ShyamSDeepti7ਅਸੈਂਬਲੀ ਵਿੱਚ ਬੰਬ ਸੁੱਟਣਾ ਸਭ ਨੂੰ ਯਾਦ ਹੈਪਰ ਕੋਈ ਵੀ ਅਦਾਲਤ ਵਿੱਚ ਹੋਈ ਬਹਿਸ ਨੂੰ ...
(26 ਮਾਰਚ 2018)

 

BhagatSinghShaheedB1

 

ਇੱਕ ਵਿਚਾਰਕ ਪ੍ਰਸੰਗ ਹੈ ਕਿ ਜਦੋਂ ਤੱਕ ਸਥਿਤੀ ਹੂਬਹੂ ਬਣੀ ਰਹੇਗੀ, ਗੱਲਾਂ ਨੂੰ ਦੁਹਰਾਉਣ ਦੀ ਲੋੜ ਪਵੇਗੀ ਹੀ। ਆਜ਼ਾਦੀ ਦੇ ਸੱਤਰ ਸਾਲ ਅਤੇ ਤੇਰੀ ਕੁਰਬਾਨੀ ਦੇ ਸਤਾਸੀ ਸਾਲ ਬਾਅਦ ਵੀ ਹਰ ਰੋਜ਼ ਹੀ ਕਿਸੇ ਨਾ ਕਿਸੇ ਵਾਰਦਾਤ, ਘਟਨਾ-ਦੁਰਘਟਨਾ ਦੇ ਮੱਦੇਨਜ਼ਰ ਤੇਰੀ ਸੋਚ ਸਾਹਮਣੇ ਆ ਖੜ੍ਹਦੀ ਹੈ, ਜਿਸ ਨੂੰ ਮੁੜ ਤੋਂ ਵਿਚਾਰਨ ਲੱਗ ਪਈਦਾ ਹੈ। ਲੱਗਦਾ ਹੈ, ਇਸ ਨੂੰ ਪ੍ਰਚਾਰਣ ਅਤੇ ਅਮਲ ਕਰਨ ਦੀ ਲੋੜ ਹੈ।

ਤੇਰੀ ਸ਼ਹੀਦੀ ਲਾਜਵਾਬ ਸੀ, ਇਸ ਲਈ ਤੈਨੂੰ ਯਾਦ ਕਰੀਏ, ਪਰ ਉਸ ਤੋਂ ਵੀ ਵੱਧ ਤੇਰੇ ਵਿਚਾਰਾਂ ਦੇ ਮਹੱਤਵ ਦੀ ਗੱਲ ਹੈ, ਭਾਵੇਂ ਤੇਰੀ ਸ਼ਹੀਦੀ ਦਾ ਵੀ ਉਹਨਾਂ ਵਿਚਾਰਾਂ ਨਾਲ ਗੂੜ੍ਹਾ ਰਿਸ਼ਤਾ ਹੈ।

