ShyamSDeepti7ਸਮਾਜ ਵਿੱਚ ਅਜੋਕੀ ਨਾਰੀ-ਸਥਿਤੀ ਲਈ ਸਿਰਜੇ ਗਏ ਮਾਹੌਲ ਵਿੱਚ ...
(17 ਮਾਰਚ 2018)

 

ਕੁਝ ਦਿਨ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਸੀ। ਸਵੇਰ ਤੋਂ ਹੀ ਫੇਸਬੁੱਕ, ਵੱਟਸਐਪ ’ਤੇ ਇੱਕ ਤੋਂ ਬਾਅਦ ਇੱਕ ਕਵਿਤਾਵਾਂ, ਮੈਸੇਜ, ਟਿੱਪਣੀਆਂ, ਵਿਚਾਰਕ ਟੋਟਕੇ ਅਤੇ ਚੁਟਕੁਲਿਆਂ ਦੀ ਭਰਮਾਰ ਸੀ। ਨਾਲ ਹੀ ਦਿਨ ਵਿੱਚ ਹੋ ਰਹੀਆਂ ਗੋਸ਼ਟੀਆਂ, ਪ੍ਰਤਿਭਾਵਾਨ ਔਰਤਾਂ ਦੇ ਸਨਮਾਨ ਦੀਆਂ ਖ਼ਬਰਾਂ ਸਨ ਤੇ ਸ਼ਾਮ ਤੱਕ ਉਨ੍ਹਾਂ ਦੀ ਰਿਪੋਰਟ ਵੀ ਆਉਣ ਲੱਗ ਪਈ ਸੀ। ਸੱਚਮੁੱਚ ਹੀ ਪੂਰਾ ਦਿਨ ਔਰਤਾਂ ਨੂੰ ਸਮਰਪਿਤ ਜਾਪਦਾ ਸੀ।

ਸ਼ਾਮ ਨੂੰ ਟੀ ਵੀ ’ਤੇ ਖ਼ਬਰਾਂ ਦੇਖਦੇ ਸਮੇਂ ਇੱਕ ਚੈਨਲ ਦੇ ਥੱਲੇ ਇੱਕ ਪੱਟੀ ਲਗਾਤਾਰ ਚੱਲ ਰਹੀ ਸੀ। ਹਰਿਆਣੇ ਵਿੱਚ ਹਰ ਰੋਜ਼ ਔਸਤਨ ਚਾਰ ਗੈਂਗ ਰੇਪ ਹੁੰਦੇ ਹਨ। ਤੇ ਫਿਰ ਇੱਕ ਰਿਪੋਰਟ ਵੀ ਪੇਸ਼ ਹੋਈ:ਮਹਿਲਾ ਬੈਂਕਰਾਂ ਨੂੰ ਕਿੰਨੇ ਬੁਰੇ ਹਾਲਾਤ ਵਿੱਚ ਕੰਮ ਕਰਨਾ ਪੈ ਰਿਹਾ ਹੈ।’ ਭਾਵੇਂ ਅਖ਼ਬਾਰਾਂ ਵਿੱਚ ਕੁਝ ਕੁ ਹਿੰਮਤੀ ਔਰਤਾਂ ਦੀਆਂ ਕਹਾਣੀਆਂ ਵੀ ਛਪੀਆਂ ਸਨ। ਵੈਸੇ ਵੀ ਔਰਤਾਂ ਦੇ ਇਸ ਦਿਹਾੜੇ ਲਈ ਜਾਂ ਅਜਿਹੇ ਮੌਕੇ ਲਈ ਔਰਤਾਂ ਦੇ ਸਸ਼ਕਤੀਕਰਨ ਦੇ ਨਾਂਅ ’ਤੇ ਗੱਲਬਾਤ ਕਰਨ ਲਈ ਅਸੀਂ ਕੁਝ ਕੁ ਨਾਂਅ ਸਾਂਭੇ ਹੋਏ ਹਨ; ਜਿਵੇਂ ਇੰਦਰਾ ਗਾਂਧੀ, ਕਲਪਨਾ ਚਾਵਲਾ ਤੇ ਫਿਰ ਖਿੱਤੇ ਅਤੇ ਖੇਤਰ ਮੁਤਾਬਕ ਇਨ੍ਹਾਂ ਵਿੱਚ ਕੁਝ ਹੋਰ ਨਾਂਅ ਜੋੜ ਲਏ ਜਾਂਦੇ ਹਨ, ਪਰ ਜ਼ਮੀਨੀ ਹਾਲਾਤ ਇਸ ਤੋਂ ਵੀ ਕਿਤੇ ਦੂਰ ਦੀ ਗੱਲ ਕਰਦੇ ਹਨ। ਇਨ੍ਹਾਂ ਦਿਨਾਂ ਦਾ ਹੀ ਰਾਜਸਥਾਨ ਦਾ ਇੱਕ ਸਰਕੂਲਰ ਹੈ, ਜਿੱਥੇ ਮਹਿਲਾ ਮੁੱਖ ਮੰਤਰੀ ਹੈ ਤੇ ਮਹਿਲਾ ਹੀ ਸਿੱਖਿਆ ਮੰਤਰੀ। ਜਿੱਥੇ ਸਕੂਲਾਂ-ਕਾਲਜਾਂ ਦੇ ਮੁੰਡੇ-ਕੁੜੀਆਂ ਲਈ ਡਰੈੱਸ ਕੋਡ ਜਾਰੀ ਹੋਇਆ ਹੈ: ਲੜਕੀਆਂ ਲਈ ਸਲਵਾਰ-ਕਮੀਜ਼ ਜਾਂ ਸਾੜ੍ਹੀ ਤੇ ਮੁੰਡਿਆਂ ਲਈ ਪੈਂਟ-ਸ਼ਰਟ। ਇੱਕ ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਿ ਇਹ ਦੇਸ਼ ਦੀ ਸੰਸਕ੍ਰਿਤੀ ਹੈ ਕਿ ਲੜਕੀਆਂ ਜੀਨ ਨਹੀਂ ਪਾਉਣਗੀਆਂ। ਪਰ ਪੈਂਟ ਕਿਹੜਾ ਭਾਰਤੀ ਲਿਬਾਸ ਹੈ? ਫਿਰ ਮੁੰਡਿਆਂ ਲਈ ਪਜਾਮਾ ਜਾਂ ਲੁੰਗੀ ਕਿਉਂ ਨਹੀਂ?

