GurmitShugli7ਦਰਅਸਲ ਅਜਿਹਾ ਵਰਤਾਰਾ ਇਸ ਕਰਕੇ ਵੀ ਹੈਕਿਉਂਕਿ ਪੰਜਾਬ ਵਿੱਚ ਦੋ ਪਾਰਟੀ ਸਿਸਟਮ
(3 ਅਪਰੈਲ 2018)

 

ਵਿਧਾਨ ਸਭਾ ਦਾ ਬੱਜਟ ਸੈਸ਼ਨ ਪਿਛਲੇ ਦਿਨੀਂ ਮੁੱਕ ਗਿਆ। ਪਰ ਇਸ ਸੈਸ਼ਨ ਵਿਚ ਜੋ-ਜੋ ਹੋਇਆ, ਉਹਨੂੰ ਦੇਖ ਅੱਠ ਦਿਨਾਂ ਵਿਚ ਇੱਕ ਵਾਰ ਵੀ ਨਹੀਂ ਲੱਗਿਆ ਕਿ ਜਨਤਾ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ, ਉਹ ਸੱਭਿਅਕ ਹਨ ਜਾਂ ਸਿਰ ਤੋਂ ਕੰਮ ਲੈਣ ਵਾਲੇ ਹਨ। ਸੈਸ਼ਨ ਵਿਚ ਹਰ ਵਾਰ ਜੋ ਹੁੰਦਾ ਰਿਹਾ, ਐਤਕੀਂ ਵੀ ਉਹੋ ਹੋਇਆ। ਐਤਕੀਂ ਤਾਂ ਪਹਿਲਾਂ ਨਾਲੋਂ ਵੀ ਵੱਧ ਹੀ ਹੋਇਆ। ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਜਿਵੇਂ ਮਿਹਣੋ-ਮਿਹਣੀ ਹੋਏ ਤੇ ਜਿਸ ਤਰ੍ਹਾਂ ਉਨ੍ਹਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਵਰਤੇ ਗਏ ਸ਼ਬਦ ਸਦਨ ਦੀ ਕਾਰਵਾਈ ਵਿੱਚੋਂ ਕੱਟਣੇ ਪਏ, ਉਹ ਸੋਚਣ ਵਾਲੀ ਗੱਲ ਹੈ। ਇਹ ਪੂਰਾ ਸੈਸ਼ਨ ਜੇ ਮਜੀਠੀਆ ਤੇ ਸਿੱਧੂ ਜੰਗ ਦੇ ਲੇਖੇ ਲੱਗਾ ਕਹਿ ਲਿਆ ਜਾਵੇ ਤਾਂ ਕੁਝ ਗ਼ਲਤ ਨਹੀਂ ਹੋਵੇਗਾ।

ਹਾਲੇ ਉਹ ਰੌਲਾ-ਰੱਪਾ ਪਾਉਂਦੇ ਹੀ ਸਨ ਕਿ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਆਪਸ ਵਿਚ ਝਗੜ ਪਏ। ਖਹਿਰਾ ਰਾਣੇ ਨੂੰ ਰੇਤ ਮਾਫ਼ੀਆ ਵਾਲਾ ਕਹਿੰਦਾ ਰਿਹਾ ਤੇ ਰਾਣਾ ਅੱਗੋਂ ਖਹਿਰੇ ਨੂੰ ਪਖੰਡੀ, ਡਰਾਮੇਬਾਜ਼ ਤੇ ਹੋਰ ਬੜਾ ਕੁਝ ਕਹਿ-ਕਹਿ ਚਿੜਾਉਂਦਾ ਰਿਹਾ।

