Krantipal7ਭਗਤ ਸਿੰਘ ਦੇ ਵਿਚਾਰਾਂ ਨੂੰ ਮਾਰ ਕੇ, ਉਸ ਨੂੰ ਮੂਰਤੀ ਵਿਚ ਤਬਦੀਲ ਕਰਕੇ ...
(25 ਮਾਰਚ 2018)

 

23 ਮਾਰਚ, 1931 ਨੂੰ ਭਗਤ ਸਿੰਘ ਦੇ ਕਰਾਂਤੀਕਾਰੀ ਜੀਵਨ ਦਾ ਅੰਤ ਹੋਇਆ। ਅੱਜ ਇੱਕੀਵੀਂ ਸਦੀ ਦੇ ਅੰਤਰਗਤ ਜੋ ਭਗਤ ਸਿੰਘ ਦੀ ਤਸਵੀਰ ਉੱਭਰਦੀ ਹੈ, ਉਸਦੇ ਕਈ ਚਿਹਰੇ ਹਨ ਇਹ ਚਿਹਰੇ ਇਤਿਹਾਸਕਾਰਾਂ, ਰਾਜਨੀਤੀਵਾਨਾਂ ਅਤੇ ਸਾਹਿਤਕ ਬੁੱਧੀਜੀਵੀਆਂ ਦੇ ਬਣਾਏ ਹੋਏ ਹਨ। ਪ੍ਰਗਤੀਸ਼ੀਲ ਖੱਬੇ ਪੱਖੀ ਅਤੇ ਸੱਜੇ ਪੱਖੀਆਂ ਨੇ ਭਗਤ ਸਿੰਘ ਨੂੰ ਆਪਣੀ ਬੁੱਧੀ ਵਿਵੇਕ ਦੇ ਸਹਾਰੇ ਸਮਝਿਆ। ਹਾਲਾਂਕਿ ਭਗਤ ਸਿੰਘ ਖ਼ੁਦ ਆਪਣੇ ਅਦਾਲਤੀ ਬਿਆਨ, ਲੇਖਾਂ, ਪੱਤਰਾਂ, ਜੇਲ ਨੋਟਬੁੱਕ ਅਤੇ ਹੋਰ ਵਿਭਿੰਨ ਦਸਤਾਵੇਜ਼ਾਂ ਰਾਹੀਂ ਪਹਿਚਾਣ ਬਣਾਉਂਦਾ ਹੈ, ਉਸ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ।

ਭਗਤ ਸਿੰਘ ਨੇ ਆਪਣੇ ਕਰਾਂਤੀਕਾਰੀ ਜੀਵਨ ਦੀ ਸ਼ੁਰੂਆਤ 1925-26 ਤੋਂ ਕੀਤੀ ਸੀ। ਇਨ੍ਹਾਂ ਛੇ ਸਾਲਾਂ ਦੀ ਤੂਫ਼ਾਨੀ ਜ਼ਿੰਦਗੀ, ਜਿਸ ਵਿੱਚ ਕਾਕੋਰੀ ਕੇਸ ਦੇ ਰਾਮਪ੍ਰਸਾਦ ਬਿਸਿਮਲ ਨੂੰ ਫ਼ਾਂਸੀਘਰ ਵਿੱਚੋਂ ਛਡਾਉਣ ਦੀ ਯੋਜਨਾ ਵਿੱਚ ਆਪਣੇ ਸ਼ੁਰੂ ਦੀ ਜੱਦੋਜਹਿਦ ਕਰਦੇ ਦਿਖਾਈ ਦਿੰਦੇ ਹਨ।

