SurinderSohal7“ਉਹਨਾਂ ਨੇ ਫਿਲਮ ਬਣਾਉਣ ਤੋਂ ਪਹਿਲਾਂ ਬਹੁਤ ‘ਰਿਸਰਚ’ ਕਰਵਾਈ ਸੀ, ਪਰ ਫਿਲਮ ਦੇਖ ਕੇ ...”
(14 ਅਪਰੈਲ 2018)

 

(ਨੋਟ: ਇਹ ਲੇਖ ਤਿੰਨ ਸਾਲ ਪਹਿਲਾਂ ਅਪ੍ਰੈਲ 2015 ਵਿਚ ਮੈਨਹਾਟਨ (ਨਿਊਯਾਰਕ) ਵਿਚ ਫ਼ਿਲਮ ਦਾ ਪ੍ਰੀਮੀਅਰ ਦੇਖਣ ਤੋਂ ਬਾਅਦ ਲਿਖਿਆ ਗਿਆ ਸੀ।)

 

HarinderSSikka2ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ-ਸਾਖੀਆਂ ਵਿੱਚੋਂ ਕੁਝ ਸਾਖੀਆਂ ਚੁਣ ਕੇ ਬਣਾਈ ਗਈ ਫਿਲਮ ਨਾਨਕ ਸ਼ਾਹ ਫ਼ਕੀਰ‘ ਨਾਂਹ-ਪੱਖੀ ਅਤੇ ਹਾਂ-ਪੱਖੀ ਵਿਚਾਰਾਂ ਦੇ ਭੰਵਰਾਂ ਅਤੇ ਵਰੋਲਿਆਂ ਦੀ ਲਪੇਟ ਵਿਚ ਹੈ। ਵਿਰੋਧ ਦੇ ਭੰਵਰ ਜ਼ਿਆਦਾ ਤੇਜ਼ ਹਨ। ਹੈ ਵੀ ਸੁਭਾਵਿਕ। ਵਿਸ਼ਾ ਹੀ ਇੰਨਾ ਸੰਵੇਦਨਸ਼ੀਲ ਹੈ, ਅਗਰ ਗੁਲਾਬ ਦੀ ਪੱਤੀ ਵਰਗਾ ਨਾਜ਼ੁਕ ਲਫ਼ਜ਼ ਵੀ ਸਹੀ ਸੰਦਰਭ ਵਿਚ ਨਾ ਵਰਤਿਆ ਜਾਵੇ ਤਾਂ ਸਤਿਕਾਰ, ਸ਼ਰਧਾ, ਵਿਸ਼ਵਾਸ ਤੇ ਜ਼ਰਬ ਆਉਣ ਦਾ ਖ਼ਤਰਾ ਬਰਾਬਰ ਬਣਿਆ ਰਹਿੰਦਾ ਹੈ।

ਫਿਲਮ ਦੀ ਸਮੁੱਚੀ ਕਹਾਣੀ ਨੂੰ ਭਾਈ ਮਰਦਾਨਾ ਜੀ ਦੀ ਦ੍ਰਿਸ਼ਟੀ ਤੋਂ ਦਿਖਾਇਆ ਗਿਆ ਹੈ। ਭਾਈ ਮਰਦਾਨਾ ਜੀ ਸਿੱਖ ਇਤਿਹਾਸ ਵਿਚ ਅਜਿਹੀ ਸ਼ਖ਼ਸੀਅਤ ਵਜੋਂ ਸਨਮਾਨਯੋਗ ਸਥਾਨ ਰੱਖਦੇ ਹਨ, ਜਿਹਨਾਂ ਨੇ ਸਭ ਤੋਂ ਵੱਧ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਿਤਾਇਆ। ਉਹਨਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੀ ਰਬਾਬ ਦੀਆਂ ਸੁਰਾਂ ਦੇ ਰਸ ਵਿਚ ਡੁਬੋ ਕੇ ਮਾਨਵਤਾ ਦੇ ਕੰਨਾਂ ਵਿਚ ਇਲਾਹੀ ਨਾਦ ਘੋਲਿਆ।

