ShyamSDeepti7ਦੌਲਤ ਇਕੱਠੀ ਕਰਨ ਵਾਲਿਆਂ ਦਾ ਧੰਦਾ ਇਨ੍ਹਾਂ ਨੌਜਵਾਨਾਂ ਦੇ ਸਿਰ ’ਤੇ ਹੀ ਚੱਲਦਾ ...
(6 ਅਪਰੈਲ 2018)

 

ਨਸ਼ਾ ਪੰਜਾਬ ਲਈ ਇੱਕ ਗੰਭੀਰ ਸਮੱਸਿਆ ਬਣਿਆ ਰਿਹਾ ਹੈ ਤੇ ਅੱਜ ਵੀ ਹੈ। ਇਸ ਦੇ ਅਨੇਕ ਹੀ ਕਾਰਨ ਹਨ ਤੇ ਉਸੇ ਤਰ੍ਹਾਂ ਕਈ ਪ੍ਰਕਾਰ ਦੇ ਉਪਰਾਲੇ ਵੀ ਹੋਏ ਹਨ। ਮੌਜੂਦਾ ਸਰਕਾਰ ਦਾ ਸੱਤਾ ਵਿੱਚ ਆਉਣ ਦਾ, ਨਸ਼ੇ ਨੂੰ ਮੁੱਦਾ ਬਣਾਉਣਾ ਵੀ ਇੱਕ ਅਹਿਮ ਯੋਗਦਾਨ ਰਿਹਾ ਹੈ।

ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸਰਕਾਰ ਵੱਲੋਂ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਡੈਪੋ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਡੈਪੋ ਪ੍ਰੋਗਰਾਮ ਹੈ ਡਰੱਗ ਅਡਿਕਸ਼ਨ ਪਰੀਵੈਂਸ਼ਨ ਆਫ਼ੀਸਰਜ਼, ਮਤਲਬ ਇਹ ਇੱਕ ਚੇਤਨਾ ਮੁਹਿੰਮ ਹੈ। ਇਸ ਪ੍ਰੋਗਰਾਮ ਤਹਿਤ ਪਿੰਡ-ਪਿੰਡ ਅਤੇ ਸ਼ਹਿਰਾਂ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਵੇਚਣ ਨੂੰ ਲੈ ਕੇ ਨਿਗਰਾਨ ਟੀਮਾਂ ਦੇ ਗਠਨ ਦੀ ਯੋਜਨਾ ਹੈ। ਇਸ ਵਿੱਚ ਨਸ਼ਈਆਂ ਦਾ ਇਲਾਜ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਕਾਰਜ ਕਰਨ ਦੀ ਗੱਲ ਕੀਤੀ ਗਈ ਹੈ। ਇਸ ਪ੍ਰੋਗਰਾਮ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਵੀ ਤਿਆਰ ਕੀਤੀ ਗਈ ਹੈ। ਖਟਕੜ ਕਲਾਂ ਵਿੱਚ, ਸ਼ਹੀਦੀ ਦਿਹਾੜੇ ’ਤੇ ਹਾਜ਼ਰ ਲੋਕਾਂ ਨੇ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ, ਇਸ ਪ੍ਰੋਗਰਾਮ ਨੂੰ ਅਪਨਾਉਣ ਲਈ ਸਹੁੰ-ਚੁੱਕ ਸਮਾਗਮ ਕੀਤਾ ਗਿਆ। ਇਸ ਤਰ੍ਹਾਂ ਦੀ ਯੋਜਨਾ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦੀ ਹੈ ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਪ੍ਰੋਗਰਾਮ ਨੂੰ ਇਸ ਨਾਲ ਜੋੜਨਾ ਹੋਰ ਅਹਿਮ ਬਣ ਜਾਂਦਾ ਹੈ।