ਭਗਤ ਸਿੰਘ ਤੋਂ ਪਹਿਲਾਂ ਕਰਾਂਤੀਕਾਰੀ ਦਲ ‘ਹਿੰਦੋਸਤਾਨ ਪਰਜਾਤੰਤਰ ਸੰਘ’ ਦਾ ‘ਪੀਲਾ ਪਰਚਾ’ ਮਤਲਬ ਕਿ ਉਸ ਦਾ ਸੰਵਿਧਾਨ ਰਚਿਆ ਜਾ ਚੁੱਕਾ ਸੀ। ਇਹ ਅੱਜ ਵੀ ਭਾਰਤੀ ਕਰਾਂਤੀਕਾਰੀ ਸੰਗਰਾਮ ਦੇ ਇਤਿਹਾਸ ਵਿੱਚ ਦਸਤਾਵੇਜ਼ ਦੇ ਰੂਪ ਵਿੱਚ ਮੀਲ ਪੱਥਰ ਹੈ। ਇਸ ਵਿੱਚ ਕਰਾਂਤੀਕਾਰੀਆਂ ਨੇ ਅਜਿਹੇ ਸਮਾਜ ਦੇ ਨਿਰਮਾਣ ਦਾ ਸੰਕਲਪ ਲਿਆ ਸੀ ਜਿਸ ਵਿੱਚ ਮਨੁੱਖ ਮਨੁੱਖ ਦੀ ਲੁੱਟ ਨਹੀਂ ਕਰੇਗਾ। ਚੰਦਰ ਸ਼ੇਖ਼ਰ ਆਜ਼ਾਦ ਦੀ ਦੇਖ ਹੇਠ ਭਗਤ ਸਿੰਘ ਨੇ 1928 ਵਿੱਚ ਜਿਸ ‘ਅਖਿਲ ਭਾਰਤੀਆ ਕਰਾਂਤੀਕਾਰੀ ਦਲ’ ਦਾ ਪੁਨਰਗਠਨ ਕੀਤਾ, ਉਸ ਦਾ ਉਦੇਸ਼ ‘ਸਮਾਜਵਾਦ’ ਤੈਅ ਕੀਤਾ। ਜਿਸ ਤੋਂ ਬਾਅਦ ਭਗਤ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਜਦੋਂ ਸਾਰਾ ਆਵਾਮ ਹੱਥ ਵਿਚ ਕਾਲ਼ੇ ਝੰਡੇ ਲੈ ਕੇ ‘ਸਾਈਮਨ ਵਾਪਸ ਜਾਓ’ ਦੇ ਨਾਅਰੇ ਲਾ ਰਿਹਾ ਸੀ ਤਾਂ ਲਾਹੌਰ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਲਾਲਾ ਲਾਜਪਤ ਰਾਏ ’ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ, ਜਿਸ ਤਹਿਤ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਉਸਦੀ ਮੌਤ ਦਾ ਬਦਲਾ ਲੈਣਾ ਆਵਾਮ ਦਾ ਮੁੱਖ ਮਕਸਦ ਬਣ ਗਿਆ। ਇਸ ਗੱਲ ਨੂੰ ਸਾਡੇ ਕਰਾਂਤੀਕਾਰੀ ਸਮਝ ਗਏ ਅਤੇ ਚੰਦਰ ਸ਼ੇਖ਼ਰ ਆਜ਼ਾਦ ਦੀ ਦੇਖ ਹੇਠ ਰਾਜਗੁਰੂ, ਭਗਤ ਸਿੰਘ ਅਤੇ ਹੋਰ ਕਰਾਂਤੀਕਾਰੀਆਂ ਨੇ ਅੱਗੇ ਵਧ ਕੇ ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ। ਸਾਂਡਰਸ ਨੂੰ ਮਾਰ ਕੇ ਭਗਤ ਸਿੰਘ ਸਿਰ ’ਤੇ ਹੈਟ ਰੱਖ ਕੇ ਲਾਹੌਰ ਤੋਂ ਕਲਕੱਤੇ ਨਿੱਕਲ ਗਿਆ। ਹੁਣ ਉਹ ਨੌਜਵਾਨ ਕੇਸਧਾਰੀ ਸਿੱਖ ਨਹੀਂ ਸੀ, ਆਪਣੇ ਕੇਸ ਉਨ੍ਹਾਂ ਨੇ ਕਟਵਾ ਦਿੱਤੇ, ਜਿਸ ਦੇ ਪਿੱਛੇ ਉਨ੍ਹਾਂ ਦਾ ਧਰਮ ਨਿਰਪੱਖ ਕਰਾਂਤੀਕਾਰੀ ਵਿਗਿਆਨਕ ਚਿੰਤਕ ਸੀ।