ਤੂੰ ਕੁਰਬਾਨੀ ਦੇਣ ਵੇਲੇ, ਫਾਂਸੀ ’ਤੇ ਚੜ੍ਹਾਏ ਜਾਣ ਦੇ ਫ਼ੈਸਲੇ ਮਗਰੋਂ, ਆਪਣੀ ਜ਼ਿੰਦਗੀ ਨੂੰ ਬਚਾ ਵੀ ਸਕਦਾ ਸੀ। ਤੇਰੇ ਪਿਤਾ ਸਮੇਤ ਕਈਆਂ ਨੇ ਆਪਣੇ ਪੱਧਰ ’ਤੇ ਕੋਸ਼ਿਸ਼ਾਂ ਵੀ ਕੀਤੀਆਂ, ਪਰ ਤੂੰ ਦੇਸ਼ ਲਈ ਜਾਨ ਕੁਰਬਾਨ ਕਰਨ ਤੋਂ ਕਦੇ ਨਹੀਂ ਡਰਿਆ। ਤੈਨੂੰ ਆਪਣੇ ਵਿਚਾਰਾਂ ’ਤੇ ਯਕੀਨ ਸੀ। ਤੂੰ ਕਿਹਾ, ‘ਮੇਰੇ ਵਿਚਾਰਾਂ ਦੀ ਖ਼ੁਸ਼ਬੂ ਸਾਡੇ ਸੋਹਣੇ ਦੇਸ ਦੇ ਵਾਤਾਵਰਣ ਵਿੱਚ ਫੈਲ ਜਾਵੇਗੀ। ਇੱਕ ਨਹੀਂ, ਕਈ ਭਗਤ ਸਿੰਘ ਪੈਦਾ ਹੋਣਗੇ।’ ਤੂੰ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰਨ ਦਾ ਚਾਹਵਾਨ ਸੀ ਤੇ ਇਸੇ ਕਰ ਕੇ ਖ਼ੁਸ਼ੀ-ਖ਼ੁਸ਼ੀ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ, ਪਰ ਅੱਜ ਦੇ ਵੇਲੇ ਵਿੱਚ ਕੁਰਬਾਨੀ ਤਾਂ ਬਹੁਤ ਦੂਰ ਦੀ ਗੱਲ ਹੈ, ਆਗੂ ਕਿਸੇ ਖ਼ਤਰੇ ਦੇ ਸਮੇਂ ਵਿੱਚ ਆਪਣੇ ਆਪ ਨੂੰ ਮੂਹਰਲੀ ਕਤਾਰ ਵਿੱਚ ਹੀ ਨਹੀਂ ਰੱਖਦੇ। ਕਿਸੇ ਵੀ ਹਾਲਤ ਵਿੱਚ ਗੱਦੀ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ।

ਤੇਰੀ ਉਮਰ ਅਤੇ ਸੱਚ ਦਾ ਸੁਮੇਲ ਵੀ ਸੋਚਣ ਨੂੰ ਉਕਸਾਉਂਦਾ ਹੈ। ਤੇਰੀ 23 ਸਾਲ ਦੀ ਉਮਰ ਵਿਚ ਕੀਤੇ ਕਾਰਜ ਅਤੇ ਅੱਜ ਦੇ ਸਾਡੇ ਨੌਜਵਾਨਾਂ ਦੀ ਹਾਲਤ ਜਿਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਜਾਂ ਅਸੀਂ ਜਿਸ ਤਰ੍ਹਾਂ ਉਹਨਾਂ ਨਾਲ ਪੇਸ਼ ਆ ਰਹੇ ਹਾਂ, ਸਗੋਂ ਬੇਚੈਨੀ ਪੈਦਾ ਕਰਨ ਵਾਲੀ ਹੈ। ਇਸ ਵਿੱਚ ਪਰਵਾਰ, ਵਿੱਦਿਅਕ ਸੰਸਥਾਵਾਂ, ਰਾਜਨੀਤਕ ਮਾਹੌਲ ਸਾਰੇ ਹੀ ਸ਼ਾਮਲ ਹਨ। ਇਸ ਉਮਰ ਨੂੰ ਗ਼ੈਰ-ਜ਼ਿੰਮੇਵਾਰ, ਤਜ਼ਰਬੇ ਵਿਹੂਣੀ ਕਹਿ ਕੇ ਵਰਤਿਆ ਤਾਂ ਜਾਂਦਾ ਹੈ, ਪਰ ਖ਼ੁਦ ਸੋਚਣ ਅਤੇ ਫ਼ੈਸਲਾ ਲੈਣ ਦੇ ਰਾਹ ’ਤੇ ਚੱਲਣ ਤੋਂ ਵਰਜਿਆ ਜਾਂਦਾ ਹੈ। ਖ਼ੁਦ ਹੀ ਕੁਰਾਹੇ ਪਾਉਣ ਵਾਲਾ ਮਾਹੌਲ ਉਸਾਰਿਆ ਜਾ ਰਿਹਾ ਹੈ ਤੇ ਫਿਰ ਇਹਨਾਂ ਨੌਜਵਾਨਾਂ ਨੂੰ ਹੀ ਕਸੂਰਵਾਰ ਕਰਾਰ ਦੇ ਦਿੱਤਾ ਜਾਂਦਾ ਹੈ।

