GurmitPalahi7ਇਹਨਾਂ ਤਿੰਨਾਂ ਵਿਅਕਤੀਆਂ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਵਾਲੀ ਗੱਲ ...
(7 ਅਪਰੈਲ 2018)

 

ਤ੍ਰਿਪੁਰਾ ਚੋਣਾਂ ਦੇ ਨਤੀਜੇ ਨਿਕਲਣ ਦੇ ਦੂਜੇ ਦਿਨ ਮੂਰਤੀਆਂ ਤੋੜਨ ਦੀ ਮੁਹਿੰਮ ਸ਼ੁਰੂ ਹੋ ਗਈ ਅਤੇ ਤਿੰਨ ਦਿਨ ਵਿੱਚ ਤਿੰਨ ਮਹਾਂਪੁਰਖਾਂ - ਲੈਨਿਨ, ਅੰਬੇਦਕਰ ਅਤੇ ਪੇਰਿਆਰ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ। ਇਹਨਾਂ ਤਿੰਨਾਂ ਵਿਅਕਤੀਆਂ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਵਾਲੀ ਗੱਲ, ਬਰਾਬਰੀ ਪ੍ਰਤੀ ਉਹਨਾਂ ਦੀ ਨਿਸ਼ਠਾ ਹੈ, ਜਿਸ ਵਿੱਚ ਔਰਤਾਂ ਦੀ ਬਰਾਬਰੀ ਵੀ ਸ਼ਾਮਿਲ ਹੈ। ਲੈਨਿਨ ਨੇ ਔਰਤਾਂ ਦੀ ਮੁਕਤੀ ਦੇ ਸਵਾਲ ਨੂੰ ਨਿੱਜੀ ਜਾਇਦਾਦ ਦੇ ਖਾਤਮੇ ਨਾਲ ਜੋੜਕੇ ਦੇਖਿਆ ਅਤੇ ਰੂਸੀ ਕਰਾਂਤੀ ਦੇ ਤੁਰੰਤ ਬਾਅਦ ਸਾਰੀਆਂ ਦਿੱਕਤਾਂ ਦੇ ਬਾਵਜੂਦ ਉਹਦੀ ਸਰਕਾਰ ਨੇ ਔਰਤਾਂ ਦੀ ਆਜ਼ਾਦੀ ਨੂੰ ਲੱਗੀਆਂ ਬੇੜੀਆਂ ਨੂੰ ਤੋੜਨਾ ਸ਼ੁਰੂ ਕੀਤਾ। ਦੁਨੀਆਂ ਵਿੱਚ ਪਹਿਲੀ ਵੇਰ ਔਰਤਾਂ ਨੂੰ ਵੋਟ ਦਾ ਹੱਕ ਦੇਣ ਤੇ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਮਿਲਿਆ। ਵਿਆਹ ਅਤੇ ਤਲਾਕ ਦੋਨਾਂ ਨੂੰ ਸੌਖੇ ਬਣਾ ਦਿੱਤਾ ਗਿਆ। ਔਰਤਾਂ ਨੂੰ ਸਿੱਖਿਆ ਅਤੇ ਕੰਮ ਦਾ, ਗਰਭਪਾਤ ਦਾ, ਜ਼ਮੀਨ ਦੀ ਮਾਲਕਿਨ ਬਣਨ ਅਤੇ ਪਰਿਵਾਰ ਦੀ ਮੁਖੀ ਬਣਨ ਦਾ ਹੱਕ ਮਿਲਿਆ। ਸਾਰਿਆਂ ਲਈ ਸਿਹਤ ਸੇਵਾਵਾਂ ਮੁਫ਼ਤ ਕਰ ਦਿੱਤੀਆਂ ਗਈਆਂ। ਰਾਜ ਨੂੰ ਚਰਚਾਂ (ਧਾਰਮਿਕ ਸੱਤਾ) ਤੋਂ ਅਲੱਗ ਕਰਕੇ ਵਿਆਹ ਅਤੇ ਪਰਿਵਾਰ ਕਾਨੂੰਨ ਨੂੰ ਧਾਰਮਿਕ ਤਾਕਤਾਂ ਦੇ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਗਿਆ। ਸਾਰੇ ਪੂੰਜੀਵਾਦੀ ਦੇਸ਼ਾਂ ਦੇ ਲੋਕਾਂ ਨੇ ਸੋਵੀਅਤ ਰੂਸ ਦੀ ਦੇਖਾ-ਦੇਖੀ, ਆਪੋ-ਆਪਣੇ ਦੇਸ਼ਾਂ ਵਿੱਚ ਔਰਤਾਂ ਦੇ ਹੱਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।