8 ਅਪ੍ਰੈਲ, 1929 ਨੂੰ ਇੱਕ ਗ਼ਲਤ ਬਿਲ ਪਾਸ ਕਰਾਉਣ ਦੇ ਵਿਰੋਧ ਵਿੱਚ ‘ਦਿੱਲੀ ਕੇਂਦਰੀ ਅਸੈਂਬਲੀ’ ਵਿੱਚ ਬਟੁਕੇਸ਼ਵਰ ਦੱਤ ਦੇ ਨਾਲ ਬੰਬ ਦਾ ਵਿਸਫ਼ੋਟ ਕੀਤਾ ਆਪਣੇ ਦਲ ਦੇ ਸਿਧਾਂਤਾਂ ਅਤੇ ਨੀਤੀਆਂ ਬਾਰੇ ਪਰਚੇ ਸੁੱਟੇ। ਇਸ ਘਟਨਾ ਤੋਂ ਪਹਿਲਾਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਇੱਕ ਫ਼ੋਟੋਗ੍ਰਾਫ਼ਰ ਤੋਂ ਆਪਣੀ ਫ਼ੋਟੋ ਖਿਚਵਾਈ, ਉਸ ਤਸਵੀਰ ਵਿੱਚ ਉਨ੍ਹਾਂ ਨੇ ਲੰਬੇ ਕਾਲਰ ਵਾਲੀ ਕਮੀਜ਼ ਪਹਿਨੀ ਹੋਈ ਹੈ ਅਤੇ ਸਿਰ ’ਤੇ ਹੈਟ ਲਿਆ ਹੋਇਆ ਹੈ। ਇਹ ਤਸਵੀਰ ਸਭ ਤੋਂ ਜ਼ਿਆਦਾ ਪ੍ਰਚੱਲਿਤ ਹੈ। ਸਾਧਾਰਣ ਜਨਤਾ ਵਿੱਚ ਵੀ ਇਹੀ ਤਸਵੀਰ ਮਕਬੂਲ ਹੋਈ ਹੈ। ਇਸ ਤੋਂ ਪਹਿਲਾਂ ਭਗਤ ਸਿੰਘ ਦੀਆਂ ਦੋ ਤਸਵੀਰਾਂ ਅਜਿਹੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਭਗਤ ਸਿੰਘ ਦੇ ਸਿਰ ’ਤੇ ਪੱਗ ਹੈ। ਇੱਕ ਦਸ ਸਾਲ ਦੀ ਉਮਰ ਦੀ ਹੈ ਅਤੇ ਦੂਸਰੀ ‘ਨੈਸ਼ਨਲ ਗਰੁੱਪ ਲਾਹੌਰ’ ਦੀ ਗਰੁੱਪ ਫੋਟੋ, ਜਦੋਂ ਉੱਥੇ ਨਾਟਕ ਖੇਡਿਆ ਗਿਆ ਸੀ। ਜਦੋਂ ਦੁਸ਼ਹਿਰਾ ਬੰਬ ਕੇਸ ਵਿੱਚ 1926 ਵਿੱਚ ਫੜੇ ਜਾਣ ਤੋਂ ਬਾਅਦ ਲਾਹੌਰ ਰੇਲਵੇ ਸਟੇਸ਼ਨ ਦੇ ਥਾਣੇ ਵਿੱਚ ਬੰਦੀ ਦੇ ਰੂਪ ਵਿੱਚ ਜੋ ਤਸਵੀਰ ਮਿਲਦੀ ਹੈ ਉਸ ਵਿੱਚ ਮੰਜੇ ’ਤੇ ਬੈਠਾ ਭਗਤ ਸਿੰਘ ਦਿਖਾਈ ਦਿੰਦਾ ਹੈ, ਇਸ ਫੋਟੋ ਵਿੱਚ ਉਨ੍ਹਾਂ ਦੇ ਸਿਰ ’ਤੇ ਜੂੜਾ ਕਰਿਆ ਹੋਇਆ ਹੈ।