ਤੂੰ ਬਹੁਤਾ ਨਹੀਂ ਲਿਖਿਆ, ਪਰ ਜਿੰਨਾ ਚਿਰ ਜੀਵਿਆ, ਜਿੰਨਾ ਚਿਰ ਕਿਤਾਬਾਂ ਸੰਗ ਵਿਚਰਿਆ, ਪੰਜ-ਸੱਤ ਸਾਲ ਹੀ, ਪਰ ਵਿਚਾਰਾਂ ਵਿੱਚ ਜੋ ਤਾਜ਼ਗੀ ਅਤੇ ਨਵਾਂਪਣ ਤੇ ਸਾਦਗੀ ਹੈ, ਉਹ ਬਾਕਮਾਲ ਹੈ। ਇਹ ਸਪਸ਼ਟਤਾ ਇਸੇ ਉਮਰ ਵਿਚ ਹੀ ਹੁੰਦੀ ਹੈ; ਨਵੀਂ ਸੋਚ, ਸਮਾਜ ਦੀਆਂ ਮੌਜੂਦਾ ਰਿਵਾਇਤਾਂ ਨੂੰ ਚੁਣੌਤੀ ਦੇਣ ਵਾਲੀ, ਕਿਉਂ ਜੁ ਸਮਾਜ ਨੇ ਅਜੇ ਇਹਨਾਂ ਨੌਜਵਾਨਾਂ ਨੂੰ ਆਪਣੇ ਮੁਤਾਬਿਕ ਢਾਲਣ ਦਾ ਕੰਮ ਸ਼ੁਰੂ ਕਰਨਾ ਹੁੰਦਾ ਹੈ।

ਤੇਰੀਆਂ ਲਿਖਤਾਂ ਵਿੱਚੋਂ ਜੋ ਦੋ ਗੱਲਾਂ ਅੱਜ ਉੱਭਰਵੇਂ ਰੂਪ ਵਿੱਚ ਵਿਚਾਰਨ ਦੀ ਲੋੜ ਹੈ, ਉਹਨਾਂ ’ਤੇ ਡੱਟ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ, ਉਹਨਾਂ ’ਚੋਂ ਇੱਕ ਹੈ ਜਾਤ-ਧਰਮ ਦਾ ਸਵਾਲ ਤੇ ਦੂਸਰੀ ਹੈ, ਆਜ਼ਾਦੀ ਦੇ ਸਹੀ ਅਰਥ।

ਧਰਮ, ਜਾਤ ਅਤੇ ਆਜ਼ਾਦੀ ਦੇ ਸਹੀ ਮਾਅਨੇ ਆਪਸ ਵਿੱਚ ਜੁੜੇ ਹੋਏ ਹਨ। ਆਜ਼ਾਦੀ ਦੇ ਅਰਥ ਹੀ ਜਦੋਂ ਬਦਲ ਰਹੇ ਹੋਣ, ਸੁੰਗੜ ਗਏ ਹੋਣ, ਸਿਰਫ਼ ਤੇ ਸਿਰਫ਼ ਦੇਸ ਦੇ ਪ੍ਰਤੀਕਾਂ ਤੱਕ ਸੀਮਤ ਹੋ ਰਹੇ ਹੋਣ ਤਾਂ ਧਰਮ ਅਤੇ ਜਾਤ ਦਾ ਸਵਾਲ ਖ਼ੁਦ-ਬ-ਖ਼ੁਦ ਉਸ ਦੇ ਘੇਰੇ ਵਿੱਚ ਆ ਜਾਂਦਾ ਹੈ। ਇਹਨਾਂ ਨਾਲ ਦੇਸ ਦੇ ਅਸਲੀ ਮੁੱਦਿਆਂ ਨੂੰ, ਤੇ ਹਾਸ਼ੀਏ ’ਤੇ ਰਹਿ ਰਹੇ ਲੋਕਾਂ ਨੂੰ ਭਰਮਾਉਣਾ ਅਤੇ ਭਟਕਾਉਣਾ ਬਹੁਤ ਆਸਾਨ ਹੁੰਦਾ ਹੈ।