ਇਹ ਪਰਿਪੇਖ ਇੱਕ ਰਲੀ-ਮਿਲੀ ਤਸਵੀਰ ਪੇਸ਼ ਕਰਦਾ ਹੈ। ਕਦੇ ਲੱਗਦਾ ਹੈ ਕਿ ਬਹੁਤ ਕੁਝ ਹੋ ਰਿਹਾ ਹੈ, ਔਰਤਾਂ ਵਿਕਾਸ ਕਰ ਰਹੀਆਂ ਹਨ, ਪੁਲਾਂਘਾਂ ਪੁੱਟ ਰਹੀਆਂ ਹਨ ਤੇ ਦੂਸਰੇ ਪਾਸੇ ਲੱਗਦਾ ਹੈ ਕਿ ਨਾ ਮਨਮਰਜ਼ੀ ਦੀ ਪੜ੍ਹਾਈ, ਨਾ ਨੌਕਰੀ ਦੇ ਸਹੀ ਹਾਲਾਤ, ਨਾ ਸਮਾਜਿਕ ਸੁਰੱਖਿਆ ਦੀ ਗਰੰਟੀ, ਤੇ ਵਿਆਹ ਬਾਰੇ ਖ਼ੁਦ ਫ਼ੈਸਲਾ ਲੈ ਸਕਣਾ ਤਾਂ ਬਹੁਤ ਦੂਰ ਦੀ ਗੱਲ ਹੈ।