ਨਸ਼ਿਆਂ ਦੀ ਸਮੱਸਿਆ ਨੂੰ ਜੇਕਰ ਸਮਝੀਏ ਤਾਂ ਇਹ ਏਨੀ ਆਸਾਨ ਵੀ ਨਹੀਂ ਹੈ ਕਿ ਇਸ ਤਰੀਕੇ ਨਾਲ, ਸਹੁੰ ਚੁੱਕ ਕੇ ਜਾਂ ਕਿਸੇ ਤਰ੍ਹਾਂ ਅਰਦਾਸ ਨਾਲ ਰੋਕੀ ਜਾ ਸਕੇ। ਸਰਕਾਰ ਦੇ ਆਪਣੇ ਉੱਦਮ ਹੋ ਸਕਦੇ ਹਨ। ਕਈ ਸਵੈ-ਸੇਵੀ ਸੰਸਥਾਵਾਂ ਵੀ ਇਸ ਚਿੰਤਾ ਨੂੰ ਆਪਣੇ ਕੰਮਾਂ ਵਿੱਚ ਸ਼ਾਮਲ ਕਰਦੀਆਂ ਹਨ। ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਿਆਂ ਨੂੰ ਲੈ ਕੇ ਕੁਝ ਨਾ ਕੁਝ ਹੁੰਦਾ ਰਿਹਾ ਹੈ। ਨਸ਼ਾ ਛੁਡਾਉਣ ਲਈ ‘ਊਟਸ’ ਪ੍ਰੋਗਰਾਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ, ਪਰ ਜੋ ਨਤੀਜੇ ਸਾਹਮਣੇ ਆਉਣੇ ਚਾਹੀਦੇ ਸਨ, ਉਹ ਨਜ਼ਰ ਨਹੀਂ ਆ ਰਹੇ। ਨਸ਼ਿਆਂ ਪ੍ਰਤੀ ਚਿੰਤਾ ਪੁਰਾਣੀ ਸਰਕਾਰ ਵੀ ਦਿਖਾਉਂਦੀ ਰਹੀ ਹੈ।

ਇਸ ਸਮੱਸਿਆ ਦੀ ਦੂਸਰੀ ਤਸਵੀਰ ਇਹ ਹੈ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਦੋ ਦਿਨ ਬਾਅਦ ਹੀ ਲੁਧਿਆਣੇ ਵਿੱਚੋਂ ਚਾਲੀ ਕਿਲੋ ਹੈਰੋਇਨ ਫੜੀ ਜਾਂਦੀ ਹੈ, ਜਿਸ ਦਾ ਮੁੱਲ ਅਰਬਾਂ ਵਿੱਚ ਮੰਨਿਆ ਜਾਂਦਾ ਹੈ, ਜੋ ਕਿ ਨਸ਼ਿਆਂ ਨਾਲ ਜੁੜਿਆ, ਕਾਲਾ ਧਨ ਕਮਾਉਣ ਦਾ ਇੱਕ ਮਹੱਤਵ ਪੂਰਨ ਪਹਿਲੂ ਹੈ। ਅਜਿਹੀਆਂ ਖ਼ਬਰਾਂ ਅਕਸਰ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਅੰਕੜਿਆਂ ਮੁਤਾਬਿਕ ਨਸ਼ਾ ਤਸਕਰੀ ਜਾਂ ਵੇਚਣ ਦੇ ਜਿੰਨੇ ਵੀ ਕੇਸ ਪੂਰੇ ਦੇਸ਼ ਵਿੱਚ ਦਰਜ ਹਨ, ਉਨ੍ਹਾਂ ਵਿੱਚੋਂ ਤਕਰੀਬਨ ਅੱਧੇ ਪੰਜਾਬ ਤੋਂ ਹਨ। ਇੱਕ ਪਾਸੇ ਇਹ ਪੰਜਾਬ ਦੇ ਨਸ਼ਿਆਂ ਵਿੱਚ ਡੁੱਬੇ ਹੋਣ ਦੀ ਤਸਵੀਰ ਪੇਸ਼ ਕਰਦੇ ਹਨ ਤੇ ਦੂਸਰੇ ਪਾਸੇ ਸਰਕਾਰਾਂ ਇਸ ਨੂੰ ਆਪਣੀ ਸਰਗਰਮ ਕਾਰਵਾਈ ਵਿੱਚ ਦਰਜ ਕਰਦੀਆਂ ਹਨ।