ਸਾਡੇ ਕਰਾਂਤੀਕਾਰੀਆਂ ਦੀਆਂ ਕੁਝ ਤਸਵੀਰਾਂ ਸਾਨੂੰ ਵਿਰਾਸਤ ਵਿੱਚ ਮਿਲਦੀਆਂ ਹਨ। ਭਗਤ ਸਿੰਘ ਅਤੇ ਚੰਦਰ ਸ਼ੇਖ਼ਰ ਹੋਰਾਂ ਦੀ ਫ਼ੋਟੋ ਅਸੀਂ ਜੋ ਬਚਪਨ ਤੋਂ ਵੇਖਦੇ ਆ ਰਹੇ ਹਾਂ ਉਸ ਵਿੱਚ ਭਗਤ ਸਿੰਘ ਨੇ ਆਪਣੀ ਕੁੰਡੀਆਂ ਮੁੱਛਾਂ ਅਤੇ ਲੰਬੇ ਕਾਲਰ ਵਾਲੀ ਕਮੀਜ਼ ਦੇ ਨਾਲ ਸਿਰ ’ਤੇ ਹੈਟ ਪਹਿਨਿਆ ਹੋਇਆ ਹੈ। ਇਸੇ ਤਰ੍ਹਾਂ ਚੰਦਰ ਸ਼ੇਖ਼ਰ ਆਜ਼ਾਦ ਦਾ ਨੰਗਾ ਸਰੀਰ ਅਤੇ ਖੱਬਾ ਹੱਥ ਮੁੱਛ ’ਤੇ ਹੈ। ਕ੍ਰਾਂਤੀਕਾਰੀਆਂ ਦੇ ਇਹੀ ਚਿੱਤਰ ਹਰ ਘਰ/ ਹਰ ਦੁਕਾਨ/ ਟਰੱਕਾਂ/ ਟਰਾਲੀਆਂ ਦਾ ਸ਼ਿੰਗਾਰ ਬਣੇ। ਇਨ੍ਹਾਂ ਦੋਹਾਂ ਸ਼ਹੀਦਾਂ ਦੀ ਇਹੀ ਪਹਿਚਾਣ ਹੁਣ ਤੱਕ ਲੋਕਾਂ ਵਿਚ ਵਸੀ ਹੋਈ ਹੈ।

