GurmitShugli7ਪਾਠਕਾਂ ਨੂੰ ਯਾਦ ਹੋਵੇਗਾਥੋੜ੍ਹਾ ਸਮਾਂ ਪਹਿਲਾਂ ...
(16 ਅਪਰੈਲ 2018)

 

ਪੰਜਾਬ ਵਿੱਚ ਸਰਕਾਰ ਕਿਹੜੀ ਪਾਰਟੀ ਦੀ ਹੈ, ਪਿਛਲੇ ਕਈ ਹਫ਼ਤਿਆਂ ਤੋਂ ਇਹ ਸਵਾਲ ਵਿਰੋਧੀਆਂ ਨਾਲੋਂ ਕਾਂਗਰਸੀ ਹੀ ਸਭ ਤੋਂ ਵੱਧ ਕਰ ਰਹੇ ਹਨ। ਕਾਂਗਰਸ ਦੇ ਵਿਧਾਇਕ ਹੀ ਕਹਿਣ ਲੱਗੇ ਹਨ ਕਿ ਲੋਕਾਂ ਨੂੰ ਐਵੇਂ ਭਰਮ ਹੈ ਕਿ ਚਿੱਟੀਆਂ ਪੱਗਾਂ ਵਾਲਿਆਂ ਦੀ ਸਰਕਾਰ ਆ ਗਈ ਹੈ, ਪਰ ਇਹ ਭਰਮ ਤੋਂ ਸਿਵਾ ਹੋਰ ਕੁਝ ਨਹੀਂ। ਸਾਡੀ ਤਾਂ ਇੱਕ ਪੈਸੇ ਦੀ ਨਹੀਂ ਚੱਲਦੀ। ਹਲਕੇ ਦੇ ਲੋਕ ਸਾਡੇ ਗਲ ਵਿੱਚ ਅੰਗੂਠਾ ਦਿੰਦੇ ਹਨ ਕਿ ਤੁਸੀਂ ਇਲਾਕੇ ਬਾਰੇ ਸੋਚਦੇ ਨਹੀਂ। ਪਰ ਅਸੀਂ ਸੋਚੀਏ ਵੀ ਕੀ, ਕੈਪਟਨ ਸਾਹਿਬ ਮਿਲਣ ਦਾ ਵਕਤ ਨਹੀਂ ਦਿੰਦੇ ਤੇ ਗਰਾਂਟਾਂ ਜਾਰੀ ਕਰਨ ਵਾਸਤੇ ਸਾਡੇ ਪੱਲੇ ਕੱਖ ਨਹੀਂ। ਜੇ ਖ਼ਜ਼ਾਨੇ ਵਿੱਚ ਕੁਝ ਹੋਵੇਗਾ ਤਾਂ ਹੀ ਅਸੀਂ ਕੁਝ ਕਰ ਸਕਾਂਗੇ, ਨਹੀਂ ਤਾਂ ਪੱਲਿਓਂ ਕੀ ਕਰ ਦੇਈਏ? ਸਾਡੇ ਪਾਸ ਕਿਹੜੀ ਜਾਦੂ ਦੀ ਛੜੀ ਹੈ।

ਪਿਛਲੇ ਦਿਨੀਂ ਜਦੋਂ ਸਰਕਾਰ ਨੇ ਪੁਲਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਤਾਂ ਵੀ ਕਾਂਗਰਸੀ ਖੇਮੇ ਦੁਖੀ ਹੋਏ। ਕਾਂਗਰਸੀਆਂ ਮੁਤਾਬਿਕ ਜਿਹੜੇ ਪੁਲਸ ਅਧਿਕਾਰੀ ਸਾਡੀ ਨਹੀਂ ਸੁਣਦੇ, ਉਹ ਉੱਥੇ ਹੀ ਟਿਕੇ ਹਨ ਤੇ ਜਿਹੜੇ ਅਕਾਲੀ ਆਗੂਆਂ ਦੀ ਨਹੀਂ ਸੁਣਦੇ, ਉਹ ਬਦਲੇ ਜਾ ਰਹੇ ਹਨ, ਜਿਸ ਕਰਕੇ ਅਕਾਲੀ ਕੱਛਾਂ ਵਜਾ ਰਹੇ ਹਨ।