ਪ੍ਰਤੀਕਾਤਮਕ ਰੂਪ ਵਿਚ ਸਮੁੱਚੀ ਫਿਲਮ ਦਾ ਸਾਰੰਸ਼ ਦੇਣਾ ਹੋਵੇ ਤਾਂ- ਇਲਾਹੀ ਬਾਣੀ ਦਾ ਦਰਜਾ ਰੱਖਦੀ ਗੁਰੂ ਸਾਹਿਬ ਦੀ ਬਾਣੀ ਨਾਲ ਪੱਥਰਾਂ ਵਰਗੇ ਹਿਰਦਿਆਂ ਵਿਚ ਪਰਮਾਤਮਾ ਦੇ ਨਾਮ ਦਾ ਪੰਜਾ ਲੱਗਦਾ ਹੈ, ਰੂਹ ਨੂੰ ਲੱਗੇ ਵਿਕਾਰਾਂ ਦੇ ਕੋਹੜ ਦਾ ਨਾਸ਼ ਹੁੰਦਾ ਹੈ, ਸਿੱਧਾਂ ਅੰਦਰ ਘਰ ਕਰ ਗਏ ਹੰਕਾਰ ਦੇ ਪਸ਼ੂਆਂ ਦਾ ਸੰਘਾਰ ਹੁੰਦਾ ਹੈ। ਫੋਕੇ ਕਰਮ-ਕਾਂਡਾਂ ਦਾ ਭਾਂਡਾ ਭੱਜਦਾ ਹੈ ਅਤੇ ਸਾਰੀ ਕਾਇਨਾਤ ਹੀ ਦੇ ਨਾਦ ਵਿਚ ਵਿਸਮਾਦ ਅਵਸਥਾ ਵਿਚ ਵਿਚਰ ਰਹੀ ਪ੍ਰਤੀਤ ਹੁੰਦੀ ਹੈ।

ਪਰ ਫਿਰ ਵੀ ਫਿਲਮ ਦੇਖਦੇ ਸਮੇਂ ਫਿਲਮ ਦੇ ਨਿਰਮਾਣ ਨੂੰ ਲੈ ਕੇ ਇਤਰਾਜ਼ ਦਾ ਕੰਡਾ ਦਿਲ ਵਿਚ ਚੁੱਭਦਾ ਰਹਿੰਦਾ ਹੈ। ਇਸ ਦਾ ਕਾਰਨ ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਦੀ ਲੋਅ ਵਿਚ ਸਪਸ਼ਟ ਨਜ਼ਰ ਆ ਜਾਂਦਾ ਹੈ- ‘ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫਿਲਮਾਂ ਵਿਚ ਗੁਰੂ ਜੀਵਨਾਂ, ਗੁਰਬਾਣੀ ਅਤੇ ਅਭਿਨੈ ਦਾ ਸੰਜੋਗ ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ, ਰੂਹਾਨੀ ਖ਼ੁਦਕੁਸ਼ੀ ਸਾਬਿਤ ਹੋਣਗੇ।’

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨਾਲ ਭੇਟ ਵਾਰਤਾ ਵਿੱਚੋਂ ਕੁਝ ਅਹਿਮ ਗੱਲਾਂ ਸਾਹਮਣੇ ਆਈਆਂ। ਸ. ਸਿੱਕਾ ਮੁਤਾਬਿਕ, ਏਡਾ ਵੱਡਾ ਕਾਰਜ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ, ਨਾ ਹੀ ਉਹਨਾਂ ਨੇ ਕਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਬਾਰੇ ਸੋਚਿਆ ਸੀ। ਇਕ ਦਿਨ ਸੁਪਨ-ਅਵਸਥਾ ਵਿਚ ਉਹਨਾਂ ਨੂੰ ਇਲਾਹੀ ਨੂਰ ਦੀ ਝਲਕੀ ਦਿਖਾਈ ਦਿੱਤੀ। ਉਸ ਛਬੀ ਦੇ ਨਕਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਦੇ-ਜੁਲਦੇ ਸਨ। ਬਸ ਓਹੀ ਇਲਾਹੀ ਨੂਰ ਦੀ ਝਲਕ ਫਿਲਮ ਦੀ ਪ੍ਰੇਰਨਾ ਬਣੀ।