ਇਹ ਪ੍ਰੋਗਰਾਮ ਨਸ਼ਾ-ਮੁਕਤ ਪੰਜਾਬ ਦੀ ਪੂਰੀ ਕਾਰਜ ਪ੍ਰਣਾਲੀ ਦਾ ਹਿੱਸਾ ਤਾਂ ਹੋ ਸਕਦਾ ਹੈ, ਪਰ ਨਸ਼ੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਸ ਨੂੰ ਮੁਸ਼ਕਲ ਜਾਂ ਨਾ-ਮੁਮਕਿਨ ਕਹਿ ਕੇ ਵੀ ਕੰਮ ਨਹੀਂ ਸਰਦਾ। ਚਾਹੇ ਬਹੁਤ ਸਾਰੇ ਤਜ਼ਰਬੇ ਹੋਏ ਹਨ, ਪਰ ਜ਼ਿਆਦਾ ਤਜ਼ਰਬੇ ਇਲਾਜ ਕੇਂਦਰਤ ਰਹੇ ਹਨ। ਜੇਕਰ ਸਿਰਫ਼ ਵਗ ਰਹੇ ਪਾਣੀ ਦਾ ਇਲਾਜ ਕਰੀ ਜਾਵਾਂਗੇ ਤੇ ਪਾਣੀ ਦੇ ਆਉਣ ਵਾਲੇ ਸਰੋਤ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ। ਅਕਸਰ ਇਹ ਪ੍ਰਗਟਾਵਾ ਹੁੰਦਾ ਹੈ ਕਿ ਇਸ ਸਾਲ ਵੱਖ-ਵੱਖ ਨਸ਼ਾ-ਛੁਡਾਊ ਕੇਂਦਰਾਂ ’ਤੇ ਕੁੱਲ ਐਨੇ ਮਰੀਜ਼ਾਂ ਨੇ ਨਸ਼ਾ ਛੱਡਿਆ, ਪਰ ਇਹ ਗੱਲ ਕਿਤੇ ਵੀ ਨਹੀਂ ਹੁੰਦੀ ਕਿ ਕਿੰਨੇ ਨਵੇਂ ਲੋਕ ਨਸ਼ਾ ਸ਼ੁਰੂ ਕਰਨ ਲੱਗ ਗਏ।

ਇਲਾਜ ਵਾਲੇ ਪੱਖ ਨੂੰ ‘ਨੁਕਸਾਨ-ਰੋਕੂ’ ਕਹਿ ਕੇ ਵੀ ਪਰਚਾਰਿਆ ਜਾਂਦਾ ਹੈ। ਨਸ਼ਾ ਕਰਨ ਨਾਲ ਇੱਕ ਤਾਂ ਵਿਅਕਤੀ ਨਕਾਰਾ ਹੋ ਜਾਂਦਾ ਹੈ ਤੇ ਨਾਲ ਹੀ ਹੋਰ ਬੀਮਾਰੀਆਂ; ਜਿਵੇਂ ਏਡਜ਼ ਅਤੇ ਹੈਪੇਟਾਇਟਸ ਦਾ ਖ਼ਤਰਾ ਵੀ ਵਧਦਾ ਹੈ। ਇਲਾਜ ਨਾਲ ਆਦਮੀ ਕੰਮ ਕਰ ਸਕਦਾ ਹੈ। ਇਸ ਤਰ੍ਹਾਂ ਇਲਾਜ ਭਾਵੇਂ ਲੰਮਾ ਚੱਲੇ ਜਾਂ ਨਸ਼ਾ ਕਰਨ ਦੀ ਥਾਂ ਇਲਾਜ ਵਾਲੀ ਗੋਲੀ ਦਾ ਆਦੀ ਹੋ ਜਾਵੇ, ਪਰ ‘ਨੁਕਸਾਨ’ ਤੋਂ ਬਚਾਅ ਨੂੰ ਕੇਂਦਰ ਵਿੱਚ ਰੱਖਿਆ ਜਾਂਦਾ ਹੈ। ਸਵਾਲ ਹੈ ਕਿ ਨਸ਼ਾ ਕੋਈ ਕਰਦਾ ਕਿਉਂ ਹੈ ਜਾਂ ਨਸ਼ੇ ਵਿੱਚ ਫਸ ਜਾਣ ਤੋਂ ਬਾਅਦ ਉਸ ਵਿੱਚੋਂ ਬਾਹਰ ਕੱਢਣ ਦੇ, ਉਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਸਾਰਥਕ ਯਤਨ ਕਿਉਂ ਨਹੀਂ ਹੁੰਦੇ?

