ShyamSDeepti7ਹਜ਼ਾਰਾਂ ਲੋਕਾਂ ਦੇ ਖ਼ੂਨ ਨਾਲ ਸਿੰਜੀ ਇਸ ਮਿੱਟੀ ਲਈਇੱਕ ਫੁੱਲ ਵੀ ਭੇਟ ਨਹੀਂ ਕੀਤਾ ਜਾ ਸਕਦਾ? ...
(26 ਅਪਰੈਲ)

 

JallianwalaBagh1

 

ਇਸ ਸਾਲ 13 ਅਪ੍ਰੈਲ 2018 ਨੂੰ ਜਲ੍ਹਿਆਂਵਾਲੇ ਬਾਗ਼ ਦਾ ਸਾਕਾ 99 ਵਰ੍ਹੇ ਪੂਰੇ ਕਰ ਕੇ ਸ਼ਤਾਬਦੀ ਵਰ੍ਹੇ ਵਿੱਚ ਦਾਖ਼ਲ ਹੋ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਸ਼ਤਾਬਦੀਆਂ, ਪੰਜਾਹ ਵਰ੍ਹੇ, ਡੇਢ ਸੌ ਵਰ੍ਹੇ ਆਦਿ ਮਨਾਉਣ ਦੀ ਰਿਵਾਇਤ ਜਿਹੀ ਪੈ ਗਈ ਹੈ। ਸੰਸਥਾਵਾਂ ਨੂੰ ਇੱਕ ਵਧੀਆ ਮੌਕਾ ਮਿਲ ਜਾਂਦਾ ਹੈ ਤੇ ਇਸ ਬਹਾਨੇ ਕਈ ਵਾਰੀ ਕੁਝ ਗੰਭੀਰ ਕਾਰਜ ਵੀ ਹੋ ਜਾਂਦੇ ਹਨ।

ਅੰਮ੍ਰਿਤਸਰ ਦੀਆਂ ਅੰਤਰਰਾਸ਼ਟਰੀ ਪਛਾਣ ਦੀਆਂ ਥਾਂਵਾਂ ਵਿੱਚੋਂ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਜਲ੍ਹਿਆਂਵਾਲਾ ਬਾਗ਼ ਆਉਂਦਾ ਹੈ। ਕੁਦਰਤੀ ਤੌਰ ’ਤੇ ਦੋਵੇਂ ਥਾਂਵਾਂ ਹਨ ਵੀ ਬਿਲਕੁਲ ਨਾਲ-ਨਾਲ ਹੀ। ਦੋਵਾਂ ਥਾਂਵਾਂ ਦਾ ਵਿਸਾਖੀ ਨਾਲ ਵੀ ਜੁੜਾਵ ਹੈ।

ਪਿਛਲੇ ਦਿਨੀਂ ਫਿਲਮੀ ਕਾਰਜ ਨਾਲ ਜੁੜੇ ਮੇਰੇ ਬੇਟੇ ਦੇ ਕੁਝ ਦੋਸਤ ਅੰਮ੍ਰਿਤਸਰ ਘੁੰਮਣ ਲਈ ਆਏ ਤੇ ਨਿਸ਼ਚਿਤ ਹੀ ਇਹ ਦੋਵੇਂ ਥਾਂਵਾਂ ਉਸ ਵਿੱਚ ਸ਼ਾਮਲ ਸਨ। ਸ਼ਾਮੀ ਵਾਪਸੀ ’ਤੇ ਬੇਟਾ ਕੁਝ ਪ੍ਰੇਸ਼ਾਨ ਸੀ ਕਿ ਜਲ੍ਹਿਆਂਵਾਲਾ ਬਾਗ਼ ਦੇਖ ਕੇ ਉਸ ਨੂੰ ਬਹੁਤ ਨਿਰਾਸ਼ਾ ਹੋਈ ਹੈ। ਉਸ ਨੇ ਬਹੁਤ ਪਹਿਲਾਂ ਸਕੂਲੀ ਦਿਨਾਂ ਵਿੱਚ ਉਹ ਦੇਖਿਆ ਸੀ। ਫਿਰ ਪੜ੍ਹਾਈ ਅਤੇ ਕੰਮ-ਕਾਜ ਲਈ ਉਹ ਪੰਜਾਬੋਂ ਬਾਹਰ ਰਿਹਾ। ਹੁਣ ਇੱਕ ‘ਸਿਰਜਣਾਤਮਕ ਆਰਟ’ ਵਾਲੇ ਕੰਮ ਨਾਲ ਜੁੜਨ ਕਰ ਕੇ ਉਸ ਦੀ ਸੋਚ ਅਤੇ ਸੰਵੇਦਨਾ ਵਿੱਚ ਵੀ ਕਾਫ਼ੀ ਬਦਲਾਅ ਆਇਆ ਹੈ।

