ShamSingh7ਜੇ ਦੇਸ਼ ਦੇ ਹਉਮੈ ਭਰੇ ਲੋਕ ਸਦੀਆਂ ਤੋਂ ਦੂਜਿਆਂ ਨੂੰ ਦਬਾਉਣ ਦੇ ਆਦੀ ਹੋਣ ਕਾਰਨ ਆਪਣੀ ...
(10 ਅਪਰੈਲ 2018)

 

ਧਰਮਾਂ ਨੇ ਸਾਰੀ ਸ੍ਰਿਸ਼ਟੀ ਨੂੰ ਕਿਸੇ ਅਦਿੱਖ ਸ਼ਕਤੀ ਦੀ ਕਿਰਤ ਮੰਨਿਆ ਹੈ ਅਤੇ ਹਰ ਜੀਵ ਆਤਮਾ ਨੂੰ ਉਸ ਦਾ ਅੰਸ਼। ਆਤਮਾ-ਪਰਮਾਤਮਾ ਵਿੱਚ ਗਹਿਰੀ ਸਾਂਝ ਅਤੇ ਪਰਮਾਤਮਾ ਨੂੰ ਹੀ ਮੰਨਿਆ ਗਿਆ ਹੈ ਆਤਮਾ ਦਾ ਸੋਮਾ। ਦੁਨੀਆ ਭਰ ਦੇ ਮਨੁੱਖਾਂ ਨੂੰ ਇੱਕ ਹੀ ਨੂਰ ਤੋਂ ਉਪਜੇ ਹੋਏ ਦੱਸਿਆ ਹੈ, ਜਿਸ ਕਾਰਨ ਸਭ ਦੇ ਸਭ ਹੀ ਬਰਾਬਰ ਹਨ, ਉੱਚੇ-ਨੀਵੇਂ ਨਹੀਂ। ਜਿਹੜੇ ਧਰਮ ਦੇ ਠੇਕੇਦਾਰ ਮਨੁੱਖਾਂ-ਮਨੁੱਖਾਂ ਵਿਚਕਾਰ ਫ਼ਰਕ ਦੇਖਦੇ ਹਨ, ਉਨ੍ਹਾਂ ਨੂੰ ਮਾਨਤਾ ਦਿੰਦੇ ਹਨ, ਉਹ ਸਮਾਜ ਵਿੱਚ ਤਰੇੜਾਂ ਪਾਉਣ ਤੋਂ ਬਾਜ਼ ਨਹੀਂ ਆਉਂਦੇ।

ਜਦੋਂ ਆਤਮਾ ਦਾ ਸੋਮਾ ਹੀ ਇੱਕ ਹੈ, ਫਿਰ ਮੱਤਭੇਦ ਕੇਹਾ? ਜੇਕਰ ਆਤਮਾ ਨੂੰ ਜਾਣਨ ਵਾਲੇ ਹੀ ਮੱਤਭੇਦ ਦੀ ਨੀਂਹ ਰੱਖਣ, ਫ਼ਰਕ ਪਾਉਣ ਦਾ ਪ੍ਰਚਾਰ ਕਰਨ ਤਾਂ ਪਰਮਾਤਮਾ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨ ਲੱਗਾ। ਜਿਸ ਨੇ ਇਸ ਧਰਤੀ ’ਤੇ ਏਨੇ ਖਿਡਾਉਣੇ ਬਣਾਏ ਹਨ, ਉਹ ਉਨ੍ਹਾਂ ’ਤੇ ਸੋਹਣੇ-ਕੁਸੋਹਣੇ, ਉੱਚੇ-ਨੀਵੇਂ, ਭਲੇ-ਮੰਦੇ ਸ਼ਬਦਾਂ ਦੇ ਬਾਣ ਕੱਸ ਹੁੰਦੇ ਨਹੀਂ ਸੁਣ ਸਕਦਾ। ਧਰਮਾਂ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਸਿਰ ਬਹੁਤ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਹੈ ਕਿ ਸਮਾਜ ਨੂੰ ਉਨ੍ਹਾਂ ਨੇ ਸਹੀ ਸੇਧ ਵੀ ਦੇਣੀ ਹੈ ਅਤੇ ਚੰਗੇ ਰਾਹ ਤੋਰਨਾ ਵੀ।