ਪਾਠਕਾਂ ਨੂੰ ਯਾਦ ਹੋਵੇਗਾ, ਥੋੜ੍ਹਾ ਸਮਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪੋਲ ਖੋਲ੍ਹ ਰੈਲੀਆਂ ਵਿੱਚ ਮੁਖਵਿੰਦਰ ਸਿੰਘ ਛੀਨਾ ਬਾਰੇ ਰੱਜ ਕੇ ਤਵਾ ਲਾਇਆ ਸੀ ਕਿ ਇਹ ਪੁਲਸ ਅਧਿਕਾਰੀ ਏਅਰਪੋਰਟ ’ਤੇ ਮੇਰੇ ਪੈਰੀਂ ਪੈ ਗਿਆ ਸੀ ਤੇ ਹੁਣ ਅਕਾਲੀਆਂ ਨੂੰ ਅੱਖਾਂ ਦਿਖਾਉਂਦਾ। ਯਾਦ ਰੱਖੇ ਜਦੋਂ ਸਾਡਾ ਵੇਲਾ ਆ ਗਿਆ, ਅਸੀਂ ਇਹਨੂੰ ਤੱਕਲੇ ਵਰਗਾ ਸਿੱਧਾ ਕਰ ਦਿਆਂਗੇ।

ਇਹ ਕਹੇ ਨੂੰ ਬਹੁਤੀ ਦੇਰ ਨਹੀਂ ਸੀ ਹੋਈ, ਪਰ ਛੀਨਾ ਦੀ ਸਰਕਾਰ ਨੇ ਬਦਲੀ ਕਰ ਦਿੱਤੀ ਹੈ। ਭਰੋਸੇਯੋਗ ਸੂਤਰ ਤਾਂ ਇਹ ਵੀ ਆਖਦੇ ਹਨ ਕਿ ਸਰਕਾਰ ਨੇ ਬਾਦਲਾਂ ਨਾਲ ਯਾਰੀਆਂ ਪੁਗਾਉਣ ਕਰਕੇ ਛੀਨਾ ਬਦਲਿਆ ਹੈ। ਕਾਂਗਰਸੀ ਹੈਰਾਨ ਹੋਣ ਕੁਦਰਤੀ ਹਨ ਕਿ ਕੈਪਟਨ ਸਾਹਿਬ ‘ਆਪ’ ਦੇ ਦੋਸ਼ਾਂ ਨੂੰ ਦਿਨ-ਦਿਹਾੜੇ ਸੱਚ ਸਾਬਤ ਕਰ ਰਹੇ ਹਨ ਕਿ ਦੋਵੇਂ ਪਾਰਟੀਆਂ ਮਿਲ ਕੇ ਖੇਡ ਰਹੀਆਂ ਹਨ।

ਸੂਤਰ ਦੱਸਦੇ ਹਨ ਕਿ ਕੈਪਟਨ ਨੇ ਛੀਨਾ ਦੀ ਬਦਲੀ ਕਰਕੇ ਸੁਖਬੀਰ ਬਾਦਲ ਦਾ ਪੁਰਾਣਾ ਹਿਸਾਬ ਬਰਾਬਰ ਕੀਤਾ ਹੈ। ਜਦੋਂ ਐੱਸ ਕੇ ਅਸਥਾਨਾ ਪਟਿਆਲਾ ਵਿੱਚ ਪੁਲਸ ਅਧਿਕਾਰੀ ਸਨ, ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਬੀਬੀ ਪ੍ਰਨੀਤ ਕੌਰ ਨੇ ਸੁਖਬੀਰ ਨੂੰ ਕਹਿ ਕੇ ਅਸਥਾਨਾ ਦੀ ਬਦਲੀ ਕਰਾਈ ਸੀ। ਸੋ ਉਹ ਕਰਜ਼ ਹੁਣ ਛੀਨੇ ਦੀ ਬਦਲੀ ਦੇ ਰੂਪ ਵਿੱਚ ਲਾਹ ਦਿੱਤਾ ਹੈ।

