GurmitPalahi7ਪਿੰਡ ਦੇ ਚੜ੍ਹਦੇ ਇੱਕ ਹੂਟਰ ਵੱਜਦਾ ਹੈ, ... ਪਿੰਡ ਦੇ ਲਹਿੰਦੇ ਚੀਕ ਚਿਹਾੜਾ ਪੈਂਦਾ ਹੈ ...
(12 ਮਾਰਚ 2018)

 

ਹੁਣ ਪਿੰਡਾਂ ਵਿੱਚ ਸੜਕਾਂ ਹਨ। ਕੱਲ੍ਹ ਦੀਆਂ ਚਿੱਕੜ ਨਾਲ ਭਰੀਆਂ ਗਲੀਆਂ ਦੀ ਥਾਂ, ਪੱਕੀਆਂ ਇੱਟਾਂ ਦੀਆਂ ਗਲੀਆਂ ਹਨ। ਬਿਜਲੀ ਹੈ, ਸੋਲਰ ਲਾਈਟਾਂ ਆ ਰਹੀਆਂ ਹਨ। ਟੈਲੀਵੀਜ਼ਨ ਹੈ, ਮੋਬਾਇਲ ਗਲੀ ਗਲੀ ਘੁੰਮ ਰਿਹਾ ਹੈ। ਪਰ ਖਾਲੀ ਸਮੇਂ ਵਿਚ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦਾ ਕੋਈ ਉੱਦਮ ਹੀ ਨਹੀਂ, ਨਾ ਸਾਧਨ ਹੈ, ਨਾ ਸਰਕਾਰੀ ਜਾਂ ਸਮਾਜਿਕ ਪ੍ਰੇਰਨਾ ਹੈ। ਖਾਦ ਹੈ, ਬੀਜ ਹਨ, ਮਿੱਟੀ ਦੀ ਜਾਂਚ ਦਾ ਪ੍ਰਬੰਧ ਹੈ, ਮਗਨਰੇਗਾ ਹੈ। ਪਿੰਡ ਦੇ ਵਿਕਾਸ ਲਈ ਸਰਕਾਰੀ, ਗੈਰ ਸਰਕਾਰੀ ਰੌਲਾ-ਰੱਪਾ ਵੀ ਹੈ। ਪਰ ਪਿੰਡ ਆਪਣੀ ਪ੍ਰਵਾਹ ਹੀ ਨਹੀਂ ਕਰਦਾ।

ਪ੍ਰਾਚੀਨ ਭਾਰਤ ਵਿੱਚ ਪਿੰਡ ਆਤਮ-ਨਿਰਭਰ ਰਿਹਾ ਹੈ। ਪਿੰਡ ਦੀ ਪੰਚ ਪ੍ਰੇਸ਼ਵਰੀ ਨਿਆ ਪ੍ਰਣਾਲੀ ਰਹੀ ਹੈ। ਆਰਥਿਕ ਤੌਰ ’ਤੇ ਆਤਮ-ਨਿਰਭਰਤਾ ਦੇ ਸਥਾਨਕ ਸਾਧਨ ਪਿੰਡ ਦੀ ਨੀਂਹ ਪੱਕੀ ਕਰਦੇ ਰਹੇ ਹਨ। ਹਰਿਆ ਭਰਿਆ, ਖੁੱਲ੍ਹਾ ਵਾਤਾਵਰਨ, ਸਾਫ-ਸੁਥਰਾ ਪਾਣੀ, ਹਵਾ, ਸ਼ੁੱਧ ਭੋਜਨ, ਨਰੋਆ ਭਾਈਚਾਰਾ, ਚੰਗੇ ਜੁੱਸੇ ਪਿੰਡ ਦੀ ਪਛਾਣ ਸਨ। ਪਿੰਡ ਜਿਹੜਾ, ਆਪਣੇ ਨਰੋਏ ਪੇਂਡੂ ਸਮਾਜ ਦੀਆਂ ਲੋੜਾਂ-ਥੋੜਾਂ ਪੂਰੀਆਂ ਕਰਨ ਲਈ ਸਮਰੱਥ ਸਮਝਿਆ ਜਾਂਦਾ ਸੀ, ਅੱਜ ਬੁਰੀ ਤਰ੍ਹਾਂ ਆਰਥਿਕ ਤੋਟ ਨਾਲ ਤੁੰਬਿਆ ਪਿਆ ਹੈ। ਪੇਂਡੂ ਮਜ਼ਦੂਰ ਲਈ ਸਾਲ ਭਰ ਕੰਮ ਨਹੀਂ, ਕਿਸਾਨ ਲੋੜੋਂ ਵੱਧ ਕਰਜ਼ੇ ਥੱਲੇ ਹੈ ਆਤਮ-ਵਿਸ਼ਵਾਸ ਗੁਆ ਕੇ ਆਤਮ-ਹੱਤਿਆ ਦੇ ਰਾਹ ਪੈ ਚੁੱਕਾ ਹੈ ਖੇਤੀ ਮਸ਼ੀਨਰੀ ਨੇ ਪਸ਼ੂਆਂ ਨੂੰ ਵਿਹਲੇ ਕਰ ਦਿੱਤਾ ਹੈ। ਪੇਂਡੂ ਖੇਤ ਮਜ਼ਦੂਰ ਸ਼ਹਿਰਾਂ ਵੱਲ ਝਾਕਣ ਲੱਗ ਪਿਆ ਹੈ। ਕੁਝ ਪੜ੍ਹਿਆ, ਅੱਧ-ਪੜ੍ਹਿਆ ਪੇਂਡੂ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦਾ ਕਿਧਰੇ ਨਸ਼ੇ ਦੀ ਮਾਰ ਵਿੱਚ ਹੈ, ਕਿਧਰੇ ਵਿਦੇਸ਼ ਉਡਾਰੀ ਦੇ ਰਾਹ ਪਿਆ ਹੋਇਆ ਹੈ। ਪਿੰਡ ਤਾਂ ਇਸ ਵੇਲੇ ਔਖੇ ਸਾਹ ਲੈਂਦਾ, ਜਿਵੇਂ ਹਰ ਕਿਸਮ ਦੇ ਸੰਕਟ ਵਿਚ ਗ੍ਰਸਿਆ, ਹਫਿਆ-ਹਫਿਆ ਦਿਸਦਾ ਹੈ। ਪਿੰਡ ਐਡਾ ਬੇਪ੍ਰਵਾਹ ਕਿਉਂ ਹੋ ਗਿਆ ਹੈ?