ਡਾ. ਅੰਬੇਦਕਰ ਬਾਰੇ ਅਸੀਂ ਕਾਫੀ ਕੁਝ ਜਾਣਦੇ ਹਾਂ, ਪਰ ਔਰਤਾਂ ਪ੍ਰਤੀ ਉਹਨਾਂ ਦੀ ਸੋਚ ਉੱਤੇ ਬਹੁਤ ਘੱਟ ਵਿਚਾਰ-ਚਰਚਾ ਕਰਦੇ ਹਾਂ। ਬਰਾਬਰੀ ਦੀ ਆਪਣੀ ਮੁਹਿੰਮ ਵਿੱਚ ਉਹਨਾਂ ਨੇ ਅਖਬਾਰਾਂ ਦੀ ਪ੍ਰਕਾਸ਼ਨਾ ਸ਼ੁਰੂ ਕੀਤੀ, ਜਿਸ ਵਿੱਚ ਔਰਤਾਂ ਦੀਆਂ ਸਮੱਸਿਆਵਾਂ, ਲਿੰਗਿਕ ਸਮਾਨਤਾ ਅਤੇ ਔਰਤਾਂ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ। ਉਹਨਾਂ ਲਈ ਔਰਤਾਂ ਵਾਸਤੇ ਜਾਇਦਾਦ ਦਾ ਹੱਕ ਅਤੇ ਸਿਆਸਤ ਵਿੱਚ ਹਿੱਸੇਦਾਰੀ ਜ਼ਰੂਰੀ ਸੀ। ਜੁਲਾਈ 1928 ਵਿੱਚ ਮੁੰਬਈ ਦੀ ਵਿਧਾਨ ਸਭਾ ਵਿੱਚ ਔਰਤ ਮਜ਼ਦੂਰਾਂ ਲਈ ਅੰਬੇਦਕਰ ਨੇ ਦੇਸ਼ ਵਿੱਚ ਪਹਿਲੀ ਵੇਰ ਇਸਤਰੀ ਸ਼ਕਤੀ ਕਲਿਆਣ ਕਾਨੂੰਨ ਪਾਸ ਕਰਵਾਇਆ। ਉਹਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬੱਚੇ ਨੂੰ ਜਨਮ ਦੇਣ ਦੇ ਬਾਦ ਮਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ। ਵਾਇਸਰਾਏ ਕਾਊਂਸਲ ਦੇ ਕ੍ਰਿਤ ਮੰਤਰੀ ਦੀ ਹੈਸੀਅਤ ਵਿੱਚ ਉਹਨਾਂ ਨੇ ਖਾਣਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਇਹ ਕਾਨੂੰਨ ਬਣਾਇਆ, ਜਿਸਦਾ ਲਾਭ 1961 ਵਿੱਚ ਸਾਰੀਆਂ ਔਰਤ ਮਜ਼ਦੂਰਾਂ ਨੂੰ ਮਿਲਿਆ।