ਲੰਘੇ ਦਿਨੀਂ ਇਹੀ ਉਲਾਂਭਾ ਦੇਣ ਸੁਨੀਲ ਜਾਖੜ ਵਿਧਾਇਕਾਂ ਸਮੇਤ ਕੈਪਟਨ ਨੂੰ ਮਿਲਣ ਉਨ੍ਹਾਂ ਦੀ ਕੋਠੀ ਗਏ ਸਨ। ਜਾਖੜ ਨੂੰ ਹੁਣ ਤੱਕ ਮਾਣ ਰਿਹਾ ਹੈ ਕਿ ਕੈਪਟਨ ਉਨ੍ਹਾਂ ਦੇ ਖਾਸ ਹਨ। ਲੰਘੇ ਵਰ੍ਹਿਆਂ ਵਿੱਚ ਭਾਵੇਂ ਦੋਹਾਂ ਦੇ ਸੰਬੰਧ ਠੀਕ ਨਾ ਵੀ ਰਹੇ ਹੋਣ, ਪਰ ਹੁਣ ਮੰਨਿਆ ਜਾ ਰਿਹਾ ਕਿ ਸਭ ਠੀਕ ਹੈ। ਜਾਖੜ ਜਦੋਂ ਕੈਪਟਨ ਵੱਲ ਵਧਣ ਲੱਗੇ ਤਾਂ ਸੁਰੱਖਿਆ ਕਰਮਚਾਰੀਆਂ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਆਪਣੇ ਮੋਬਾਈਲ ਫ਼ੋਨ ਗੇਟ ’ਤੇ ਜਮ੍ਹਾਂ ਕਰਾ ਜਾਓ। ਜਾਖੜ ਹੈਰਾਨ-ਪ੍ਰੇਸ਼ਾਨ ਹੋ ਗਿਆ। ਉਹਨੇ ਕਿਹਾ ਮੈਂ ਕੈਪਟਨ ਦਾ ਮਿੱਤਰ ਹਾਂ, ਸੂਬੇ ਦਾ ਪ੍ਰਧਾਨ ਹਾਂ ਤੇ ਗੁਰਦਾਸਪੁਰ ਦਾ ਸੰਸਦ ਮੈਂਬਰ ਹਾਂ, ਮੈਂ ਕਿਉਂ ਫੋਨ ਜਮ੍ਹਾਂ ਕਰਾਵਾਂ। ਪਰ ਅਧਿਕਾਰੀ ਨਾ ਮੰਨੇ ਤੇ ਜਾਖੜ ਸਾਹਿਬ ਨਰਾਜ਼ ਹੋ ਗਏ। ਕਹਿੰਦੇ ਨੇ ਕਿ ਜਾਖੜ ਨੂੰ ਮਨਾਉਣ ਵਾਸਤੇ ਕੈਪਟਨ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਡਿਊਟੀ ਲਾਈ ਹੈ। ਦੇਖੋ ਕੀ ਬਣਦਾ ਹੈ।

ਅਗਲੇ ਦਿਨ ਸੰਗਰੂਰ ਵਿੱਚ ਕਰਜ਼ਾ ਮਾਫ਼ੀ ਦਾ ਪ੍ਰੋਗਰਾਮ ਸੀ। ਕੈਪਟਨ ਉੱਥੇ ਪਹੁੰਚੇ ਨਹੀਂ ਤੇ ਕਿਸਾਨਾਂ ਨੂੰ ਸਰਟੀਫਿਕੇਟ ਜਾਖੜ ਨੇ ਵੰਡੇ। ਕੈਪਟਨ ਦਾ ਜਵਾਬ ਆਇਆ ਕਿ ਹੈਲੀਕਾਪਟਰ ਖਰਾਬ ਹੋਣ ਕਰਕੇ ਨਹੀਂ ਆ ਸਕਿਆ, ਪਰ ਸਭ ਨੂੰ ਇਹ ਡਰਾਮਾ ਹੀ ਲੱਗਾ। ਚੰਡੀਗੜ੍ਹ ਤੋਂ ਸੰਗਰੂਰ ਤੱਕ ਸੜਕ ਰਾਹੀਂ ਜਾਣਾ ਹੋਵੇ ਤਾਂ ਕਾਰ ’ਤੇ ਦੋ-ਢਾਈ ਘੰਟੇ ਮਸਾਂ ਲੱਗਦੇ ਨੇ। ਜੇ ਹੈਲੀਕਾਪਟਰ ਖਰਾਬ ਹੋ ਹੀ ਗਿਆ ਸੀ ਤਾਂ ਕੈਪਟਨ ਕਾਰ ਰਾਹੀਂ ਵੀ ਜਾ ਸਕਦੇ ਸੀ।