ਤੇਰੀ ਸੋਚ ਦੀ ਦੂਰ-ਅੰਦੇਸ਼ੀ ਸੀ, ਜਦੋਂ ਤੂੰ ਜਾਣ ਲਿਆ ਕਿ ਗਾਂਧੀ ਦੀ ਆਜ਼ਾਦੀ ਵਿੱਚੋਂ ਮਜ਼ਦੂਰ, ਕਿਰਤੀ, ਕਿਸਾਨ ਗਾਇਬ ਹਨ। ਉਹ ਸੱਤਾ ਨੂੰ ਹੂਬਹੂ ਰੱਖਣਾ ਚਾਹੁੰਦੇ ਹਨ। ਉਹ ਕੁਰਸੀਆਂ ’ਤੇ ਬੈਠਣ ਵਾਲੇ ਲੋਕਾਂ ਦੀ ਤਬਦੀਲੀ ਚਾਹੁੰਦੇ ਹਨ। ਉਹ ਤਾਂ ਆਪਣੀ ਥੋੜ੍ਹੀ ਜਿਹੀ ਭਾਗੀਦਾਰੀ ਤੋਂ ਖ਼ੁਸ਼ ਤੇ ਸੰਤੁਸ਼ਟ ਹਨ। ਅਸੀਂ ਇਸ ਨੂੰ ਸਮਾਜਵਾਦ ਦੇ ਰੂਪ ਵਿੱਚ ਦੇਖਣ ਦੇ ਚਾਹਵਾਨ ਹਾਂ। ਉਹਨਾਂ ਦੀ ਵੱਧ ਤੋਂ ਵੱਧ ਚਾਹਨਾ ਹੈ ਅੰਗਰੇਜ਼-ਮੁਕਤ ਭਾਰਤ। ਸਾਡਾ ਮਕਸਦ ਹੈ ਸਭ ਲਈ ਬਰਾਬਰੀ ਵਾਲਾ, ਸਾਮਰਾਜ-ਮੁਕਤ ਭਾਰਤ। ਸ਼ੋਸ਼ਣ-ਰਹਿਤ ਭਾਰਤ।

ਅੱਜ ਇੱਕੀਵੀਂ ਸਦੀ ਵਿੱਚ ਦਾਖ਼ਲ ਹੋਏ ਭਾਰਤ ਵਿੱਚ ਘੱਟੋ-ਘੱਟ ਪਿਛਲੇ ਵੀਹ-ਪੰਝੀ ਸਾਲਾਂ ਤੋਂ ਜਿਸ ਤੇਜ਼ੀ ਨਾਲ ਸਰਮਾਏਦਾਰੀ ਤੇ ਸਾਮਰਾਜ ਦੀ ਬੁਨਿਆਦ ਮਜ਼ਬੂਤ ਕਰਨ ਦੇ ਕਾਰਜ ਹੋ ਰਹੇ ਹਨ, ਉਹ ਆਜ਼ਾਦੀ ਦੇ ਨਾਂਅ ’ਤੇ ਇੱਕ ਲੁਕਵੀਂ ਗ਼ੁਲਾਮੀ ਹੈ। ਦੇਸ ਦੀ ਅੱਧੀ ਦੌਲਤ ਸਿਰਫ਼ ਇੱਕ ਫ਼ੀਸਦੀ ਲੋਕਾਂ ਕੋਲ ਹੈ ਤੇ ਇਸ ਦੇ ਉਲਟ ਦੇਸ ਦੇ ਪੰਜਾਹ ਫ਼ੀਸਦੀ ਲੋਕਾਂ ਕੋਲ ਸਿਰਫ਼ ਇੱਕ ਫ਼ੀਸਦੀ ਦੌਲਤ। ਨਾ-ਬਰਾਬਰੀ ਦਾ ਪਾੜਾ ਸਾਲ-ਦਰ-ਸਾਲ ਵਧ ਰਿਹਾ ਹੈ। ਇਸ ਲਈ ਤੈਨੂੰ ਯਾਦ ਕਰਨ ਦੀ ਲੋੜ ਹੈ।