ਨਸ਼ਿਆਂ ਦੀ ਸਮੱਸਿਆ ਨੂੰ ਸਮਝਣ ਲਈ ਇਸ ਨੂੰ ਤਿੰਨ ਪੱਖਾਂ ਤੋਂ ਘੋਖਣ ਦੀ ਲੋੜ ਹੈ। ਪਹਿਲਾ ਹੈ ਨਸ਼ੇ ਦਾ ਮਿਲਣਾ; ਦੂਸਰਾ ਹੈ ਨਸ਼ਾ ਕਰਨ ਲਈ ਇੱਕ ਖ਼ਾਸ ਮਾਹੌਲ, ਜਦੋਂ ਕੋਈ ਨਸ਼ਾ ਕਰਨ ਲਈ ਪ੍ਰੇਰਿਤ ਹੁੰਦਾ ਹੈ ਜਾਂ ਉਸ ਵੱਲ ਖਿੱਚਿਆ ਜਾਂਦਾ ਹੈ; ਤੇ ਤੀਸਰਾ ਹੈ ਵਿਅਕਤੀ, ਜੋ ਇਸ ਵਿੱਚ ਫਸਦਾ ਹੈ ਜਾਂ ਫਸਾਇਆ ਜਾਂਦਾ ਹੈ।

ਨਸ਼ੇ ਆਮ ਹਨ। ਹਰ ਥਾਂ ਸ਼ਰੇਆਮ ਮਿਲ ਰਹੇ ਹਨ। ਸ਼ਰਾਬ ਤਾਂ ਪ੍ਰਵਾਨਤ ਨਸ਼ਾ ਹੈ, ਜੋ ਇੱਕ ਤਰ੍ਹਾਂ ਨਸ਼ਿਆਂ ਦੀ ਸੂਚੀ ਵਿੱਚੋਂ ਕੱਢ ਹੀ ਦਿੱਤਾ ਗਿਆ ਹੈ। ਸਮੈਕ ਅਤੇ ਹੈਰੋਇਨ ਵਰਗੇ ਗ਼ੈਰ-ਕਨੂੰਨੀ ਨਸ਼ੇ ਵੀ ਫੋਨ ਦੀ ਇੱਕ ਘੰਟੀ ਨਾਲ ਜਿੱਥੇ ਚਾਹੋ, ਪਹੁੰਚ ਜਾਂਦੇ ਹਨ, ਸਗੋਂ ਸ਼ਰਾਬ ਲੈਣ ਲਈ ਤੁਹਾਨੂੰ ਸੜਕ ’ਤੇ ਜਾ ਕੇ ਦੁਕਾਨ ਲੱਭਣੀ ਪੈਂਦੀ ਹੈ। ਦੂਸਰਾ ਅਹਿਮ ਪੱਖ ਮਾਹੌਲ ਹੈ, ਜੋ ਵਿਅਕਤੀ ਨੂੰ ਤਿਆਰ ਕਰਦਾ ਹੈ। ਅਜੋਕੇ ਸਮੇਂ ਵਿੱਚ ਜਦੋਂ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਤੇ ਨਸ਼ਿਆਂ ਪ੍ਰਤੀ ਚਿੰਤਾ ਲਈ ਨੌਜਵਾਨਾਂ ਨੂੰ ਕੇਂਦਰ ਵਿੱਚ ਰੱਖਦੇ ਹਾਂ ਤਾਂ ਉਸ ਵੇਲੇ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੁੰਦੀ ਹੈ।