ਮਨੂੰ ਨੇ ਤਾਂ ਆਪਣੇ ਸਮੇਂ ਲੋਕਾਂ ਦੀ ਵੰਡ ਕਿੱਤਿਆਂ ਦੇ ਆਧਾਰ ’ਤੇ ਕੀਤੀ ਸੀ, ਜੋ ਸਮਿਆਂ ਦੇ ਗੇੜ ਨਾਲ ਪਤਾ ਨਹੀਂ ਕਦੋਂ ਅਤੇ ਕਿਸ ਤਰ੍ਹਾਂ ਜਾਤ-ਪਾਤ ਦਾ ਰੂਪ ਧਾਰਨ ਕਰ ਗਈ। ਇਹ ਲੋਕਾਂ ਨਾਲ ਨਿਆਂ ਨਹੀਂ ਹੋਇਆ, ਸਗੋਂ ਉਨ੍ਹਾਂ ਦੇ ਬਣੇ-ਬਣਾਏ ਭਾਈਚਾਰੇ ਵਿੱਚ ਮੱਤਭੇਦ ਦੀਆਂ ਲਕੀਰਾਂ ਖਿੱਚੀਆਂ ਗਈਆਂ, ਜਿਨ੍ਹਾਂ ਨੇ ਮਨੁੱਖੀ ਮਨਾਂ ਵਿੱਚ ਹੀ ਨਹੀਂ, ਸਗੋਂ ਸਮਾਜ ਵਿੱਚ ਵੀ ਵੱਡੀਆਂ ਤਰੇੜਾਂ ਪਾ ਦਿੱਤੀਆਂ। ਇਨ੍ਹਾਂ ਤਰੇੜਾਂ ਕਾਰਨ ਮਨੁੱਖ ਮਨੁੱਖਾਂ ਤੋਂ ਹੀ ਦੂਰ ਨਹੀਂ ਹੋ ਗਏ, ਸਗੋਂ ਉਨ੍ਹਾਂ ਵਿਚਕਾਰ ਨਫ਼ਰਤ ਦੀ ਦੁਰਗੰਧ ਵੀ ਫੈਲ ਗਈ।

ਫਿਰ ਸਮਾਜ ਵਿੱਚ ਇਸ ਦੇ ਮੋਹਰੀ ਬਣੇ ਰਾਜਨੀਤਕ ਲੋਕਾਂ ਨੇ ਆਪੋ-ਆਪਣੇ ਸਵਾਰਥਾਂ ਲਈ ਸਮਾਜ ਦੇ ਵਿੱਚ ਤਰੇੜਾਂ ਪਾਈਆਂ ਹੀ ਨਹੀਂ, ਸਗੋਂ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਆਪਣੀਆਂ ਰੋਟੀਆਂ ਸੇਕਣ ਲਈ ਦੂਜਿਆਂ ਦੀ ਅਣਖ ਦੀ ਆਹੂਤੀ ਲੈ ਲਈ। ਲੋਕਾਂ ਨੂੰ ਅਜਿਹੀਆਂ ਵੰਡਾਂ ਵਿੱਚ ਵੰਡ ਦਿੱਤਾ ਗਿਆ ਕਿ ਉਹ ਇੱਕ ਦੂਜੇ ਵੱਲ ਪਿੱਠਾਂ ਕਰ ਕੇ ਖੜ੍ਹ ਗਏ। ਅਜਿਹਾ ਹੋਣ ਨਾਲ ਸਮਾਜ ਜ਼ਖ਼ਮੀ ਹੋ ਕੇ ਰਹਿ ਗਿਆ। ਰਾਜਨੀਤਕ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਭਾਈਚਾਰੇ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਬਣਦਾ ਹਿੱਸਾ ਪਾਉਣ ਤਾਂ ਕਿ ਪਈਆਂ ਹੋਈਆਂ ਤਰੇੜਾਂ ਮਿਟਣ

