SurinderSohal7ਬਸ ... ਕਹਾਣੀ ਖਤਮ। ਨਾ ਫਿਰ ਪਿੱਛੇ ਜਾਣ ਜੋਗੇ, ਨਾ ਇੱਥੇ ਰਹਿਣ ਜੋਗੇ  ...
(ਨਵੰਬਰ 12, 2015)


ਪਿਛੋਕੜ

BhudhSPehalwan3ਸ. ਪੂਰਨ ਸਿੰਘ ਅਤੇ ਬੇਬੇ ਕਾਕੋ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ। ਤਿੰਨ ਪੁੱਤਰਾਂ ਨੂੰ ਬਹੁਤ ਛੋਟੀ ਉਮਰ ਵਿਚ ਹੀ ਅਚਿੰਤੇ ਪਏ ਬਾਜ਼ਾਂ ਨੇ ਆਪਣੀ ਲਪੇਟ ਵਿਚ ਲੈ ਲਿਆ। ਇਹ ਗੱਲਾਂ 1947 ਤੋਂ ਪਹਿਲਾਂ ਦੀਆਂ ਹਨ। ਪੂਰਨ ਸਿੰਘ ਹੋਰਾਂ ਦਾ ਇਕੋ ਇਕ ਪੁੱਤਰ ਹੀ ਬਚਿਆ, ਸ. ਕਰਮ ਸਿੰਘ। ਪੂਰਨ ਸਿੰਘ ਤੇ ਉਸਦੀ ਪਤਨੀ ਕਾਕੋ, ਕਰਮ ਸਿੰਘ ਵਿੱਚੋਂ ਹੀ ਚਾਰਾਂ ਪੁੱਤਰਾਂ ਨੂੰ ਦੇਖਦੇ ਸਨ। ਅੰਦਰੇ ਅੰਦਰ ਪੂਰਨ ਸਿੰਘ ਨੂੰ ਪਈਆਂ ਤਿੰਨ ਵੱਡੀਆਂ ਸੱਟਾਂ ਨੇ ਤੋੜ ਦਿੱਤਾ ਸੀ, ਪਰ ਉਸਦੀ ਆਸ ਕਰਮ ਸਿੰਘ ’ਤੇ ਸੀ। ਉਸਨੂੰ ਦੇਖ ਕੇ ਉਸਦੇ ਅੰਦਰ ਨਵੀਂ ਰੂਹ ਭਰ ਹੋ ਜਾਂਦੀ। ਚਾਰੇ ਦਿਸ਼ਾਵਾਂ ਜਿਵੇਂ ਇੱਕੋ ਦਿਸ਼ਾ ਵਿਚ ਹੀ ਸਿਮਟ ਗਈਆਂ ਸਨ। ਇਕੋ ਦਿਸ਼ਾ ਜਿਵੇਂ ਚਾਰਾਂ ਦਿਸ਼ਾਵਾਂ ਵਿਚ ਫੈਲ ਗਈ ਸੀ। ਉਹ ਸੀ ਕਰਮ ਸਿੰਘ। ਪੂਰਨ ਸਿੰਘ ਨੇ ਕਰਮ ਸਿੰਘ ਨੂੰ ਸਿਹਤ ਦਾ ਧਿਆਨ ਰੱਖਣ ਦੀ ਪਰੇਰਨਾ ਦੇਣੀ ਸ਼ੁਰੂ ਕੀਤੀ। ਇਹ ਪਰੇਰਨਾ ਕਰਮ ਸਿੰਘ ਨੂੰ ਪਹਿਲਵਾਨੀ ਵੱਲ ਲੈ ਤੁਰੀ

1947 ਤੋਂ ਬਾਦ ਪੂਰਨ ਸਿੰਘ ਆਪਣੀ ਪਤਨੀ ਕਾਕੋ ਅਤੇ ਪੁੱਤਰ ਕਰਮ ਸਿੰਘ ਅਤੇ ਨੂੰਹ ਦਿਲਵਾਰ ਕੌਰ ਸਮੇਤ ਹਿੰਦੋਸਤਾਨ ਆ ਗਿਆ। ਉਹਨਾਂ ਦੀ ਜ਼ਮੀਨ ਅੰਬਾਲੇ ਨੇੜੇ ਪਿੰਡ ਗਰਨਾਲਾ ਵਿਚ ਪੈ ਗਈ। ਕਰਮ ਸਿੰਘ ਦੇ ਪਰਿਵਾਰ ਵਿਚ ਵਾਧਾ ਹੋਇਆ। ਘਰ ਵਿਚ ਰੌਣਕਾਂ ਲੱਗਣ ਲੱਗੀਆਂ। 7 ਨਵੰਬਰ 1956 ਨੂੰ ਬੁੱਧ ਸਿੰਘ ਦਾ ਜਨਮ ਪਿੰਡ ਗਰਨਾਲਾ ਵਿਚ ਹੋਇਆ। ਤਿੰਨਾਂ ਭਰਾਵਾਂ ਵਿੱਚੋਂ ਬੁੱਧ ਸਿੰਘ ਵਿਚਕਾਰਲਾ ਹੈ। ਕਰਮ ਸਿੰਘ ਦਾ ਪਰਿਵਾਰ ਵਧ ਰਿਹਾ ਸੀ। ਪੂਰਨ ਸਿੰਘ ਅਤੇ ਉਸਦੀ ਪਤਨੀ ਕਾਕੋ ਨੂੰ ਇੰਝ ਲੱਗ ਰਿਹਾ ਸੀ, ਜਿਵੇਂ ਅਚਿੰਤੇ ਪਏ ਬਾਜ਼ਾਂ ਦਾ ਸ਼ਿਕਾਰ ਹੋਏ ਉਹਨਾਂ ਦੇ ਪੁੱਤਰ ਇਕ ਇਕ ਕਰਕੇ ਪੋਤਿਆਂ ਦੇ ਰੂਪ ਵਿਚ ਪਰਮਾਤਮਾ ਦੇ ਘਰੋਂ ਵਾਪਸ ਪਰਤ ਰਹੇ ਹੋਣ।

ਬੁੱਧ ਸਿੰਘ ਦੀ ਉਮਰ ਤਿੰਨ ਸਾਲ ਦੀ ਜਦੋਂ ਉਹਨਾਂ ਦੇ ਪਿਤਾ ਕਰਮ ਸਿੰਘ ਨੇ ਗਰਨਾਲਾ ਵਾਲੀ ਜ਼ਮੀਨ ਵੇਚ ਕੇ ਭੁੱਟਾ ਪਿੰਡ ਵਿਚ ਜ਼ਮੀਨ ਲੈ ਲਈ।

ਬਚਪਨ ਤੋਂ ਹੀ ਦਾਦੀ ਕਾਕੋ ਬੱਚਿਆਂ ਨੂੰ ਰੱਜਵਾਂ ਖਵਾਉਂਦੀ। ਘਿਉ ਦੇ ਪੀਪੇ ਮੁੱਕਣ ਨਾ ਦਿੰਦੀ। ਮੱਖਣ ਦੇ ਕੁੱਜੇ ਭਰ ਭਰ ਰੱਖਦੀ। ਕਾਂਸੀ ਦੇ ਭਾਂਡੇ ਵਿਚ ਮਾਂਹ ਤੇ ਘਿਉ ਪੱਕਣੇ ਰੱਖ ਦਿੰਦੀ। ਸ਼ਾਮ ਤੱਕ ਮਾਂਹਾਂ ਵਿਚ ਘਿਉ ਰਚਦਾ ਜਾਂਦਾ। ਤੁੜਕਾ ਲਗਾ ਕੇ ਗਰਮ ਗਰਮ ਖ਼ੁਰਾਕ ਖੁਆਉਂਦੀ। ਜਿਹੜਾ ਪੋਤਾ ਆਈ ਗਿਆ। ਦਾਦੀ ਕਾਕੋ ਉਸਨੂੰ ਰਜਾਈ ਜਾਂਦੀ।

ਕਰਮ ਸਿੰਘ ਪਹਿਲਵਾਨੀ ਦੇ ਨਾਲ ਨਾਲ ਖੇਤੀ ਵੀ ਕਰਦਾ ਸੀ। ਖੂਹ ’ਤੇ ਅਖਾੜਾ ਬਣਿਆ ਹੋਇਆ ਸੀ। ਨਵੇਂ ਨਵੇਂ ਪਹਿਲਵਾਨ ਜ਼ੋਰ ਕਰਨ ਆਉਂਦੇ। ਖੁੱਲ੍ਹਾ ਖਾਣ-ਪੀਣ ਚਲਦਾ।

ਬੁੱਧ ਤੋਂ ਵੱਡਾ ਛੇਤੀ ਪੜ੍ਹਨੋ ਹਟ ਗਿਆ ਸੀ। ਕਰਮ ਸਿੰਘ ਚਾਹੁੰਦਾ ਸੀ, ਬੁੱਧ ਪੜ੍ਹ ਜਾਵੇ। ਬੁੱਧ ਛੇਵੀਂ ਵਿਚ ਪੜ੍ਹਦਾ ਸੀ, ਜਦੋਂ ਵੱਡੇ ਭਰਾ ਦਾ ਵਿਆਹ ਆ ਗਿਆ।

ਰਿਸ਼ਤੇਦਾਰਾਂ ਦੀ ਖ਼ਾਤਿਰਦਾਰੀ ਕਰਨ ਵਾਸਤੇ ਖੂਹ ’ਤੇ ਹੀ ਭੱਠੀ ਲਾ ਲਈ। ਬੁੱਧ ਸਕੂਲੋਂ ਪੜ੍ਹ ਕੇ ਆਉਂਦਾ, ਬਸਤਾ ਖੂੰਜੇ ਵਿਚ ਸੁੱਟ ਕੇ ਖੂਹ ਨੂੰ ਦੌੜ ਜਾਂਦਾ। ਭੱਠੀ ਦੁਆਲੇ ਪੈਲਾਂ ਪਾਉਂਦੇ ਬੰਦੇ ਦੇਖ ਕੇ ਬੁੱਧ ਨੂੰ ਵੀ ਸਰੂਰ ਆਉਣ ਲੱਗ ਪੈਂਦਾ ਸੀ। ਨਿਕਲਦੀ ਨਿਕਲਦੀ ਗਰਮ ਗਰਮ ਦਾਰੂ ਛੰਨੇ ਵਿਚ ਪਾ ਕੇ ਬੁੱਧ ਨੂੰ ਵੀ ਦੇ ਦਿੰਦੇ। ਉਹ ਸੋਤੇ ਪਏ ਖੂਹ ਤੋਂ ਮੁੜਦੇ। ਚੁੱਪ-ਚੁਪੀਤਾ ਬੁੱਧ ਲੰਮਾ ਪੈ ਜਾਂਦਾ। ਸਵੇਰੇ ਉੱਠ ਕੇ ਸਕੂਲੇ ਚਲਾ ਜਾਂਦਾ ਤੇ ਸਕੂਲੋਂ ਆ ਕੇ ਖੂਹ ਨੂੰ ਦੌੜ ਜਾਂਦਾ। ਇਸੇ ਤਰ੍ਹਾਂ ਸਿਲਸਿਲਾ ਚਲਦਾ ਰਿਹਾ। ਵੱਡੇ ਭਰਾ ਦਾ ਵਿਆਹ ਹੋ ਗਿਆ।

ਬੁੱਧ ਨਿਆਣਾ ਸੀ। ਏਨੀ ਤੇਜ਼ ਸ਼ਰਾਬ ਦਾ ਅਸਰ ਸੀ ਜਾਂ ਕੋਈ ਕੁਦਰਤੀ ਹੀ ਅਹੁਰ ਬੈਠ ਗਈ ਸੀ। ਇਕ ਦਿਨ ਉਸ ਦੇ ਜ਼ੋਰਦਾਰ ਨਕਸੀਰ ਫੁੱਟ ਪਈ। ਲੰਮਾ ਪੈਂਦਾ ਤਾਂ ਖ਼ੂਨ ਮੂੰਹ ਥਾਣੀਂ ਆਉਂਦਾ। ਖੜ੍ਹਾ ਹੁੰਦਾ ਤਾਂ ਨੱਕ ਥਾਣੀਂ। ਘਰਦਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੂੰ ਚੁੱਕ ਕੇ ਹਸਪਤਾਲ ਲੈ ਗਏ। ਉਸਨੂੰ ਗੁਲੂਕੋਜ਼ ਲਾ ਦਿੱਤਾ ਗਿਆ। ਉਹ ਕਈ ਦਿਨ ਹਸਪਤਾਲ ਰਿਹਾ। ਉਸ ਵਕਤ ਨੂੰ ਯਾਦ ਕਰਕੇ ਬੁੱਧ ਸਿੰਘ ਹਲਕਾ ਜਿਹਾ ਹੱਸ ਕੇ ਆਖਦਾ ਹੈ - ਸਮਝ ਲਉ ਅਗਲੇ ਪਾਸਿਉਂ ਹੀ ਮੁੜਿਆ ਸੀ।

ਬੁੱਧ ਦੀ ਨਿਰੀ ਸਿਹਤ ਹੀ ਕਮਜ਼ੋਰ ਨਹੀਂ ਸੀ ਹੋਈ, ਉਹ ਪੜ੍ਹਾਈ ਵਿਚ ਵੀ ਕਮਜ਼ੋਰ ਹੋ ਗਿਆ ਸੀ। ਉਹ ਸੱਤਵੀਂ ਵਿਚ ਤਾਂ ਹੋ ਗਿਆ, ਪਰ ਪੜ੍ਹਨਾ ਭੁੱਲ ਗਿਆ ਸੀ। ਘਰ ਦੇ ਸਕੂਲ ਨੂੰ ਤੋਰ ਦਿੰਦੇ। ਸਕੂਲੋਂ ਡੰਡੇ ਪੈਂਦੇ। ਸਕੂਲੋਂ ਮਾਸਟਰਾਂ ਦਾ ਡਰ, ਘਰੋਂ ਕਰਮ ਸਿੰਘ ਦਾ। ਇਹ ਉਹ ਦਿਨ ਸਨ ਜਦੋਂ ਬੁੱਧ ਸਿੰਘ ਸਕੂਲੋਂ ਭਗੌੜਾ ਹੋ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਖੰਨੇ ਫ਼ਿਲਮ ਦੇਖਣ ਚਲਾ ਜਾਂਦਾ। ਖੰਨੇ ਕਰਮ ਸਿੰਘ ਦੇ ਬੇਲੀ ਦੀ ਖਲ਼ ਦੀ ਦੁਕਾਨ ਸੀ, ਸਿਨਮੇ ਦੇ ਕੋਲ। ਉਸਨੇ ਇਕ ਦਿਨ ਬੁੱਧ ਹੋਰਾਂ ਨੂੰ ਦੇਖ ਲਿਆ ਤੇ ਪੁੱਛਿਆ, “ਕਿਉਂ ਬਈ, ਕਿੱਧਰ ਘੁੰਮਦੇ ਫਿਰਦੇ ਓਂ?

ਬੁੱਧ ਸਿੰਘ ਨੇ ਜਵਾਬ ਦਿੱਤਾ,'ਬਸ ਓਦਾਂ ਹੀ ਆਏ ਸੀ ਸ਼ਹਿਰ ਘੁੰਮਣ।”

ਬੁੱਧ ਹੋਰੀਂ ਉੱਥੋਂ ਤੁਰ ਗਏ। ਅਚਾਨਕ ਕਰਮ ਸਿੰਘ ਦੁਕਾਨ ’ਤੇ ਆ ਗਿਆ। ਦੁਕਾਨਦਾਰ ਨੇ ਬੁੱਧ ਹੋਰਾਂ ਬਾਰੇ ਦੱਸ ਦਿੱਤਾ ਕਿ ਉਹ ਸਿਨਮੇ ਵਿਚ ਫਿਰਦੇ ਸੀ।

ਸ਼ਹਿਰੋਂ ਕਰਮ ਸਿੰਘ ਆਇਆ ਤਾਂ ਬੁੱਧ ਘਰ ਹੀ ਸੀ। ਉਸਨੇ ਪੁੱਛਿਆ, “ਅੱਜ ਕਿੱਧਰ ਗਏ ਸੀਗੇ?

“ਸਕੂਲੇ ਗਏ ਸੀਗੇ, ਹੋਰ ਕਿੱਥੇ ਜਾਣਾ ਸੀ?

