MohanSharma7ਸੋਗੀ ਮਾਹੌਲ ਵਿੱਚ ਮੁੰਡੇ ਨੇ ਗੱਲ ਨੂੰ ਅਗਾਂਹ ਤੋਰਿਆ, “ਅੱਜ ਸਵੇਰੇ ਇਹਨੇ ਨਸ਼ੇ ਵਾਸਤੇ ...
(29 ਅਪਰੈਲ 2018)

 

DrugsB1DrugsA1

 

ਨਸ਼ਿਆਂ ਦੇ ਜੂੜ ਵਿੱਚ ਜਕੜੇ ਵਿਅਕਤੀ ਤੋਂ ਪੰਜ ਲੱਖ ਦਾ ਕੰਮ ਪੰਜ ਹਜ਼ਾਰ ਰੁਪਏ ਵਿੱਚ ਕਰਵਾਇਆ ਜਾ ਸਕਦਾ ਹੈ। ਬਹੁਤ ਸਾਰੇ ਅਜਿਹੇ ਨਸ਼ੱਈ ਤਸਕਰਾਂ ਦੇ ਧੱਕੇ ਚੜ੍ਹੇ ਹੋਏ ਹਨ, ਜਿਹੜੇ ‘ਮਾਲ’ ਇੱਕ ਥਾਂ ਤੋਂ ਦੂਜੀ ਥਾਂ ਪੁਚਾਉਣ ਦਾ ਜੋਖ਼ਮ ਭਰਿਆ ਕੰਮ ਦੋ ਤਿੰਨ ਡੰਗ ਦਾ ਨਸ਼ਾ ਡੱਫਣ ਲਈ ਕਰਦੇ ਹਨ। ਦੁਸ਼ਮਣੀ ਕੱਢਣ ਲਈ ਹਮਲੇ, ਜ਼ਮੀਨਾਂ ਦੇ ਨਜਾਇਜ਼ ਕਬਜ਼ੇ, ਕਿਸੇ ਨੂੰ ਸੋਧਣ ਲਈ ਧਮਕੀਆਂ, ਹਵਾਈ ਫਾਇਰ ਕਰਕੇ ਦਹਿਸ਼ਤ ਪਾਉਣੀ, ਕਿਸੇ ਦੇ ਵਸਦੇ ਰਸਦੇ ਘਰ ਵਿੱਚ ਨਫ਼ਰਤ ਦੇ ਬੀਜ ਬੀਜਣ ਜਿਹੇ ਨੇਕ ਕੰਮਾਂ’ ਲਈ ਨਸ਼ਈਆਂ ਨੂੰ ਨਸ਼ਿਆਂ ਦੀ ਬੁਰਕੀ ਸੁੱਟ ਕੇ ਤਿਆਰ ਕੀਤਾ ਜਾ ਸਕਦਾ ਹੈ।