ਭਾਰਤੀ ਪਰਿਪੇਖ ਵਿੱਚ ਜਦੋਂ ਔਰਤਾਂ ਦੀ ਆਜ਼ਾਦੀ ਜਾਂ ਮਾਣ-ਸਨਮਾਨ ਦੀ ਗੱਲ ਹੁੰਦੀ ਹੈ ਤਾਂ ਸਾਡਾ ਸੱਭਿਆਚਾਰਕ-ਧਾਰਮਿਕ ਸਾਹਿਤ ਉੱਚੀ-ਉੱਚੀ ਔਰਤਾਂ ਨੂੰ ਮਾਂ, ਦੇਵੀ ਦਾ ਦਰਜਾ ਦੇਂਦਾ ਸੁਣਾਈ ਦੇਂਦਾ ਹੈ। ਮਰਦਾਂ ਵੱਲੋਂ ਉਸ ਨੂੰ ਮਜ਼ਾਕੀਆ ਲਹਿਜੇ ਵਿੱਚ ਖਿੱਲੀ ਉਡਾਉਣ ਦੇ ਮਕਸਦ ਨਾਲ ਵਿਚਾਰਿਆ ਤੇ ਛੰਡਿਆ ਜਾਂਦਾ ਹੈ। ਮਾਂ ਲੱਛਮੀ, ਸਰਸਵਤੀ, ਕਾਲੀ, ਦੁਰਗਾ, ਵੈਸ਼ਣੋ ਦੇਵੀ; ਸਭ ਹੀ ਸ਼ਕਤੀਸ਼ਾਲੀ ਨੇ। ਔਰਤਾਂ ਵੱਲੋਂ ਕਰਵਾ ਚੌਥ ਦੇ ਵਰਤ ਨੂੰ ਵੀ ਮਰਦ ਔਰਤਾਂ ਦਾ ਦਿਵਸ ਹੀ ਮੰਨਦੇ ਹਨ, ਭਾਵੇਂ ਉਸ ਪਿੱਛੇ ਧਾਰਨਾ ਮਰਦ ਦੇ ਚਿਰ-ਜੀਵੀ ਹੋਣ ਦੀ ਹੈ। ਇਸ ਦੇ ਨਾਲ ਹੀ ਭਾਰਤ ਅਤੇ ਸੰਸਾਰ ਪੱਧਰ ’ਤੇ ਫਿਲਾਸਫਰਾਂ ਨੇ ਔਰਤਾਂ ਨੂੰ ਕਮਜ਼ੋਰ, ਹੀਣ ਅਤੇ ਦੂਸਰੇ ਦਰਜੇ ਦਾ ਨਾਗਰਿਕ ਕਹਿਣ ਵਿੱਚ ਕੋਈ ਕਸਰ ਨਹੀਂ ਛੱਡੀ।

ਆਧੁਨਿਕ ਸਮੇਂ ਵਿੱਚ, ਜਦੋਂ ਔਰਤ ਦੀ ਬਰਾਬਰੀ ਦੀ ਗੱਲ ਹੁੰਦੀ ਹੈ, ਤਾਂ ਮੁੱਦਾ ਹੈ, ‘ਨਾ ਪੂਜਾ, ਨਾ ਪੈਰ ਦੀ ਜੁੱਤੀ’, ਸਗੋਂ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਤੇ ਅੱਗੇ ਵਧਣਾ। ਪੜ੍ਹਣ-ਸਿੱਖਣ ਦੇ ਬਰਾਬਰ ਮੌਕੇ ਅਤੇ ਆਪਣੇ ਆਪ ਨੂੰ ਵਿਕਸਤ ਅਤੇ ਸਾਬਤ ਕਰਨ ਲਈ ਇੱਕੋ ਜਿਹਾ ਮਾਹੌਲ। ਇਹੀ ਸਭ ਤੋਂ ਵੱਡੀ ਚੁਣੌਤੀ ਹੈ ਤੇ ਇਸੇ ਵਿੱਚ ਹੀ ਸਾਰੀ ਸਮਝ ਪਈ ਹੈ, ਜੋ ਔਰਤ ਨੂੰ ਇੱਕ ਵੱਖਰੀ-ਸੰਪੂਰਨ ਹਸਤੀ ਬਣਾਉਂਦੀ ਹੈ ਤੇ ਇਹੀ ਸੰਕਲਪ ਦੂਸਰੇ ਪਾਸਿਓਂ ਔਰਤ ਨੂੰ ਕਮਜ਼ੋਰ ਅਤੇ ਹੀਣਤਾ ਵੱਲ ਲੈ ਜਾਂਦਾ ਹੈ।

