱਡਾ ਸਾਮਰਾਜ ਖੜ੍ਹਾ ਕਰ ਲਿਆ, ਜਿਸ ਵਿੱਚ ਸਿਆਸੀ ਪਾਰਟੀਆਂ ਨੇ ਸਮੇਂ-ਸਮੇਂ ’ਤੇ ਵੋਟਾਂ ਦੀ ਖਾਤਰ ਸਿਆਸੀ ਅਸ਼ੀਰਵਾਦ ਦੇ ਕੇ ਆਪਣਾ ਯੋਗਦਾਨ ਪਾਇਆ। ਸਭ ਤੋਂ ਵੱਧ ਯੋਗਦਾਨ ਬੀ ਜੇ ਪੀ ਦਾ ਰਿਹਾ, ਜਿਸ ਦੇ ਸਭ ਤੋਂ ਵੱਡੇ ਆਗੂ ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ ਜੀ, ਲਾਲ ਕ੍ਰਿਸ਼ਨ ਅਡਵਾਨੀ, ਰਾਜਨਾਥ ਸਿੰਘ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਸਮੇਤ ਨਵਜੋਤ ਸਿੱਧੂ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਕੱਦ ਵਾਲੇ ਸਮੇਂ-ਸਮੇਂ ਸਿਰ ਜਾ ਕੇ ਹਾਜ਼ਰੀਆਂ ਲਗਵਾਉਂਦੇ ਰਹੇ ਅਤੇ ਬਾਪੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹੇ, ਜਿਸ ਕਰਕੇ ਇਸ ਦੀ ਚੜ੍ਹ ਮਚਦੀ ਰਹੀ।

ਸਾਡੀ ਰਾਇ ਮੁਤਾਬਕ ਹਿੰਦੁਸਤਾਨ ਦੇ ਹਰ ਡੇਰੇ ਵਿੱਚ ਲੱਗਭੱਗ ਉਹ ਕੁਝ ਹੁੰਦਾ ਹੈ, ਜੋ ਇਸ ਦੇ ਡੇਰੇ ਵਿੱਚ ਹੋਇਆ-ਬੀਤਿਆ ਹੈ। ਸਰਕਾਰਾਂ ਵੋਟਾਂ ਦੀ ਖ਼ਾਤਰ ਅੱਖਾਂ ਮੀਟ ਲੈਂਦੀਆਂ ਹਨ ਤੇ ਕੋਈ ਐਕਸ਼ਨ ਲੈਣ ਤੋਂ ਗੁਰੇਜ਼ ਕਰਦੀਆਂ ਹਨ। ਸਾਨੂੰ ਉਸ 16 ਸਾਲ ਦੀ ਬੱਚੀ ਨੂੰ ਦਾਦ ਦੇਣੀ ਬਣਦੀ ਹੈ, ਜੋ ਆਸਾਰਾਮ ਦੇ ਗੁਰੂਕੁਲ ਵਿੱਚ ਪੜ੍ਹਦੀ ਸੀ, ਜਿਸ ਨਾਲ ਜੋ 15 ਅਗਸਤ ਦੀ ਅੱਧੀ ਰਾਤ ਨੂੰ ਬੀਤਿਆ, ਉਸ ਬਾਰੇ ਉਸ ਨੇ ਨਵੀਂ ਦਿੱਲੀ ਦੇ ਕਮਲਾ ਮਾਰਕਿਟ ਦੇ ਥਾਣੇ ਵਿੱਚ ਰਾਤ ਨੂੰ 2 ਵਜੇ ਯੋਨ ਸ਼ੋਸ਼ਣ ਦੀ ਸ਼ਿਕਾਇਤ ਆਸਾਰਾਮ ਦੇ ਖਿਲਾਫ਼ ਦਰਜ ਕਰਵਾਈ। ਆਸਾਰਾਮ ਨੂੰ ਸਜ਼ਾ ਦਿਵਾਉਣ ਤੱਕ ਜਿਹੜਾ ਹੌਸਲਾ ਉਸ ਲੜਕੀ ਤੇ ਉਸ ਦੇ ਬਾਪ ਨੇ ਦਿਖਾਇਆ, ਉਹ ਆਪਣੇ-ਆਪ ਵਿੱਚ ਮਿਸਾਲ ਹੈ। ਅਗਸਤ 2013 ਤੋਂ ਲੈ ਕੇ ਹੁਣ ਤੱਕ ਉਹ, ਉਸ ਦਾ ਪਰਿਵਾਰ, ਕਿਸ ਡਰ ਦੇ ਮਾਹੌਲ ਵਿੱਚ ਰਹੇ ਹੋਣਗੇ, ਇਹ ਸਭ ਕੁਝ ਉਹੀ ਜਾਣਦੇ ਹਨ, ਜਿਸ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਹੈ। ਇਹ ਮੁਕੱਦਮਾ ਉਸ ਪਰਵਾਰ ਨੇ ਕਿੰਨੀ ਸ਼ਿੱਦਤ ਨਾਲ ਲੜਿਆ, ਇੱਥੋਂ ਤੱਕ ਕਿ ਉਸ ਦੇ ਬਾਪ ਨੇ ਆਪਣਾ ਟਰੱਕ ਤੱਕ ਵੇਚ ਕੇ ਵੀ ਇਸ ਮੁਕੱਦਮੇ ’ਤੇ ਲਗਾ ਦਿੱਤਾ, ਕੋਈ ਕਮਜ਼ੋਰੀ ਨਹੀਂ ਦਿਖਾਈ। ਦੂਜੇ ਪਾਸੇ ਆਸਾਰਾਮ ਦੀ ਸ਼ਹਿ ’ਤੇ ਨੌਂ ਗਵਾਹਾਂ ਉੱਤੇ ਹਮਲੇ ਕਰਵਾਏ ਤੇ ਤਿੰਨ ਗਵਾਹਾਂ ਦੀ ਹੱਤਿਆ ਕੀਤੀ।

