SukhminderSSainsra7ਅਸਲ ਵਿਚ ਨਾ ਤਾਂ ਕੋਈ ਬੱਚਾ ਬਿਮਾਰ ਹੁੰਦਾ ਹੈ, ਨਾ ਹੀ ਗੁੰਮ ਹੋਇਆ ਹੁੰਦਾ ਹੈ ਅਤੇ ਨਾ ਹੀ ...
(15 ਅਪਰੈਲ 2018)

 

ਹਰ ਰੋਜ਼ ਸਵੇਰੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਪਰਉਪਕਾਰੀ ਸੁਭਾਅ ਦੇ ਮਾਲਿਕ ਸੱਜਣ ਮਿਲਦੇ ਹਨ। ਉਹਨਾਂ ਦਾ ਨਾਂਅ ਸ. ਅਵਤਾਰ ਸਿੰਘ ਹੈ। ਉਹਨਾਂ ਦਾ ਸ੍ਰੀ ਹਰਿਮੰਦਰ ਸਾਹਿਬ ਤੇ ਹੋਰਨਾਂ ਇਤਿਹਾਸਿਕ ਗੁਰਦਵਾਰਿਆਂ/ਮੰਦਿਰਾਂ ਦੇ ਮਾਡਲ ਤਿਆਰ ਕਰਨ ਦਾ ਅੰਮ੍ਰਿਤਸਰ ਵਿਖੇ ਵੱਡਾ ਕਾਰੋਬਾਰ ਹੈ। ਬਹੁਤ ਸਾਰੇ ਗੁਰਦਵਾਰਿਆਂ/ਮੰਦਿਰਾਂ ਤੇ ਜਨਤਕ ਥਾਵਾਂ, ਜਿਵੇਂ ਰੇਲਵੇ ਸਟੇਸ਼ਨ ਆਦਿ ’ਤੇ ਉਹਨਾਂ ਦੇ ਹੱਥੀਂ ਤਿਆਰ ਕੀਤੇ ਗੁਰਦੁਆਰਿਆਂ ਤੇ ਮੰਦਿਰਾਂ ਦੇ ਮਾਡਲ ਸੁਸ਼ੋਭਿਤ ਹਨ। ਇਕ ਦਿਨ ਉਹਨਾਂ ਦਾ ਵਟਸਐਪ ’ਤੇ ਮੈਨੂੰ ਇਕ ਸੰਦੇਸ਼ ਆਇਆ ਕਿ ਮੈਂ ਤੁਹਾਨੂੰ ਇਕ ਫੋਟੋ ਭੇਜੀ ਹੈ ਇਸ ਨੂੰ ਸ਼ੇਅਰ ਜ਼ਰੂਰ ਕਰਨਾ। ਇਹ ਵਿਚਾਰੀ ਬੱਚੀ ਸੜਕ ਦੁਰਘਟਨਾ ਵਿਚ ਬੇਹੱਦ ਜ਼ਖਮੀ ਹੋ ਗਈ ਹੈ। ਇਸ ਕੋਲ ਇਲਾਜ ਲਈ ਪੈਸੇ ਨਹੀਂ ਹਨ। ਸਾਡੇ ਤੁਹਾਡੇ ਵੱਲੋਂ ਫੋਟੋ ਸ਼ੇਅਰ ਕਰਨ ਦੇ ਇਸ ਨੂੰ ਪ੍ਰਤੀ ਸ਼ੇਅਰ ਇਕ ਰੁਪਇਆ ਮਿਲਣਾ ਹੈ। ਜੇਕਰ ਕਿਸੇ ਦਾ ਭਲਾ ਹੋ ਜਾਵੇ ਤਾਂ ਸਾਡਾ ਕੀ ਜਾਂਦਾ ਹੈ।