ਕਿਸੇ ਨੇ ਸਵਾਲ ਕੀਤਾ- ਸਿੱਕਾ ਜੀ, ਕੀ ਤੁਹਾਡੀ ਫਿਲਮ ਦੇ ਪਿੱਛੇ, ਫਿਲਮ 'ਚਾਰ ਸਾਹਿਬਜ਼ਾਦੇ` ਦੀ ਸਫ਼ਲਤਾ ਦੀ ਚਮਕ ਤਾਂ ਨਹੀਂ? ਸਿੱਕਾ ਸਾਹਿਬ ਦਾ ਕਹਿਣ ਸੀ- ਉਹ ਫਿਲਮ ਕਮਰਸ਼ੀਅਲ ਐਂਗਲ ਤੋਂ ਬਣਾਈ ਗਈ ਸੀ, ਇਹ ਫਿਲਮ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਬਣਾਈ ਗਈ ਹੈ। ਇਸ ਫਿਲਮ ਦੀ ਕਮਾਈ ਬਿਨਾਂ ਕਿਸੇ ਜ਼ਾਤੀ ਭੇਦ ਦੇ ਲੋੜਵੰਦਾਂ ਨੂੰ ਵੰਡ ਦਿੱਤੀ ਜਾਵੇਗੀ।

ArifZakria2ਫਿਲਮ ਨਾਨਕ ਸ਼ਾਹ ਫ਼ਕੀਰ’ ਭਾਈ ਮਰਦਾਨਾ ਜੀ ਦੀ ਦ੍ਰਿਸ਼ਟੀ ਤੋਂ ਬਣਾਈ ਗਈ ਹੈ। ਕੈਮਰੇ ਦੀ ਅੱਖ ਨੂੰ ਭਾਈ ਮਰਦਾਨਾ ਜੀ ਦੀ ਅੱਖ ਵਜੋਂ ਵਰਤਣ ਦਾ ਯਤਨ ਕੀਤਾ ਗਿਆ ਹੈ। ਭਾਈ ਮਰਦਾਨਾ ਜੀ ਦਾ ਰੋਲ ਕਰਨ ਵਾਲਾ ਐਕਟਰ ਆਰਿਫ਼ ਜ਼ਕਰੀਆ ਇਸ ਸਕਰੀਨਿੰਗ ਮੌਕੇ ਮੌਜੂਦ ਸੀ। ਉਸ ਦਾ ਕਹਿਣਾ ਸੀ- ਮੈਂ ਇਸ ਯਾਤਰਾ ਵਿਚ ਸੱਚਮੁੱਚ ਕੋਈ ਵਿਲੱਖਣ ਯਾਤਰਾ ਕੀਤੀ ਮਹਿਸੂਸ ਕਰਦਾ ਹਾਂ।

ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਜੀ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੁਦਰਤ ਅਤੇ ਪੈਗ਼ੰਬਰੀ ਜਲਵਿਆਂ ਨੂੰ ਮਾਣਦਿਆਂ ਬਿਤਾਇਆ। ਇਕ ਪੈਗ਼ੰਬਰ ਨਾਲ ਰਹਿ ਕੇ ਆਤਮਕ ਤੌਰ ਤੇ ਭਾਈ ਮਰਦਾਨਾ ਜੀ ਕਿੰਨੀ ਉੱਚ-ਅਵਸਥਾ ਦੇ ਧਾਰਨੀ ਹੋ ਗਏ ਹੋਣਗੇ, ਉਸ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸ਼ਖ਼ਸੀਅਤ ਦੀ ਬਾਹਰੀ ਦਿੱਖ ਅਤੇ ਅੰਦਰੂਨੀ ਬੁਲੰਦੀ ਨੂੰ ਐਕਟਰ (ਭਾਵੇਂ ਉਹ ਕਿੰਨੀ ਵੀ ਪ੍ਰਤਿਭਾ ਦਾ ਮਾਲਕ ਕਿਉਂ ਨਾ ਹੋਵੇ) ਕਿੰਨੀ ਕੁ ਸਫ਼ਲਤਾ ਨਾਲ ਨਿਭਾ ਸਕਦਾ ਹੈ। ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਐਕਟਰ ਨੂੰ ਭਾਈ ਮਰਦਾਨਾ ਜੀ ਦਾ ਕੱਦ, ਬੁਲੰਦੀ ਅਤੇ ਮਾਨਸਿਕ-ਅਵਸਥਾ ਦੀ ਉਚਾਈ ਦੇ ਸਾਹਮਣੇ, ਆਪਣੀ ਹੋਂਦ ਦਾ ਅਹਿਸਾਸ ਕਰਦੇ ਹੋਏ ਕਿਰਦਾਰ ਨਿਭਾਉਣ ਦੀ ਹਾਮੀ ਭਰਨੀ ਹੀ ਨਹੀਂ ਸੀ ਚਾਹੀਦੀ।

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਿੱਕਾ ਜੀ ਦਾ ਕਹਿਣ ਸੀ- ਗੁਰੂ ਸਾਹਿਬ ਨੂੰ ਅਸੀਂ ਕੰਪਿਊਟਰ ਗ੍ਰਾਫਿਕਸ ਦੀ ਮਦਦ ਨਾਲ ਸਿਰਫ਼ ਰੌਸ਼ਨੀ ਦੇ ਰੂਪ ਵਿਚ ਪਿਛਾੜੀ ਤੋਂ ਹੀ ਵਿਖਾਇਆ ਹੈ।

ਪਰ ਉਹਨਾਂ ਦੀ ਇਹ ਗੱਲ ਸਿਰਫ਼ ਪੈਰ ਟਿਕਾਉਣਾ ਹੀ ਸਾਬਿਤ ਹੋਈ, ਬੈਠਣ ਦਾ ਹੀਲਾ ਉਹਨਾਂ ਨੇ ਆਪੇ ਕਰ ਲਿਆ। ਫਿਲਮ ਵਿਚ ਦਿਖਾਏ ਗਏ ਗੁਰੂ ਸਾਹਿਬ ਦਾ ਰੂਪ ਗ੍ਰਾਫਿਕਸ ਘੱਟ, ਵਿਅਕਤੀ ਦੁਆਰਾ ਕੀਤਾ ਗਿਆ ਵੱਧ ਲੱਗਿਆ, ਜਿਸ ਨੂੰ ਕੰਪਿਊਟਰੀ ਜੁਗਤਾਂ ਰਾਹੀਂ ਫੇਡ ਕੀਤਾ ਗਿਆ ਹੋਵੇ। ਫਿਰ ਸੰਵਾਦ ਬੋਲਦੇ ਵੀ ਦਿਖਾਇਆ ਗਿਆ।

