DarshanSRiar7ਵਿਸ਼ਵ ਦੇ ਗਲੋਬਲ ਪਿੰਡ ਬਣ ਜਾਣ ਉਪਰੰਤ ਹੁਣ ਸਮਾਂ ਆ ਗਿਆ ਹੈ ਕਿ ਹੱਦਾਂ ਤੇ ਸਰਹੱਦਾਂ ਦੀਆਂ ਪਾਬੰਦੀਆਂ ...
(27 ਅਪਰੈਲ 2018)

 

ਆਮ ਤੌਰ ’ਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਹੀ ਲੋਕ ਪ੍ਰਵਾਸ ਨੂੰ ਤਰਜੀਹ ਦੇਂਦੇ ਹਨ। ਇਹਦੇ ਵਿੱਚ ਕਈ ਤਰ੍ਹਾਂ ਦੀਆਂ ਲੋੜਾਂ ਅਤੇ ਮਜਬੂਰੀਆਂ ਛਿਪੀਆਂ ਹੁੰਦੀਆਂ ਹਨ। ਭਾਰਤੀ ਮੂਲ ਦੇ ਵਸਨੀਕਾਂ ਦਾ ਅਮਰੀਕਾ, ਇੰਗਲੈਂਡ ਅਤੇ ਯੂਰਪ ਦੇ ਹੋਰ ਦੇਸ਼ਾਂ ਨੂੰ ਪ੍ਰਵਾਸ ਵੀਹਵੀਂ ਸਦੀ ਦੇ ਪਹਿਲੇ ਦੂਜੇ ਦਹਾਕੇ ਤੋਂ ਹੀ ਸ਼ੁਰੂ ਹੋ ਗਿਆ ਸੀ। ਜਲਦੀ ਪਿੱਛੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਜਿਸ ਨਾਲ ਪ੍ਰਵਾਸ ਵੀ ਕੁਝ ਸਮੇਂ ਲਈ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਉਸ ਵੇਲੇ ਭਾਰਤ ਕਿਉਂਕਿ ਅੰਗਰੇਜ਼ਾਂ ਦੀ ਇਕ ਬਸਤੀ ਸੀ ਤੇ ਉਨ੍ਹਾਂ ਦੇ ਅਧੀਨ ਭਾਰਤੀ ਫੌਜ ਵਿਚਲੇ ਸਿਪਾਹੀ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਬਾਹਰ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਗਏ ਸਨ। ਹੁਣ ਤਾਂ ਦੁਨੀਆਂ ਦਾ ਕੋਈ ਵਿਰਲਾ ਹੀ ਅਜਿਹਾ ਦੇਸ਼ ਹੋਵੇਗਾ ਜਿੱਥੇ ਭਾਰਤੀ ਅਤੇ ਖਾਸ ਕਰ ਪੰਜਾਬੀ ਨਾ ਵੱਸੇ ਹੋਣ। ਬਿਹਾਰ ਪ੍ਰਾਂਤ ਵਿੱਚ ਕਿਸੇ ਸਮੇਂ ਆਲੂ ਤੇ ਲਾਲੂ ਦਾ ਜਲਵਾ ਭਾਰੀ ਰਿਹਾ ਸੀ। ਪਰ ਪੰਜਾਬੀ ਅਤੇ ਆਲੂ ਬਾਰੇ ਤਾਂ ਕਹਾਵਤ ਸਦਾਬਹਾਰ ਹੀ ਬਣ ਚੁੱਕੀ ਹੈ ਕਿ ਇਹ ਦੋਵੇਂ ਦੁਨੀਆਂ ਦੇ ਹਰ ਹਿੱਸੇ ਵਿਚ ਉਪਲਬਧ ਹੁੰਦੇ ਹਨ। ਆਲੂ ਪਿਆਜ ਤੋਂ ਬਿਨਾਂ ਜਿਵੇਂ ਸਬਜ਼ੀ ਦਾ ਸੁਆਦ ਅਧੂਰਾ ਹੁੰਦਾ ਹੈ, ਉਸ ਤਰ੍ਹਾਂ ਹੀ ਜਿੱਥੇ ਪੰਜਾਬੀ ਨਾ ਪਹੁੰਚਣ ਉੱਥੋਂ ਦੇ ਕਲਚਰ ਵਿੱਚ ਰੰਗੀਨੀ ਨਹੀਂ ਆਉਂਦੀ। ਪਹਿਲੇ ਸਿੱਖ ਗੁਰੂ, ਬਾਬਾ ਨਾਨਕ ਦੇਵ ਜੀ ਨੇ ਪ੍ਰਵਾਸ ਨੂੰ ਕੁਦਰਤ ਦੇ ਅਰਥਚਾਰੇ ਨਾਲ ਜੋੜਕੇ ਬਹੁਤ ਸੁੰਦਰ ਲਫਜ ਪ੍ਰਗਟਾਏ ਹਨ;

ਨੱਕ ਨੱਥ, ਖਸਮ ਹੱਥ, ਰਿਜਕ ਧੱਕੇ ਦੇਹ,
ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੇ!