ਗੱਲ ਇੱਥੋਂ ਤੱਕ ਰਹਿੰਦੀ ਤਾਂ ਵੀ ਮੰਨ ਲੈਂਦੇ ਕਿ ਸਾਡੀ ਵਿਧਾਨ ਸਭਾ ਜਦੋਂ ਹੈ ਹੀ ਕਿੜਾਂ ਕੱਢਣ ਦਾ ਅੱਡਾ ਤਾਂ ਇਹਨਾਂ ਬਾਰੇ ਕੀ ਗੱਲ ਕਰਨੀ, ਪਰ ਐਤਕੀਂ ਇਸ ਤੋਂ ਵੱਧ ਹੋਇਆ, ਬਾਦਲ ਭਰਾ ਆਪਸ ਵਿਚ ਫਸ ਪਏ। ਚਾਚੇ-ਤਾਏ ਦੇ ਪੁੱਤ ਲੜਦੇ ਹੋਣ ਤੇ ਦੇਖਣ ਵਾਲੇ ਮਜ਼ੇ ਨਾ ਲੈਂਦੇ ਹੋਣ, ਇਹ ਹੋ ਹੀ ਨਹੀਂ ਸਕਦਾ। ਛੋਟੇ ਬਾਦਲ ਤੇ ਮਜੀਠੀਆ ਪੂਰੇ ਸੈਸ਼ਨ ਵਿਚ ਕਹਿੰਦੇ ਰਹੇ ਕੈਪਟਨ ਦੇ ਦਰਬਾਰ ਵਿਚ ਇੱਕ ਮਸਖਰਾ ਤੇ ਦੂਜਾ ਕਵੀ ਤਾਂ ਹੈ, ਪਰ ਵਿੱਤ ਮੰਤਰੀ ਕੋਈ ਨਹੀਂ। ਮਨਪ੍ਰੀਤ ਸਿੰਘ ਕਾਗ਼ਜ਼ਾਂ ਦੇ ਪੁਲੰਦੇ ਪੇਸ਼ ਕਰਦਾ ਹੈ, ਬਾਕੀ ਕੁਝ ਨਹੀਂ ਉਹਦੇ ਕੋਲ। ਫਿਰ ਕੀ ਸੀ ਕਿ ਮਨਪ੍ਰੀਤ ਦਾ ਕੜ੍ਹ ਪਾਟ ਗਿਆ ਤੇ ਉਹਨੇ ਜਿਹੜੀਆਂ ਖਰੀਆਂ-ਖਰੀਆਂ ਸੁਣਾਈਆਂ, ਉਹ ਸੁਣਨ ਨਾਲੋਂ ਅਕਾਲੀ ਵਾਕ ਆਊਟ ਕਰਦੇ ਬਣੇ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮਨਪ੍ਰੀਤ ਅਹਿਸਾਨ ਫਰਾਮੋਸ਼ ਇਨਸਾਨ ਹੈ, ਜਿਹੜਾ ਪਿਓ ਸਮਾਨ ਵੱਡੇ ਬਾਦਲ ਬਾਰੇ ਵੀ ਅਵਾ-ਤਵਾ ਬੋਲ ਰਿਹਾ ਹੈ।

ਮਨਪ੍ਰੀਤ ਨੇ ਕਿਹਾ ਸੀ, “ਮੇਰੇ ਤਾਇਆ ਜੀ, ਸੁਖਬੀਰ ਦੇ ਪਿਤਾ ਨੇ ਇਲਾਜ ਮੌਕੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ। ਤਾਈ ਸੁਰਿੰਦਰ ਕੌਰ ਬਾਦਲ ਦੇ ਇਲਾਜ ਲਈ ਵੀ ਸਰਕਾਰੀ ਪੈਸਾ ਵਰਤਿਆ ਗਿਆ, ਇੱਥੋਂ ਤੱਕ ਕਿ ਤਾਈ ਦੇ ਭੋਗ ਮੌਕੇ ਵੀ ਸ਼੍ਰੋਮਣੀ ਕਮੇਟੀ ਨੇ ਲੰਗਰ ਲਾਇਆ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਮਜੀਠੀਆ ਨੇ ਆਪਣੀ ਭੈਣ ਦੇ ਵਿਆਹ ਮੌਕੇ ਕਿਸ਼ਤਾਂ ’ਤੇ ਕਾਰ ਲੈ ਕੇ ਦਿੱਤੀ ਸੀ, ਜੋ ਉਸ ਵੇਲੇ ਦੀ ਮਜੀਠੀਏ ਦੀ ਆਰਥਿਕ ਹਾਲਤ ਵੱਲ ਇਸ਼ਾਰਾ ਕਰਦੀ ਹੈ। ਪਰ ਅੱਜ ਉਹ ਕਰੋੜਾਂ ਦਾ ਮਾਲਕ ਕਿਵੇਂ ਬਣ ਗਿਆ? ਮੈਂ ਅੱਜ ਤੱਕ ਕਦੇ ਸਰਕਾਰੀ ਖ਼ਜ਼ਾਨੇਵਿੱਚੋਂ ਇੱਕ ਲੀਟਰ ਤੇਲ ਨਹੀਂ ਪਵਾਇਆ, ਕਦੇ ਸਰਕਾਰੀ ਖਰਚੇ ’ਤੇ ਜਹਾਜ਼ ਦੀ ਟਿਕਟ ਨਹੀਂ ਲਈ, ਪਰ ਬਾਦਲਾਂ ਨੇ ਸਰਕਾਰੀ ਹੈਲੀਕਾਪਟਰ ਲਾਰੀ ਵਾਂਗ ਵਰਤ ਕੇ ਖ਼ਜ਼ਾਨੇ ਦੇ ਆਹੂ ਲਾਹੇ।”