ਮੈਡੀਕਲ ਵਿਗਿਆਨ ਦੇ ਹਵਾਲੇ ਨਾਲ ਇੱਕ ਗੱਲ ਪ੍ਰਮਾਣਿਕ ਤੌਰ ’ਤੇ ਕਹੀ ਜਾ ਸਕਦੀ ਹੈ ਕਿ ਔਰਤ-ਮਰਦ ਦੇ ਸਰੀਰ ਦੀ ਬਣਤਰ ਅਤੇ ਕਾਰਜ ਪ੍ਰਣਾਲੀ ਵਿੱਚ ਸਿਰਫ਼ ਤੇ ਸਿਰਫ਼ ਇੱਕੋ ਫ਼ਰਕ ਪ੍ਰਜਨਣ ਅੰਗਾਂ ਦਾ ਹੈ। ਬਾਕੀ ਦਿਲ, ਜਿਗਰ, ਗੁਰਦੇ ਫੇਫੜੇ, ਦਿਮਾਗ਼ ਸਾਰੇ ਹੀ ਇੱਕੋ ਜਿਹੇ ਹੁੰਦੇ ਹਨ। ਇਸ ਪੱਖ ਤੋਂ ਜੇਕਰ ਅਸੀਂ ਆਪਸੀ ਤੁਲਨਾ ਕਰਨੀ ਵੀ ਹੋਵੇ ਤਾਂ ਔਰਤ ਮਰਦ ਨਾਲੋਂ ਇੱਕ ਕਦਮ ਅੱਗੇ ਹੈ, ਕਿਉਂ ਜੁ ਉਹ ‘ਪੈਦਾਵਾਰੀ’ ਹੈ। ਉਸ ਕੋਲ ਬੱਚੇ ਨੂੰ ਪਾਲਣ ਲਈ ਕੁੱਖ ਹੈ। ਇਸੇ ਪਹਿਲੂ ਤੋਂ ਇੱਕ ਦੂਸਰਾ ਦ੍ਰਿਸ਼ ਹੈ ਕਿ ਅਸੀਂ ਆਪਣੇ ਭਾਰਤੀ ਪਰਿਪੇਖ ਵਿੱਚ ਆਪਣੀਆਂ ਕੁੜੀਆਂ-ਔਰਤਾਂ ਨੂੰ ਗਰਦਣ ਝੁਕਾ ਕੇ, ਨੀਵੀਂ ਪਾ ਕੇ ਤੁਰਦੇ ਜਾਂ ਗੱਲ ਕਰਦੇ ਦੇਖਦੇ ਹਾਂ। ਸਰੀਰ ਵਿਗਿਆਨ ਜਾਂ ਕਹਿ ਲਵੋ ਕਿ ਔਰਤਾਂ ਦੀ ਗਰਦਨ ਵਿੱਚ ਕੋਈ ਵੀ ਅਜਿਹਾ ਮਣਕਾ ਨਹੀਂ ਹੈ, ਜੋ ਔਰਤਾਂ ਨੂੰ ਨੀਵੀਂ ਪਾ ਕੇ ਤੁਰਨ ਲਈ ਮਜਬੂਰ ਕਰੇ। ਇਹ ਤਾਂ ਸਾਡੀ ਸਮਾਜਿਕ ਸਿਖਲਾਈ ਹੈ। ਇਹ ਸਭ ਉਨ੍ਹਾਂ ਨੇਮਾਂ ਦੀ ਬਦੌਲਤ ਹੈ, ਜੋ ਸਮਾਜ ਵਿੱਚ ਮੁੰਡੇ ਅਤੇ ਕੁੜੀ ਦੀ ਭੂਮਿਕਾ ਤੈਅ ਕਰਦੇ ਹਨ।