ਅਮੀਰੀ-ਗ਼ਰੀਬੀ ਦੇ ਪਾੜੇ ਨੇ ਵੀ ਸਮਾਜ ਵਿੱਚ ਕਈ ਕਿਸਮ ਦੀਆਂ ਤਰੇੜਾਂ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਲੋਕਾਂ ਵਿੱਚ ਹਉਮੈ ਦੀਆਂ ਦੀਵਾਰਾਂ ਵੀ ਤਣ ਗਈਆਂ ਅਤੇ ਆਕੜ ਦੀਆਂ ਵੀ। ਅਮੀਰ ਬਣੇ ਲੋਕ ਗ਼ਰੀਬਾਂ ਨੂੰ ਕੀੜੇ-ਮਕੌੜਿਆਂ ਤੋਂ ਵੱਧ ਨਹੀਂ ਸਮਝਦੇ। ਜਿਹੜੇ ਤਾਂ ਆਪਣੀ ਮਿਹਨਤ ਨਾਲ ਅਮੀਰ ਬਣਦੇ ਹਨ, ਉਨ੍ਹਾਂ ਦਾ ਜ਼ਿਹਨ ਟਿਕਾਣੇ ਰਹਿੰਦਾ ਹੈ, ਕਦੇ ਖ਼ਰਾਬ ਨਹੀਂ ਹੁੰਦਾ, ਪਰ ਜਿਹੜੇ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਕਰ ਕੇ ਅਮੀਰੀ ਠਾਠ ਬਣਾਉਂਦੇ ਹਨ, ਉਨ੍ਹਾਂ ਨਾਲ ਦਾ ਕੋਈ ਹੋਰ ਖ਼ਤਰਨਾਕ ਨਹੀਂ ਹੁੰਦਾ। ਉਹ ਲੋਕ ਜਾਣ-ਬੁੱਝ ਕੇ ਸਮਾਜ ਵਿੱਚ ਦਿਖਾਵਾ ਕਰ ਕੇ ਆਪਣੀ ਸ਼ਾਨੋ-ਸ਼ੌਕਤ ਦੇ ਗੁੱਡੇ ਬੰਨ੍ਹਦੇ ਹਨ, ਜਿਨ੍ਹਾਂ ਨਾਲ ਦਰਾੜਾਂ ਪੈਂਦੀਆਂ ਹਨ

ਗ਼ਰੀਬ ਕਿਸੇ ਵੀ ਜਾਤ-ਵਰਗ ਦਾ ਹੋਵੇ, ਉਸ ਨੂੰ ਉਸ ਦੀ ਇਸ ਗ਼ਰੀਬੀ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਸਮੁੱਚੇ ਸਮਾਜ ਅਤੇ ਸਰਕਾਰ ਦੀ ਹੋਣੀ ਚਾਹੀਦੀ ਹੈਰਾਜਨੀਤਕ ਆਗੂਆਂ ਅਤੇ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਸਮਾਜ ਨੂੰ ਹਰ ਖੇਤਰ ਵਿੱਚ ਬਰਾਬਰੀ ਦੇ ਪੱਧਰ ’ਤੇ ਲਿਆਉਣ ਦੇ ਜਤਨ ਕਰਨ। ਇਹ ਕੋਈ ਔਖਾ ਕੰਮ ਨਹੀਂ। ਭਾਰਤ ਕੋਲ ਪਦਾਰਥਾਂ ਦੀ ਘਾਟ ਨਹੀਂ, ਸੋਮਿਆਂ ਦੀ ਥੁੜ ਨਹੀਂ, ਕਮੀ ਹੈ ਤਾਂ ਕੇਵਲ ਨੀਤ ਦੀ। ਜੇ ਨੀਤ ਪਰਉਪਕਾਰੀ ਹੋ ਜਾਵੇ ਤਾਂ ਸਮਾਜ ਵਿੱਚ ਪਈਆਂ ਤਰੇੜਾਂ ਬਹੁਤਾ ਚਿਰ ਟਿਕੀਆਂ ਨਹੀਂ ਰਹਿ ਸਕਦੀਆਂ।