ਸਿਰਫ ਸ. ਅਵਤਾਰ ਸਿੰਘ ਹੁਰਾਂ ਨੂੰ ਹੀ ਨਹੀਂ, ਮੈਨੂੰ ਤੇ ਤੁਹਾਨੂੰ ਵੀ ਅਕਸਰ ਵਟਸਐਪ ਜਾਂ ਫੇਸਬੁੱਕ ’ਤੇ ਕਿਸੇ ਜ਼ਖਮੀ ਲੜਕੀ ਜਾਂ ਲੜਕੇ ਦੀਆਂ ਤਸਵੀਰਾਂ ਮਿਲਦੀਆਂ ਹੋਣਗੀਆਂ ਜਿਸ ਦੇ ਹੇਠ ਇਹ ਲਿਖਿਆ ਹੁੰਦਾ ਹੈ ਕਿ ਇਹ ਲੜਕੀ ਜਾਂ ਲੜਕਾ ਸੜਕ ਹਾਦਸੇ ਵਿਚ ਜ਼ਖਮੀ ਹੋ ਗਿਆ ਹੈ। ਸੋਸ਼ਲ ਮੀਡੀਏ ’ਤੇ ਅਕਸਰ ਕਿਸੇ ਬੱਚੇ ਦੀ ਫੋਟੋ ਹੇਠ ਲਿਖਿਆ ਹੋਵੇਗਾ ਕਿ ਇਹ ਬੱਚਾ ਬਹੁਤ ਬਿਮਾਰ ਹੈ ਇਸ ਦੇ ਮਾਤਾ-ਪਿਤਾ ਕੋਲ ਇਲਾਜ ਲਈ ਪੈਸੇ ਨਹੀਂ ਹਨ। ਤੁਹਾਡੇ ਵੱਲੋਂ ਇਹ ਫੋਟੋ ਸ਼ੇਅਰ ਕਰਨ ਦੇ ਬੱਚੇ ਨੂੰ ਪੈਸੇ ਮਿਲਣਗੇ. ਜਿਸ ਨਾਲ ਉਹ ਇਲਾਜ ਕਰਵਾ ਸਕੇਗਾ। ਕਿਸੇ ਹੋਰ ਫੋਟੋ ਹੇਠ ਲਿਖਿਆ ਹੋਵੇਗਾ ਕਿ ਇਹ ਬੱਚਾ ਫਲਾਣੀ ਥਾਂ ਤੋਂ ਮਿਲਿਆ ਹੈ, ਇਸ ਫੋਟੋ ਨੂੰ ਏਨਾ ਸ਼ੇਅਰ ਕਰੋ ਕਿ ਇਹ ਫੋਟੋ ਬੱਚੇ ਦੇ ਮਾਤਾ-ਪਿਤਾ ਕੋਲ ਪਹੁੰਚ ਜਾਵੇ। ਧਾਰਮਿਕ ਫੋਟੋਆਂ ਹੇਠ ਲਿਖਿਆ ਹੋਵੇਗਾ ਕਿ ਇਸ ਫੋਟੋ ਨੂੰ ਸ਼ੇਅਰ ਕਰੋ, ਤੁਹਾਨੂੰ ਦੋ ਮਿੰਟਾਂ ਵਿਚ ਖੁਸ਼ਖਬਰੀ ਮਿਲੇਗੀ, ਜੇਕਰ ਨਹੀਂ ਕਰੋਗੇ ਤਾਂ ਬਦਕਿਸਮਤ ਹੋ ਜਾਵੋਗੇ। ਸੰਵੇਦਨਸ਼ੀਲ ਅਤੇ ਧਾਰਮਿਕ ਬਿਰਤੀ ਦੇ ਲੋਕ ਅਜਿਹੀਆਂ ਫੋਟੋਆਂ ਨੂੰ ਝੱਟ ਸ਼ੇਅਰ ਕਰ ਦਿੰਦੇ ਹਨ। ਅਸਲ ਵਿਚ ਨਾ ਤਾਂ ਕੋਈ ਬੱਚਾ ਬਿਮਾਰ ਹੁੰਦਾ ਹੈ, ਨਾ ਹੀ ਗੁੰਮ ਹੋਇਆ ਹੁੰਦਾ ਹੈ ਅਤੇ ਨਾ ਹੀ ਕਿਸੇ ਨੂੰ ਕੋਈ ਖੁਸ਼ਖਬਰੀ ਮਿਲਦੀ ਹੈ, ਧੋਖੇਬਾਜ਼ਾਂ ਨੇ ਅਜਿਹੀਆਂ ਫੋਟੋਆਂ ਸਿਰਫ ਦੂਸਰਿਆਂ ਦੀਆਂ ਫੋਟੋਆਂ ਤੇ ਪ੍ਰੋਫਾਈਲਜ਼ ਚੋਰੀ ਕਰਨ ਵਾਸਤੇ ਪਾਈਆਂ ਹੁੰਦੀਆਂ ਹਨ। ਭੋਲੇਭਾਲੇ ਲੋਕ ਤਾਂ ਅਜਿਹੀਆਂ ਫੋਟੋਆਂ ਨੂੰ ਲਾਈਕ ਜਾਂ ਸ਼ੇਅਰ ਕਰ ਕੇ ਭੁੱਲ ਜਾਂਦੇ ਹਨ ਪਰ ਕਈ ਵਾਰ ਬਾਅਦ ਵਿਚ ਇਸ ਦੇ ਬੇਹੱਦ ਭਿਆਨਕ ਨਤੀਜੇ ਨਿਕਲਦੇ ਹਨ। ਲੜਕੀਆਂ ਦੀਆਂ ਫੋਟੋਆਂ ਦੀ ਧੋਖੇਬਾਜ਼ ਡੇਟਿੰਗ ਸਾਈਟਸ ਬਣਾ ਲੈਂਦੇ ਹਨ। ਫੋਟੋ ਤੋਂ ਚਿਹਰਾ ਕੱਟ ਕੇ ਅਸ਼ਲੀਲ ਫੋਟੋ ’ਤੇ ਲਗਾ ਕੇ ਲੜਕਿਆਂ ਨੂੰ ਦੋਸਤੀ ਜਾਂ ਪਿਆਰ ਕਰਨ ਲਈ ਉਕਸਾਉਂਦੇ ਹਨ ਤੇ ਉਹਨਾਂ ਕੋਲੋਂ ਪੈਸੇ ਠੱਗਦੇ ਹਨ। ਲੜਕੀਆਂ ਨੂੰ ਉਕਸਾਉਣ ਵਾਸਤੇ ਲੜਕਿਆਂ ਦੀਆਂ ਫੋਟੋਆਂ ਨਾਲ ਵੀ ਅਜਿਹਾ ਕਰਦੇ ਹਨ।