ਇੱਕ ਆਮ ਰਾਇ ਮੁਤਾਬਕ ਆਸਾਰਾਮ ਤੇ ਉਸ ਦੀ ਜੁੰਡਲੀ ਨੇ ਅਦਾਲਤ ਦੇ ਪ੍ਰੀਜ਼ਾਈਡਿੰਗ ਅਫ਼ਸਰ ਮਧੂ ਸੂਦਨ ਸ਼ਰਮਾ ’ਤੇ ਵੀ ਦਬਾਅ ਬਣਾਇਆ ਹੋਵੇਗਾ, ਜਿਸ ਨੂੰ ਪ੍ਰਵਾਨ ਨਾ ਕਰਦਿਆਂ ਹੋਇਆਂ ਜੱਜ ਸਾਹਿਬ ਨੇ ਆਸਾਰਾਮ ਨੂੰ ਬਣਦੀ ਸਜ਼ਾ ਦਿੱਤੀ। ਇਸ ਕਰਕੇ ਉਹ ਵਧਾਈ ਦੇ ਪਾਤਰ ਹਨ। ਪਰ ਜੋ ਮੁਆਵਜ਼ਾ ਉਸ ਬੱਚੀ ਨੂੰ ਇੱਕ ਲੱਖ ਦਿੱਤਾ ਗਿਆ ਹੈ, ਉਹ ਉਸ ਦੀ ਬਹਾਦਰੀ ਮੁਤਾਬਿਕ ਬਹੁਤ ਕਿਤੇ ਘੱਟ ਹੈ।

ਸਾਡੇ ਸੰਵਿਧਾਨ ਵਿੱਚ ਦਰਜ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਸਾਇੰਸ, ਤਰਕਸ਼ੀਲ ਵਿਗਿਆਨਕ ਸੋਚ ਨੂੰ ਪ੍ਰਚਾਰੇਗੀ, ਮਦਦ ਕਰੇਗੀ। ਇਸ ਦੇ ਉਲਟ ਵਹਿਮਾਂ-ਭਰਮਾਂ, ਜਾਦੂ-ਟੂਣਿਆਂ ਨੂੰ ਉਤਸ਼ਾਹਤ ਨਹੀਂ ਕਰੇਗੀ। ਇਸ ਦੇ ਬਾਵਜੂਦ ਸਾਡੇ ਆਗੂ ਸਰਕਾਰੀ ਸਕੂਲਾਂ, ਕਾਲਜਾਂ-ਹਸਪਤਾਲਾਂ ਦੀ ਬਜਾਏ ਧਾਰਮਿਕ ਅਦਾਰਿਆਂ, ਸਾਧੂ ਸੰਤਾਂ ਦੇ ਡੇਰਿਆਂ ’ਤੇ ਆਪ ਜਾ ਕੇ ਜਿੱਥੇ ਨਤ ਮਸਤਕ ਹੁੰਦੇ ਹਨ, ਉੱਥੇ ਵਿੰਗੇ-ਟੇਢੇ ਤਰੀਕੇ ਨਾਲ ਉਨ੍ਹਾਂ ਨੂੰ ਮਾਇਆ ਦੇ ਗੱਫੇ ਦੇ ਕੇ ਮਾਲਾ-ਮਾਲ ਕਰ ਰਹੇ ਹਨ।