ਇਸ ਬ੍ਰਹਿਮੰਡ ਅਤੇ ਸ੍ਰਿਸ਼ਟੀ ਦੀ ਰਚਨਾ ਕੁਦਰਤ ਦੇ ਕਾਦਰ ਨੇ ਬੜੇ ਵਿਗਿਆਨਕ ਢੰਗ ਨਾਲ ਕੀਤੀ ਹੈ। ਵਿਗਿਆਨ ਦਾ ਆਪਣਾ ਇਕ ਅਸੂਲ ਹੈ। ਇਹਨੂੰ ਹਰ ਵਿਸ਼ੇ ਦਾ ਸਿਲਸਲੇ ਵਾਰ ਅਧਿਐਨ ਕਰਨ ਵਾਲੀ ਵਿਧੀ ਕਿਹਾ ਜਾਂਦਾ ਹੈ ਜਿਸ ਵਿੱਚ ਹਰੇਕ ਚੀਜ਼ ਦੇ ਕਾਰਨ ਅਤੇ ਪ੍ਰਭਾਵ ਦਾ ਪੂਰਾ ਬਿੳਰਾ ਦਰਸਾਇਆ ਜਾਂਦਾ ਹੈ। ਇਸ ਵਿਧੀ ਵਿਧਾਨ ਦੁਆਰਾ ਹੀ ਕੁਦਰਤ ਨੇ ਮਨੁੱਖ ਮਾਤਰ ਦਾ ਕਰਮ ਅਤੇ ਕਾਰਜ ਖੇਤਰ ਨਿਸ਼ਚਤ ਕੀਤਾ ਹੈ ਜਿਸ ਅਨੁਸਾਰ ਉਹ ਵਿਸ਼ਵ ਦੇ ਵੱਖ ਵੱਖ ਭੂਖੰਡਾਂ ਵਿੱਚ ਵਿਚਰ ਕੇ ਜੀਵਨ ਨਿਰਬਾਹ ਲਈ ਮਿਹਨਤ ਮਜ਼ਦੂਰੀ ਵੀ ਕਰਦਾ ਹੈ ਅਤੇ ਸਾਧਨ ਵੀ ਜਟਾਉਂਦਾ ਹੈ। ਸਮਾਜ ਦੇ ਬਸ਼ਿੰਦੇ ਇਸ ਮਨੁੱਖ ਦੀਆਂ ਲੋੜਾਂ ਅਸੀਮਤ ਅਤੇ ਨਿਰੰਤਰ ਵਧਦੀਆਂ ਹੋਣ ਕਾਰਨ ਉਹ ਕਿਸੇ ਵੀ ਇੱਕ ਖਿੱਤੇ ਤੱਕ ਸੀਮਤ ਨਹੀ ਰਹਿੰਦਾ। ਘਰਾਂ-ਪਰਿਵਾਰਾਂ, ਕਬੀਲਿਆਂ ਤੋਂ ਉਪਜਦਾ ਹੋਇਆ ਇਹ ਮਨੁੱਖੀ ਕਾਫਲਾ ਕਦੇ ਜੰਗਲਾਂ ਤੇ ਪਹਾੜਾਂ ਦੀਆਂ ਖੁੰਦਰਾਂ ਵਿੱਚ ਲੁੱਕ ਛਿਪਕੇ ਗੁਜ਼ਾਰਾ ਕਰਦਾ ਸੀ ਫਿਰ ਇਹਨੇ ਦਰਿਆਵਾਂ ਤੇ ਨਦੀਆਂ ਦੇ ਕੰਢੇ ਰੌਣਕ ਲਾਈ। ਪਿੰਡਾਂ ਤੋਂ ਸ਼ਹਿਰ, ਸ਼ਹਿਰਾਂ ਤੋਂ ਦੇਸ਼ ਬਣੇ। ਭੂਗੋਲਿਕ ਲੀਕਾਂ ਖਿੱਚੀਆਂ ਗਈਆਂ। ਲਾਲਚ, ਹਵਸ ਅਤੇ ਹਊਮੈ ਨੇ ਕਤਲੋਗਾਰਤ ਅਤੇ ਲੜਾਈਆਂ ਨੂੰ ਜਨਮ ਦਿੱਤਾ। ਧਨ-ਪਦਾਰਥਾਂ ਦੀ ਹੋੜ ਅਤੇ ਅਮੀਰੀ ਦੀ ਚਾਹਤ ਨੇ ਮਨੁੱਖੀ ਦਿਮਾਗ ਵਿੱਚ ਹੋਰ ਤੋਂ ਹੋਰ ਜਾਨਣ ਦੀ ਪ੍ਰਬਲ ਇੱਛਾ ਕਾਇਮ ਕੀਤੀ। … ਵੱਖ ਵੱਖ ਦੇਸ਼ਾਂ ਦੇ ਵਿਧੀ ਵਿਧਾਨ ਮਨੁੱਖੀ ਜਗਿਆਸਾ ਨੂੰ ਚਾਰ ਦੀਵਾਰੀਆਂ ਜਾਂ ਲਕੀਰਾਂ ਤੱਕ ਸੀਮਤ ਨਹੀਂ ਰੱਖ ਸਕੇ। ਚਾਹੇ ਲੜਾਈਆਂ-ਝਗੜੇ, ਅੱਤਵਾਦ ਵੱਖਵਾਦ, ਕੱਟ ਵੱਢ ਤੇ ਸਾੜ ਫੂਕ ਵਿਸ਼ਵ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਚਾਲੂ ਹੀ ਰਹਿੰਦੀ ਹੈ, ਫਿਰ ਵੀ ਸਭ ਲਕੀਰਾਂ ਉਲੰਘਦੇ ਹੋਏ ਮਨੁੱਖੀ ਜੀਵ ਇੱਕ ਦੂਜੇ ਦੇਸ਼ ਵਿੱਚ ਆਨੇ ਬਹਾਨੇ ਜਾਕੇ ਰਹਿਣ ਅਤੇ ਵਸ ਕੇ ਉੱਥੋਂ ਦੇ ਹੀ ਬਣ ਜਾਣ ਦੇ ਹੀਲੇ ਵਸੀਲੇ ਜਟਾਉਂਦੇ ਜਟਾਉਂਦੇ ਸਮੁੱਚੇ ਵਿਸ਼ਵ ਨੂੰ ਹੁਣ ਇਕ ਗਲੋਬਲ ਪਿੰਡ ਬਣਾਉਣ ਵਿੱਚ ਸਫਲ ਹੋ ਗਏ ਹਨ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੁਦਰਤ ਵੱਲੋਂ ਹੀ ਮਨੁੱਖੀ ਮਨ ਵਿੱਚ ਉਪਜਿਆ ਮੂਲ, ਭੂਗੋਲਿਕ ਖਿੱਤੇ ਦਾ ਮੋਹ ਜੀਹਨੂੰ ਕਾਵਿਕ ਭਾਸ਼ਾ ਵਿੱਚ ‘ਛੱਜੂ ਦਾ ਚੁਬਾਰਾ’ ਵੀ ਕਿਹਾ ਹੈ; ਅਰਥਾਤ “ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ”। ਤੇ ਇੰਜ ਪ੍ਰਵਾਸ ਹੰਡਾ ਕੇ ਉੱਥੋਂ ਦੇ ਸ਼ਾਨਾਮੱਤੇ ਸ਼ਹਿਰੀ ਬਣ ਕੇ ਰਹਿ ਰਹੇ ਨਾਗਰਿਕਾਂ ਦੇ ਮਨਾਂ ਵਿੱਚ ਵੀ ਆਪਣੇ ਮੂਲ ਵਤਨਾਂ ਦੀ ਸਿੱਕ ਜਿਉਂ ਦੀ ਤਿਉਂ ਹੀ ਪ੍ਰਬਲ ਰਹਿੰਦੀ ਹੈ।

ਉਂਝ ਕੁਦਰਤ ਵੀ ਬੜੀ ਬੇਅੰਤ ਹੈ। ਇਹਨੇ ਮਨੁੱਖੀ ਮਨ ਨੂੰ “ਭੁੱਲ ਜਾਣ ਦੀ ਆਦਤ” ਨਾਲ ਲਬਰੇਜ਼ ਕੀਤਾ ਹੈ, ਜਿਸਦੇ ਫਲ ਸਰੂਪ ਮਨੁੱਖ ਦਰਦ-ਵਿਛੋੜੇ, ਤੰਗੀਆਂ-ਤੁਰਸ਼ੀਆਂ, ਮੌਤਾਂ-ਜੁਦਾਈਆਂ ਦੇ ਸਦਮੇਂ, ਸਮੇਂ ਦੇ ਵੇਗ ਵਿੱਚ ਖੁਦ ਬਖੁਦ ਭੁੱਲ ਜਾਂਦਾ ਹੈ ਪਰ ਛੱਜੂ ਦੇ ਚੁਬਾਰੇ ਵਾਲਾ ਮੋਹ ਪੰਜਾਬ ਦੇ ਜੰਮਿਆਂ ਨੂੰ ਅਮ੍ਰਿਤਸਰ ਵਿਚਲੇ ‘ਹਰਿਮੰਦਰ’ ਦੀ ਝਲਕ ਦੀ ਸਿੱਕ, ਆਗਰੇ ਦਾ ਤਾਜ, ਹਿਮਾਚਲ ਦੀਆਂ ਵਾਦੀਆਂ ਦੀ ਝਲਕ ਤੇ ਚਾਅ ਸਦਾ ਬਰਕਰਾਰ ਰਹਿੰਦੀ ਹੈ। ਮਨੁੱਖੀ ਵਿਕਾਸ ਨਾਲ ਦੇਸਾਂ ਦੇ ਪ੍ਰਫੁੱਲਤ ਤੇ ਸੰਗਠਿਤ ਹੋਣ ਉਪਰੰਤ ਇਕ ਅਜਿਹਾ ਸਮਾਂ ਆਇਆ ਜਦੋਂ ਵਿਸ਼ਵ ਭਰ ਵਿੱਚ ਸਭ ਤੋਂ ਚਲਾਕ, ਹੁਸ਼ਿਆਰ ਤੇ ਨੀਤੀਵਾਨ ਸਮਝੇ ਜਾਣ ਵਾਲੇ ਇੰਗਲੈਂਡ ਦੇ ਗੋਰੇ ਅੰਗਰਰਜ਼ਾਂ ਨੇ ਵਿਸ਼ਵ ਭਰ ਵਿੱਚ ਹੀ ਆਪਣਾ ਯੂਨੀਅਨ ਜੈਕ ਲਹਿਰਾ ਕੇ ਇੱਕ ਨਵੇਂ ਮੁਹਾਵਰੇ ਨੂੰ ਜਨਮ ਦੇ ਦਿੱਤਾ ਸੀ ਕਿ ਅੰਗਰੇਜ ਸਾਮਰਾਜ ਇੰਨਾ ਵਿਸ਼ਾਲ ਹੋ ਗਿਆ ਹੈ ਜਿਸ ਵਿੱਚ ਸੂਰਜ ਛਿਪਦਾ ਹੀ ਨਹੀ। ਅੱਜ ਦਾ ਵਿਸ਼ਵ ਦਾ ਪੁਲਿਸਮੈਨ ਬਣਿਆ ਅਮਰੀਕਾ ਵੀ ਕਦੇ ਇੰਗਲੈਂਡ ਦੀ ਹੀ ਬਸਤੀ ਬਣ ਗਈ ਸੀ ਪਰ ਉਨ੍ਹਾਂ ਦੇ ਚੁੰਗਲ ਵਿੱਚੋਂ ਅਜ਼ਾਦ ਹੋਣ ਦਾ ਪਹਿਲਾ ਮਾਣ ਵੀ ਸ਼ਾਇਦ ਅਮਰੀਕਾ ਨੂੰ ਹੀ ਮਿਲਿਆ ਸੀ। ਅਮਰੀਕਾ ਅਤੇ ਕੈਨੇਡਾ ਵਿੱਚ ਕਠਨ ਮੰਜ਼ਿਲਾਂ ਵਿੱਚੋ ਗੁਜ਼ਰਦੇ ਹੋਏ ਪ੍ਰਵਾਸ ਉੁਪਰੰਤ ਪਹੁੰਚੇ ਪਹਿਲੇ ਪੰਜਾਬੀਆਂ ਨੇ ਉੱਥੇ ਸਖਤ ਮਿਹਨਤ ਕੀਤੀ ਅਤੇ ਅਮਰੀਕਨਾਂ ਤੋਂ ਹੀ ਦੇਸ਼ ਅਜ਼ਾਦੀ ਦੀ ਗੁੜ੍ਹਤੀ ਲੈ ਕੇ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ ਅਤੇ ਹਰਨਾਮ ਸਿੰਘ ਟੁੰਡੀਲਾਟ ਆਦਿ ਨੇ ਅਜ਼ਾਦੀ ਦਾ ਬਿਗਲ ਵਜਾ ਦਿੱਤਾ।

ਰਾਜਸ਼ਾਹੀ ਰਜਵਾੜੇ ਅਤੇ ਜੱਦੀ ਪੁਸ਼ਤੀ ਰਾਜ ਘਰਾਣਿਆਂ ਦੀ ਹਕੂਮਤ ਤੋਂ ਮੁਕਤੀ ਉਪਰੰਤ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਫਿਲਾਸਫੀ ’ਤੇ ਅਧਾਰਤ ‘ਲੋਕ ਰਾਜ’ ਅਥਵਾ ਡੈਮੋਕਰੇਸੀ ਦਾ ਮੁੱਢ ਬੱਝਾ। ਅਬਰਾਹਮ ਲਿੰਕਨ ਦੇ ਸਮੇਂ ਤੱਕ ਅਮਰੀਕਾ ਵਿੱਚ ਵੀ ਸਰਮਾਏਦਾਰਾਂ ਦੁਆਰਾ ਮਨੁੱਖਾਂ ਨੂੰ ਗੁਲਾਮ ਰੱਖਣ ਦਾ ਰਿਵਾਜ ਵੱਡੇ ਤੌਰ ’ਤੇ ਪ੍ਰਚੱਲਤ ਸੀ। ਲਿੰਕਨ ਦੁਆਰਾ ਪ੍ਰਭਾਸ਼ਿਤ ਲੋਕਰਾਜ ਦੀ ਪ੍ਰੀਭਾਸ਼ਾ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਨੇ ਸਾਰੇ ਨਾਗਰਿਕਾਂ ਲਈ ਬਰਾਬਰਤਾ ਦਾ ਰਾਹ ਪੱਧਰਾ ਕੀਤਾ। ਗੁਲਾਮ ਪ੍ਰਥਾ ਨੂੰ ਖਤਮ ਕਰਨ ਵਾਲਾ, ਗਰੀਬ ਪਰਿਵਾਰ ਤੋਂ ਉੱਠ ਕੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਵਾਲਾ ਅਬਰਾਹਮ ਲਿੰਕਨ ਆਪਣੀ ਦੂਸਰੀ ਪਾਰੀ ਦੇ ਸ਼ੁਰੂ ਵਿੱਚ ਹੀ ਗੁਲਾਮ ਪ੍ਰਥਾ ਦੇ ਸਮਰਥਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਸਾਡੇ ਏਸ਼ੀਅਨ ਖਿੱਤੇ ਦੇ ਦੇਸ਼ਾਂ ਦੇ ਲੋਕ ਰਾਜਾਂ ਅਤੇ ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਦੇ ਲੋਕ ਰਾਜਾਂ ਵਿੱਚ ਬਹੁਤ ਅੰਤਰ ਹੈ। ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਰਪਿਤ ਹੋ ਕੇ ਈਮਾਨਦਾਰੀ ਨਾਲ ਕੰਮ ਕਰਦੀਆਂ ਹਨ ਜਦੋਂ ਕਿ ਇੱਥੇ ਸਾਡੇ ਤਾਂ ਰਾਜਨੀਤਕ ਨੇਤਾ ਤੇਜ਼ੀ ਨਾਲ ਅਮੀਰ ਹੋ ਰਹੇ ਹਨ ਜਦੋਂ ਕਿ ਦੇਸ਼ ਅਤੇ ਆਮ ਲੋਕਾਂ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਜੇ ਸਰਕਾਰਾਂ ਤਨਦੇਹੀ ਨਾਲ ਦੇਸ਼ ਲਈ ਸਮਰਪਿਤ ਹੋ ਕੇ ਆਪਣੇ ਅਧਿਕਾਰਾਂ ਅਤੇ ਕਰਤਵਾਂ ਦੀ ਪਾਲਣਾ ਈਮਾਨਦਾਰੀ ਨਾਲ ਦੇਸ਼ ਹਿਤ ਅਤੇ ਲੋਕ ਹਿਤ ਵਿੱਚ ਕਰਨ ਤਾਂ ਕੋਈ ਕਾਰਨ ਨਹੀਂ ਹੈ ਕਿ ਏਡੀ ਵੱਡੀ, ਪੁਰਾਣੀ ਅਤੇ ਅਮੀਰ ਸਭਿਅਤਾ ਅਤੇ ਵਿਰਸੇ ਵਾਲੇ ‘ਸੋਨੇ ਦੀ ਚਿੜੀ’ ਰਹੇ ਭਾਰਤ ਦੇ ਵਸਨੀਕਾਂ ਨੂੰ ਏਜੰਟਾਂ ਦੇ ਢਹੇ ਚੜ੍ਹ ਕੇ ਜਾਂ ਫਿਰ ਵਿੰਗੇ ਟੇਡੇ ਤਰੀਕੇ ਅਖਤਿਆਰ ਕਰਕੇ ਪ੍ਰਵਾਸ ਵਾਲਾ ਅੱਕ ਚੱਬਣਾ ਪਵੇ। ਇਹਨੂੰ ਸਰਕਾਰਾਂ ਦੀ ਨਲਾਇਕੀ ਹੀ ਕਿਹਾ ਜਾ ਸਕਦਾ ਹੈ ਜਦੋਂ ਕਿਸੇ ਦੇਸ਼ ਦੇ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਵੀ ਰੁਜ਼ਗਾਰ ਨਾ ਮਿਲੇ ਤੇ ਉਹਨਾਂ ਨੂੰ ਵਿਦੇਸ਼ਾਂ ਦੀ ਧੂੜ ਫੱਕਣ ਲਈ ਮਜਬੂਰ ਹੋਣਾ ਪਵੇ?