ਨਸ਼ੇ ਦੀ ਪ੍ਰਾਪਤੀ ਲਈ ਨਸ਼ਈ ਕਮੀਨਗੀ ਦੀ ਹੱਦ ਤੱਕ ਜਾ ਸਕਦਾ ਹੈ। ਰਿਸ਼ਤਿਆਂ ਦੀਆਂ ਤੰਦਾਂ ਨੂੰ ਤਾਰ-ਤਾਰ ਕਰ ਸਕਦਾ ਹੈ। ਇਹੋ ਜਿਹਾ ਦਿਲ ਨੂੰ ਹਲੂਣ ਦੇਣ ਵਾਲਾ ਕਾਂਡ ਮੇਰੇ ਸਾਹਮਣੇ ਉਦੋਂ ਆਇਆ ਜਦੋਂ ਹੱਡੀਆਂ ਦੀ ਮੁੱਠ ਬਣੀ ਵਿਆਹੀ ਵਰੀ 25-26 ਵਰ੍ਹਿਆਂ ਦੀ ਲੜਕੀ ਖੂਨ ਦੇ ਅੱਥਰੂ ਕੇਰ ਰਹੀ ਸੀ। ਲਗਦਾ ਸੀ ਜਿਵੇਂ ਉਸ ਕੁੜੀ ਦੇ ਚਿਹਰੇ ਤੋਂ ਹਾਸਿਆਂ ਨੇ ਸਨਿਆਸ ਲੈ ਲਿਆ ਹੋਵੇ। ਚਾਰ ਪੰਜ ਵਿਅਕਤੀਆਂ ਵਿੱਚ ਘਿਰਿਆ ਇੱਕ ਨਸ਼ਈ ਕਦੇ ਉਸ ਲੜਕੀ ਵੱਲ ਅਤੇ ਕਦੇ ਨਾਲ ਆਏ ਵਿਅਕਤੀਆਂ ਵੱਲ ਕੁਰਖਤ ਨਜ਼ਰਾਂ ਨਾਲ ਵੇਖ ਰਿਹਾ ਸੀ। ਨਸ਼ੇ ਵਿੱਚ ਟੱਲੀ ਹੋਣ ਕਾਰਨ ਉਸਦੀਆਂ ਅੱਖਾਂ ਲਾਲ ਸੁਰਖ ਸਨ। ਡਿਗੂੰ-ਡਿਗੂੰ ਕਰਦੀ ਇਮਾਰਤ ਵਰਗਾ ਉਹ 30 ਕੁ ਵਰ੍ਹਿਆਂ ਦਾ ਵਿਅਕਤੀ ਕਦੇ ਕਦੇ ਆਪਣੀਆਂ ਮੁੱਛਾਂ ਤੇ ਹੱਥ ਫੇਰ ਕੇ ਆਪਣੇ ਆਪ ਨੂੰ ਖੱਬੀ ਖਾਨ’ ਹੋਣ ਦਾ ਅਹਿਸਾਸ ਕਰਵਾ ਰਿਹਾ ਸੀ।

“ਇਹ ਕੀ ਲੱਗਦੈ ਬੀਬੀ ਤੇਰਾ?ਉਸ ਅੱਥਰੂ ਵਹਾਉਂਦੀ ਕੁੜੀ ਨੂੰ ਮੁਖ਼ਾਤਿਬ ਹੁੰਦਿਆਂ ਮੈਂ ਪੁੱਛਿਆ

“ਇਹ ਜੀ, ਮੇਰਾ ਘਰ ਵਾਲੈ, ਸਮੈਕ ਪੀਣ ਵਾਸਤੇ ਰੋਜ਼ ਰੁਪਈਆਂ ਦਾ ਬੁੱਕ ਭਾਲਦੈ। ਮੈਂ ਕਿੱਥੋਂ ਹਰੇ ਕਰਾਂ ਇਹਦੇ ਵਾਸਤੇ ...