ਮਨਪ੍ਰੀਤ ਵਰ੍ਹਦਾ ਗਿਆ, ਵਰ੍ਹਦਾ ਗਿਆ ਤੇ ਅਖੀਰ ਇਹ ਵੀ ਕਹਿ ਗਿਆ ਕਿ ਸਿਆਣੇ ਆਖਦੇ ਹੁੰਦੇ ਆ ਕਿ ਘਰ ਦਾ ਭੇਤੀ ਲੰਕਾ ਢਾਹ ਦਿੰਦਾ ਹੁੰਦਾ। ਜੇ ਮੇਰੇ ’ਤੇ ਇਨ੍ਹਾਂ ਲੋਕਾਂ ਨੇ ਤਵਾ ਲਾਉਣਾ ਬੰਦ ਨਾ ਕੀਤਾ ਤਾਂ ਮੈਂ ਕਿਲ੍ਹਾ ਢਾਹ ਕੇ ਵੀ ਵਿਖਾ ਦੇਣਾ, ਕਿਉਂਕਿ ਮੈਂ ਇਨ੍ਹਾਂ ਲੋਕਾਂ ਬਾਰੇ ਬਹੁਤ ਕੁਝ ਜਾਣਦਾ ਹਾਂ, ਜਿਸ ਬਾਰੇ ਜਨਤਾ ਅਣਜਾਣ ਹੈ।

ਉਸ ਤੋਂ ਅਗਲੇ ਦਿਨ ਸੁਖਬੀਰ ਦੀ ਪ੍ਰਤੀਕਿਰਿਆ ਆਈ ਕਿ ਜੋ ਕੁਝ ਮਨਪ੍ਰੀਤ ਨੇ ਕਿਹਾ, ਉਹ ਉਹਦੀ ਬੁਖਲਾਹਟ ਦਾ ਨਤੀਜਾ ਹੈ। ਉਹ ਜਾਣਦਾ ਹੈ ਕਿ ਗੱਲੀਂਬਾਤੀਂ ਬਚਿਆ ਜਾ ਸਕਦਾ, ਕੰਮ ਤਾਂ ਸਾਡੇ ਕੋਲੋਂ (ਕਾਂਗਰਸ ਸਰਕਾਰ) ਕੋਈ ਹੋਣਾ ਨਹੀਂ। ਸੁਖਬੀਰ ਨੇ ਸਿਰਫ਼ ਇੱਕ ਦੋਸ਼ ਦਾ ਜਵਾਬ ਮੰਗਿਆ ਕਿ ਮਨਪ੍ਰੀਤ ਸਾਬਤ ਕਰੇ ਕਿ ਮੇਰੀ ਮਾਂ ਦੇ ਭੋਗ ਮੌਕੇ ਸ਼੍ਰੋਮਣੀ ਕਮੇਟੀ ਨੇ ਲੰਗਰ ਲਾਇਆ ਸੀ। ਜੇ ਕੋਈ ਸਬੂਤ ਨਹੀਂ ਤਾਂ ਉਹ ਸਿਆਸਤ ਨੂੰ ਅਲਵਿਦਾ ਆਖ ਦੇਵੇ। ਬਾਕੀ ਦੋਸ਼ਾਂ ਬਾਰੇ ਕੁਝ ਨਹੀਂ ਕਿਹਾ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਉਹ ਸਹੀ ਹਨ।