ਅੱਜ ਨੌਜਵਾਨ ਮਾਨਸਿਕਤਾ ਬੇਚੈਨੀ ਅਤੇ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਜਿਸ ਤਰ੍ਹਾਂ ਦਾ ਸਿੱਖਿਆ ਤੰਤਰ ਹੈ, ਉਹ ਦਿਨ-ਬ-ਦਿਨ ਮਹਿੰਗਾ ਹੋ ਰਿਹਾ ਹੈ ਤੇ ਬਹੁ-ਗਿਣਤੀ ਨੌਜਵਾਨਾਂ ਦੇ ਹੱਥਾਂ ਵਿੱਚੋਂ ਖਿਸਕ ਰਿਹਾ ਹੈ, ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਜਿੱਥੋਂ ਤੱਕ ਰੋਜ਼ਗਾਰ ਦੀ ਗੱਲ ਹੈ, ਉਸ ਦੀ ਹਾਲਤ ਸਿੱਖਿਆ ਤੋਂ ਵੀ ਪੇਤਲੀ ਹੈ। ਹਰ ਸਾਲ ਬੇਰੁਜ਼ਗਾਰੀ ਵਧ ਰਹੀ ਹੈ। ਕੋਰਸ ਨਵੇਂ ਤੋਂ ਨਵੇਂ ਸ਼ੁਰੂ ਹੋ ਰਹੇ ਹਨ ਤੇ ਨੌਜਵਾਨਾਂ ਨੂੰ ਭਰਮਾਉਂਦੇ ਹਨ, ਪਰ ਰੋਜ਼ਗਾਰ ਦੇ ਨਾਂਅ ’ਤੇ ਉਹ ਇੱਕ ਤਰ੍ਹਾਂ ਦੇ ਭੁਲੇਖੇ ਹੀ ਹਨਰੋਜ਼ਗਾਰ ਦਾ ਇੱਕ ਪਹਿਲੂ ਇਹ ਹੈ ਕਿ ਕੋਰਸ ਮੁਤਾਬਕ ਕੰਮ ਨਹੀਂ ਹੈ, ਤਨਖ਼ਾਹ ਦੇ ਨਾਂਅ ’ਤੇ ਮਾਮੂਲੀ ਜਿਹੀ ਜੇਬ ਖ਼ਰਚੀ ਹੈ।

ਤੀਸਰਾ ਪਹਿਲੂ ਹੈ ਵਿਅਕਤੀ ਦੀ ਸ਼ਖਸੀਅਤ। ਸਾਡੇ ਆਲੇ-ਦੁਆਲੇ ਦੇ ਹਾਲਾਤ ਮਿਲ ਕੇ ਅਜਿਹਾ ਮਾਹੌਲ ਤਿਆਰ ਕਰ ਰਹੇ ਹਨ ਕਿ ਨੌਜਵਾਨ ਕਮਜ਼ੋਰ ਸ਼ਖਸੀਅਤ ਦਾ ਧਾਰਨੀ ਬਣਦਾ ਹੈ। ਉਸ ਨੂੰ ਹਾਲਾਤ ਨਾਲ ਲੜਨਾ ਨਹੀਂ ਆਉਂਦਾ। ਉਹ ਛੇਤੀ ਟੁੱਟ ਜਾਂਦਾ ਹੈ ਤੇ ਉਸ ਵਿੱਚੋਂ ਇੱਕ ਰਾਹ ਨਸ਼ਿਆਂ ਵਾਲਾ ਹੈ, ਜੋ ਉਸ ਦੀ ਹੋਣੀ ਬਣ ਜਾਂਦਾ ਹੈ। ਇਸ ਉਮਰ ਵਿੱਚ ਬੁਰੀ ਸੰਗਤ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਦੇ ਨਾਲ ਜੇਕਰ ਦੇਖੀਏ ਤਾਂ ਨੌਜਵਾਨਾਂ ਸਾਹਮਣੇ ਕੋਈ ਵੀ ਰੋਲ ਮਾਡਲ ਨਹੀਂ ਹੈ; ਨਾ ਮਾਪੇ, ਨਾ ਅਧਿਆਪਕ ਤੇ ਨਾ ਸਮਾਜਿਕ, ਧਾਰਮਿਕ, ਰਾਜਨੀਤਕ ਆਗੂ।