ਉਸ ਨੇ ਬਿਆਨ ਕੀਤਾ ਕਿ ਜਦੋਂ ਉਹ ਜਲ੍ਹਿਆਂਵਾਲੇ ਬਾਗ਼ ਦੇ ਇਤਿਹਾਸਕ ਰਸਤੇ ਤੋਂ ਅੰਦਰ ਦਾਖ਼ਲ ਹੋ ਰਹੇ ਸਨ, ਤਾਂ ਜਿੱਥੇ ਖੜ੍ਹ ਕੇ ਜਨਰਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ, ਉੱਥੇ ਇੱਕ ਸੈਲਾਨੀ ਮਸਤੀ ਨਾਲ ਸੌਫਟੀ ਖਾਂਦਾ ਜਾ ਰਿਹਾ ਸੀ, ਕਿਸੇ ਦੂਸਰੇ ਦੇ ਹੱਥ ਵਿੱਚ ਚਿਪਸ ਦਾ ਪੈਕਟ ਸੀ। ਉਹ ਇੱਕ ਇਤਿਹਾਸਕ ਯਾਦਗਾਰ ਨਾ ਦਿਸ ਕੇ ਇੱਕ ਆਮ ਸੈਰ ਕਰਨ ਵਾਲਾ ਬਾਗ਼ ਲੱਗ ਰਿਹਾ ਸੀ, ਜਿੱਥੇ ਲੋਕ ਲੇਟਣ, ਪਿਕਨਿਕ ਮਨਾਉਣ ਜਾਂਦੇ ਹਨ। ਸੈਲਾਨੀ ਸ਼ਹੀਦੀ ਖ਼ੂਹ ਅਤੇ ਦੀਵਾਰਾਂ ’ਤੇ ਪਏ ਗੋਲੀਆਂ ਦੇ ਨਿਸ਼ਾਨਾਂ ਨਾਲ ਖੜ੍ਹ ਕੇ ਹੱਸ-ਹੱਸ ਸੈਲਫੀਆਂ ਖਿੱਚ ਰਹੇ ਸਨ। ਨਿਸ਼ਚਿਤ ਹੀ ਇਹ ਦ੍ਰਿਸ਼ ਇੱਕ ਸੰਵੇਦਨਸ਼ੀਲ ਵਿਅਕਤੀ ਨੂੰ, ਵਿਸ਼ੇਸ਼ ਕਰ ਕੇ ਉਸ ਸ਼ਖ਼ਸ ਨੂੰ, ਜੋ ਅੰਮ੍ਰਿਤਸਰ ਦੇ ਇਸ ਸਾਕੇ ਬਾਰੇ ਪੜ੍ਹ ਕੇ ਇਸ ਥਾਂ ’ਤੇ ਸਜਦਾ ਕਰਨ ਆਇਆ ਹੋਵੇ, ਬੇਚੈਨ ਕਰਨ ਵਾਲਾ ਤਾਂ ਹੈ ਹੀ।

ਅੰਮ੍ਰਿਤਸਰ ਰਹਿਣ ਕਰਕੇ ਤਕਰੀਬਨ ਹਰ ਸਾਲ ਹੀ ਇਸ ਦਿਹਾੜੇ ’ਤੇ ਇਸ ਇਤਿਹਾਸਕ ਘਟਨਾ ਨੂੰ ਲੈ ਕੇ ਕੋਈ ਵਿਚਾਰ-ਚਰਚਾ ਦਾ ਸਬੱਬ ਬਣ ਹੀ ਜਾਂਦਾ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਦੇਸ਼ ਦੀ ਹਾਲਤ ਅਤੇ ਆਜ਼ਾਦੀ ਲਈ ਹੋਏ ਸੰਘਰਸ਼ ਦੇ ਮੱਦੇ-ਨਜ਼ਰ ਇਸ ਦਿਨ ਨਾਲ ਜੋੜ ਕੇ ਕਈ ਪੱਖਾਂ ਦੇ ਖ਼ੁਲਾਸੇ ਹੁੰਦੇ ਹਨ।