ਮੈਂ ਅਕਸਰ ਇਕ ਗੱਲ ਸੋਚਦਾਂ ਹਾਂ ਕਿ ਸੋਸ਼ਲ ਮੀਡੀਏ ਨਾਲ ਜੁੜੀਆਂ ਸਾਈਟਸ ਤੇ ਐਪਸ ਦੇ ਨਿਰਮਾਤਾਵਾਂ ਦਾ ਇਹਨਾਂ ਦੇ ਨਿਰਮਾਣ ਪਿੱਛੇ ਸੰਕਲਪ ਬਹੁਤ ਕਮਾਲ ਦਾ ਹੈ। ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਹੋਣਾ ਕਿ ਇਸ ਮੀਡੀਏ ਦੀ ਏਨੀ ਦੁਰਵਰਤੋਂ ਹੋਵੇਗੀ। ਜਦ ਵੀ ਉਹ ਇਸ ਦੁਰਵਰਤੋਂ ਬਾਰੇ ਪੜ੍ਹਦੇ ਜਾਂ ਸੁਣਦੇ ਹੋਣਗੇ ਤਾਂ ਆਪਣੇ ਦੰਦਾਂ ਹੇਠ ਜ਼ੁਬਾਨ ਦੱਬ ਕੇ ਜ਼ਰੂਰ ਹੈਰਾਨ ਹੁੰਦੇ ਹੋਣਗੇ। ਕੁਝ ਸਵਾਰਥੀ, ਸ਼ਰਾਰਤੀ ਤੇ ਧੋਖੇਬਾਜ਼ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਕੇ ਭੋਲੇਭਾਲੇ ਲੋਕਾਂ ਨੂੰ ਲੁੱਟ ਰਹੇ ਹਨ, ਉਹਨਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਤੇ ਉਹਨਾਂ ਦੀ ਸੋਚ ਨੂੰ ਅਗਵਾ ਕਰ ਰਹੇ ਹਨ। ਜੇਕਰ ਕੋਈ ਇਸ ਦੀ ਸਿਆਣਪ ਨਾਲ ਵਰਤੋਂ ਨਾ ਕਰੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਜਿਹਨਾਂ ਵਸਤੂਆਂ ਦੀ ਖਰੀਦਦਾਰੀ ਦੀ ਲੋਕਾਂ ਵਿਚ ਬੇਹੱਦ ਚਰਚਾ ਹੋ ਰਹੀ ਹੋਵੇ, ਅਕਸਰ ਧੋਖੇਬਾਜ਼ ਇਹਨਾਂ ਵਸਤੂਆਂ ਨੂੰ ਸਸਤੇ ਭਾਅ ਖਰੀਦਣ ਲਈ ਮੈਸੇਜ ਕਰ ਦਿੰਦੇ ਹਨ। ਮੈਸੇਜ ਵਿਚ ਖਰੀਦਦਾਰੀ ਦੀ ਪ੍ਰਸਿੱਧ ਵੈੱਬਸਾਈਟ ਦੇ ਸ਼ਬਦਜੋੜ ਨੂੰ ਬਦਲਿਆ ਹੁੰਦਾ ਹੈ। ਬੋਲਣ ਵਿਚ ਫਰਕ ਨਹੀਂ ਲੱਗੇਗਾ ਪਰ ਸ਼ਬਦਜੋੜ ਵਿਚ ਫਰਕ ਹੋਵੇਗਾ। ਸਭ ਇਹ ਸੋਚਦੇ ਹਨ ਮੈਸੇਜ ਪ੍ਰਸਿੱਧ ਕੰਪਨੀ ਦਾ ਹੈ ਤੇ ਠੱਗੀ ਦਾ ਕੋਈ ਡਰ ਨਹੀਂ। ਉਸ ਵੈਬਸਾਈਟ ਦੀ ਦਿੱਖ ਵੀ ਪ੍ਰਸਿੱਧ ਵੈੱਬਸਾਈਟਸ ਵਰਗੀ ਹੀ ਹੁੰਦੀ ਹੈ। ਵਸਤੂ ’ਤੇ ਕਲਿਕ ਕਰਦਿਆਂ ਹੀ ਖਰੀਦਦਾਰ ਦਾ ਨਾਮ, ਮੋਬਾਈਲ ਨੰਬਰ ਤੇ ਹੋਰ ਜਾਣਕਾਰੀ ਮੰਗੀ ਜਾਂਦੀ ਹੈ। ਇਹ ਜਾਣਕਾਰੀ ਧੋਖੇਬਾਜ਼ਾਂ ਦੇ ਡਾਟਾ ਬੇਸ ਵਿਚ ਜਮ੍ਹਾਂ ਹੋ ਜਾਂਦੀ ਹੈ। ਧੋਖੇਬਾਜ਼ ਇਸ ਨੂੰ ਟੈਲੀਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਲੱਖਾਂ ਰੁਪਏ ਵਿਚ ਵੇਚ ਦਿੰਦੇ ਹਨ। ਫਿਰ ਖਰੀਦਦਾਰਾਂ ਨੂੰ ਇਹਨਾਂ ਕੰਪਨੀਆਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ। ਉਹ ਖਰੀਦਦਾਰਾਂ ਨੂੰ ਚੂਨਾ ਲਗਾਉਂਦੀਆਂ ਹਨ। ਕਈ ਇਹਨਾਂ ਵੈੱਬਸਾਈਟਸ ਨੂੰ ਆਨਲਾਈਨ ਭੁਗਤਾਨ ਕਰ ਦਿੰਦੇ ਹਨ। ਜਦ ਵਸਤੂਆਂ ਪਹੁੰਚਦੀਆਂ ਨਹੀਂ ਤਾਂ ਪਤਾ ਲੱਗਦਾ ਹੈ ਕਿ ਸਾਈਟ ਤਾਂ ਜਾਅਲੀ ਸੀ।