ਇਸੇ ਤਰ੍ਹਾਂ ਇੱਕ ਹੋਰ ਸਮਾਜੀ-ਮਨੋਵਿਗਿਆਨਕ ਸਥਿਤੀ ਹੈ, ਜਿਸ ਦੇ ਤਹਿਤ ਇਹ ਧਾਰਨਾ ਬਣੀ ਹੋਈ ਹੈ ਕਿ ਔਰਤਾਂ ਚੰਗੀਆਂ ਮੈਨੇਜਰ ਨਹੀਂ ਹੁੰਦੀਆਂ। ਮਤਲਬ ਕਹਿਣ ਤੋਂ ਇਹ ਹੈ ਕਿ ਉਹ ਸਮੱਸਿਆ ਨੂੰ ਸੁਲਝਾਉਣ ਵਿੱਚ ਜਾਂ ਕਿਸੇ ਖ਼ਾਸ ਹਾਲਤ ਵਿੱਚ ਕੋਈ ਫ਼ੈਸਲਾ ਲੈਣਾ ਹੋਵੇ ਤਾਂ ਉਸ ਦੇ ਯੋਗ ਨਹੀਂ ਹੁੰਦੀਆਂ, ਛੇਤੀ ਘਬਰਾ ਜਾਂਦੀਆਂ ਹਨ।

ਦਰਅਸਲ ਸਮੱਸਿਆਵਾਂ ਨੂੰ ਸੁਲਝਾ ਸਕਣਾ ਇੱਕ ਸਮਾਜਿਕ ਮੁਹਾਰਤ ਹੈ, ਜੋ ਸਿੱਖਣੀ-ਸਿਖਾਉਣੀ ਪੈਂਦੀ ਹੈ। ਅਸੀਂ ਦੇਖ ਸਕਦੇ ਹਾਂ ਕਿ ਇੱਕ ਆਮ ਵਰਤਾਰੇ ਦੇ ਤੌਰ ’ਤੇ ਅਸੀਂ ਲੜਕੀਆਂ ਨੂੰ ਕਦੇ ਵੀ, ਕੋਈ ਵੀ ਕੰਮ ਇਕੱਲਿਆਂ ਕਰਨ ਲਈ ਨਹੀਂ ਪ੍ਰੇਰਦੇ। ਜੇਕਰ ਲੜਕੀ ਖ਼ੁਦ ਵੀ ਕਹੇ ਕਿ ਉਹ ਕਰ ਸਕਦੀ ਹੈ, ਇਕੱਲੀ ਕਿਤੇ ਜਾ ਸਕਦੀ ਹੈ, ਤਾਂ ਵੀ ਅਸੀਂ ਉਸ ਨੂੰ ਕਿਸੇ ਨਾ ਕਿਸੇ ਦੇ ਨਾਲ ਭੇਜਣ ਦਾ ਰਾਹ ਹੀ ਚੁਣਦੇ ਹਾਂ। ਸਮਾਜਿਕ ਮੁਹਾਰਤ ਦਾ ਤਰੀਕਾ ਹੈ ਕਿ ਜਿੰਨੀਆਂ ਵੀ ਵੱਧ ਤੋਂ ਵੱਧ ਸਮੱਸਿਆਵਾਂ ਨਾਲ ਤੁਹਾਡਾ ਸਾਹਮਣਾ ਹੋਵੇਗਾ ਤੇ ਤੁਸੀਂ ਖ਼ੁਦ ਆਪਣੇ ਦਿਮਾਗ਼ ਨਾਲ ਉਨ੍ਹਾਂ ਦਾ ਹੱਲ ਲੱਭੋਗੇ, ਤੁਸੀਂ ਉੰਨੇ ਹੀ ਵੱਧ ਤਜ਼ਰਬੇਕਾਰ ਅਤੇ ਮੁਹਾਰਤ ਹਾਸਲ ਕਰਨ ਵਾਲੇ ਬਣੋਗੇ। ਇਸ ਪਹਿਲੂ ਤੋਂ ਅਸੀਂ ਅਜਿਹਾ ਮਾਹੌਲ ਕਿੰਨਾ ਕੁ ਆਪਣੀਆਂ ਲੜਕੀਆਂ ਜਾਂ ਔਰਤਾਂ ਨੂੰ ਦਿੰਦੇ ਹਾਂ?