ਵੈਸੇ ਤਾਂ ਆਜ਼ਾਦੀ ਤੋਂ ਬਾਅਦ ਦੇਸ ਵਿੱਚ ਧਰਮ ਅਤੇ ਜਾਤ ਆਧਾਰਤ ਫ਼ਿਰਕੂ ਮਾਹੌਲ, ਕਦੇ ਸਾਵਾਂ-ਸੁਖਾਵਾਂ ਨਹੀਂ ਬਣਿਆ, ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਸ ਵਿੱਚ ਕਾਫ਼ੀ ਵਿਗਾੜ ਆ ਗਿਆ ਹੈ। ਤੂੰ ਉਦੋਂ ਵੀ ਸੁਚੇਤ ਕੀਤਾ ਸੀ ਕਿ ਧਰਮ ਤੇ ਜਾਤ ਮਨੁੱਖੀ ਵਿਕਾਸ ਲਈ ਬਹੁਤ ਵੱਡਾ ਅੜਿੱਕਾ ਹਨ। ਤੂੰ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ, ‘ਕੁੱਤਾ ਸਾਡੀ ਗੋਦ ਵਿੱਚ ਬੈਠ ਸਕਦਾ ਹੈ, ਸਾਡੀ ਰਸੋਈ ਵਿੱਚ ਬੇ-ਰੋਕ-ਟੋਕ ਫਿਰਦਾ ਹੈ, ਪਰ ਇਨਸਾਨ ਸਾਡੇ ਨਾਲ ਛੋਹ ਜਾਵੇ ਤਾਂ ਬੱਸ ਧਰਮ ਭਿ੍ਰਸ਼ਟ। ਇਹ ਸਿੱਧੇ-ਸਿੱਧੇ ਬੁਨਿਆਦੀ ਮਨੁੱਖ ਹੋਣ ਤੋਂ ਇਨਕਾਰੀ ਹੋਣ ਵਾਲੇ ਵਿਹਾਰ ਹਨ।’

ਮਨੁੱਖੀ ਨਾ-ਬਰਾਬਰੀ ਦੁਨੀਆ ਭਰ ਵਿੱਚ ਹੈ; ਕਿਤੇ ਘੱਟ ਅਤੇ ਕਿਤੇ ਵੱਧ। ਇਸ ਨੂੰ ਘੱਟ ਕਰਨ ਦੇ ਜਤਨ ਵੀ ਹੁੰਦੇ ਹਨ, ਹੋ ਰਹੇ ਹਨ, ਪਰ ਜਾਤ ਆਧਾਰਤ ਵਿਤਕਰਾ ਅਤੇ ਨਾ-ਬਰਾਬਰੀ ਸਾਡੇ ਖਿੱਤੇ ਦੀ ਵਿਸ਼ੇਸ਼ਤਾ ਹੈ ਤੇ ਇਸ ਦਾ ਪ੍ਰਮੁੱਖ ਅੰਗ ਹੈ ਨਫ਼ਰਤ। ਇਸ ਦੀ ਇੱਕ ਹੋਰ ਖ਼ਾਸੀਅਤ ਹੈ ਕਿ ਇਸ ਨੂੰ ਧਰਮ ਦੀ ਸ਼ਹਿ ਹੈ। ਇਸ ਲਈ ਧਰਮ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ, ਜਦੋਂ ਇਹ ਸੱਤਾ ਵਿੱਚ ਆਪਣੀ ਭਰਵੀਂ ਹਾਜ਼ਰੀ ਲਗਵਾਉਣੀ ਸ਼ੁਰੂ ਕਰ ਦੇਵੇ।