ਸੁਖਬੀਰ ਬਾਦਲ ਨੇ ਤਾਂ ਗੱਲ ਬਦਲਦਿਆਂ ਇਹ ਵੀ ਕਿਹਾ ਕਿ ਡਰਾਮੇ ਕਰਨ ਵਿਚ ਮਾਹਰ ਮਨਪ੍ਰੀਤ ਇਹ ਦੱਸੇ ਕਿ ਉਸਦਾ ਰਾਜਸੀ ਸਫ਼ਰ ਕੀਹਨੇ ਸ਼ੁਰੂ ਕਰਾਇਆ? ਮੈਨੂੰ ਪਿੱਛੇ ਰੱਖ ਕੇ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਮੂਹਰੇ ਕੀਤਾ, ਉਲਟਾ ਇਹ ਇਹੋ ਜਿਹਾ ਮੁੱਲ ਮੋੜ ਰਿਹਾ।

ਸੁਖਬੀਰ ਨੂੰ ਵੈਸੇ ਬਾਕੀ ਦੋਸ਼ਾਂ ਦਾ ਜਵਾਬ ਵੀ ਦੇਣਾ ਚਾਹੀਦਾ ਸੀ, ਪਰ ਪਤਾ ਨਹੀਂ ਕਿਹੜੀ ਮਜਬੂਰੀ ਵਿਚ ਉਹ ਚੁੱਪ ਰਹੇ। ਜਾਂ ਤਾਂ ਉਹ ਸਭ ਸੱਚ ਹੋਣਾ ਤੇ ਜਾਂ ਫੇਰ ਉਸ ਮੁੱਦੇ ਨੂੰ ਛੇੜ ਕੇ ਮੁੱਦੇ ਨੂੰ ਹੋਰ ਹਵਾ ਨਹੀਂ ਦੇਣੀ ਚਾਹੁੰਦੇ ਸੀ।

ਸਾਡੀ ਜਾਚੇ ਮਨਪ੍ਰੀਤ ਨੇ ਨੀਵੇਂ ਪੱਧਰ ਦੀਆਂ ਗੱਲਾਂ ਵੀ ਕੀਤੀਆਂ, ਪਰ ਜੇ ਇਹ ਦੋਸ਼ ਸੱਚ ਹਨ ਤਾਂ ਸੁਖਬੀਰ ਹੋਰਾਂ ਲਈ ਹੋਰ ਵੀ ਮਾੜੀ ਗੱਲ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਕੰਮ ਭੋਗਾਂ ’ਤੇ ਜਾ ਕੇ ਲੰਗਰ ਲਾਉਣਾ ਨਹੀਂ। ਸ਼੍ਰੋਮਣੀ ਕਮੇਟੀ ਹੋਰ ਅਨੇਕਾਂ ਵਿਵਾਦਾਂ ਕਰਕੇ ਪਹਿਲਾਂ ਹੀ ਖੁਦ ਚਰਚਾ ਵਿਚ ਰਹਿੰਦੀ ਹੈ, ਜਿਸ ਕਾਰਨ ਵੱਡੀ ਗਿਣਤੀ ਲੋਕ ਕਮੇਟੀ ਦੇ ਫੈਸਲਿਆਂ ਤੋਂ ਖਫ਼ਾ ਦਿਸਦੇ ਹਨ।