ਫੇਸਬੁੱਕ ’ਤੇ ਇੱਕ ਮੈਸੇਜ਼ ਵਾਇਰਲ ਹੋ ਰਿਹਾ ਹੈ ਕਿ ਅਮਰੀਕਾ ਵਿੱਚ 5000 ਬੰਦਿਆਂ ਪਿੱਛੇ ਇੱਕ ਇੰਜੀਨੀਅਰ ਹੈ। ਭਾਰਤ ਵਿੱਚ 5000 ਬੰਦਿਆਂ ਪਿੱਛੇ ਇੱਕ ਸਾਧ/ਬਾਪੂ/ਬਾਬਾ ਹੈ। ਸ਼ਰਧਾਲੂ ਇਹ ਗੱਲ ਸਮਝਣ ਵਿੱਚ ਅਸਮਰੱਥ ਹਨ ਕਿ ਲੱਖ ਦੁਆਵਾਂ ਕਰਨ, ਪੂਜਾ ਕਰਨ, ਸੁੱਖਣਾ ਸੁੱਖਣ, ਹਵਨ ਕਰਨ ਦੇ ਬਾਵਜੂਦ ਗੁਰਮੀਤ ਰਾਮ ਰਹੀਮ ਤੇ ਆਸਾ ਰਾਮ ਦੀ ਸਜ਼ਾ ਜਾਂ ਦੁੱਖ ਘੱਟ ਨਹੀਂ ਹੋਏ। ਜਿਹੜਾ ਆਪਣੀ ਸ਼ਕਤੀ ਨਾਲ ਆਪਣੀ ਰਾਖੀ ਨਹੀਂ ਕਰ ਸਕਦਾ, ਆਪਣੇ-ਆਪ ਨੂੰ ਬਚਾ ਨਹੀਂ ਸਕਦਾ, ਉਹ ਆਪਣੇ ਸ਼ਰਧਾਲੂਆਂ ਨੂੰ ਕਿਵੇਂ ਬਚਾ ਸਕਦਾ ਹੈ? ਜਿਹੜੇ ਧਾਰਮਿਕ ਲੋਕ ਮੌਤ ਤੋਂ ਡਰਦੇ ਆਪ ਸਰਕਾਰੀ ਗੰਨਮੈਨ ਲੈ ਕੇ ਘੁੰਮ ਰਹੇ ਹਨ, ਉਹ ਆਪਣੇ ਸ਼ਰਧਾਲੂਆਂ ਨੂੰ ਕਿਵੇਂ ਬਚਾ ਸਕਣਗੇ? ਜੇ ਇਹ ਗੱਲ ਸ਼ਰਧਾਲੂਆਂ, ਜਨਤਾ, ਆਮ ਦੇਖਣ-ਸੁਨਣ ਵਾਲਿਆਂ ਦੀ ਸਮਝ ਵਿੱਚ ਪੈ ਜਾਵੇ ਤਾਂ ਹੀ ਅਸੀਂ ਅਜਿਹੇ ਭੇਖੀਆਂ, ਬਨਾਉਟੀ ਸਾਧੂਆਂ, ਸੰਤਾਂ, ਬਾਬਿਆਂ, ਬਾਪੂਆਂ ਤੋਂ ਛੁਟਕਾਰਾ ਪਾ ਸਕਦੇ ਹਾਂ।

*****

(1135)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author