ਜਲ੍ਹਿਆਂਵਾਲੇ ਬਾਗ਼ ਦੀ ਇਹ ਤਾਰੀਖ, ਉਨ੍ਹਾਂ ਨਾਲ ਜੁੜੀਆਂ ਹੋਰ ਘਟਨਾਵਾਂ ਦਾ ਪੂਰਾ ਸਿਲਸਿਲਾ ਅੰਗਰੇਜ਼ੀ ਹਕੂਮਤ ਦੇ ਉਸ ਜਬਰ ਦੀ ਦਾਸਤਾਂ ਹੈ, ਜੋ ਲੋਕਾਂ ਦੇ ਆਪਣੇ ਹੱਕ, ਸੱਚ, ਇਨਸਾਫ਼ ਦੇ ਲਈ ਉੱਠੀ ਆਵਾਜ਼ ਨੂੰ ਦਬਾਉਣਾ ਦਰਸਾਉਂਦਾ ਹੈ। ਉਸ ਥਾਂ ’ਤੇ ਸਾਫ਼-ਸਪਸ਼ਟ ਲਿਖੇ ਹੋਏ ਇਤਿਹਾਸ ਦੇ ਪੰਨੇ ਧੜਕਦੇ ਹਨ। ਸ਼ਹੀਦੀ ਖ਼ੂਹ ਅਤੇ ਗੋਲੀਆਂ ਦੇ ਨਿਸ਼ਾਨਾਂ ਤੋਂ ਇਲਾਵਾ ਗੈਲਰੀ ਦੇ ਕੁਝ ਚਿੱਤਰਾਂ ਰਾਹੀਂ ਵੀ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਪੰਨਿਆਂ ਨੂੰ ਵੀ ਹੌਲੀ-ਹੌਲੀ ਧੁੰਦਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਦੋਂ ਕਿ ਕਾਫ਼ੀ ਕੁਝ ਹੋਰ ਵੀ ਇਸ ਘਟਨਾ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਇਸ ਸਥਾਨ ’ਤੇ ਜਾਣ ਵੇਲੇ ਵਿਚਾਰਨ ਦੀ ਲੋੜ ਹੈ। ਇਨ੍ਹਾਂ ਸੰਜੀਵ, ਬੋਲਦੇ ਪੰਨਿਆਂ ਦੇ ਨਾਲ-ਨਾਲ ਉਨ੍ਹਾਂ ਪੰਨਿਆਂ ਦਾ ਇਤਿਹਾਸ ਵੀ ਇੱਥੇ ਸਾਂਭਣ ਦੀ ਲੋੜ ਹੈ, ਜੋ ਇਸ ਸਾਕੇ ਨਾਲ ਜੁੜੇ ਅਹਿਮ ਦਸਤਾਵੇਜ਼ ਹਨ।

13 ਅਪ੍ਰੈਲ 1919 ਨੂੰ ਇਸ ਥਾਂ ’ਤੇ ਹੋਇਆ ਇਕੱਠ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਨਹੀਂ ਸੀ। ਭਾਰਤ ਦੀ ਆਜ਼ਾਦੀ ਨੂੰ ਲੈ ਕੇ ਚੱਲ ਰਹੇ ਸੰਗਰਾਮ ਅਤੇ ਅੰਗਰੇਜ਼ਾਂ ਦੀਆਂ ਵਧ ਰਹੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਰੋਹ ਪ੍ਰਗਟਾਉਣ ਨੂੰ ਲੈ ਕੇ ਇਹ ਮਹੱਤਵ ਪੂਰਨ ਜਲਸਾ ਸੀ। ਜੇਕਰ ਵਿਸਾਖੀ ਦੇ ਉਸ ਦਿਨ ਦੇ ਬਹੁਤ ਪਿੱਛੇ ਨਾ ਵੀ ਜਾਈਏ, ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੌਰਾਨ, ਰੋਲਟ ਐਕਟ ਨੂੰ ਲੈ ਕੇ ਦੇਸ਼ ਭਰ ਵਿੱਚ ‘ਪਰੋਟੈੱਸਟ ਡੇ’ ਮਨਾਏ ਜਾ ਰਹੇ ਸਨ। ਰੋਲਟ ਐਕਟ ਸੀ, ਦੇਸ਼ ਦੇ ਲੋਕਾਂ ਵੱਲੋਂ ਕਿਸੇ ਵੀ ਰੋਸ ਪ੍ਰਗਟਾਵੇ ਲਈ ਜਲੂਸ, ਜਲਸੇ, ਹੜਤਾਲ ਉੱਪਰ ਪਾਬੰਦੀ। ਮਤਲਬ ਸੀ ਕਿ ਲੋਕ ਆਪਣੇ ਮਨੁੱਖੀ ਹੱਕਾਂ ਲਈ ਕਿਸੇ ਵੀ ਤਰ੍ਹਾਂ ਦੀ ਆਵਾਜ਼ ਬੁਲੰਦ ਨਹੀਂ ਕਰ ਸਕਣਗੇ। ਹਰ ਪਾਸੇ ਹੀ ਇਸ ਕਨੂੰਨ ਨੂੰ ਵਾਪਸ ਲਏ ਜਾਣ ਦੀ ਮੰਗ ਹੋ ਰਹੀ ਸੀ।