ਪੋਟਾ-ਪੋਟਾ ਦੁਖੀ ਹੋਈ ਕੁੜੀ ਦੀ ਇਹ ਕਹਿੰਦਿਆਂ ਭੁੱਬ ਨਿਕਲ ਗਈ। ਉਹ ਅਗਾਂਹ ਨਹੀਂ ਬੋਲ ਸਕੀ। ਕੁਝ ਦੇਰ ਮੇਰੇ ਦਫ਼ਤਰ ਵਿੱਚ ਸੋਗੀ ਹਵਾ ਛਾਈ ਰਹੀ। ਫਿਰ ਨਾਲ ਆਏ ਇੱਕ ਹੋਰ ਵਿਅਕਤੀ ਨੇ ਗੱਲ ਨੂੰ ਅਗਾਂਹ ਤੋਰਿਆ,ਇਹ ਮੇਰੀ ਛੋਟੀ ਭੈਣ ਐ ਜੀ, ਨਾਲ ਮੇਰੀ ਮਾਂ ਆਈ ਐ ...” ਬੁਝੇ ਜਿਹੇ ਮਨ ਨਾਲ ਮੁੰਡੇ ਨੇ ਗੱਲ ਨੂੰ ਅਗਾਂਹ ਤੋਰਿਆ,ਸੋ ਹੱਥ ਰੱਸਾ, ਸਿਰੇ ’ਤੇ ਗੰਢ ਵਾਲੀ ਗੱਲ ਐ ਜੀ, ਮੇਰੇ ਭਣੋਈਏ ਦੀ ਸਮੈਕ ਪੀਣ ਦੀ ਆਦਤ ਨੇ ਘਰ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ। ਅਰਸ਼ ਤੋਂ ਫਰਸ਼ ’ਤੇ ਪਟਕਾ ਕੇ ਮਾਰਿਐ, ਇਸ ਨੇ ਸਾਨੂੰ ਸਾਰਿਆਂ ਨੂੰ। ਇਹਦਾ ਵੱਡਾ ਭਰਾ ਇਹਦੀਆਂ ਕਰਤੂਤਾਂ ਕਾਰਨ ਅੱਡ ਵਿੱਢ ਐ। ਵਧੀਆ ਕਾਰੋਬਾਰ ਹੈ ਉਹਦਾ, ਪਰ ਇੱਧਰ ਮੇਰੀ ਭੈਣ ਲੋਕਾਂ ਦੇ ਭਾਂਡੇ ਮਾਂਜ ਕੇ ਅਤੇ ਹੋਰ ਬੰਨ੍ਹ ਸੁੱਬ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ, ਪਰ ਇਹਨੂੰ ਕੋਈ ਲਹੀ ਤਹੀ ਦੀ ਨਹੀਂ। ਨਸ਼ੇ ਖਾਤਰ ਘਰ ਦੀਆਂ ਸਾਰੀਆਂ ਚੀਜਾਂ ਵੇਚ ਦਿੱਤੀਆਂ ਨੇ।

ਸੋਗੀ ਮਾਹੌਲ ਵਿੱਚ ਮੁੰਡੇ ਨੇ ਗੱਲ ਨੂੰ ਅਗਾਂਹ ਤੋਰਿਆ,ਅੱਜ ਸਵੇਰੇ ਇਹਨੇ ਨਸ਼ੇ ਵਾਸਤੇ ਮੇਰੀ ਭੈਣ ਤੋਂ ਪੈਸੇ ਮੰਗੇ ਪਰ ਉਹਨੇ ਕੋਰਾ ਜਵਾਬ ਦੇ ਦਿੱਤਾ। ਬੱਸ, ਇਹਨੇ ਮੇਰੀ ਭੈਣ ਦੀ ਗੋਦੀ ਚੁੱਕਿਆ ਤਿੰਨ ਕੁ ਸਾਲ ਦਾ ਮੁੰਡਾ ਉਹਤੋਂ ਖੋਹ ਲਿਆ ਅਤੇ ਘਰੋਂ ਜਾਂਦਾ ਹੋਇਆ ਕਹਿ ਗਿਆ - ਮੁੰਡੇ ਨੂੰ ਵੇਚ ਕੇ ਸਮੈਕ ਲਵਾਂਗਾ। - ਇਹਦੇ ਇਸ ਕਾਰਨਾਮੇ ਨਾਲ ਘਰ ਵਿੱਚ ਤੜਥੱਲੀ ਮੱਚ ਗਈ। ਕੁੜੀ ਨੇ ਰੋ ਕੇ ਸਾਨੂੰ ਟੈਲੀਫੋਨ ਕਰ ਦਿੱਤਾ। ਅਸੀਂ ਸਾਰਿਆਂ ਨੇ ਇਹਦੀ ਤਲਾਸ਼ ਕੀਤੀ। 3-4 ਘੰਟਿਆਂ ਦੀ ਭੱਜ-ਦੌੜ ਤੋਂ ਬਾਅਦ ਇਹਨੂੰ ਕਾਬੂ ਕਰਕੇ ਤੁਹਾਡੇ ਕੋਲ ਇਲਾਜ ਲਈ ਲੈ ਕੇ ਆਏ ਹਾਂ। ਕਰੋ ਕੋਈ ਬੰਨ੍ਹ ਸੁੱਬ ... ਨਹੀਂ ਕੋਈ ਹੋਰ ਭਾਣਾ ਵਰਤੂ।