ਪ੍ਰਵਾਸ ਕੋਈ ਸੌਖਾ ਨਹੀਂ ਹੁੰਦਾਥੋੜ੍ਹੀ ਕੀਤੇ ਕੋਈ ਵੀ “ਛੱਜੂ ਦਾ ਚੁਬਾਰਾ” ਛੱਡਣਾ ਨਹੀਂ ਚਾਹੁੰਦਾ। ਪਰ ਜੇ ਛੱਜੂ ਦਾ ਚਬਾਰਾ ਹੀ ਠਣ ਠਣ ਗੋਪਾਲ ਹੋ ਜਾਏ, ਬੇਰੁਜ਼ਗਾਰੀ, ਮਹਿੰਗਾਈ ਤੇ ਗਰੀਬੀ ਦੀ ਵਜ੍ਹਾ ਕਾਰਨ ਜੇ ਉਹ ਆਪਣੇ ਬਸ਼ਿੰਦਿਆਂ ਦੇ ਪੇਟ ਭਰਨੋ ਵੀ ਅਸਮਰਥ ਹੋ ਜਾਏ ਤਾਂ ਫਿਰ ਪਾਪੀ ਪੇਟ ਦੀ ਖਾਤਰ ਉਹ ਚੁਬਾਰਾ ਛੱਡਣ ਦੀ ਨੌਬਤ ਆ ਜਾਂਦੀ ਹੈ। ... ਢਿਰ ਪ੍ਰਵਾਸ ਲਈ ਮੋਟੀਆਂ ਰਕਮਾਂ ਦਾ ਵੀ ਪ੍ਰਬੰਧ ਕਰਨਾ ਪੈਂਦਾ ਹੈ ਜਿਸ ;ਈ ਜਾਇਦਾਦਾਂ ਵਿਕ ਜਾਂਦੀਆਂ ਹਨ ਅਤੇ ਕਰਜ਼ੇ ਸਿਰ ਚੜ੍ਹ ਜਾਂਦੇ ਹਨ। ਬਿਗਾਨੇ ਦੇਸ਼ ਵਿੱਚ ਜਾ ਕੇ ਸੈਟਲ ਹੋਣਾ ਵੀ ਖਾਲਾ ਜੀ ਦਾ ਵਾੜਾ ਨਹੀ ਹੁੰਦਾ? ਬੜੀ ਲੰਬੀ ਘਾਲਣਾ ਬਾਦ ਹੀ ਪੱਕੀ ਰਹਾਇਸ਼ ਅਤੇ ਨਾਗਰਿਕਤਾ ਪ੍ਰਾਪਤ ਹੁੰਦੀ ਹੈ ਨਹੀ ਤਾਂ ਦੂਜੇ ਦਰਜੇ ਦੇ ਸ਼ਹਿਰੀ ਵਜੋਂ ਹੀ ਵਿਹਾਰ ਹੁੰਦਾ ਹੈ। ਅਮਰੀਕਾ ਵਿੱਚ ਵਾਪਰੇ 9/11 ਵਾਲੇ ਘਟਨਾ ਕ੍ਰਮ ਤੋਂ ਬਾਦ ਅਨੇਕਾਂ ਸਿੱਖ ਅਤੇ ਪੰਜਾਬੀ, ਅਮਰੀਕਾ ਵਰਗੇ ਸੁਲਝੇ ਦੇਸ਼ ਵਿੱਚ ਵੀ ਨਸਲੀ ਹਿੰਸਾ ਦਾ ਸ਼ਿਕਾਰ ਹੋ ਗਏ ਸਨ।

ਮਨੁੱਖੀ ਮਨਾਂ ਦੀਆਂ ਵਲਗਣਾਂ, ਸੀਮਤ ਸੋਚਾਂ ਅਤੇ ਸਵਾਰਥੀ ਵਰਤਾਰੇ ਤੋਂ ਉਲਟ, ਵਿਸ਼ਵ ਦੇ ਗਲੋਬਲ ਪਿੰਡ ਬਣ ਜਾਣ ਉਪਰੰਤ ਹੁਣ ਸਮਾਂ ਆ ਗਿਆ ਹੈ ਕਿ ਹੱਦਾਂ ਤੇ ਸਰਹੱਦਾਂ ਦੀਆਂ ਪਬੰਦੀਆਂ ਹਟਾ ਦਿੱਤੀਆਂ ਜਾਣ। ਵਿਸ਼ਵ ਦੇ ਨੇਤਾ ਜੇ ਆਪਣੀਆਂ ਰਾਜਨੀਤਕ ਉਲਝਣਾਂ ਨੂੰ ਦਰ ਕਿਨਾਰ ਕਰਕੇ ਸਰਬੱਤ ਦੇ ਭਲੇ ਵਾਲਾ ਰਾਹ ਅਖਤਿਆਰ ਕਰ ਲੈਣ, ਇੱਕ ਦੂਜੇ ਦੇਸ਼ ਦੇ ਬਸ਼ਿੰਦਿਆਂ ਦਾ ਇੱਧਰ ਉੱਧਰ ਪ੍ਰਵਾਸ ਸੁਖਾਲਾ ਹੋ ਜਾਵੇ ਤਾਂ ਮਨੁੱਖਤਾ ਅਤੇ ਵਿਕਾਸ ਦਾ ਵੀ ਸੰਤੁਲਨ ਹੋ ਜਾਵੇਗਾ। ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਦੀ ਸਮੱਸਿਆ ਆਪਣੇ ਆਪ ਖਤਮ ਹੋ ਜਾਵੇਗੀ। ਧਨ ਦੀ ਕਾਣੀ ਵੰਡ ਖਤਮ ਹੋਵੇ, ਹਰੇਕ ਨੂੰ ਰੁਜ਼ਗਾਰ ਮਿਲੇ ਤਾਂ ਲੜਾਈ ਝਗੜੇ ਤੇ ਜ਼ੁਲਮਾਂ ਲਈ ਕੋਈ ਥਾਂ ਹੀ ਨਹੀਂ ਬਚਦੀ। ਵਿਹਲਾ, ਭੁੱਖਾ ਅਤੇ ਲਾਲਚੀ ਸੁਆਰਥੀ ਮਨ ਹੀ ਨਵੀਆਂ ਗੋਂਦਾ ਗੁੰਦਦਾ ਹੈ। ਜਦੋਂ ਹਰ ਕੋਈ ਆਪੋ ਆਪਣੀ ਲੋੜ ਅਨੁਸਾਰ ਮਸਰੂਫ ਹੋਵੇਗਾ, ਸਰਕਾਰ ਤੇ ਪ੍ਰਸ਼ਾਸਨ ਈਮਾਨਦਾਰ ਹੋਣਗੇ ਤਾਂ ਫਿਰ ਅਨਹੋਣੀ ਕਿਉਂ ਹੋਊ?