ਇਸ ਦੇ ਨਾਲ ਹੀ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਂਅ ’ਤੇ ਵੰਡਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਸਨ। ਸਟੇਸ਼ਨਾਂ ਅਤੇ ਹੋਰ ਪਬਲਿਕ ਥਾਂਵਾਂ ’ਤੇ ਹਿੰਦੂ ਪਾਣੀ, ਮੁਸਲਿਮ ਪਾਣੀ ਦਾ ਵਰਤਾਰਾ ਸ਼ੁਰੂ ਕੀਤਾ ਗਿਆ ਸੀ। ਇਸ ਤਰ੍ਹਾਂ ਦਾ ਮਾਹੌਲ ਬਣਾਉਣ ਵਿੱਚ ਦੇਸ਼ ਦੀਆਂ ਕੁਝ ਧਾਰਮਿਕ ਜਥੇਬੰਦੀਆਂ ਵੀ ਮਦਦਗਾਰ ਸਾਬਤ ਹੋ ਰਹੀਆਂ ਸਨ।

ਦੇਸ਼ ਦੇ ਇਸ ਖਿੱਤੇ ਵਿੱਚ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਚਾਲਾਂ ਦਾ ਢੁੱਕਵਾਂ ਜਵਾਬ ਦਿੱਤਾ ਸੀ। ਛੇ ਅਪ੍ਰੈਲ ਨੂੰ ਪੰਜਾਬ ਵਿੱਚ ਪ੍ਰੋਟੈੱਸਟ ਡੇ ਮਨਾਇਆ ਗਿਆ, ਜੋ ਬਹੁਤ ਹੀ ਸਫ਼ਲ ਰਿਹਾ। ਇਸ ਦੇ ਨਤੀਜੇ ਵਜੋਂ ਸਰਕਾਰ ਨੇ ਘਬਰਾ ਕੇ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਲੋਕਾਂ ਵਿੱਚ ਆਪਣੇ ਨੇਤਾਵਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਗੁੱਸਾ ਸੀ। ਨੌਂ ਅਪ੍ਰੈਲ ਨੂੰ ਰਾਮਨੌਮੀ ਸੀ। ਉਸ ਦਿਨ ਇਸ ਤਿਉਹਾਰ ਨੂੰ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੇ ਮਿਲ ਕੇ ਮਨਾਇਆ। ਇੱਕ ਦੂਸਰੇ ਦੇ ਗਲੇ ਲੱਗ ਕੇ ਤਿਲਕ ਲਾਏ ਅਤੇ ਸਾਂਝੇ ਭਾਂਡਿਆਂ ਵਿੱਚੋਂ ਪਾਣੀ ਪੀਤਾ।