ਭਾਵੇਂ ਤੇਰਾ ਅਕਸ ਬੰਦੂਕ ਵਾਲਾ ਬਣਿਆ ਜਾਂ ਬਣਾਇਆ ਗਿਆ। ਤੈਨੂੰ ਅੱਤਵਾਦੀ ਤੱਕ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਗਿਆ। ਦਰਅਸਲ ਤੇਰੀ ਵਿਚਾਰਧਾਰਾ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਗਿਆ। ਅਸੈਂਬਲੀ ਵਿੱਚ ਬੰਬ ਸੁੱਟਣਾ ਸਭ ਨੂੰ ਯਾਦ ਹੈ, ਪਰ ਕੋਈ ਵੀ ਅਦਾਲਤ ਵਿੱਚ ਹੋਈ ਬਹਿਸ ਨੂੰ ਚੇਤੇ ਕਰਨ ਨੂੰ ਤਿਆਰ ਨਹੀਂ ਤੇਰਾ ਬਿਆਨ ਕਿ ਅਸੀਂ ਮਨੁੱਖੀ ਜੀਵਨ ਨੂੰ ਬੇਹੱਦ ਪਵਿੱਤਰ ਸਮਝਦੇ ਹਾਂ ਅਤੇ ਮਨੁੱਖਤਾ ਦੀ ਸੇਵਾ ਵਿੱਚ, ਕਿਸੇ ਨੂੰ ਨੁਕਾਸਨ ਪਹੁੰਚਾਉਣ ਤੋਂ ਪਹਿਲਾਂ ਆਪਣੇ ਜੀਵਨ ਦੀ ਬਲੀ ਦੇ ਦਿਆਂਗੇ। ਅਸੀਂ ਮਨੁੱਖੀ ਜੀਵਨ ਦਾ ਆਦਰ ਕਰਦੇ ਹਾਂ ਅਤੇ ਜਿੱਥੋਂ ਤੱਕ ਹੋ ਸਕੇ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਾਮਰਾਜਵਾਦੀ ਫ਼ੌਜ ਦੇ ਭਾੜੇ ਦੇ ਸਿਪਾਹੀਆਂ ਵਾਂਗ ਨਹੀਂ, ਜਿਨ੍ਹਾਂ ਨੂੰ ਬਿਨਾਂ ਕਿਸੇ ਅਫ਼ਸੋਸ ਤੋਂ ਹੱਤਿਆਵਾਂ ਕਰਨ ਦਾ ਅਨੁਸ਼ਾਸਨ ਸਿਖਾਇਆ ਜਾਂਦਾ ਹੈ।

ਅਜਿਹੀਆਂ ਵਾਰਦਾਤਾਂ ਅਸੀਂ ਰੋਜ਼ ਦੇਖਦੇ ਹਾਂ। ਇਹ ਚਾਹੇ ਦੇਸ ਦੇ ਬਾਰਡਰ ’ਤੇ ਹੋਣ ਜਾਂ ਦੇਸ ਦੇ ਅੰਦਰ, ਆਦੀਵਾਸੀਆਂ ਨਾਲ ਹੋਣ ਜਾਂ ਇਸੇ ਤਰ੍ਹਾਂ ਧਰਮ-ਜਾਤ ਦੇ ਨਾਂਅ ’ਤੇ ਹੋਣ, ਦੰਗਈ ਜਾਂ ਦਬੰਗਈ ਨਜ਼ਰ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਸਹਿਜੇ ਹੀ ਅੰਗਰੇਜ਼ਾਂ ਦੇ ਰਾਜ ਨੂੰ ਭੋਗ ਚੁੱਕੇ ਲੋਕ ਕਹਿ ਜਾਂਦੇ ਹਨ ਕਿ ਕਾਲੇ ਹਾਕਮਾਂ ਨੇ ਅੰਗਰੇਜ਼ਾਂ ਨੂੰ ਵੀ ਮਾਤ ਪਾ ਦਿੱਤੀ।

ਤੇਰੀ ਸੰਵੇਦਨਸ਼ੀਲਤਾ ਤਾਂ ਤੇਰੇ ਬਚਪਨ ਵਿੱਚ ਪਈ ਹੈ, ਜਦੋਂ ਸਾਢੇ ਕੁ ਗਿਆਰਾਂ ਸਾਲ ਦੀ ਉਮਰ ਵਿਚ ਤੂੰ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਤੋਂ ਅਗਲੇ ਦਿਨ ਖ਼ੂਨ ਨਾਲ ਭਿੱਜੀ ਉਸ ਮਿੱਟੀ ਨੂੰ ਲੈ ਗਿਆ ਤੇ ਘਰੇ ਜਾ ਕੇ ਫੁੱਲਾਂ ਨਾਲ ਸ਼ਰਧਾਂਜਲੀ ਦਿੱਤੀ। ਅੱਜ ਕੋਈ ਦਿਨ ਅਜਿਹਾ ਨਹੀਂ ਜਾਂਦਾ, ਜਦੋਂ ਕੋਈ ਖ਼ੂਨੀ ਕਾਰਾ ਨਾ ਹੁੰਦਾ ਹੋਵੇ ਤੇ ਸਾਡੇ ਆਗੂ ਚੁੱਪ ਨਾ ਵੱਟ ਲੈਂਦੇ ਹੋਣ ਜਾਂ ਬੇਸ਼ਰਮੀ ਭਰੇ ਬਿਆਨ ਨਾ ਦਿੰਦੇ ਹੋਣ।