ਪਰ ਇੱਕੀਵੀਂ ਸਦੀ ਵਿਚ ਪਹੁੰਚਦਿਆਂ ਇਸ ਤਸਵੀਰ ਦੀ ਪਹਿਚਾਣ ਨੂੰ ਤੋੜਨ ਦੀ ਸਾਜ਼ਿਸ਼ ਵੱਡੇ ਪੈਮਾਨੇ ’ਤੇ ਹੋ ਰਹੀ ਹੈ। ਭਗਤ ਸਿੰਘ ਦੀ ਹੈਟ ਵਾਲੀ ਤਸਵੀਰ ਤੋਂ ਹੈਟ ਉਤਾਰ ਕੇ ਪੱਗ ਬੰਨ੍ਹ ਦਿੱਤੀ ਗਈ। ਉਸ ਦੀ ਹਰ ਜਨਮ-ਸ਼ਤਾਬਦੀ ’ਤੇ ਕੇਸਰੀ ਰੰਗ ਵਾਲੀ ਪੱਗ ਬੰਨ੍ਹੀ ਨਜ਼ਰ ਆਉਂਦੀ ਹੈ ਕਿ ਉਸ ਦੇ ਸਿਰ ’ਤੇ ਕਿਸੇ ਵੀ ਰੰਗ ਦੀ ਪੱਗ ਦਾ ਲੰਬੇ ਸਮੇਂ ਤੱਕ ਟਿਕਣਾ ਮੁਸ਼ਕਿਲ ਹੈ। ਸੰਸਦ ਭਵਨ ਵਿੱਚ ਵੀ ਜੋ ਤਸਵੀਰ ਲੱਗੀ ਹੈ, ਉਸ ਵਿੱਚ ਵੀ ਪੱਗ ਬੰਨ੍ਹੀ ਹੋਈ ਹੈ। ਕੋਈ ਉਸ ਨੂੰ ਕੇਸਰੀ ਰੰਗ ਦੇ ਰਿਹਾ ਹੈ, ਕੋਈ ਲਾਲ। ਭਗਤ ਸਿੰਘ/ ਰਾਜਗੁਰੂ/ ਸੁਖਦੇਵ ਦੀ ਸ਼ਹਾਦਤ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਬ੍ਰਿਟਿਸ਼ ਸਰਕਾਰ ਵੱਲੋਂ 23 ਮਾਰਚ, 1931 ਨੂੰ ਹੀ ਹੋਣੀ ਸ਼ੁਰੂ ਹੋ ਗਈ ਸੀ। ਇਨ੍ਹਾਂ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫ਼ਾਂਸੀ ’ਤੇ ਚਾੜ੍ਹਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰਕੇ ਫ਼ਿਰੋਜ਼ਪੁਰ ਵਿੱਚ ਸਤਲੁਜ ਕਿਨਾਰੇ ਮਿੱਟੀ ਦਾ ਤੇਲ ਪਾ ਕੇ ਫੂਕਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰਾ ਕੁਝ ਬਹੁਤ ਹੀ ਜਲਦੀ ਵਿਚ ਕੀਤਾ ਗਿਆ। ਫਾਂਸੀ ਦੀ ਤਾਰੀਖ਼ 24 ਮਾਰਚ ਤੈਅ ਸੀ, ਪਰ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ, ਸ਼ਾਮ ਨੂੰ ਸੱਤ ਵਜੇ ਹੀ ਫੰਦੇ ਨਾਲ ਲਟਕਾ ਕੇ ਕ੍ਰਾਂਤੀਕਾਰੀਆਂ ਨੂੰ ਮਾਰ ਮੁਕਾਇਆ। ਜੇਲ ਦੀ ਪਿਛਲੀ ਦੀਵਾਰ ਨੂੰ ਤੋੜ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ ਤਾਂ ਕਿ ਜਨਤਾ ਨੂੰ ਪਤਾ ਨਾ ਲੱਗੇ। ਉਸੇ ਰਾਤ ਸਰਕਾਰ ਨੇ ਇਸ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਭਗਤ ਸਿੰਘ ਦਾ ਅੰਤਿਮ ਸੰਸਕਾਰ ਸਿੱਖ ਪਰੰਪਰਾ ਅਨੁਸਾਰ, ਰਾਜਗੁਰੂ ਦਾ ਸਨਾਤਨੀ ਵਿਧੀ ਅਤੇ ਸੁਖਦੇਵ ਦਾ ਆਰੀਆ ਸਮਾਜੀ ਤਰੀਕੇ ਨਾਲ ਕੀਤਾ ਗਿਆ। ਇਸ ਗੱਲ ਦਾ ਗਵਾਹ ਕਸੂਰ ਦੇ ਗਰੰਥੀ ਅਤੇ ਪੰਡਤਾਂ ਨੂੰ ਬਣਾਇਆ ਗਿਆ।

ਭਗਤ ਸਿੰਘ ਨੇ ਸਪਸ਼ਟ ਕਿਹਾ ਸੀ ਕਿ ਮੈਂ ਨਾਸਤਿਕ ਹਾਂ, ਮੈਂ ਭਗਵਾਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿਚ ਇਸ ਗੱਲ ਬਾਰੇ ਵਿਸਥਾਰ ਵਿਚ ਲਿਖਦੇ ਹਨ, ਪਰ ਭਗਤ ਸਿੰਘ ਦੇ ਇਸ ਚਿੰਤਕ ਨੂੰ ਅਣਡਿੱਠਾ ਕਰ ਦਿੱਤਾ। ਅੱਜ ਤਾਂ ਭਗਤ ਸਿੰਘ ਦੇ ਵਿਚਾਰਾਂ ਉੱਪਰ ਹੋਰ ਰੰਗ ਚਾੜ੍ਹਨ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ।