ਕਰਮ ਸਿੰਘ ਨੇ ਲੋਹੇ ਦਾ ਘੋਟਣਾ ਚੁੱਕ ਲਿਆ। ਬੁੱਧ ਸਿੰਘ ਅੱਗੇ ਅੱਗੇ ਤੇ ਕਰਮ ਸਿੰਘ ਪਿੱਛੇ ਪਿੱਛੇ। ਬੁੱਧ ਸਿੰਘ ਨਵ-ਵਿਆਹੀ ਭਰਜਾਈ ਦੇ ਓਹਲੇ ਹੋ ਗਿਆ। ਸੰਗਦਾ ਕਰਮ ਸਿੰਘ ਉਸ ਪਾਸੇ ਨਾ ਗਿਆ। ਦੂਰੋਂ ਹੀ ਪੁੱਛਿਆ, “ਦੱਸ ਫਿਰ,ਪੜ੍ਹਨੈ ਕਿ ਨਹੀਂ।”

ਬੁੱਧ ਸਿੰਘ ਨੇ ਇੱਕੋ ਜਵਾਬ ਦਿੱਤਾ, “ਨਈਂ, ਮੈਂ ਨਈਂ ਪੜ੍ਹਨਾ।”

ਕਰਮ ਸਿੰਘ ਕਹਿਣ ਲੱਗਾ, “ਠੀਕ ਹੈ, ਕਿਤਾਬਾਂ ਛੱਡ ਤੇ ਜੁੱਟ ਜਾ ਖੇਤੀ ਵਿਚ।”

ਤੇ ਬੁੱਧ ਸਿੰਘ ਖੇਤੀ ਵਿਚ ਮਿੱਟੀ ਨਾਲ ਮਿੱਟੀ ਹੋਣ ਲੱਗ ਪਿਆ।

**

ਪਹਿਲਾ ਗੋਡਲ ਮੈਡਲ

ਖੂਹ ’ਤੇ ਪੰਜ ਛੇ ਪਹਿਲਵਾਨ ਜ਼ੋਰ ਕਰਦੇ ਹੁੰਦੇ ਸਨ। ਕਾਲਾ ਕੁੰਬੜੇ ਵਾਲਾ ਵੀ ਹੁੰਦਾ ਸੀ, ਉਹਨਾਂ ਵਿਚ। ਪਹਿਲਵਾਨਾਂ ਨੇ ਸਵੇਰੇ ਸ਼ਾਮ ਜ਼ੋਰ ਕਰਨਾ। ਡੰਡ ਕੱਢਣੇ, ਬੈਠਕਾਂ ਮਾਰਨੀਆਂ। ਬੁੱਧ ਸਿੰਘ ਕਦੇ ਪੱਠੇ ਵੱਢ ਰਿਹਾ ਹੁੰਦਾ, ਕਦੇ ਪਸ਼ੂਆਂ ਨੂੰ ਪਾਣੀ ਪਿਲਾ ਰਿਹਾ ਹੁੰਦਾ,  ਕਦੇ ਫ਼ਸਲ ਗੁੱਡ ਰਿਹਾ ਹੁੰਦਾ। ਪਹਿਲਵਾਨਾਂ ਨੂੰ ਜ਼ੋਰ ਕਰਦੇ ਦੇਖ ਦੇਖ ਕੇ ਉਸਦੇ ਅੰਦਰ ਕੁਝ ਟੁੱਟ ਭੱਜ ਹੁੰਦੀ। ਡੌਲੇ ਫਰਕਦੇ। ਪੱਟਾਂ ਦੀਆਂ ਮੱਛੀਆਂ ਹਰਕਤ ਕਰਦੀਆਂ। ਜਦੋਂ ਉਹ ਖੇਤੀ ਕਰਨ ਲੱਗ ਪਿਆ ਸੀ, ਦਾਦੀ ਉਸਦਾ ਧਿਆਨ ਜ਼ਿਆਦਾ ਕਰਨ ਲੱਗ ਪਈ ਸੀਉਸਦੀ ਖ਼ੁਰਾਕ ਹੋਰ ਪੌਸ਼ਟਿਕ ਤੇ ਤਾਕਤਵਰ ਹੁੰਦੀ ਜਾਂਦੀ ਸੀ। ਚੜ੍ਹਦੀ ਉਮਰ ਵਿਚ ਲਗਦੀ ਖ਼ੁਰਾਕ ਤੇ ਕੋਲ ਜ਼ੋਰ ਕਰਦੇ ਪਹਿਲਵਾਨ, ਬੁੱਧ ਸਿੰਘ ਅੰਦਰੇ ਅੰਦਰ ਹੋਰ ਦਾ ਹੋਰ ਹੀ ਹੁੰਦਾ ਜਾਂਦਾ ਸੀ।

ਬੁੱਧ ਭਾਵੇਂ ਪੜ੍ਹਾਈ ਤੋਂ ਬਾਗ਼ੀ ਹੋ ਗਿਆ ਸੀ, ਪਰ ਸੱਤਵੀਂ ਜਮਾਤ ਦਾਖਲ ਹੋਇਆ ਹੋਣ ਕਰਕੇ ਉਹ ਡਿੱਗਦਾ ਢਹਿੰਦਾ ਸਤਵੀਂ ਪਾਸ ਕਰ ਗਿਆ ਸੀ।

ਉਸਨੇ ਰਮਾਲੀ ਸਵਾ ਲਈ। ਹਨੇਰੇ ਹਨੇਰੇ ਦੋ ਦਿਨ ਬੈਠਕਾਂ ਲਾਉਂਦਾ ਰਿਹਾ। ਤੀਜੇ ਦਿਨ ਵਿੰਗਾ ਵਿੰਗਾ ਤੁਰੇ ਜਾਂਦੇ ਨੂੰ ਦੇਖ ਕੇ ਕਰਮ ਸਿੰਘ ਨੇ ਪੁੱਛਿਆ, “ਕੀ ਗੱਲ ਹੋ ਗਈ, ਏਦਾਂ ਤੁਰਦਾਂ?

ਬੁੱਧ ਨੇ ਕਿਹਾ, “ਕੁਛ ਵੀ ਤਾਂ ਨਈਂ ਹੋਇਆ?

ਕਰਮ ਸਿੰਘ ਨੇ ਕਿਹਾ, “ਬੜਾ ਔਖਾ ਹੋ ਕੇ ਤੁਰਦਾਂ, ਬੈਠਕਾਂ ਲਾਈਆਂ ਲਗਦੀਆਂ।”

ਬੁੱਧ ਨੇ ਹਲਕਾ ਜਿਹਾ ਹੱਸ ਕੇ ਕਿਹਾ, “ਆਹੋ ਲਾਈਆਂ ਤਾਂ ਸੀ।”

ਕਰਮ ਸਿੰਘ ਨੇ ਪੁੱਛਿਆ, “ਦੇਖ ਲੈ, ਜੇ ਤੇਰਾ ਚਿੱਤ ਕਰਦੈ, ਪਹਿਲਵਾਨੀ ਕਰਨ ਨੂੰ।”

ਫਿਰ ਕੁਝ ਸੋਚ ਕੇ ਉਸਨੇ ਕਿਹਾ, “ਪਰ ਖੇਤੀ ਕੌਣ ਕਰੂ। ਤੂੰ ਖੇਤੀ ਹੀ ਕਰ।”

ਕੁੰਬੜੇ ਵਾਲੇ ਕਾਲੇ ਨੇ ਮਲਕ ਜਿਹੇ ਬੁੱਧ ਨੂੰ ਸਲਾਹ ਦਿੱਤੀ, “ਤੂੰ ਚੁੱਪ ਕਰਕੇ ਮਿਹਨਤ ਲਾਇਆ ਕਰ।”

ਉਸਨੇ ਕਰਮ ਸਿੰਘ ਨੂੰ ਵੀ ਕਹਿ ਦਿੱਤਾ, “ਜੇ ਮੁੰਡਾ ਇਸ ਪਾਸੇ ਆਉਣਾ ਚਾਹੁੰਦੈ ਤਾਂ ਆ ਲੈਣ ਦੇ।”

ਬੁੱਧ ਖੇਤੀ ਦੇ ਨਾਲ ਨਾਲ ਮਿਹਨਤ ਮਾਰਨ ਲੱਗ ਪਿਆ। ਦਾਦੇ ਪੂਰਨ ਸਿੰਘ ਨੇ ਅਧਰਿੜਕਾ ਉਸਨੂੰ ਪੀਣ ਨੂੰ ਦੇਣਾ। ਦਾਦੀ ਕਾਕੋ ਨੇ ਚੰਗੀ ਤੋਂ ਚੰਗੀ ਖ਼ੁਰਾਕ ਉਸਨੂੰ ਖਾਣ ਨੂੰ ਦੇਣੀ। ਦੋ ਸਾਲ ਲੰਘ ਗਏ। ਬੁੱਧ ਮਿਹਨਤ ਕਰਦਾ ਰਿਹਾ, ਪਰ ਉਸਨੂੰ ਕਿਸੇ ਨਾਲ ਜ਼ੋਰ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਹਾ।

ਸਰਦਾਰੇ ਪਹਿਲਵਾਨ ਦਾ ਸਰਹੰਦ ਲਾਗੇ ਦਾ ਇਕ ਚੇਲਾ ਹੁੰਦਾ ਸੀ। ਉਹ ਵੀ ਅਖਾੜੇ ਵਿਚ ਆਇਆ ਹੋਇਆ ਸੀਜਦੋਂ ਖੂਹ ਦਾ ਕੰਮ ਨਿਬੇੜ ਕੇ ਬੁੱਧ ਘਰ ਨੂੰ ਜਾਣ ਲੱਗਾ ਤਾਂ ਬਾਪੂ ਕਰਮ ਸਿੰਘ ਨੇ ਕਿਹਾ, “ਪਕੜ ਦਿਖਾਏਂਗਾ?

ਬੁੱਧ ਨੇ ਕਿਹਾ, “ਦਿਖਾਦੂੰਗਾ।”

ਸਰਦਾਰੇ ਪਹਿਲਵਾਨ ਦੇ ਚੇਲੇ ਨਾਲ ਬੁੱਧ ਨੇ ਪਕੜ ਦਿਖਾਈ। ਉੱਥੇ ਪੰਜ ਸੱਤ ਪਹਿਲਵਾਨ ਹੋਰ ਵੀ ਸਨ। ਉਹ ਰੋਜ਼ ਜ਼ੋਰ ਕਰਦੇ ਸਨ। ਸਰਦਾਰੇ ਦਾ ਚੇਲਾ ਵੀ ਰੋਜ਼ ਬਹੁਤ ਮਿਹਨਤ ਕਰਦਾ ਸੀ। ਉਸਨੇ ਬੜਾ ਜ਼ੋਰ ਲਾਇਆ, ਬੁੱਧ ਉਸ ਕੋਲੋਂ ਢੱਠਾ ਨਾ।

ਕਰਮ ਸਿੰਘ ਖ਼ੁਦ ਪਹਿਲਵਾਨੀ ਕਰਦਾ ਰਿਹਾ ਸੀ। ਉਹ ਬੁੱਧ ਦੀ ਡੀਲ-ਡੌਲ ਅਤੇ ਪਕੜ ਤੋਂ ਪ੍ਰਭਾਵਿਤ ਹੋਏ ਬਿਨਾ ਰਹਿ ਨਾ ਸਕਿਆ। ਕੁੰਬੜੇ ਵਾਲੇ ਕਾਲੇ ਨੇ ਵੀ ਬਾਪੂ ਕਰਮ ਸਿੰਘ ’ਤੇ ਜ਼ੋਰ ਪਾਇਆ, “ਬੁੱਧ ਤੋਂ ਖੇਤੀ ਛਡਾ ਕੇ ਇਸ ਪਾਸੇ ਪਾ।”

ਕਰਮ ਸਿੰਘ ਨੇ ਕਿਹਾ, “ਖੇਤੀ ਤਾਂ ਇਹਨੂੰ ਕਰਨੀ ਹੀ ਪਊ। ਹਾਂ, ਜੇ ਨਾਲ ਨਾਲ ਮਿਹਨਤ ਵੀ ਕਰੀ ਜਾਵੇ ਠੀਕ ਐ। ਜੇ ਜਾਨ ਹੋਈ, ਫਿਰ ਸੋਚਾਂਗੇ ਬਾਦ ਵਿਚ।”

ਅਖਾੜੇ ਵਿਚ ਸਮਰਾਲੇ ਦਾ ਅਵਤਾਰ ਕੋਚ ਵੀ ਆਉਣ ਲੱਗ ਪਿਆ। ਉਹ ਕਰਮ ਸਿੰਘ ਦਾ ਚੇਲਾ ਸੀ। ਉਸਨੇ ਕਰਮ ਸਿੰਘ ਨੂੰ ਕਿਹਾ, “ਬੁੱਧ ਨੂੰ ਸਮਰਾਲੇ ਵਾਲੇ ਸਕੂਲ ਵਿਚ ਦਾਖਲ ਕਰਵਾ ਦਿੰਨੇ ਆਂ। ਫਿਰ ਸਕੂਲ ਵਲੋਂ ਇਹਨੂੰ ਲੜਾਵਾਂਗੇ।”

ਕਰਮ ਸਿੰਘ ਕਹਿਣ ਲੱਗਾ, “ਇਹਨੂੰ ਜਾਣ ਤਾਂ ਮੈਂ ਦੇਣਾ ਨਈਂ। ਖੇਤੀ ਕੌਣ ਕਰੂ? ਓਦਾਂ ਤੂੰ ਦਾਖਲ ਕਰਵਾਉਣਾ ਤਾਂ ਕਰਵਾ ਲੈ।”

ਔਖੇ ਸੌਖੇ ਉਸਨੇ ਸੱਤਵੀਂ ਪਹਿਲਾਂ ਕਰ ਲਈ ਸੀ, ਬਾਪੂ ਦੇ ਡੰਡਿਆਂ ਤੋਂ ਡਰਦੇ ਨੇ। ਉੱਥੇ ਬੁੱਧ ਨੂੰ ਅੱਠਵੀਂ ਵਿਚ ਦਾਖਲਾ ਲੈ ਮਿਲ ਗਿਆ।

ਪਹਿਲੀ ਵਾਰ ਬੁੱਧ ਨੇ ਸਕੂਲ ਦਾ ਮੁਕਾਬਲਾ ਲੜਿਆ ਤੇ ਪਹਿਲੇ ਨੰਬਰ ’ਤੇ ਰਿਹਾ।

ਉਹ ਖੇਤੀ ਵੀ ਕਰਦਾ। ਤੜਕੇ ਉੱਠ ਕੇ ਮਿਹਨਤ ਕਰਦਾ। ਹੱਥ ਵਾਲੀ ਮਸ਼ੀਨ ਨਾਲ ਚਾਰ-ਪੰਜ ਭਰੀਆਂ ਚਰੀ ਦੀਆਂ ਰੋਜ਼ ਕੁਤਰਦਾ। ਉਸਨੇ ਹਿੰਮਤ ਨਹੀਂ ਸੀ ਹਾਰੀ।

ਜ਼ਿਲ੍ਹੇ ਦੇ ਮੁਕਾਬਲਿਆਂ ਵਿਚ ਵੀ ਉਹ ਪਹਿਲੇ ਨੰਬਰ ’ਤੇ ਰਿਹਾ। ਇਹ ਮੁਕਾਬਲਾ ਲੁਧਿਆਣੇ ਹੋਇਆ ਸੀ।

ਫਿਰ ਪੰਜਾਬ ਦੇ ਮੁਕਾਬਲੇ ਮੋਗੇ ਹੋਏ। ਉੱਥੇ ਉਹ ਕੁਸ਼ਤੀਆਂ ਜਿੱਤਦਾ ਜਾਂਦਾ ਸੀ, ਪਰ ਅਚਾਨਕ ਇਕ ਹੋਰ ਪਹਿਲਵਾਨ ਦੇ ਦਾਅ ਤੋਂ ਮਾਰ ਖਾ ਗਿਆ। ਉੱਥੇ ਉਸਦਾ ਸਥਾਨ ਤੀਜਾ ਰਹਿ ਗਿਆ।

ਕਰਮ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਕਿਹਾ, “ਇਹ ਕੰਮ ਤੇਰੇ ਵਸ ਦਾ ਨਈਂ, ਤੂੰ ਖੇਤੀ ਹੀ ਕਰ। ਅਗਲੇ ਸਾਲ ਫੇਰ ਦੇਖਾਂਗੇ।”

ਬੁੱਧ ਸਿੰਘ ਨੇ ਰੱਜ ਕੇ ਮਿਹਨਤ ਕੀਤੀ। ਵੱਡੇ ਤੜਕੇ ਉੱਠ ਕੇ ਰੱਜਵਾਂ ਜ਼ੋਰ ਕਰਦਾ। ਖ਼ੂਬ ਖ਼ੁਰਾਕ ਖਾਂਦਾ। ਉਦੋਂ ਤੱਕ ਮਿਹਨਤ ਕਰਦਾ ਰਹਿੰਦਾ, ਜਦੋਂ ਤੱਕ ਸਰੀਰ ਜਵਾਬ ਨਾ ਦੇ ਜਾਂਦਾ।

ਇਹ ਮਿਹਨਤ ਉਸਦੀ ਰੰਗ ਲਿਆਈ। ਜਲੰਧਰ ਵਿਚ ਕੁਸ਼ਤੀਆਂ ਹੋਈਆਂ। ਉੱਥੋਂ ਉਸਨੂੰ ਗੋਲਡ ਮੈਡਲ ਹਾਸਿਲ ਹੋਇਆ। ਜੈਪੁਰ ਵਿਚ ਨੈਸ਼ਨਲ ਹੋਈ। ਉੱਥੇ ਵੀ ਝੰਡੀ ਬੁੱਧ ਸਿੰਘ ਦੀ ਰਹੀ ਸੀ, ਉਸਨੇ ਗੋਡਲ ਮੈਡਲ ਹਾਸਿਲ ਕੀਤਾ ਸੀ। ਇਹ ਗੋਲਡ ਮੈਡਲ ਨਹੀਂ, ਬੁੱਧ ਸਿੰਘ ਦੀ ਮਿਹਨਤ ਦੀ ਚਮਕ ਸੀ, ਸੂਰਜ ਵਰਗੀ।

ਬੁੱਧ ਸਿੰਘ ਆਖਦਾ ਹੈ, “ਪਰਮਾਤਮਾ ਸਾਥ ਦੇਵੇ ਤੇ ਬੰਦਾ ਮਿਹਨਤ ਕਰਨ ਦਾ ਸ਼ੌਕ ਰੱਖਦਾ ਹੋਵੇ, ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ।

**

ਖੇਤੀ ਤੋਂ ਛੁਟਕਾਰਾ

ਬਾਪੂ ਅਕਸਰ ਬੁੱਧ ਨੂੰ ਕਿਹਾ ਕਰਦਾ ਸੀ, “ਜਦੋਂ ਫਸਟ ਆਏਂਗਾ, ਤੇਰੀ ਫੋਟੋ ਪੇਪਰ ਵਿਚ ਦਿਆਂਗੇ। ਦੇਖੀਂ ਤੇਰੀ ਇਲਾਕੇ ਵਿਚ ਬੱਲੇ ਬੱਲੇ ਹੋ ਜਾਊ।

ਮਿਹਨਤ ਕਰਦੇ ਬੁੱਧ ਦੀਆਂ ਅੱਖਾਂ ਵਿਚ ਅਖ਼ਬਾਰ ਵਿਚ ਛਪੀ ਫੋਟੋ ਘੁੰਮਦੀ। ਕੰਨਾਂ ਵਿਚ ‘ਬੱਲੇ ਬੱਲੇਦੀ ਆਵਾਜ਼ ਸੁਣਾਈ ਦਿੰਦੀ ਤੇ ਉਹ ਹੋਰ ਸਖ਼ਤ ਮਿਹਨਤ ਕਰਨ ਲਈ ਪਰੇਰਿਆ ਜਾਂਦਾ।