ਦਫ਼ਤਰਾਂ, ਸਕੂਲਾਂ, ਕਾਲਜਾਂ ਅਤੇ ਹੋਰ ਥਾਂਵਾਂ ਉੱਤੇ ਭਰਾਏ ਜਾਂਦੇ ਫ਼ਾਰਮਾਂ ਵਿੱਚ ਜਾਤ, ਵਰਗ, ਧਰਮ ਆਦਿ ਦੇ ਖਾਨੇ ਤੁਰਤ-ਫੁਰਤ ਖ਼ਤਮ ਕਰ ਦਿੱਤੇ ਜਾਣ ਤਾਂ ਜੁ ਆਦਮੀ ਦੀ ਪਛਾਣ ਉਸ ਦੇ ਗੁਣਾਂ, ਯੋਗਤਾ ਅਤੇ ਗਿਆਨ ਕਰ ਕੇ ਹੋਵੇ, ਨਾ ਕਿ ਉਸ ਦੇ ਖਾਨਦਾਨ ਕਰ ਕੇ। ਅਦਾਲਤਾਂ ਅਤੇ ਹੋਰ ਸੰਸਥਾਵਾਂ ਵਿੱਚ ਵੀ ਆਦਮੀ ਨੂੰ ਆਦਮੀ ਦੇ ਤੌਰ ’ਤੇ ਪਛਾਣ ਮਿਲਣੀ ਚਾਹੀਦੀ ਹੈ ਤਾਂ ਕਿ ਜਾਤ, ਵਰਗ, ਧਰਮ ਦੀਆਂ ਤਰੇੜਾਂ ਪੂਰੀਆਂ ਜਾ ਸਕਣ। ਅਜਿਹਾ ਹੋਣ ਨਾਲ ਹੀ ਮਨੁੱਖਾਂ ਵਿੱਚੋਂ ਈਰਖਾ ਵੈਰ-ਵਿਰੋਧ ਅਤੇ ਨਫ਼ਰਤ ਦੀਆਂ ਤਰੇੜਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਪਹਿਲੀ ਗੱਲ ਤਾਂ ਸਮਾਜ ਵਿੱਚ ਕਿਸੇ ਕਿਸਮ ਦੀਆਂ ਤਰੇੜਾਂ ਪੈਣੀਆਂ ਹੀ ਨਹੀਂ ਚਾਹੀਦੀਆਂ, ਪੈਣ ਦੇਣੀਆਂ ਹੀ ਨਹੀਂ ਚਾਹੀਦੀਆਂ ਅਤੇ ਵਧਣੀਆਂ ਤਾਂ ਬਿਲਕੁਲ ਹੀ ਨਹੀਂ ਚਾਹੀਦੀਆਂ। ਸਮਾਜ ਦੇ ਲੋਕ ਅਜਿਹੇ ਨੇਤਾਵਾਂ ’ਤੇ ਘੋਖਵੀਂ ਨਜ਼ਰ ਰੱਖਣ, ਜਿਹੜੇ ਸਮਾਜ ਵਿੱਚ ਕਿਸੇ ਤਰ੍ਹਾਂ ਦੀਆਂ ਤਰੇੜਾਂ ਪਾਉਣ ਦਾ ਜਤਨ ਕਰਦੇ ਹਨ, ਤਾਂ ਕਿ ਉਹ ਸਮਾਜ ਦੇ ਡਰ ਕਾਰਨ ਤਰੇੜਾਂ ਪਾ ਹੀ ਨਾ ਸਕਣ।