ਕਹਿਣ ਦਾ ਭਾਵ ਹੈ ਕਿ ਸਭ ਦੇ ਆਪਣੇ-ਆਪਣੇ ਭਗਤ ਸਿੰਘ ਹਨ। ਸੱਚੀ ਤਸਵੀਰ ਕਿਤੇ ਗੁੰਮ ਹੋ ਗਈ ਹੈ। ਭਗਤ ਸਿੰਘ ਦੇ ਵਿਚਾਰਾਂ ਨੂੰ ਮਾਰ ਕੇ, ਉਸ ਨੂੰ ਮੂਰਤੀ ਵਿਚ ਤਬਦੀਲ ਕਰਕੇ, ਉਸ ਦੀ ਪੂਜਾ ਕਰਨ ’ਤੇ ਜ਼ੋਰ ਵੱਧ ਦਿੱਤਾ ਜਾ ਰਿਹਾ ਹੈ।

ਅੱਜ ਬੁੱਧੀਜੀਵੀ ਵਰਗ ਭਗਤ ਸਿੰਘ ਨੂੰ ਉਸ ਦੇ ਸਾਥੀਆਂ ਤੋਂ ਅਲੱਗ ਕਰਕੇ ਸਰਵਸ੍ਰੇਸ਼ਟ ਕ੍ਰਾਂਤੀਕਾਰੀ ਸਿੱਧ ਕਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਨੇ ਅਸਲ ਦੇ ਵਿੱਚ ਭਗਤ ਨੂੰ ਵੇਚਣ ਦਾ ਠੇਕਾ ਲੈ ਰੱਖਿਆ ਹੈ। ਬਹੁਤ ਸਾਰੇ ਅਜਿਹੇ ਲੇਖ ਹਨ ਜਿਨ੍ਹਾਂ ਦਾ ਰਚਨਾਕਾਰ ਭਗਤ ਸਿੰਘ ਨੂੰ ਬਣਾ ਦਿੱਤਾ ਗਿਆ। ਭਗਤ ਸਿੰਘ ਦੇ ਵਿਚਾਰਾਂ ਨੂੰ ਵਿੱਕਰੀ ਦੇ ਮਾਲ ਵਿੱਚ ਤਬਦੀਲ ਕਰ ਦਿੱਤਾ। ‘ਬੰਬ ਦਾ ਦਰਸ਼ਨ’ ਅਤੇ ‘ਨੌਜਵਾਨ ਭਾਰਤ ਸਭਾ’ ਲਿਖਣ ਵਾਲੇ ਭਗਵਤੀਚਰਣ ਦਾ ਸਹੀ ਮੁਲੰਕਣ ਕਰਨ ਵਿੱਚ ਅਸੀਂ ਪਿੱਛੇ ਰਹਿ ਗਏ।

ਦੇਖਿਆ ਜਾਵੇ ਤਾਂ ਭਗਤ ਸਿੰਘ ਇਕੱਲਾ ਵਿਅਕਤੀ ਨਹੀਂ ਸੀ। ਉਸ ਨਾਲ ਹੋਰ ਵੀ ਕ੍ਰਾਂਤੀਕਾਰੀ ਅੰਦੋਲਨ ਵਿਚ ਭਾਗ ਲੈ ਰਹੇ ਸਨ। ਕੀ ਅਸੀਂ ਸੰਸਦ ਵਿਚ ਬੰਬ ਸੁੱਟਣ ਵਾਲੇ ਬਟੁਕੇਸ਼ਵਰ ਦੱਤ, ਜਿਹੜਾ ਕਿ ਭਗਤ ਸਿੰਘ ਦੇ ਨਾਲ ਸੀ, ਉਸ ਨੂੰ ਭੁਲਾ ਸਕਦੇ ਹਾਂ? ਪਰ ਭਗਤ ਸਿੰਘ ਦੇ ਪੈਰੋਕਾਰ ਸੰਸਦ ਵਿੱਚ ਭਗਤ ਸਿੰਘ ਦਾ ਇਕੱਲੇ ਦਾ ਬੁੱਤ ਲਾਉਣ ’ਤੇ ਜ਼ੋਰ ਦਿੰਦੇ ਰਹੇ।