ਇਸ ਪਹਿਲੂ ਦੀ ਸੱਚਾਈ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਅਜੋਕੇ ਛੋਟੇ ਪਰਵਾਰਾਂ ਵਿੱਚ ਮੁੰਡੇ ਵੀ ਉਸੇ ਤਰ੍ਹਾਂ ਦੀ ਪਰਵਰਿਸ਼ ਵਿੱਚੋਂ ਲੰਘ ਰਹੇ ਹਨ। ਪੜ੍ਹਾਈ ਦੇ ਬੋਝ ਹੇਠ ਉਨ੍ਹਾਂ ਨੂੰ ਵੀ ਸਭ ਕੁਝ ਕੀਤਾ-ਕਿਤਾਇਆ ਮਿਲ ਰਿਹਾ ਹੈ ਤੇ ਫਿਰ ਪਲੱਸ ਟੂ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਇਕੱਲਿਆਂ ਕੁਝ ਫ਼ੈਸਲੇ ਲੈਣੇ ਪੈਂਦੇ ਹਨ, ਤਾਂ ਉਹ ਵੀ ਘਬਰਾਹਟ ਮਹਿਸੂਸ ਕਰਦੇ ਹਨ। ਇੱਕ ਗੱਲ ਹੋਰ ਕਿ ਆਪਣੇ ਪ੍ਰੋਫ਼ੈਸ਼ਨਲ ਕੋਰਸਾਂ ਦੌਰਾਨ ਚਾਰ-ਪੰਜ ਸਾਲ ਘਰੋਂ ਬਾਹਰ ਰਹਿ ਕੇ ਉਹ ਇਸ ਤਰ੍ਹਾਂ ਦੀ ਮੁਹਾਰਤ ਹਾਸਲ ਕਰ ਲੈਂਦੇ ਹਨ।

ਕੁੜੀਆਂ ਦੇ ਸਿਲਸਿਲੇ ਵਿੱਚ ਉਨ੍ਹਾਂ ਦੀ ਪੜ੍ਹਾਈ ਵੀ ਜ਼ਿਆਦਾਤਰ ਉਨ੍ਹਾਂ ਦੇ ਘਰ ਦੇ ਨੇੜੇ-ਤੇੜੇ ਦੇ ਸਕੂਲਾਂ ਅਤੇ ਆਲੇ-ਦੁਆਲੇ ਦੇ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਕੋਰਸਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ। ਬਹੁਤ ਘੱਟ ਲੜਕੀਆਂ ਘਰ ਦੀ ਚਾਰ-ਦੀਵਾਰੀ ਛੱਡ ਕੇ ਦੂਸਰੇ ਸ਼ਹਿਰਾਂ ਵਿੱਚ ਹੋਸਟਲਾਂ ਦੀ ਜ਼ਿੰਦਗੀ ਦਾ ਤਜ਼ਰਬਾ ਹਾਸਲ ਕਰ ਪਾਉਂਦੀਆਂ ਹਨ। ਇਸੇ ਸੰਦਰਭ ਵਿੱਚ ਜੇਕਰ ਘਰ ਦੇ ਮਾਹੌਲ ਵਿੱਚ ਮਾਂ-ਪਿਉ ਦੇ ਸਾਏ ਹੇਠ ਪੜ੍ਹੀਆਂ, ਵੱਡੀਆਂ ਹੋਈਆਂ ਲੜਕੀਆਂ ਦੀ ਤੁਲਨਾ ਘਰ ਤੋਂ ਬਾਹਰ ਇਕੱਲੀਆਂ ਰਹੀਆਂ ਲੜਕੀਆਂ ਦੇ ਵਿਹਾਰ ਅਤੇ ਸਮਾਜਿਕ ਮੁਹਾਰਤਾਂ ਬਾਰੇ ਕਰਾਂਗੇ ਤਾਂ ਉਹ ਲੜਕੀਆਂ ਵੱਧ ਸਵੈ-ਭਰੋਸੇ ਅਤੇ ਆਤਮ-ਵਿਸ਼ਵਾਸ ਨਾਲ ਗੱਲ ਕਰਨਗੀਆਂ।