ਜਿਹੜਾ ਸਮਾਜ ਜਾਤ, ਧਰਮ ਅਤੇ ਕਈ ਤਰ੍ਹਾਂ ਦੇ ਹੋਰ ਵਖਰੇਵਿਆਂ ਵਿੱਚ ਵੰਡਿਆ ਹੋਇਆ ਹੋਵੇ, ਉਹ ਤਰੇੜਾਂ ਨਾਲ ਭਰਿਆ ਹੀ ਰਹੇਗਾ। ਇਸ ਲਈ ਜ਼ਰੂਰੀ ਹੈ ਕਿ ਸਮਾਜ ਦੇ ਸਾਰੇ ਖੇਤਰਾਂ ਦੇ ਸਿਆਣੇ ਲੋਕ ਸਿਰ ਜੋੜ ਕੇ ਸੋਚਣ-ਵਿਚਾਰਨ ਅਤੇ ਸਾਰਥਿਕ ਨਤੀਜੇ ਕੱਢਣ ਦਾ ਜਤਨ ਕਰਨ ਤਰੇੜਾਂ ਮਿਟਾ ਕੇ ਹੀ ਪਿਛਲੀਆਂ ਸਦੀਆਂ ਦੀ ਰਹਿੰਦ-ਖੂੰਹਦ ਅਤੇ ਜੂਠ ਤੋਂ ਬਚਿਆ ਜਾ ਸਕਦਾ ਹੈ। ਜੇ ਪਿਛਲੀ ਅਗਿਆਨਤਾ ਸਿਰਾਂ ’ਤੇ ਸਵਾਰ ਰੱਖਾਂਗੇ ਤਾਂ ਅਸੀਂ ਦੁਨੀਆ ਦੇ ਦੂਜੇ ਵਿਕਸਤ ਲੋਕਾਂ ਦਾ ਮੁਕਾਬਲਾ ਨਹੀਂ ਕਰ ਸਕਾਂਗੇ।

ਦੇਸ਼ ਦੇ ਦਲਿਤ ਵਰਗ ਦੇ ਲੋਕ ਆਪਣੀ ਥਾਂ ਠੀਕ ਹੋਣਗੇ, ਪਰ ਜਦੋਂ ਦੇਸ਼ ਦਲਿਤ ਵਰਗ ਅਤੇ ਆਮ ਵਰਗ ਵਿੱਚ ਵੰਡਿਆ ਜਾਵੇ ਤਾਂ ਵਿਚਕਾਰ ਖੜ੍ਹੀ ਦੀਵਾਰ ਭਵਿੱਖ ਵਿੱਚ ਖ਼ਤਰਿਆਂ ਨੂੰ ਜਨਮ ਦੇਵੇਗੀ ਅਤੇ ਤਰੇੜਾਂ ਨੂੰ ਜਰਬ ਦੇਵੇਗੀ। ਜੇ ਦੇਸ਼ ਦੇ ਹਾਕਮ ਅਨਪੜ੍ਹਤਾ ਅਤੇ ਗ਼ਰੀਬੀ, ਸਿਫ਼ਾਰਸ਼ ਸੱਭਿਆਚਾਰ ਅਤੇ ਭਾਈ-ਭਤੀਜਾਵਾਦ ਖ਼ਤਮ ਕਰਨ ਦੀ ਠਾਣ ਲੈਣ ਤਾਂ ਲੋਕ ਇੱਕਸਾਰ ਜੀਵਨ ਪੱਧਰ ਜੀਣ ਦੇ ਕਾਬਲ ਹੋ ਸਕਦੇ ਹਨ ਅਤੇ ਅਜਿਹਾ ਹੋ ਜਾਣ ’ਤੇ ਰਾਖਵੇਂਕਰਨ ਦੀ ਲੋੜ ਹੀ ਨਹੀਂ ਰਹੇਗੀ।