ਜਦੋਂ ਉਹ ਨੈਸ਼ਨਲ ਵਿੱਚੋਂ ਫਸਟ ਆਇਆ ਤਾਂ ਬਾਪੂ ਦਾ ਕਿਹਾ ਸੱਚ ਸਾਬਿਤ ਹੋਇਆ। ਅਖ਼ਬਾਰ ਵਿਚ ਫੋਟੋ ਵੀ ਛਪੀ ਅਤੇ ਸਕੂਲ, ਪਿੰਡ ਦੇ ਨਾਲ ਨਾਲ ਇਲਾਕੇ ਵਿਚ ਇਕ ਵਾਰ ‘ਬੁੱਧ ਬੁੱਧਹੋ ਗਈ। ਬੁੱਧ ਅੰਦਰ ਹੋਰ ਜੋਸ਼ ਭਰ ਗਿਆ।

ਦੂਸਰੇ ਸਾਲ ਮਨੀਪੁਰ ਨੈਸ਼ਨਲ ਹੋਈਆਂ। ਬੁੱਧ ਉੱਥੋਂ ਵੀ ਗੋਲਡ ਮੈਡਲ ਲੈ ਕੇ ਆਇਆ।

ਉਸਦੇ ਬਾਪੂ ਨੇ ਸਮਝ ਲਿਆ ਕਿ ਮੁੰਡਾ ਸਹੀ ਲੀਹ ’ਤੇ ਪੈ ਗਿਆ ਸੀ। ਉਸਨੇ ਆਲੇ-ਦੁਆਲੇ ਪਿੰਡਾਂ ਵਿਚ ਹੁੰਦੀਆਂ ਛਿੰਞਾਂ ਵਿਚ ਬੁੱਧ ਨੂੰ ‘ਲੜਾਉਣਾਸ਼ੁਰੂ ਕਰ ਦਿੱਤਾ।

ਜਿੰਨਾ ਚਿਰ ਬੁੱਧ ਨੈਸ਼ਨਲ ਵਿੱਚੋਂ ਗੋਲਡ ਮੈਡਲ ਨਹੀਂ ਲੈ ਕੇ ਆਇਆ ਸੀ, ਉਸਦਾ ਬਾਪੂ ਘੁਲਦਾ ਰਿਹਾ ਸੀ। ਜਦੋਂ ਬੁੱਧ ਨਿਕਲ ਤੁਰਿਆ ਤਾਂ ਬਾਪੂ ਨੇ ਘੁਲਣਾ ਛੱਡ ਦਿੱਤਾ ਸੀ। ਸ਼ਾਇਦ ਉਸਦੇ ਦਿਮਾਗ਼ ਵਿਚ ਮਿਥਿਹਾਸ ਦੀ ਘਟਨਾ ਦੀ ਝਲਕ ਪੈ ਗਈ ਸੀ।

ਜਦੋਂ ਪਾਂਡਵ ਯੁੱਧ ਦੀ ਤਿਆਰੀ ਕਰ ਰਹੇ ਸਨ, ਉਦੋਂ ਤੱਕ ਹਨੂੰਮਾਨ ਬੁੱਢਾ ਹੋ ਗਿਆ ਸੀ। ਇਕ ਦਿਨ ਹਨੂੰਮਾਨ ਨਾਲ਼ ਭੀਮ ਦੀ ਮੁਲਾਕਾਤ ਹੋ ਗਈ। ਜਦੋਂ ਭੀਮ ਨੇ ਹਨੂੰਮਾਨ ਨੂੰ ਪਹਿਚਾਣ ਲਿਆ ਤਾਂ ਕਿਹਾ, “ਹਨੂੰਮਾਨ, ਰਾਵਣ ਨਾਲ ਹੋਏ ਯੁੱਧ ਵਿਚ ਤੁਸੀਂ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਅਸੀਂ ਵੀ ਇਕ ਮਹਾਂ-ਯੁਧ ਲੜਨ ਜਾ ਰਹੇ ਹਾਂ, ਸਾਡੀ ਮਦਦ ਕਰੋ

ਹਨੂੰਮਾਨ ਨੇ ਕਿਹਾ ਸੀ, “ਉਹ ਮੇਰਾ ਯੁੱਗ ਸੀ, ਇਹ ਤੁਹਾਡਾ ਯੁੱਗ ਹੈ। ਹੁਣ ਤੁਹਾਡੇ ਲੜਨ ਦੀ ਵਾਰੀ ਹੈ।”

ਬਾਪੂ ਨੂੰ ਵੀ ਸਮਝ ਲੱਗ ਗਈ ਸੀ ਕਿ ਆਉਣ ਵਾਲਾ ਸਮਾਂ ਬੁੱਧ ਦਾ ਸਮਾਂ ਸੀ।

ਬਿਜਲੀ ਪੁਰ ਪਿੰਡ ਦਾ ਜੈਲਾ ਪਹਿਲਵਾਨ ਹੁੰਦਾ ਸੀ। ਬੁੱਧ ਹੋਰਾਂ ਦੇ ਇਲਾਕੇ ਵਿਚ ਉਸਦੀ ਬੜੀ ਪੈਂਠ ਸੀ। ਉਸਦੀ ਬੜੀ ਹਵਾ ਸੀ। ਹਰ ਪਾਸੇ ‘ਜੈਲਾ ਜੈਲਾਹੁੰਦੀ ਸੀ। ਬਾਪੂ ਨੇ ਬੁੱਧ ਨੂੰ ਕਿਹਾ, “ਜਦੋਂ ਤੂੰ ਜੈਲੇ ਦਾ ਜੋੜ ਹੋ ਜਾਏਂਗਾ, ਤੇਰੀ ਖੇਤੀ ਛਡਾ ਦੇਣੀ ਆਂ

ਬੁੱਧ ਨੇ ਮਿਹਨਤ ਵਧਾ ਦਿੱਤੀ। ਖ਼ੁਰਾਕ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਸਦਾ ਨਿਸ਼ਾਨਾ ਇਕ ਹੀ ਸੀ, ਜੈਲੇ ਦਾ ਜੋੜ ਹੋਣਾ।

ਪਟਿਆਲੇ ਵੱਲ ਦੇ ਜਿਹੜੇ ਮੁੰਡੇ ਜੈਲੇ ਦਾ ਜੋੜ ਸਨ, ਉਹਨਾਂ ਨਾਲ ਕੁਸ਼ਤੀਆਂ ਲੜਨ ਦਾ ਵਿਚਾਰ ਬਣਾਇਆਉਹ ਮੁੰਡੇ ਛਿੰਞਾਂ ਵਿਚ ਜੈਲੇ ਦੇ ਨਾਲ ਹੁੰਦੇ ਸਨ। ਬੁੱਧ ਨੇ ਵਾਰੀ ਵਾਰੀ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਲੈ ਆਂਦਾ।

ਬੁੱਧ ਦੇ ਬਾਪੂ ਦਾ ਇਕ ਗੁਰਭਾਈ ਤੋਤਾ ਹੁੰਦਾ ਸੀ। ਉਹ ਵੀ ਜੈਲੇ ਦਾ ਜੋੜ ਸੀ। ਉਹਦੀ ਕੁਸ਼ਤੀ ਜੈਲੇ ਨਾਲ ਬਰਾਬਰ ਹੁੰਦੀ ਸੀ।

ਬਾਪੂ ਨੇ ਤੋਤੇ ਨਾਲ ਟਰਾਇਲ ਕਰਵਾਏ। ਬੁੱਧ ਉਸਦੇ ਥੱਲਿਓਂ ਨਿਕਲਣ ਲੱਗ ਪਿਆ। ਤੋਤੇ ਨੇ ਪੂਰਾ ਜ਼ੋਰ ਲਾਇਆ, ਪਰ ਬੁੱਧ ਨੂੰ ਢਾਹ ਨਾ ਸਕਿਆ।

ਜਦੋਂ ਬਾਪੂ ਨੂੰ ਪੱਕ ਹੋ ਗਿਆ ਕਿ ਬੁੱਧ ਵਿਚ ਬਿਜਲੀ ਪੈਦਾ ਹੋ ਗਈ ਹੈ, ਉਸਨੇ ਬੁੱਧ ਦੀ ਕੁਸ਼ਤੀ ਬਿਜਲੀਪੁਰੀਏ ਜੈਲੇ ਨਾਲ ਰੱਖਵਾ ਦਿੱਤੀ।

ਮੁਕਾਬਲਾ ਫਸਵਾਂ ਸੀ। ਜੈਲੇ ਕੋਲ ਤਾਕਤ ਅਤੇ ਕੁਸ਼ਤੀ ਲੜਨ ਦਾ ਤਜਰਬਾ ਸੀ। ਬੁੱਧ ਕੋਲ ਜੋਸ਼, ਅੱਗੇ ਵਧਣ ਦੀ ਤੀਬਰ ਤਾਂਘ ਅਤੇ ਹੌਸਲਾ ਸੀ। ਕਾਂਟੇ ਦੀ ਟੱਕਰ ਬਰਾਬਰ ਦੀ ਰਹੀ।

ਬਾਪੂ ਨੇ ਆਪਣੇ ਬੋਲ ਪੁਗਾਏ। ਕਹਿਣ ਲੱਗਾ, “ਬੱਸ ਹੁਣ ਖੇਤੀ ਛੱਡ ਅਤੇ ਪਹਿਲਵਾਨੀ ਦੇ ਰਾਹੇ ਤੁਰ ਪੈ, ਪੱਕੇ ਪੈਰੀਂ।”

ਦੂਸਰੇ ਸਾਲ ਸਮਰਾਲੇ ਜੈਲੇ ਨਾਲ ਕੁਸ਼ਤੀ ਹੋਈ। ਉਦੋਂ ਤੱਕ ਬੁੱਧ ਵੀ ਦਾਅ ਸਿੱਖ ਗਿਆ ਸੀ। ਉਸਨੇ ਬਿਜਲੀਪੁਰੀਏ ਦੇ ਸਰੀਰ ਨੂੰ ਪਿੰਜ ਸੁਟਿਆ।

ਤੀਸਰੀ ਵਾਰ ਬੁੱਧ ਨੇ ਜੈਲੇ ਨੂੰ ਢਾਹ ਹੀ ਲਿਆ। ਇਹ ਕੁਸ਼ਤੀ ਜਟਾਣਾ ਪਿੰਡ ਵਿਚ ਹੋਈ।

ਫਿਰ ਬੁੱਧ ਨੇ ਮਾਲਵਾ ਕਾਲਜ ਸਮਰਾਲੇ ਵਿਚ ਦਾਖ਼ਲਾ ਲੈ ਲਿਆ। ਕਾਲਜ ਉਹ ਦੋ ਸਾਲ ਰਿਹਾ। ਇਸ ਦੌਰਾਨ ਯੂਨੀਵਰਸਿਟੀ, ਇੰਟਰ ਯੂਨੀਵਰਸਿਟੀ ਵਿਚ ਧੁੰਮਾਂ ਪਾਉਂਦਾ ਰਿਹਾ। ਉਸ ਨੇ ਇੰਟਰ ਯੂਨੀਵਰਸਿਟੀ ਦੌਰਾਨ ਯੂ ਪੀ ਪੁਜ਼ੀਸ਼ਨ ਮਾਰੀ।

ਹਰਿਆਣੇ ਵਿੱਚੋਂ ਗੋਲਡ ਮੈਡਲ ਲੈ ਕੇ ਆਇਆ।

**

ਈਰਖਾ ਦੀ ਸ਼ੁਰੂਆਤ

ਤਾਕਤ, ਹੁਨਰ ਅਤੇ ਕਲਾ ਦਾ ਸਿੱਧਾ ਸੰਬੰਧ ਈਰਖਾ ਨਾਲ ਹੈ। ਬੁੱਧ ਸਿੰਘ ਵੀ ਇਸ ਤੋਂ ਬਚ ਨਾ ਸਕਿਆ। ਉਸ ਨੇ ਆਪਣਾ ਅਨੁਭਵ ਬਿਆਨ ਕੀਤਾ-

ਮੈਨੂੰ ਪਹਿਲਾਂ ਪਹਿਲਾਂ ਸੁੱਖਾ ਜੋਰ ਕਰਵਾਉਂਦਾ ਸੀ, ਮੇਰੇ ਖੂਹ ’ਤੇਸੁੱਖਾ ਤਕੜਾ ਸੀ। ਉਸਦੀਆਂ ਫੱਤੇ ਨਾਲ ਕੁਸ਼ਤੀਆਂ ਹੁੰਦੀਆਂ ਸੀ।

ਜਿਹਨਾਂ ਨਾਲ ਸੁੱਖਾ ਦਸ-ਪੰਦਰਾਂ ਮਿੰਟ ਕੁਸ਼ਤੀ ਲੜਦਾ ਸੀ, ਮੈਂ ਉਹਨਾਂ ਨੂੰ ਪੰਜ-ਛੇ ਮਿੰਟ ਵਿਚ ਢਾਹੁਣ ਲੱਗ ਪਿਆ ਸੀ। ਪਰ ਜਦੋਂ ਮੈਂ ਸੁੱਖੇ ਨਾਲ ਜੋਰ ਕਰਨੇ ਉਹਨੇ ਮੈਨੂੰ ਗਲੋਂ ਫੜ ਕੇ ਵਗਾਹ ਕੇ ਪਰਾਂ ਮਾਰਨਾ ਤੇ ਕਹਿਣਾ - ਤੂੰ ਤਾਂ ਹੈ ਈ ਕੱਖ ਨਈਂ।

ਇਕ ਦਿਨ ਅਸੀਂ ਜੋਰ ਕਰ ਰਹੇ ਸੀ। ਮੈਨੂੰ ਤਾਂ ਏਨੀ ਨੌਲਜ ਹੈ ਨੀ ਸੀ। ਮੈਂ ਉਹਦੇ ਪੱਟੀਂ  ਜਾ ਕੇ ਪਿਆ। ਉਹਨੇ ਮੈਨੂੰ ਗਲ ਤੋਂ ਫੜ ਕੇ ਵਗਾਹ ਕੇ ਮਾਰਿਆ। ਮੈਂ ਉੱਠਿਆ, ਜਾ ਕੇ ਫਿਰ ਪੱਟਾਂ ਨੂੰ ਪੈ ਗਿਆ। ਉਹਨੇ ਫਿਰ ਪਰਾਂ ਮਾਰਿਆ। ਤੀਸਰੀ ਵਾਰ ਉਹਨੇ ਮੈਨੂੰ ਫਿਰ ਚੁੱਕ ਕੇ ਮਾਰਿਆ, ਨਾਲੇ ਕਹਿੰਦਾ,- ਸਾਲੇ ਮੇਹਰੇ ਬਣੇ ਫਿਰਦੇ ਨੇ। ਮਿਹਰਦੀਨ ਪੱਟਾਂ ਨੂੰ ਬਹੁਤ ਪੈਂਦਾ ਹੁੰਦਾ ਸੀ। ਕੋਲ ਉਹਦਾ ਉਸਤਾਦ ਸੀਗਾ ਹਰੀ ...ਉਹ ਵਧੀਆ ਲੜਨ ਵਾਲਾ ਸੀ। ਬਾਪੂ ਦੀ ਤੇ ਉਹਦੀ ਕੁਸ਼ਤੀ ਬਰਾਬਰ ਹੁੰਦੀ ਸੀ।

ਹਰੀ ਨੇ ਸੁੱਖੇ ਨੂੰ ਕਹਿ ਦਿੱਤਾ ਬਈ ਬਾਹਰਲੇ ਪਹਿਲਵਾਨ ਕਹਿੰਦੇ ਐ, ਬੁੱਧ ਸੁੱਖੇ ਦਾ ਜੋੜ ਐ।

ਸੁੱਖੇ ਨੂੰ ਗੁੱਸਾ ਆ ਗਿਆ।

ਫੌਜੀ ਸੀ ਇਕ। ਚੰਡੀਗੜ੍ਹ ਲਾਗੇ ਕੁਸ਼ਤੀ ਹੋਈ। ਕਹਿ ਕਹਾ ਕੇ ਮੇਰੀ ਪਹਿਲਾਂ ਕੁਸ਼ਤੀ ਫੌਜੀ ਨਾਲ ਕਰਾ ਦਿੱਤੀ। ਭਲਵਾਨ ਵੀ ਤਾਂ ਸਵਾਦ ਲੈਂਦੇ ਆ ਨਾ। ਫੌਜੀ ਨੇ ਮੈਨੂੰ ਫੜਿਆ, ਮੈਂ ਨਿਕਲ ਗਿਆ। ਸੀ ਫੌਜੀ ਤਕੜਾ। ਉਹਨੇ ਤਿੰਨ ਚਾਰ ਵਾਰ ਮੈਨੂੰ ਫੜਿਆ। ਮੈਂ ਹਰ ਵਾਰ ਥੱਲਿਓਂ ਨਿਕਲ ਗਿਆ। ਉਹਦੀ ਜਾਨ ਲੱਗ ਗਈ। ਉਹ ਥੱਕ ਗਿਆ। ਉਹ ਮੈਨੂੰ ਪਿਆ। ਮੈਂ ਫੜ ਕੇ ਸਿੱਟ ਲਿਆ। ਉਹ ਥੱਕਿਆ ਸੀਗਾ। ਸਿੱਟਦੇ ਸਾਰ ਹੀ ਮੈਂ ਢਾਹ ਲਿਆ। ਛੇ ਮਿੰਟ ਦੀ ਕੁਸ਼ਤੀ ਵਿਚ ਹੀ।

ਚੰਡੀਗੜ੍ਹ ਲਾਗੇ ਫੇਰ ਕੁਸ਼ਤੀਆਂ ਸੀ, ਹਫ਼ਤੇ ਬਾਦ। ਉੱਥੇ ਉਹਨਾਂ ਭਲਵਾਨਾ ਨੇ ਫੌਜੀ ਨੂੰ ਚੁੱਕ ਕੇ ਸੁੱਖੇ ਨਾਲ ਲੜਾ ਦਿੱਤਾ। ਮੈਂ ਮੂਹਰੇ ਹੋ ਗਿਆ, ਬਈ ਮੇਰੇ ਨਾਲ ਕਰਾਓ ਦੰਗਲ। ਉਹ ਕਹਿੰਦੇ, ਤੇਰੇ ਨਾਲ ਨਈਂ ਸੁੱਖੇ ਨਾਲ ਕਰਾਉਣੈਂ। ਸੁੱਖੇ ਨਾਲ ਪੰਦਰਾਂ-ਸੋਲਾਂ ਮਿੰਟ ਕੁਸ਼ਤੀ ਹੋਈ। ਫਿਰ ਕਿਤੇ ਜਾ ਕੇ ਫੌਜੀ ਢੱਠਾ। ਮੈਂ ਛੇ ਮਿੰਟ ਵਿਚ ਢਾਹਿਆ ਸੀ। ਬਾਕੀ ਭਲਵਾਨਾਂ ਨੇ ਸੁੱਖੇ ਨੂੰ ਤਾਹਨਾ ਮਾਰ ਦਿੱਤਾ। ਸੁੱਖਾ ਮੇਰੇ ਨਾਲ ਜੈਲਸੀ ਕਰਨ ਲੱਗ ਪਿਆ।

ਮੈਂ ਬਾਪੂ ਨੂੰ ਦੱਸਿਆ ਬਈ ਸੁੱਖੇ ਨੇ ਮੈਨੂੰ ਚੁੱਕ ਕੇ ਤਿੰਨ ਵਾਰ ਵਗਾਹ ਕੇ ਮਾਰਿਐ।

ਬਾਪੂ ਕਹਿੰਦਾ, ਮੈਨੂੰ ਪਤੈ। ਉਹ ਤੇਰੇ ਨਾਲ ਈਰਖਾ ਕਰਨ ਲੱਗ ਪਿਐ। ਤੂੰ ਹੁਣ ਇਹਦੇ ਨਾਲ ਜੋਰ ਨੀ ਕਰਨਾ। ਤੇਰੇ ਨਾਲ ਖਾਰ ਖਾਂਦੈ। ਜਦੋਂ ਤੂੰ ਜੋਰ ਕੀਤਾ, ਸੱਟ ਮਾਰੂ ਤੇਰੇ ਜਾਂ ਉਲਟਾ ਪੁਲਟਾ ਖਲਾਊਗਾ।

ਪਰ ਫਿਰ ਸਮੱਸਿਆ ਆ ਗਈ ਕਿ ਉਹਨੂੰ ਖੂਹ ਤੋਂ ਤੋਰੀਏ ਕਿਵੇਂ? ਕੱਢੀਏ ਕਿਵੇਂ?