10 ਅਪ੍ਰੈਲ ਨੂੰ ਆਪਣੇ ਲੀਡਰਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਮਿਸ਼ਨਰ ਦੇ ਘਰ ਵੱਲ ਮਾਰਚ ਹੋਇਆ, ਜਿੱਥੇ ਗੋਲੀਆਂ ਚੱਲੀਆਂ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਲੋਕਾਂ ਤੱਕ ਲੈ ਜਾਣ ਲਈ 13 ਅਪ੍ਰੈਲ ਦਾ ਵਿਸਾਖੀ ਵਾਲਾ ਦਿਹਾੜਾ ਚੁਣਿਆ ਗਿਆ। ਆਪਣੇ ਹੱਕਾਂ ਅਤੇ ਅੰਗਰੇਜ਼ਾਂ ਦੇ ਜ਼ੋਰ-ਜ਼ਬਰ ਦੀ ਗੱਲ ਕਰਨ-ਸੁਣਨ ਲਈ ਇਕੱਠੇ ਹੋਏ ਲੋਕਾਂ ’ਤੇ ਜਨਰਲ ਡਾਇਰ ਨੇ ਵਹਿਸ਼ੀਆਨਾ ਢੰਗ ਨਾਲ ਗੋਲੀਆਂ ਚਲਵਾਈਆਂ। ਉਸ ਨੇ ਆਪਣਾ ਮਕਸਦ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਨੇ ਪਾਬੰਦੀਆਂ ਤੋੜੀਆਂ ਹਨ, ਉਨ੍ਹਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਛੋਟੀ-ਮੋਟੀ ਕਾਰਵਾਈ ਮਕਸਦ ਪੂਰਾ ਨਹੀਂ ਕਰਦੀ। ਮੇਰਾ ਮਕਸਦ ਸੀ ਕਿ ਲੋਕ ਇੱਕ ਵਾਰੀ ਦਹਿਲ ਜਾਣ। ਮੇਰੀ ਕਾਰਵਾਈ ਦਾ ਅਸਰ ਹੋਵੇ। ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਜਨਰਲ ਡਾਇਰ।

ਇਸ ਤਰ੍ਹਾਂ ਜਲ੍ਹਿਆਂਵਾਲੇ ਬਾਗ਼ ਵਿੱਚ ਚੱਲੀਆਂ ਗੋਲੀਆਂ ਅਸਲ ਵਿੱਚ ਹਿੰਦੂ, ਮੁਸਲਿਮ, ਸਿੱਖ ਏਕਤਾ ਦੇ ਉੱਪਰ ਚੱਲੀਆਂ ਸਨ। ਉਹ ਉਸ ਤਵਾਰੀਖ ’ਤੇ ਗੋਲੀਆਂ ਦਾ ਹਮਲਾ ਸੀ, ਜਦੋਂ ਦੇਸ਼ ਦੇ ਕੌਮੀ ਲੀਡਰਾਂ ਨੂੰ ਸੁਣਨ ਆਏ ਨਿਹੱਥੇ ਅਤੇ ਸ਼ਾਂਤੀ ਨਾਲ ਬੈਠੇ ਲੋਕ ਸਨ। ਉਹ ਇਸ ਆਵਾਜ਼ ’ਤੇ ਚੱਲੀਆਂ ਗੋਲੀਆਂ ਸਨ।

ਸਰਕਾਰੀ ਅੰਕੜੇ ਜੋ ਮਰਜ਼ੀ ਕਹਿਣ, ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਆਜ਼ਾਦੀ ਸੰਗਰਾਮ ਵਿੱਚ ਹੋਈ ਸ਼ਹੀਦੀ ਦੇ ਉਸ ਸਮੇਂ ਨੂੰ ਯਾਦ ਕਰ ਕੇ ਉਨ੍ਹਾਂ ਦੀ ਇਸ ਆਜ਼ਾਦੀ ਲਹਿਰ ਵਿੱਚ ਨਿਭਾਈ ਭੂਮਿਕਾ ਨੂੰ ਵਿਚਾਰਨਾ ਬਣਦਾ ਹੈ।

ਕੀ ਇਸ ਥਾਂ ’ਤੇ ਪਹੁੰਚ ਕੇ, ਉੱਥੇ ਸ਼ਹੀਦੀ ਖ਼ੂਹ ਵਿੱਚ ਝਾਕਦੇ ਹੋਏ, ਉਸ ਦ੍ਰਿਸ਼ ਨੂੰ ਅੱਖਾਂ ਵਿੱਚ ਭਰਨ ਦੀ ਲੋੜ ਨਹੀਂ ਹੈ ਕਿ ਕਿਵੇਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਖ਼ਾਤਰ, ਉਸ ਨੂੰ ਮੌਤ ਦੇ ਖ਼ੂਹ ਵਿੱਚ ਬਦਲ ਦਿੱਤਾ ਗਿਆ? ਕੀ ਦੀਵਾਰਾਂ ’ਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੂੰ, ਉਨ੍ਹਾਂ ਚੀਕਾਂ ਦੇ ਵਿੱਚ ਘੁਲੀ ਗੋਲੀਆਂ ਦੀ ਆਵਾਜ਼ ਸੁਣਨ ਦਾ ਸਬੱਬ ਨਹੀਂ ਬਣਨਾ ਚਾਹੀਦਾ; ਉਹ ਗੋਲੀਆਂ, ਜੋ ਇਨਸਾਫ਼ ਦੀ ਆਵਾਜ਼ ਨੂੰ ਪਸੰਦ ਨਹੀਂ ਕਰਦੀਆਂ?