ਯੂਨੀਸੈਫ਼ ਦੇ ਇੱਕ ਅਧਿਐਨ ਨੇ ਇਹ ਸਿੱਟੇ ਕੱਢੇ ਹਨ ਕਿ ਕਿਸ਼ੋਰ ਉਮਰ ਵਿਚ ਬੱਚਿਆਂ ਦੀ ਵਧੀਆ ਪਰਵਰਿਸ਼ ਹੀ ਸਭ ਤੋਂ ਅਹਿਮ ਪਹਿਲੂ ਹੈ, ਜੋ ਵਧੀਆ ਸ਼ਖਸੀਅਤ ਉਸਾਰਨ ਵਿੱਚ ਯੋਗਦਾਨ ਪਾਉਂਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਵਧੀਆ ਪਰਵਰਿਸ਼ ਦੇ ਪ੍ਰਭਾਵ ਹੇਠ ਬੱਚੇ ਦੋਸਤ ਵੀ ਵਧੀਆ ਚੁਣਦੇ ਤੇ ਬਣਾਉਂਦੇ ਹਨ।

ਜਦੋਂ ਵੀ ਪਰਵਰਿਸ਼ ਦੀ ਗੱਲ ਹੁੰਦੀ ਹੈ, ਮਾਂ-ਪਿਉ ਤਾਂ ਕਹਿੰਦੇ ਹਨ ਕਿ ਉਹ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ ਤੇ ਲਗਾਉਂਦੇ ਵੀ ਹਨ, ਪਰ ਕੁਝ ਨੁਕਤੇ ਅਜਿਹੇ ਹਨ, ਜਿਨ੍ਹਾਂ ਨੂੰ ਜਾਣਨਾ ਤੇ ਅਪਨਾਉਣਾ ਚਾਹੀਦਾ ਹੈ।

ਸਰਕਾਰ ਦੇ ਪ੍ਰੋਗਰਾਮ ਵਿੱਚ, ਜੋ ਇਲਾਜ ਅਤੇ ਜਾਗਰੂਕਤਾ ਨੂੰ ਤਰਜੀਹ ਦੇ ਰਹੇ ਹਨ, ਇੱਕ ਅਹਿਮ ਲੋੜ ਨੌਜਵਾਨਾਂ ਲਈ ਇੱਕ ਕਾਰਗਰ ਨੀਤੀ ਤਿਆਰ ਕਰਨ ਦੀ ਹੈ। ਉਸ ਨੀਤੀ ਤਹਿਤ ਮਾਪਿਆਂ ਨੂੰ ਪਰਵਰਿਸ਼ ਬਾਰੇ, ਨਵੇਂ ਵਿਸ਼ਿਆਂ ਬਾਰੇ ਸਿਖਲਾਈ, ਅਧਿਆਪਕਾਂ ਨੂੰ ਸਕੂਲ ਦਾ ਸਿਹਤਮੰਦ ਵਾਤਾਵਰਣ ਉਸਾਰਨ ਅਤੇ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਰੁਝੇਵੇਂ ਨਾਲ ਜੋੜਨ ਲਈ ਪ੍ਰੇਰਿਆ ਜਾਵੇ। ਇਸ ਨੀਤੀ ਦਾ ਸਭ ਤੋਂ ਅਹਿਮ ਅਤੇ ਜ਼ਰੂਰੀ ਅੰਗ ਹੈ ਉੱਚ ਸਿੱਖਿਆ ਜਾਂ ਕਿੱਤਾ-ਮੁਖੀ ਸਿੱਖਿਆ ਨੂੰ ਰੋਜ਼ਗਾਰ ਦੀ ਗਰੰਟੀ ਨਾਲ ਜੋੜਨਾ। ਇਸ ਤਰ੍ਹਾਂ ਨੌਜਵਾਨ ਮਾਨਸਿਕਤਾ ਨੂੰ ਸਿਰਫ਼ ਸਮਝਣਾ ਹੀ ਨਹੀਂ, ਸਗੋਂ ਉਨ੍ਹਾਂ ਬਾਰੀਕੀਆਂ ਨੂੰ ਨਸ਼ਾ-ਮੁਕਤ ਮੁਹਿੰਮ ਦਾ ਹਿੱਸਾ ਬਣਾਉਣ ਦੀ ਲੋੜ ਹੈ।