ਬਜ਼ੁਰਗ ਨੇ ਸਲਾਹ ਦਿੱਤੀ, ਤੂੰ ਏਦਾਂ ਕਰ ਅਜੇ ਜੋਰ ਨਾ ਕਰ। ਆਪਾਂ ਬਹਾਨਾ ਲਾ ਲਵਾਂਗੇ ਬਈ ਤੇਰਾ ਗੋਡਾ ਖਰਾਬ ਐ।

ਮੈਂ ਜੋਰ ਤੋਂ ਛੁੱਟੀ ਕਰ ਲਈ। ਗੋਡਾ ਬੰਨ੍ਹ ਲਿਆ।

ਮੈਂ ਤੜਕੇ ਉੱਠਣਾ। ਦੌੜ ਲਾਉਣੀਮਿਹਨਤ ਲਾ ਲੈਣੀ। ਦਹੀਂ-ਦੁੱਧ ਪੀ ਕੇ ਖੂਹ ’ਤੇ ਆ ਕੇ ਪੈ ਜਾਣਾ। ਖੂਹ ’ਤੇ ਬਾਦਾਮ ਰਗੜ ਦੇਣੇਂ। ਮੁਰਗਾ ਬਣਾ ਦੇਣਾ। ਸੁੱਖੇ ਸਾਹਮਣੇ ਜੋਰ ਬੰਦ ਕਰ ਦਿੱਤੇ।

ਦੋ ਤਿੰਨ ਹਫਤਿਆਂ ਬਾਦ ਬਾਪੂ ਨੇ ਕਿਹਾ, ਬੁੱਧ ਦਾ ਗੋਡਾ ਠੀਕ ਹੁੰਦਾ ਜਾਂਦਾ। ਮੈਂ ਆਪੇ ਹੌਲੀ ਹੌਲੀ ਜੋਰ ਕਰਵਾ ਲਊਂ।

ਸ਼ਾਮ ਨੂੰ ਮੇਰੇ ਕੋਲੋਂ ਵੱਡੀ ਕਹੀ ਨਾਲ ਅਖਾੜਾ ਗੁਡਵਾਉਣਾ। ਫਿਰ ਮੈਨੂੰ ਕਹਿਣਾ ਡੇਢ ਦੋ ਕੀਲੇ ਦੌੜ ਕੇ ਆ। ਮੈਂ ਭੱਜ ਕੇ ਆਉਣਾ। ਫਿਰ ਮੈਨੂੰ ਥੱਲੇ ਬਿਠਾ ਕੇ ਬਾਪੂ ਨੇ ਮੈਨੂੰ ਕੁੱਟਣ ਲੱਗ ਪੈਣਾ। ਜਦੋਂ ਉਹਨੇ ਥੱਕ ਜਾਣਾ, ਮੈਨੂੰ ਫਿਰ ਕਹਿਣਾ ਜਾਹ ਭੱਜ ਕੇ ਆ। ਤਦ ਤੱਕ ਉਹਨੇ ਸਾਹ ਲੈ ਲੈਣਾ। ਫਿਰ ਮੈਨੂੰ ਕੁੱਟਣ ਲੱਗ ਪੈਣਾ। ਡੇਢ ਦੋ ਮਹੀਨੇ ਮੇਰੇ ਜੋਰ ਕਰਾਏ ਏਦਾਂ ਬਾਪੂ ਨੇ। ਸੁੱਖੇ ਨੂੰ ਕਹਿਣਾ, ਬਚਾ ਕੇ ਰੱਖ ਰਹੇ ਆਂ, ਕਿਤੇ ਸੱਟ ਖਰਾਬ ਨਾ ਹੋ ਜਾਵੇ।

ਜਿਹੜੇ ਮੁੰਡੇ ਸੁੱਖੇ ਨਾਲ ਬਰਾਬਰ ਰਹਿੰਦੇ ਸੀ, ਪਟਿਆਲੇ ਕੰਨੀ ਦੇ, ਮੈਂ ਉਹਨਾਂ ਦੀ ਪੰਜ-ਸੱਤ ਮਿੰਟ ਵਿਚ ‘ਹਾਏਬੁਲਾ’ਤੀ।

ਬਾਹਰਲੇ ਭਲਵਾਨ ਵੀ ਕਹਿਣ ਲੱਗ ਪਏ ਬਈ ਬੁੱਧ ਤਕੜੈ।

ਮੈਂ ਸੁੱਖੇ ਲਈ ਬਦਾਮ ਰਗੜਨੇ।

ਪਹਿਲਾਂ ਸਵੇਰੇ ਉੱਠ ਕੇ ਇਹਨਾਂ ਨਾਲ ਮਿਹਨਤ ਕਰਨੀ। ਫਿਰ ਬਦਾਮ ਰਗੜ ਕੇ ਪਿਲਾਉਣੇ। ਫਿਰ ਮੈਂ ਸਾਈਕਲ ਚੁੱਕ ਕੇ ਮੁਰਗਾ ਲੱਭ ਕੇ ਲਿਆਉਣਾ। ਵੱਢ ਕੇ ਬਣਾ ਕੇ ਸ਼ਾਮ ਦੇ ਚਾਰ ਵਜੇ ਤੱਕ ਇਹਨਾਂ ਦੇ ਮੋਹਰੇ ਰੱਖ ਦੇਣਾ।

ਦੂਜੇ ਦਿਨ ਕੁਸ਼ਤੀਆਂ ਸੀ।

ਸ਼ਾਮ ਨੂੰ ਸੁੱਖਾ ਮੈਨੂੰ ਕਹਿਣ ਲੱਗਾ, ਦੋ ਹਜਾਰ ਡੰਡ ਲਾਉਣੇ ਆਂ ਲਗਾਤਾਰ। ਇੱਥੇ ਹੱਥ ਰੱਖ ਤੂੰ ਵੀ ਮੇਰੇ ਨਾਲ ਲਾਏਂਗਾ। ਮੈਂ ਹੱਥ ਰੱਖ ਦਿੱਤਾ। ਉਹਨੇ ਦੋ ਹਜਾਰ ਡੰਡ ਪੇਲਤੇ। ਮੈਨੂੰ ਕੀ ਪਤਾ ਸੀ ਬਈ ਇਹ ਚਾਲ ਖੇਲਦਾ। ਮੇਰੇ ਕੋਲੋਂ ਦੋ ਹਜ਼ਾਰ ਡੰਡ ਲਵਾ ਦਿੱਤੇ।

ਦੂਸਰੇ ਦਿਨ ਆਨੀ ਕਾਨੀ ਕਰਨ ਲੱਗ ਪਿਆ। ਕਹਿੰਦਾ, ਮੈਂ ਤਾਂ ਕੁਸ਼ਤੀਆਂ ’ਤੇ ਜਾਣਾ ਨਈਂ। ਮੈਂ ਕਿਹਾ, ਕਿਉਂ ਨਈਂ ਜਾਣਾ? ਤੇਰੀ ਕੁਸ਼ਤੀ ਤਾਂ ਫੱਤੇ ਨਾਲ ਬੰਨ੍ਹੀ ਹੋਈ ਐ। ਪਰ ਉਹ ਮੰਨਿਆ ਨਾ। ਮੈਂ ਲਾਉਂਦਾ ਸੀ ਅੱਠ ਨੌ ਸੌ ਹਜਾਰ ਡੰਡ। ਉੰਨੇ ਸਾਲੇ ਨੇ ਮੇਰੇ ਤੋਂ ਡਬਲ ਲਵਾ'ਤੇ। ਮੈਂ ਬਾਪੂ ਨੂੰ ਦੱਸਿਆ। ਬਾਪੂ ਕਹਿੰਦਾ, ਚਾਲ ਖੇਲ ਗਿਆ, ਸੁੱਖਾ, ਪਰ ਤੂੰ ਫਿਕਰ ਨਾ ਕਰ। ਬਾਪੂ ਨੇ ਮੇਰੀ ਮਾਲਸ਼ ਕੀਤੀ। ਗਰਮ ਪਾਣੀ ਨਾਲ ਨੁਹਾਇਆ।

ਮੇਰੀ ਪਹਿਲੀ ਕੁਸ਼ਤੀ ਸੀ, ਕਰਮੇ ਨਾਲ। ਕਰਮੇ ਨੇ ਮੈਨੂੰ ਦੋ ਕੁ ਵਾਰ ਫੜਿਆ। ਉਹਦੇ ਫੜਦੇ ਕਰਦੇ ਨੂੰ ਮੇਰਾ ਸਰੀਰ ਗਰਮ ਹੋ ਗਿਆ। ਗਰਮ ਹੋ ਕੇ ਖੁੱਲ੍ਹ ਗਿਆ। ਨੌ-ਦਸ ਮਿੰਟ ਸਾਡੀ ਕੁਸ਼ਤੀ ਹੋਈ। ਮੈਂ ਤੇਗਾ ਮਾਰਿਆ ਤੇ ਕਰਮੇ ਨੂੰ ਢਾਹ ਲਿਆ।

ਉਸ ਤੋਂ ਬਾਦ ਸੁੱਖਾ ਆਪੇ ਹੀ ਸਾਮਾਨ ਚੁੱਕ ਕੇ ਤੁਰ ਗਿਆ। ਹੁਣ ਸੁੱਖਾ ਰੱਬ ਨੂੰ ਪਿਆਰਾ ਹੋ ਗਿਐ।

**

ਹਾਰ ਵਿੱਚੋਂ ਨਿਕਲਦਾ ਜਿੱਤ ਦਾ ਰਾਹ

ਬੁੱਧ ਸਿੰਘ ਆਪਣੀ ਕਥਾ ਅੱਗੇ ਤੋਰਦਾ ਹੈ-

ਜਦੋਂ ਸੁੱਖਾ ਚਲਿਆ ਗਿਆ, ਅਸੀਂ ਪਿੰਡ ਹੀ ਜੋਰ ਕਰਦੇ ਹੁੰਦੇ ਸੀ। ਉਦੋਂ ਪੰਜਾਬ ਕੇਸਰੀ ਹੋਣੀ ਸੀ ਅੰਮ੍ਰਿਤਸਰ।

ਬਾਪੂ ਨੇ ਮੇਰਾ ਪੂਰਾ ਸਾਲ ਜੋਰ ਕਰਨ ’ਤੇ ਲਵਾਇਆ। ਸਪੈਸ਼ਲ ਖੁਰਾਕ।

ਬਾਪੂ ਹੋਰਾਂ ਦਾ ਇਕ ਦਾਦਾ ਗੁਰੂ ਹੁੰਦਾ ਸੀ, ਗੁਰਦਾਸ ਪਹਾੜੀਆ। ਉਹ ਰਿਹਾ ਸੀ ਗਾਮੇ ਪਹਿਲਵਾਨ ਨਾਲ। ਉਸਨੂੰ ਪਤਾ ਸੀ ਖੁਰਾਕ ਕਿਵੇਂ ਬਣਾਉਣੀ ਤੇ ਖੁਆਉਣੀ ਐ। ਮੁਰਗਾ ਤਾਂ ਖਾਣਾ ਈ ਹੁੰਦਾ ਸੀ। ਬਾਪੂ ਤਾਂ ਬਸ ਘਿਉ ਦਾ ਕੌਲਾ ਗਰਮ ਕਰਕੇ ਹੀ ਪਿਲਾਉਣਾ ਜਾਣਦਾ ਸੀ।

ਗੁਰਦਾਸ ਪਹਾੜੀਆ ਰਾਬੜੀ ਬਣਾਉਂਦਾ। ਪਹਿਲਾਂ ਘਿਉ ਪਾਉਂਦਾ। ਫਿਰ ਬਦਾਮ ਰਗੜ ਕੇ, ਛਿਲਕਾ ਲਾਹ ਕੇ ਵਿਚ ਭੁੰਨਦਾ। ਫਿਰ ਦੁੱਧ ਪਾਈ ਜਾਣਾ, ਰਿੰਨ੍ਹੀ ਜਾਣਾ ਤੇ ਕੜਛੀ ਫੇਰੀ ਜਾਣੀ। ਪਹਿਲਾਂ ਖੁਰਾਕ ਥੋੜ੍ਹੀ ਥੋੜ੍ਹੀ ਦਿੰਦਾ ਸੀ। ਹੌਲੀ ਹੌਲੀ ਮਾਤਰਾ ਵਧਾ ਦਿੱਤੀ। ਮੇਰੇ ਅੰਦਰ ਤਾਕਤ ਵਧਦੀ ਗਈ।

ਬਜ਼ੁਰਗ ਨੂੰ ਲੱਗਿਆ ਬਈ ਮੈਂ ਤਕੜਾ ਹੋ ਗਿਆਂ। ਉਹ ਮੈਨੂੰ ਅੰਮ੍ਰਿਤਸਰ ‘ਪੰਜਾਬ ਕੇਸਰੀਲੜਾਉਣ ਲੈ ਗਏ। ਉੱਥੇ ਵਿਜੇ ਸੀ, ਕਰਤਾਰ ਸੀ। ਮੈਂ ਅਜੇ ਹਲਕਾ ਸੀ।

ਬਾਪੂ ਕਹਿੰਦਾ ਸੀ, ਤੈਨੂੰ ਲੜਾ ਕੇ ਦੇਖਣਾ। ਜੇ ਢਹਿ ਵੀ ਗਿਆ ਕੋਈ ਗੱਲ ਨਈਂ। ਬਸ ਦੇਖਣਾ ਈ ਐ ਤੂੰ ਲੜਦਾ ਕਿਵੇਂ ਐਂ?

ਇਕ ਸਰਲਾ ਸਰਲਾ ਪਹਿਲਵਾਨ ਸੀ। ਮੇਰੀ ਕੁਸ਼ਤੀ ਉਹਦੇ ਨਾਲ ਪੈ ਗਈ। ਕੁਸ਼ਤੀ ਸ਼ੁਰੂ ਹੋਈ। ਮੈਂ ਉਹਦੀਆਂ ਬਗਲਾਂ ਨੂੰ ਪਿਆ। ਉਹਨੇ ਮਾਰੀ ਲੱਤ, ਮੈਂ ਢਹਿ ਗਿਆ।

ਵਾਪਸ ਘਰ ਨੂੰ ਮੁੜ ਆਏ।

ਫੱਤਾ ਧਲੇਤੇ ਵਾਲਾ ਬਹੁਤ ਸਿਆਣਾ ਪਹਿਲਵਾਨ ਸੀ। ਉਹਨੇ ਬਾਪੂ ਨੂੰ ਕਿਹਾ ਬਈ ਬੁੱਧ ਦੇ ਜੋਰ ਬਹੁਤ ਨਰਮ ਹੁੰਦੇ ਨੇ। ਸਾਡੇ ਨਾਲ ਜਦੋਂ ਜੋਰ ਕਰਦਾ ਢਿੱਲਾ ਢਿੱਲਾ ਕਰਦਾ। ਇਹਦੇ ਵਿਚ ਉਹ ਕੜ ਨਈਂ ਆਇਆ ਹਾਲੇ। ਢਿੱਲਾ ਜੋਰ ਕਰਦੈ, ਢਿੱਲਾ ਹੀ ਲੜਦੈ, ਤਾਂ ਹੀ ਇਹਦੇ ਢਿੱਲੇ ਦੇ ਸਰਲੇ ਨੇ ਲੱਤ ਮਾਰੀ ਤਾਂ ਇਹ ਢਹਿ ਗਿਆ। ਜੇ ਇਹਨੂੰ ਕੁਛ ਬਣਾਉਣਾ ਤਾਂ ਇਹਨੂੰ ਦਿੱਲੀ ਵਾੜ।

ਫੱਤੇ ਧਲੇਤੇ ਵਾਲੇ ਦੀ ਸਲਾਹ ਮੰਨ ਕੇ ਬਾਪੂ ਚਲਾ ਗਿਆ ਦਿੱਲੀ ਨੂੰ।

ਬਾਪੂ ਪਹਿਲਾਂ ਗਿਆ ਹਨੂੰਮਾਨ ਦੇ ਅਖਾੜੇ ਵਿਚ। ਬਾਪੂ ਕਹਿੰਦਾ, ਉੱਥੇ ਬੈਠੇ ਸੀ ਕਰਤਾਰ, ਸੁਖਚੈਨ, ਸੱਤਪਾਲ ਤੇ ਕ੍ਰਿਸ਼ਨ ਆਗਰੇ ਵਾਲਾ। ਇਹ ਚਾਰੇ ਮੁੰਡੇ ਤਕੜੇ ਸੀ।