ਭਗਤ ਸਿੰਘ ਅੱਜ ਤੱਕ ਕਿਸੇ ਵੀ ਰਾਜਨੀਤਕ ਦਲ ਦਾ ਨਾਇਕ ਨਹੀਂ ਬਣਿਆ। ਖੱਬੇ ਪੱਖੀ ਪਾਰਟੀਆਂ ਦੇ ਆਪਣੇ ਕੈਲੰਡਰ ਵਿਚ 23 ਮਾਰਚ ਨੂੰ ਉਹ ਸਥਾਨ ਪ੍ਰਾਪਤ ਨਹੀਂ ਜੋ ਹੋਣਾ ਚਾਹੀਦਾ ਸੀ। ਨਕਸਲਬਾੜੀ ਆਖਦੇ ਹਨ ਕਿ ਜੇਕਰ ਭਗਤ ਸਿੰਘ ਜਿਉਂਦੇ ਹੁੰਦੇ ਤਾਂ ਉਹ ਨਕਸਲਵਾਦੀ ਹੁੰਦੇ।

ਅਸਲ ਦੇ ਵਿੱਚ ਭਗਤ ਸਿੰਘ ਦੇ ਪੈਰੋਕਾਰਾਂ ਨੇ ਹੁਣ ਤੱਕ ਭਗਤ ਸਿੰਘ ਦੇ ਬੁੱਤ ਹੀ ਬਣਾਏ ਹਨ। ਭਗਤ ਸਿੰਘ ਨੂੰ ਕਮੀਜ਼ਾਂ/ ਟੋਪੀਆਂ/ ਪੋਸਟਰਾਂ/ ਗਾਣਿਆਂ ਵਿਚ ਹੀ ਤਬਦੀਲ ਕਰਕੇ ਰੱਖ ਦਿੱਤਾ। ਉਸ ਦੀ ਫੋਟੋ ਨੂੰ ਨਵੇਂ-ਨਵੇਂ ਰੂਪ ਤੋਂ ਮਾਰਕੀਟ ਵਿਚ ਲਿਆਂਦਾ/ ਵੇਚਿਆ ਗਿਆ। ਭਗਤ ਸਿੰਘ ਇੱਕੀਵੀਂ ਸਦੀ ਵਿਚ ਆ ਕੇ ਇੱਕੋ-ਇੱਕ ਅਜਿਹਾ ਕ੍ਰਾਂਤੀਕਾਰੀ ਹੈ ਜਿਸ ਦੇ ਨਾਂ ਨੂੰ/ ਸ਼ੁਹਰਤ ਨੂੰ ਵਰਤਿਆ ਗਿਆ। ਇਸ ਸ਼ਹੀਦੇ ਆਜ਼ਮ ਦੇ ਐਨੇ ਬੁੱਤ ਘੜ ਦਿੱਤੇ ਗਏ ਕਿ ਅਸਲੀ ਭਗਤ ਸਿੰਘ ਦੀ ਸ਼ਨਾਖ਼ਤ ਕਰਨੀ ਮੁਸ਼ਕਿਲ ਹੋ ਗਈ।

*****

(1076)

About the Author

ਡਾ. ਕਰਾਂਤੀ ਪਾਲ

ਡਾ. ਕਰਾਂਤੀ ਪਾਲ

Phone: (91 - 92165 - 35617)
Email: (krantipal@hotmail.com)