ਸੂਤਰ ਇਹ ਵੀ ਦੱਸਦੇ ਹਨ ਕਿ ਕੈਪਟਨ ਉਸ ਪ੍ਰੋਗਰਾਮ ਵਿੱਚ ਜਾਖੜ ਕਰਕੇ ਹੀ ਨਹੀਂ ਗਏ। ਸੂਤਰਾਂ ਦੀ ਗੱਲ ਵਿੱਚ ਕਿੰਨੀ ਸੱਚਾਈ ਹੈ, ਆਉਣ ਵਾਲਾ ਸਮਾਂ ਹੀ ਦੱਸੇਗਾ।

ਅਗਲੇ ਦਿਨ ਹੋਰ ਨਵਾਂ ਪੰਗਾ ਪੈ ਗਿਆ। ਤੀਹ ਸਾਲ ਪੁਰਾਣਾ ਨਵਜੋਤ ਸਿੰਘ ਸਿੱਧੂ ਦਾ ਇੱਕ ਕੇਸ ਮੁੜ ਚਰਚਾ ਵਿੱਚ ਆ ਗਿਆ। ਖੁੱਲ੍ਹਿਆ ਉਹ ਕੇਸ ਉਦੋਂ, ਜਦੋਂ ਸਿੱਧੂ ਦਿੱਲੀ ਵਿੱਚ ਕਾਂਗਰਸ ਸੰਮੇਲਨ ਵਿੱਚ ਭਾਜਪਾ ’ਤੇ ਵਰ੍ਹਿਆ। ਕਹਿੰਦਾ, ਮੇਰੇ ਤੋਂ ਗਲਤੀ ਹੋ ਗਈ ਡਾ. ਮਨਮੋਹਨ ਸਿੰਘ ਨੂੰ ਪਛਾਨਣ ਵਿੱਚ। ਮੈਂ ਗੁੰਮਰਾਹ ਹੋ ਗਿਆ ਸੀ। ਦਸ ਸਾਲ ਬਾਅਦ ਮੈਨੂੰ ਅਕਲ ਆਈ ਹੁਣ ਮੇਰਾ ਜਨਾਜ਼ਾ ਕਾਂਗਰਸ ਦੇ ਮੋਢਿਆਂ ’ਤੇ ਉੱਠੇਗਾ। ਭਾਜਪਾ ਬਾਂਸ ਵਰਗੀ ਹੈ। ਲੰਮੀ-ਉੱਚੀ ਹੈ, ਪਰ ਅੰਦਰੋਂ ਖੋਖਲੀ ਤੇ ਰਾਹੁਲ ਗਾਂਧੀ ਗੰਨੇ ਵਰਗਾ ਹੈ, ਜੋ ਅੰਦਰੋਂ ਮਿੱਠਾ ਹੁੰਦਾ ਹੈ।

ਅਗਲੇ ਦਿਨ ਸਿੱਧੂ ਖ਼ਿਲਾਫ਼ ਚੱਲਦੇ ਕੇਸ ਨੇ ਸਰਗਰਮੀ ਫੜ ਲਈ ਤੇ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਵਕੀਲ ਨੇ ਅਦਾਲਤ ਵਿੱਚ ਕਹਿ ਦਿੱਤਾ ਕਿ ਸਰਕਾਰ ਉਹਦੇ ਕੇਸ ਨੂੰ ਵਾਜਬ ਮੰਨਦੀ ਹੋਈ, ਹਾਈਕੋਰਟ ਦੇ ਫ਼ੈਸਲੇ ਨੂੰ ਸਹੀ ਮੰਨਦੀ ਹੈ।