ਕੁਦਰਤ ਵਲੋਂ ਭਰਪੂਰ ਗੁਣਾਂ ਨਾਲ ਵਰਸੋਏ ਗੁਰੂ ਸਾਹਿਬ ਦੀ ਛਬੀ ਅਤੇ ਰਹੱਸਮਈ ਪੈਗ਼ੰਬਰੀ ਬੋਲਾਂ ਨੂੰ ਮਨੁੱਖੀ ਯਤਨ ਅਤੇ ਮਨੁੱਖ ਦਾ ਬਣਾਇਆ ਕੈਮਰਾ ਕਿੰਨਾ ਕੁ ਪਕੜ ਸਕਦਾ ਹੈ। ਪੈਗ਼ੰਬਰੀ ਰੂਹਾਂ ਖ਼ੂਬਸੂਰਤ ਰੂਹਾਨੀ ਓਹਲੇ ਦੀਆਂ ਧਾਰਣੀ ਹੁੰਦੀਆਂ ਹਨ। ਉਹਨਾਂ ਰੂਹਾਨੀ ਓਹਲਿਆਂ ਨੂੰ ਮਨੁੱਖੀ ਮੱਤ ਨਾਲ ਤਾਰ ਤਾਰ ਕਰਨ ਦੀ ਕੋਸ਼ਿਸ਼ ਨੂੰ ਹੀ ਸ਼ਾਇਦ ਹਰਿੰਦਰ ਸਿੰਘ ਮਹਿਬੂਬ ਨੇ ਰੂਹਾਨੀ ਖ਼ੁਦਕੁਸ਼ੀਦਾ ਨਾਮ ਦਿੱਤਾ ਹੈ।

ਮਾਤਾ ਤ੍ਰਿਪਤਾ, ਬੇਬੇ ਨਾਨਕੀ, ਬੀਬੀ ਸੁਲੱਖਣੀ ਆਦਿ ਵਰਗੀਆਂ ਬੇਜੋੜ, ਮਹਾਨ ਸ਼ਖ਼ਸੀਅਤਾਂ ਨੂੰ ਪਰਦੇ ਤੇ ਪੇਸ਼ ਕਰਨ ਦਾ, ਫਿਲਮ ਵਾਲਿਆਂ ਨੂੰ ਹੌਸਲਾ ਹੀ ਨਹੀਂ ਸੀ ਕਰਨਾ ਚਾਹੀਦਾ। ਕਲਾ ਦੀ ਦੁਨੀਆ ਵਿਚ ਗੱਲ ਕਹਿਣ ਦੇ ਅਨੇਕ ਤਰੀਕੇ ਨੇ।

ਦਰਸ਼ਕਾਂ ਦੇ ਵਿਚਾਰ ਸਾਧਾਰਨਤਾ ਦੀ ਪੱਧਰ ਪਾਰ ਨਹੀਂ ਕਰ ਸਕੇ। ਕੁਝ ਇਕ ਨੇ ਫਿਲਮ ਦੀ ਤਕਨੀਕ ਬਾਰੇ ਗੱਲ ਕੀਤੀ। ਇਕ ਦਰਸ਼ਕ ਦਾ ਇਤਰਾਜ਼ ਸੀ- ਗੁਰੂ ਸਾਹਿਬ ਦੇ ਬੱਚੇ ਮੋਨੇ ਕਿਉਂ ਦਿਖਾਏ ਗਏ ਹਨ। ਮੇਰੇ ਖ਼ਿਆਲ ਵਿਚ ਉਸਦਾ ਇਤਰਾਜ਼ ਹੋਣਾ ਇਹ ਚਾਹੀਦਾ ਸੀ ਕਿ ਗੁਰੂ ਸਾਹਿਬ ਦੇ ਬੱਚੇ ਦਿਖਾਏ ਹੀ ਕਿਉਂ ਗਏ ਹਨ!