ਕਾਨੂੰਨ ਮੰਤਰੀ ਬਣਨ ਤੋਂ ਬਾਅਦ ਅੰਬੇਦਕਰ ਨੇ ਸਭ ਤੋਂ ਮਹੱਤਵਪੂਰਨ ਕੰਮ ਹਿੰਦੂ ਔਰਤਾਂ ਉੱਤੇ ਲਾਗੂ ਤਰ੍ਹਾਂ-ਤਰ੍ਹਾਂ ਦੇ ਬੇਇਸਨਾਫੀ ਭਰਪੂਰ ਨਿਯਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਕੇ ਕੀਤਾ। ਹਿੰਦੂ ਕੋਡ ਤਿਆਰ ਕਰਕੇ ਉਹਨਾਂ ਨੇ ਹਿੰਦੂ ਔਰਤਾਂ ਨੂੰ ਜਾਇਦਾਦ, ਵਿਰਾਸਤ ਅਤੇ ਵਿਆਹ ਨਾਲ ਸਬੰਧਤ ਖੇਤਰ ਵਿੱਚ ਬਰਾਬਰੀ ਦੇਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਹਨਾਂ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉੱਚ ਜਾਤੀ ਸਮਾਜ ਇਹਨਾਂ ਕਾਨੂੰਨਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ। ਬ੍ਰਾਹਮਣਵਾਦੀ ਤਾਕਤਾਂ, ਜਿਸ ਵਿੱਚ ਪਹਿਲੇ ਰਾਸ਼ਟਰਪਤੀ ਰਾਜੇਂਦਰ ਬਾਬੂ ਵੀ ਸ਼ਾਮਲ ਸਨ, ਹਿੰਦੂ ਕੋਡ ਬਿਲ ਦਾ ਰਸਤਾ ਰੋਕਣ ਲਈ ਖੜ੍ਹੀਆਂ ਹੋ ਗਈਆਂ ਸਨ। ਪਰ ਅਖੀਰ ਵਿਚ ਅੰਬੇਦਕਰ ਨੂੰ ਅਸਤੀਫਾ ਦੇਣਾ ਪਿਆ।

ਪੇਰਿਵਾਰ ਨੂੰ ਮਨੂੰਵਾਦੀ ਲੋਕ ਨਫ਼ਰਤ ਕਰਦੇ ਸਨ। ਪੇਰਿਆਰ ਬ੍ਰਾਹਮਣਵਾਦ, ਹਿੰਦੂ ਧਰਮ ਵਿੱਚ ਮੌਜੂਦ ਕਰਮਕਾਂਡ ਅਤੇ ਅੰਧ-ਭਗਤੀ ਅਤੇ ਬਾਲ ਵਿਆਹ ਦੇ ਜ਼ਬਰਦਸਤ ਵਿਰੋਧੀ ਸਨ। ਉਹ ਹਿੰਦੂ ਸਮਾਜ ਦੀਆਂ ਬੁਰਾਈਆਂ ਅਤੇ ਜਾਤੀ ਪ੍ਰਥਾ ਦੀ ਬੇਇਨਸਾਫੀ ਵਿਰੁੱਧ ਖੜ੍ਹੇ ਹੋਏ। ਉਹਨਾਂ ਨੇ ਆਪਣੀ ਬੇਵਾਕ ਕਲਮ ਅਤੇ ਜ਼ੁਬਾਨ ਦੀ ਵਰਤੋਂ ਇੱਕ ਅੰਦੋਲਨ ਨੂੰ ਖੜ੍ਹਾ ਕਰਨ ਲਈ ਕੀਤੀ, ਜਿਸਦਾ ਸਿਆਸੀ ਪ੍ਰਭਾਵ ਤਾਮਿਲਨਾਡੂ ਵਿੱਚ ਅੱਜ ਤੱਕ ਵਿਖਾਈ ਦਿੰਦਾ ਹੈ। ਉਹਨਾਂ ਨੇ ਵਿਧਵਾ ਵਿਆਹ ਅਤੇ ਅੰਤਰਜਾਤੀ ਵਿਆਹ ਦਾ ਸਮਰਥਨ ਕੀਤਾ, ਦਾਜ-ਦਹੇਜ ਅਤੇ ਦੇਵਦਾਸੀ ਪ੍ਰਥਾ ਦਾ ਵਿਰੋਧ ਕੀਤਾ ਅਤੇ ਅੰਧ-ਭਗਤੀ ਦਾ ਖੰਡਨ ਕੀਤਾ। ਇਹ ਹੈਰਾਨੀਜਨਕ ਨਹੀਂ ਹੈ ਕਿ ਮਨੂੰਵਾਦੀ ਸੋਚ ਦੇ ਲੋਕ ਇਹਨਾਂ ਮਹਾਂ ਪੁਰਖਾਂ ਨਾਲ ਇੰਨੀ ਨਫ਼ਰਤ ਕਰਦੇ ਹਨ ਕਿ ਉਹਨਾਂ ਦੀਆਂ ਮੂਰਤੀਆਂ ਹੀ ਤੋੜ ਰਹੇ ਹਨ।

*****

(1099)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author