ਪਰ ਇੰਜ ਹੋਣਾ ਇੰਨਾ ਸੌਖਾ ਨਹੀਂ, ਜਿੰਨਾ ਮਹਿਜ਼ ਲਿਖ ਦੇਣਾ। ਮਨੁੱਖੀ ਮਨ ਦੀ ਲਾਲਸਾ ਅਤੇ ਹਊਮੈ ਹੰਕਾਰ ਹੀ ਸਭ ਤੋਂ ਵੱਡੀ ਰੁਕਾਵਟ ਹੈ। ਹਾਲਾਂ ਕਿ ਮਨੁੱਖ ਨਾਸ਼ਵਾਨ ਹੈ ਪਰ ਉਹ ਨੂੰ ਇਹ ਗੱਲ ਕੇਵਲ ਉਦੋਂ ਹੀ ਯਾਦ ਆਂਉਦੀ ਹੈ ਜਦੋਂ ਸਾਹਮਣੇ ਕਿਸੇ ਦੀ ਮੌਤ ਹੋਵੇ। ਪਰ ਉਹਦੇ ਸਸਕਾਰ ਉਪਰੰਤ ਫਿਰ ਇਹ ਸਭ ਕੁੱਝ ਭੁੱਲ ਜਾਂਦਾ ਹੈ ਤੇ ਫਿਰ ਉਹ ਸਵਾਰਥ ਦੀ ਘੋੜੀ ’ਤੇ ਸਵਾਰ ਹੋ ਜਾਂਦਾ ਹੈ।

ਸੱਤਾ ਦੀ ਕੁਰਸੀ ’ਤੇ ਕਾਬਜ਼ ਹਾਕਮ ਆਮ ਨਾਗਰਿਕ ਨੂੰ ਕੇਵਲ ਵੋਟ ਦਾ ਅਧਿਕਾਰ ਦੇਣ ਨੂੰ ਹੀ ਲੋਕ ਰਾਜ ਤਸਲੀਮ ਕਰ ਬਹਿੰਦਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਮਹਿਜ਼ ਵੋਟ ਅਧਿਕਾਰ ਹੀ ਲੋਕ ਰਾਜ ਨਹੀਂ ਹੁੰਦਾ। ਲੋਕਾਂ ਦਾ, ਲੋਕਾਂ ਅਤੇ ਲੋਕਾਂ ਦੁਆਰਾ ਰਾਜ ਲੋਕ ਰਾਜ ਹੁੰਦਾ ਹੈ ਵਿੱਦਿਆ ਲਈ ਸਰਕਾਰੀ ਸਕੂਲ ਕਾਲਜ ਹੀ ਲੋਕਾਂ ਦੇ ਹੁੰਦੇ ਹਨ, ਸਰਕਾਰੀ ਹਸਪਤਾਲ ਹੀ ਲੋਕਾਂ ਦੇ ਹੁੰਦੇ ਹਨ ਇਹ ਪ੍ਰਫੁੱਲਤ ਅਤੇ ਆਧੁਨਿਕ ਸਾਜ਼ੋ ਸਮਾਨ ਨਾਲ ਲੈਸ ਹੋਣੇ ਚਾਹੀਦੇ ਹਨ। ਨਿੱਜੀ ਖੇਤਰ ਦੇ ਚਾਹੇ ਸਕੂਲ ਕਾਲਜ ਹੋਣ, ਚਾਹੇ ਹਸਪਤਾਲ, ਸਭ ਲੁੱਟ ਦੇ ਅੱਡੇ ਬਣ ਕੇ ਵਿਚਰਦੇ ਹਨ, ਉਨ੍ਹਾਂ ਨੂੰ ਕੇਵਲ ਆਪਣਾ ਵਪਾਰ ਪ੍ਰਫੁੱਲਤ ਕਰਨ ਦੀ ਚੇਸ਼ਟਾ ਹੁੰਦੀ ਹੈ। ਵੋਟਾਂ ਪਾ ਕੇ ਚੁਣੇ ਜਾਣ ਵਾਲੇ ਉਮੀਦਵਾਰ ਸੇਵਾ ਕਰਨ ਲਈ ਚੁਣੇ ਜਾਂਦੇ ਹਨ, ਹਾਕਮ ਬਣਨ ਲਈ ਨਹੀਂ। ਸਾਰਾ ਤਾਣਾ ਬਾਣਾ ਤਾਂ ਉਨ੍ਹਾਂ ਦੀ ਜੀ ਹਜ਼ੂਰੀ ਅਤੇ ਰੱਖਿਆ ਲਈ ਪੱਬਾਂ ਭਾਰ ਹੋਇਆ ਰਹਿੰਦਾ ਹੈ, ਏਹੀ ਸਾਡਾ ਤੇ ਪੱਛਮੀ ਕਲਚਰ ਦਾ ਫਰਕ ਹੈ। ਵੋਟਾਂ ਬਾਦ ਵੋਟਰਾਂ ਨੂੰ ਨੇਤਾ ਲੱਭਦੇ ਹੀ ਨਹੀਂ ਜਦੋਂ ਕਿ ਅਸਲ ਵਿੱਚ ਵੋਟਰਾਂ ਦਾ ਫਿਕਰ ਕਰਨ ਦੀ ਜ਼ਿੰਮੇਵਾਰੀ ਨੇਤਾਵਾਂ ਦੀ ਹੁੰਦੀ ਹੈ। ਉਹ ਤਾਂ ਮਹਿਜ਼ ਮੁਫਤ ਜਾਂ ਫਿਰ 10-15 ਰੁਪਏ ਰੋਜ਼ਾਨਾ ਦੀਆਂ ਪੈਨਸ਼ਨਾਂ ਦੀ ਘੋਸ਼ਣਾ ਕਰਕੇ ਲੋਕਾਂ ਦੇ ਜਜ਼ਬਾਤ ਭੜਕਾ ਕੇ ਉਨ੍ਹਾਂ ਨੂੰ ਬਲੈਕ ਮੇਲ ਕਰਦੇ ਹਨ। ਸਰਕਾਰੀ ਸਹੂਲਤਾਂ ਨਾਗਰਿਕਾਂ ਨੂੰ ਅਹਿਸਾਨ ਵਜੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਵੇਂ ਨੇਤਾ ਲੋਕ ਆਪਣੇ ਘਰੋਂ ਦੇਂਦੇ ਹੋਣ।

ਜਿੰਨਾ ਚਿਰ ਤੱਕ ਨਾਗਰਿਕ ਆਪਣੇ ਅਧਿਕਾਰਾਂ ਤੇ ਫਰਜ਼ਾਂ ਤੋਂ ਜਾਣੂ ਨਹੀਂ ਹੁੰਦੇ, ਉਹ ਜਜ਼ਬਾਤੀ ਬਲੈਕ ਮੇਲ ਹੁੰਦੇ ਰਹਿਣਗੇ ਤੇ ਆਪਣਾ ਭਵਿੱਖ ਸੁਧਾਰਨ ਲਈ ਕਦੇ ਪੜ੍ਹਾਈ ਬਹਾਨੇ ਤੇ ਕਦੇ ਸੈਰ ਬਹਾਨੇ ਵਿਦੇਸ਼ਾਂ ਵੱਲ ਪ੍ਰਵਾਸ ਕਰਨ ਲਈ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਰਹਿਣਗੇ

ਤੇ ਵਿਚਾਰੇ ਪ੍ਰਵਾਸੀਆਂ ਦਾ ਹੋਰ ਵੀ ਗਹਿਰਾ ਦਰਦ ਹੈ ਕਿ ਉਹ ਆਪਣੀਆਂ ਜਾਇਦਾਦਾਂ ਜੋ ਏਧਰ ਆਪਣਿਆਂ ਦੇ ਹੀ ਹੱਥ ਮਹਿਫੂਜ਼ ਸਮਝਕੇ ਛੱਡ ਜਾਂਦੇ ਹਨ, ਉਨ੍ਹਾਂ ਤੋਂ ਵੀ ਹੱਥ ਧੋਣਾ ਪੈਂਦਾ ਹੈ ਤੇ ਕਚਿਹਰੀਆਂ ਵਿੱਚ ਜਾ ਸ਼ਰਨ ਲੈਣੀ ਪੈਂਦੀ ਹੈ। ਇਹ ਪ੍ਰਵਾਸੀਆਂ ਦਾ ਦੋਹਰਾ ਦਰਦ ਹੋ ਨਿੱਬੜਦਾ ਹੈ। ਬਹੁਤੇ ਪ੍ਰਵਾਸੀਆਂ ਦੇ ਮੁਕੱਦਮੇ ਲਟਕਦੇ ਰਹਿੰਦੇ ਹਨ, ਹਾਲਾਂ ਕਿ ਐੱਨ. ਆਰ. ਆਈ ਸਭਾਵਾਂ ਉਚੇਚੇ ਤੌਰ ’ਤੇ ਉਹਨਾਂ ਦੇ ਮਸਲੇ ਹੱਲ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ। ਪਰ ਵਿਹਾਰਕ ਤੇ ਲਿਖਤੀ ਜ਼ਿੰਦਗੀ ਵਿੱਚ ਪਾੜਾ ਕਈ ਸਵਾਲ ਖੜ੍ਹੇ ਕਰਦਾ ਹੈ।

*****

(1130)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author