ParamjitSandhu7ਬਲਬੀਰ ਸਿਕੰਦ ਫਿਰ ਨੰਗ ਮਲੰਗ ਹੋ ਗਿਆ ਅਤੇ ਕੈਨੇਡਾ ਆਣ ਪਰਤਿਆ ...
(7 ਮਾਰਚ 2018)

 

BalbirSikand3

(10 ਮਈ 1942  -  2 ਫਰਬਰੀ 2018)

 

ਇਹ ਸਤਰਾਂ ਬੜੇ ਅਫਸੋਸ ਨਾਲ ਲਿਖਣੀਆਂ ਪੈ ਰਹੀਆਂ ਹਨ ਕਿ ਬਹੁਪੱਖੀ ਸ਼ਖਸੀਅਤ ਦਾ ਮਾਲਕ ਬਲਬੀਰ ਸਿਕੰਦ ਅੱਜ ਸਾਡੇ ਵਿੱਚ ਨਹੀਂ ਰਿਹਾ ਅਤੇ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈਬਲਬੀਰ ਸਿਕੰਦ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਵਕਤ ਬੰਬਈ ਵਿੱਚ ਵੱਡੀਆਂ ਹਸਤੀਆਂ ਨਾਲ ਗੁਜ਼ਾਰਿਆ ਅਤੇ ਫਿਲਮੀ ਦਾਅ ਪੇਚ ਵੀ ਸਿੱਖੇ ਪਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਉਸ ਨੂੰ ਫਿਲਮੀ ਨਗਰੀ ਵਿੱਚ ਆਪਣਾ ਸੌਦਾ ਵੇਚਣਾ ਨਾ ਆਇਆ ਅਤੇ ਆਪਣੀ ਝੋਲੀ ਖਾਲੀ ਕਰਵਾ ਕੇ ਮਾਯੂਸ ਹੋਇਆ ਫਿਲਮੀ ਨਗਰੀ ਨੂੰ ਅਲਵਿਦਾ ਆਖ ਕੇ ਕੈਨੇਡਾ ਆਣ ਵਸਿਆ ਪਰ ਇਥੇ ਵੀ ਕੱਚੇ ਧਾਗਿਆਂ ਵਰਗੀ ਸਮਾਜਿਕ ਬਣਤਰ ਦੀ ਭੇਂਟ ਚੜ੍ਹ ਗਿਆ। ਕਲਾ ਦੇ ਇਸ਼ਕ ਵਿੱਚ ਅੰਨ੍ਹਾ ਹੋਇਆ ਸਿਕੰਦ ਫਿਰ ਬੰਬਈ ਜਾ ਪਹੁੰਚਿਆ ਅਤੇ ਧਰਮਿੰਦਰ ਤੇ ਅਜੀਤ ਦਿਓਲ ਵਰਗੇ ਆਪਣੇ ਹੰਡੇ ਵਰਤੇ ਦੋਸਤਾਂ ਦੀ ਸਲਾਹ ਤੋਂ ਉਲਟ ਘਰ ਬਾਹਰ ਵੇਚ ਕੇ ਪੰਜਾਬੀ ਵਿੱਚ ਇਕ ਔਰਤ ਪ੍ਰਧਾਨ ਵਿਸ਼ੇ ’ਤੇ ਫਿਲਮ ‘ਅੰਬਰੀ’ ਬਣਾ ਧਰੀ ਜੋ ਕਿ ਉਸ ਵਕਤ ਪੰਜਾਬ ਦੇ ਹਾਲਾਤ (ਅੱਤਵਾਦ ਦੀ ਹਨੇਰੀ) ਦੀ ਭੇਂਟ ਚੜ੍ਹ ਗਈ ਬਲਬੀਰ ਸਿਕੰਦ ਫਿਰ ਨੰਗ ਮਲੰਗ ਹੋ ਗਿਆ ਅਤੇ ਕੈਨੇਡਾ ਆਣ ਪਰਤਿਆ ਅਤੇ ਗੁੰਮਨਾਮੀ ਦਾ ਜੀਵਨ ਬਿਤਾਉਣ ਲੱਗਾ।

ਜਿੱਥੇ ਬਲਬੀਰ ਸਿਕੰਦ ਦੀ ਅਵਾਜ਼ ਵਿੱਚ ਕਸ਼ਿਸ਼ ਅਤੇ ਯਾਦੂ ਸੀ, ਉੱਥੇ ਸਿਕੰਦ ਇਕ ਵਧੀਆ ਲੇਖਕ ਵੀ ਸੀ। ਸਿਕੰਦ ਨੇ ਮੇਰੇ ਗੀਤ ਕਸੈਲੇ ਹੋਏ ਅਤੇ ਜੀਵਨ ਚੱਕਰ’ ਦੋ ਕਾਵਿ ਸੰਗ੍ਰਹਿ ਲਿਖੇ ਅਤੇ 2011 ਵਿੱਚ ਸਵੇ ਜੀਵਨੀ ਜ਼ੰਗਾਲਿਆ ਕਿੱਲ’ ਲਿਖੀ। ਮੇਰੇ ਲਈ ਇਹ ਬੜਾ ਖੁਸ਼ੀ ਦਾ ਵਕਤ ਸੀ ਜਦੋਂ 2010 ਵਿੱਚ ਅਸੀਂ ਪੰਜਾਬੀ ਸੱਥ ਵੱਲੋਂ ਅਸੀਂ ਉਨ੍ਹਾਂ ਨੂੰ ਬਲਰਾਜ ਸਾਹਨੀ ਐਵਾਰਡ ਨਾਲ ਸਨਮਾਨਿਤ ਕੀਤਾ। ਹਾਲਾਤ ਦੇ ਝੰਬੇ ਸਿਕੰਦ ਨੇ ਉਦੋਂ ਕਿਹਾ ਸੀ ਕਿ ਕਾਕਾ ਤੁਹਾਡੀ ਸੰਸਥਾ ਦੇ ਇਸ ਸਨਮਾਨ ਨੇ ਇਕ ਮਰਦੇ ਵਿਅਕਤੀ ਦੇ ਆਕਸੀਜਨ ਚਾੜ੍ਹ ਦਿੱਤੀ ਹੈ, ਜਿਸ ਨਾਲ ਮੈਨੂੰ ਕੁਝ ਚਿਰ ਹੋਰ ਜੀਣ ਦਾ ਅਤੇ ਲਿਖਣ ਦਾ ਵਕਤ ਮਿਲ ਗਿਆ ਹੈ ਫਿਰ ਹੱਸਦਿਆਂ ਉਨ੍ਹਾਂ ਕਿਹਾ ਕਿ ਘੱਟੋ ਘੱਟ ਤਿੰਨ ਚਾਰ ਸਾਲ ਤਾਂ ਜ਼ਿੰਦਗੀ ਵਧਾ ਹੀ ਦਿੱਤੀ ਹੈ। ਇਸ ਤੋਂ ਬਾਅਦ ਪੰਜਾਬੀ ਸੱਥ ਵੱਲੋਂ ਉਨ੍ਹਾਂ ਦੀ ਕਿਤਾਬ ਦਰਵੇਸ਼ ਬੀਬੀਆਂ’ ਛਾਪੀ ਗਈ ਅਤੇ ਇਸ ਦਾ ਬਾਅਦ ਵਿੱਚ ਅੰਗਰੇਜ਼ੀ ਵਿੱਚ ਵੀ ਤਰਜ਼ਮਾ ‘ਦ ਟਰੈਸਟ ਵਿੱਦ ਗਰੇਟ ਮਦਰਜ਼ ਵੀ ਕੀਤਾ ਗਿਆ ਹੈ।

ਉਨ੍ਹਾਂ ਦੀ ਸਵੈਜੀਵਨੀ ਅਤੇ ਦਰਵੇਸ਼ ਬੀਬੀਆਂ ਕਿਤਾਬਾਂ ਨੂੰ ਖ਼ਬਰਨਾਮਾ ਅਖ਼ਬਾਰ’ ਵਿੱਚ ਕਿਸ਼ਤਵਾਰ ਛਾਪਿਆ ਗਿਆ ਜੋ ਕਿ ਪਾਠਕਾਂ ਵੱਲੋਂ ਬਹੁਤ ਹੀ ਪੰਸਦ ਕੀਤੀਆਂ ਗਈਆਂ। ਸਿਕੰਦ ਬੜਾ ਹੀ ਮੁਹੱਬਤੀ ਬੰਦਾ ਸੀ ਅਤੇ ਉਸ ਦੀ ਗੱਲਬਾਤ ਵਿੱਚੋਂ ਹਮੇਸ਼ਾ ਹੀ ਵੱਡਾਪਣ ਝਲਕਦਾ ਸੀ। ਵਕਤ ਦੇ ਲਫੇੜਿਆਂ ਅਤੇ ਬਿਮਾਰੀ ਦਾ ਭੰਨਿਆ ਸਿਕੰਦ ਬੜਾ ਹੀ ਜ਼ਿੰਦਾਦਿਲੀ ਨਾਲ ਮਿਲਦਾ ਅਤੇ ਮੁਹੱਬਤ ਭਰੀ ਗੱਲ ਕਰਦਾ ਸੀ ਪਰ ਵਿਛੜਨ ਲੱਗਿਆ ਦਿਲ ਛੱਡ ਦਿੰਦਾ ਅਤੇ ਜਲਦੀ ਮਿਲਣ ਦਾ ਇਕਰਾਰ ਲੈਂਦਾ।