ਇਸ ਵੇਲੇ ਵੱਡੀ ਸੋਚ ਵਿਚਾਰ ਵਾਲੀ ਗੱਲ ਇਹ ਹੈ ਕਿ ਜੋ ਕੁਝ ਵਿਧਾਨ ਸਭਾ ਵਿਚ ਹੋਇਆ, ਕੀ ਲੋਕਾਂ ਨੇ ਇਹ ਕਰਨ ਲਈ ਇਨ੍ਹਾਂ ਨੇਤਾਵਾਂ ਨੂੰ ਵੋਟਾਂ ਪਾਈਆਂ। ਲੋਕ ਮਸਲਿਆਂ ਦੀ ਗੱਲ ਤਾਂ ਇੱਥੇ ਕੋਈ ਹੋਈ ਨਹੀਂ ਤਾਂ ਵਿਧਾਨ ਸਭਾ ਦੇ ਹਰ ਦਿਨ ਦਾ ਲੱਖਾਂ ਰੁਪਏ ਦਾ ਬੋਝ ਪੰਜਾਬ ਦੇ ਲੋਕਾਂ ਸਿਰ ਕਿਉਂ? ਇਹ ਸਭਾ ਨਿੱਜੀ ਕਿੜਾਂ ਕੱਢਣ ਲਈ ਨਹੀਂ, ਸਗੋਂ ਪੰਜਾਬ ਬਾਰੇ ਵਿਚਾਰਾਂ ਕਰਨ ਦੀ ਥਾਂ ਹੈ ਤੇ ਜੇ ਪੰਜਾਬ ਬਾਬਤ ਕੋਈ ਗੱਲ ਨਹੀਂ ਕਰਨੀ ਤਾਂ ਇੱਥੇ ਜੁੜ ਬੈਠਣ ਦਾ ਪਖੰਡ ਬੰਦ ਹੋਣਾ ਚਾਹੀਦਾ। ਵਿਧਾਨ ਸਭਾ ਕੋਈ ਕੁਸ਼ਤੀ ਅਖਾੜਾ ਨਹੀਂ, ਵਿਚਾਰ ਚਰਚਾ ਕਰਨ ਵਾਲੀ ਥਾਂ ਹੈ। ਜੇ ਕੋਈ ਸਿਰ ਤੋਂ ਕੰਮ ਲਵੇ ਤਾਂ ਹੀ ਅਜਿਹਾ ਹੋ ਸਕਦਾ ਹੈ।

ਦਰਅਸਲ ਅਜਿਹਾ ਵਰਤਾਰਾ ਇਸ ਕਰਕੇ ਵੀ ਹੈ, ਕਿਉਂਕਿ ਪੰਜਾਬ ਵਿੱਚ ਦੋ ਪਾਰਟੀ ਸਿਸਟਮ ਹੋਣ ਕਰਕੇ ਅਤੇ ਤੀਜੀ ਧਿਰ ਦੀ ਅਣਹੋਂਦ ਕਰਕੇ ਵਾਰੋ-ਵਾਰੀ ਪਾਰਟੀਆਂ ਰਾਜ ਕਰ ਰਹੀਆਂ ਹਨ। ਇਸ ਕਰਕੇ ਹੀ ਇਹ ਪਾਰਟੀਆਂ ਆਪਣੀ ਨਿੱਜੀ ਲੜਾਈ ਵੀ ਬਾਹਰ ਦੀ ਬਜਾਏ ਵਿਧਾਨ ਸਭਾ ਵਿੱਚ ਲੜ ਕੇ, ਜਨਤਾ ਦਾ ਸਮਾਂ ਅਤੇ ਪੈਸਾ ਬਰਬਾਦ ਕਰ ਰਹੀਆਂ ਹਨ। ਇਹ ਸਭ ਉਦੋਂ ਤੱਕ ਹੁੰਦਾ ਰਹੇਗਾ, ਜਦ ਤੱਕ ਤੀਜੀ ਮਜ਼ਬੂਤ ਧਿਰ ਦੀ ਅਣਹੋਂਦ ਰਹੇਗੀ, ਜਿਸ ਨੂੰ ਮੌਜੂਦਾ ਦੋਵੇਂ ਧਿਰਾਂ ਦੁਸ਼ਮਣ ਸਮਝ ਕੇ, ਪਿਛਲੀਆਂ ਚੋਣਾਂ ਵਾਂਗ ਇਕੱਠੀਆਂ ਹੋ ਕੇ ਲੜਦੀਆਂ ਹਨ। ਜ਼ਰਾ ਸ੍ਰੀ ਤਰਲੋਚਨ ਸਿੰਘ ਦੁਪਾਲਪੁਰ ਦੀਆਂ ਇਹ ਲਾਈਨਾਂ ਦੇਖੋ:

ਮੂੰਹ-ਮੱਥਾ ਜਦ “ਤੀਜੇ” ਦਾ ਬਣਨ ਲੱਗੇ,
ਪਿੱਸੂ ਪੈਂਦੇ ਨੇ ਨੀਲਿਆਂ ਚਿੱਟਿਆਂ ਨੂੰ।

ਚੱਕੀ ਨੀਲੇ ਤੇ ਚਿੱਟੇ ਦੋ ਪੁੜਾਂ ਵਾਲੀ,
ਲਗਦੈ ਪੀਂਹਦੀ ਹੀ ਰਹੂ ਪੰਜਾਬੀਆਂ ਨੂੰ।

*****

(1093)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author