ਅਕਸਰ ਰਾਜਨੀਤਿਕ ਪਾਰਟੀਆਂ ਆਪਣੇ ਨੇਤਾਵਾਂ ਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤੇ ਖਾਸ ਕਰਕੇ ਚੋਣਾਂ ਦੇ ਦਿਨਾਂ ਵਿਚ ਵੋਟਰਾਂ ਦੀ ਮਾਨਸਿਕਤਾ ਨੂੰ ਬਦਲਣ ਤੇ ਪਾਰਟੀ ਦੀ ਹਵਾ ਬਣਾਉਣ ਵਾਸਤੇ ਸੋਸ਼ਲ ਮੀਡੀਏ ਦੀ ਦੁਰਵਰਤੋਂ ਕਰਦੀਆਂ ਹਨ। ਪਾਰਟੀਆਂ ਚੰਗੀਆਂ ਭਲੀਆਂ ਫੋਟੋਆਂ ਨੂੰ ਫੋਟੋਸ਼ਾਪ ਵਿਚ ਬਦਲ ਕੇ ਵੀਡੀਓਜ਼ ਤੇ ਵਾਇਸ ਮੈਸੇਜ ਵਿਚਲੀ ਆਵਾਜ਼ ਨੂੰ ਕੱਟ-ਵੱਢ ਕੇ ਗੱਲ ਦੇ ਮਾਇਨੇ ਬਦਲ ਕੇ ਇਕ ਦੂਸਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਿਛਲੇ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦੇ ਮੂੰਹੋਂ ਇਹ ਕਹਾਇਆ ਗਿਆ ਕਿ ਸਾਡੀ ਪਾਰਟੀ ਬਹੁਤ ਗੰਦੀ ਹੈ। ਇਸ ਨੂੰ ਵੋਟ ਨਾ ਪਾਇਓ, ਫਲਾਣੀ ਪਾਰਟੀ ਨੂੰ ਵੋਟ ਪਾਇਓ। ਵੀਡੀਓ ਜਾਂ ਵਾਇਸ ਮੈਸੇਜ ਨੂੰ ਧਿਆਨ ਨਾਲ ਦੇਖੋ ਜਾਂ ਸੁਣੋ ਤਾਂ ਕੱਟ ਵੱਢ ਦਾ ਪਤਾ ਲੱਗ ਜਾਂਦਾ ਹੈ। ਧੋਖੇਬਾਜ਼ ਅਖਬਾਰਾਂ ਤੇ ਟੀ. ਵੀ. ਚੈਨਲਜ਼ ਦੀਆਂ ਖਬਰਾਂ ਨੂੰ ਬਦਲ ਕੇ ਅਫਵਾਹਾਂ ਫੈਲਾ ਕੇ ਮਾਹੌਲ ਖਰਾਬ ਕਰ ਰਹੇ ਹਨ। ਇਹਨਾਂ ਖਬਰਾਂ ਦੀਆਂ ਫੋਟੋਆਂ ਨੂੰ ਗਹੁ ਨਾਲ ਦੇਖੋ ਤਾਂ ਫੌਂਟ (ਅੱਖਰਾਂ ਦੀ ਬਣਤਰ) ਵਿਚ ਫਰਕ ਹੋਵੇਗਾ। ਟੀ. ਵੀ. ਚੈਨਲ ਦੀ ਬ੍ਰੇਕਿੰਗ ਨਿਊਜ਼ ਵਾਲੀ ਪੱਟੀ ਦੇ ਰੰਗ ਤੇ ਫੌਂਟ ਵਿਚ ਵੀ ਫਰਕ ਹੋਵੇਗਾ। ਜੇ ਖਬਰ ਸੱਚੀ ਹੋਵੇ ਤਾਂ ਕਿਸੇ ਅਖਬਾਰ ਦੇ ਐਪ ਜਾਂ ਗੂਗਲ ਵਿਚ ਵੀ ਜ਼ਰੂਰ ਹੋਵੇ। ਅੱਜਕਲ ਹਰ ਅਖਬਾਰ ਦਾ ਐਪ ਹੈ। ਅਖਬਾਰਾਂ ਹਰ ਖਬਰ ਨੂੰ ਨਾਲੋ-ਨਾਲ ਅਪਡੇਟ ਕਰ ਦਿੰਦੀਆਂ ਹਨ।