ਇਨ੍ਹਾਂ ਦੋ ਕੁ ਉਦਾਹਰਣਾਂ ਤੋਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਨਾਰੀ ਸਸ਼ਕਤੀਕਰਨ ਦਾ, ਸਮਾਜ ਵਿੱਚ ਉਨ੍ਹਾਂ ਦੀ ਪਛਾਣ ਦਾ ਅਸਲ ਕੇਂਦਰ ਕਿੱਥੇ ਹੈ। ਜੇਕਰ ਇੱਕੋ-ਇੱਕ ਮੁੱਖ ਬਿੰਦੂ ਉਭਾਰਨਾ ਅਤੇ ਉਸਾਰਨਾ ਹੋਵੇ ਤਾਂ ਉਹ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਲੈਣ ਦੀ ਮੁਹਾਰਤ ਦੀ ਸਿਖਲਾਈ ਦੇਣਾ, ਉਨ੍ਹਾਂ ਨੂੰ ਸਮਝਾਉਣਾ ਤੇ ਫਿਰ ਮੌਕਾ ਤੇ ਮਾਹੌਲ ਦੇਣਾ, ਜਿੱਥੇ ਉਹ ਖ਼ੁਦ ਆਪਣੀ ਪੜ੍ਹਾਈ, ਨੌਕਰੀ ਅਤੇ ਇੱਥੋਂ ਤੱਕ ਕਿ ਆਪਣੇ ਜੀਵਨ ਸਾਥੀ ਦੀ ਚੋਣ ਖ਼ੁਦ ਕਰ ਸਕਣ। ਇਸ ਦੇ ਲਈ ਪਹਿਲੀ ਜ਼ਰੂਰਤ ਸੰਵਾਦ ਦੀ ਹੈ, ਚਾਹੇ ਉਹ ਮਾਪਿਆਂ ਦੇ ਘਰ ਪਿਤਾ-ਮਾਂ, ਭੈਣ-ਭਰਾਵਾਂ ਨਾਲ ਹੋਵੇ ਤੇ ਵਿਆਹ ਤੋਂ ਬਾਅਦ ਪਤੀ ਅਤੇ ਸੱਸ-ਸਹੁਰੇ ਨਾਲ ਹੋਵੇ। ਸੰਵਾਦ ਦਾ ਅਰਥ ਫ਼ੈਸਲਾ ਦੱਸਣਾ ਨਹੀਂ ਹੁੰਦਾ, ਆਪਣੇ ਫ਼ੈਸਲੇ ’ਤੇ ਮੋਹਰ ਲਗਵਾਉਣਾ ਹੀ ਨਹੀਂ ਹੁੰਦਾ, ਸਗੋਂ ਮਿਲ-ਬੈਠ ਕੇ ਵਿਚਾਰ-ਵਟਾਂਦਰਾ ਕਰਨਾ, ਸੁਣਨਾ-ਕਹਿਣਾ ਅਤੇ ਮਿਲ ਕੇ ਕਿਸੇ ਆਖ਼ਰੀ ਫ਼ੈਸਲੇ ’ਤੇ ਪਹੁੰਚਣਾ ਹੁੰਦਾ ਹੈ।