ਇਕ ਦਰਸ਼ਕ ਦਾ ਕਹਿਣ ਸੀ- ਇਸ ਫਿਲਮ ਨੂੰ ਚੰਗਾ ਕਹਿਣਾ ਵੀ ਮਾੜਾ ਹੈ ਅਤੇ ਮਾੜਾ ਕਹਿਣਾ ਵੀ ਮਾੜਾ। ਚੁੱਪ ਬਿਹਤਰ ਹੈ।

ਇਕ ਦਰਸ਼ਕ ਨੇ ਗੱਲ ਹੀ ਨਿਬੇੜ ਦਿੱਤੀ- ਦੇਖੋ ਜੀ, ਸਿੱਕਾ ਸਾਹਿਬ ਨੇ ਕਿਹਾ ਕਿ ਇਹ ਫਿਲਮ ਨਾ ਉਹਨਾਂ ਨੇ ਲਿਖੀ ਹੈ ਨਾ ਬਣਾਈ ਹੈ। ਇਹ ਲਿਖੀ ਵੀ ਗੁਰੂ ਸਾਹਿਬ ਨੇ ਹੈ, ਬਣਾਈ ਵੀ ਗੁਰੂ ਸਾਹਿਬ ਨੇ। ਹੁਣ ਚੰਗਾ ਮਾੜਾ ਵਿਚਾਰ ਦੇਣ ਵੇਲੇ ਤੁਸੀਂ ਆਪ ਸੋਚ ਲਵੋ।

ਇਕ ਹੋਰ ਦਰਸ਼ਕ ਦਾ ਕਹਿਣਾ ਸੀ ਕਿ ਸਿੱਕਾ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਨੇ ਫਿਲਮ ਬਣਾਉਣ ਤੋਂ ਪਹਿਲਾਂ ਬਹੁਤ ਰਿਸਰਚ’ ਕਰਵਾਈ ਸੀ, ਪਰ ਫਿਲਮ ਦੇਖ ਕੇ ਸਿੱਕਾ ਜੀ ਦਾ ਇਹ ਕਥਨ ਸਹੀ ਨਹੀਂ ਜਾਪਦਾ।

**

ਇਕ ਦਰਸ਼ਕ ਨੇ ਫਿਲਮ ਦੀ ਤਕਨੀਕ ਪੱਖੋਂ ਬੜੀ ਸਿਫ਼ਤ ਕੀਤੀ।

ਚਲੋ ਠੀਕ ਹੈ, ਅੱਜ ਦੇ ਦੌਰ ਵਿਚ ਕੰਪਿਊਟਰ, ਬਲਿਊ ਸਕਰੀਨ ਆਦਿ ਨਾਲ ਮਨਚਾਹੇ ਖ਼ੂਬਸੂਰਤ ਸੀਨ ਫਿਲਮਾਏ ਜਾ ਸਕਦੇ ਹਨ, ਪਰ ਨਿਰੀ ਤਕਨੀਕ ਹੀ ਸਭ ਕੁਝ ਨਹੀਂ ਹੁੰਦੀ, ਫਿਲਮ ਦਾ ਵਿਸ਼ਾ, ਵਿਸ਼ੇ ਦੀ ਸੰਵੇਦਨਸ਼ੀਲਤਾ ਵੀ ਤਾਂ ਮਹੱਤਵਪੂਰਨ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਿਸੇ ਸਿਆਣੇ ਦੇ ਬੋਲ ਯਾਦ ਆ ਰਹੇ ਹਨ- ਅਗਰ ਸੋਨੇ ਦੀ ਛੁਰੀ ਹੱਥ ਆ ਜਾਵੇ ਤਾਂ ਉਸ ਨਾਲ ਆਪਣਾ ਢਿੱਡ ਹੀ ਨਹੀਂ ਪਾੜ ਲੈਣਾ ਚਾਹੀਦਾ।

*****

 ਤਸਵੀਰਾਂ: (1) ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ।

(2) ਫਿਲਮ ਵਿਚ ਭਾਈ ਮਰਦਾਨੇ ਜੀ ਦਾ ਰੋਲ ਕਰਨ ਵਾਲੇ ਆਰਿਫ਼ ਜ਼ਕਰੀਆ।

**

(1111)

About the Author

ਸੁਰਿੰੰਦਰ ਸੋਹਲ

ਸੁਰਿੰੰਦਰ ਸੋਹਲ

New York, USA.
Email: (surindersohal@hotmail.com)