ਕਾਰਪੋਰੇਟ ਜਗਤ ਸੋਸ਼ਲ ਮੀਡੀਏ ਰਾਹੀਂ ਆਪਣੇ ਬਰਾਂਡ ਨੂੰ ਸਭ ਤੋਂ ਵਧੀਆ ਸਾਬਿਤ ਕਰ ਰਿਹਾ ਹੈ। ਅਕਸਰ ਵੱਖ-ਵੱਖ ਲਹੂ-ਲੁਹਾਣ ਹੋਏ ਚਿਹਰਿਆਂ ਜਾਂ ਸਰੀਰਾਂ ਦੀਆਂ ਫੋਟੋਆਂ ਨਾਲ ਇਕ ਹੀ ਕੰਪਨੀ ਦਾ ਫਟਿਆ ਮੋਬਾਈਲ ਦਿਸਦਾ ਹੈ। ਤੁਸੀਂ ਸੋਚੋ ਇਕ ਕੰਪਨੀ ਦਾ ਮੋਬਾਈਲ ਵੱਖ-ਵੱਖ ਵਿਅਕਤੀਆਂ ਦੇ ਹੱਥ ਵਿਚ ਕਿਵੇਂ ਫਟ ਸਕਦਾ ਹੈ। ਜਿੱਥੋਂ ਤੱਕ ਮੋਬਾਈਲ ਫਟਣ ਦਾ ਸਵਾਲ ਹੈ, ਉਹ ਤਾਂ ਕਿਸੇ ਵੀ ਕੰਪਨੀ ਦਾ ਫਟ ਸਕਦਾ ਹੈ। ਦਰਅਸਲ ਇਹ ਫੋਟੋਆਂ ਦੁਰਘਟਨਾਵਾਂ ਵਿਚ ਜ਼ਖਮੀ ਜਾਂ ਸੜੇ ਵਿਅਕਤੀਆਂ ਦੀਆਂ ਹੁੰਦੀਆਂ ਹਨ।