ਪਿੰਡ ਧੜੇਬੰਦੀ ਦਾ ਸ਼ਿਕਾਰ ਹੈ। ਪਿੰਡ ਨਜਾਇਜ਼ ਕਬਜ਼ਿਆਂ ਦੀ ਮਾਰ ਹੇਠ ਹੈ। ਵੱਡੀਆਂ ਢੁੱਠਾਂ ਵਾਲਿਆਂ ਪੰਚਾਇਤੀ, ਸ਼ਾਮਲਾਟੀ ਜ਼ਮੀਨਾਂ ਹੜੱਪੀਆਂ ਹੋਈਆਂ ਹਨ। ਲੱਠਮਾਰਾਂ, ਕਬਜ਼ਾਧਾਰੀਆਂ ਨੇ ਪਿੰਡ ਬੁਰੀ ਤਰ੍ਹਾਂ ਹਥਿਆਇਆ ਹੋਇਆ ਹੈ। ਪਿੰਡ ਹੁਣ ਇੱਕਠਾ ਨਹੀਂ ਬਹਿੰਦਾ। ਇਵੇਂ ਲੱਗਦਾ ਹੈ ਪਿੰਡ ਹੁਣ ਕਾਂਗਰਸ ਹੋ ਗਿਆ ਹੈ, ਪਿੰਡ ਹੁਣ ਅਕਾਲੀ ਬਣ ਗਿਆ ਹੈ। ਪਿੰਡ ਹੁਣ ਭਾਜਪਾਈ ਹੋ ਗਿਆ ਹੈ, ਪਿੰਡ ਹੁਣ ਕਾਮਰੇਡ ਬਣ ਗਿਆ ਹੈ। ਪਿੰਡ ਹੁਣ ਬਸਪਾ ਜਾਂ ਆਪ ਬਣ ਗਿਆ ਹੈ। ਪਿੰਡ ਹੁਣ ਪਿੰਡ ਨਹੀਂ ਰਿਹਾ, ਜਾਤਾਂ ਬਰਾਦਰੀਆਂ, ਧਰਮਾਂ ਦੀਆਂ ਵੰਡੀਆਂ, ਵੱਖੋ-ਵੱਖਰੀਆਂ ‘ਪੱਤੀਆਂ’ ਵਿਚ ਵੰਡਿਆ ਗਿਆ ਹੈ। ਕਿੱਥੇ ਗਈ ਪਿੰਡ ਦੀ ਸਾਂਝ? ਕਿੱਧਰ ਉੱਡ ਗਈ ਪਿੰਡ ਦੀ ਸ਼ਾਂਤੀ?

ਪਿੰਡ ਤਾਂ ਕਦੇ ਵੀ ਇਵੇਂ ਦਾ ਨਹੀਂ ਸੀ, ਜਿਵੇਂ ਦਾ ਹੁਣ ਬਣ ਗਿਆ ਹੈ। ਪਿੰਡ ਦੀ ਆਨ ਤਾਂ ਉਸਦੀ ਪੱਗ ਸੀ, ਪਿੰਡ ਦੀ ਸ਼ਾਨ ਤਾਂ ਉਸਦੀ ਚੁੰਨੀ ਸੀ। ਅੱਜ ਇਹ ਦੋਵੇਂ ਕਿੱਥੇ ਗਾਇਬ ਹਨ? ਪਿੰਡ ਤਾਂ ਪ੍ਰਧਾਨਪਤੀਆਂ ਨੇ ਖਾ ਲਿਆ ਹੈ। ਪਿੰਡ ਤਾਂ ਪ੍ਰਧਾਨਪੁੱਤਰਾਂ ਨੇ ਨਿਗਲ ਲਿਆ ਹੈ। ਜੇਕਰ ਇੰਜ ਨਾ ਹੁੰਦਾ ਤਾਂ ਬੋਹੜਾਂ, ਪਿੱਪਲਾਂ ਥੱਲੇ ਬੈਠਕਾਂ ਲੱਗਣੀਆਂ ਸਨ! ਪਿੰਡ ਦੀ ਤਰੱਕੀ ਦੀਆਂ ਇੱਥੇ ਸਲਾਹਾਂ ਹੋਣੀਆਂ ਸਨ, ਆਪਸੀ ਝਗੜੇ ਨਿੱਬੜਨੇ ਸਨ। ਵੰਡਾਂ ਦੇ ਫੈਸਲੇ ਪਰ੍ਹਿਆ ਵਿਚ ਨਿ1ਬੜ ਜਾਣੇ ਸਨ। ਹੁਣ ਤਾਂ ਪਿੰਡ ਦੀ ਪੱਗ ਕਚਿਹਰੀਆਂ ਥਾਣਿਆਂ ਵਿਚ ਰੁਲਦੀ ਹੈ। ਪਾਰਟੀਬਾਜ਼ੀ ਅਤੇ ਜਾਤਾਂ ਦੇ ਵਖਰੇਵੇਂ ਨੇ ਪਿੰਡ ਸਹਿਜ ਨਹੀਂ ਰਹਿਣ ਦਿੱਤਾ। ਹਰ ਪਿੰਡ ਵਿਚ ਮਾਰੋ-ਮਾਰੀ ਹੈ। ਦੁਸ਼ਮਣੀ-ਦਰੇਗ ਭਾਰੂ ਹੈ! ਮਿਲ ਬੈਠਣਾ ਤਾਂ ਜਿਵੇਂ ਮਨਾਂ ਵਿੱਚੋਂ, ਸਰੀਰਾਂ ਵਿੱਚੋਂ ਕਿਧਰੇ ਅਲੋਪ ਹੀ ਹੋ ਗਿਆ ਹੈ। ਪਿੰਡ ਐਨਾ ਨਿਰਮੋਹਿਆ ਤਾਂ ਕਦੇ ਵੀ ਨਹੀਂ ਸੀ?