ਅੰਤਰ-ਰਾਸ਼ਟਰੀ ਪੱਧਰ ’ਤੇ ਜਰਮਨੀ, ਜਾਪਾਨ, ਰੂਸ ਆਦਿ ਦੇਸ਼ਾਂ ਵਿੱਚ ਅਜਿਹੀਆਂ ਯਾਦਗਾਰਾਂ ਨੂੰ ਜੋ ਸਤਿਕਾਰ ਮਿਲਦਾ ਹੈ, ਜਿਸ ਅਦਬ ਨਾਲ ਉਨ੍ਹਾਂ ਨੂੰ ਸਾਂਭਿਆ ਅਤੇ ਯਾਦ ਕੀਤਾ ਜਾਂਦਾ ਹੈ, ਉਹ ਅਸੀਂ ਦੇਣ ਵਿੱਚ ਕਾਮਯਾਬ ਨਹੀਂ ਹੋਏ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਉਹ ਇੱਕ ਸ਼ਹਾਦਤਗਾਹ ਹੈ; ਇੱਕ ਅਜਿਹੀ ਯਾਦ, ਜੋ ਸਾਨੂੰ ਅਤੀਤ ਵਿੱਚ ਲੈ ਜਾ ਕੇ ਵਰਤਮਾਨ ਨਾਲ ਜੋੜਦੀ ਹੈ। ਇਸ ਥਾਂ ਦੀ ਜੋ ਇੱਕ ਮਰਿਆਦਾ ਹੋਣੀ ਚਾਹੀਦੀ ਹੈ, ਉਸ ਨੂੰ ਬਣਾਉਣ ਅਤੇ ਕਾਇਮ ਰੱਖਣ ਦੀ ਲੋੜ ਹੈ। ਇਸ ਵੱਲ ਅਸੀਂ ਕਦੇ ਧਿਆਨ ਨਹੀਂ ਦਿੱਤਾ।

ਬੇਟੇ ਨੇ ਉਸ ਪ੍ਰਭਾਵ ਵਿੱਚ ਹੀ ਕਿਹਾ, ਜੋ ਉਹ ਦਰਬਾਰ ਸਾਹਿਬ ਤੋਂ ਬਾਅਦ ਫ਼ੌਰਨ ਇੱਥੇ ਆਏ ਸੀ ਕਿ ਕਿਵੇਂ ਉੱਥੇ ਪੈਰ ਧੋਣ ਤੋਂ ਲੈ ਕੇ ਸਿਰ ’ਤੇ ਰੁਮਾਲ ਰੱਖਣ ਤੱਕ ਅਤੇ ਅੰਦਰ ਦੀ ਸ਼ਾਂਤੀ ਨੂੰ ਕਾਇਮ ਰੱਖਣ ਲਈ, ਸੇਵਾਦਾਰ ਹਦਾਇਤਾਂ ਦੇਂਦੇ ਹਨ। ਕੀ ਅਜਿਹਾ ਕੋਈ ਪ੍ਰਬੰਧ ਨਹੀਂ ਬਣਾਇਆ ਜਾ ਸਕਦਾ ਕਿ ਉਸ ਥਾਂ ਦੀ ਸੰਜੀਦਗੀ ਬਣੀ ਰਹੇ?