ਟਵਿਟਰ ’ਤੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਜਾਂ ਨੇਤਾ ਆਪਣੀ ਮਨਪਸੰਦ ਗੱਲ (ਟਵੀਟ) ਲਿਖਦੇ ਹਨ। ਲੋਕ ਇਸ ਨੂੰ ਪੜ੍ਹਦੇ ਹਨ ਤੇ ਜਵਾਬ ਦਿੰਦੇ ਹਨ। ਸਮਾਜ ਵਿਚ ਇਹਨਾਂ ਹਸਤੀਆਂ ਜਾਂ ਨੇਤਾਵਾਂ ਦਾ ਗਲਤ ਪ੍ਰਭਾਵ ਬਣਾਉਣ ਲਈ ਧੋਖੇਬਾਜ਼ ਉਹਨਾਂ ਦੇ ਟਵੀਟਸ ਨੂੰ ਬਦਲ ਦਿੰਦੇ ਹਨ। ਵੇਖਣ ਨੂੰ ਇਹ ਟਵੀਟ ਵੀ ਅਸਲੀ ਹੀ ਲੱਗਦੇ ਹਨ। ਕਈ ਇਹਨਾਂ ਹਸਤੀਆਂ ਜਾਂ ਨੇਤਾਵਾਂ ਦੇ ਨਾਂਅ ਦੇ ਸ਼ਬਦਜੋੜ ਬਦਲ ਕੇ ਹੈਂਡਲ ਬਣਾ ਲੈਂਦੇ ਹਨ ਤੇ ਇਹਨਾਂ ਦੇ ਸਕਰੀਨਸ਼ਾਟ ਸੋਸ਼ਲ ਮੀਡੀਏ ’ਤੇ ਪਾ ਦਿੰਦੇ ਹਨ। ਜੇਕਰ ਤੁਹਾਨੂੰ ਟਵਿਟਰ ਦੇ ਖਾਤੇ ਦੇ ਸਾਹਮਣੇ ਨੀਲੇ ਰੰਗ ਦੇ ਗੋਲੇ ਵਿਚ ਚਿੱਟਾ ਨਿਸ਼ਾਨ ਨਜ਼ਰ ਨਾ ਆਵੇ ਤਾਂ ਸਮਝੋ ਇਹ ਖਾਤਾ ਜਾਅਲੀ ਹੈ।

ਸੋਸ਼ਲ ਮੀਡੀਏ ’ਤੇ ਹੋ ਰਹੇ ਧੋਖਿਆਂ ਕਾਰਨ ਅਪਰਾਧ ਵਧ ਰਹੇ ਹਨ। ਸਮਾਜ ਬਿਮਾਰ ਹੋ ਰਿਹਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਇਨਫਰਮੇਸ਼ਨ ਟੈਕਨਾਲੌਜੀ ਦੇ ਕਾਨੂੰਨ ਦੀ ਧਾਰਾ 66, 66 ਏ, 66 ਸੀ, ਤੇ 66 ਡੀ. ਤਹਿਤ ਦੋਸ਼ੀ ਨੂੰ ਸਜ਼ਾ ਦੇਣ ਲਈ ਕਾਨੂੰਨ ਤਾਂ ਹੈ ਪਰ ਦੋਸ਼ੀਆਂ ਦੇ ਟਿਕਾਣੇ ਦਾ ਪਤਾ ਨਹੀਂ ਲੱਗਦਾ। ਸਭ ਨੂੰ ਸੋਸ਼ਲ ਮੀਡੀਏ ਦੀ ਸਿਆਣਪ ਨਾਲ ਵਰਤੋਂ ਕਰ ਕੇ ਆਪਣੀ ਸੁਰੱਖਿਆ ਆਪ ਹੀ ਕਰਨੀ ਪਵੇਗੀ।

*****

(1112)

About the Author

ਸੁਖਮਿੰਦਰ ਸਿੰਘ ਸਹਿੰਸਰਾ

ਸੁਖਮਿੰਦਰ ਸਿੰਘ ਸਹਿੰਸਰਾ

Amritsar, Punjab, India.
Phone: (91 - 98766 - 52900)
Email: (sukhmindersingh.s@gmail.com)