ਪਿੰਡ ਕੂੜੇ-ਕਰਕਟ ਨਾਲ ਭਰਿਆ ਪਿਆ ਹੈ। ਪਿੰਡ ਗੰਦੇ ਛਪੜਾਂ ਨਾਲ ਤੂਸਿਆ ਪਿਆ ਹੈ। ਪਿੰਡ ਸਿਹਤ, ਸਿੱਖਿਆ ਸਹੂਲਤਾਂ ਤੋਂ ਊਣਾ ਦਿਸਦਾ ਹੈ। ਪਿੰਡ ਬੱਚਿਆਂ ਦੇ ਕੁਪੋਸ਼ਨ ਨਾਲ ਕਰਾਹ ਰਿਹਾ ਹੈ ਅਤੇ ਸਭ ਤੋਂ ਵੱਧ ਪਿੰਡ ਕਰਜ਼ੇ ਦਾ ਮਾਰਿਆ ਹੋਇਆ ਹੈ। ਪਿੰਡ ਵਿਚ ਬੈਂਕ ਹਨ, ਪਰ ਪੰਜ ਦਸ ਹਜ਼ਾਰ ਦੇ ਕਰਜ਼ੇ ਲਈ ਘਰ ਗਹਿਣੇ ਰੱਖੋ ਜਾਂ ਜ਼ਮੀਨ ਦਾ ਟੋਟਾ ਬੈਂਕ ਵਿਚ ਰਹਿਣ ਕਰੋ। ਬੈਂਕ ਕਰਜ਼ੇ ਨਹੀਂ ਦਿੰਦੇ ਤਾਂ ਪਿੰਡਾਂ ਵਿਚ ਬੈਠੇ ਸੂਦਖੋਰਾਂ ਦੇ ਚੁੰਗਲ ਵਿਚ ਫਸੋ, ਜਿਹੜੇ ਲੋਕਾਂ ਤੋਂ ਦਸ ਰੁਪਏ ਪ੍ਰਤੀ ਸੈਂਕੜਾ ਪ੍ਰਤੀ ਮਹੀਨਾ ਵਿਆਜ ਲੈਂਦੇ ਹਨ। ਜਿਹੜਾ 120 ਫੀਸਦੀ ਸਲਾਨਾ ਤੱਕ ਪੈਂਦਾ ਹੈ। ਸਹਿਕਾਰੀ ਬੈਂਕਾਂ, ਜਾਂ ਸਹਿਕਾਰੀ ਸੁਸਾਇਟੀਆਂ ਵੀ ਉਸੇ ਰਾਹ ਤੁਰ ਪਈਆਂ ਹਨ, ਜਿਹੜੇ ਰਾਹ ਬੈਂਕ ਤੁਰੇ ਹੋਏ ਹਨ। ਇਹਨਾਂ ਉੱਤੇ ਸਿਆਸਤਦਾਨਾਂ, ਘੜੰਮ ਚੌਧਰੀਆਂ ਨੇ ਕਬਜ਼ੇ ਕੀਤੇ ਹੋਏ ਹਨ। ਪਿੰਡ ਲਈ ਆਖਰ ਰਸਤਾ ਬਚਿਆ ਹੀ ਕਿਹੜਾ ਹੈ?