ਸਵੈਜੀਵਨੀ ਦੇ ਅਖੀਰਲੇ ਪੈਰੇ ਵਿੱਚ ਉਨ੍ਹਾਂ ਦੀਆਂ ਲਿਖੀਆਂ ਸਤਰਾਂ - “ਮੇਰੇ ਪਿਆਰੇ ਪਾਠਕੋ, ਮੈਨੂੰ ਜੋ ਵੀ ਕੁਝ ਯਾਦ ਆਇਆ ਜਾਂ ਸਮਝ ਆਇਆ - ਮੈਂ ਪੂਰੀ ਈਮਾਨਦਾਰੀ ਤੇ ਸ਼ਿੱਦਤ ਨਾਲ ਤੁਹਾਡੀ ਨਜ਼ਰ ਕਰ ਦਿੱਤਾ ਹੈ। ਬੱਸ ਆਦਿ ਤੋਂ ਅੰਤ ਤੱਕ ਇਹੀ ਨਿਕਸੁਕ ਮੇਰੀ ਪੂੰਜੀ ਸੀਸੋ ਮੇਰੀ ਸਵੈਜੀਵਨੀ ਦਾ ਅੰਤ ਅੱਜ ਵੀ ਅਧੂਰਾ ਤੇ ਸ਼ਾਇਦ ਕੱਲ੍ਹ ਵੀ ਅਧੂਰਾ ਹੀ ਰਹੇਗਾ, ਇਸ ਲਈ ਮੈਂ ਅਗੇਤੀ ਹੀ ਆਪਣੀ ਸਵੈਜੀਵਨੀ ਲਿਖਕੇ ਸਿਰਫ਼ ਆਪਣੀ ਮੌਤ ਦੀ ਥਾਂ ਖਾਲੀ ਛੱਡ ਦਿੱਤੀ ਹੈ .....!!!” ਨੂੰ ਜਦੋਂ ਮੈਂ ਪੜ੍ਹਿਆ ਤਾਂ ਮੌਤ ਦੀ ਤਰੀਖ ਦੀ ਥਾਂ ਤੇ ਸਿਰਫ ਛੇ ਬਿੰਦੀਆਂ ਦੇਖੀਆਂ। ਸਿਕੰਦ ਹੁਰਾਂ ਨੂੰ ਹੱਸਦਿਆਂ ਮੈਂ ਕਿਹਾ, “ਐਨੇ ਕੁ ਥਾਂ ਵਿੱਚ ਤਾਂ ਮੌਤ ਦੀ ਪੂਰੀ ਤਰੀਖ ਨਹੀਂ ਲਿਖੀ ਜਾਣੀ, ਪੂਰੀ ਲਾਈਨ ਤਾਂ ਛੱਡ ਦਿੰਦੇਉਹ ਕਹਿਣ ਲੱਗੇ, “ਦਿਨ ਤੇ ਮਹੀਨਾ ਤਾਂ ਆ ਹੀ ਜਾਵੇਗਾ ਮੇਰੀ ਜੀਵਨੀ ਪੂਰੀ ਕਰਨ ਲਈ ਐਨਾ ਹੀ ਕਾਫ਼ੀ ਹੈ।”

ਉਨ੍ਹਾਂ ਦੇ 6 ਫਰਬਰੀ ਨੂੰ ਹੋਏ ਸਸਕਾਰ ਤੋਂ ਬਾਅਦ ਮੈਂ ਉਨ੍ਹਾਂ ਦੀ ਸਵੈਜੀਵਨੀ ਦੀ ਕਿਤਾਬ ਬੁੱਕਸ਼ੈਲਫ ਵਿੱਚੋਂ ਕੱਢੀ ਅਤੇ ਬੜੇ ਹੀ ਦੁਖੀ ਅਤੇ ਭਰੇ ਮਨ ਨਾਲ 6 ਬਿੰਦੀਆਂ' ਦੀ ਥਾਂ’ ‘2 ਫਰਬਰੀ’ ਭਰ ਦਿੱਤਾ।

ਅਲਵਿਦਾ ਬਲਬੀਰ ਸਿਕੰਦ!

ਪਰਮਜੀਤ ਸੰਧੂ
(ਖ਼ਬਰਨਾਮਾ ਪੰਜਾਬੀ ਵੀਕਲੀ - ਪੰਜਾਬੀ ਸੱਥ ਲਾਂਬੜਾ)

*****

(1048)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪਰਮਜੀਤ ਸੰਧੂ

ਪਰਮਜੀਤ ਸੰਧੂ

Editor: Khabarnama Punjabi Weekly 
(Toronto, Canada)
Email: (editor@khabarnama.com)