ਜੇ ਦੇਸ਼ ਦੇ ਹਉਮੈ ਭਰੇ ਲੋਕ ਸਦੀਆਂ ਤੋਂ ਦੂਜਿਆਂ ਨੂੰ ਦਬਾਉਣ ਦੇ ਆਦੀ ਹੋਣ ਕਾਰਨ ਆਪਣੀ ਆਦਤ ਬਦਲਣ ਲਈ ਤਿਆਰ ਨਹੀਂ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸ ਲਈ ਅਜਿਹੇ ਲੋਕਾਂ ਨੂੰ ਚੌਦ੍ਹਵੀਂ-ਪੰਦਰ੍ਹਵੀਂ ਸਦੀ ਦੀਆਂ ਰੋਹਬ-ਦਾਬ ਵਾਲੀਆਂ ਆਦਤਾਂ ਛੱਡ ਕੇ ਅੱਜ ਦੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦਾ ਆਦਰ ਕਰਦਿਆਂ ਉਹ ਕੰਮ ਕਰਨ ਵੱਲ ਰੁਚਿਤ ਹੋਣਾ ਚਾਹੀਦਾ ਹੈ, ਜਿਨ੍ਹਾਂ ਨਾਲ ਦੂਜਿਆਂ ਨੂੰ ਦਰਦ ਨਾ ਹੋਵੇ, ਸਗੋਂ ਰਾਹਤ ਦਾ ਸੁਖਾਵਾਂ ਅਹਿਸਾਸ ਹੋਵੇ। ਹੁਣ ਇੱਕੀਵੀਂ ਸਦੀ ਹੈ, ਜਿਸ ਵਿੱਚ ਹਰ ਆਦਮੀ ਆਪਣੇ ਆਪ ਨੂੰ ਪਛਾਣੇ ਕਿ ਉਸ ਨੇ ਆਦਮੀ ਕਦ ਬਣਨਾ ਹੈ ਤੇ ਇਨਸਾਨ ਕਦ। ਇਹ ਇਸ ਲਈ ਕਿ ਆਦਮੀ ਵਿੱਚੋਂ ਆਦਮੀ ਹੀ ਨਹੀਂ ਲੱਭਦਾ।

ਸ਼ਾਇਦ ਏਦਾਂ ਕਹਿਣਾ ਤਾਂ ਫੱਬਦਾ ਨਹੀਂ।
ਪਰ ਆਦਮੀ ’ਚੋਂ ਆਦਮੀ ਲੱਭਦਾ ਨਹੀਂ।

ਸਾਰੇ ਬਣ ਗਏ ਸਿੱਖ ਹਿੰਦੂ ਮੁਸਲਮਾਨ,
ਮਿਲਦਿਆਂ ’ਚੋਂ ਕੋਈ ਵੀ ਰੱਬ ਦਾ ਨਹੀਂ।

ਜ਼ਰੂਰੀ ਹੈ ਕਿ ਇੱਕ ਦੂਜੇ ਦੀ ਇੱਜ਼ਤ ਕਰੀਏ, ਆਦਰ ਦੇਈਏ ਸਤਿਕਾਰ ਹਾਸਲ ਕਰੀਏ, ਤਾਂ ਕਿ ਸਮਾਜਿਕ ਤੰਦਾਂ ਮਜ਼ਬੂਤ ਹੋਣ, ਭਾਈਚਾਰੇ ਵਿੱਚ ਗਹਿਰੀ ਸਾਂਝ, ਪਵਿੱਤਰ ਮੁਹੱਬਤ ਅਤੇ ਸਾਵਾਂ ਵਿਹਾਰ ਬਣੇ ਤੇ ਪਈਆਂ ਤਰੇੜਾਂ ਮਿਟ ਸਕਣ

*****

(1102)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author