ਉਸ ਬਾਗ਼ ਨੂੰ, ਜਿੱਥੇ ਇੱਕ ਜਿਉਂਦਾ ਇਤਿਹਾਸ ਨਜ਼ਰ ਆਉਂਦਾ ਹੈ, ਗੰਭੀਰਤਾ ਨਾਲ ਯਾਦ ਕਰਦੇ ਹੋਏ, ਇਸ ਥਾਂ ਨੂੰ ਕੈਮਰੇ ਵਿੱਚ ਭਰ ਕੇ ਨਾਲ ਲੈ ਜਾਣ ਵਿੱਚ ਕੋਈ ਕਿੰਤੂ ਨਹੀਂ ਹੈ, ਪਰ ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਉਸ ਸੰਕਲਪ ਨੂੰ ਵੀ ਨਾਲ ਲੈ ਕੇ ਜਾਣ ਦੀ ਲੋੜ ਹੈ। ਕੀ ਅੰਦਰ ਮੌਜੂਦ, ਹਜ਼ਾਰਾਂ ਲੋਕਾਂ ਦੇ ਖ਼ੂਨ ਨਾਲ ਸਿੰਜੀ ਇਸ ਮਿੱਟੀ ਲਈ, ਇੱਕ ਫੁੱਲ ਵੀ ਭੇਟ ਨਹੀਂ ਕੀਤਾ ਜਾ ਸਕਦਾ? ਇਹ ਸਭ ਵਿਚਾਰਨ ਦੀ ਲੋੜ ਹੈ।

ਇਸ ਬਾਗ਼ ਦੇ ਵਿਚਕਾਰ ਇੱਕ ਮੀਨਾਰ ਵੀ ਬਣਾਈ ਗਈ ਹੈ, ਪਰ ਉਹ ਮੀਨਾਰ ਝਾਕਦੀ ਰਹਿੰਦੀ ਹੈ ਕਿ ਕੋਈ ਉਸ ਤੋਂ ਸਮੇਂ ਦਾ ਇਤਿਹਾਸ ਪੁੱਛੇ। ਇਨ੍ਹਾਂ ਪੰਨਿਆਂ ਦਾ ਮਹੱਤਵ ਜਾਣੇ। ਇਸ ਤਵਾਰੀਖ ਦੀ ਅਜੋਕੀ ਪ੍ਰਸੰਗਿਕਤਾ ਬਾਰੇ ਸਮਝੇ।

ਇਹ ਥਾਂ ਪ੍ਰੇਰਣਾ ਬਣਨੀ ਚਾਹੀਦੀ ਹੈ, ਖ਼ਾਸ ਕਰ ਕੇ ਨੌਜਵਾਨਾਂ ਲਈ, ਜੋ ਸੁਫ਼ਨੇ ਲੈਂਦੇ ਵੀ ਹਨ ਤੇ ਪੂਰੇ ਕਰਨ ਦੇ ਚਾਹਵਾਨ ਵੀ ਹੁੰਦੇ ਹਨ। ਇਹ ਤਵਾਰੀਖ, ਅਜੋਕੇ ਉੱਸਰ ਰਹੇ ਫ਼ਿਰਕੂ ਮਾਹੌਲ ਦੇ ਖ਼ਿਲਾਫ਼ ਸਦਭਾਵਨਾ ਲਈ ਸੁਨੇਹਾ ਬਣਨੀ ਚਾਹੀਦੀ ਹੈ ਕਿ ਕਿਵੇਂ ਮਿਲ ਕੇ ਰਹਿਣਾ ਅਤੇ ਇੱਕ ਦੂਸਰੇ ਦੀਆਂ ਭਾਵਨਾਵਾਂ, ਤੀਜ-ਤਿਉਹਾਰਾਂ ਦਾ ਸਿਰਫ਼ ਆਦਰ ਹੀ ਨਹੀਂ ਕਰਨਾ, ਸਗੋਂ ਭਾਗੀਦਾਰ ਬਣਨਾ ਹੈ।

ਦੇਸ਼ ਦੀ ਆਜ਼ਾਦੀ ਲਈ ਇੱਕ ਅਹਿਮ ਮੋੜ ਦੇਣ ਵਾਲੀ ਇਸ ਘਟਨਾ ਨੂੰ, ਅੱਜ ਵੀ ਕੋਈ ਕਾਰਗਰ ਮੋੜ ਦੇਣ ਲਈ ਸਜਦਾ ਕਰਨਾ ਚਾਹੀਦਾ ਹੈ ਅਤੇ ਇਤਿਹਾਸ ਦੇ ਇਸ ਪੰਨੇ ਵੱਲ ਮੁੜ-ਮੁੜ ਪਰਤਣਾ ਚਾਹੀਦਾ ਹੈ।

*****

(1129)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author