ਹੁਣ ਨਵੀਂ ਰਾਜਨੀਤੀ ਛਿੜ ਪਈ ਹੈ ਕਿ ਸਰਕਾਰ ਨੂੰ ਇਹ ਕਹਿਣ ਕਹਾਉਣ ਦੀ ਕੀ ਲੋੜ ਸੀ, ਜੋ ਹੋਣਾ ਉਹ ਤਾਂ ਕੋਰਟ ਨੇ ਆਪੇ ਕਰ ਹੀ ਦੇਣਾ ਹੈ। ਨਵੇਂ ਪੰਗੇ ਦੀ ਕੀ ਲੋੜ ਸੀ।

ਲੋਕ ਇਹ ਸੋਚਣ ਵਾਸਤੇ ਮਜਬੂਰ ਹਨ ਕਿ ਕੈਪਟਨ ਕਿੜਾਂ ਕੱਢ ਰਹੇ ਹਨ ਜਾਂ ਬੁਢਾਪੇ ਵਿੱਚ ਝੱਲ ਵਲੱਲੀਆਂ ਵਰਤਾ ਰਹੇ ਹਨ। ਕਾਂਗਰਸੀਆਂ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਅਤੇ ਅਕਾਲੀ ਆਗੂ ਟੌਹਰ ਨਾਲ ਫਿਰਦੇ ਹਨ। ਉਹ ਕੈਪਟਨ ਕਿੱਥੇ ਹੈ, ਜਿਹੜਾ ਕਹਿੰਦਾ ਸੀ ਅਕਾਲੀ ਸਿੱਧੇ ਕਰ ਦਿਆਂਗੇ, ਮਜੀਠੀਏ ਵਿੱਚ ਵੀ ਕੋਈ ਵਲ ਨਹੀਂ ਰਹਿਣ ਦਿਆਂਗੇ, ਬਸ ਇੱਕ ਮੌਕਾ ਦਿਓ।

ਕੈਪਟਨ ਦੀ ਸਰਕਾਰ ਤਾਂ ਆਈ ਹੀ ਨੌਜਵਾਨਾਂ ਨੂੰ ਮੋਬਾਈਲ ਦੇਣ ਦੇ ਵਾਅਦੇ ਨਾਲ ਸੀ, ਪਰ ਹੁਣ ਮੋਬਾਈਲਾਂ ਤੋਂ ਡਰਨ ਕਿਉਂ ਲੱਗ ਪਏ ਹਨ? ਪੁਲਸ ਅਫ਼ਸਰਾਂ ਦੀ ਮੀਟਿੰਗ ਮੌਕੇ ਸਭ ਦੇ ਮੋਬਾਈਲ ਬਾਹਰ ਰਖਵਾ ਲਏ ਜਾਂਦੇ ਹਨ। ਕੀ ਉਨ੍ਹਾਂ ਨੂੰ ਡਰ ਹੈ ਕਿ ਕੋਈ ਵੀਡੀਓ ਨਾ ਬਣਾ ਲਵੇ ਜਾਂ ਮਨ ਵਿੱਚ ਕੋਈ ਹੋਰ ਪਾਲਾ ਹੈ।

ਕਈ ਲੋਕ ਆਖਦੇ ਹਨ ਕਿ ਪਿਛਲੇ ਦਿਨੀਂ ਮੋਬਾਈਲਾਂ ’ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕੈਪਟਨ, ਅਰੂਸਾ ਤੇ ਕਈ ਹੋਰ ਕਾਂਗਰਸੀ ਪਿਆਲਾ ਖੜਕਾ ਰਹੇ ਸੀ। ਸ਼ਾਇਦ ਉਹ ਇਸੇ ਕਰਕੇ ਮੋਬਾਈਲ ਤੋਂ ਬਚ ਕੇ ਰਹਿਣ ਵਿੱਚ ਭਲਾ ਸਮਝਦੇ ਹਨ। ਕੁਲ ਮਿਲਾ ਕੇ ਇਹੀ ਲੱਗਦਾ ਹੈ ਕਿ ਕੈਪਟਨ ਸਾਹਿਬ ਕਾਂਗਰਸ ਦਾ ਸੰਖ ਵਜਾ ਕੇ ਹੀ ਹਟਣਗੇ।

*****

(1114)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author