ਭਗਤ ਸਿੰਘ, ਤੇਰੀ ਤਸਵੀਰ ਕੁਝ ਐਸੀ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਤੈਨੂੰ ਆਪਣਾ ਕਹਿਣ ਲਈ ਪੱਬਾਂ ਭਾਰ ਰਹਿੰਦੀਆਂ ਹਨ। ਭਾਵੇਂ ਖੱਬੇ-ਪੱਖੀ ਤੈਨੂੰ ਵੱਧ ਆਪਣਾ ਸਮਝਣ ਵਾਲੀ ਧਿਰ ਬਣਦੀ ਹੈ, ਪਰ ਸਹੀ ਅਰਥਾਂ ਵਿੱਚ ਕੋਈ ਵੀ ਤੈਨੂੰ ਅਪਨਾਉਣ ਨੂੰ ਤਿਆਰ ਨਹੀਂ। ਹੌਲੀ-ਹੌਲੀ ਵਿਚਾਰਾਂ ਦੀ ਥਾਂ ਬੁੱਤਾਂ ਨੇ ਲੈ ਲਈ ਹੈ। ਸੰਸਦ ਵਿੱਚ ਤੇਰਾ ਬੁੱਤ ਲਗਾਏ ਜਾਣ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ, ਜਿਵੇਂ ਤੇਰੇ ਜਨਮ ਅਤੇ ਸ਼ਹੀਦੀ ਦਿਹਾੜੇ ’ਤੇ ਛੁੱਟੀ ਕਰਵਾਉਣਾ, ਪਰ ਜੋ ਤੇਰੀ ਤਮੰਨਾ ਸੀ ਕਿ ਤੇਰੇ ਵਿਚਾਰਾਂ ਦੀ ਖ਼ੁਸ਼ਬੂ ਦੇਸ ਦੇ ਕੋਨੇ-ਕੋਨੇ ਤੱਕ ਪਹੁੰਚੇ, ਉਹ ਸਗੋਂ ਹੋਰ ਦੂਰ ਹੋਈ ਹੈ। ਸਭ ਕੁਝ ਹੌਲੀ-ਹੌਲੀ ਰਸਮੀ ਹੋਈ ਜਾ ਰਿਹਾ ਹੈ।

ਕੁਝ ਕਾਵਿਕ ਸਤਰਾਂ:

ਇਨਕਲਾਬ ਜ਼ਿੰਦਾਬਾਦ ਦਾ ਨਾਅਰਾ
ਜੋ ਤੂੰ ਦਿੱਤਾ ਸੀ
ਲਾਈਦਾ ਹੈ ਕਦੇ ਕਦਾਈਂ

ਪਰ ਕਾਲੇ ਅੰਗਰੇਜ਼ਾਂ ਨੂੰ
ਇਹ ਸੁਣਾਈ ਨਹੀਂ ਦਿੰਦਾ
ਜਿਸ ਦੀ ਤੂੰ ਚੇਤਾਵਨੀ ਵੀ ਦਿੱਤੀ ਸੀ।

ਦੱਸਿਆ ਤਾਂ ਤੂੰ ਬਹੁਤ ਕੁਝ ਸੀ
ਜਾਤ-ਪਾਤ ਦੀ ਲਾਹਨਤ ਬਾਰੇ
ਧਰਮ ਦੀ ਵਹਿਸ਼ਤ ਬਾਰੇ
ਵਿਚਾਰ ਜੇ ਲਾਂਭੇ ਹੋ ਜਾਣ
ਪੁਖਤਗੀ ਨਾ ਰਹੇ ਸੋਚ ਵਿੱਚ

ਵੈਸੇ ਵੀ
ਸਿਰਫ਼ ਨਾਅਰਿਆਂ ਨਾਲ
ਕਿੱਥੇ ਆਉਂਦਾ ਹੈ ਇਨਕਲਾਬ।

*****

(1078)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author