ਇਸ ਸਥਿਤੀ ਦਾ ਜਾਇਜ਼ਾ ਲਈਏ ਤਾਂ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਅਜਿਹਾ ਮਾਹੌਲ ਨਹੀਂ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਬਹੁਤੇ ਸਮਾਗਮ ਔਰਤਾਂ ਵੱਲੋਂ ਹੀ ਆਯੋਜਤ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਔਰਤਾਂ ਦੀ ਹਿੰਮਤ ਅਤੇ ਚੁਣੌਤੀਆਂ ਨੂੰ ਸਵੀਕਾਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਆ ਜਾਂਦਾ ਹੈ। ਇਨ੍ਹਾਂ ਸਮਾਗਮਾਂ ਦੇ ਆਯੋਜਕਾਂ ਜਾਂ ਇਸ ਤਰ੍ਹਾਂ ਦੇ ਨਾਰੀ ਸ਼ਕਤੀ ਅੰਦੋਲਨਾਂ ਦੇ ਆਗੂਆਂ ਦਾ ਵਿਸ਼ਲੇਸ਼ਣ ਕਰ ਕੇ ਦੇਖਣ ’ਤੇ ਇਹ ਤੱਥ ਸਾਹਮਣੇ ਆਉਣਗੇ ਕਿ ਦੋ ਤਰ੍ਹਾਂ ਦੇ ਵਰਗ ਹਨ: ਇੱਕ ਤਾਂ ਉਹ, ਜੋ ਮਰਦ ਅਜਿਹਾ ਕਰਨ ਲਈ ਆਪਣੇ ਪਰਵਾਰ ਦੀਆਂ ਔਰਤਾਂ (ਧੀਆਂ-ਪਤਨੀਆਂ) ਨੂੰ ਖ਼ੁਦ ਪ੍ਰੇਰਦੇ ਅਤੇ ਸਹਿਯੋਗ ਕਰਦੇ ਹਨ ਅਤੇ ਦੂਸਰੇ ਉਹ ਹੋਣਗੇ, ਜਿਨ੍ਹਾਂ ਨੇ ਖ਼ੁਦ ਹਿੰਮਤ ਕੀਤੀ ਤੇ ਪਰਵਾਹ ਨਹੀਂ ਕੀਤੀ, ਭਾਵੇਂ ਉਨ੍ਹਾਂ ਨੂੰ ਘਰੋਂ ਇਹ ਸੁਣਨਾ ਪਿਆ ਕਿ ‘ਘਰ ਵਿੱਚ ਤੇਰੇ ਲਈ ਕੋਈ ਥਾਂ ਨਹੀਂ ਹੈ।’ ਕਹਿਣ ਤੋਂ ਭਾਵ, ਜਦੋਂ ਵੀ ਨਾਰੀ ਸਸ਼ਕਤੀਕਰਨ ਦੀ ਗੱਲ ਹੁੰਦੀ ਹੈ, ਉਨ੍ਹਾਂ ਲਈ ਇੱਕ ਵਧੀਆ, ਵਾਜਬ ਅਤੇ ਸਿਹਤਮੰਦ ਮਾਹੌਲ ਦੀ ਗੱਲ ਹੁੰਦੀ ਹੈ ਤਾਂ ਉਸ ਵੇਲੇ ਮਰਦ ਦੀ ਪੂਰੀ ਭੂਮਿਕਾ ਹੁੰਦੀ ਹੈ।

ਸਮਾਜ ਵਿੱਚ ਅਜੋਕੀ ਨਾਰੀ-ਸਥਿਤੀ ਲਈ ਸਿਰਜੇ ਗਏ ਮਾਹੌਲ ਵਿੱਚ ਬਿਨਾਂ ਸ਼ੱਕ ਮਰਦ ਦਾ ਪੂਰਾ ਹੱਥ ਹੁੰਦਾ ਹੈ, ਜਿਸ ਨੇ ਇਹ ਸਭ ਰਚਿਆ-ਸਿਰਜਿਆ ਹੈ। ਉਸ ਦੀ ਕੋਸ਼ਿਸ਼ ਤਾਂ ਇਸ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਦੀ ਹੁੰਦੀ ਹੈ। ਇਸ ਲਈ ਮਰਦਾਂ ਨੂੰ ਪਹਿਲਾਂ ਸੰਵੇਦਨਸ਼ੀਲ ਕਰਨ ਦੀ ਲੋੜ ਹੈ ਤੇ ਉਨ੍ਹਾਂ ਨੂੰ ਔਰਤ ਦੀ ਸਹੀ ਭੂਮਿਕਾ ਨੂੰ ਸਵੀਕਾਰ ਕਰਨ ਲਈ ਤਿਆਰ ਕਰਨ ਦੀ ਹੈ। ਮਾਹੌਲ ਭਾਵੇਂ ਬਦਲਿਆ ਹੈ, ਬਦਲ ਰਿਹਾ ਹੈ, ਪਰ ਅਜੇ ਬਹੁਤ ਦੂਰ ਜਾਣਾ ਹੈ ਤੇ ਉਸ ਦੇ ਲਈ ਕੇਂਦਰੀ ਮੁੱਦਾ ਪਛਾਣਨ ਅਤੇ ਉਸ ਪ੍ਰਤੀ ਕੰਮ ਕਰਨ ਦੀ ਲੋੜ ਹੈ।

*****

(1062)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author