ਜਿਸ ਤਰ੍ਹਾਂ ਨਸ਼ੇ ਦੀ ਵਿਗਿਆਨਕ ਸਮਝ ਦੇ ਤਹਿਤ ਨਸ਼ੇ, ਮਾਹੌਲ ਅਤੇ ਨੌਜਵਾਨਾਂ ਦੀ ਗੱਲ ਕੀਤੀ ਹੈ, ਇਸ ਨੂੰ ਸਮਝਣ ਦਾ ਮਕਸਦ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ’ਤੇ ਵੀ ਗੰਭੀਰਤਾ ਨਾਲ ਕੰਮ ਕੀਤਾ ਜਾਵੇ ਤਾਂ ਨਸ਼ਿਆਂ ਦੀ ਸਮੱਸਿਆ ਨੂੰ ਠੱਲ੍ਹ ਪੈ ਸਕਦੀ ਹੈ। ਨਸ਼ੇ ਹੀ ਨਾ ਹੋਣ, ਨਾ ਮਿਲਣ। ਦੂਸਰਾ, ਜੇ ਹਨ ਵੀ ਤਾਂ ਮਾਹੌਲ ਇੰਨਾ ਵਧੀਆ-ਸੁਖਾਵਾਂ ਹੋਵੇ ਕਿ ਹਰ ਵਿਅਕਤੀ ਕੰਮ ਵਿੱਚੋਂ ਸੰਤੁਸ਼ਟੀ ਅਤੇ ਖ਼ੁਸ਼ੀ ਹਾਸਲ ਕਰੇ। ਜੇ ਮੰਨ ਲਈਏ ਕਿ ਨਸ਼ੇ ਵੀ ਆਮ ਹੋਣ, ਮਾਹੌਲ ਵੀ ਪ੍ਰੇਸ਼ਾਨੀ ਵਾਲਾ ਹੋਵੇ ਤਾਂ ਸਾਡਾ ਨੌਜਵਾਨ ਇੰਨਾ ਕਾਬਲ ਹੋਵੇ ਕਿ ਨਸ਼ਿਆਂ ਦੇ ਹੁੰਦੇ, ਬੇਚੈਨੀ ਦੇ ਆਲਮ ਵਿੱਚ, ਨਸ਼ਿਆਂ ਦਾ ਸਹਾਰਾ ਨਾ ਲਵੇ। ਉਸ ਦੀ ਸ਼ਖਸੀਅਤ ਤਾਕਤਵਰ ਹੋਵੇ ਤੇ ਉਸ ਵਿੱਚ ‘ਨਾਂਹ ਕਹਿਣ ਦਾ ਆਤਮ-ਵਿਸ਼ਵਾਸ’ ਹੋਵੇ। ਤਦ ਹੀ ਇਸ ਸਮੱਸਿਆ ਨੂੰ ਰੋਕ ਸਕਦੇ ਹਾਂ।

ਸੁਚੇਤ ਰਹਿਣ ਵਾਲੀ ਗੱਲ ਹੈ ਕਿ ਬੇਇੰਤਹਾ ਦੌਲਤ ਇਕੱਠੀ ਕਰਨ ਵਾਲਿਆਂ ਦਾ ਧੰਦਾ ਇਨ੍ਹਾਂ ਨੌਜਵਾਨਾਂ ਦੇ ਸਿਰ ’ਤੇ ਹੀ ਚੱਲਦਾ ਹੈ। ਉਹ ਪਹਿਲਾਂ ਲਗਾਉਂਦੇ ਹਨ, ਫਿਰ ਵੇਚਦੇ ਹਨ ਤੇ ਅੰਤ ਵੇਚਣ ’ਤੇ ਲਗਾ ਕੇ ਆਪਣੇ ਵਪਾਰ ਨੂੰ ਫੈਲਾਉਂਦੇ ਹਨ।

ਸਮੱਸਿਆ ਗੁੰਝਲਦਾਰ ਜ਼ਰੂਰ ਹੈ, ਪਰ ਜਦੋਂ ਸਾਡੇ ਸਾਹਮਣੇ ਇੱਕ ਵਧੀਆ ਸਮਝ ਹੋਵੇ ਤੇ ਫਿਰ ਵੀ ਸਮੱਸਿਆ ਕਾਬੂ ਨਾ ਹੋਵੇ ਤਾਂ ਇਸ ਨੂੰ ਸਮਾਜ-ਸਰਕਾਰ ਦੀ ਨਾਕਾਮੀ ਹੀ ਕਹਾਂਗੇ।

*****

(1097)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author