ਬਾਪੂ ਕਹਿੰਦਾ, ਮੈਂ ਸੋਚਿਆ, ਜੇ ਬੁੱਧ ਨੂੰ ਇੱਥੇ ਛੱਡਤਾ ਤਾਂ ਲੜਨਾ ਕਿਹਦੇ ਨਾਲ ਐ। ਲੜਨ ਵਾਲੇ ਤਾਂ ਚਾਰੇ ਇੱਥੇ ਬੈਠੇ ਐ। ਜੇ ਬੁੱਧ ਇਹਨਾਂ ਵਿਚ ਬੈਠ ਗਿਆ, ਉੰਨੇ ਪੰਜਵਾਂ ਹੀ ਰਹਿ ਜਾਣਾ।

ਬਾਪੂ ਨੇ ਬਦਰੀ ਦਾ ਅਖਾੜਾ ਵੀ ਦੇਖਿਆ। ਉੱਥੇ ਆਨੰਦ ਰਾਏ ਹੁੰਦਾ ਸੀ, ਬਿੱਲਾ ਅੰਮ੍ਰਿਤਸਰੀਆ ਹੁੰਦਾ ਸੀ।

ਇਕ ਮੁੰਡਾ ਦਿੱਲੀ ਲਾਗੇ ਦਾ ਸੀ ਅਨੂਪ। ਉਸ ਤੋਂ ਸੂਹ ਮਿਲੀ ਕਿ ਇਕ ਅਖਾੜਾ ਮਾਸਟਰ ਚਾਂਦਗੀ ਰਾਮ ਨੇ ਨਵਾਂ ਖੋਲ੍ਹਿਆ। ਮਾਸਟਰ ਜੀ ਰਿਟਾਇਰ ਹੋ ਗਏ ਸੀ। ਪਰ ਉਹਨਾਂ ਨੇ ਚੈਲਿੰਜ ਵੀ ਕਰ ਦਿੱਤਾ ਸੀ, ਜਿਹੜਾ ‘ਭਾਰਤ ਕੇਸਰੀਬਣੂੰਗਾ, ਮੈਂ ਉਹਦੇ ਨਾਲ ਲੜੂੰਗਾ।

ਬਾਪੂ ਮਾਸਟਰ ਚਾਂਦਗੀ ਰਾਮ ਦੇ ਅਖਾੜੇ ਵਿੱਚ ਚਲਿਆ ਗਿਆ। ਉੱਥੇ ਕੋਈ ਮੁੰਡਾ ਚੰਗਾ ਜਾਂ ਨਾਮੀ ਹੈ ਨਹੀਂ ਸੀ।

ਪਿੰਡ ਆ ਕੇ ਬਾਪੂ ਮੈਨੂੰ ਕਹਿੰਦਾ, ਬਿਸਤਰਾ ਬੰਨ੍ਹ ਲੈ। ਦਿੱਲੀ ਚੱਲਣੈਂ ਆਪਾਂ ਨੇ

ਇਹ 1976 ਦੀ ਗੱਲ ਐ। ਮੈਨੂੰ ਬੱਸ ਵਿਚ ਬਿਠਾ ਲਿਆ। ਅੱਠ ਦਸ ਘੰਟੇ ਲੱਗੇ ਦਿੱਲੀ ਜਾਣ ਨੂੰ। ਮੀਂਹ ਪਵੇ। ਮੈਂ ਸੋਚਾਂ ਏਨੀ ਦੂਰ ਕਿੱਥੇ ਆ ਗਏ? ਘਰ ਮੁੜ ਕੇ ਕਿੱਦਾਂ ਜਾਇਆ ਕਰਾਂਗੇ?

**

ਪੰਜਾਬ ਕੇਸਰੀ

ਉੱਥੇ ਇਕ-ਡੇਢ ਮਹੀਨਾ ਜੋਰ ਕੀਤਾ। ਸ਼ਾਇਦ ਫਰਵਰੀ ਦੀ ਗੱਲ ਐ। ਮਾਰਚ ਵਿਚ ਹੁੰਦੀ ਐ ਆਨੰਦਪੁਰ ਸਾਹਿਬ ‘ਪੰਜਾਬ ਕੇਸਰੀ', ਹੋਲੇ-ਮਹੱਲੇ ’ਤੇ। ਉੱਥੇ ਮੇਰੀ ਕੁਸ਼ਤੀ ਹੋਈ, ਫੱਤੇ ਆਲਮਗੀਰੀਏ ਨਾਲ।

ਫੱਤਾ ਆਲਮਗੀਰੀਆ ਮਿੱਟੀ ਦਾ ਲੜਾਕਾ ਸੀ। ਬਾਪੂ ਨੂੰ ਇਸ ਗੱਲ ਦਾ ਪਤਾ ਸੀ। ਦੋ ਦਿਨ ਪਹਿਲਾਂ ਕੁਸ਼ਤੀਆਂ ਸੀ ਸਲਾਣੇ। ਮੈਂ ਬਾਪੂ ਨੂੰ ਕਿਹਾ ਸੀ ਬਈ ਮੈਂ ਸਲਾਣੇ ਫੱਤੇ ਨਾਲ ਲੜਨੈਂ।

ਬਾਪੂ ਕਹਿੰਦਾ, ਨਈਂ ਇੱਥੇ ਨਈਂ ਲੜਨਾ। ਇਹਦੇ ਨਾਲ ਤੈਨੂੰ ਮੈਟ ’ਤੇ ਲੜਾਵਾਂਗੇ। ਜੇ ਮਿੱਟੀ ਵਿੱਚ ਲੜਾਇਆ, ਇਹ ਤੇਰੇ ਨਾਲੋਂ ਤਕੜੈ, ਤੈਨੂੰ ਢਾਹ ਸਕਦੈ।

ਇਕ ਪਾਥਲੇ ਵਾਲਾ ਭਜੀ ਹੁੰਦਾ ਸੀ। ਬਹੁਤ ਤਕੜਾ। ਲੜਨ ਨੂੰ ਖਰਾ ਸੀ। ਉਹਨੇ ਮੇਰੇ ਨਾਲ ਜੋਰ ਕੀਤੇ। ਜੋਰ ਕਰਦੇ ਨੇ ਮੈਨੂੰ ਹਿਲਾ-ਹਿਲੂ ਕੇ ਦੇਖਿਆ, ਪਤਾ ਨਹੀਂ ਉਸ ਨੇ ਕੀ ਜੱਜਮੈਂਟ ਕੀਤੀ ਹੋਊ। ਕਹਿਣ ਲੱਗਾ, ਤੈਨੂੰ ਫੱਤੇ ਨਾਲ ਲੜਾਵਾਂਗੇ, ਪੰਜਾਬ ਕੇਸਰੀ ਵਿਚ।

ਪਹਿਲਾਂ ਨਿੱਕੀਆਂ ਨਿੱਕੀਆਂ ਕੁਸ਼ਤੀਆਂ ਹੁੰਦੀਆਂ ਰਹੀਆਂ। ਮੈਂ ਉਹ ਕੁਸ਼ਤੀਆਂ ਜਿੱਤੀ ਗਿਆ ਸੀ। ਫਿਰ ਫੱਤੇ ਦੀ ਵਾਰੀ ਆ ਗਈ। ਫੱਤਾ ਤਕੜਾ ਸੀ। ਮੈਂ ਲੜਿਆ ਬਚ ਬਚ ਕੇ। ਕਿਨਾਰੇ ’ਤੇ ਰਿਹਾ। ਮੈਂ ਉਹਨੂੰ ਰੋਕਦਾ ਹੀ ਰਿਹਾ। ਪੰਜ-ਪੰਜ ਮਿੰਟ ਦੇ ਦੋ ਰਾਊਂਡ ਸੀ ਉਸ ਦਿਨ।

ਫੱਤਾ ਮੈਨੂੰ ਫੜੇ, ਮੈਂ ਡਿਫ਼ੈਂਸ ਜਿਹਾ ਕਰਕੇ ਨਿਕਲ ਜਾਵਾਂ। ਮੈਂ ਕੋਨੇ ’ਤੇ ਰਿਹਾ, ਜਦੋਂ ਮੈਨੂੰ ਲੱਗੇ, ਇਹ ਮੈਨੂੰ ਫੜਨ ਲੱਗਿਆ, ਮੈਂ ਦੂਸਰੇ ਪਾਸੇ ਹੋ ਜਾਵਾਂ ਮਾੜਾ ਜਿਹਾ। ਅਖੀਰ ਨੂੰ ਜਦੋਂ ਰਾਊਂਡ ਖਤਮ ਹੋਣ ਲੱਗਾ ,ਫੱਤੇ ਨੇ ਮੈਨੂੰ ਫੜ ਹੀ ਲਿਆ। ਜਦੋਂ ਲੱਗਿਆ ਮੈਨੂੰ ਬਿਠਾਉਣ, ਮੈਂ ਰੂਮ ਮਾਰਤਾ। ਮੈਂ ਰੂਮ ਮਾਰਿਆ ਤੇ ਮੈਂ ਉੱਤੇ ਆ ਗਿਆ। ਮੇਰਾ ਪੁਆਇੰਟ ਬਣ ਗਿਆ। ਫੱਤਾ ਓਦਾਂ ਹੀ ਅੱਧਾ ਹੋ ਗਿਆ ਬਈ ਬੁੱਧ ਪੁਆਇੰਟ ਲੈ ਗਿਆ। ਦੂਸਰੇ ਰਾਊਂਡ ਵਿਚ ਮੈਂ ਪੰਜਾ ਪਾ ਕੇ ਖੜ੍ਹ ਗਿਆ। ਮੈਂ ਖੜ੍ਹਾ ਰਿਹਾ। ਮੈਨੂੰ ਕੀ ਤਕਲੀਫ਼ ਸੀ, ਮੇਰਾ ਤਾਂ ਪੁਆਇੰਟ ਬਣਿਆ ਹੋਇਆ ਸੀ। ਮੈਂ ਫੱਤੇ ਨੂੰ ਜਿੱਤ ਲਿਆ।

ਤੇ ਫਾਈਨਲ ਵਿਚ ਕੁਸ਼ਤੀ ਆ ਗਈ ਕਾਲੇ ਅੰਮ੍ਰਿਤਸਰੀਏ ਨਾਲ। ਕਾਲੇ ਨਾਲ ਕੁਸ਼ਤੀ ਹੋਈ ਐਨ ਬਰਾਬਰ। ਕਿਸੇ ਦਾ ਕੋਈ ਪੁਆਇੰਟ ਨਾਲ ਬਣਿਆ। ਉੱਥੇ ਪਈ ਟਾਸ ਤੇ ਮੈਂ ‘ਪੰਜਾਬ ਕੇਸਰੀਬਣ ਗਿਆ।

ਬੁੱਧ ਯਾਦ ਕਰਦਾ ਕਹਿੰਦਾ ਹੈ-1975 ਵਿਚ ਮੈਂ ‘ਪੰਜਾਬ ਕੁਮਾਰਬਣਿਆ ਸੀ। ਉਹ ਵੀ ਆਨੰਦਪੁਰ ਸਾਹਿਬ ਹੀ ਕੁਸ਼ਤੀਆਂ ਹੋਈਆਂ ਸਨ। ਉਦੋਂ ਬਲਬੀਰ ਨੂੰ ਢਾਹਿਆ ਸੀ। ਬਲਬੀਰ ਹੁਣ ਵੈਨਕੂਵਰ ਰਹਿੰਦਾ।

**

ਫੱਤੇ ਨਾਲ ਮਿੱਟੀ ਵਿਚ ਕੁਸ਼ਤੀ

ਆਪਣੀ ਜ਼ਿੰਦਗੀ ਦੇ ਸਿਖਰ ਦੇ ਦਿਨਾਂ ਦੀ ਯਾਦ ਵਿਚ ਗੁਆਚਾ ਬੁੱਧ ਸਿੰਘ ਗੱਲ ਅੱਗੇ ਤੋਰਦਾ ਹੈ-

'ਪੰਜਾਬ ਕੇਸਰੀਬਣਨ ਤੋਂ ਬਾਦ ਮੈਂ ਫਿਰ ਦਿੱਲੀ ਚਲਾ ਗਿਆ।

ਖਾਣ-ਪੀਣ ਦਾ ਕਿਵੇਂ ਚੱਲਦਾ ਸੀ? ਪੁੱਛਣ ’ਤੇ ਬੁੱਧ ਸਿੰਘ ਨੇ ਦੱਸਿਆ-

ਜਦੋਂ ਤੱਕ ਦਾਦੀ ਜਿਊਂਦੀ ਰਹੀ ਘਿਉ ਮੁੱਲ ਨਹੀਂ ਸੀ ਲਿਆ। ਪੰਦਰਾਂ-ਵੀਹਾਂ ਦਿਨਾਂ ਬਾਦ ਪੀਪਾ ਪਿੰਡੋਂ ਆ ਜਾਂਦਾ ਸੀ। ਰੋਟੀ ਪਾਣੀ ਤਾਂ ਖਰਚ ਆਪਣਾ ਆਪਣਾ ਸੀ। ਮਾਸਟਰ ਜੀ ਹੋਰਾਂ ਨੇ ਅਖਾੜੇ ਵਿਚ ਜਗ੍ਹਾ ਦਿੱਤੀ ਸੀ ਸਿਰਫ। ਚਾਹੇ ਕਮਰਾ ਦੇਣ ਚਾਹੇ ਟੈਂਟ ਲਾ ਕੇ ਰਹੀਏ। ਓਦਾਂ ਕੋਈ ਚਾਰਜ ਨਈਂ। ਉਹਨਾਂ ਨੂੰ ਇਕੋ ਇਕ ਜਨੂੰਨ ਸੀ, ਵਧੀਆ ਪਹਿਲਵਾਨ ਪੈਦਾ ਕਰਨ ਦਾ।

ਦਿੱਲੀ ਪਹਿਲਾਂ ਤਾਂ ਮੈਂ ਇਕੱਲਾ ਹੀ ਰਿਹਾ। ਜਦੋਂ ਮੈਂ ‘ਪੰਜਾਬ ਕੇਸਰੀਬਣ ਗਿਆ ਮੈਂ ਇਕ ਖਾਣਾ ਬਣਾਉਣ ਵਾਲਾ ਰੱਖ ਲਿਆ, ਸ਼ੇਰ ਖਾਨ, ਕੋਟਲੇ ਦਾ। ਉਹਨੇ ਮੇਰਾ ਕਈ ਸਾਲ ਖਾਣਾ ਬਣਾਇਆ।

'ਪੰਜਾਬ ਕੇਸਰੀਬਣਨ ਤੋਂ ਬਾਦ ਬਜ਼ੁਰਗ ਨੇ ਮੈਨੂੰ ਛੇ ਮਹੀਨੇ ਪਿੰਡ ਨਹੀਂ ਆਉਣ ਦਿੱਤਾ। ਮੈਨੂੰ ਹੋਰ ਮਿਹਨਤ ਕਰਨ ’ਤੇ ਜੋਰ ਪਾਇਆ।

ਬਜ਼ੁਰਗ ਕਹਿੰਦਾ ਸੀ, ਤੂੰ ਮੈਟ ’ਤੇ ਲੜਿਆਂ ਫੱਤੇ ਆਲਮਗੀਰੀਏ ਨਾਲ। ਮਿਹਨਤ ਕਰ, ਤੈਨੂੰ ਮਿੱਟੀ ਵਿਚ ਲੜਾਉਣਾ ਫੱਤੇ ਨਾਲ। ਕੁਸ਼ਤੀ ਸਮਰਾਲੇ ਹੋਣੀ ਸੀ। ਉੱਥੇ ਮੇਲਾ ਹੁੰਦਾ।

ਜੋਰ ਮੇਰੇ ਮਾਸਟਰ ਜੀ ਨਾਲ ਹੁੰਦੇ ਸੀ ਤਕੜੇ। ਮਾਸਟਰ ਜੀ ਨੇ ਮੈਨੂੰ ਫੜਨਾ। ਓਹਨੇ ਮੈਨੂੰ ਢਾਹੁਣ ਦੀ ਕੋਸ਼ਿਸ਼ ਕਰਨੀ। ਮੈਂ ਕੋਸ਼ਿਸ਼ ਕਰਨੀ ਬਈ ਥੱਲਿਓਂ ਨਿਕਲ ਜਾਵਾਂ। ਨਿਕਲ ਕੇ ਆਦਰ ਵਜੋਂ ਕਹਿਣਾ- ਗੁਰੂ ਜੀ ਬਸ। ਜਦੋਂ ਬਸ ਕਹਿਣਾ, ਉਹਨੇ ਪੱਟਾਂ ਤੋਂ ਫੜ ਕੇ ਮੈਨੂੰ ਫਿਰ ਸੁੱਟ ਲੈਣਾ। ਉਹਦੀ ਕੋਸ਼ਿਸ਼ ਹੁੰਦੀ ਸੀ, ਬੁੱਧ ਨੂੰ ਢਾਹ ਕੇ ਹਟਣਾ। ਮੇਰੀ ਕੋਸ਼ਿਸ਼ ਹੁੰਦੀ ਸੀ ਢਹਿਣਾ ਨਹੀਂ। ਏਦਾਂ ਕਰਦੇ ਕਰਦੇ ਮੇਰਾ ਪੱਟਾਂ ਦਾ ਜੋਰ ਪੂਰਾ ਲੱਗ ਗਿਆ।

ਮੈਂ ਸਮਰਾਲੇ ਆਇਆ ਫੱਤੇ ਨਾਲ ਲੜਨ। ਮਿੱਟੀ ਵਿਚ ਸਾਡੀ ਕੁਸ਼ਤੀ ਹੋਈ। ਅਗਸਤ ਦਾ ਮਹੀਨਾ ਸੀ। ਫੱਤੇ ਨੇ ਮੈਨੂੰ ਚਾਰ-ਪੰਜ ਵਾਰ ਫੜਿਆ। ਮੈਂ ਨਿਕਲ ਗਿਆ। ਉੱਥੇ ਸਾਡੀ ਪੈਂਤੀ-ਚਾਲੀ ਮਿੰਟ ਕੁਸ਼ਤੀ ਚੱਲੀ। ਫੱਤਾ ਮੈਨੂੰ ਫੜੀ ਜਾਵੇ ਤੇ ਮੈਂ ਨਿਕਲੀ ਜਾਵਾਂ। ਅਖੀਰ ਫੱਤੇ ਨੇ ਹੱਥ ਖੜ੍ਹੇ ਕਰ ਦਿੱਤੇ।

ਫੱਤੇ ਦਾ ਪਿਉ ਪੂਰਨ ਵੀ ਚੰਗਾ ਪਹਿਲਵਾਨ ਸੀ। ਮੈਨੂੰ ਬਾਦ ਵਿਚ ਪਤਾ ਲੱਗਾ, ਉਹਨੇ ਫੱਤੇ ਨੂੰ ਕਹਿ ਦਿੱਤਾ ਸੀ ਬਈ ਮੁੜ ਕੇ ਬੁੱਧ ਨਾਲ ਕੁਸ਼ਤੀ ਨਾ ਲੜੀਂ, ਮਰੇਂਗਾ। ਉਸ ਤੋਂ ਬਾਦ ਉਹ ਮੇਰੇ ਲਾਗੇ ਨਈਂ ਲੱਗਾ।

ਹਾਂ, ਇਕ ਮਜ਼ੇਦਾਰ ਗੱਲ, ਓਦਣ ਫੱਤੇ ਨੇ ਇਕ ਬੰਦਾ ਘੱਲ ਦਿੱਤਾ ਬਈ ਦੇਖੋ ਬੁੱਧ ਸਵੇਰ ਨੂੰ ਉੱਠ ਕੇ ਕੀ ਕਰੂਗਾ ਅੱਜ। ਮੈਂ ਸਵੇਰੇ ਉੱਠਿਆ ਉਸੇ ਟਾਈਮ। ਸਵੇਰ ਦੇ ਕਾਰ-ਵਿਹਾਰ ਨਿਬੇੜ ਕੇ ਫਿਰ ਬੈਠਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਾ ਓਧਰ ਫੱਤੇ ਨੂੰ ਬੁਖਾਰ ਚੜ੍ਹਿਆ ਹੋਇਆ ਸੀ।

**

ਮਿਹਰਦੀਨ ਨਾਲ ਕੁਸ਼ਤੀ

ਸਮਰਾਲੇ ਦੇ ਦੰਗਲਾਂ ਨੂੰ ਬੁੱਧ ਸਿੰਘ ਬਹੁਤ ਯਾਦ ਕਰਦਾ ਹੈ। ਉਸ ਨੂੰ ਕੋਈ ਅਭੁੱਲ ਯਾਦ ਤਾਜ਼ਾ ਕਰਨ ਲਈ ਕਿਹਾ ਤਾਂ ਆਦਤਨ ਹਲਕਾ ਜਿਹਾ ਮੁਸਕਰਾ ਕੇ ਬੁੱਧ ਸਿੰਘ ਬੋਲਿਆ-

ਲਓ ਅਭੁੱਲ ਯਾਦ ਵੀ ਸੁਣਾ ਦਿੰਦੇ ਆਂ। ਮਿਹਰਦੀਨ ਹਰ ਸਾਲ ਸਮਰਾਲੇ ਜਾਂਦਾ ਹੁੰਦਾ ਸੀ। ਭਾਵੇਂ ਉਹ ਕਿਤੇ ਵੀ ਗਿਆ ਹੋਵੇ, ਸਮਰਾਲੇ ਕੁਸ਼ਤੀਆਂ ’ਤੇ ਉਹ ਜਰੂਰ ਪਹੁੰਚਦਾ ਸੀ। ਅਸੀਂ ਵੀ ਦਿੱਲੀਓਂ ਗਏ ਸੀ। ਮਿਹਰਦੀਨ ਜਦੋਂ ਵੀ ਮਿਲਦਾ ਸੀ, ਬੜਾ ਖੁਸ਼ ਹੋ ਕੇ ਮਿਲਦਾ ਸੀਉਹਨੀਂ ਦਿਨੀਂ ਸ਼ਾਇਦ ਬਾਪੂ ਨਾਲ ਨਰਾਜ਼ ਸੀ, ਬਾਪੂ ਨਾਲ ਹੱਸ ਕੇ ਨਾ ਬੋਲਿਆ।

ਇਕ ਗੁਰਮੇਲ ਹੁੰਦਾ ਸੀ ਨਵੇਂ ਪਿੰਡੀਆ। ਬਾਪੂ ਦੇ ਨਾਲ ਰਹਿੰਦਾ ਸੀ। ਉਹ ਵੀ ਭਲਵਾਨ ਸੀ। ਸਾਡੇ ਖੂਹ ’ਤੇ ਰਹਿੰਦਾ ਸੀ। ਉਹਨੇ ਵੀ ਮੇਰੀ ਬਹੁਤ ਸੇਵਾ ਕੀਤੀ ਸੀ। ਉਹ ਮੇਰੇ ਕੋਲ ਆ ਕੇ ਕਹਿਣ ਲੱਗਾ- ਅੱਜ ਤਾਂ ਬਈ ਮਿਹਰਦੀਨ ਤੇਰੇ ਨਾਲ ਲੜੂਗਾ। ਮੈਂ ਪੁੱਛਿਆ ਤੈਨੂੰ ਕਿੱਦਾਂ ਪਤਾ? ਗੁਰਮੇਲ ਕਹਿਣ ਲੱਗਾ- ਦੇਖਿਆ ਨਈਂ ਬਾਪੂ ਨਾਲ ਹੱਸ ਕੇ ਨਈਂ ਬੋਲਿਆ। ਮੈਂ ਕਿਹਾ- ਕੋਈ ਗੱਲ ਨਈਂ, ਦੇਖ ਲਵਾਂਗੇ।

ਅਸੀਂ ਬਹਿ ਗਏ। ਦੂਜੇ ਪਾਸੇ ਮਿਹਰਦੀਨ ਹੋਰੀਂ ਬਹਿ ਗਏ। ਮੈਂ ਸੋਚਿਆ, ਬਈ ਮਿਹਰਦੀਨ ਬਜ਼ੁਰਗ ਆਦਮੀ ਐਜੇ ਉਹ ਝੰਡੀ ਉੱਤੇ ਆ ਗਿਆ ਤੇ ਉਹਦੇ ਉੱਤੇ ਮੈਂ ਗਿਆ ਤਾਂ ਸਾਰਿਆਂ ਨੂੰ ਬੁਰਾ ਲੱਗੂਗਾ। ਮੈਂ ਤਾਏ ਗੁਰਮੇਲ ਨੂੰ ਕਿਹਾ- ਝੰਡੀ ’ਤੇ ਮੈਂ ਜਾਨਾਂ। ਜੇ ਪਹਿਲਾਂ ਮਿਹਰਦੀਨ ਆ ਗਿਆ ਫਿਰ ਮੈਥੋਂ ਨਈਂ ਜਾਇਆ ਜਾਣਾ।

ਮੈਂ ਜਾ ਕੇ ਝੰਡੀ ’ਤੇ ਖੜ੍ਹ ਗਿਆ। ਓਧਰੋਂ ਮਿਹਰਦੀਨ ਆ ਗਿਆ ਲਲਕਾਰੇ ਮਾਰਦਾ। ਉਹਦੇ ਆਉਂਦੇ ਸਾਰ ਹੀ ਮੈਂ ਉਹਦੇ ਗੋਡੀਂ ਹੱਥ ਲਾ ਦਿੱਤਾ। ਮੈਂ ਕਿਹਾ- ਭਲਵਾਨ ਜੀ, ਆਪਾਂ ਕੀ ਆਪਸ ਵਿਚ ਲੜਨਾ, ਕਿਸੇ ਹੋਰ ਨੂੰ ਲੜ ਲੈਣ ਦਿਉ।

ਉਹ ਭਾਈ ਮੁੜ ਗਿਆ ਪਿੱਛੇ। ਜਦੋਂ ਜਾ ਕੇ ਬੈਠਣ ਲੱਗਿਆ, ਜਿਹੜੇ ਆਏ ਸੀ ਨਾਲ, ਉਹ ਕਿਤੇ ਟਿਕਣ ਦਿੰਦੇ ਐ। ਬੈਠਦਾ ਬੈਠਦਾ ਉਹ ਫਿਰ ਉੱਠ ਪਿਆ ਤੇ ਲੰਗੋਟਾ ਲਾਉਣ ਲੱਗ ਪਿਆ। ਉਹਨੂੰ ਦੇਖ ਕੇ ਮੈਂ ਵੀ ਲੰਗੋਟਾ ਲਾ ਲਿਆ।

ਸਾਡੀ ਕੁਸ਼ਤੀ ਸ਼ੁਰੂ ਹੋ ਗਈ। ਥੋੜ੍ਹੀਆਂ ਖਿੱਚਾਂ-ਖੁੱਚਾਂ ਜਿਹੀਆਂ ਮਾਰੀਆਂ ਉਹਦੇ। ਉਹਨੇ ਖਿੱਚਾਂ ਮਾਰੀਆਂ ਤਾਂ ਮੈਂ ਮੁਲਤਾਨੀ ਮਾਰ ਕੇ ਵੱਖੀ ਖਿੱਚ ਲਈ। ਉਹ ਥੱਲੇ ਗਿਰ ਗਿਆ। ਮੈਂ ਉੱਤੋਂ ਫੜ੍ਹਨ ਲੱਗਿਆ, ਉਹ ਜਲਦੀ ਨਾਲ ਨਿਕਲ ਗਿਆ। ਨਿਕਲਦੇ ਸਾਰ ਹੀ ਹੱਥ ਖੜ੍ਹੇ ਕਰ ਦਿੱਤੇ ਓਹਨੇ। ਕਹਿੰਦਾ-ਬਸ। ਥੱਕ ਗਿਆ ਸੀ ਉਹ। ਫਿਰ ਉੰਨੇ ਨਾਲ ਦਿਆਂ ਨੂੰ ਗਾਲਾਂ ਕੱਢੀਆਂ। ਕਹਿੰਦਾ-ਸਾਲਿਓ ਬੁੱਧ ਨੇ ਮੇਰੀ ਇੱਜ਼ਤ ਕੀਤੀ ਤੇ ਤੁਸੀਂ ਮੈਨੂੰ ਮਰਵਾਇਆ।

ਕਹਾਣੀ ਸੁਣਾ ਕੇ ਬੁੱਧ ਖਿੜਖਿੜਾ ਕੇ ਹੱਸਿਆ।

**

ਪੁਲਿਸ ਵਿਚ ਭਰਤੀ

ਬੁੱਧ ਸਿੰਘ ਪਹਿਲਵਾਨ ਦੇ ਨਾਮ ਦੀ ਚਰਚਾ ਆਮ ਹੋ ਗਈ ਸੀ।

ਉਸਦੀ ਕੁਸ਼ਤੀ ਇਰਾਨੀ ਨਾਲ ਜਲੰਧਰ ਹੋਈ। ਇਸ ਕੁਸ਼ਤੀ ਦਾ ਪ੍ਰਸਾਰਣ ਟੀ ਵੀ ’ਤੇ ਹੋਇਆ ਸੀ। ਇਹ ਕੁਸ਼ਤੀ ਬੁੱਧ ਹਾਰ ਗਿਆ ਸੀ।

ਇਸ ਕਹਾਣੀ ਨੂੰ ਬੁੱਧ ਸਿੰਘ ਨੇ ਬਿਆਨ ਕੀਤਾ-

ਈਰਾਨੀ ਵਰਲਡ ਚੈਂਪੀਅਨ ਸੀ। ਦਰਸ਼ਕ ਸਾਹ ਰੋਕੀ ਸਾਡਾ ਮੁਕਾਬਲਾ ਦੇਖ ਰਹੇ ਸੀ। ਮੈਂ ਲੀਡ ਕਰ ਰਿਹਾ ਸੀਮੈਂ ਈਰਾਨੀ ਨੂੰ ਖਿੱਚ ਰਿਹਾ ਸੀ। ਮੇਰਾ ਸਟੈਮਨਾ ਕਿੱਥੋਂ ਮੁੱਕਣ ਵਾਲਾ ਸੀ! ਬਾਪੂ ਨੇ ਮੈਨੂੰ ਚੰਡਿਆ ਹੋਇਆ ਹੀ ਇੰਨਾ ਸੀ, ਮਿਹਨਤ ਕਰਵਾ ਕਰਵਾ ਕੇ। ਈਰਾਨੀ ਮੇਰੀਆਂ ਬਗਲਾਂ ਭਰ ਰਿਹਾ ਸੀ। ਮੈਂ ਉਹਨੂੰ ਤੋੜ ਕੇ ਪਿੱਛੇ ਕਰ ਦਿੰਦਾ। ਮੁੜ ਕੇ ਫਿਰ ਖਿੱਚਣਾ ਸ਼ੁਰੂ ਕਰ ਦਿੰਦਾ। ਕੁਸ਼ਤੀ ਮੁੱਕਣ ਵਿਚ ਸਕਿੰਟ ਸਾਰੇ ਤੀਹ ਰਹਿੰਦੇ ਸੀ। ਮੈਨੂੰ ਕੀ, ਸਾਰੇ ਦੇਖਣ ਵਾਲਿਆਂ ਨੂੰ ਪੂਰੀ ਉਮੀਦ ਸੀ ਬਈ ਕੁਸ਼ਤੀ ਮੈਂ ਲੈ ਜਾਣੀ ਐਂ। ਪਰ ਕਿਸਮਤ ਕਹਿ ਲਉ, ਮੇਰਾ ਭੋਲਾਪਨ ਕਹਿ ਲਓ ਜਾਂ ਮੈਂ ਇਹ ਕੁਸ਼ਤੀ ਜਿੱਤਣੀ ਹੀ ਨਹੀਂ ਸੀ।  ਮਾਸਟਰ ਚਾਂਦਗੀ ਰਾਮ ਨੇ ਕਹਿ ਕਹਿ ਕੇ ਮੇਰੇ ਤੋਂ ਟੰਗ ਮਰਵਾ ਦਿੱਤੀ। ਟੰਗ ਮਾਰਨ ਵੇਲੇ ਉਹਨੇ ਮੈਨੂੰ ਪਿੱਛੇ ਨੂੰ ਤੋੜ ਲਿਆ। ਮੇਰਾ ਫਾਊਲ ਹੋ ਗਿਆ। ਜੇ ਕਿਤੇ ਮੈਂ ਉਹ ਕੁਸ਼ਤੀ ਜਿੱਤ ਜਾਂਦਾ ਸਾਰੇ ਭਲਵਾਨਾਂ ਦੇ ਰਿਕਾਰਡ ਟੁੱਟ ਜਾਣੇ ਸੀ। ਮਿਹਰਦੀਨ ਵੀ ਉੱਥੇ ਸੀ। ਉਹਨੇ ਕਿਹਾ, ਮਾਸਟਰ ਜੀ, ਮੁੰਡੇ ਨੂੰ ਤੁਸੀਂ ਮਰਵਾਇਆ। ਉਹ ਕੁਸ਼ਤੀ ਟੀ ਵੀ ’ਤੇ ਦੇਖੀ ਸੀ, ਡੀ ਜੀ ਆਈ ਬਲਜਿੰਦਰ ਸਿੰਘ ਨੇ। ਮੈਂ ਭਾਵੇਂ ਹਾਰ ਗਿਆ, ਪਰ ਮੇਰੇ ਲੜਨ ਦੇ ਤਰੀਕੇ ਤੋਂ ਬਲਜਿੰਦਰ ਸਿੰਘ ਬਹੁਤ ਪ੍ਰਭਾਵਿਤ ਹੋਇਆ। ਉਹਨੇ ਸਪੈਸ਼ਲ ਕੋਚ ਭੇਜ ਕੇ ਮੈਨੂੰ ਸੱਦਿਆ। ਮੈਂ ਜਦੋਂ ਗਿਆ ਉਹ ਗੌਲਫ਼ ਖੇਡਦਾ ਸੀ। ਬੜੇ ਪਿਆਰ ਦੇ ਮਾਹੌਲ ਵਿਚ ਗੱਲਬਾਤ ਹੋਈ ਤੇ ਮੈਨੂੰ ਪੁਲਿਸ ਵਿਚ ਭਰਤੀ ਕਰ ਲਿਆ ਗਿਆ।

**

ਆਪਾਂ ਬਰਾਬਰ ਲੜਨਾ

ਚੈਲਿੰਜ ਕਰਨ ਵਿਚ ਅਤੇ ਲੜਨ ਵਿਚ ਬੜਾ ਫ਼ਰਕ ਹੁੰਦਾ ਹੈ। ਕਿਸੇ ਤਕੜੇ ਬੰਦੇ ਦੀ ਪਿੱਠ ਪਿੱਛੇ ਅਸੀਂ ਫੜ੍ਹਾਂ ਤਾਂ ਮਾਰ ਸਕਦੇ ਹਾਂ, ਪਰ ਸਾਹਮਣੇ ਆ ਕੇ ਜਰਕ ਜਾਣਾ ਗ਼ੈਰ-ਕੁਦਰਤੀ ਨਹੀਂ ਹੁੰਦਾ। ਇਸ ਤਰ੍ਹਾਂ ਦਾ ਕਿੱਸਾ ਬੁੱਧ ਸਿੰਘ ਨਾਲ ਵੀ ਜੁੜਿਆ ਹੋਇਆ ਹੈ। ਉਸ ਦੇ ਆਪਣੇ ਸ਼ਬਦਾਂ ਵਿਚ-

ਇਕ ਬਿੱਲਾ ਭਲਵਾਨ ਹੁੰਦਾ ਸੀ। ਅਸੀਂ ਦਿੱਲੀ ਇਕੱਠੇ ਜੋਰ ਕਰਦੇ ਹੁੰਦੇ ਸੀ। ਪਹਿਲਾਂ ਇਹ ਹੁੰਦਾ ਸੀ ਬਦਰੀ ਦੇ ਅਖਾੜੇ ਵਿੱਚ। ਮੈਂ ਵੀ ਤਕੜਾ ਹੋ ਗਿਆ। ਸਾਡੇ ਜੋਰ ਇਕੱਠੇ ਹੋਣ ਲੱਗ ਪਏ।