ਪਿੰਡ ਸਾਫ ਸੁਥਰਾ ਨਹੀਂ ਦਿਖਦਾ। ਕੂੜੇ ਦੇ ਢੇਰਾਂ ਨੇ ਇਹਦਾ ਸੁਹੱਪਣ ਖੋਹ ਲਿਆ ਹੈ। ਅੱਧਾ ਪਿੰਡ ਹਾਲੇ ਖੁੱਲ੍ਹੇ ਅਸਮਾਨੀ ਹਨੇਰੇ-ਸਵੇਰੇ ਖੇਤਾਂ ਦੀਆਂ ਨਿਆਈਆਂ ਵਿਚ ਜੰਗਲ-ਪਾਣੀ ਜਾਂਦਾ ਹੈ। ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਸੁਚੱਜੇ ਵਾਤਾਵਰਣ ਦੀਆਂ ਗੱਲਾਂ ਤਾਂ ਸੁਣਦਾ ਹੈ, ਪਰ ਪੈਸੇ-ਧੇਲੇ ਖੁਣੋਂ ਘਰ ਵਿਚ ਲੈਟਰੀਨ ਵੀ ਉਸਾਰਨ ਦੀ ਸਮਰੱਥਾ ਨਹੀਂ ਰੱਖਦਾ। ਅੱਧੋਂ ਵਧੇਰੇ ਪਿੰਡ ਦੀ, ਬੱਚਿਆਂ ਦੀ ਪੜ੍ਹਾਈ ਦੀ ਫੀਸ, ਸਕੂਲ ਦੀ ਵਰਦੀ ਲਈ ਜੇਬ ਖਾਲੀ ਹੈ। ਬੁੱਢੇ-ਸਿਆਣੇ, ਦਵਾਈ ਉਡੀਕਦੇ ਰਹਿੰਦੇ ਹਨ, ਕੇਲਾ-ਛੱਲੀ, ਸੇਬ-ਸੰਗਤਰਾ ਤਾਂ ਨਸੀਬ ਕਿੱਥੋਂ ਹੋਣਾ ਹੈ, ਅੰਨ ਦੀ ਬੁਰਕੀ ਵੀ ‘ਨੀਲੇ ਕਾਰਡ’ ਦੀ ਬਦੌਲਤ ਔਖਿਆਂ ਹੋ ਜਾਂਦੀ ਹੈ ਉਡੀਕ ਰਹਿੰਦੀ ਹੈ ਬੁਢਾਪਾ, ਵਿਧਵਾ ਪੈਨਸ਼ਨ ਦੀ ਪਿੰਡ ਦੇ ਵੱਡੇ ਹਿੱਸੇ ਨੂੰ ਕਿ ਕਦੋਂ ਆਵੇ, ਚਲੋ ਚਾਹ-ਪਾਣੀ ਜੋਗਾ ਘਰ ਦਾ ਤੋਰਾ ਤਾਂ ਤੁਰਦਾ ਰਹੇ!