ਗੰਭੀਰ ਹਾਲਤ ਵੇਖਦਿਆਂ ਨਸ਼ਈ ਨੂੰ ਤੁਰੰਤ ਦਾਖਲ ਕਰ ਲਿਆ। ਇਲਾਜ ਕਰਕੇ ਨਸ਼ਾ ਮੁਕਤ ਕਰਨ ਉਪਰੰਤ ਚੰਗਾ ਬਾਪ, ਚੰਗਾ ਪਤੀ, ਚੰਗਾ ਪੁੱਤ ਅਤੇ ਚੰਗਾ ਨਾਗਰਿਕ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਮਾਨਸਿਕ, ਸਰੀਰਕ ਅਤੇ ਬੌਧਿਕ ਪੱਖ ਤੋਂ ਤੰਦਰੁਸਤ ਕਰਨ ਉਪਰੰਤ ਉਸ ਨੂੰ ਘਰ ਭੇਜਣ ਸਮੇਂ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ। ਆਪਣੇ ਉਸ ਤਿੰਨ ਸਾਲ ਦੇ ਪੁੱਤਰ ਨੂੰ ਸੀਨੇ ਨਾਲ ਲਾਉਂਦਿਆਂ ਉਹਦੇ ਅੱਥਰੂ ਆਪ ਮੁਹਾਰੇ ਵਹਿਣ ਲੱਗ ਪਏ। ਮੇਰੇ ਵੱਲ ਵਿਹੰਦਿਆਂ ਉਹ ਵਿਚਾਰਾ ਜਿਹਾ ਬਣ ਕੇ ਕਹਿ ਰਿਹਾ ਸੀ,ਸੱਚੀ ਸਰ, ਮੈਨੂੰ ਪਤਾ ਹੀ ਨਹੀਂ ਮੈਂ ਇਹ ਨੀਚ ਕਰਮ ... ਮੇਰੇ ਜਿਗਰ ਦਾ ਟੁਕੜਾ।” ਉਹ ਆਪਣੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਰੋ ਰਿਹਾ ਸੀ। ਫਿਰ ਪਤਨੀ, ਮਾਂ ਅਤੇ ਬੱਚੇ ਦੇ ਮਾਮੇ ਵੱਲ ਮੂੰਹ ਕਰਕੇ ਗਿੜਗਿੜਾਇਆ,ਮੈਂ ਤਾਂ ਥੋਡੇ ਕੋਲੋਂ ਮੁਆਫ਼ੀ ਮੰਗਣ ਜੋਗਾ ਵੀ ਨਹੀਂ ...

ਉਹ ਸੀਨ ਬਹੁਤ ਹੀ ਭਾਵੁਕ ਸੀ ਜਦੋਂ ਨਸ਼ਾ ਮੁਕਤ ਹੋਏ ਵਿਅਕਤੀ ਦੀ ਬਜ਼ੁਰਗ ਮਾਂ, ਸੱਸ, ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੇ ਸਨ ਅਤੇ ਮੈਂ ਅਸੀਸਾਂ ਦੇ ਵਰ੍ਹਦੇ ਮੀਂਹ ਵਿੱਚ ਮਾਨਸਿਕ ਸਕੂਨ ਪ੍ਰਾਪਤ ਕਰਦਿਆਂ ਗੰਭੀਰ ਹੋ ਕੇ ਸੋਚ ਰਿਹਾ ਸੀ,ਨਸ਼ਿਆਂ ਦੀ ਮਾਰੂ ਹਨੇਰੀ ਦੇ ਸੰਤਾਪ ਕਾਰਨ ਘਰਾਂ ਵਿੱਚੋਂ ਆ ਰਹੀਆਂ ਕੀਰਨਿਆਂ ਦੀ ਆਵਾਜ਼ਾਂ ਨੂੰ ਠੱਲ ਕਿੰਜ ਪਵੇਗੀ?

*****

(1133)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)