ਫਿਰ ਬਿੱਲਾ ਪੰਜਾਬ ਚਲਾ ਗਿਆ। ਵਿਆਹ ਕਰਾ ਲਿਆ। ਫਿਰ ਕੁਸ਼ਤੀਆਂ ਲੜਨ ਲੱਗ ਪਿਆ। ਮੈਂ ਦਿੱਲੀ ਸੀ।

ਅਮਰੀਕ ਭਲਵਾਨ ਦਿੱਲੀ ਮੈਨੂੰ ਮਿਲਣ ਆਇਆ। ਕਹਿਣ ਲੱਗਾ- ਬਿੱਲਾ ਉੱਥੇ ਚੈਲਿੰਜ ਕਰ ਰਿਹੈ। ਬਾਕੀ ਭਲਵਾਨਾਂ ਨੂੰ ਵੀ ਤੰਗ ਕਰ ਰਿਹੈ। ਤੇਰਾ ਨਾਂ ਲੈ ਲੈ ਕੇ ਚੈਲਿੰਜ ਕਰਦੈ। ਉਹਨੂੰ ਸਾਰੇ ਸਮਝਾਉਂਦੇ ਐ ਬਈ ਏਦਾਂ ਨਾਂ ਲੈ ਕੇ ਚੈਲਿੰਜ ਨਹੀਂ ਕਰੀਦਾਉਹ ਹਟਦਾ ਨਈਂ।

ਮੈਂ ਯਾਰਾਂ ਦੋਸਤਾਂ ਨਾਲ ਕਾਰ ਵਿਚ ਬੈਠਾ ਤੇ ਕੁਸ਼ਤੀਆਂ ’ਤੇ ਪਹੁੰਚ ਗਿਆ। ਚੰਡੀਗੜ੍ਹ ਲਾਗੇ ਮਨੀ ਮਾਜਰਾ ਵਿਚ ਹੋਈਆਂ ਸੀ ਇਹ ਕੁਸ਼ਤੀਆਂ। ਸਾਨੂੰ ਦੇਖ ਕੇ ਬਿੱਲਾ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਾ- ਆ ਜਾ ਆਪਾਂ ਉੱਥੇ ’ਕੱਠੇ ਬੈਠਦੇ ਆਂ। ਮੈਂ ਕਿਹਾ- ਤੂੰ ਚੱਲ, ਮੈਂ ਮਾੜਾ ਜਿਹਾ ਘੁੰਮ ਫਿਰ ਆਵਾਂ। ਉਹ ਦੂਜੇ ਪਾਸੇ ਬਹਿ ਗਿਆ। ਮੈਂ ਦੂਜੇ ਪਾਸੇ।

ਓਧਰੋਂ ਉਹ ਝੰਡੀ ’ਤੇ ਆ ਗਿਆ। ਮੈਂ ਵੀ ਚਲਾ ਗਿਆ। ਹੱਥ ਮਿਲਾ ਲਿਆ। ਬਾਪੂ ਨੂੰ ਪਤਾ ਸੀ ਬਈ ਇਹ ਏਦਾਂ ਕਰੂਗਾ। ਬਾਪੂ ਨੇ ਮੈਨੂੰ ਪਹਿਲਾਂ ਕਹਿਤਾ ਸੀ ਬਈ ਇਹਦੇ ਨਾਲ ਗੱਲ ਨਈਂ ਕਰਨੀ। ਬਿੱਲਾ ਮੈਨੂੰ ਕਹੀ ਜਾਵੇ- ਆਪਾਂ ਬਰਾਬਰ ਲੜਨਾ। ਆਪਾਂ ਬਰਾਬਰ ਲੜਨਾ।

ਮੈਂ ਸੋਚਿਆ ਬਈ ਆਪ ਤੂੰ ਮੈਨੂੰ ’ਵਾਜ ਮਾਰ ਕੇ ਬੁਲਾਇਆ। ਹੁਣ ਤੂੰ ਬਰਾਬਰ ਲੜਨਾ ਭਾਲਦਾਂ। ਖੇਡ ਦੇ ਮੈਦਾਨ ਵਿਚ ਕਾਹਦੀ ਸਾਂਝ ਤੇ ਵਾਕਫ਼ੀ।

ਮੈਂ ਮੁੱਕੀਆਂ ਵਰ੍ਹਾਈਆਂ। ਬਿੱਲਾ ਮੇਰੀਆਂ ਅੱਖਾਂ ਵਿੱਚ ਉਂਗਲਾਂ ਮਾਰਨ ਦੀ ਕੋਸ਼ਿਸ਼ ਕਰੇ। ਏਦਾਂ ਦੀਆਂ ਚਲਾਕੀਆਂ ਨਾਲ ਥੋੜ੍ਹੋ ਕੁਸ਼ਤੀਆਂ ਜਿੱਤ ਹੁੰਦੀਆਂ। ਜਦੋਂ ਥੱਕ ਗਿਆ, ਭੱਜ ਗਿਆ।

**

ਰੁਸਤਮੇ-ਹਿੰਦ

ਦਿੱਲੀ ਫੈਡਰੇਸ਼ਨ ਵਲੋਂ ਜਦੋਂ 1981 ਵਿਚ ਸੰਜੇ ਗਾਂਧੀ ਦੀ ਯਾਦ ਵਿਚ ਕੁਸ਼ਤੀਆਂ ਕਰਵਾਈਆਂ ਤਾਂ ਬੁੱਧ ਸਿੰਘ ਨੂੰ ਇਕ ਭੁੱਲਿਆ ਵਿਸਰਿਆ ਕਿੱਸਾ ਯਾਦ ਆਇਆ। ਉਹ ਸਾਂਝਾ ਕਰਦਾ ਹੈ-

ਨੈਸ਼ਨਲ ਹੋਈ ਸੀ, ਉੱਥੇ ਮੇਰੀ ਕੁਸ਼ਤੀ ਹੋਈ ਰਾਜਿੰਦਰ ਫੌਜੀ ਨਾਲ। ਮੈਂ ਫਸਟ ਆਇਆ। ਟੀਮ ਚੁਣੀ ਗਈ। ਟੀਮ ਜਾਣੀ ਸੀ ਮੰਗੋਲੀਆ। ਪਾਸਪੋਰਟ ਬਣਾਉਣਾ ਸੀ। ਮੈਂ ਚੰਡੀਗੜ੍ਹ ਆਇਆ। ਉਹ ਕਹਿੰਦੇ ਪਾਸਪੋਰਟ ਤੇਰਾ ਦਿੱਲੀਓਂ ਬਣੂੰਗਾ। ਫੈਡਰੇਸ਼ਨ ਵਾਲਿਆਂ ਨੇ ਰੋਲ-ਘਚੋਲਾ ਪਾ ਦਿੱਤਾ। ਮੇਰਾ ਪਾਸਪੋਰਟ ਹੀ ਨਾ ਬਣਾਇਆ। ਓਧਰ ਟੀਮ ਜਹਾਜ਼ੇ ਚੜ੍ਹਾ ਦਿੱਤੀ। ਇਕ ਮੈਂ ਤੇ ਦੂਸਰਾ ਹਨੂੰਮਾਨ ਅਖਾੜੇ ਦਾ ਜਗਦੀਸ਼ ਰੁਕ ਗਏ। ਅਸੀਂ ਚਲੇ ਗਏ ਸੰਜੇ ਗਾਂਧੀ ਕੋਲ। ਅਸੀਂ ਵੀ ਲਾਈਨ ਵਿਚ ਲੱਗ ਗਏ। ਜਦੋਂ ਉਹ ਬਾਹਰ ਆਇਆ ਤਾਂ ਕਹਿੰਦਾ, ਪਹਿਲਵਾਨੋ ਤੁਹਾਡੀ ਕੀ ਪਰਾਬਲਮ ਐਂ?

ਅਸੀਂ ਕਿਹਾ, ਜੀ ਸਾਡੀ ਪਰਾਬਲਮ ਐਂ, ਅਸੀਂ ਸਲੈਕਟ ਹੋ ਗਏ ਆਂ, ਮੰਗੋਲੀਆ ਟੀਮ ਜਾਣੀ ਸੀ, ਟੀਮ ਪਹਿਲਾਂ ਈ ਜਾ ਚੁੱਕੀ ਐ, ਸਾਡਾ ਨਾ ਪਾਸਪੋਰਟ ਬਣਿਆ ਨਾ, ਟਿਕਟ ਬਣੀ ਐਂ।

ਪਰ੍ਹਾਂ ਕਿਤੇ ਬੂਟਾ ਸਿੰਘ ਘੁੰਮਦਾ ਫਿਰਦਾ ਸੀਸੰਜੇ ਗਾਂਧੀ ਨੇ ਉਹਨੂੰ ਇਸ਼ਾਰੇ ਨਾਲ ਸੱਦਿਆ। ਸੰਜੇ ਗਾਂਧੀ ਨੇ ਕਿਹਾ, ਇਹਨਾਂ ਦੋਹਾਂ ਭਲਵਾਨਾਂ ਦੇ ਅੱਜ ਹੀ ਪਾਸਪੋਰਟ ਤੇ ਟਿਕਟ ਬਣਨੇ ਚਾਹੀਦੇ ਐ। ਅੱਜ ਇਹ ਫਲਾਈਟ ਵਿਚ ਹੋਣੇ ਚਾਹੀਦੇ ਐ।

ਏਦਾਂ ਅਸੀਂ ਮੰਗੋਲੀਆ ਪਹੁੰਚੇ।

ਪਰ ਗੱਲ ਬਣਦੀ ਨਹੀਂ ਨਾ। ਪਹਿਲਾਂ ਮੈਂ ਨੈਸ਼ਨਲ ਲੜੀ ਸੀ। ਫਿਰ ‘ਆਲ ਇੰਡੀਆ ਪੁਲਿਸਲੜੀ ਸੀ। ਹਫਤਾ ਖਰਾਬ ਹੋ ਗਿਆ। ਦੋ ਹਫਤੇ ਪ੍ਰਕੈਟਿਸ ਦੇ ਟੁੱਟ ਗਏ। ਖਾਣ-ਪੀਣ ਦੀ ਰੁਟੀਨ ਟੁੱਟ ਗਈ। ਹਫਤਾ ਪਾਸਪੋਰਟ ਦੇ ਪਿੱਛੇ ਘੁੰਮਦੇ ਦਾ ਖਰਾਬ ਹੋ ਗਿਆ। ਉੱਥੇ ਜਾ ਕੇ ਅਸੀਂ ਕੀ ਲੜਦੇ। 20-25 ਪ੍ਰਸੈਂਟ ਤਾਂ ਤਾਕਤ ਓਦਾਂ ਹੀ ਉਡ ਗਈ ਸੀ।

ਬੁੱਧ ਸਿੰਘ ਆਪਣੀ ਉਸ ਮਾੜੀ ਕਾਰਗੁਜ਼ਾਰੀ ਦਾ ਅਫ਼ਸੋਸ ਪਰਗਟ ਕਰਦਾ ਹੈ, ਏਦਾਂ ਚੰਗੇ ਬੰਦੇ ਨੂੰ ਸਿਸਟਮ ਮਾਰਦੈ।

ਜਦੋਂ ਬੁੱਧ ਸਿੰਘ ‘ਸੰਜੇ ਗਾਂਧੀ ਟਰਾਫ਼ੀਲਈ ਲੜਨ ਜਾ ਰਿਹਾ ਸੀ, ਇਹ ਘਟਨਾ ਉਸਨੂੰ ਯਾਦ ਆਈ। ਇਸ ਮੌਕੇ ਉਸ ਨੇ ਜੈ ਪ੍ਰਕਾਸ਼ ਨਾਲ ਕੁਸ਼ਤੀ ਲੜੀ। ‘ਸੰਜੇ ਗਾਂਧੀ ਟਰਾਫ਼ੀਜਿੱਤਣ ਨਾਲ ਉਸ ਦੇ ਨਾਮ ਨਾਲ ‘ਰੁਸਤਮੇ-ਹਿੰਦਦਾ ਖ਼ਿਤਾਬ ਵੀ ਜੁੜ ਗਿਆ।

**

ਕੈਨੇਡਾ ਫੇਰੀ ਅਤੇ ਜ਼ਿੰਦਗੀ ਵਿਚ ਨਵਾਂ ਮੋੜ

ਬੁੱਧ ਸਿੰਘ ਦਾ ਕੈਰੀਅਰ ਆਤਿਸ਼ਬਾਜ਼ੀ ਵਾਂਗ ਉੱਪਰ ਨੂੰ ਗਿਆ ਸੀ। ਉਹ ਜ਼ਿਕਰ ਕਰਦਾ ਹੈ-

1981 ਦੀ ਗੱਲ ਐ। ਕੈਨੇਡਾ ਤੋਂ ਗਏ ਕਾਮਰੇਡ ਇੰਡੀਆ। ਮੈਨੂੰ ਕਹਿੰਦੇ, ਤੈਨੂੰ ਕੈਨੇਡਾ ਲੈ ਕੇ ਜਾਣਾ। ਮੇਲਾ ਕਰਾਉਣਾ ਓਥੇ। ਵੀਜ਼ਾ ਲੱਗ ਗਿਆ। ਟਿਕਟ ਬਣ ਗਈ ਤੇ ਮੈਂ ਕੈਨੇਡਾ ਚੜ੍ਹ ਆਇਆ।

ਕੈਨੇਡਾ ਘੁੰਮਣ ਤੋਂ ਬਾਦ ਕੈਲੇਫੋਰਨੀਆ ਆ ਗਏ। ਕੈਲੇਫੋਰਨੀਆ ਐਡਮਿਸ਼ਨ ਦਵਾ ਦਿੱਤਾ ਬੰਦਿਆਂ ਨੇ। 82 ਵਿਚ ਏਸ਼ੀਆ ਲੜਨੀ ਸੀ ਜਾ ਕੇ।

ਕਾਲਜ ਵਿਚ ਕੁਸ਼ਤੀਆਂ ਹੋਈਆਂ। ਦੋ ਢਾਈ ਸੌ ਗੋਰਾ ਪਹਿਲਵਾਨ ਸੀ। ਉੱਥੋਂ ਟਰਾਫ਼ੀ ਜਿੱਤੀ। ਮੈਂ ਥੱਕਿਆ ਹੋਇਆ ਸੀ। ਅੰਗਰੇਜ਼ੀ ਆਉਂਦੀ ਨਹੀਂ ਸੀ। ਮੁੜ ਕੇ ਆ ਕੇ ਪ੍ਰੈਕਟਿਸ ਕਰਨ ਲੱਗੇ ਮੈਟ ’ਤੇਭਾਰਾ ਜਿਹਾ ਬੰਦਾ ਸੀ, ਸੀ ਮਾੜਾ ਜਿਹਾ। ਮੈਂ ਕੋਚ ਨੂੰ ਕਿਹਾ ਵੀ, ਬਈ ਮੈਂ ਪ੍ਰਕੈਟਿਸ ਨਹੀਂ ਕਰਨੀ। ਕਹਿੰਦਾ, ਖੜ੍ਹੇ ਖੜ੍ਹੇ ਹੀ ਕਰ ਲੈ। ਉਹਨੇ ਜੱਫੀ ਪਾ ਲਈ। ਉਹ ਸੀ ਅਣਜਾਣ। ਮੈਂ ਰਤਾ ਕੁ ਢਿੱਲਾ ਪੈ ਗਿਆ। ਮੈਂ ਕਿਹਾ ਬਈ ਛੱਡ ਦੇਊਗਾ। ਉਹਨੇ ਮੈਨੂੰ ਸਾਈਡ ਨੂੰ ਸੁੱਟ ਦਿੱਤਾ। ਮੇਰੇ ਗੋਡੇ ਦੀ ‘ਕੜਿੱਕਬੋਲ ਗਈ। ਮੈਂ ਕਿਸੇ ਬੰਦੇ ਨੂੰ ਨਾਲ ਲੈ ਕੇ ਚਲਾ ਗਿਆ ਹਸਪਤਾਲ। ਬੰਦੇ ਨੇ ਮੈਨੂੰ ਸਮਝਾਇਆ ਬਈ ਇਹਨਾਂ ਨੇ ਸੂਈਆਂ ਪਾਉਣੀਆਂ ਗੋਡੇ ਵਿਚ। ਸੂਈਆਂ ਨਾਲ ਹੀ ਠੀਕ ਹੋ ਜਾਣਾ। ਡੇਢ-ਦੋ ਹਫਤਿਆਂ ਦੀ ਗੱਲ ਐ। ਤੂੰ ਫਿਰ ਚੱਲ ਪੈਣਾਟਰੀਟਮੈਂਟ ਹੋ ਲੈਣ ਦੇ।

ਮੈਂ ਸਵੇਰੇ ਉੱਠਿਆ। ਗੋਡਾ ਸਾਰਾ ਵੱਢਿਆ ਪਿਆ ਸੀ ਸਾਈਡ ਤੋਂ। ਬਸ ... ਕਹਾਣੀ ਖਤਮ। ਨਾ ਫਿਰ ਪਿੱਛੇ ਜਾਣ ਜੋਗੇ, ਨਾ ਇੱਥੇ ਰਹਿਣ ਜੋਗੇ। ਵੀਜ਼ਾ ਅਕਸਟੈਂਡ ਕਰਾਉਣ ਲਈ ਅਪਲਾਈ ਕੀਤਾ। ਸਟੂਡੈਂਟ ਵੀਜ਼ਾ ਅਜੇ ਲੱਗਿਆ ਨਹੀਂ ਸੀ। ਸਟੂਡੈਂਟ ਵੀਜ਼ੇ ਤੋਂ ਜਵਾਬ ਹੋ ਗਿਆ। ਫਿਰ ਗਰੀਨ ਕਾਰਡ ਲੱਭਣ ਦੇ ਚੱਕਰ ਵਿਚ ਪੈ ਗਏ ਚੁਰਾਸੀ ਦੇ ਗੜੇ ਵਿਚ।

**

ਗੋਲਡ ਮੈਡਲਾਂ ਦੀ ਥਾਂ ਗਰੀਨ ਕਾਰਡ ਦੀ ਭਾਲ

ਮੈਂ ਜਿਹਨਾਂ ਦੇ ਆਇਆ ਸੀ, ਗਾਂਧੀ ਹੋਣੀ, ਉਹਨਾਂ ਦੀ ਮਾਈ ਮੈਨੂੰ ਕਹਿੰਦੀ, ਜਦੋਂ ਤੂੰ ਵਿਆਹ ਕਰਾਉਣਾ ਹੋਊ, ਦੱਸ ਦੇਈਂ। ਜਦੋਂ ਮੇਰੀ ਸੱਟ ਸੁੱਟ ਠੀਕ ਹੋ ਗਈ, ਮੈਂ ਮਾਈ ਨੂੰ ਵਿਆਹ ਬਾਰੇ ਕਿਹਾ।