ਪਿੰਡ ਐਡਾ ਬੇਬਸ ਤਾਂ ਕਦੇ ਵੀ ਨਹੀਂ ਸੀ। ਪਿੰਡ ਆਪਣੀ ਕਮਾਉਂਦਾ ਸੀ, ਢਿੱਡ ਭਰਕੇ ਆਪਣੀ ਖਾਂਦਾ ਸੀ, ਆਪਣੀ ਪੀਂਦਾ ਸੀ, ਬੁੱਲੇ ਲੁੱਟਦਾ ਸੀ। ਪਿੰਡ ਗਾਉਂਦਾ ਸੀ, ਪਿੰਡ ਨੱਚਦਾ ਸੀ, ਪਿੰਡ ਗੁਣਗੁਣਾਉਂਦਾ ਸੀ। ਤੜਕ ਸਵੇਰੇ ਬਾਬੇ ਦੀ ਬਾਣੀ, ਮੰਦਿਰ ਦੀ ਟੱਲੀ, ਕੁੱਕੜ ਦੀ ਵਾਂਗ ਨਾਲ ਉੱਠਦਾ ਸੀ। ਰਾਤੀਂ ਚੈਨ ਦੀ ਨੀਂਦ ਸੌਂਦਾ ਸੀ! ਹੁਣ ਤਾਂ ਪਿੰਡ ਦੀ ਨੀਂਦ ਹੀ ਜਿਵੇਂ ਉੱਡ-ਪੁੱਡ ਗਈ ਹੈ। ਪਿੰਡ ਦੇ ਚੜ੍ਹਦੇ ਇੱਕ ਹੂਟਰ ਵੱਜਦਾ ਹੈ, ਪਿੰਡ ਨਸ਼ੋ-ਨਸ਼ਾ ਹੋ ਜਾਂਦਾ ਹੈ। ਪਿੰਡ ਦੇ ਲਹਿੰਦੇ ਚੀਕ ਚਿਹਾੜਾ ਪੈਂਦਾ ਹੈ, ਮਾਂ ਰੋਂਦੀ ਹੈ, ਤ੍ਰੀਮਤ ਪਿੱਟ ਸਿਆਪਾ ਪਾਉਂਦੀ ਹੈ। ਲਲਕਾਰੇ ਵੱਜਦੇ ਹਨ। ਫਿਰ ਚੁੱਪ ਪਸਰਦੀ ਹੈ! ਇਹੋ ਜਿਹੀ ਆਵਾਜ਼ ਤਾਂ ਪਿੰਡ ਨੇ ਪਹਿਲਾਂ ਕਦੇ ਨਹੀਂ ਸੀ ਸੁਣੀ! ਪਿੰਡ ਤਦੇ ਉਦਾਸ ਹੈ।

ਪਿੰਡ, ਹੁਣ ਪਿੰਡ ਨਹੀਂ ਰਿਹਾ! ਪਿੰਡ ਇੱਕ ਸਮੱਸਿਆ ਬਣ ਗਿਆ ਹੈ। ਉਹ ਪਿੰਡ ਜਿਹੜਾ ਆਪਣੇ ਫੈਸਲੇ ਆਪ ਲੈਂਦਾ ਸੀ। ਉਹ ਪਿੰਡ ਜਿਹੜਾ ਕਿਸੇ ਦੀ ਟੈਂਅ ਨਹੀਂ ਸੀ ਮੰਨਦਾ! ਅੱਜ ਦਿਸਦੇ ਸੋਹਣੇ ਮਕਾਨਾਂ, ਹੱਥਾਂ ਵਿਚ ਫੜੇ ਮੋਬਾਇਲਾਂ, ਵੱਡੀ ਖੇਤੀ ਮਸ਼ੀਨਰੀ ਦੇ ਭਾਰ ਹੇਠ ਦੱਬਿਆ ਭਰਮ-ਭੈਅ ਵਿਚ ਜੀਵਨ ਜੀਉਣ ’ਤੇ ਮਜਬੂਰ ਕਰ ਦਿੱਤਾ ਗਿਆ ਹੈ! ਪਿੰਡ ਉੱਠੇਗਾ? ਪਿੰਡ ਆਪਣੀ ਸਾਰ ਆਪ ਲਏਗਾ? ਪਿੰਡ ਬਹੁਤੀ ਦੇਰ ਤਾਂ ਸੁੱਤਾ ਨਹੀਂ ਰਹਿ ਸਕਦਾ! ਪਿੰਡ ਐਡਾ ਬੇਪ੍ਰਵਾਹ ਵੀ ਨਹੀਂ ਹੋ ਸਕਦਾ!

*****

(1056)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author