ਇਕ ਕੁੜੀ ਸੀ ਸਾਂਵਲੀ ਜਿਹੀ, ਹਾਈਟ ਵੀ ਠੀਕ ਈ ਸੀ। ਉਂਝ ਵੀ ਸਜਦੀ-ਬਣਦੀ ਸੀ। ਮਾਈ ਨੇ ਉਹਦੇ ਨਾਲ ਵਿਆਹ ਕਰਾਉਣ ਲਈ ਮੈਨੂੰ ਪੁੱਛਿਆ। ਮੈਂ ‘ਹਾਂਕਰ ਦਿੱਤੀ।

ਬਾਦ ਵਿਚ ਮਾਈ ਨੇ ਮੈਨੂੰ ਦੱਸਿਆ, ਮੈਂ ਵਿਆਹ ਦੀ ਗੱਲ ਤੋਰੀ। ਕੁੜੀ ਤੋਂ ਪਹਿਲਾਂ ਹੀ ਮਾਂ ਬੋਲੀ- ਅਸੀਂ ਭਲਵਾਨ ਨਾਲ ਕੁੜੀ ਦਾ ਵਿਆਹ ਨਹੀਂ ਕਰਨਾ। ਭਲਵਾਨਾਂ ਦੇ ਗੋਡੇ ਰਹਿ ਜਾਂਦੇ ਐ।

ਮੈਂ ਕਿਹਾ, ਚੱਲ ਛੱਡ ਹੁਣ ਗੱਲ ਨਾ ਕਰੀਂ ਕਿਸੇ ਨਾਲ। ਮੈਂ ਆਪੇ ਸਾਰ ਲਊਂਗਾ।

ਫਿਰ ਮੈਕਸੀਕਨ ਲੱਭ ਗਈ। ਵਿਆਹ ਕਰਵਾ ਲਿਆ। ਪੱਕੇ ਹੋ ਗਏ। ਮੈਕਸੀਕਨ ਨਾਲ ਵਿਗੜ ਗਈ। ਬੱਚਾ ਕੋਈ ਹੈ ਨਈਂ ਸੀ। ਲੰਘ ਗਏ ਕੁਝ ਸਾਲ 1981 ਤੋਂ 1987 ਤੱਕ। ਫਿਰ ਦੂਸਰਾ ਵਿਆਹ ਕਰਵਾਇਆ ਵਾਪਸ ਜਾ ਕੇ।

ਹੁਣ ਦੋ ਬੇਟੇ ਤੇ ਇਕ ਬੇਟੀ ਹੈ।

**

ਪਹਿਲਵਾਨ ਅਤੇ ਨਸ਼ੇ

ਸਵਾਲ ਉੱਠਿਆ, ਆਖ਼ਰੀ ਉਮਰ ਵਿਚ ਜਾ ਕੇ ਪਹਿਲਵਾਨ ਨਸ਼ੇ ਕਿਉਂ ਕਰਨ ਲੱਗ ਪੈਂਦੇ ਨੇ?

ਬੁੱਧ ਸਿੰਘ ਆਖਦਾ ਹੈ-

ਜਦੋਂ ਭਲਵਾਨੀ ਦੀ ਲਾਈਨ ਛੁੱਟ ਜਾਂਦੀ ਐ, ਜਾਂ ਤਾਂ ਲਾਈਨ ਓਹੀ ਰਹੇ, ਦਿਮਾਗ ਓਵੇਂ ਚਲਦਾ ਰਹੇਸਰੀਰ ਓਵੇਂ ਚਲਦਾ ਰਹੇ। ਪਹਿਲਾਂ ਭਲਵਾਨ ਆਪ ਭਲਵਾਨੀ ਕਰਦਾ ਹੈ, ਫਿਰ ਬੱਚੇ ਕਰਨ ਲੱਗ ਪੈਣ। ਤੁਹਾਡਾ ਸਿਸਟਮ ਓਧਰ ਜੁੜਿਆ ਰਹਿੰਦਾ। ਜੇ ਤੁਸੀਂ ਪ੍ਰੈਕਟਿਸ ਨਾਲ ਨਾਲ ਕਰੀ ਜਾਨੇ ਓਂ, ਖੁਰਾਕ ਮਿਲੀ ਜਾਂਦੀ ਐ, ਬੱਚਿਆਂ ਨਾਲ ਰੁਝੇਵਾਂ ਬਣਿਆ ਰਹਿੰਦਾ, ਫਿਰ ਤਾਂ ਤੁਸੀਂ ਨਸ਼ਿਆਂ ਤੋਂ ਬਚੇ ਰਹਿੰਨੇ ਓਂ। ਜਦੋਂ ਲਾਈਨ ਛੁੱਟ ਗਈ, ਉਦੋਂ ਤੁਸੀਂ ਥੱਕ ਜਾਨੇ ਓਂ। ਪਹਿਲੀ ਲਾਈਨ ਛੁੱਟ ਜਾਂਦੀ ਐ, ਦੂਸਰੀ ਲਾਈਨ ਵਿਚ ਤੁਸੀਂ ਫਿੱਟ ਬੈਠਦੇ ਨਹੀਂ। ਤੁਹਾਨੂੰ ਪਰੇਸ਼ਾਨੀ ਹੋਣ ਲੱਗ ਪੈਂਦੀ ਐ। ਪਹਿਲਾਂ ਤੁਸੀਂ ਸਰੀਰ ਤੋੜਿਆ ਹੁੰਦਾ। ਖੁਰਾਕ ਤੇ ਪ੍ਰੈਕਟਿਸ ਛੱਡਣ ਦੇਣ ਨਾਲ ਸਰੀਰਕ ਤਕਲੀਫਾਂ ਵੀ ਵਧ ਜਾਂਦੀਆਂ। ਫਿਰ ਬੰਦਾ ਨਸ਼ਿਆਂ ਦੇ ਰਾਹ ਤੁਰ ਪੈਂਦਾ।

ਅੰਡਰ ਟੇਕਰ ਗਰੇਟ ਕਾਲੀ ਬਾਰੇ ਤੁਸੀਂ ਕੀ ਸੋਚਦੇ ਹੋ?

ਬੁੱਧ ਦਾ ਜਵਾਬ ਹੈ-

ਇਹ ਤਾਂ ਨਿਰਾ ਡਰਾਮਾ ਹੈ। ਸਟੰਟ ਹੈ। ਬੱਚਿਆਂ ਦੀ ਇੰਟਰਟੇਨਮੈਂਟ ਹੈ। ਦਾਰੇ ਨੇ ਸਾਰੀ ਉਮਰ ਲੋਕਾਂ ਦਾ ਮਨੋਰੰਜਨ ਹੀ ਕੀਤਾ ਹੈ। ਸਟੰਟਬਾਜੀ ਕੀਤੀ ਹੈ, ਹੋਰ ਕੁਝ ਨਹੀਂ।

ਜੇ ਗਰੇਟ ਕਾਲੀ ਨਾਲ ਤੁਹਾਡਾ ਮੁਕਾਬਲਾ ਕਰਾਈਏ ਤਾਂ?

ਬੁੱਧ ਹੱਸਦਾ ਹੈ-

ਹੁਣ ਤਾਂ ਮੈਂ ਵੈਸੇ ਬੁੱਢਾ ਹੋ ਗਿਆ ਹਾਂ, ਉਮਰ ਹੋ ਗਈ ਐ, ਨਹੀਂ ਤਾਂ ਕਾਲੀ ਨੂੰ ਕੀ ਆਉਂਦੈ। ਉਹਨੂੰ ਕਿਹੜਾ ਕੋਈ ਕੁਸ਼ਤੀ ਦਾ ਦਾਅ ਆਉਂਦੈ। ਉਹ ਤਾਂ ਇਕ ਬਾਡੀਬਿਲਡਰ। ਜਿੱਦਾਂ ਕਹਿੰਦੇ ਨੇ, ਕਰੀ ਜਾਂਦੈ। ਉਹਨੂੰ ਢਾਹੁਣ ਨੂੰ ਤਾਂ ਮੈਂ ਇਕ ਮਿੰਟ ਲਾਵਾਂ।

ਕੀ ਤੁਸੀਂ ਸੋਚਿਆ ਸੀ ਕਿ ਤੁਸੀਂ ਏਨੀ ਛੇਤੀ ਏਨੀਆਂ ਮੱਲਾਂ ਮਾਰ ਲਵੋਂਗੇ?

ਬੁੱਧ ਸਿੰਘ ਬੜੇ ਸਾਦਾ ਅੰਦਾਜ਼ ਵਿਚ ਕਹਿੰਦਾ ਹੈ-

ਨਾ, ਕਦੇ ਵੀ ਨਾ। ਮੈਂ ਜਿੱਥੇ ਪਹੁੰਚਿਆਂ, ਕਦੇ ਸੋਚਿਆ ਵੀ ਨਹੀਂ ਸੀ। ਮੈਂ ਤਾਂ ਸੋਚਿਆ ਸੀ, ਬਸ ਮਿਹਨਤ ਕਰੀ ਜਾਣੀਂ ਐਂ, ਬਸ।

ਬਜ਼ਰੁਗ ਮਸ਼ਹੂਰ ਭਲਵਾਨਾਂ ਬਾਰੇ ਦੱਸਦਾ ਹੁੰਦਾ ਸੀ ਬਈ ਫਲਾਨਾ ਭਲਵਾਨ ਇੰਨਾ ਤਕੜਾ। ਐਨੀ ਮਿਹਨਤ ਕਰਦਾ। ਐਨੀ ਖੁਰਾਕ ਖਾਂਦਾ। ਆਹ ਦਾਅ ਵਰਤਦਾ। ਥੱਕਦਾ ਨਹੀਂ। ਸਾਧੂ ਕਾਨਾ ਏਡੀਆ, ਕੁੰਬੜਾ ਕਾਲੇ ਆਲਾ ਦੋਵੇਂ ਥੱਕਦੇ ਨਹੀਂ। ਮੈਂ ਵੀ ਇਹਨਾਂ ਤੋਂ ਬੜਾ ਸਿੱਖਿਆ। ਖਿਚਾਈ ਦੇ, ਨਾ ਥੱਕਣ ਦੇ, ਗੁਰ ਇਹਨਾਂ ਤੋਂ ਸਿੱਖੇ।

ਕੁੰਬੜੇ ਆਲੇ ਕਾਲੇ ਨੂੰ ਸਾਧੂ ਹਰਾਉਂਦਾ ਸੀ। ਬਜ਼ੁਰਗ ਨੇ ਮੈਨੂੰ ਸਾਧੂ ਦੀਆਂ ਗੱਲਾਂ ਦੱਸਣੀਆਂ ਬਈ ਮਿਹਨਤ ਕਿੱਦਾਂ ਲਾਉਂਦਾ। ਊਠ-ਬੈਠਕ ਲਾਉਂਦਾ ਥੱਕਦਾ ਨਈਂ। ਸ਼ੂੰਅ ਸ਼ੂੰਅ ਕਰਦਾ ਫਿਰਦਾ। ਬਿਨਾਂ ਰੁਕੇ ਦੋ ਹਜਾਰ ਡੰਡ ਲਾਉਂਦਾ ਰੋਜ। ਮੈਂ ਸੋਚਣਾ, ਇਹ ਕਿੱਦਾਂ ਹੋ ਸਕਦਾ। ਮੈਂ ਵੀ ਮਿਹਨਤ ਕਰਕੇ ਦੋ ਸੌ ਤੱਕ ਪਹੁੰਚ ਗਿਆ। ਫਿਰ ਸਾਹ ਲੈਣਾ। ਫਿਰ ਢਾਈ ਸੌ। ਸਾਹ ਲੈ ਲੈ ਕੇ ਦੋ ਹਜਾਰ ਕਰਦਾ।

ਇਹਨਾਂ ਗੱਲਾਂ ਦਾ ਤੁਹਾਡੇ ’ਤੇ ਕੀ ਅਸਰ ਹੋਇਆ?

ਬੁੱਧ ਦੱਸਦਾ ਹੈ-

ਬਜ਼ੁਰਗ ਨੇ ਦੱਸਣਾ ਬਈ ਸਾਧੂ ਊਠ-ਬੈਠਕ ਲਾਉਂਦੈ। ਖਿੱਚਦੈ। ਆਦਮੀ ਨੂੰ ਖਿੱਚਦੈ। ਆਹ ਮਾਰਦੈ। ਔਹ ਮਾਰਦੈ। ਏਨੀ ਖਿਚਾਈ ਕਰਦਾ ਬਈ ਆਦਮੀ ਨੂੰ ਅੰਨ੍ਹਾ ਕਰ ਦਿੰਦਾ।

ਬਜ਼ੁਰਗ ਨੇ ਉਹਦੇ ਹਿਸਾਬ ਨਾਲ ਮੈਨੂੰ ਖਿੱਚਾਂ ਮਰਵਾਉਣੀਆਂ। ਜਿਹੜਾ ਵੀ ਮੇਰੇ ਤੋਂ ਹਾਰਿਆ, ਉਹ ਖਿਚਾਈ ਕਰਕੇ ਹੀ ਹਾਰਿਆਇਕ ਖਿਚਾਈ ਤੋਂ, ਇਕ ਸਟੈਮਨੇ ਤੋਂ। ਸਟੈਮਨਾ ਮੇਰਾ ਕਰਦੇ ਨਹੀਂ ਮੁੱਕਿਆ। ਖਿਚਾਈ ਮੇਰੀ ਕਰਦੇ ਨਹੀਂ ਖੜ੍ਹੀ। ਇਹ ਮੇਰੇ ਕੋਲ ਐਕਸਟਰਾ ਚੀਜਾਂ ਸੀ, ਬਾਕੀਆਂ ਨਾਲੋਂ।

ਖਿਚਾਈ ਬਣੀ ਕਿੱਦਾਂ? ਸਾਧੂ ਕੋਲੋਂ ਆਈ ਇਹ ਜੁਗਤ। ਮੇਰੇ ਕੋਲੋਂ ਸਾਧੂ ਜਿੰਨੀ ਊਠਕ-ਬੈਠਕ ਨਾ ਲੱਗਦੀ। ਇਕ ਮੁੰਡਾ ਸੀ ਮਾਣਕੀ ਦਾ, ਪੀ ਟੀ ਲੱਗਿਆ ਹੋਇਆ। ਬਾਪੂ ਦਾ ਚੇਲਾ ਸੀ। ਉਹਨੇ ਮੈਨੂੰ ਕਿਹਾ ਬਈ ਇਹਦੇ ਵਿਚ ਇਕ ਵਾਰ ਥਕਾਵਟ ਆਉਂਦੀ ਐ। ਜਦੋਂ ਤੂੰ ਡੇਢ ਸੌ ਡੰਡ ਲਾਏਂਗਾ ਥਕਾਵਟ ਆਊਗੀ। ਜੇ ਉਸ ਵੇਲੇ ਤੂੰ ਦਸ ਬਾਰਾਂ ਡੰਡ ਹੋਰ ਲਾ ਗਿਆ, ਫਿਰ ਭਾਵਾਂ ਲਗਾਤਾਰ ਦੋ ਹਜਾਰ ਡੰਡ ਲਾ ਲਈ। ਤੂੰ ਖੜ੍ਹੇਂਗਾ ਨਈਂ

ਮੈਂ ਇਹ ਫਾਰਮੂਲਾ ਚੈੱਕ ਕੀਤਾ। ਮੈਂ ਪਾਸ ਹੋ ਗਿਆ।

**

ਅੰਤਿਕਾ

ਬੁੱਧ ਸਿੰਘ ਪਹਿਲਵਾਨ ਨੇ ਇੱਕੀ ਸਾਲ ਦੀ ਉਮਰ ਵਿਚ ਪੂਰੇ ਹਿੰਦੋਸਤਾਨ ਵਿਚ ਆਪਣਾ ਨਾਮ ਕਮਾ ਲਿਆ। ‘ਬਾਗ਼ੀ ਸੂਰਮੇ', ‘ਧੀ ਜੱਟ ਦੀ', ‘ਕਚਹਿਰੀਫ਼ਿਲਮਾਂ ਰਾਹੀਂ ਉਹ ਪਰਦੇ ’ਤੇ ਵੀ ਲਿਸ਼ਕਿਆ। ਉਸਦੀ ਕੁਸ਼ਤੀਆਂ ਦੀ ਲੜੀ ਬੜੀ ਲੰਬੀ ਹੈ। ਉਹ ਜਿੰਨੀ ਤੇਜ਼ੀ ਨਾਲ ਉੱਠਿਆ ਸੀ, ਉਸਨੇ ਕੁਸ਼ਤੀ ਦੇ ਗਗਨ ’ਤੇ ਅਕਾਸ਼-ਗੰਗਾ ਵਾਂਗ ਚਮਕਣਾ ਸੀ, ਪਰ ਬੁੱਧ ਸਿੰਘ ਨੂੰ ਅਫ਼ਸੋਸ ਹੈ- ਯਾਰ, ਇਕ ਪੁਰਜਾ ਹਿੱਲਣ ਨਾਲ ਸਾਰਾ ਕੁਝ ਹੀ ਤਬਾਹ ਹੋ ਗਿਆ।

ਪਰ ਉਸ ਨੇ ਅਜੇ ਹਠ ਨਹੀਂ ਛੱਡਿਆ। ਉਹ ਆਪਣੇ ਬੱਚਿਆਂ ਨੂੰ ਇਸੇ ਰਾਹ ਤੋਰਨ ਲਈ ਉਤਾਵਲਾ ਹੈ। ਲੋੜਵੰਦ ਪਹਿਲਵਾਨ ਦੀ ਮਦਦ ਕਰਕੇ ਉਸ ਨੂੰ ਅਗੰਮੀ ਖ਼ੁਸ਼ੀ ਹੁੰਦੀ ਹੈ।

*****

(105)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਰਿੰੰਦਰ ਸੋਹਲ

ਸੁਰਿੰੰਦਰ ਸੋਹਲ

New York, USA.
Email: (surindersohal@hotmail.com)